Friday, November 28, 2025

ਡਾਰਵਿਨ ਦੀ ਰਾਖੀ ਦਾ ਮਹੱਤਵ

 ਡਾਰਵਿਨ ਦੀ ਰਾਖੀ ਦਾ ਮਹੱਤਵ



(ਨਵੀਂ ਪ੍ਰਕਾਸ਼ਿਤ ਹੋਈ ਪੁਸਤਕ   'ਕ੍ਰਮ-ਵਿਕਾਸ ਦਾ ਵਿਗਿਆਨ ਅਤੇ ਦੈਵੀ-ਸਿਰਜਣਾ ਦੀ ਮਿੱਥ'  ਦੇ ਪ੍ਰਸੰਗ ਬਾਰੇ) 




--ਜਸਪਾਲ ਜੱਸੀ 

ਕ੍ਰਮ -ਵਿਕਾਸ ਜਾਂ ਵਿਕਾਸਵਾਦ ਦੇ ਸਿਧਾਂਤ ਬਾਰੇ ਅਕਾਦੀਆ ਸਕਾਈਬਰੇਕ ਦੀ ਪੁਸਤਕ ਦੇ   ਪੰਜਾਬੀ  ਪ੍ਰਕਾਸ਼ਨ ਦੇ ਪ੍ਰਸੰਗ ਨੂੰ ਸਮਝਣ ਲਈ ਕੁਝ ਅਜੋਕੇ ਤੱਥਾਂ ਦੀ ਚਰਚਾ ਅਹਿਮ ਹੈ। 

  20 ਜਨਵਰੀ 2018 ਨੂੰ  ਬੀ.ਜੇ.ਪੀ. ਦੇ ਐਮ.ਪੀ. ਅਤੇ ਕੇਂਦਰੀ ਮਨੁੱਖੀ ਸਰੋਤ ਵਿਕਾਸ ਰਾਜ ਮੰਤਰੀ ਸਤਿਆਪਾਲ ਸਿੰਘ ਨੇ ਆਪਣੇ ਬਿਆਨ 'ਚ ਚਾਰਲਿਸ ਡਾਰਵਿਨ ਦੇ ਕ੍ਰਮ- ਵਿਕਾਸ ਸਿਧਾਂਤ 'ਤੇ ਹਮਲਾ ਕੀਤਾ ਸੀ। ਉਹ ਇਹ ਮੰਗ ਕਰਨ ਤੱਕ ਚਲਾ ਗਿਆ ਕਿ ਡਾਰਵਿਨ ਦੇ ਸਿਧਾਂਤ ਨੂੰ ਸਕੂਲਾਂ ਅਤੇ ਕਾਲਜਾਂ ਦੇ ਸਿਲੇਬਸ 'ਚੋਂ ਹਟਾ ਦੇਣਾ ਚਾਹੀਦਾ ਹੈ। ਡਾਰਵਿਨ ਦੇ ਵਿਗਿਆਨਕ ਸਿਧਾਂਤ ਨੂੰ ਰੱਦ ਕਰਦਿਆਂ ਉਸਨੇ  ਦਾਅਵਾ ਕੀਤਾ ਕਿ ਆਦਮੀ ਤਾਂ ਮੁੱਢ ਕਦੀਮ ਤੋਂ ਹੀ ਧਰਤੀ 'ਤੇ ਮਨੁੱਖ ਵਜੋਂ ਵਿਚਰਦਾ ਆ ਰਿਹਾ ਹੈ ਅਤੇ  “ਸਾਡੇ ਪੂਰਵਜਾਂ ਨੇ ਕਦੇ ਵੀ ਬਣਮਾਨਸ ਜਾਂ ਬਾਂਦਰ ਤੋਂ ਬੰਦਾ ਬਣਦਾ ਨਹੀਂ ਵੇਖਿਆ”! ਇਹ ਹਾਸੋਹੀਣੀ ਦਲੀਲ ਦਿੱਖ ਅਤੇ ਸਾਰ ਦੇ ਅਸਲ ਰਿਸ਼ਤੇ ਦੀ ਪਛਾਣ ਤੋਂ ਕੋਰੀ ਆਮ ਵਿਚਾਰਵਾਦੀ ਦਲੀਲ ਦੀ ਹੀ ਵੰਨਗੀ ਹੈ। ਬੀ.ਜੇ.ਪੀ. ਦੇ 'ਵਿਚਾਰਵਾਨ' ਲੀਡਰਾਂ ਤੋਂ ਕਦੇ ਇਹ ਸੁਣਨਾ ਵੀ ਹੈਰਾਨੀਜਨਕ ਨਹੀਂ ਹੋਵੇਗਾ ਕਿ ਕਿਸੇ ਨੇ ਕਦੇ ਵੀ ਧਰਤੀ ਨੂੰ ਸੂਰਜ ਦੁਆਲੇ ਘੁੰਮਦੀ ਨਹੀਂ ਵੇਖਿਆ ਜਦੋਂ ਕਿ ਸੂਰਜ ਮੁੱਢ ਕਦੀਮ ਤੋਂ ਧਰਤੀ  ਦੁਆਲੇ ਘੁੰਮ ਰਿਹਾ ਹੈ!

ਪਰ ਅਜਿਹੇ ਬਿਆਨ ਹੁਣ ਮਹਿਜ਼ ਗੈਰ ਵਿਗਿਆਨਕ ਯਭਲੀਆਂ ਵਜੋਂ ਦਰ ਕਿਨਾਰ ਨਹੀਂ ਕੀਤੇ ਜਾ ਸਕਦੇ; ਕਿਉਂਕਿ ਇਹ ਮੁਲਕ ਦੇ ਅਕਾਦਮਿਕ- ਵਿੱਦਿਅਕ ਜੀਵਨ 'ਤੇ ਹਨੇਰ ਬਿਰਤੀ ਦੇ ਦਮਨਕਾਰੀ ਹੱਲੇ ਦੇ ਅੰਗ ਵਜੋਂ ਸਾਹਮਣੇ ਆ ਰਹੇ ਹਨ।

  ਪਿਛਲੇ ਸਮੇਂ 'ਚ ਵਿਗਿਆਨ ਅਤੇ ਸਿੱਖਿਆ ਦੇ ਖੇਤਰ ਨਾਲ ਸੰਬੰਧਤ ਭਾਈਚਾਰੇ 'ਚੋਂ ਇਸ ਪਿਛਾਂਹ ਖਿਚੂ ਮੰਗ ਦਾ ਤਿੱਖਾ ਵਿਰੋਧ ਹੋਇਆ ਹੈ । ਵਿਗਿਆਨੀਆਂ ਦਾ ਰੋਸ ਵੇਖਕੇ  ਕੇਂਦਰ ਸਰਕਾਰ ਨੇ ਯਕੀਨਦਹਾਨੀ ਕੀਤੀ ਸੀ ਕਿ ਡਾਰਵਿਨ ਦੇ ਸਿਧਾਂਤਾਂ ਦੀ ਪੜ੍ਹਾਈ ਨੂੰ ਸਕੂਲੀ ਪਾਠਕ੍ਰਮਾਂ 'ਚੋਂ ਹਟਾਇਆ ਨਹੀਂ ਜਾਵੇਗਾ । ਪਰ ਪੰਜ ਸਾਲਾਂ ਬਾਅਦ 2023 'ਚ ਨੈਸ਼ਨਲ ਕੌਂਸਲ ਫਾਰ ਐਜੂਕੇਸ਼ਨ ਰਿਸਰਚ ਐਂਡ ਟੈਕਨੋਲੋਜੀ (NCERT) ਨੇ ਡਾਰਵਿਨ ਦੇ ਵਿਕਾਸਵਾਦ ਨਾਲ ਸੰਬੰਧਿਤ ਚੈਪਟਰ ਦਸਵੀਂ ਦੇ ਸਕੂਲ ਪਾਠਕ੍ਰਮ 'ਚੋਂ ਹਟਾ ਦਿੱਤੇ । ਖੋਜ, ਵਿਗਿਆਨ ਅਤੇ ਸਿੱਖਿਆ ਖੇਤਰ ਦੇ ਭਾਈਚਾਰੇ 'ਚੋਂ ਇਸ ਕਦਮ ਦਾ  ਵੀ ਵਿਰੋਧ ਹੋਇਆ। 1800 ਵਿਗਿਆਨੀਆਂ, ਸਿੱਖਿਆ ਸ਼ਾਸਤਰੀਆਂ ਅਤੇ ਖੋਜੀਆਂ ਨੇ ਇਸ ਕਦਮ ਖਿਲਾਫ਼  ਸਰਕਾਰ ਨੂੰ ਖ਼ਤ ਲਿਖਿਆ। ਉਹਨਾਂ ਨੇ ਜ਼ੋਰ  ਦਿੱਤਾ ਕਿ ਕ੍ਰਮ -ਵਿਕਾਸ ਜਾਂ ਵਿਕਾਸਵਾਦ ਦੇ ਸਿਧਾਂਤ ਨੂੰ ਕੁਦਰਤੀ ਵਿਗਿਆਨ ਦੇ ਹੋਰ ਕਿਸੇ ਵੀ ਸਿਧਾਂਤ ਨਾਲੋਂ  ਵਧੇਰੇ ਸਬੂਤਾਂ ਦੀ ਮਜ਼ਬੂਤ ਢੋਈ ਹਾਸਲ ਹੈ। ਇਸ  ਸਿਧਾਂਤ ਨੂੰ ਸਿਲੇਬਸ 'ਚੋਂ ਹਟਾਉਣ ਨਾਲ ਵਿਦਿਆਰਥੀਆਂ ਦੀ  ਵੱਡੀ ਗਿਣਤੀ  ਮੁੱਢਲੀ ਵਿਗਿਆਨਕ ਜਾਣਕਾਰੀ   ਤੋਂ ਵਾਂਝੀ ਹੋ ਜਾਵੇਗੀ ਕਿਉਂਕਿ ਸਾਰੇ ਵਿਦਿਆਰਥੀ ਸਕੂਲ ਤੋਂ ਅੱਗੇ ਜੀਵ ਵਿਗਿਆਨ ਦੀ ਪੜ੍ਹਾਈ ਨਹੀਂ ਕਰਦੇ ।  ਵਿਦਿਆਰਥੀ ਸਖਸ਼ੀਅਤ  ਦੇ ਵਿਗਿਆਨਕ ਮਿਜ਼ਾਜ ਦੀ  ਉਸਾਰੀ 'ਤੇ ਇਸ ਕਦਮ ਦਾ ਬਹੁਤ ਮਾੜਾ  ਅਸਰ ਪਵੇਗਾ।

ਵਿਗਿਆਨ 'ਤੇ ਇਸ ਹਮਲੇ ਖਿਲਾਫ਼  ਰੋਸ ਦੇ ਮੱਦੇਨਜ਼ਰ ਵਿਗਿਆਨ ਦੀਆਂ ਤਿੰਨ ਅਕਾਦਮੀਆਂ  ਨੂੰ  ਸਾਂਝਾ ਬਿਆਨ ਜਾਰੀ ਕਰਕੇ ਇਸ ਫੈਸਲੇ ਦਾ ਵਿਰੋਧ ਕਰਨ ਦਾ  ਅਸਾਧਾਰਣ ਕਦਮ ਲੈਣ ਤੱਕ ਜਾਣਾ ਪਿਆ। ਭਾਰਤੀ ਕੌਮੀ ਵਿਗਿਆਨ ਅਕਾਦਮੀ (INSA), ਵਿਗਿਆਨਾਂ ਦੀ ਭਾਰਤੀ ਅਕਾਦਮੀ (I A Sc) ਅਤੇ ਕੌਮੀ ਵਿਗਿਆਨ ਅਕਾਦਮੀ - ਭਾਰਤ (NASI) ਦੇ ਸਾਂਝੇ ਬਿਆਨ 'ਚ ਕਿਹਾ ਗਿਆ ਸੀ ਕਿ ਡਾਰਵਿਨ ਦੇ ਸਿਧਾਂਤ  ਦੀ ਵਿਗਿਆਨਕ ਨਿਰਖਾਂ ਅਤੇ ਤਜਰਬਿਆਂ ਰਾਹੀਂ ਮੁੜ ਮੁੜ ਪੁਸ਼ਟੀ ਹੋਈ ਹੈ । 

ਇਸ ਰੋਸ ਦੇ ਪ੍ਰਤੀਕਰਮ ਵਜੋਂ NCERT ਅਤੇ ਕੇਂਦਰ ਸਰਕਾਰ ਦੋਹਾਂ ਨੇ ਇਸ ਕਦਮ ਨੂੰ ਆਰਜੀ ਕਦਮ  ਬਿਆਨਿਆ । ਬਹਾਨਾ   ਇਹ ਲਾਇਆ ਕਿ  ਕੋਵਿਡ  ਮਹਾਂਮਾਰੀ ਸਦਕਾ ਵਿੱਦਿਆ 'ਚ ਆਏ ਉਖੇੜੇ ਕਰਕੇ  ਵਕਤੀ ਤੌਰ 'ਤੇ ਸਲੇਬਸ ਦਾ ਭਾਰ ਘਟਾਉਣ ਲਈ ਇਹ ਕਦਮ ਜ਼ਰੂਰੀ  ਹੈ। ਅਮਲ 'ਚ ਇਹ ਬਹਾਨਾ ਝੂਠਾ ਸਾਬਤ ਹੋਇਆ ਅਤੇ ਬੈਂਗਣੀ ਉੱਘੜਕੇ ਸਾਹਮਣੇ ਆ ਗਿਆ। ਇਸਨੂੰ ਸਕੂਲ ਸਿਲੇਬਸਾਂ ਦੇ ਬੋਝ ਨੂੰ ਤਰਕਸ਼ੀਲ ਬਣਾਉਣ ਦੀ ਆੜ 'ਚ ਪੱਕੇ  ਕਦਮ 'ਚ ਬਦਲ ਦਿੱਤਾ ਗਿਆ।

ਅੱਜ ਵਿਗਿਆਨਕ ਸੱਭਿਆਚਾਰ ਦੇ ਪਸਾਰੇ ਖਿਲਾਫ਼  ਹਾਕਮਾਂ ਦਾ ਦੂਰ ਰਸ  ਵਿਓਂਤਬੱਧ ਹਮਲਾ ਜੱਗ ਜਾਹਰ ਹੈ। ਇਹ ਹਮਲਾ ਅਕਾਦਮਿਕ ਫੈਸਲਿਆਂ ਦੇ ਮਾਮਲੇ  'ਚ ਵਿੱਦਿਅਕ ਸੰਸਥਾਵਾਂ   ਦਾ ਕਾਫ਼ੀਆ ਤੰਗ ਕਰਨ ਦੇ ਅਮਲ ਨਾਲ ਜੁੜਕੇ ਅੱਗੇ ਵਧ ਰਿਹਾ ਹੈ। ਨਵੀਂ ਵਿੱਦਿਅਕ ਨੀਤੀ ਰਾਹੀਂ ਇਸ ਹਮਲੇ ਨੂੰ ਕਾਨੂੰਨੀ ਦਰਜਾ ਦੇ ਦਿੱਤਾ ਗਿਆ ਹੈ। 

