Saturday, November 29, 2025

ਸੀ ਪੀ ਆਈ (ਮਾਓਵਾਦੀ) ਨੂੰ ਗੰਭੀਰ ਪਛਾੜ ਬਨਾਮ ਲੋਕ ਯੁੱਧ ਦਾ ਰਾਹ

 ਸੀ ਪੀ ਆਈ (ਮਾਓਵਾਦੀ) ਨੂੰ ਗੰਭੀਰ ਪਛਾੜ ਬਨਾਮ ਲੋਕ ਯੁੱਧ ਦਾ ਰਾਹ

ਸੀ ਪੀ ਆਈ ਮਾਓਵਾਦੀ ਦੀ ਅਗਵਾਈ ਹੇਠਲੀਆਂ ਕਮਿਊਨਿਸਟ ਇਨਕਲਾਬੀ ਸ਼ਕਤੀਆਂ ਨੂੰ ਰਾਜ ਭਾਗ ਦੇ ਬੇਮੇਚੇ ਹਥਿਆਰਬੰਦ ਹੱਲੇ ਸਦਕਾ ਹੋਈ ਗੰਭੀਰ ਪਛਾੜ ਨੇ ਭਾਰਤੀ ਇਨਕਲਾਬ ਦੀ ਦਰੁਸਤ ਲੀਹ ਦੇ ਮਸਲੇ ਬਾਰੇ ਸਵਾਲਾਂ ਅਤੇ ਮਤਭੇਦਾਂ ਦੇ ਇੱਕ ਨਵੇਂ ਸਿਲਸਿਲੇ ਨੂੰ ਜਨਮ ਦਿੱਤਾ ਹੈ| ਇਸ ਚਰਚਾ 'ਚ ਭਾਰਤੀ ਇਨਕਲਾਬ ਲਈ ਲੋਕ ਯੁੱਧ ਦੇ ਰਾਹ ਦੀ ਪ੍ਰਸੰਗਤਾ ਨੂੰ ਚੁਣੌਤੀ ਤੋਂ ਲੈ ਕੇ ਹਥਿਆਰਬੰਦ ਇਨਕਲਾਬ ਦੀ ਆਮ ਲੋੜ ਅਤੇ ਸਾਰਥਕਤਾ ਬਾਰੇ ਕਿੰਤੂ ਪ੍ਰੰਤੂ ਤੱਕ ਸ਼ਾਮਲ ਹਨ। ਪਰ ਕਿਸੇ ਵੀ ਇਨਕਲਾਬ (ਲੋਕ ਜਮਹੂਰੀ ਜਾਂ ਸਮਾਜਵਾਦੀ) ਅਤੇ ਇਸਦੇ ਰਾਹ (ਲੋਕ-ਯੁੱਧ ਜਾਂ ਆਮ ਬਗਾਵਤ )ਦੀ ਸਫਲਤਾ ਦੀ ਲਾਜ਼ਮੀ ਸ਼ਰਤ ਵਜੋਂ ਇਨਕਲਾਬੀ ਜਨਤਕ ਲੀਹ ਦੇ ਮਾਓ ਵਿਚਾਰਧਾਰਾ ਅਧਾਰਤ ਅਭਿਆਸ ਦੇ ਜ਼ਰੂਰੀ ਹਵਾਲੇ ਦਾ ਜ਼ਿਕਰ ਆਮ ਕਰਕੇ ਨਜ਼ਰ ਨਹੀਂ ਪੈਂਦਾ ।

