Wednesday, May 20, 2020

ਹੁਣ ਇਜ਼ਰਾਇਲੀ ਬੰਦੂਕਾਂ ਲੈ ਕੇ ਕਰੋਨਾ ਵਾਇਰਸ ਖ਼ਿਲਾਫ਼ ਲੜੇਗਾ ਮੋਦੀ


ਹੁਣ ਇਜ਼ਰਾਇਲੀ ਬੰਦੂਕਾਂ ਲੈ ਕੇ ਕਰੋਨਾ ਵਾਇਰਸ ਖ਼ਿਲਾਫ਼ ਲੜੇਗਾ ਮੋਦੀ                                                                                         

    --- ਪੂਰੀ ਦੁਨੀਆਂ ਕਰੋਨਾ ਵਾਇਰਸ ਤੋਂ ਫੈਲ ਰਹੀ ਬਿਮਾਰੀ ਦੇ ਸੰਕਟ ਨਾਲ ਜੂਝ ਰਹੀ ਹੈ ਤੇ ਇਸ ਦੀ ਰੋਕਥਾਮ ਲਈ ਪੇਸ਼ਬੰਦੀਆਂ 'ਚ ਰੁੱਝੀ ਹੋਈ ਹੈ| ਸਾਡੇ ਆਪਣੇ ਮੁਲਕ 'ਚ ਵੀ ਮੋਦੀ ਹਕੂਮਤ ਨੇ ਕਰਫਿਊ ਲਾ ਕੇ , ਸਮਾਜਿਕ ਸੰਪਰਕ ਤੋੜਨ ਲਈ ਲੋਕਾਂ ਨੂੰ ਘਰਾਂ ਚ ਕੈਦ ਰੱਖਿਆ ਹੋਇਆ ਹੈ | ਲੋਕਾਂ 'ਚ ਆ ਰਹੇ ਸੰਕਟ ਨੂੰ ਲੈ ਕੇ ਡਾਢੀ ਫ਼ਿਕਰਮੰਦੀ ਹੈ| ਇਸ ਹਾਲਤ ਦਾ ਸਿੱਟਾ ਗ਼ਰੀਬ ਕਿਰਤੀਆਂ ਲਈ ਡਾਹਢੀਆਂ ਦੁਸ਼ਵਾਰੀਆਂ ਚ ਨਿਕਲ ਰਿਹਾ ਹੈ| ਉਹ ਰੋਜ਼ਾਨਾ ਵਰਤੋਂ ਦੀਆਂ ਚੀਜ਼ਾਂ ਖਰੀਦਣ ਤੋਂ ਵੀ ਆਤੁਰ ਹੋ ਰਹੇ ਹਨ | ਇਸ ਸੰਕਟ ਨਾਲ ਨਜਿੱਠ ਸਕਣ ਪੱਖੋਂ ਭਾਰਤੀ ਹਕੂਮਤ ਦੇ ਮੰਦਹਾਲੀ ਭਰੇ ਸਿਹਤ ਢਾਂਚੇ ਦੀ ਚਰਚਾ ਮੀਡੀਆ 'ਚ ਪੂਰੇ ਜ਼ੋਰਾਂ ਸ਼ੋਰਾਂ ਨਾਲ ਹੋ ਰਹੀ ਹੈ ਤਾਂ ਅਜਿਹੇ ਸਮੇਂ ਖ਼ਬਰ ਆਈ ਹੈ ਕਿ ਦੁਨੀਆਂ ਦੀਆਂ ਬਦਮਾਸ਼ ਹਕੂਮਤਾਂ ਦੇ ਮੁਹਰੈਲ਼ਾਂ ਚ ਸ਼ੁਮਾਰ ਇਜ਼ਰਾਈਲ ਤੋਂ ਮੋਦੀ ਹਕੂਮਤ 16,479 ਨੇਗਵਰ ਲਾਈਟ ਮਸ਼ੀਨਗੰਨਾਂ ਖਰੀਦਣ ਜਾ ਰਹੀ ਹੈ| ਇਹ ਲਗਭਗ 116 ਮਿਲੀਅਨ ਡਾਲਰ ਦਾ ਸੌਦਾ ਹੈ| ਇਕ ਨਿਊਜ਼ ਏਜੰਸੀ ਦੀ ਖ਼ਬਰ ਅਨੁਸਾਰ ਇਹ ਸਮਝੌਤਾ ਲੰਘੇ ਵੀਰਵਾਰ ਨੂੰ ਕੀਤਾ ਗਿਆ ਹੈ| ਦੇਸ਼ ਦੀ ਸੁਰੱਖਿਆ ਦੀ ਦੁਹਾਈ ਦੇ ਪਿਛਾਖੜੀ ਨਾਅਰਿਆਂ ਦੁਆਲੇ ਲੋਕਾਂ ਦਾ ਪੈਸਾ ਅਜਿਹੇ ਸੌਦਿਆਂ ਲਈ ਬੇਫਿਕਰ ਹੋ ਕੇ ਵਹਾਉਣ ਚ ਮੋਦੀ ਹਕੂਮਤ ਦਾ ਕੋਈ ਸਾਨੀ ਨਹੀਂ ਹੈ| ਇਹ ਸੌਦਾ ਇਜ਼ਰਾਈਲ ਨਾਲ ਹਥਿਆਰਾਂ ਦੇ ਸੌਦਿਆਂ ਦੀ ਲੰਮੀ ਲੜੀ ਦਾ ਹਿੱਸਾ ਹੈ ਇਜ਼ਰਾਈਲ ਦੇ ਹਥਿਆਰਾਂ ਦੇ ਵਪਾਰ 'ਚ ਵੇਚੇ ਜਾਣ ਵਾਲੇ ਮਾਲ ਚੋਂ 46%ਮਾਲ ਦਾ ਭਾਰਤ ਅੱਜ ਕੱਲ੍ਹ ਇਕੱਲਾ ਹੀ ਖ਼ਰੀਦਦਾਰ ਹੈ|                                                                  