ਹੁਣ ਸਾਇੰਸ ਕਾਂਗਰਸ ਵਰਗੇ ਪਲੇਟਫਾਰਮ ਸ਼ਰੇਆਮ ਧਾਰਮਿਕ ਮੁੜ ਸੁਰਜੀਤੀ ਦੇ ਅਖਾੜਿਆਂ 'ਚ ਬਦਲੇ ਜਾ ਰਹੇ ਹਨ। 2019 'ਚ ਆਂਧਰਾ ਯੂਨੀਵਰਸਿਟੀ ਦੇ ਵਾਈਸ ਚਾਂਸਲਰ ਜੀ ਨਾਗੇਸ਼ਵਰ ਰਾਓ ਨੇ ਭਾਰਤੀ ਸਾਇੰਸ ਕਾਂਗਰਸ ਦੇ ਮੰਚ ਤੋਂ ਖੁੱਲ੍ਹੇ ਆਮ “ਵਿਸ਼ਨੂੰ ਦੇ ਦਸ ਅਵਤਾਰਾਂ” ਦੇ ਸਿਧਾਂਤ ਦਾ ਪ੍ਰਚਾਰ ਕੀਤਾ।  ਇਸ ਕਾਂਗਰਸ 'ਚ ਨਿਊਟਨ ਅਤੇ ਆਈਨਸਟਾਈਨ ਦੇ ਸਿਧਾਂਤਾਂ ਖਿਲਾਫ਼ ਵੀ ਪਰਚੇ ਪੜ੍ਹੇ ਗਏ । ਇਹ ਨਿਰੀ ਬਿਆਨਬਾਜ਼ੀ ਨਹੀਂ ਹੈ। ਇਹ ਅਮਲ ਮਿਥਿਹਾਸ ਨੂੰ ਇਤਿਹਾਸ ਅਤੇ ਵਿਗਿਆਨ ਦੇ ਬਦਲ ਵਜੋਂ ਸਿੱਖਿਆ ਖੇਤਰ 'ਚ ਸਥਾਪਤ ਕਰਨ ਦੇ ਮਨਸੂਬਿਆਂ ਦਾ ਹਿੱਸਾ ਹੈ।

  ਇਓਂ  ਵਿੱਦਿਆ ਨੂੰ ਵਿਗਿਆਨ ਵਿਰੋਧੀ ਲੀਹਾਂ'ਤੇ ਢਾਲਣ ਦਾ ਪਿਛਲਖੁਰੀ ਅਮਲ ਤੇਜ਼ ਹੋ ਰਿਹਾ ਹੈ । ਪ੍ਰਾਚੀਨ ਭਾਰਤੀ ਵਿਗਿਆਨ ਦੇ ਨਾਂ ਹੇਠ ਮਖੌਟਾ ਵਿਗਿਆਨ ਅਤੇ ਮਿਥਿਹਾਸਿਕ ਬਿਰਤਾਂਤ ਸਿੱਖਿਆ ਪਾਠਕ੍ਰਮਾਂ  'ਤੇ ਠੋਸੇ  ਜਾ ਰਹੇ ਹਨ। ਖੋਜ  ਸਰਗਰਮੀਆਂ ਅਤੇ ਸਰਕਾਰੀ ਫੰਡਾਂ ਨੂੰ ਇਨ੍ਹਾਂ ਦੀ ਸਥਾਪਤੀ  ਲਈ ਝੋਕਣ ਅਤੇ ਸੰਭਵ ਹੱਦ ਤੱਕ ਰਾਖਵੇਂ ਕਰਨ ਦੀ ਸੇਧ ਅਖਤਿਆਰ ਕੀਤੀ ਜਾ ਰਹੀ ਹੈ। ਖੁਦ ਪ੍ਰਧਾਨ ਮੰਤਰੀ ਨੇ  ਗਣੇਸ਼ ਦੀ ਹਾਥੀ ਸੁੰਡ ਨੂੰ 'ਪ੍ਰਾਚੀਨ ਭਾਰਤੀ ਸਰਜਰੀ ਦੇ ਕਮਾਲ' ਵਜੋਂ ਉੱਚੀ ਕਰਕੇ ਲਹਿਰਾਇਆ  ਹੈ। ਪ੍ਰਧਾਨ ਮੰਤਰੀ ਅਜਿਹਾ ਵਿਲੱਖਣ ਪ੍ਰਾਣੀ ਹੋਣ ਦਾ ਦਾਅਵਾ ਵੀ ਕਰ ਰਿਹਾ ਹੈ ਜਿਸਦਾ ਧਰਤੀ 'ਤੇ  ਜੈਵਿਕ ਉਤਪਤੀ ਦੇ ਨੇਮਾਂ ਤੋਂ ਆਜ਼ਾਦ ਪ੍ਰਵੇਸ਼ ਹੋਇਆ ਹੈ!

ਉਂਝ ਮੋਦੀ ਵਹਿਮਪ੍ਰਸਤੀ ਦਾ ਝੰਡਾ ਫੜਨ ਵਾਲਾ ਪਹਿਲਾ ਪ੍ਰਧਾਨ ਮੰਤਰੀ ਨਹੀਂ ਹੈ। ਕਦੇ ਇੰਦਰਾ ਗਾਂਧੀ  ਵੀ ਉਸ ਅਖੌਤੀ ਚਮਤਕਾਰੀ ਸਾਈਂ ਬਾਬੇ ਦੀ ਭਗਤਣੀ ਵਜੋਂ ਪੇਸ਼ ਹੋਈ ਸੀ ਜਿਹੜਾ ਇਬਰਾਹਿਮ ਕਾਵੂਰ ਦੀ ਪਰਖ ਚੁਣੌਤੀ  ਦਾ ਸਾਹਮਣਾ ਕਰਨ ਤੋਂ ਭੱਜ ਨਿਕਲਿਆ ਸੀ ।

ਫ਼ਿਕਰ ਦੀ ਗੱਲ ਇਹ ਹੈ ਕਿ ਹੁਣ ਇਹ ਵਿਹਾਰ ਵਿਗਿਆਨ ਵਿਰੋਧੀ ਐਲਾਨਾਂ ਅਤੇ ਪ੍ਰਚਾਰ ਤੋਂ ਅੱਗੇ ਜਾ ਰਿਹਾ ਹੈ। ਖਰੇ ਵਿਗਿਆਨ ਨਾਲ ਵਿਉਂਤਬੱਧ ਵਿਤਕਰੇ ਤੋਂ ਵੀ ਅੱਗੇ ਜਾ ਰਿਹਾ ਹੈ। ਇਸਨੇ ਵਿਗਿਆਨ ਦੇ ਪਿਛਾਖੜੀ ਦਮਨ ਦਾ ਰੂਪ ਧਾਰ ਲਿਆ ਹੈ। ਅਕਾਦਮਿਕ ਖੋਜੀਆਂ 'ਤੇ ਵਿਗਿਆਨ ਨਾਲ ਖਰੀ ਵਫ਼ਾਦਾਰੀ ਦਾ ਤਿਆਗ ਕਰਨ ਲਈ ਦਬਾਅ ਪਾਇਆ ਜਾ ਰਿਹਾ ਹੈ। ਇਹ ਵੀ ਧਿਆਨ ਦੇਣ ਵਾਲਾ ਪੱਖ ਹੈ ਕਿ ਅਯੁੱਧਿਆ  ਮਾਮਲੇ 'ਚ ਅਦਾਲਤਾਂ ਨੂੰ  “ਆਸਥਾ ” ਨੂੰ ਵਿਗਿਆਨ ਨਾਲੋਂ ਐਲਾਨੀਆ ਉੱਚਾ ਦਰਜਾ ਦੇਣ ਦੇ ਹੁਕਮ ਬਜਾਉਣ ਲਈ ਮਜ਼ਬੂਰ ਕੀਤਾ ਗਿਆ ਹੈ।

