Friday, November 28, 2025

ਪੁਲਿਸ ਵੱਲੋਂ ਨੌਜਵਾਨ ਦੇ ਕਤਲ ਖਿਲਾਫ਼ ਲੋਕਾਂ ਦਾ ਜੇਤੂ ਘੋਲ

 ਪੁਲਿਸ ਵੱਲੋਂ ਨੌਜਵਾਨ ਦੇ ਕਤਲ ਖਿਲਾਫ਼ ਲੋਕਾਂ ਦਾ ਜੇਤੂ ਘੋਲ

ਸਾਜਨ ਦੇ ਪਰਿਵਾਰਕ ਮੈਂਬਰ ਵੱਲੋਂ ਪੁਲਿਸ ਖਿਲਾਫ਼ ਧਰਨਾ


 (ਫਿਰੋਜ਼ਪੁਰ ਫਾਜ਼ਿਲਕਾ ਇਲਾਕੇ ਵਿੱਚ ਚੱਲੀਆਂ ਕੁਝ ਜਬਰ ਵਿਰੋਧੀ ਸੰਘਰਸ਼ ਸਰਗਰਮੀਆਂ ਦੀਆਂ ਰਿਪੋਰਟਾਂ ਹਾਸਲ ਹੋਈਆਂ ਹਨ‌। ਇਨਕਲਾਬੀ ਜਮਹੂਰੀ ਲਹਿਰ ਦੇ ਸਾਥੀ ਮਾਸਟਰ ਬਲਵਿੰਦਰ ਵੱਲੋਂ ਭੇਜੀਆਂ ਇਹਨਾਂ ਸੰਘਰਸ਼ ਰਿਪੋਰਟਾਂ 'ਚੋਂ ਇੱਕ ਰਿਪੋਰਟ ਅਸੀਂ ਆਪਣੇ ਪਾਠਕਾਂ ਨਾਲ ਸਾਂਝੀ ਕਰ ਰਹੇ ਹਾਂ। - ਸੰਪਾਦਕ) 