  ਕਰੋਨਾ ਵਾਇਰਸ ਨਾਲ ਲੜ ਸਕਣ ਪੱਖੋਂ ਮੁਲਕ ਦੀ ਹਾਲ਼ਤ ਇਹ ਹੈ ਕਿ ਦੇਸ਼ ਭਰ 'ਚ ਇਸ ਬਿਮਾਰੀ ਦੇ ਇਲਾਜ 'ਚ ਜੁਟੇ ਸਿਹਤ ਕਾਮਿਆਂ ਨੂੰ ਦਸਤਾਨੇ ਮਾਸਕ ਤੇ ਹੋਰ ਲੋੜੀਂਦਾ ਸਾਜੋ ਸਮਾਨ ਵੀ ਮੁਹੱਈਆ ਨਹੀਂ ਕਰਵਾਇਆ ਜਾ ਰਿਹਾ, ਦੇਸ਼ ਅੰਦਰ ਵੈਂਟੀਲੇਟਰਾਂ ਦੀ ਭਾਰੀ ਕਮੀ ਹੈ , ਆਈ ਸੀ ਯੂ ਬੈੱਡ ਮੁਲਕ ਦੀ ਉਪਰਲੀ ਜਮਾਤ ਲਈ ਰਾਖਵੇਂ ਹਨ | ਇਸ ਬਿਮਾਰੀ 'ਚ ਮਰੀਜ਼ਾਂ ਦੀ ਜਾਨ ਬਚਾਉਣ ਲਈ ਵੈਂਟੀਲੇਟਰਾਂ ਦੀ ਭਾਰੀ ਲੋੜ ਪੈਂਦੀ ਹੈ| ਹਸਪਤਾਲਾਂ ਚ ਮਰੀਜ਼ਾਂ ਨੂੰ ਦਾਖ਼ਲ ਕਰਨ ਦੇ ਕੋਈ ਇੰਤਜ਼ਾਮ ਨਹੀਂ ਹਨ, ਬੈੱਡਾਂ ਦੀ ਗਿਣਤੀ ਬਹੁਤ ਨਿਗੂਣੀ ਹੈ| ਕਰਫਿਊ ਦੀ ਇਸ ਹਾਲਤ ਵਿੱਚ ਕਰੋੜਾਂ ਕਰੋੜ ਕਿਰਤੀ ਲੋਕਾਂ ਦੇ ਢਿੱਡ ਨੂੰ ਝੁਲਕਾ ਦੇਣ ਲਈ ਵੀ ਕੋਈ ਸਰਕਾਰੀ ਇੰਤਜ਼ਾਮ ਨਹੀਂ ਹਨ, ਤੇ ਮੋਦੀ ਹਕੂਮਤ ਇਜ਼ਰਾਇਲ ਤੋਂ ਬੰਦੂਕਾਂ ਖ਼ਰੀਦ ਕੇ ਲ਼ੋਕਾਂ ਦੀ "ਸੁਰੱਖਿਆ" ਦੇ ਇੰਤਜ਼ਾਮਾਂ 'ਚ ਜੁਟੀ ਹੋਈ ਹੈ| ਅੱਜ ਮੁਲਕ ਅੰਦਰ ਬੁਰੀ ਤਰ੍ਹਾਂ ਤਬਾਹੀ ਕੰਢੇ ਪੁੱਜਿਆ ਸਿਹਤ ਢਾਂਚਾ ਭਾਰਤੀ ਹਕੂਮਤਾਂ ਦੀ ਇਸੇ ਨੀਤੀ ਦਾ ਸਿੱਟਾ ਹੈ ਜੀਹਦੇ ਤਹਿਤ ਅਰਬਾਂ ਖਰਬਾਂ ਰੁਪਏ ਵਿਦੇਸ਼ਾਂ ਤੋਂ ਹਥਿਆਰ ਖਰੀਦਣ 'ਤੇ ਝੋਕੇ ਜਾਂਦੇ ਰਹੇ ਹਨ ਤੇ ਸਿਹਤ ਬਜਟ ਆਏ ਸਾਲ ਸੁੰਗੜਦੇ ਰਹੇ ਹਨ ਜਿਸ ਰਾਹ ਤੇ ਪਿਛਲੇ ਦਹਾਕਿਆਂ ਤੋਂ ਭਾਰਤੀ ਹਾਕਮ ਤੁਰੇ ਹੋਏ ਹਨ ਇਹ ਕਰੋਨਾ ਵਾਇਰਸ ਵਰਗੀਆਂ ਮਹਾਂਮਾਰੀਆਂ ਨੂੰ ਦੋਹੀਂ ਹੱਥੀਂ ਦਿੱਤੇ ਗਏ ਨਿਉਂਦੇ ਹੀ ਹਨ ਜੀਹਦਾ ਖਾਜਾ ਕਿਰਤੀ ਲ਼ੋਕਾਂ ਨੇ ਹੀ ਬਣਨਾ ਹੈ| (26-03-2020)                                                                                                               

No comments:

Post a Comment