 ਦੂਜੇ ਪਾਸੇ ਸੰਸਾਰ ਸਾਮਰਾਜੀ ਪ੍ਰਬੰਧ ਦਿਨੋ ਦਿਨ ਵਿਗਿਆਨ ਵਿਰੋਧੀ ਪ੍ਰਬੰਧ ਵਜੋਂ ਬੇਨਕਾਬ ਹੋ ਰਿਹਾ ਹੈ। ਸਰਕਾਰਾਂ ਦਾ ਵਧਦਾ ਵਿਗਿਆਨ ਵਿਰੋਧੀ ਪਿਛਾਂਹਖਿਚੂ ਵਿਹਾਰ ਦੁਨੀਆਂ ਭਰ 'ਚ  ਵਿਗਿਆਨੀਆਂ ਅੰਦਰ ਰੋਸ ਪੈਦਾ ਕਰ ਰਿਹਾ ਹੈ। ਉਨ੍ਹਾਂ ਸੁਹਿਰਦ ਵਿਗਿਆਨੀਆਂ 'ਚ ਵੀ ਜਿਹੜੇ ਧਰਮ ਨੂੰ ਮੰਨਦੇ ਹਨ। ਇਸਦੀ ਮਿਸਾਲ ਕੋਵਿਡ ਦੇ ਸਮੇਂ ਅਮਰੀਕਾ ਅਤੇ ਹੋਰ ਮੁਲਕਾਂ 'ਚ  “ਸਾਇੰਸ ਅਤੇ ਮਨੁੱਖਤਾ ਦਾ ਦਮਨ ਕਰ ਰਹੀ ਰਾਜਨੀਤੀ” ਖਿਲਾਫ਼ ਸਾਇੰਸਦਾਨਾ ਦੀ ਰੋਸ ਆਵਾਜ਼ ਨੇ ਪੇਸ਼ ਕੀਤੀ ਸੀ।

         ਡਾਰਵਿਨ ਦੇ ਸਿਧਾਂਤਾਂ  ਖਿਲਾਫ਼  ਦਬਾਊ ਹਮਲਾਵਰ ਰੁਖ-ਸਾਮਰਾਜ ਅਤੇ ਪਿਛਾਖ਼ੜ ਦੀ ਵਿਗਿਆਨ ਖਿਲਾਫ਼  ਸੰਸਾਰ ਵਿਆਪੀ ਦਿਲਚਸਪ ਏਕਤਾ ਦਾ ਅਹਿਮ ਖੇਤਰ ਬਣਿਆ ਆ ਰਿਹਾ ਹੈ। ਅਮਰੀਕਾ 'ਚ ਇਸਦਾ ਝੰਡਾ ਕੈਥੋਲਿਕ ਚਰਚ ਦੀਆਂ ਧਾਰਮਿਕ ਮੂਲਵਾਦੀ ਤਾਕਤਾਂ ਨੇ ਚੁੱਕਿਆ ਹੋਇਆ ਹੈ। ਇਹ ਤਾਕਤਾਂ ਡਾਰਵਿਨ ਦੇ ਸਿਧਾਂਤਾਂ ਨੂੰ ਵਿੱਦਿਅਕ ਖੇਤਰ ਤੋਂ ਲਾਂਭੇ ਕਰਨ ਜਾਂ ਗੈਰ ਪ੍ਰਮਾਣਕ ਸਿਧਾਂਤਾਂ ਵਜੋਂ ਪੜ੍ਹਾਉਣ ਦੀ ਮੰਗ ਕਰ ਰਹੀਆਂ ਹਨ। ਦੂਜੇ ਪਾਸੇ ਇਹ ਸਿਰਜਣਾਵਾਦ (ਕਰਨੀਵਾਦ, ਸ੍ਰਿਸ਼ਟੀਵਾਦ) ਵਰਗੇ ਸਿਧਾਂਤਾਂ ਅਤੇ ਸੁਘੜ ਵਿਓਂਤ  (Intelligent Design ) ਸਿਧਾਂਤ ਨੂੰ ਵਿਕਾਸਵਾਦ ਦੇ ਬਦਲ ਵਜੋਂ ਪੜ੍ਹਾਉਣ ਦੀ ਵਕਾਲਤ ਕਰ ਰਹੀਆਂ ਹਨ। ਅਜਿਹੇ ਬਿਆਨਾਂ 'ਚ ਅਮਰੀਕੀ ਰਾਸ਼ਟਰਪਤੀਆਂ (ਮਿਸਾਲ ਵਜੋਂ ਜਾਰਜ ਬੁਸ਼) ਦੀ ਵੀ ਹਿੱਸੇਦਾਰੀ ਹੈ।

ਇਹ  ਵਿਗਿਆਨਾਂ ਦੇ ਅਹਿਮ ਸਿਧਾਂਤਾਂ  ਦੇ ਅਕਾਦਮਿਕ ਜੀਵਨ 'ਚੋਂ ਨਿਕਾਲੇ ਲਈ  ਮੁਹਿੰਮਾਂ ਹਨ। ਅਮਰੀਕਾ 'ਚ ਇਹ ਤਾਕਤਾਂ ਪਰਿਵਾਰ ਨਿਯੋਜਨ ਅਤੇ ਔਰਤਾਂ ਦੇ ਅਬਾਰਸ਼ਨ ਹੱਕਾਂ ਦਾ ਵੀ ਝਲਿਆਇਆ ਵਿਰੋਧ ਕਰ ਰਹੀਆਂ ਹਨ । ਕੈਥੋਲਿਕ ਚਰਚ ਦਾ ਕਹਿਣਾ ਹੈ ਕਿ ਇਹ  “ਸਿਰਜਣਹਾਰ” ਦੀ ਕਰਨੀ 'ਚ ਦਖਲਅੰਦਾਜ਼ੀ  ਹੈ । 

    ਧਾਰਮਿਕ ਮੁੜ ਸੁਰਜੀਤੀ ਦੀਆਂ ਤਾਕਤਾਂ  ਵੱਲੋਂ ਡਾਰਵਿਨ ਦੇ ਸਿਧਾਂਤਾ  ਖਿਲਾਫ਼  ਤਿੱਖੀ ਔਖ ਵਿਆਪਕ ਹੈ। ਕਈ ਦੇਸ਼ਾਂ  'ਚ  ਇਨ੍ਹਾਂ ਦੀ ਪੜ੍ਹਾਈ ਵਰਜਤ ਕਰਨ ਦੇ ਕਦਮ ਮਾਮਲੇ ਦੀ ਗੰਭੀਰਤਾ ਨੂੰ ਦਰਸਾਉਂਦੇ ਹਨ। ਸਾਊਦੀ ਅਰਬ,, ਓਮਾਨ, ਅਲਜੀਰੀਆ ਅਤੇ ਮਰਾਕੋ 'ਚ ਇਨ੍ਹਾਂ 'ਤੇ ਪਾਬੰਦੀ ਹੈ।ਮਿਸਰ, ਟੁਨੀਸ਼ੀਆ  ਦੀਆਂ ਪੁਸਤਕਾਂ 'ਚ ਇਨ੍ਹਾਂ ਨੂੰ ਸਬੂਤ ਰਹਿਤ ਮਨੌਤਾਂ ਵਜੋਂ ਪੜ੍ਹਾਇਆ ਜਾ ਰਿਹਾ ਹੈ। ਜਾਰਡਨ 'ਚ ਇਨ੍ਹਾਂ ਦੀ ਪੜ੍ਹਾਈ ਵਿਗਿਆਨ ਦੇ ਚੌਖਟੇ ਤੋਂ ਬਾਹਰ ਰੱਖਕੇ ਧਾਰਮਿਕ ਚੌਖਟੇ 'ਚ ਕਰਾਈ ਜਾ ਰਹੀ ਹੈ। ਲਿਬਨਾਨ ਦੀਆਂ ਪਾਠ ਪੁਸਤਕਾਂ 'ਚੋਂ ਕ੍ਰਮ ਵਿਕਾਸ ਗੈਰ ਹਾਜ਼ਰ ਹੈ।(ਦੇਖੋ, ਦਿਨੇਸ਼ ਸੀ ਸ਼ਰਮਾ, ਵਾਇਰ ਅਪ੍ਰੈਲ 23, 2023) 