25-26 ਸਤੰਬਰ ਦੀ ਵਿਚਕਾਰਲੀ ਰਾਤ ਲਮੋਚੜ ਕਲਾਂ ਪਿੰਡ ਦੇ 17 ਸਾਲਾਂ ਨੌਜਵਾਨ ਸਾਜਨ ਕੁਮਾਰ ਉੱਪਰ ਅਸਮਾਨੀ ਬਿਜਲੀ ਬਣ ਕੇ ਡਿੱਗੀ। ਫਾਜ਼ਿਲਕਾ ਜ਼ਿਲ੍ਹੇ ਦਾ ਇਹ ਪਿੰਡ ਜਲਾਲਾਬਾਦ ਪੱਛਮੀ ਤੋਂ 10 ਕਿਲੋਮੀਟਰ ਦੂਰ ਮੇਨ ਰੋਡ ਉੱਪਰ ਸਥਿਤ ਹੈ।ਸਾਜਨ ਕੁਮਾਰ ਮਿਹਨਤ ਮਜਦੂਰੀ ਕਰਨ ਵਾਲੇ ਮਾਪਿਆਂ ਦਾ ਇਕਲੌਤਾ ਪੁੱਤਰ ਸੀ। ਮੀਹਾਂ ਨੇ ਇੱਕੋ ਇੱਕ ਛੱਤ ਢਹਿ ਢੇਰੀ ਕਰ ਦਿੱਤੀ ਸੀ। ਸੋ ਮੁੜ ਸਿਰ ਢਕਣ ਜੋਗਰੇ ਹੋਣ ਲਈ ਰੇਤੇ ਦੀ ਜਰੂਰਤ ਸੀ।ਉਸ ਮਨਹੂਸ ਰਾਤ ਨੂੰ ਸਾਜਨ ਕੁਮਾਰ ਨੇ ਆਪਣੇ ਦੋਸਤਾਂ ਨੂੰ ਕਿਸੇ ਨੇੜਲੇ ਰਿਸ਼ਤੇਦਾਰ ਦੇ ਖੇਤੋਂ ਰੇਤਾ ਲੈਣ ਭੇਜਿਆ। ਜਦ ਉਹ ਵਾਪਸ ਆ ਰਹੇ ਸਨ ਤਾਂ 'ਜਿਸ ਕਾ ਖੇਤ ਉਸਕੀ ਰੇਤ' ਦੀਆਂ ਟਾਹਰਾਂ ਮਾਰਨ ਵਾਲੇ ਭਗਵੰਤ ਮਾਨ ਦੀ ਪੁਲਿਸ ਦੇ ਇੱਕ ਵਿਗੜੇ ਹੋਏ ਪੁਲਸੀਏ ਨੇ ਟਰਾਲੀ ਘੇਰ ਲਈ ਅਤੇ 10 ਹਜਾਰ ਰੁਪਏ ਦੀ ਮੰਗ ਕਰਨ ਲੱਗਾ। ਇਹ ਰਿਸ਼ਵਤਖੋਰ ਘੁਬਾਇਆ ਚੌਕੀ ਦਾ ਇੰਚਾਰਜ ਏ.ਐਸ.ਆਈ ਬਲਕਾਰ ਚੰਦ ਸੀ ਅਤੇ ਇਹਦੇ ਨਾਲ ਸਿਵਲ ਕੱਪੜਿਆਂ ਵਿੱਚ ਰੇਤ ਮਾਫੀਆ ਠੇਕੇਦਾਰ ਵੀ ਬਿਰਾਜਮਾਨ ਸੀ। ਮੁੰਡਿਆਂ ਕੋਲ ਪੈਸੇ ਨਹੀਂ ਸਨ। ਉਹਨਾਂ ਫੋਨ ਉੱਪਰ ਸਾਰੀ ਗੱਲ ਸਾਜਨ ਨੂੰ ਦੱਸੀ ਅਤੇ ਸਾਜਨ ਘਰ ਵਿੱਚ ਪਏ 4000 ਰੁਪਏ ਲੈ ਕੇ ਘੁਬਾਇਆ ਪੁਲਿਸ ਚੌਂਕੀ ਪਹੁੰਚ ਗਿਆ। ਉਹਦੇ ਨਾਲ ਉਹਦਾ ਨਾਬਾਲਗ ਮਸੇਰ ਭਾਈ ਆਕਾਸ਼ਦੀਪ (16) ਵੀ ਸੀ। ਸਾਜਨ ਨੇ ਬਲਕਾਰ ਚੰਦ ਨੂੰ ਕਿਹਾ ਕਿ ਮੇਰੇ ਪਾਸ 4000 ਰੁਪਏ ਹਨ, ਬਾਕੀ ਪੈਸੇ ਮੈਂ ਗੂਗਲ ਰਾਹੀਂ ਭੇਜ ਦਿਆਂਗਾ। ਇੰਨੀ ਗੱਲ ਉੱਪਰ ਹੀ ਥਾਣੇਦਾਰ ਕੱਪੜਿਓਂ ਬਾਹਰ ਹੋ ਗਿਆ ਤੇ ਨੌਜਵਾਨਾਂ ਉੱਪਰ ਗਾਹਲਾਂ ਦੀ ਬੁਛਾੜ ਕਰ ਦਿੱਤੀ। ਅਣਖੀ ਨੌਜਵਾਨਾਂ ਨੇ ਜਦ ਇਸਦਾ ਵਿਰੋਧ ਕੀਤਾ ਤਾਂ ਬਲਕਾਰ ਚੰਦ ਨੇ ਆਕਾਸ਼ ਨੂੰ ਕੁੱਟਣਾ ਸ਼ੁਰੂ ਕਰ ਦਿੱਤਾ। ਸਾਜਨ ਜਦ ਇਸ ਕੁੱਟਮਾਰ ਦੀ ਵੀਡੀਓ ਬਣਾ ਰਿਹਾ ਸੀ ਤਾਂ ਥਾਣੇਦਾਰ ਨੇ ਉਸ ਦਾ ਮੋਬਾਈਲ ਖੋਹ ਲਿਆ ਅਤੇ ਲੱਤਾਂ ਘਸੁੰਨਾਂ ਨਾਲ ਕੁੱਟਮਾਰ ਕਰਦੇ ਹੋਏ ਪਿੱਛਲ ਦਰਵਾਜਿਂਓ ਲੰਘਾ ਕੇ ਉਸਨੂੰ ਇੱਕ ਕਮਰੇ ਚ ਬੰਦ ਕਰਕੇ ਇੰਨੀ ਵਹਿਸ਼ੀਅਤ ਨਾਲ ਕੁੱਟਮਾਰ ਕੀਤੀ ਕਿ ਸਾਜਨ ਦੀ ਮੌਤ ਹੋ ਗਈ।ਪੁਲਿਸ ਦੀ ਚੁੰਗਲ ਚੋਂ ਬਚ ਨਿਕਲੇ ਆਕਾਸ਼ ਨੇ ਦੱਸਿਆ ਕਿ ਸਾਜਨ ਉੱਚੀ ਉੱਚੀ ਚੀਕਾਂ ਮਾਰ ਕੇ ਮੈਥੋਂ ਪਾਣੀ ਮੰਗਦਾ ਰਿਹਾ। ਸਾਜਨ ਦੀ ਮੌਤ ਪਿੱਛੋਂ ਇਹ ਬੁੱਚੜ ਥਾਣੇਦਾਰ ਉਸਦੀ ਲਾਸ਼ ਨੂੰ ਭੰਬਾ ਵੱਟੂ ਪਿੰਡ ਨੇੜੇ ਇੱਕ ਸੜਕਛਾਪ ਢਾਬੇ ਨੇੜੇ ਸੁੱਟ ਗਿਆ ਅਤੇ ਆਕਾਸ਼ ਨੂੰ ਕਿਸੇ ਹੋਰ ਥਾਂ ਲਾਹ ਕੇ ਆਪ ਰਫੂ ਚੱਕਰ ਹੋ ਗਿਆ।        

