ਠੇਕਾ ਕਾਮਿਆਂ ਨੇ ਮੁੱਖ ਮੰਤਰੀ ਦੇ ਘਰ ਅੱਗੇ ਮਨਾਇਆ ਸ਼ਹੀਦ ਭਗਤ ਸਿੰਘ ਦਾ ਜਨਮ ਦਿਹਾੜਾ
ਸ਼ਹੀਦਾਂ ਦੇ ਇਨਕਲਾਬੀ ਵਿਚਾਰਾਂ ਤੋਂ ਸੇਧ ਲੈ ਕੇ ਪੱਕੇ ਰੁਜ਼ਗਾਰ ਦੀ ਪ੍ਰਾਪਤੀ ਤੇ
ਸਾਮਰਾਜੀ ਨੀਤੀਆਂ ਵਿਰੋਧੀ ਸੰਘਰਸ਼ ਨੂੰ ਤੇਜ਼ ਕਰਨ ਦਾ ਐਲਾਨ
ਪਿਛਲੇ ਲੰਮੇ ਅਰਸੇ ਤੋਂ ਨਿਗੂਣੀਆਂ ਤਨਖਾਹਾਂ 'ਤੇ ਕੰਮ ਕਰਦੇ ਆ ਰਹੇ ਵੱਖ-ਵੱਖ ਸਰਕਾਰੀ ਵਿਭਾਗਾਂ ਦੇ ਆਊਟਸੋਰਸ , ਇਨਲਿਸਟਮੈਂਟ , ਠੇਕਾ ਕਾਮਿਆਂ ਨੇ " ਠੇਕਾ ਮੁਲਾਜ਼ਮ ਸੰਘਰਸ਼ ਮੋਰਚਾ ਪੰਜਾਬ " ਦੇ ਬੈਨਰ ਹੇਠ ਨਿੱਜੀਕਰਨ ਦੀ ਨੀਤੀ ਨੂੰ ਰੱਦ ਕਰਵਾਉਣ ਤੇ ਪੱਕੇ ਰੁਜ਼ਗਾਰ ਦੀ ਗਾਰੰਟੀ ਲਈ ਆਪਣੇ ਪ੍ਰੀਵਾਰਾਂ ਤੇ ਬੱਚਿਆਂ ਸਮੇਤ 28 ਸਤੰਬਰ ਨੂੰ ਸ਼ਹੀਦ-ਏ- ਆਜ਼ਮ ਭਗਤ ਸਿੰਘ ਜੀ ਦਾ ਜਨਮ ਦਿਨ, ਸੰਗਰੂਰ ਵਿੱਚ ਮੁੱਖ ਮੰਤਰੀ ਪੰਜਾਬ ਸਰਕਾਰ ਦੀ ਕੋਠੀ ਦਾ ਘਿਰਾਓ ਕਰਕੇ ਮਨਾਇਆ । ਇਸ ਸਬੰਧੀ ਆਯੋਜਿਤ ਸੂਬਾ ਪੱਧਰੀ ਪ੍ਰਦਰਸ਼ਨ 'ਚ ਪੰਜਾਬ ਭਰ ਤੋਂ ਹਜ਼ਾਰਾਂ ਦੀ ਗਿਣਤੀ ਵਿੱਚ ਸਮੂਹ ਵਿਭਾਗਾਂ ਦੇ ਠੇਕਾ ਮੁਲਾਜ਼ਮ ਆਪਣੇ ਪਰਿਵਾਰਾਂ, ਬੱਚਿਆਂ ਸਮੇਤ ਸਰਕਾਰਾਂ ਦੀਆਂ ਲਾਰੇ ਲਾਊ ਨੀਤੀਆਂ ਖ਼ਿਲਾਫ਼ ਅਕਾਸ਼ ਗੂੰਜਾਊ ਨਾਅਰੇ ਲਾਉਂਦੇ ਹੋਏ ਪੁੱਜੇ। ਸਭ ਤੋਂ ਪਹਿਲਾਂ ਪੰਡਾਲ 'ਚ ਜੁੜੇ ਹਜ਼ਾਰਾਂ ਦੇ ਇੱਕਠ ਨੇ ਖੜ੍ਹੇ ਹੋ ਕੇ ਇਨਕਲਾਬ ਦੇ ਸੂਹੇ ਚਿੰਨ੍ਹ ਸ਼ਹੀਦੇ ਆਜ਼ਮ ਭਗਤ ਸਿੰਘ ਦੇ ਜਨਮ ਦਿਨ ਨੂੰ ਮੁਬਾਰਕਬਾਦ ਆਖੀ। ਮੰਚ ਦੀ ਸੰਚਾਲਨਾ ਕਰਦੇ ਹੋਏ ਹਾਕਮ ਸਿੰਘ ਧਨੇਠਾ ਨੇ ਸਮੁੱਚੇ ਇਕੱਠ ਵਲੋਂ ਸ਼ਹੀਦਾਂ ਦੇ ਇਨਕਲਾਬੀ ਵਿਚਾਰਾਂ ਨੂੰ ਗ੍ਰਹਿਣ ਕਰਕੇ ਉਹਨਾਂ ਦੇ ਦਰਸਾਏ ਮਾਰਗ 'ਤੇ ਚੱਲਣ ਦੇ ਇਰਾਦੇ ਧਾਰਕੇ ਸਾਮਰਾਜਵਾਦੀ ਨਿੱਜੀਕਰਨ ਦੀਆਂ ਨੀਤੀਆਂ ਖ਼ਿਲਾਫ਼ ਆਪਣੇ ਹੱਕੀ ਸੰਘਰਸ਼ ਨੂੰ ਪ੍ਰਚੰਡ ਕਰਨ ਦਾ ਅਹਿਦਨਾਮਾ ਪੜ੍ਹਿਆ । ਇਕੱਠ ਨੇ "ਸ਼ਹੀਦੋ ਥੋਡੀ ਸੋਚ 'ਤੇ -ਪਹਿਰਾ ਦਿਆਂਗੇ ਠੋਕ ਕੇ " ਦੇ ਨਾਅਰਿਆਂ ਰਾਹੀਂ ਪ੍ਰਵਾਨਗੀ ਦਿੱਤੀ।
ਇਸ ਪ੍ਰੋਗਰਾਮ ਦੀ ਤਿਆਰੀ ਸਬੰਧੀ ਠੇਕਾ ਮੁਲਾਜ਼ਮ ਸੰਘਰਸ਼ ਮੋਰਚਾ ਵਿੱਚ ਸ਼ਾਮਿਲ ਜਥੇਬੰਦੀਆਂ ਜਲ ਸਪਲਾਈ ਅਤੇ ਸੈਨੀਟੇਸ਼ਨ ਕੰਟਰੈਕਟ ਮੁਲਾਜ਼ਮ ਯੂਨੀਅਨ ( ਰਜਿ: ਨੰਬਰ 31 ) , ਪਾਵਰਕਾਮ ਐਂਡ ਟ੍ਰਾਂਸਕੋ ਕੰਟਰੈਕਟ ਵਰਕਰਜ਼ ਯੂਨੀਅਨ , ਵੇਰਕਾ ਮਿਲਕ ਪਲਾਂਟ ਐਂਡ ਕੈਟਲ ਫੀਡ ਆਊਟਸੋਰਸ ਮੁਲਾਜ਼ਮ ਯੂਨੀਅਨ , ਜੀ ਐਚ ਟੀ ਪੀ ਠੇਕਾ ਮੁਲਾਜ਼ਮ ਯੂਨੀਅਨ ( ਆਜ਼ਾਦ ) , ਪੀ ਐਸ ਪੀ ਸੀ ਐਲ ਐਂਡ ਪੀ ਐਸ ਟੀ ਸੀ ਐਲ ਕੰਟਰੈਕਟ ਵਰਕਰਜ਼ ਯੂਨੀਅਨ ਪੰਜਾਬ , ਪੀ ਡਬਲਯੂ ਡੀ ਐਂਡ ਸੀਵਰੇਜ ਬੋਰਡ , ਸਾਂਝਾ ਮੰਚ ਥਰਮਲ ਰੋਪੜ , ਹਰਗੋਬਿੰਦਵਾਲ ਥਰਮਲ ਕੰਟਰੈਕਟ ਵਰਕਰਜ਼ ਯੂਨੀਅਨ ਅਤੇ ਸਿਹਤ ਸੇਵਾਵਾਂ ਦੀ ਕੰਟਰੈਕਟ ਯੂਨੀਅਨ ਆਦਿ ਦੇ ਮੈਂਬਰਾਂ/ਆਗੂਆਂ ਦੀਆਂ ਜਨਤਕ ਮੀਟਿੰਗਾਂ ਤੇ ਸੂਬਾਈ ਕਨਵੈਨਸ਼ਨਾਂ ਕੀਤੀਆਂ ਗਈਆਂ। ਜਿਸ ਵਿਚ ਸੰਘਰਸ਼ ਪ੍ਰਾਪਤੀਆਂ ਦੀ ਰਾਖੀ ਕਰਨ , ਕੇਂਦਰ ਤੇ ਸੂਬਾਈ ਸਰਕਾਰਾਂ ਵਲੋਂ ਸਾਮਰਾਜੀ ਦਿਸ਼ਾ-ਨਿਰਦੇਸ਼ਤ ਨਿੱਜੀਕਰਨ, ਨਵੇਂ 4 ਕਿਰਤ ਕੋਡਾਂ, ਕਾਲੇ ਕਾਨੂੰਨਾਂ, ਜਮਹੂਰੀ ਹੱਕਾਂ 'ਤੇ ਤੇਜ਼ ਕੀਤੇ ਹਮਲਿਆਂ ਖ਼ਿਲਾਫ਼ ਅਤੇ ਪੱਕੇ ਰੁਜ਼ਗਾਰ ਦੀ ਗਾਰੰਟੀ ਲਈ ਵਿਸ਼ਾਲ ਏਕਤਾ ਤੇ ਸਾਂਝੇ ਘੋਲਾਂ ਦੀ ਮਾਨਸਿਕ ਤੌਰ 'ਤੇ ਤਿਆਰ ਹੋਣ ਦੀ ਮਹੱਤਤਾ ਉਭਾਰੀ। ਇਸਦੇ ਨਾਲ ਹੜ੍ਹ-ਪੀੜਤਾਂ ਦੀ ਮਦਦ ਦੀ ਸਾਂਝੀ ਮੁਹਿੰਮ ਦੀ ਮਦਦ ਦੀ ਮਹੱਤਤਾ ਵੀ ਉਭਾਰੀ ਗਈ। ਜਿਸਦੇ ਚੰਗੇ ਸਿੱਟੇ ਨਿਕਲੇ। ਕਈ ਨਵੀਆਂ ਆਊਟਸੋਰਸ ਜਥੇਬੰਦੀਆਂ ਵੀ ਸ਼ਾਮਿਲ ਹੋਈਆਂ। ਠੇਕਾ ਮੁਲਾਜਮ ਸੰਘਰਸ਼ ਮੋਰਚਾ ਪੰਜਾਬ ਦੇ ਸੂਬਾ ਆਗੂ ਵਰਿੰਦਰ ਸਿੰਘ ਮੋਮੀ, ਜਗਰੂਪ ਸਿੰਘ, ਬਲਿਹਾਰ ਸਿੰਘ, ਗੁਰਵਿੰਦਰ ਸਿੰਘ ਪੰਨੂ, ਸ਼ੇਰ ਸਿੰਘ ਖੰਨਾ, ਸਿਮਰਨਜੀਤ ਸਿੰਘ ਨੀਲੋਂ, ਪਵਨਦੀਪ ਸਿੰਘ, ਜਸਪ੍ਰੀਤ ਸਿੰਘ ਗਗਨ, ਗੁਰਪ੍ਰੀਤ ਸਿੰਘ ਢਿੱਲੋਂ ਨੇ ਕਿਹਾ ਕਿ ਅਸੀਂ ਪੰਜਾਬ ਸਰਕਾਰ ਦੇ ਸਰਕਾਰੀ ਵਿਭਾਗਾਂ ਵਿੱਚ ਆਊਟਸੋਰਸ ਅਤੇ ਇਨਲਿਸਟਮੈਂਟ ਆਦਿ ਵੱਖ-ਵੱਖ ਕੈਟਾਗਿਰੀਆਂ ਰਾਹੀਂ ਪਿਛਲੇ 15-20 ਸਾਲਾਂ ਦੇ ਲੰਬੇ ਅਰਸੇ ਤੋਂ ਨਿਗੂਣੀਆਂ ਤਨਖਾਹਾਂ 'ਤੇ ਤਨਦੇਹੀ ਨਾਲ਼ ਲਗਾਤਾਰ ਸੇਵਾਵਾਂ ਦਿੰਦੇ ਆ ਰਹੇ ਹਾਂ।