1967 ਦੀ ਨਕਸਲਬਾੜੀ ਬਗਾਵਤ ਦੇ ਝੰਜੋੜੇ ਸਦਕਾ ਆਪਣੀ ਨਿਵੇਕਲੀ ਹਸਤੀ ਨਾਲ ਪ੍ਰਗਟ ਹੋਈ ਕਮਿਊਨਿਸਟ ਇਨਕਲਾਬੀ ਲਹਿਰ ਅੰਦਰ ਭਾਰਤੀ ਇਨਕਲਾਬ ਦੇ ਖਾਸੇ ਅਤੇ ਰਾਹ ਬਾਰੇ ਆਮ ਸਹਿਮਤੀ ਮੌਜੂਦ ਸੀ। ਸਮੁੱਚੇ ਕਮਿਊਨਿਸਟ ਇਨਕਲਾਬੀ ਕੈਂਪ ਨੇ ਨਵ-ਜਮਹੂਰੀ ਇਨਕਲਾਬ ਅਤੇ ਲੋਕ ਯੁੱਧ ਦੇ ਰਾਹ ਦਾ ਝੰਡਾ ਚੁੱਕਿਆ ਹੋਇਆ ਸੀ। ਇਸ ਨਿਰਣੇ ਬਾਰੇ ਮਾਓ ਦੀ ਅਗਵਾਈ ਹੇਠਲੀ ਚੀਨੀ ਕਮਿਊਨਿਸਟ ਪਾਰਟੀ ਅਤੇ ਭਾਰਤ ਦੇ ਕਮਿਊਨਿਸਟ ਇਨਕਲਾਬੀ ਕੈਂਪ ਦਰਮਿਆਨ ਭਾਰਤੀ ਸਮਾਜ ਦੇ ਖਾਸੇ (ਅਰਧ ਜਗੀਰੂ -ਅਰਧ ਬਸਤੀਵਾਦੀ), ਰਾਜ ਦੇ ਖਾਸੇ (ਆਪਾਸ਼ਾਹੀ), ਇਨਕਲਾਬ ਦੇ ਪੜਾਅ(ਨਵ-ਜਮਹੂਰੀ )ਅਤੇ ਰਾਹ( ਲੋਕ- ਯੁੱਧ ) ਬਾਰੇ ਬੁਨਿਆਦੀ ਸਹਿਮਤੀ ਸੀ । ਚੀਨੀ ਕਮਿਊਨਿਸਟ ਪਾਰਟੀ ਨੇ ਆਪਣੇ ਵਿਚਾਰ “ਭਾਰਤ ਅੰਦਰ ਬਹਾਰ ਦੀ ਗਰਜ” ਨਾਂ ਦੀ ਮਸ਼ਹੂਰ ਟਿੱਪਣੀ 'ਚ ਪ੍ਰਗਟ ਕੀਤੇ ਸਨ|  ਮਗਰੋਂ ਸੀ ਪੀ ਆਈ (ਮ. ਲ.) ਦੇ ਡੈਲੀਗੇਸ਼ਨ ਨਾਲ ਹੋਈ ਗੱਲਬਾਤ ਦੌਰਾਨ ਚਾਓ ਇਨ ਲਾਈ ਨੇ ਇਨ੍ਹਾਂ ਸੰਕਲਪਾਂ ਦੀ ਵਿਆਖਿਆ ਕਰਦਿਆਂ ਸੀ ਪੀ ਆਈ (ਮ. ਲ.) ਦੀ ਦਾਅਪੇਚਕ ਲੀਹ ਦੇ ਸਵਾਲਾਂ ਬਾਰੇ ਪੜਚੋਲੀਆ ਟਿੱਪਣੀਆਂ ਕੀਤੀਆਂ ਸਨ ਅਤੇ ਦਰੁਸਤੀ ਲਈ ਭਰਾਤਰੀ ਸੁਝਾਅ ਦਿੱਤੇ ਸਨ।

ਕਮਿਊਨਿਸਟ ਇਨਕਲਾਬੀ ਕੈਂਪ ਨੂੰ ਇਨ੍ਹਾਂ ਸੁਝਾਵਾਂ ਦੀ ਜਾਣਕਾਰੀ ਜੇਲ੍ਹ ਅੰਦਰੋਂ ਜਾਰੀ ਹੋਏ ਸੀ ਪੀ ਆਈ (ਮ. ਲ.) ਨਾਲ ਸਬੰਧਤ ਛੇ ਕਮਿਊਨਿਸਟ ਇਨਕਲਾਬੀ ਆਗੂਆਂ ਵਲੋਂ ਕਾ: ਚਾਰੂ ਮਜੂਮਦਾਰ ਦੀ ਅਗਵਾਈ ਹੇਠ ਲਾਗੂ ਹੋ ਰਹੀ ਪਾਰਟੀ ਲੀਹ ਬਾਰੇ ਜਾਰੀ ਕੀਤੇ ਖੁਲ੍ਹੇ ਪੜਚੋਲੀਆ ਖਤ ਰਾਹੀਂ ਪ੍ਰਾਪਤ ਹੋਈ ਸੀ| ਇਨ੍ਹਾਂ ਛੇ ਆਗੂਆਂ 'ਚ ਕਾਨੂ ਸਨਿਆਲ, ਤਾਜੇਸ਼ਵਰ ਰਾਓ ਅਤੇ ਨਾਗਭੂਸ਼ਨ ਪਟਨਾਇਕ ਸ਼ਾਮਿਲ ਸਨ | ਮਾਓ ਵਿਚਾਰਧਾਰਾ ਦਾ ਝੰਡਾ ਬੁਲੰਦ ਕਰਨ ਵਾਲੇ ਕਮਿਊਨਿਸਟ ਇਨਕਲਾਬੀ ਕੈਂਪ ਅੰਦਰੋਂ ਭਾਰਤੀ ਇਨਕਲਾਬ ਦੇ ਪੜਾਅ ਅਤੇ ਰਾਹ ਬਾਰੇ ਮਾਓ ਦੀ ਅਗਵਾਈ ਹੇਠਲੀ ਚੀਨ ਦੀ ਪਾਰਟੀ ਨਾਲੋਂ ਵੱਖਰੇ ਨਿਰਣੇ ਕਾਫੀ ਪਿੱਛੋਂ ਜਾ ਕੇ ਪ੍ਰਗਟ ਹੋਏ|

ਇਹ ਸਥਾਪਤ ਹਕੀਕਤ ਹੈ ਕਿ ਲੋਕ-ਯੁੱਧ ਦੇ ਰਾਹ ਦੀ ਵਕਾਲਤ ਕਰਨ ਵਾਲੇ ਕਮਿਊਨਿਸਟ ਇਨਕਲਾਬੀ ਕੈਂਪ ਅੰਦਰ ਦੋ ਰੁਝਾਨਾਂ ਅਤੇ ਲੀਹਾਂ ਦਾ ਤਿੱਖਾ ਟਕਰਾ ਸੀ.ਪੀ.ਆਈ. (ਮ. ਲ)ਦੇ ਗਠਨ ਤੋਂ ਪਹਿਲਾਂ ਹੀ ਸਾਹਮਣੇ ਆ ਗਿਆ ਸੀ| ਇੱਕ ਰੁਝਾਨ ਦੀ ਲੀਹ “ਜਮਾਤੀ ਦੁਸ਼ਮਣਾਂ" ਦੇ ਸਫਾਏ ਦੀ ਲੀਹ ਵਜੋਂ ਜਾਣੀ ਗਈ, ਜਿਸਦਾ ਸਰਬ-ਉੱਚ ਨੁਮਾਇੰਦਾ ਕਾਮਰੇਡ ਚਾਰੂ ਮਜੂਮਦਾਰ ਸੀ। ਦੂਜੇ ਰੁਝਾਨ ਦੀ ਮੁਖ ਨੁਮਾਇੰਦਾ ਜਥੇਬੰਦੀ ਆਂਧਰਾ ਪ੍ਰਦੇਸ਼ ਕਮਿਊਨਿਸਟ ਇਨਕਲਾਬੀ ਕਮੇਟੀ (APCRC)ਸੀ। ਇਸਦੀ ਅਗਵਾਈ ਡੀ ਵੀ ਰਾਓ ਅਤੇ ਨਾਗੀ ਰੈੱਡੀ ਦੇ ਹੱਥਾਂ 'ਚ ਸੀ। ਉਸ ਸਮੇਂ ਚੰਦਰ ਪੂਲਾ ਰੈੱਡੀ ਵੀ ਇਸੇ ਜਥੇਬੰਦੀ ਦਾ ਹਿੱਸਾ ਸਨ।