  ਸੰਘਰਸ਼ ਸ਼ੁਰੂ- ਕ੍ਰਾਂਤੀਕਾਰੀ ਕਿਸਾਨ ਮੋਰਚਾ ਨੇ ਕਮਾਨ ਸੰਭਾਲੀ

 ਇਸ ਵਹਿਸ਼ੀਆਨਾ ਘਟਨਾ ਤੋਂ ਗੁੱਸੇ ਅਤੇ ਨਫਰਤ ਨਾਲ ਭਰੇ ਲੋਕਾਂ ਨੇ ਸਾਜਨ ਦੀ ਲਾਸ਼ ਨੂੰ ਫਰਿੱਜ ਵਿੱਚ ਰੱਖ ਕੇ 26 ਸਤੰਬਰ ਨੂੰ ਸਵੇਰੇ 8 ਵਜੇ ਹੀ ਫਿਰੋਜ਼ਪੁਰ ਫਾਜ਼ਿਲਕਾ ਨੈਸ਼ਨਲ ਹਾਈਵੇ ਜਾਮ ਕਰ ਦਿੱਤਾ। ਇਲਾਕੇ ਵਿੱਚ ਮੌਜੂਦ ਕ੍ਰਾਂਤੀਕਾਰੀ ਕਿਸਾਨ ਮੋਰਚਾ ਪੰਜਾਬ ਦੇ ਆਗੂ ਮਾਸਟਰ ਬਲਵਿੰਦਰ ਸਿੰਘ ਨੂੰ ਸੂਚਨਾ ਮਿਲਣ 'ਤੇ ਉਹਨਾਂ ਮੋਰਚਾ ਆਗੂਆਂ ਹਰਨਾਮ ਸਿੰਘ ਆਲਮ ਕੇ ਅਤੇ ਸੰਦੀਪ ਸਿੰਘ ਸੀਡ ਫਾਰਮ ਅਬੋਹਰ ਨੂੰ ਬੁਲਾ ਕੇ ਅਨੁਸ਼ਾਸਨਬੱਧ ਢੰਗ ਨਾਲ ਸੰਘਰਸ਼ ਵਿੱਢ ਦਿੱਤਾ। ਇੱਕ ਭੱਠਾ ਮਜ਼ਦੂਰ ਆਗੂ ਗੁਰਨਾਮ ਸਿੰਘ ਅਤੇ ਬਲਵਿੰਦਰ ਸਿੰਘ ਨੇ ਮੋਰਚੇ ਦਾ ਭਰਪੂਰ ਸਾਥ ਦਿੱਤਾ ਅਤੇ ਪਿੰਡ ਦੇ ਨੌਜਵਾਨ ਆਗੂਆਂ ਨੇ ਬਹੁਤ ਹੀ ਜਿੰਮੇਵਾਰੀ ਨਾਲ ਸ਼ਾਨਦਾਰ ਭੂਮਿਕਾ ਨਿਭਾਈ। ਇਕੱਠ 800 ਦੇ ਲਗਭਗ ਪਹੁੰਚ ਚੁੱਕਾ ਸੀ। ਔਰਤਾਂ ਦੀ ਬਹੁਤ ਵੱਡੀ ਸ਼ਮੂਲੀਅਤ ਸੀ। ਆਸ ਪਾਸ ਪਿੰਡਾਂ ਦੇ ਗੁਰਦੁਆਰਿਆਂ ਦੇ ਪ੍ਰਬੰਧਕਾਂ ਤੋਂ ਧਰਨੇ ਤੇ ਜਾਮ ਵਿੱਚ ਸ਼ਾਮਿਲ ਹੋਣ ਦੀ ਅਪੀਲ ਕਰਵਾ ਦਿੱਤੀ ਗਈ ਸੀ। ਕੁਝ ਸਮੇਂ ਬਾਅਦ ਸੀ.ਪੀ.ਆਈ ਦੇ ਆਗੂ ਨਰਿੰਦਰ ਢਾਬਾਂ ਦੀ ਅਗਵਾਈ ਹੇਠ ਕੁਝ ਨੌਜਵਾਨ ਵੀ ਸ਼ਾਮਿਲ ਹੋਏ ਅਤੇ ਇਹਨਾਂ ਨੇ ਸਟੇਜ ਸੰਭਾਲ ਲਈ। 26 ਸਤੰਬਰ ਨੂੰ 2 ਵਜੇ ਤੱਕ ਪ੍ਰਸ਼ਾਸਨ ਨਹੀਂ ਬਹੁੜਿਆ ਅਤੇ 2 ਵਜੇ ਤੋਂ ਬਾਅਦ ਹੀ ਘੁਬਾਇਆ ਚੌਂਕੀ ਪਹੁੰਚ ਕੇ ਗੱਲਬਾਤ ਕਰਨ ਦਾ ਸੱਦਾ ਆਇਆ। ਇਸ ਗੱਲਬਾਤ ਵਿੱਚ ਸੀ.