ਭਾਰਤ ਅਤੇ ਇਸਲਾਮੀ ਦੇਸ਼ਾਂ ਵਰਗੇ ਪਛੜੇ ਸੰਸਾਰ ਅੰਦਰ ਵਿਗਿਆਨ ਖਿਲਾਫ਼  ਇਹ ਮੁਹਿੰਮਾਂ ਆਮ ਕਰਕੇ ਆਸਥਾ (Faith) ਦੇ ਪੈਂਤੜੇ 'ਤੋਂ ਚਲਾਈਆਂ ਜਾ ਰਹੀਆਂ ਹਨ ਜਦੋਂ ਕਿ ਆਧੁਨਿਕ ਵਿਗਿਆਨ  ਦਾ ਕੇਂਦਰ ਬਣੇ ਮੁਲਕਾਂ 'ਚ ਆਮ ਕਰਕੇ ਵਿਗਿਆਨ ਦੀਆਂ ਲੱਭਤਾਂ ਨੂੰ ਸਿਰਜਣਾਵਾਦ ਦੀ ਮਿੱਥ ਦੀ ਢੋਈ ਬਣਾਉਣ  ਤੇ ਜ਼ੋਰ ਦਿੱਤਾ ਜਾਂਦਾ ਹੈ। ਵਿਗਿਆਨ ਦੀਆਂ ਆਧੁਨਿਕ ਖੋਜਾਂ ਨੂੰ ਇਹ ਸਾਬਤ ਕਰਨ ਲਈ ਵਰਤਣ ਦੀ ਕੋਸ਼ਿਸ਼ ਕੀਤੀ ਜਾਂਦੀ ਹੈ ਕਿ ਏਨਾ ਗੁੰਝਲਾਦਾਰ ਪਦਾਰਥਕ ਸੰਸਾਰ ਕੇਵਲ ਤੇ ਕੇਵਲ ਕਿਸੇ ਮਹਾਂ ਸੁਘੜ ਵਿਉਂਤ (Intelligent Design) ਦੀ ਸਿਰਜਣਾ ਹੀ ਹੋ ਸਕਦਾ ਹੈ। ਇਹ ਵਿਗਿਆਨ ਦੇ ਖੇਤਰ 'ਚ ਹੀ ਸੰਨ੍ਹ ਲਾ ਕੇ ਵਿਗਿਆਨ ਵਿਰੋਧੀ ਚੌਕੀਆਂ ਕਾਇਮ ਕਰਨ ਦੇ  ਯਤਨ ਹਨ ਅਤੇ ਇਸ ਵਿਸ਼ੇਸ਼ ਪਹਿਲੂ ਤੋਂ ਵਧੇਰੇ ਖਤਰਨਾਕ ਹਨ।

ਵਿਗਿਆਨ ਨੂੰ ਵਿਚਾਰਵਾਦੀ ਅਤੇ ਅਧਿਆਤਮਵਾਦੀ ਫ਼ਲਸਫੇ ਦਾ ਹਥਿਆਰ ਬਣਾਉਣ ਦੀਆਂ ਅਜਿਹੀਆਂ ਕੋਸ਼ਿਸ਼ਾਂ ਮੂਲੋਂ ਹੀ ਨਵੀਆਂ ਨਹੀਂ ਹਨ। ਅਸੀਂ ਜਾਣਦੇ ਹਾਂ ਕਿ ਵੀਹਵੀਂ ਸਦੀ ਦੇ ਪਹਿਲੇ ਦਹਾਕੇ 'ਚ ਵਿਗਿਆਨ ਦੀਆਂ ਐਟਮ ਸਬੰਧੀ ਖੋਜਾਂ ਨੂੰ ਪਦਾਰਥਵਾਦ 'ਤੇ ਹਮਲੇ ਲਈ ਵਰਤਣ ਦੀ ਕੋਸ਼ਿਸ਼ ਕੀਤੀ ਗਈ ਸੀ। ਲੈਨਿਨ ਨੇ ਆਪਣੀ ਪ੍ਰਸਿੱਧ ਰਚਨਾ “ਪਦਾਰਥਵਾਦ ਅਤੇ ਅਨੁਭਵ ਸਿੱਧ ਆਲੋਚਨਾ” 'ਚ ਇਸ ਦੁਰਵਿਆਖਿਆ  ਦਾ ਭਰਵਾਂ ਖੰਡਨ ਕੀਤਾ ਸੀ। ਚੀਨੀ ਸੱਭਿਆਚਾਰਕ ਇਨਕਲਾਬ ਦੌਰਾਨ ਵਿਗਿਆਨ ਦੀਆਂ ਨਵੀਨਤਮ ਲੱਭਤਾਂ ਦੀ ਦਵੰਦਵਾਦੀ  ਪਦਾਰਥਵਾਦ ਖਿਲਾਫ਼  ਦੁਰਵਿਆਖਿਆ ਦੀ ਚੀਨੀ ਕਮਿਊਨਿਸਟ ਪਾਰਟੀ ਵੱਲੋਂ  ਲੜੀਵਾਰ ਭਰਵੀਂ ਨੁਕਤਾਚੀਨੀ ਕੀਤੀ ਗਈ ਸੀ।

ਇੱਕ ਵਾਰੀ ਫੇਰ ਵਿਗਿਆਨ ਦੀਆਂ ਤਾਜ਼ਾ ਖੋਜਾਂ ਦੇ ਹਵਾਲੇ ਨਾਲ ਪਦਾਰਥਵਾਦ 'ਤੇ ਹਮਲੇ ਤਿੱਖੇ ਕੀਤੇ ਜਾ ਰਹੇ ਹਨ। ਅਸੀਮਤ ਪਦਾਰਥਕ ਸੰਸਾਰ ਦੀ ਸਦੀਵੀ ਹੋਂਦ ਨੂੰ ਨਕਾਰਨ ਲਈ ਵਿਚਾਰਵਾਦੀਆਂ ਵੱਲੋਂ ਜ਼ੋਰਦਾਰ ਤਾਣ ਲੱਗਿਆ ਹੋਇਆ ਹੈ। ਇਹ ਯਤਨ ਸਮਾਜਿਕ ਵਿਕਾਸ ਦੇ ਸਿਧਾਂਤ ਵਜੋਂ ਮਾਰਕਸਵਾਦ ਦੇ 'ਫੇਲ੍ਹ ਹੋ ਜਾਣ' ਦੇ ਸ਼ੋਰ ਸ਼ਰਾਬੇ  ਦੇ ਪੂਰਕ ਬਣਾਏ ਜਾ ਰਹੇ ਹਨ।  ਫ਼ਲਸਫੇ ਦੇ ਖੇਤਰ 'ਚ ਮਾਰਕਸਵਾਦ ਦੇ ਸਥਾਪਤ ਸਿਧਾਂਤਾਂ ਨੂੰ ਰੱਦ ਕਰਨ ਦੇ ਯਤਨਾਂ ਖਿਲਾਫ਼  ਲੜਾਈ ਅੰਦਰ ਕੁਦਰਤੀ ਵਿਗਿਆਨਾਂ ਦੇ ਪਰਖੇ ਹੋਏ ਅਤੇ ਸਥਾਪਤ ਸਿਧਾਂਤਾਂ ਨੂੰ ਚੁਣੌਤੀ ਦੇਣ ਦੀਆਂ ਕੋਸ਼ਿਸ਼ਾਂ ਖਿਲਾਫ਼  ਸਿਧਾਂਤਕ ਸੰਘਰਸ਼ ਦੀ ਵੀ ਅਹਿਮ ਭੂਮਿਕਾ ਬਣਦੀ ਹੈ। ਸਟਾਲਿਨ ਨੇ ਲੈਨਿਨ ਦੀਆਂ ਚਾਰ ਪੁਸਤਕਾਂ ਦਾ ਰੂਸੀ ਇਨਕਲਾਬ ਦੀ ਤਿਆਰੀ ਦੇ ਚਾਰ ਥੰਮਾਂ ਵਜੋਂ ਜ਼ਿਕਰ ਕੀਤਾ ਹੈ। ਪਦਾਰਥਵਾਦ ਦੀ ਰਾਖੀ ਲਈ ਲਿਖੀ ਲੈਨਿਨ ਦੀ ਕਿਤਾਬ “ਮਾਰਕਸਵਾਦ ਅਤੇ ਅਨੁਭਵ ਸਿੱਧ ਆਲੋਚਨਾ” ਨੂੰ ਸਟਾਲਿਨ ਨੇ ਰੂਸੀ ਇਨਕਲਾਬ ਦੀ ਸਿਧਾਂਤਕ ਤਿਆਰੀ ਦਾ ਰੁਤਬਾ ਦਿੱਤਾ ਹੈ।

   ਆਦੀਆ ਸਕਾਈਬਰੇਕ ਦੀ ਇਹ ਮੁੱਲਵਾਨ ਪੁਸਤਕ ਕੁਦਰਤੀ ਵਿਗਿਆਨਾਂ ਦੀਆਂ ਤਾਜ਼ਾ ਖੋਜਾਂ  ਨਾਲ ਸੁਮੇਲਕੇ ਡਾਰਵਿਨ ਦੇ ਕ੍ਰਮ -ਵਿਕਾਸ ਸਿਧਾਂਤ ਦੇ ਵਿਗਿਆਨਕ ਸੱਚ ਦੀ ਲਿਸ਼ਕੋਰ ਵਧਾਉਂਦੀ ਹੈ।

 ਦਵੰਦਵਾਦੀ ਪਦਾਰਥਵਾਦ ਲਈ ਅਧਾਰ ਮੁਹੱਈਆ ਕਰਨ 'ਚ ਡਾਰਵਿਨ ਦੇ ਵਿਗਿਆਨ ਦਾ ਬਹੁਤ ਅਹਿਮ ਰੋਲ ਹੈ। ਇਹ ਸਿਧਾਂਤ ਜ਼ਰੂਰਤ ਅਤੇ ਸਬੱਬ ਦੇ ਰਿਸ਼ਤੇ ਬਾਰੇ ਮਾਰਕਸਵਾਦੀ ਫ਼ਲਸਫੇ ਦੇ ਪੱਖ 'ਚ ਵੱਡੀ ਗਵਾਹੀ ਪੇਸ਼ ਕਰਦਾ ਹੈ। ਕੁਦਰਤ ਦੇ ਅੰਗ ਅਤੇ ਸਵਾਮੀ ਵਜੋਂ ਮਨੁੱਖੀ ਹੋਂਦ ਦੇ ਜੁੜਵੇਂ ਅੱਟਲ ਵਿਕਾਸ ਦੀਆਂ ਬਾਹਰਮੁਖੀ ਜੜ੍ਹਾਂ ਵਿਖਾਉਂਦਾ ਹੈ। ਇਸ ਕਰਕੇ ਦਵੰਦਵਾਦੀ ਪਦਾਰਥਵਾਦ ਖਿਲਾਫ਼  ਹਮਲਿਆਂ ਦੇ ਕਰਾਰੇ ਜਵਾਬ ਅੰਦਰ ਡਾਰਵਿਨ ਦੇ ਵਿਗਿਆਨਕ ਸਿਧਾਂਤਾਂ ਨੂੰ ਬੁਲੰਦ ਕਰਨ ਦੀ ਖਾਸ ਅਹਿਮੀਅਤ ਬਣਦੀ ਹੈ।

  ਡਾਰਵਿਨ ਦੇ ਸਿਧਾਂਤਾਂ ਦੀ ਅਜਿਹੀ ਬੇਹੁਰਮਤੀ ਦੀਆਂ  ਮਨੁੱਖੀ ਜੀਵਨ ਲਈ ਖਤਰਿਆਂ ਨਾਲ ਸਿੱਝਣ ਪੱਖੋਂ ਵੀ ਫੌਰੀ ਅਰਥ ਸੰਭਾਵਨਾਵਾਂ ਹਨ। ਕਰੋਨਾ ਵਾਇਰਸ ਦੇ ਸੰਸਾਰ ਵਿਆਪੀ ਹੱਲੇ ਨਾਲ ਜੁੜਕੇ “ਕੁਦਰਤੀ ਚੋਣ” ਬਾਰੇ ਡਾਰਵਿਨ ਦੇ ਵਿਗਿਆਨਕ ਦਾਅਵੇ ਦੀ ਜ਼ੋਰਦਾਰ ਪੁਸ਼ਟੀ ਹੋਈ ਹੈ। ਇਸ ਤਜਰਬੇ ਨੇ ਮਾਰੂ ਵਾਇਰਸ ਨਸਲਾਂ ਦੀ ਉਤਪਤੀ ਅਤੇ ਮਹਾਂਮਾਰੀਆਂ ਦੇ ਹਕੀਕੀ ਸਰੋਤਾਂ ਦੀ ਨਿਸ਼ਾਨਦੇਹੀ ਕਰਨ 'ਚ  ਸਹਾਇਤਾ ਕੀਤੀ ਹੈ ਅਤੇ ਇਹਨਾਂ ਨਾਲ ਨਜਿੱਠਣ ਦਾ ਮਾਰਗ ਸੁਝਾਇਆ ਹੈ। ਸਾਮਰਾਜੀ ਮੁਲਕਾਂ ਦੇ ਖੇਤਾਂ 'ਚ  ਜਾਨਵਰਾਂ ਨਾਲ ਤੂੜੇ ਹੋਏ  ਫਾਰਮ ਵਾਇਰਸਾਂ ਲਈ ਜੈਨੇਟਿਕ ਤਬਦੀਲੀ ਦੀ ਚੁਣੌਤੀ ਪੇਸ਼ ਕਰਨ ਵਾਲੇ ਕੇਂਦਰ (mutation centers) ਵੀ ਬਣੇ ਹਨ ਅਤੇ ਕੁਦਰਤੀ ਚੋਣ ਕੇਂਦਰ ਵੀ। ਇਨ੍ਹਾਂ ਦੋਹਾਂ ਪੱਖਾਂ ਦੇ ਜੋੜ ਮੇਲ ਨੇ ਇਨ੍ਹਾਂ ਅੰਨ੍ਹੇ ਮੁਨਾਫ਼ਾਖੋਰ ਫਾਰਮਾਂ ਨੂੰ ਨਵੇਂ ਵਾਇਰਸਾਂ  ਦੀਆਂ ਨਰਸਰੀਆਂ ਬਣਾ ਦਿੱਤਾ ਹੈ। ਇਹ ਨਰਸਰੀਆਂ ਕੰਪਨੀਆਂ ਲਈ  ਵੈਕਸੀਨ ਦਰ ਵੈਕਸੀਨ ਮੁਨਾਫਿਆਂ ਦੀ ਲੜੀ ਦੀਆਂ ਜ਼ਾਮਨ ਬਣਦੀਆਂ ਹਨ। 