ਉਨ੍ਹਾਂ ਕਿਹਾ ਕਿ 'ਮੋਰਚੇ ' ਵੱਲੋਂ ਪੰਜਾਬ ਸਰਕਾਰ ਦੇ ਸਮੂਹ ਕੈਬਨਿਟ ਮੰਤਰੀਆਂ ਅਤੇ ਸਮੂਹ ਵਿਧਾਇਕਾਂ ਰਾਹੀਂ ਪਿਛਲੇ ਸਮੇਂ ਦੌਰਾਨ ਸੈਂਕੜੇ ਵਾਰ 'ਮੰਗ-ਪੱਤਰ' ਅਤੇ ਯਾਦ-ਪੱਤਰ ਭੇਜ ਕੇ ਪੰਜਾਬ ਸਰਕਾਰ ਤੋਂ ਮੰਗ ਕੀਤੀ ਜਾ ਰਹੀ ਹੈ ਕਿ ਸਥਾਈ ਸੇਵਾ ਦੀ ਲੋੜ ਦੇ ਅਧਾਰ 'ਤੇ ਉਸਾਰੇ ਸਰਕਾਰੀ ਵਿਭਾਗਾਂ ਵਿੱਚ ਪੱਕੇ ਰੁਜ਼ਗਾਰ ਦੀ ਗਾਰੰਟੀ ਕੀਤੀ ਜਾਵੇ। ਇਸੇ ਅਧਾਰ 'ਤੇ ਪੰਜਾਬ ਸਰਕਾਰ ਵੱਲੋਂ ਕੈਬਨਿਟ ਦੀ ਮੀਟਿੰਗ ਵਿੱਚ ਏਜੰਡਾ ਪਾਸ ਕਰਕੇ ਉਪਰੋਕਤ ਸਰਕਾਰੀ ਵਿਭਾਗਾਂ ਵਿੱਚ ਲਗਾਤਾਰ ਕੰਮ ਕਰਦੇ ਆਊਟਸੋਰਸ ਅਤੇ ਇਨਲਿਸਟਮੈਟ , ਠੇਕਾ ਮੁਲਾਜਮਾਂ ਨੂੰ ਸਬੰਧਤ ਵਿਭਾਗਾਂ ਵਿਚ ਮਰਜ਼ ਕਰਕੇ ਤਜਰਬੇ ਦੇ ਅਧਾਰ 'ਤੇ ਬਿਨਾਂ ਸ਼ਰਤ ਰੈਗੂਲਰ ਕੀਤਾ ਜਾਵੇ।
ਪਰ ਤ੍ਰਾਸਦੀ ਇਹ ਹੈ ਕਿ ਬੀਤੇ ਸਾਢੇ 3 ਸਾਲਾਂ ਵਿੱਚ ਆਮ ਆਦਮੀ ਪਾਰਟੀ ਦੀ ਅਗਵਾਈ ਵਾਲੀ ਵਰਤਮਾਨ ਪੰਜਾਬ ਸਰਕਾਰ ਦੇ ਮੰਤਰੀਆਂ/ਵਿਧਾਇਕਾਂ ਰਾਹੀਂ ਅਤੇ ਈਮੇਲ ਰਾਹੀਂ ਸੈਂਕੜੇ ਵਾਰ 'ਮੰਗ-ਪੱਤਰ' ਅਤੇ ਯਾਦ-ਪੱਤਰ ਭੇਜ ਕੇ ਠੇਕਾ ਮੁਲਾਜ਼ਮ ਸੰਘਰਸ਼ ਮੋਰਚਾ ਪੰਜਾਬ ਦੇ ਮੰਗ-ਪੱਤਰ ਵਿੱਚ ਦਰਜ ਤਮਾਮ ਮੰਗਾਂ-ਮਸਲਿਆਂ ਦਾ ਹੱਲ ਕਰਨ ਲਈ ਮਾਨਯੋਗ ਮੁੱਖ ਮੰਤਰੀ, ਪੰਜਾਬ ਸਰਕਾਰ ਕੋਲੋਂ ਹਰੇਕ ਵਾਰ ਪੈਨਲ ਮੀਟਿੰਗ ਕਰਨ ਲਈ ਸਮੇਂ ਦੀ ਮੰਗ ਕੀਤੀ ਜਾ ਰਹੀ ਹੈ ਲੇਕਿਨ ਹਰੇਕ ਵਾਰ ਮੋਰਚੇ ਦੇ 'ਮੰਗ-ਪੱਤਰ' ਰੱਦੀ ਦੀ ਟੋਕਰੀ ਵਿੱਚ ਸੁੱਟ ਦਿੱਤੇ ਜਾਂਦੇ ਹਨ ਅਤੇ ਪੰਜਾਬ ਸਰਕਾਰ ਵੱਲੋਂ ਪਿਛਲੀਆਂ ਸਰਕਾਰਾਂ ਦੀ ਤਰ੍ਹਾਂ ਹੀ 'ਲਾਰੇ-ਲਗਾਓ ਅਤੇ ਸਮਾਂ ਬਤੀਤ ਕਰੋ' ਵਾਲੀ ਨੀਤੀ ਦੇ ਚੱਲਦਿਆਂ ਅਣਦੇਖੀ ਕੀਤੀ ਜਾ ਰਹੀ ਹੈ। ਜਿਸਦੇ ਚੱਲਦੇ ਅਸੀਂ ਸੜਕਾਂ 'ਤੇ ਨਿੱਕਲਣ ਲਈ ਮਜਬੂਰ ਹੋ ਰਹੇ ਹਾਂ।
ਮੋਰਚੇ ਦੇ ਆਗੂਆਂ ਨੇ ਮੰਗ ਕੀਤੀ ਕਿ ਸਰਕਾਰੀ ਵਿਭਾਗਾਂ ਦੇ ਨਿੱਜੀਕਰਨ/ਪੰਚਾਇਤੀਕਰਨ ਦੀ ਨੀਤੀ ਨੂੰ ਤੁਰੰਤ ਰੱਦ ਕੀਤਾ ਜਾਵੇ। ਪੱਕੇ ਕੰਮ ਖੇਤਰ ਵਿੱਚ ਪੱਕੇ ਰੁਜ਼ਗਾਰ ਦਾ ਨਿਯਮ ਲਾਗੂ ਕੀਤਾ ਜਾਵੇ। ਆਊਟਸੋਰਸਡ ਕੰਪਨੀਆਂ, ਠੇਕੇਦਾਰਾਂ ਅਤੇ ਸੁਸਾਇਟੀਆਂ ਨੂੰ ਸਰਕਾਰੀ ਵਿਭਾਗਾਂ ਵਿਚੋਂ ਬਾਹਰ ਕੱਢ ਕੇ ਸਰਕਾਰੀ ਖਜਾਨੇ ਦੀ ਹੋ ਰਹੀ ਅੰਨ੍ਹੀ ਲੁੱਟ ਨੂੰ ਬੰਦ ਕੀਤਾ ਜਾਵੇ, ਸਮੂਹ ਆਊਟਸੋਰਸ ਅਤੇ ਇਨਲਿਸਟਮੈਟ ਮੁਲਾਜ਼ਮਾਂ ਨੂੰ ਸਬੰਧਤ ਵਿਭਾਗਾਂ ਵਿੱਚ ਮਰਜ਼ ਕਰਕੇ ਰੈਗੂਲਰ ਕੀਤਾ ਜਾਵੇ। ਘੱਟੋ-ਘੱਟ ਉਜਰਤ ਦੇ ਕਾਨੂੰਨ 1948 ਅਤੇ 15ਵੀਂ ਲੇਬਰ ਕਾਨਫ਼ਰੰਸ ਦੀਆਂ ਸਿਫਾਰਸ਼ਾਂ ਨੂੰ ਅਧਾਰ ਮੰਨ ਕੇ ਆਊਟਸੋਰਸ ਅਤੇ ਇਨਲਿਸਟਮੈਟ ਮੁਲਾਜਮਾਂ ਦੀ ਤਨਖਾਹ ਤਹਿ ਕੀਤੀ ਜਾਵੇ। ਬਰਾਬਰ ਕੰਮ ਲਈ ਬਰਾਬਰ ਤਨਖਾਹ ਦੇ ਵਿਗਿਆਨਕ ਅਸੂਲ ਨੂੰ ਲਾਗੂ ਕੀਤਾ ਜਾਵੇ। ਡਿਊਟੀ ਦੌਰਾਨ ਹੋਣ ਵਾਲੇ ਘਾਤਕ ਅਤੇ ਗੈਰ ਘਾਤਕ ਹਾਦਸਿਆਂ ਦੇ ਯੋਗ ਮੁਆਵਜ਼ੇ, ਇਲਾਜ ਦੀ ਭਰਪਾਈ ਦੇ ਨਾਲ ਨਾਲ ਮੌਤ ਹੋਣ 'ਤੇ ਪਰਿਵਾਰ ਦੇ ਇਕ ਮੈਂਬਰ ਲਈ ਪੱਕੀ ਨੌਕਰੀ ਦਾ ਪ੍ਰਬੰਧ ਕੀਤਾ ਜਾਵੇ।ਇੰਨਲਿਸਟਮੈਟ ਵਰਕਰਾਂ ਨੂੰ ਈ.ਪੀ.ਐਫ. ਅਤੇ ਈ.ਐਸ.ਆਈ. ਸਕੀਮ ਅਧੀਨ ਲਿਆਂਦਾ ਜਾਵੇ। ਸਮੂਹ ਵਿਭਾਗਾਂ ਦੇ ਆਊਟਸੋਰਸ ਅਤੇ ਇਨਲਿਸਟਮੈਂਟ ਮੁਲਾਜ਼ਮਾਂ ਤੇ ਗਰੈਚੁਟੀ ਅਤੇ ਰਿਟਾਇਰਮੈਂਟ ਉਪਰੰਤ ਪੈਨਸ਼ਨ ਸਕੀਮ ਲਾਗੂ ਕੀਤੀ ਜਾਵੇ। ਮਜ਼ਦੂਰ-ਮੁਲਾਜ਼ਮ ਵਿਰੋਧੀ ਨਵੇਂ 4 ਕਿਰਤ ਕੋਡਾਂ / ਕਾਨੂੰਨਾਂ ਨੂੰ ਰੱਦ ਕਰਕੇ , ਕਿਰਤ ਕਾਨੂੰਨ, ਬੋਨਸ ਦਾ ਭੁਗਤਾਨ ਐਕਟ, 1965 ਮੁਤਾਬਿਕ ਆਊਟਸੋਰਸ ਵਰਕਰਾਂ ਨੂੰ 8.33 ਪ੍ਰਤੀਸ਼ਤ ਲਾਗੂ ਕੀਤਾ ਜਾਵੇ। ਪੰਚਾਇਤ ਅਧੀਨ ਵਾਟਰ ਸਪਲਾਈ ਸਕੀਮਾਂ 'ਤੇ ਕੰਮ ਕਰਦੇ ਵਰਕਰਾਂ ਨੂੰ ਕਿਰਤ ਕਾਨੂੰਨ ਮੁਤਾਬਕ ਉਜ਼ਰਤਾਂ ਤੈਅ ਕੀਤੀਆਂ ਜਾਣ।
ਇੱਥੇ ਸਮੂਹ ਵਿਭਾਗਾਂ ਦੇ ਠੇਕਾ ਮੁਲਾਜਮਾਂ ਵਲੋਂ ਰੋਹ ਭਰਪੂਰ ਪ੍ਰਦਰਸ਼ਨ ਕਰਨ ਉਪਰੰਤ ਮੋਰਚੇ ਦੇ ਪਲੇਟਫਾਰਮ ਤੋਂ ਐਲਾਨ ਕੀਤਾ ਕਿ ਆਪਣੇ ਪੱਕੇ ਰੁਜ਼ਗਾਰ ਦੀ ਮੰਗ ਦਾ ਹੱਲ ਕਰਵਾਉਣ ਤੱਕ ਸੰਘਰਸ਼ ਜਾਰੀ ਰੱਖਿਆ ਜਾਵੇਗਾ।
