Saturday, November 29, 2025

 ਸਾਮਰਾਜੀ ਜੰਗਾਂ ਦਾ ਖਾਜਾ ਬਣਨ ਦੀ ਹੋਣੀ 
ਰੂਸ-ਯੂਕਰੇਨ ਜੰਗ ਦੀ ਭੇਂਟ ਚੜ੍ਹਦੇ ਭਾਰਤੀ ਨੌਜਵਾਨ

                                                                                                -ਪਾਵੇਲ



     ਰੂਸ ਤੇ ਯੂਕਰੇਨ ਜੰਗ ਵੇਲੇ ਤੋਂ ਹੀ ਭਾਰਤੀ ਨੌਜਵਾਨਾਂ ਨੂੰ ਰੂਸੀ ਫੌਜ ਵਿੱਚ ਸ਼ਾਮਿਲ ਕਰਕੇ ਜੰਗ ਵਿੱਚ ਝੋਕ ਦਿੱਤੇ ਜਾਣ ਦੀਆਂ ਖਬਰਾਂ ਆ ਰਹੀਆਂ ਹਨ। ਇਹਨਾਂ 'ਚੋਂ ਕਈ ਨੌਜਵਾਨ ਇਸ ਜੰਗ ਦੀ ਭੇਂਟ ਚੜ੍ਹ ਰਹੇ ਹਨ। ਰੂਸ ਤੋਂ ਪੰਜਾਬੀ ਨੌਜਵਾਨਾਂ ਦੀਆਂ ਆਈਆਂ ਵੀਡੀਓਜ਼ ਡੂੰਘੀ ਤਕਲੀਫ਼ ਦੇਣ ਵਾਲੀਆਂ ਹਨ ਜਿਨ੍ਹਾਂ 'ਚ ਉਹ ਦੱਸ ਰਹੇ ਹਨ ਕਿ ਉਹ ਇੱਥੇ ਵਿਦਿਆਰਥੀ ਵੀਜ਼ੇ 'ਤੇ ਆਏ ਸਨ ਤੇ ਹੁਣ ਉਹਨਾਂ ਨੂੰ ਯੂਕਰੇਨ ਨਾਲ ਜੰਗ ਦੇ ਮੋਰਚਿਆਂ 'ਚ ਲੜਨ ਲਈ ਭੇਜਿਆ ਜਾ ਰਿਹਾ ਹੈ। ਹੁਣ ਕੁਝ ਦਿਨ ਪਹਿਲਾਂ 5 ਪੰਜਾਬੀ ਨੌਜਵਾਨਾਂ ਦੀ ਮੌਤ ਤੇ ਤਿੰਨ ਨੌਜਵਾਨਾਂ ਦੇ ਲਾਪਤਾ ਹੋਣ ਦੀਆਂ ਖਬਰਾਂ ਦਰਮਿਆਨ ਭਾਰਤ ਦੀ ਸਰਕਾਰ ਨੇ ਰੂਸ ਤੋਂ ਮੰਗ ਕੀਤੀ ਸੀ ਕਿ ਉਹ ਰੂਸੀ ਫ਼ੌਜ 'ਚ ਭਾਰਤੀ ਨਾਗਰਿਕਾਂ ਨੂੰ ਸਹਾਇਕ ਵਜੋਂ ਭਰਤੀ ਕਰਨਾ ਬੰਦ ਕਰੇ ਅਤੇ ਨਾਲ ਹੀ ਰੂਸੀ ਫ਼ੌਜ 'ਚ ਕੰਮ ਕਰ ਰਹੇ ਸਾਰੇ ਭਾਰਤੀਆਂ ਨੂੰ ਛੱਡਣ ਦੀ ਮੰਗ ਕੀਤੀ ਗਈ ਸੀ। 