ਇਨ੍ਹਾਂ ਕਮਿਊਨਿਸਟ ਇਨਕਲਾਬੀਆਂ ਵੱਲੋਂ ਉਭਾਰਿਆ ਲੋਕ-ਯੁੱਧ ਦਾ ਸੰਕਲਪ ਅਤੇ ਅਭਿਆਸ ਚਾਰੂ ਮਜੂਮਦਾਰ ਦੇ ਸੰਕਲਪ ਅਤੇ ਅਭਿਆਸ ਨਾਲੋਂ ਵੱਖਰਾ ਸੀ| ਕਮਿਊਨਿਸਟ ਇਨਕਲਾਬੀ ਲਹਿਰ ਦੀ ਇਸ ਟੁਕੜੀ ਦਾ ਮੱਤ ਸੀ ਕਿ ਚਾਰੂ ਮਜੂਮਦਾਰ ਦਾ ਲੋਕ ਯੁੱਧ ਦਾ ਸੰਕਲਪ ਅਤੇ ਅਭਿਆਸ ਮਾਓ ਵਿਚਾਰਧਾਰਾ ਦੀਆਂ ਸਿੱਖਿਆਵਾਂ ਨਾਲ ਬੇਮੇਲ ਹੈ| ਹਰਭਜਨ ਸੋਹੀ ਦੀ ਅਗਵਾਈ ਹੇਠਲੀ ਪੰਜਾਬ ਕਮਿਊਨਿਸਟ ਇਨਕਲਾਬੀ ਕਮੇਟੀ ਦਾ ਮੱਤ ਵੀ ਇਹੋ ਸੀ| APCCR ਨੇ ਆਪਣਾ ਮੱਤ ਇੱਕ ਦਸਤਾਵੇਜ਼ ਰਾਹੀਂ ਉਭਾਰਿਆ ਸੀ। “ਭਾਰਤ ਵਿੱਚ ਲੋਕ- ਯੁੱਧ ਦੇ ਰਾਹ ਦੀਆਂ ਸਮੱਸਿਆਵਾਂ" ਨਾਂ ਦਾ ਇਹ ਦਸਤਾਵੇਜ਼ ਪੰਜਾਬ ਕਮਿਊਨਿਸਟ ਇਨਕਲਾਬੀ ਕਮੇਟੀ ਵਲੋਂ ਪੰਜਾਬੀ 'ਚ ਅਨੁਵਾਦ ਕਰਕੇ ਛਾਪਿਆ ਗਿਆ ਸੀ।

ਮਾਓ ਜ਼ੇ ਤੁੰਗ ਵਿਚਾਰਧਾਰਾ ਮੁਤਾਬਕ ਲੋਕ-ਯੁੱਧ ਲੋਕਾਂ ਦਾ ਯੁੱਧ ਹੁੰਦਾ ਹੈ। ਪਰ ਚਾਰੂ ਮਜੂਮਦਾਰ ਦੀ ਅਗਵਾਈ ਹੇਠ ਲੜਿਆ ਜਾ ਰਿਹਾ “ਯੁੱਧ" ਲੋਕਾਂ ਵੱਲੋਂ ਲੜਿਆ ਜਾ ਰਿਹਾ “ਯੁੱਧ" ਨਹੀਂ ਸੀ। ਲੋਕਾਂ ਦੀ ਮੁਕਤੀ ਦੇ ਮਕਸਦ ਨਾਲ ਕਮਿਊਨਿਸਟ ਇਨਕਲਾਬੀਆਂ ਦੀ ਇੱਕ ਟੁਕੜੀ ਦੇ ਹਥਿਆਰਬੰਦ ਦਸਤਿਆਂ ਵਲੋਂ ਜਮਾਤੀ ਦੁਸ਼ਮਣਾਂ ਦੇ ਵਿਅਕਤੀਗਤ ਕਤਲਾਂ ਦੀਆਂ ਕਾਰਵਾਈਆਂ ਦਾ ਸਿਲਸਿਲਾ ਸੀ। ਇਸ ਲੀਹ ਸਦਕਾ ਹੋਈਆਂ ਵੱਡੀਆਂ ਪਛਾੜਾਂ ਲੋਕ-ਯੁੱਧ ਦੇ ਰਾਹ ਦੀਆਂ ਪਛਾੜਾਂ ਨਹੀਂ ਸਨ । ਇਹ ਲੋਕ-ਯੁੱਧ ਲਈ ਲੋਕਾਂ ਨੂੰ ਹਥਿਆਰਬੰਦ ਕਰਨ ਦੇ ਰਾਹ ਤੋਂ ਭਟਕਣ ਦਾ ਨਤੀਜਾ ਸਨ।