ਪੀ.ਆਈ ਦੇ ਆਗੂਆਂ ਵੱਲੋਂ ਦ੍ਰਿੜ੍ਹ ਸਟੈਂਡ ਲੈਣ ਦੀ ਬਜਾਏ ਢਿੱਲੀ ਮੱਠੀ ਗੱਲ ਕੀਤੀ ਜਾ ਰਹੀ ਸੀ ਜਦੋਂ ਕਿ ਪੁਲਿਸ ਦਾ ਜ਼ੋਰ ਦੋਸ਼ੀਆਂ ਨੂੰ ਬਚਾਉਣ ਉੱਤੇ ਲੱਗਿਆ ਹੋਇਆ ਸੀ। ਪੁਲਿਸ ਅਧਿਕਾਰੀ ਸ਼ਰ੍ਹੇਆਮ ਝੂਠ ਬੋਲ ਰਹੇ ਸਨ ਕਿ ਸਾਜਨ ਦੀ ਮੌਤ ਪੁਲਿਸ ਚੌਂਕੀ ਤੋਂ ਬਾਹਰ ਹੋਈ ਹੈ। ਕਿ ਉਹ ਚੌਂਕੀ ਤੋਂ ਭੱਜ ਗਿਆ ਅਤੇ ਢਾਬੇ ਦੀ ਛੱਤ ਤੋਂ ਪਿਛਵਾੜੇ ਛਾਲ ਮਾਰ ਦਿੱਤੀ ਅਤੇ ਟਰੈਕਟਰ ਦੇ ਕਲਟੀਵੇਟਰਾਂ ਉੱਤੇ ਡਿੱਗ ਕੇ ਉਸਦੀ ਮੌਤ ਹੋ ਗਈ। ਜਦ ਕਿ ਸਾਜਨ ਦੇ ਸਰੀਰ ਤੇ ਸੱਟ ਦਾ ਕੋਈ ਨਿਸ਼ਾਨ ਨਹੀਂ ਸੀ। ਗੱਲ ਨੂੰ ਖੂਹ ਖਾਤੇ ਪਾਉਣ ਦੇ ਮੰਤਵ ਨਾਲ ਪੀੜਤਾਂ ਦਾ ਬਿਆਨ ਲੈ ਕੇ ਪਰਚਾ ਕੱਟਣ ਦੀ ਬਜਾਏ ਪੁਲਿਸ ਪਹਿਲਾਂ ਪੋਸਟਮਾਰਟਮ ਕਰਵਾਉਣ ਦਾ ਦਬਾਅ ਬਣਾ ਰਹੀ ਸੀ। ਇਸ ਕਰਕੇ ਕ੍ਰਾਂਤੀਕਾਰੀ ਕਿਸਾਨ ਮੋਰਚੇ ਦੇ ਆਗੂ ਗੱਲਬਾਤ ਤੋੜ ਕੇ ਬਾਹਰ ਆ ਗਏ ਜਦੋਂ ਕਿ ਸੀ.ਪੀ.ਆਈ ਦੇ ਆਗੂ ਨੇ ਗੱਲਬਾਤ ਜਾਰੀ ਰੱਖੀ ਅਤੇ ਬਾਅਦ ਵਿੱਚ ਸਟੇਜ ਉੱਤੇ ਆ ਕੇ ਬਿਆਨ ਦਿੱਤਾ ਕਿ ਪੁਲਿਸ ਅਧਿਕਾਰੀ ਚਾਰ ਜਣਿਆਂ ਵਿਰੁੱਧ ਕਤਲ ਦਾ ਪਰਚਾ ਦਰਜ ਕਰਨਾ ਮੰਨ ਗਏ ਹਨ ਅਤੇ ਸਾਨੂੰ ਦੋ ਦਿਨਾਂ ਲਈ ਧਰਨਾ ਚੁੱਕ ਦੇਣਾ ਚਾਹੀਦਾ ਹੈ। ਉਹਨਾਂ ਨੇ ਇਹ ਵੀ ਕਿਹਾ ਕਿ ਜੇਕਰ ਉਹਨਾਂ ਦੀ ਗੱਲ ਨਹੀਂ ਮੰਨੀ ਗਈ ਤਾਂ ਉਹ ਸੰਘਰਸ਼ ਤੋਂ ਬਾਹਰ ਹੋ ਜਾਣਗੇ। ਪੁਲਿਸ ਦੇ ਦਬਾਅ ਅੱਗੇ ਸੀ.ਪੀ.ਆਈ ਆਗੂਆਂ ਨੂੰ ਲਿਫਦਾ ਦੇਖ ਕੇ ਲੋਕ ਸ਼ਰ੍ਹੇਆਮ ਇਹਨਾਂ ਨੂੰ ਟੁੱਟ ਕੇ ਪੈ ਗਏ ਅਤੇ ਇਹ ਆਗੂ ਘੋਲ 'ਚੋਂ ਪਾਸੇ ਹੋ ਗਏ। 