ਬਿਨਾਂ ਸ਼ੱਕ ਅਜਿਹੀ ਮੰਗ ਕਰਨੀ ਵਾਜਬ ਹੈ ਤੇ ਨਾ ਸਿਰਫ਼ ਮੰਗ ਕਰਨੀ ਚਾਹੀਦੀ ਹੈ ਸਗੋਂ ਇਸ ਲਈ ਅਮਲੀ ਕਦਮ ਵੀ ਚੁੱਕੇ ਜਾਣੇ ਚਾਹੀਦੇ ਹਨ ਪਰ ਨਾਲ ਹੀ ਇਹ ਸਵਾਲ ਉੱਠਦਾ ਹੈ ਕਿ ਕੀ ਭਾਰਤ ਸਰਕਾਰ ਸੱਚਮੁੱਚ ਹੀ ਅਜਿਹਾ ਵਰਤਾਰਾ ਰੋਕਣ ਲਈ ਸੁਹਿਰਦ ਹੈ, ਕੀ ਇਹ ਪਹਿਲੀ ਵਾਰੀ ਹੋ ਰਿਹਾ ਹੈ ਕਿ ਇੱਕ ਸਾਮਰਾਜੀ ਮੁਲਕ ਦੇ ਆਪਣੇ ਸਾਮਰਾਜੀ ਜੰਗੀ ਹਿੱਤਾਂ ਲਈ ਲੜੀ ਜਾ ਰਹੀ ਜੰਗ ਵਿੱਚ ਭਾਰਤੀ ਨੌਜਵਾਨਾਂ ਦਾ ਲਹੂ ਡੁੱਲ੍ਹ ਰਿਹਾ ਹੈ। ਇਸ ਪੱਖੋਂ ਜਦੋਂ ਭਾਰਤ ਦੀਆਂ ਸਰਕਾਰਾਂ ਦੇ ਹੁਣ ਤੱਕ ਦੇ ਰਿਕਾਰਡ 'ਤੇ ਨਿਗ੍ਹਾ ਮਾਰਦੇ ਤੇ ਅਗਲੀਆਂ ਵਿਉਤਾਂ ਜਾਂਚਦੇ ਹਾਂ ਤਾਂ ਪਤਾ ਲੱਗਦਾ ਹੈ ਕਿ ਇਹ ਪਹਿਲੀ ਵਾਰ ਵਾਪਰ ਰਿਹਾ ਵਰਤਾਰਾ ਨਹੀਂ ਹੈ। ਹਕੂਮਤਾਂ ਦੀ ਨੀਤੀ ਕਾਰਨ ਸਾਮਰਾਜੀ ਮੁਲਕਾਂ ਦੇ ਲੁਟੇਰੇ ਜੰਗੀ ਮਿਸ਼ਨਾਂ ਦੀ ਭੇਂਟ ਚੜ੍ਹਨਾ ਭਾਰਤੀ ਨੌਜਵਾਨਾਂ ਦੀ ਹੋਣੀ ਬਣੀ ਹੋਈ ਹੈ। ਹੁਣ ਰੂਸ ਦੇ ਮਾਮਲੇ ਵਿੱਚ ਸਿਰਫ਼ ਤਰੀਕਾ ਹੀ ਵੱਖਰਾ ਹੈ। ਇੱਥੇ ਰੂਸ ਅੰਦਰ ਰਿਜ਼ਕ ਕਮਾਉਣ ਗਈ ਸਾਡੇ ਮੁਲਕ ਦੀ ਜਵਾਨੀ ਨੂੰ ਧੱਕੇ ਨਾਲ ਜੰਗੀ ਮੁਹਾਜ਼ਾਂ 'ਤੇ ਮਰਨ ਭੇਜਿਆ ਜਾ ਰਿਹਾ ਹੈ ਜਦ ਕਿ ਹੁਣ ਤੱਕ ਅਜਿਹੀ ਮਜ਼ਬੂਰੀ ਸਾਡੇ ਮੁਲਕ ਦੀਆਂ ਹਕੂਮਤਾਂ ਆਪਣੀਆਂ ਫ਼ੌਜਾਂ 'ਚ ਭਰਤੀ ਕਰਕੇ ਪੈਦਾ ਕਰਦੀਆਂ ਆਈਆਂ ਹਨ ਅਤੇ ਇਹਨਾਂ ਫ਼ੌਜਾਂ ਨੂੰ ਸਾਮਰਾਜੀ ਜੰਗੀ ਮਿਸ਼ਨਾਂ ਦੀ ਸੇਵਾ 'ਚ ਵਰਤਦੀਆਂ ਆ ਰਹੀਆਂ ਹਨ।

ਰੂਸ ਵਰਗੇ ਮੁਲਕ ਸਮੇਤ ਵਿਦੇਸ਼ਾਂ ਨੂੰ ਜਾਣ ਦੀ ਅਜਿਹੀ ਮਜ਼ਬੂਰੀ ਤਾਂ ਨੌਜਵਾਨਾਂ ਦੀ ਬੇਰੁਜ਼ਗਾਰੀ ਦੇ ਸੰਕਟਾਂ ਦੀ ਹਾਲਤ 'ਚੋਂ ਨਿਕਲਦੀ ਹੈ। ਕਾਨੂੰਨੀ ਤੇ ਗੈਰ ਕਾਨੂੰਨੀ ਢੰਗਾਂ ਨਾਲ ਏਜੰਟਾਂ ਦੇ ਧੱਕੇ ਚੜ੍ਹੇ ਨੌਜਵਾਨ ਕਿਰਤ ਕਮਾਈਆਂ ਦੀ ਤਾਂਘ ਲੈ ਕੇ ਰੂਸ ਪੁੱਜਦੇ ਹਨ ਤਾਂ ਅਗਾਂਹ ਰੂਸੀ ਸਾਮਰਾਜੀਏ ਇਸ ਬੇਵਸੀ ਦੇ ਹਾਲਾਤਾਂ ਦਾ ਫਾਇਦਾ ਉਠਾਉਂਦੇ ਹਨ ਤੇ ਜਬਰੀ ਜੰਗਾਂ 'ਚ ਧੱਕਦੇ ਹਨ। ਜਵਾਨੀ ਦੀ ਅਜਿਹੀ ਤਰਾਸਦੀ ਲਈ ਸਾਡੇ ਮੁਲਕ ਦੀਆਂ ਹਕੂਮਤਾਂ ਤੇ ਇਸ ਦੇਸ਼ ਦਾ ਲੋਕ ਦੋਖੀ ਨਿਜ਼ਾਮ ਜਿੰਮੇਵਾਰ ਹਨ ਜਿਹਨਾਂ ਨੇ ਮੁਲਕ ਅੰਦਰ ਰੁਜ਼ਗਾਰ ਦੇ ਵਸੀਲੇ ਪੈਦਾ ਕਰਨ ਦੀ ਥਾਂ ਪਹਿਲਿਆਂ ਦਾ ਵੀ ਉਜਾੜਾ ਕੀਤਾ ਹੈ। ਇਹ ਤਾਜ਼ਾ ਧੱਕੇਸ਼ਾਹੀ ਤਾਂ ਰੂਸੀ ਹਾਕਮ ਕਰ ਰਹੇ ਹਨ ਪਰ ਭਾਰਤੀ ਹੂਕਮਤਾਂ ਦੀ ਆਪਣੀ ਨੀਤੀ ਵੀ ਮੁਲਕ ਦੀ ਜਵਾਨੀ ਨੂੰ ਸਾਮਰਾਜੀ ਲੁਟੇਰੇ ਜੰਗੀ ਮਕਸਦਾਂ ਦੀ ਸੇਵਾ ਵਿੱਚ ਝੋਕਣ ਦੀ ਹੀ ਤੁਰੀ ਆ ਰਹੀ ਹੈ। ਇਸ ਪੱਖੋਂ ਭਾਰਤੀ ਰਾਜ ਦਾ 1947 ਦੀ ਤਬਦੀਲੀ ਤੋਂ ਮਗਰੋਂ ਦਾ ਲੰਮਾ ਇਤਿਹਾਸ ਹੈ। ਅਜਿਹੇ ਬਹੁਤ ਮੌਕੇ ਹਨ ਜਦੋਂ ਭਾਰਤ ਦੀਆਂ ਵੱਖ-ਵੱਖ ਸਰਕਾਰਾਂ ਨੇ ਸਾਮਰਾਜੀ ਜੰਗੀ ਮਿਸ਼ਨਾਂ ਲਈ ਭਾਰਤੀ ਫ਼ੌਜ ਦੀਆਂ ਸੇਵਾਵਾਂ ਅਰਪਤ ਕੀਤੀਆਂ ਹਨ। ਸੰਯੁਕਤ ਰਾਸ਼ਟਰ ਦੇ ਸ਼ਾਂਤੀ ਮਿਸ਼ਨਾਂ ਦੇ ਨਾਂ ਹੇਠ ਦੁਨੀਆਂ ਭਰ 'ਚ ਭਾਰਤੀ ਫੌਜੀਆਂ ਨੂੰ ਭੇਜਿਆ ਜਾਂਦਾ ਰਿਹਾ ਹੈ। 

ਸੰਯੁਕਤ ਰਾਸ਼ਟਰ ਦੇ ਨਾਂ ਹੇਠ ਸਾਮਰਾਜੀ ਤਾਕਤਾਂ ਖਾਸ ਕਰਕੇ ਪੱਛਮੀ ਸਾਮਰਾਜੀ ਤਾਕਤਾਂ ਦੁਨੀਆਂ ਭਰ ਦੇ ਮੁਲਕਾਂ ਅੰਦਰ ਫੌਜੀ ਜੰਗੀ ਮੁਹਿੰਮਾਂ 'ਤੇ ਸਵਾਰ ਰਹੀਆਂ ਹਨ ਤੇ ਭਾਰਤ ਦੀਆਂ ਸਰਕਾਰਾਂ ਇਹਨਾਂ ਜੰਗੀ ਮੁਹਿੰਮਾਂ 'ਚ ਭਾਰਤੀ ਫੌਜੀ ਟੁਕੜੀਆਂ ਦੀਆਂ ਸੇਵਾਵਾਂ ਅਰਪਿਤ ਕਰਦੀਆਂ ਰਹੀਆਂ ਹਨ। ਇਹਨਾਂ ਮਿਸ਼ਨਾਂ ਨੂੰ ਸ਼ਾਂਤੀ ਤੇ ਸੁਰੱਖਿਆ ਵਰਗੇ ਵੱਖ ਵੱਖ ਤਰ੍ਹਾਂ ਦੇ ਭਰਮਾਊ ਨਾਂ ਦਿੱਤੇ ਜਾਂਦੇ ਰਹੇ ਹਨ ਪਰ ਤੱਤ ਵਿੱਚ ਇਹ ਕਾਰਵਾਈਆਂ ਪਛੜੇ ਤੇ ਗਰੀਬ ਮੁਲਕਾਂ ਦੇ ਲੋਕਾਂ ਦੀਆਂ ਟਾਕਰਾ ਲਹਿਰਾਂ ਨੂੰ ਕੁਚਲਣ ਵਜੋਂ ਕੀਤੀਆਂ ਜਾਂਦੀਆਂ ਰਹੀਆਂ ਹਨ ਜਾਂ ਸਾਮਰਾਜੀਆਂ ਦੀਆਂ ਕੱਠ-ਪੁਤਲੀ ਹਕੂਮਤਾਂ ਦੀ ਸੁਰੱਖਿਆ ਛਤਰੀ ਵਜੋਂ ਕਾਰਜਸ਼ੀਲ ਰਹੀਆਂ ਹਨ। 