ਕਾਮਰੇਡ ਚਾਰੂ ਮਜੂਮਦਾਰ ਦੀ ਇਹ ਖੱਬੂ ਮਾਰਕੇਬਾਜ਼ ਲੀਹ ਇੱਕ ਅਰਸੇ ਬਾਅਦ ਬਦਲਵੇਂ ਰੂਪ 'ਚ ਮੁੜ ਪ੍ਰਗਟ ਹੋਈ। ਸੀ.ਪੀ.ਆਈ.(ਮਾਓਵਾਦੀ) ਇਸ ਲੀਹ ਦੀ ਸਿਰਕੱਢ ਨੁਮਾਇੰਦਾ ਧਿਰ ਵਜੋਂ ਸਥਾਪਤ ਹੋਈ। ਇਹ ਲੀਹ ਚਾਰੂ ਮਜੂਮਦਾਰ ਵਾਂਗ ਜਨਤਕ ਜਥੇਬੰਦੀਆਂ ਅਤੇ ਜਨਤਕ ਘੋਲਾਂ ਨੂੰ ਰੱਦ ਨਹੀਂ ਕਰਦੀ ਸਗੋਂ ਪਾਰਟੀ ਦੀਆਂ ਫੌਜੀ ਕਰਵਾਈਆਂ ਅਤੇ ਜਨਤਕ ਘੋਲਾਂ ਨੂੰ ਨਾਲੋ ਨਾਲ ਚਲਾਉਣ ਦੀ ਵਕਾਲਤ ਕਰਦੀ ਹੈ। ਤਾਂ ਵੀ ਇਸ ਲੀਹ ਦਾ ਹਥਿਆਰਬੰਦ ਘੋਲ ਦਾ ਤਸੱਵਰ ਪੈਦਾਵਾਰ ਦੇ ਸਾਧਨਾਂ ਤੇ ਕਬਜ਼ੇ ਲਈ ਲੋਕਾਂ ਦੀ ਹਥਿਆਰਬੰਦੀ ਦਾ ਤਸੱਵਰ ਨਹੀਂ ਹੈ। ਤੱਤ ਰੂਪ 'ਚ ਇਹ ਲੀਹ ਬਦਲਵੇਂ ਅਤੇ ਸੁਧਰੇ ਰੂਪ 'ਚ ਕਾ: ਚਾਰੂ ਦੀ ਲੀਹ ਦੀ ਹੀ ਲਗਾਤਾਰਤਾ ਹੈ।  ਲੋਕ- ਯੁੱਧ ਦੇ ਰਾਹ ਦੇ ਮਾਓ ਵਿਚਾਰਧਾਰਾ ਤੋਂ ਹਟਵੇਂ ਅਭਿਆਸ ਦਾ ਸੀ ਪੀ ਆਈ ਮਾਓਵਾਦੀ ਦੀਆਂ ਮੁੱਲਵਾਨ ਕਮਿਊਨਿਸਟ ਇਨਕਲਾਬੀ ਤਾਕਤਾਂ ਨੂੰ ਵੱਜੀ ਫੇਟ ਨਾਲ ਗਹਿਰਾ ਸੰਬੰਧ ਹੈ।  ਤਾਂ ਵੀ ਇਹ ਗੱਲ ਤਸੱਲੀ ਵਾਲੀ ਹੈ ਕਿ ਇਸ ਜਥੇਬੰਦੀ ਦੇ ਗਿਣਨ ਯੋਗ ਹਿੱਸੇ ਭਾਰੀ ਪਛਾੜ ਦੇ ਸਨਮੁਖ ਵੀ ਲੋਕਾਂ ਦੇ ਕਾਜ਼ ਨਾਲ ਵਫ਼ਾਦਾਰੀ ਤਿਆਗਣ ਅਤੇ ਲੋਕ ਦੁਸ਼ਮਣ ਪਿਛਾਖੜੀ ਰਾਜ ਭਾਗ ਦੀ ਈਨ ਕਬੂਲ ਕਰਨ ਤੋਂ ਇਨਕਾਰੀ ਹਨ। ਲੋੜੀਂਦੀ ਆਪਾ ਦਰੁਸਤੀ ਦੇ ਲੜ ਲੱਗਕੇ ਇਹ ਨਿਹਚਾ ਮੁੜ ਸੰਭਾਲੇ ਅਤੇ ਅੱਗੇ ਵੱਲ ਪੇਸ਼ਕਦਮੀ ਦਾ ਅਧਾਰ ਬਣ ਸਕਦੀ ਹੈ।