ਪੁਲਿਸ ਅਧਿਕਾਰੀਆਂ ਤੇ ਟਾਊਟਾਂ ਦੀਆਂ ਚਾਲਾਂ ਫੇਲ੍ਹ

ਪੁਲਿਸ ਅਧਿਕਾਰੀਆਂ, ਪਿੰਡ ਦੇ ਸਰਪੰਚ ਅਤੇ ਉਸਦੇ ਲੜਕਿਆਂ, ਟਾਊਟ ਅਤੇ ਦਲਾਲ ਕਿਸਮ ਦੇ ਲੋਕਾਂ ਨੇ ਪੀੜਤ ਪਰਿਵਾਰ ਨੂੰ ਡਰ ਤੇ ਲਾਲਚ ਰਾਹੀਂ ਯਰਕਾਉਣ ਦੀ ਪੂਰੀ ਵਾਹ ਲਾਈ ਪਰ ਮੋਰਚੇ ਦੀ ਲੀਡਰਸ਼ਿਪ ਵੱਲੋਂ ਸੂਝ-ਬੂਝ ਨਾਲ ਉਹਨਾਂ ਦੇ ਹਰੇਕ ਹੱਥ ਕੰਡੇ ਨੂੰ ਠੁੱਸ ਕਰ ਦਿੱਤਾ ਗਿਆ। ਗਰੀਬ ਪੀੜਤ ਪਰਿਵਾਰ ਤੇ ਕਿਰਤੀ ਕਮਾਊ ਲੋਕ ਅਖੀਰ ਤੱਕ ਲੀਡਰਸ਼ਿਪ ਨਾਲ ਡਟੇ ਰਹੇ।      ਫਾਜ਼ਿਲਕਾ ਦੇ ਡੀ.ਐਸ.ਪੀ ਗਿੱਲ ਵੱਲੋਂ ਸਾਜਨ ਦੇ ਕਤਲ ਦੇ ਇੱਕੋ ਇੱਕ ਗਵਾਹ ਆਕਾਸ਼ਦੀਪ ਨੂੰ  ਡਰਾਉਣ ਅਤੇ ਧਮਕਾਉਣ ਦੀ ਕੋਸ਼ਿਸ਼ ਕੀਤੀ ਗਈ।ਨਾਬਾਲਗ ਬੱਚੇ ਦਾ ਮਨੋਬਲ ਤੋੜਨ ਦੀ ਇਸ ਘਟੀਆ ਕਰਤੂਤ ਦਾ ਲੋਕਾਂ ਵੱਲੋਂ ਸਖਤ ਵਿਰੋਧ ਕੀਤਾ ਗਿਆ।ਬੱਚੇ ਦੀ ਮਾਨਸਿਕ ਪਰੇਸ਼ਾਨੀ ਅਤੇ ਉੱਪਰੋਂ ਬੁਖਾਰ ਦੀ ਹਾਲਤ ਵਿੱਚ ਇਹੋ ਡੀ.ਐਸ.ਪੀ ਰਾਤ ਦੇ 9:30 ਵਜੇ ਬਿਆਨ ਲੈਣ ਲਈ ਆ ਟਪਕਿਆ। ਲੀਡਰਸ਼ਿਪ ਨੇ ਉਸ ਮੌਕੇ ਬਿਆਨ ਦੇਣ ਤੋਂ ਕੋਰੀ ਨਾਂਹ ਕੀਤੀ ਅਤੇ ਆਗੂਆਂ ਨਾਲ ਤਲਖ ਕਲਾਮੀ ਵੀ ਹੋਈ ਪਰ ਆਖਰ ਡੀ.ਐਸ.ਪੀ ਨੂੰ ਵਾਪਸ ਜਾਣਾ ਪਿਆ।