1947 'ਚ ਭਾਰਤੀ ਰਾਜ ਬਣਨ ਵੇਲੇ ਤੋਂ ਲੈ ਕੇ ਇਸ ਲੰਮੀ ਸੂਚੀ ਵਿੱਚ 1950 ਤੋਂ 54 'ਚ ਲੜੀ ਗਈ ਕੋਰੀਆ ਜੰਗ , ਫਿਰ 1960 ਤੋਂ 64 ਦਰਮਿਆਨ ਕਾਂਗੋ 'ਚ, ਇਉਂ ਹੀ 1956 ਤੋਂ 67 ਦਰਮਿਆਨ ਮਿਡਲ ਈਸਟ 'ਚ, 1993-94 'ਚ ਹੋਏ ਸੋਮਾਲੀਆ ਦੇ ਫੌਜੀ ਅਪਰੇਸ਼ਨਾਂ 'ਚ ਭਾਰਤੀ ਫ਼ੌਜੀ ਟੁਕੜੀਆਂ ਸ਼ਾਮਿਲ ਰਹੀਆਂ ਹਨ। ਹੁਣ ਵੀ ਭਾਰਤੀ ਫ਼ੌਜਾਂ ਦੀਆਂ ਟੁਕੜੀਆਂ ਲਿਬਨਾਨ, ਗੋਲਾਂ ਹਾਈਟਸ ਅਤੇ ਕਾਂਗੋ 'ਚ ਮੌਜੂਦ ਹਨ। ਲਿਬਨਾਨ ਤੇ ਗੋਲਾਂ ਹਾਈਟਸ ਤਾਂ ਸਿੱਧੇ ਤੌਰ 'ਤੇ ਹੀ ਅਮਰੀਕੀ ਸਾਮਰਾਜੀ ਹੁਕਮਰਾਨਾਂ ਵੱਲੋਂ ਅਰਬ ਜਗਤ ਅੰਦਰ ਮਚਾਈ ਹੋਈ ਤਬਾਹੀ ਹੰਢਾਉਣ ਵਾਲੇ ਖੇਤਰ ਹਨ। ਇਹਨਾਂ ਖੇਤਰਾਂ 'ਚ ਅਮਰੀਕੀ ਇਜ਼ਰਾਇਲੀ ਲੁਟੇਰੇ ਹਿੱਤਾਂ ਦੀ ਸਲਾਮਤੀ ਦੇ ਫ਼ਿਕਰ ਬਣੇ ਹੋਏ ਹਨ। ਅਫ਼ਗਾਨਿਸਤਾਨ ਵਿੱਚ ਅਮਰੀਕੀ ਫ਼ੌਜੀ ਕਬਜ਼ੇ ਦੇ ਦੌਰਾਨ ਵੀ ਭਾਰਤੀ ਫ਼ੌਜਾਂ ਅਮਰੀਕੀ ਸਾਮਰਾਜੀਆਂ ਦੀਆਂ ਫ਼ੌਜਾਂ ਦਾ ਹੱਥ ਵਟਾਉਂਦੀਆਂ ਰਹੀਆਂ ਹਨ। ਚਾਹੇ ਇਹ ਸੇਵਾਵਾਂ ਅਫ਼ਗਾਨਿਸਤਾਨ ਦੀ ਫ਼ੌਜ ਪੁਲਿਸ ਨੂੰ ਟ੍ਰੇਨਿੰਗ ਦੇਣ ਅਤੇ ਨਾਟੋ ਫ਼ੌਜਾਂ ਦੀ  ਆਵਾਜਾਈ ਲਈ ਸੜਕਾਂ ਵਿਛਾਉਣ ਅਤੇ ਹੋਰ ਇੰਤਜ਼ਾਮਾਂ ਤੱਕ ਸੀਮਤ ਸਨ ਪਰ ਤਾਂ ਵੀ ਇਹ ਅਫਗਾਨਿਸਤਾਨ ਤੇ ਮੜ੍ਹੀ ਗਈ ਨਿਹੱਕੀ ਧਾੜਵੀ ਜੰਗ ਵਿੱਚ ਭਾਰਤੀ ਫ਼ੌਜਾਂ ਦਾ ਸਹਿਯੋਗ ਸੀ।