ਸੀ ਪੀ ਆਈ ਮਾਓਵਾਦੀ ਦੀਆਂ ਸ਼ਕਤੀਆਂ ਦੀ ਤਾਜ਼ਾ ਪਛਾੜ ਨੂੰ ਅਧਾਰ ਬਣਾ ਕੇ ਭਾਰਤੀ ਇਨਕਲਾਬ ਲਈ ਲੋਕ- ਯੁੱਧ ਦੇ ਰਾਹ ਦੀ ਪ੍ਰਸੰਗਕਤਾ ਤੋਂ ਇਨਕਾਰ ਕਰਨਾ ਤਰਕਸੰਗਤ ਨਹੀਂ ਹੈ। ਚਾਹੇ ਇਹ ਪਛਾੜ ਮੂਲ ਰੂਪ 'ਚ ਮਾਓਵਾਦੀ ਇਨਕਲਾਬੀ ਜਨਤਕ ਲੀਹ ਤੋਂ ਲਾਂਭੇ ਜਾਣ ਦਾ ਨਤੀਜਾ ਹੈ,ਪਰ ਸਹੀ ਲੀਹ ਦੇ ਬਾਵਜੂਦ ਵੀ ਇਨਕਲਾਬਾਂ ਨੂੰ ਪਛਾੜਾਂ ਦਾ ਸਾਹਮਣਾ ਕਰਨਾ ਪੈ ਸਕਦਾ ਹੈ। ਅਜਿਹਾ ਇਤਿਹਾਸ 'ਚ ਵਾਪਰਦਾ ਆਇਆ ਹੈ।

ਰੂਸ ਅੰਦਰ 1905 'ਚ ਇਨਕਲਾਬ ਲਈ ਬਗਾਵਤ ਦਾ ਅਸਫਲ ਹੋਣਾ ਬਲਸ਼ਵਿਕ ਪਾਰਟੀ ਵੱਲੋਂ ਅਪਣਾਏ ਇਨਕਲਾਬ ਦੇ ਰਾਹ ਦੇ ਗਲ੍ਹਤ ਹੋਣ ਦਾ ਸੰਕੇਤ ਨਹੀਂ ਸੀ। ਆਖਰ ਨੂੰ ਇਸੇ ਰਾਹ 'ਤੇ ਚਲਦਿਆਂ ਰੂਸੀ ਇਨਕਲਾਬ ਜੇਤੂ ਹੋਇਆ। ਜੇ ਇਨਕਲਾਬ ਦੇ ਰਾਹ ਬਾਰੇ ਨਿਰਨਿਆਂ ਦਾ ਅਧਾਰ ਸਿਰਫ ਪਛਾੜਾਂ ਨੇ ਬਨਣਾ ਹੈ ਤਾਂ ਭਾਰਤ ਅੰਦਰ ਇਨਕਲਾਬੀ ਲਹਿਰ ਨੇ ਪਹਿਲੀ ਵੱਡੀ ਪਛਾੜ ਬੀ ਟੀ ਰੰਧੀਵੇ ਦੀ ਅਗਵਾਈ 'ਚ ਆਮ ਬਗਾਵਤ ਦਾ ਰਾਹ ਅਪਣਾ ਕੇ ਹੰਢਾਈ ਸੀ।  ਇਨਕਲਾਬ ਦੇ ਰਾਹ ਅਤੇ ਲੀਹ ਬਾਰੇ ਨਿਰਣੇ ਨਿਰੋਲ ਪਛਾੜਾਂ ਦੇ ਹਵਾਲੇ ਨਾਲ ਤਹਿ ਕਰਨ ਦੀ ਪਹੁੰਚ ਸਤਹੀ ਪਹੁੰਚ ਹੈ।  ਇਹ ਵਿਸ਼ਲੇਸ਼ਣ ਅਧਾਰਤ ਤਰਕਸ਼ੀਲ ਪਹੁੰਚ ਨਹੀਂ ਹੈ।