ਲੋਕ ਤਾਕਤ ਦੀ ਜਿੱਤ

 ਧਰਨਾ ਅਗਲੇ ਦਿਨ ਵੀ ਜਾਰੀ ਰਿਹਾ ਲਾਗਲੇ ਪਿੰਡਾਂ ਤੋਂ ਲੋਕਾਂ ਸਮੇਤ ਲੰਗਰ ਆਉਣਾ ਸ਼ੁਰੂ ਹੋ ਗਿਆ ਇਕੱਠ ਦੀ ਗਿਣਤੀ ਵੱਧ ਕੇ ਲਗਭਗ 2000 ਤੱਕ ਪਹੁੰਚ ਗਈ ਕੋਈ ਤਿੰਨ ਵਜੇ ਦੇ ਕਰੀਬ ਫਿਰੋਜ਼ਪੁਰ ਤੋਂ ਐਸ.ਪੀ (ਡੀ )ਮਨਜੀਤ ਸਿੰਘ ਇਕੱਠ ਵਿੱਚ  ਪੁੱਜੇ ਅਤੇ ਲੋਕਾਂ ਦੀ ਹਾਜ਼ਰੀ ਵਿੱਚ ਆਕਾਸ਼ਦੀਪ ਨੇ ਠੋਕ ਕੇ ਬਿਆਨ ਕਲਮ ਬੰਦ ਕਰਵਾਏ। ਇਸੇ ਦੌਰਾਨ ਲੇਡੀ ਪੁਲਿਸ ਸਮੇਤ ਭਾਰੀ ਪੁਲਿਸ ਫੋਰਸ ਵੀ ਪਹੁੰਚ ਗਈ ਪਰ ਸਟੇਜ ਵੱਲੋਂ ਪ੍ਰਸ਼ਾਸਨ ਨੂੰ ਕੋਈ ਵੀ ਗਲਤ ਕਦਮ ਚੁੱਕਣ ਖਿਲਾਫ ਸਖਤ  ਚੇਤਾਵਨੀ ਦਿੱਤੀ ਗਈ।  ਜਾਮ ਜਾਰੀ ਰਿਹਾ ਅਤੇ ਆਖਿਰਕਾਰ ਪ੍ਰਸ਼ਾਸਨ ਨੂੰ ਐਫ.ਆਈ.ਆਰ ਦੀ ਕਾਪੀ ਲੈ ਕੇ ਪੰਡਾਲ ਵਿੱਚ ਆਉਣਾ ਪਿਆ। ਜੇਤੂ ਨਾਅਰਿਆਂ ਦਰਮਿਆਨ ਜਾਮ ਖੋਹਲ ਦਿੱਤਾ ਗਿਆ। ਭਾਵੇਂ ਇੱਕ ਵਾਰ ਐਫ.ਆਈ.ਆਰ ਦਰਜ ਹੋ ਗਈ ਹੈ ਪਰ ਬਲਕਾਰ ਚੰਦ ਥਾਣੇਦਾਰ ਨੂੰ ਜੇਹਲ ਡੱਕਣ ਲਈ ਸੰਘਰਸ਼ ਅਜੇ ਜਾਰੀ ਹੈ। ਇਸੇ ਦੌਰਾਨ ਸੂਚਨਾ ਮਿਲੀ ਹੈ ਕਿ ਨੈਸ਼ਨਲ ਹਾਈਵੇ ਐਕਟ ਅਤੇ ਬੀ.ਐਨ.ਐਸ ਦੀਆਂ ਕੁਝ ਧਾਰਾਵਾਂ ਤਹਿਤ ਮਾਸਟਰ ਬਲਵਿੰਦਰ, ਹਰਨਾਮ ਆਲਮਕੇ ,ਸੰਦੀਪ ਅਬੋਹਰ, ਗੁਰਨਾਮ ਸਿੰਘ,ਬਲਵਿੰਦਰ ਸਿੰਘ ਟਿਵਾਣਾ ਸਮੇਤ 40-45 ਅਣਪਛਾਤੇ ਵਿਅਕਤੀਆਂ ਵਿਰੁੱਧ ਪੁਲਿਸ ਵੱਲੋਂ ਕੇਸ ਦਰਜ ਕਰ ਲਿਆ ਗਿਆ ਹੈ।

5 ਅਕਤੂਬਰ 2025

No comments:

Post a Comment