  ਇਓਂ ਡਾਰਵਿਨ ਦਾ ਵਿਗਿਆਨ ਮਨੁੱਖਤਾ ਲਈ ਮਹਾਂਮਾਰੀਆਂ ਦੇ ਪੂੰਜੀਪਤੀ ਮੁਜ਼ਰਮਾਂ ਨੂੰ ਬੇਨਕਾਬ ਕਰਨ 'ਚ ਸਹਾਇਤਾ ਕਰਦਾ ਹੈ।ਡਾਰਵਿਨ ਇਹ ਸਮਝਣ 'ਚ ਵੀ ਸਹਾਇਤਾ ਕਰਦਾ ਹੈ ਕਿ ਸਾਮਰਾਜੀ ਕੰਪਨੀਆਂ ਦੀਆਂ ਕੀੜੇਮਾਰ ਦਵਾਈਆਂ ਕਿਵੇਂ ਟਾਕਰਾ ਸ਼ਕਤੀ ਵਾਲੇ ਕੀੜਿਆਂ ਦੀ “ਕੁਦਰਤੀ ਚੋਣ” ਨੂੰ ਬਲ ਬਖਸ਼ਦੀਆਂ ਹਨ। ਇਹ ਗੱਲ ਐਂਟੀਬਾਉਟਿਕ ਦਵਾਈਆਂ ਦੀ ਅੰਨ੍ਹੀ ਵਰਤੋਂ ਸਬੰਧੀ ਵੀ ਲਾਗੂ ਹੁੰਦੀ ਹੈ, ਇਨ੍ਹਾਂ ਦੀ  ਵਰਤੋਂ ਨੂੰ ਨੇਮਬੱਧ ਕਰਨ ਅਤੇ ਸੰਭਵ ਬਦਲ ਤਲਾਸ਼ਣ ਲਈ ਖੋਜਾਂ ਦੀ ਅਹਿਮੀਅਤ ਨੂੰ ਉਭਾਰਦੀ ਹੈ।

  ਜੀਵ ਵਿਗਿਆਨ ਅਤੇ ਜੈਨੇਟਿਕ ਵਿਗਿਆਨ ਦੀਆਂ ਡਾਰਵਿਨ ਦੇ  ਵਿਗਿਆਨ ਨਾਲੋਂ ਤੰਦਾਂ ਤੋੜਨੀਆਂ ਸੰਭਵ ਨਹੀਂ ਹਨ। ਇੰਨ੍ਹਾਂ ਵਿਗਿਆਨਾਂ ਦੀ ਅਹਿਮੀਅਤ ਬਾਰੇ ਕਿਸੇ ਨੂੰ ਬੋਲਕੇ ਦੱਸਣ ਦੀ ਜ਼ਰੂਰਤ ਨਹੀਂ ਹੈ।

  ਉਪਰੋਕਤ ਚਰਚਾ ਦੀ ਰੌਸ਼ਨੀ 'ਚ ਮੁਨਾਫ਼ਾਖੋਰ ਸਾਮਰਾਜੀ ਪ੍ਰਬੰਧ ਲਈ ਡਾਰਵਿਨ ਦੇ ਸਿਧਾਂਤ ਦੀ ਰੜਕ ਸਮਝ ਆਉਂਦੀ  ਹੈ। ਕੋਵਿਡ ਹੱਲੇ ਸਮੇਂ ਕੁਝ ਮੁਲਕਾਂ 'ਚ ਲੋਕਾਂ ਦਾ ਗੁੱਸਾ ਵਾਜਬ ਤੌਰ 'ਤੇ ਬਹੁਕੌਮੀ ਕੰਪਨੀਆਂ ਦੇ ਖੇਤੀ ਫਾਰਮਾਂ ਖਿਲਾਫ਼  ਸੇਧਤ ਹੋਇਆ  ਸੀ। ਇਸਤੋਂ ਪਹਿਲਾਂ ਵੀ ਲੋਕ ਪੱਖੀ ਸਾਇੰਸਦਾਨਾ ਨੇ ਵੱਡੇ ਖੇਤੀ ਫਾਰਮਾਂ ਨੂੰ ਵੱਡੇ ਅਤੇ ਖਤਰਨਾਕ ਫਲੂ ਹੱਲਿਆਂ ਲਈ ਦੋਸ਼ੀ ਠਹਿਰਾਇਆ ਸੀ। ਉਨ੍ਹਾਂ ਦੀਆਂ ਲਿਖ਼ਤਾਂ ਵੀ ਸਬੱਬੀ ਤਬਦੀਲੀਆਂ ਅਤੇ ਕੁਦਰਤੀ ਚੋਣ ਬਾਰੇ ਡਾਰਵਿਨ ਦੀਆਂ ਵਿਗਿਆਨਕ ਧਾਰਨਾਵਾਂ 'ਤੇ ਟਿਕੀਆਂ ਹੋਈਆਂ ਹਨ।

  ਡਾਰਵਿਨ ਵਿਰੋਧੀ ਮਹੌਲ ਸਿਰਜਣ ਦੀਆਂ ਕੌਮਾਂਤਰੀ ਕੋਸ਼ਿਸ਼ਾਂ ਇਸੇ ਗੱਲ ਦੀ ਪੁਸ਼ਟੀ ਕਰਦੀਆਂ ਹਨ ਕਿ ਪੂੰਜੀਵਾਦ ਨੂੰ ਵਿਗਿਆਨ ਦੀ ਸਚਾਈ  ਨਾਲ ਤੋੜ ਤੱਕ ਨਿਰਬਾਹ ਵਾਰਾ ਨਹੀਂ ਖਾਂਦਾ। ਇਸਨੂੰ ਆਪਣੇ ਹਿਤਾਂ ਲਈ ਸਮੇਂ ਸਮੇਂ ਵਿਗਿਆਨ ਨਾਲ ਆਢਾ ਲਾਉਣ ਤੇ ਉੱਤਰਨਾ ਪੈਂਦਾ ਹੈ। ਹੁਣ ਪੂੰਜੀਵਾਦ ਖਾਤਰ ਸਮਾਜਿਕ ਤਬਦੀਲੀ ਲਈ ਬੇਚੈਨ ਲੋਕਾਈ ਨੂੰ ਹੋਣੀਵਾਦ ਦੇ ਲੜ ਲਾਉਣ ਲਈ ਡਾਰਵਿਨ ਦੇ ਸਿਧਾਂਤਾਂ ਨੂੰ ਦਰਾਜਾਂ 'ਚ ਜੰਦਰੇ ਲਾਉਣ ਦੀ ਲੋੜ ਵਧ ਰਹੀ ਹੈ। ਡਾਰਵਿਨ ਪੂੰਜੀਵਾਦ ਦੇ ਸੰਘ ਦਾ ਕੰਡਾ ਬਣ ਗਿਆ ਹੈ। ਉਸਦੇ ਵਿਗਿਆਨਕ ਸਿਧਾਂਤ ਦੀ ਖੁਸ਼ਬੂ ਨੂੰ ਸਮਾਜਵਾਦ ਹੀ ਪੂਰੀ ਤਰ੍ਹਾਂ ਬਹਾਲ ਕਰ ਸਕਦਾ ਹੈ।