ਹੇਠਾਂ ਅਸੀਂ ਪੀਪਲਜ਼ ਵਾਰ ਗਰੁੱਪ ਸਬੰਧੀ ਸੀ ਪੀ ਆਰ ਸੀ ਆਈ (ਐਮ. ਐਲ) ਦੀ ਇੱਕ ਟਿੱਪਣੀ ਦੇ ਅੰਸ਼ ਛਾਪ ਰਹੇ ਹਾਂ। ਪੀਪਲਜ਼ ਵਾਰ ਗਰੁਪ ਦੀ ਪਾਰਟੀ ਯੂਨਿਟੀ ਗਰੁੱਪ ਅਤੇ ਫਿਰ ਐਮ ਸੀ ਸੀ ਆਈ ਨਾਲ ਏਕਤਾ ਦੇ ਸਿੱਟੇ ਵਜੋਂ ਸੀ ਪੀ ਆਈ (ਮਾਓਵਾਦੀ) ਹੱਦ ਵਿੱਚ ਆਈ ਸੀ। ਇਸ ਏਕਤਾ ਰਾਹੀਂ ਕਮਿਊਨਿਸਟ ਇਨਕਲਾਬੀ ਕੈਂਪ ਅੰਦਰਲੇ ਖੱਬੇ ਮਾਅਰਕੇਬਾਜ਼ ਰੁਝਾਨ ਨੂੰ ਹੋਰ ਮਜ਼ਬੂਤੀ ਅਤੇ ਚੜ੍ਹਾਈ ਹਾਸਲ ਹੋਈ ਸੀ।

ਉਮੀਦ ਹੈ ਕਿ ਅਗਲੀ ਟਿੱਪਣੀ ਪੀਪਲਜ਼ ਵਾਰ ਜਥੇਬੰਦੀ ਦੇ ਹਵਾਲੇ ਨਾਲ ਸੀ ਪੀ ਆਈ (ਮਾਓਵਾਦੀ) ਦੇ ਅਮਲ ਨੂੰ ਸਮਝਣ ਅਤੇ ਕਿਸੇ ਹੱਦ ਤੱਕ ਤਾਜ਼ਾ ਪਛਾੜ ਨਾਲ ਇਸਦੇ ਅਭਿਆਸ ਦਾ ਸਬੰਧ ਪਛਾਨਣ 'ਚ ਸਹਾਈ ਹੋਵੇਗੀ। ਸਾਨੂੰ ਹਾਸਲ ਹੋਈ ਇਹ ਟਿੱਪਣੀ ਸੀ ਪੀ ਆਰ ਸੀ ਆਈ (ਐਮ ਐਲ) ਵੱਲੋਂ ਆਪਣੀਆਂ ਸਫ਼ਾ ਲਈ ਅੰਦਰੂਨੀ ਚਿੱਠੀ ਵਜੋਂ ਜਾਰੀ ਕੀਤੀ ਗਈ ਸੀ। ਉਦੋਂ ਇਸ ਜਥੇਬੰਦੀ ਦੀ ਅਗਵਾਈ ਹਰਭਜਨ ਸੋਹੀ ਦੇ ਹੱਥਾਂ 'ਚ ਸੀ।

No comments:

Post a Comment