ਮੁਲਾਜ਼ਮ ਆਗੂ ਹੇਮ ਰਾਜ ਬਾਦਲ ਨੂੰ ਸ਼ਰਧਾਂਜ਼ਲੀਆਂ
ਟੈਕਨੀਕਲ ਸਰਵਿਸਜ਼ ਯੂਨੀਅਨ (ਰਜਿ) ਪੰਜਾਬ ਰਾਜ ਬਿਜਲੀ ਬੋਰਡ ਸਰਕਲ ਸ੍ਰੀ ਮੁਕਤਸਰ ਸਾਹਿਬ ਦੇ ਸਾਬਕਾ ਸਰਕਲ ਪ੍ਰਧਾਨ ਹੇਮ ਰਾਜ ਬਾਦਲ ਦੇ ਪਿੰਡ ਬਾਦਲ ਵਿਖੇ ਹੋਏ ਸ਼ਰਧਾਂਜਲੀ ਸਮਾਗਮ ਮੌਕੇ ਬਿਜਲੀ ਕਾਮਿਆਂ ਤੋਂ ਇਲਾਵਾ ਖੇਤ ਮਜ਼ਦੂਰਾਂ, ਕਿਸਾਨਾਂ ਤੇ ਆਰ ਐਮ ਪੀ ਡਾਕਟਰਾਂ ਸਮੇਤ ਵੱਖ ਵੱਖ ਵਰਗਾਂ ਦੀਆਂ ਜਥੇਬੰਦੀਆਂ ਦੇ ਆਗੂਆਂ ਤੇ ਵਰਕਰਾਂ ਅਤੇ ਪਿੰਡ ਵਾਸੀਆਂ ਵੱਲੋਂ ਭਾਰੀ ਸ਼ਮੂਲੀਅਤ ਕੀਤੀ ਗਈ। ਸਮਾਧ ਬਾਬਾ ਹੀਰਾ ਦਾਸ ਵਿਖੇ ਹੇਮਰਾਜ ਦੇ ਭੋਗ ਉਪਰੰਤ ਖੁੱਲ੍ਹੇ ਪੰਡਾਲ 'ਚ ਜੁੜੇ ਇਕੱਠ ਨੂੰ ਟੈਕਨੀਕਲ ਸਰਵਿਸਿਜ਼ ਯੂਨੀਅਨ ਦੇ ਸੂਬਾ ਚੀਫ਼ ਆਰਗੇਨਾਈਜਰ ਭੁਪਿੰਦਰ ਸਿੰਘ ਬਿੱਟੂ, ਸਰਕਲ ਪ੍ਰਧਾਨ ਜਰਨੈਲ ਸਿੰਘ, ਸਾਬਕਾ ਸੂਬਾ ਪ੍ਰਧਾਨ ਸੁਖਵੰਤ ਸਿੰਘ ਸੇਖੋਂ, ਸਤਪਾਲ ਬਾਦਲ,ਪੰਜਾਬ ਖੇਤ ਮਜ਼ਦੂਰ ਯੂਨੀਅਨ ਦੇ ਸੂਬਾ ਜਨਰਲ ਸਕੱਤਰ ਲਛਮਣ ਸਿੰਘ ਸੇਵੇਵਾਲਾ, ਬੀਕੇਯੂ ਏਕਤਾ ਉਗਰਾਹਾਂ ਦੇ ਬਲਾਕ ਪ੍ਰਧਾਨ ਗੁਰਪਾਸ਼ ਸਿੰਘ, ਪੈਨਸ਼ਨਰ ਐਸੋਸ਼ੀਏਸ਼ਨ ਦੇ ਆਗੂ ਦਿਲਾਵਰ ਸਿੰਘ ਤੇ ਮੈਡੀਕਲ ਪ੍ਰੈਕਟੀਸ਼ਨਰਜ਼ ਐਸੋਸੀਏਸ਼ਨ ਦੇ ਆਗੂ ਡਾਕਟਰ ਮਨਜਿੰਦਰ ਸਿੰਘ ਸਰਾਂ ਨੇ ਸੰਬੋਧਨ ਕੀਤਾ। ਮੁਲਾਜ਼ਮ ਆਗੂ ਸੁਖਵੰਤ ਸਿੰਘ ਸੇਖੋਂ ਨੇ ਸੰਬੋਧਨ ਕਰਦਿਆਂ ਆਖਿਆ ਕਿ ਹੇਮਰਾਜ ਬਾਦਲ ਨੇ -ਆਪਣੀ ਨੌਕਰੀ ਦੌਰਾਨ ਬਿਜਲੀ ਕਾਮਿਆਂ ਦੀਆਂ ਬਿਹਤਰ ਕੰਮ ਹਾਲਤਾਂ ਸਿਰਜਣ ਤੇ ਪੁੱਗਤ ਸਥਾਪਤੀ ਲਈ ਅਹਿਮ ਜੱਦੋਜਹਿਦ ਕੀਤੀ। ਉਹਨਾਂ ਆਖਿਆ ਕਿ ਹੇਮ ਰਾਜ ਨੇ ਨੌਕਰੀ ਦੌਰਾਨ ਸ਼ਹੀਦ ਭਗਤ ਸਿੰਘ ਦੇ ਵਿਚਾਰਾਂ ਤੋਂ ਪ੍ਰਭਾਵਿਤ ਹੋ ਕੇ ਮੁਲਾਜ਼ਮਾਂ ਤੋਂ ਇਲਾਵਾ ਖੇਤ ਮਜ਼ਦੂਰਾਂ, ਕਿਸਾਨਾਂ, ਠੇਕਾ ਕਾਮਿਆਂ ਸਮੇਤ ਸਮੂਹ ਕਿਰਤੀ ਕਮਾਊ ਲੋਕਾਂ ਦੇ ਸਾਂਝੇ ਤੇ ਵਿਸ਼ਾਲ ਘੋਲਾਂ ਦੀ ਸਿਰਜਣਾ ਲਈ ਲੰਬੀ ਇਲਾਕੇ 'ਚ ਅਹਿਮ ਭੂਮਿਕਾ ਨਿਭਾਈ। ਮਜ਼ਦੂਰ ਆਗੂ ਲਛਮਣ ਸਿੰਘ ਸੇਵੇਵਾਲਾ ਨੇ ਆਖਿਆ ਕਿ ਹੇਮਰਾਜ ਬਾਦਲ ਨੇ ਕਿਰਤੀ ਲੋਕਾਂ 'ਚ ਵੰਡੀਆਂ ਪਾਉਣ ਵਾਲੀਆਂ ਫਿਰਕੂ ਤਾਕਤਾਂ ਅਤੇ ਹਕੂਮਤੀ ਜਬਰ ਖ਼ਿਲਾਫ਼ ਵੀ ਡਟ ਕੇ ਆਵਾਜ਼ ਬੁਲੰਦ ਕੀਤੀ। ਹੇਮਰਾਜ ਦੀ ਬੇਟੀ ਸਰਬਜੀਤ ਕੌਰ ਤੇ ਮਨਦੀਪ ਕੌਰ ਨੇ ਆਏ ਲੋਕਾਂ ਦਾ ਧੰਨਵਾਦ ਕਰਦਿਆਂ ਹੇਮਰਾਜ ਵੱਲੋਂ ਬੱਚਿਆਂ ਦੇ ਚੰਗੇ ਪਾਲਣ ਪੋਸ਼ਣ ਤੋਂ ਇਲਾਵਾ ਧੀਆਂ ਨੂੰ ਦਿੱਤੇ ਜਮਹੂਰੀ ਤੇ ਬਰਾਬਰਤਾ ਵਾਲੇ ਮਾਹੌਲ ਦੀ ਚਰਚਾ ਕੀਤੀ। ਇਨਕਲਾਬੀ ਜਮਹੂਰੀ ਫਰੰਟ ਦੇ ਸੂਬਾ ਕਨਵੀਨਰ ਗੁਰਦਿਆਲ ਭੰਗਲ ਤੇ ਪਲਸ ਮੰਚ ਦੇ ਪ੍ਰਧਾਨ ਅਮੋਲਕ ਸਿੰਘ ਵੱਲੋਂ ਸ਼ੋਕ ਸੰਦੇਸ਼ ਭੇਜੇ ਗਏ।

No comments:
Post a Comment