  ਇਨਕਲਾਬੀ ਜਨਤਕ ਜਮਹੂਰੀ ਵਿਗਿਆਨਕ ਸੱਭਿਆਚਾਰ ਦੀ ਉਸਾਰੀ ਲਈ ਜੂਝ ਰਹੀਆਂ ਸਭਨਾਂ ਸ਼ਕਤੀਆਂ ਲਈ ਜ਼ਰੂਰੀ ਹੈ ਕਿ ਉਹ ਇਸ ਕਾਰਜ ਦੇ ਅੰਗ ਵਜੋਂ ਵਿਗਿਆਨ ਦੇ ਦਮਨ ਦੀਆਂ ਨੀਤੀਆਂ ਦਾ ਡਟਵਾਂ ਵਿਰੋਧ ਕਰਨ। ਸਕੂਲਾਂ 'ਚ ਡਾਰਵਿਨ ਦੀ ਪੜ੍ਹਾਈ ਦੇ ਜਮਹੂਰੀ ਹੱਕ ਲਈ ਆਵਾਜ਼ ਉਠਾਉਣ। ਇਹ ਕਾਰਜ ਧਰਮ ਵਿਰੋਧ ਦੇ ਪੈਂਤੜੇ ਦੀ ਥਾਂ ਧਾਰਮਿਕ ਮੁੜ ਸੁਰਜੀਤੀ ਦੀਆਂ ਅਤੇ ਹੋਰ ਪਿਛਾਖੜੀ ਸ਼ਕਤੀਆਂ ਦੇ ਹਮਲੇ ਤੋਂ ਵਿਗਿਆਨ ਦੀ ਰਾਖੀ ਦੇ ਪੈਂਤੜੇ ਤੋਂ ਨਿਭਾਇਆ ਜਾਣਾ ਚਾਹੀਂਦਾ ਹੈ ।  

ਅਕਾਦਮਿਕ ਜੀਵਨ 'ਚ ਵਿਗਿਆਨਕ ਮਹੌਲ ਦੀ ਰਾਖੀ ਅਤੇ ਪਸਾਰੇ ਲਈ ਇਸ ਖੇਤਰ ਨਾਲ ਜੁੜੇ ਬੁੱਧੀਜੀਵੀਆਂ ਦੀ ਭੂਮਿਕਾ ਵਿਸ਼ੇਸ਼ ਅਹਿਮੀਅਤ ਰੱਖਦੀ ਹੈ। ਹਥਲੀ ਪੁਸਤਕ ਇਸ ਕਾਰਜ ਦੇ ਸਿਧਾਂਤਕ ਪਹਿਲੂ ਲਈ ਅਹਿਮ ਸਹਾਈ ਸਮੱਗਰੀ ਬਣਦੀ ਹੈ। ਉਮੀਦ ਹੈ, ਲੋਕ ਪੱਖੀ ਬੁੱਧੀਜੀਵੀ ਇਸ ਸਮੱਗਰੀ ਦਾ ਫਾਇਦਾ ਉਠਾਉਣਗੇ। ਸਕੂਲ ਪਾਠਕ੍ਰਮਾਂ 'ਚੋਂ ਡਾਰਵਿਨ ਦੇ ਨਿਕਾਲੇ ਦੇ ਕਦਮਾਂ ਦੀ ਮਾਰ ਪੰਜਾਬ 'ਚ ਵੀ ਦਾਖਲ ਹੋ ਸਕਦੀ ਹੈ। ਜਾਗਰੂਕ ਅਧਿਆਪਕਾਂ ਨੂੰ ਇਸ ਸੰਭਾਵਨਾ ਖਿਲਾਫ਼  ਚੇਤਨਾ ਪਸਾਰੇ ਲਈ ਸਰਗਰਮ ਹੋਣ ਦੀ ਜ਼ਰੂਰਤ ਹੈ। ਉਨ੍ਹਾਂ ਨੂੰ ਡਾਰਵਿਨ ਦੇ ਸਿਧਾਂਤਾਂ ਦੇ ਸਕੂਲ ਵਿਦਿਆਰਥੀਆਂ ਅੰਦਰ ਆਜ਼ਾਦਾਨਾ  ਤੌਰ 'ਤੇ ਸੰਚਾਰ ਲਈ ਢੁੱਕਵੇਂ ਕਦਮਾਂ ਬਾਰੇ ਵੀ ਸੋਚਣ ਦੀ ਜ਼ਰੂਰਤ ਹੈ। ਅਜਿਹੀ ਉੱਦਮ ਜੁਟਾਈ ਨੂੰ ਵਿਦਿਆਰਥੀ ਸਖਸ਼ੀਅਤ ਨੂੰ ਵਿਗਿਆਨਕ ਮਿਜਾਜ਼ ਦੇ ਲੜ ਲਾਉਣ ਦੀ ਅਧਿਆਪਕ ਦੀ ਸਮਾਜਿਕ ਜੁੰਮੇਵਾਰੀ ਵਜੋਂ ਨਿਭਾਇਆ ਜਾਣਾ ਚਾਹੀਂਦਾ ਹੈ। 

   ਪਿਆਰੇ ਸਾਥੀ ਹਰਚਰਨ ਸਿੰਘ ਚਾਹਲ  ਨੇ ਇਸ ਪੁਸਤਕ ਦੇ ਅਨੁਵਾਦ ਲਈ ਸਾਡੀ ਬੇਨਤੀ ਸਵੀਕਾਰ ਕਰਕੇ ਭਰਪੂਰ ਖੇਚਲ ਕੀਤੀ ਹੈ।  ਇਸ ਮੁੱਲਵਾਨ ਪੁਸਤਕ ਦੇ ਪੰਜਾਬੀ ਪਾਠਕਾਂ ਦੇ ਰੂ-ਬ-ਰੂ ਹੋਣ ਦਾ ਸਿਹਰਾ ਮੁੱਖ ਤੌਰ 'ਤੇ ਸਾਥੀ ਚਾਹਲ ਦੇ ਸਿਰ ਹੈ। ਕਿਤਾਬ ਨੂੰ ਛਪਾਈ ਲਈ ਤਿਆਰ ਕਰਨ ਖਾਤਰ ਸਾਡੇ ਮਿਹਨਤੀ ਸਟਾਫ ਨੇ ਕਈ ਹੋਰ ਫਸਵੇਂ ਰੁਝੇਵਿਆਂ ਦਰਮਿਆਨ ਇਸ ਕਾਰਜ ਨੂੰ ਸਿਰੇ ਲਾਉਣ ਲਈ ਵਧਵੀਂ ਖੇਚਲ ਕੀਤੀ ਹੈ। 

   ਇਸ ਲੋੜੀਦੇ ਕੰਮ 'ਚ ਸਭਨਾਂ ਦੇ ਸੀਰ ਲਈ ਧੰਨਵਾਦ!

 ਸ਼ਾਲਾ! ਇਹ ਸਹਿਯੋਗ ਹੋਰ ਪਹਿਲਕਦਮੀਆਂ ਲਈ ਅੱਗੇ ਵਧੇ! (17 ਅਕਤੂਬਰ 2025)


No comments:

Post a Comment