ਅੱਜ ਦੇ ਇਸ ਧਰਨੇ ਦੌਰਾਨ ਭਰਾਤਰੀ ਜਥੇਬੰਦੀਆਂ , ਪੰਜਾਬ ਖੇਤ ਮਜ਼ਦੂਰ ਯੂਨੀਅਨ ਤੋਂ ਸੂਬਾ ਪ੍ਰਧਾਨ ਜੋਰਾ ਸਿੰਘ ਨਸਰਾਲੀ, ਗ੍ਰਾਮ ਪੰਚਾਇਤ ਪੰਪ ਅਪਰੇਟਰ ਠੇਕਾ ਮੁਲਾਜ਼ਮ ਯੂਨੀਅਨ ਤੋਂ ਬੋਹੜ ਸਿੰਘ ਭੁੱਲਰ, ਸਿਵਲ ਗੰਨਮੈਨ ਗਾਰਡ ਯੂਨੀਅਨ ਤੋਂ ਪਰਮਜੀਤ ਸਿੰਘ, ਬਲਵਿੰਦਰ ਸਿੰਘ, ਫਰਦ ਕੇਂਦਰ ਠੇਕਾ ਮੁਲਾਜ਼ਮ ਤੋਂ ਸਤਨਾਮ ਸਿੰਘ, ਪਰਮਜੀਤ ਕੌਰ, ਭਾਰਤੀ ਕਿਸਾਨ ਯੂਨੀਅਨ ਏਕਤਾ ਅਜ਼ਾਦ ਜ਼ਿਲ੍ਹਾ ਸੰਗਰੂਰ ਤੋਂ ਹਰਦੇਵ ਸਿੰਘ ਕੁਲਾਰਾਂ, ਭਾਰਤੀ ਕਿਸਾਨ ਯੂਨੀਅਨ ਉਗਰਾਹਾਂ ਏਕਤਾ ਦਿੜ੍ਹਬਾ ਬਲਾਕ ਆਗੂ ਹਰਜੀਤ ਸਿੰਘ, ਨੇ ਸੰਘਰਸ਼ ਦੀ ਹਮਾਇਤ ਕਰਦਿਆਂ ਪੰਜਾਬ ਸਰਕਾਰ ਤੋਂ ਮੰਗ ਕੀਤੀ ਕਿ ਸਮੂਹ ਠੇਕਾ ਮੁਲਾਜਮਾਂ ਦਾ ਪੱਕਾ ਰੁਜ਼ਗਾਰ ਕਰਨ ਦਾ ਤੁਰੰਤ ਫੈਸਲਾ ਲਿਆ ਜਾਵੇ।
ਇਸ ਮੌਕੇ ਸ਼ਹੀਦ-ਏ-ਆਜਮ ਸਰਦਾਰ ਭਗਤ ਸਿੰਘ ਦੇ ਜਨਮ ਦਿਨ 'ਤੇ ਮਹਾਨ ਸ਼ਹੀਦ ਦੀ ਵਿਚਾਰਧਾਰਾ ਦਾ ਸਮਾਜ ਬਣਾਉਣ ਸਮੇਤ 5 ਮਤੇ , ਇਜ਼ਰਾਇਲ ਵਲੋਂ ਗਾਜਾ (ਫ਼ਲਸਤੀਨ) 'ਤੇ ਫੌਜੀ -ਬੰਬਾਰੀ ਹਮਲੇ , ਭਾਰਤ -ਅਮਰੀਕਾ ਮੁਕਤ ਵਪਾਰ , ਸੰਘਰਸ਼ਸ਼ੀਲ ਲੋਕਾਂ 'ਤੇ ਵਧ ਰਹੇ ਹਕੂਮਤੀ ਹਮਲੇ , ਪਾਟਕ-ਪਾਊ ਪ੍ਰਵਾਸੀ ਭਜਾਓ ਮੁਹਿੰਮ ਖਿਲਾਫ਼ ਤੇ ਹੜ੍ਹ -ਪੀੜ੍ਹਤਾਂ ਦੀ ਸਹਾਇਤਾ ਫੰਡ ਮੁਹਿੰਮ 'ਚ ਸਹਿਯੋਗ ਦੇਣ ਆਦਿ ਦੇ ਮਤੇ ਇਕੱਠ ਵਿੱਚ ਪੜ੍ਹਨ ਉਪਰੰਤ ਇਕੱਤਰਤਾ ਵਲੋਂ ਹੱਥ ਖੜ੍ਹੇ ਕਰਕੇ ਸਰਵ ਸੰਮਤੀ ਨਾਲ ਪਾਸ ਕੀਤੇ।
No comments:
Post a Comment