21ਵੀਂ ਸਦੀ ਦੇ ਸ਼ੁਰੂਆਤੀ ਦੌਰ ਤੋਂ ਲੈ ਕੇ ਭਾਰਤੀ ਹੁਕਮਰਾਨਾਂ ਨੇ ਅਮਰੀਕੀ ਸਾਮਰਾਜੀ ਯੁੱਧਨੀਤਕ ਮੰਤਵਾਂ ਨਾਲ ਨੱਥੀ ਹੋਣ ਦਾ ਰਾਹ ਫੜਿਆ ਹੋਇਆ ਹੈ। ਇਸ ਤਹਿਤ ਭਾਰਤ ਨੇ ਅਮਰੀਕਾ ਨਾਲ ਫੌਜੀ ਸੰਧੀਆਂ ਕੀਤੀਆਂ ਹਨ। ਹੁਣ ਮਗਰੋਂ ਕੁਆਡ ਗੱਠਜੋੜ ਵਿੱਚ ਵੀ ਭਾਰਤ ਦੀ ਸ਼ਮੂਲੀਅਤ ਹੈ ਜਿਸ ਵਿੱਚ ਅਮਰੀਕਾ ਤੇ ਆਸਟਰੇਲੀਆ ,ਜਪਾਨ ਵਰਗੇ ਇਸਦੇ ਸਹਿਯੋਗੀ ਮੁਲਕਾਂ ਨਾਲ ਸਾਂਝੀਆਂ ਜੰਗੀ ਮਸ਼ਕਾਂ ਕੀਤੀਆਂ ਜਾਂਦੀਆਂ ਹਨ। ਇਹ ਸਭ ਕੁਝ ਅਮਰੀਕੀ ਸਾਮਰਾਜੀ ਜੰਗਾਂ ਦੀ ਸੇਵਾ ਵਿੱਚ ਭਾਰਤੀ ਫ਼ੌਜਾਂ ਨੂੰ ਝੋਕਣ ਦੀ ਕੀਤੀ ਜਾ ਰਹੀ ਤਿਆਰੀ ਹੀ ਹੈ। ਮੁਲਕ ਨੇ ਸਾਮਰਾਜੀ ਹਿਤਾਂ ਲਈ ਅਜਿਹੀਆਂ ਸੇਵਾਵਾਂ ਭੇਂਟ ਕਰਨ ਦੀ ਕੀਮਤ ਵੱਖ-ਵੱਖ ਪ੍ਰਕਾਰ ਦੇ ਹਮਲੇ ਝੱਲਣ ਰਾਹੀਂ ਵੀ ਤਾਰੀ ਹੈ। ਅਮਰੀਕੀ ਸਾਮਰਾਜੀ ਮਹਾਂ ਸ਼ਕਤੀ ਦੇ ਇਉਂ ਸੇਵਾਦਾਰਾਂ ਵਜੋਂ ਪੇਸ਼ ਹੋਣ ਨਾਲ ਭਾਰਤ ਇਸਲਾਮਿਕ ਟਾਕਰਾ ਸ਼ਕਤੀਆਂ ਦੇ ਨਿਸ਼ਾਨੇ 'ਤੇ ਆਇਆ ਹੈ। 2016 ਵਾਲੇ ਪਠਾਨਕੋਟ ਏਅਰ ਬੇਸ ਹਮਲੇ ਪਿੱਛੇ ਵੀ ਭਾਰਤ ਦੀ ਅਜਿਹੀ ਭੂਮਿਕਾ ਹੀ ਇਕ ਵਜ੍ਹਾ ਬਣੀ ਸੀ। 2008 ਦੇ ਮੁੰਬਈ ਹਮਲੇ ਵੀ ਅਜਿਹੇ ਰੋਲ ਦੀ ਕੀਮਤ ਵਜੋਂ ਹੋਏ ਸਨ।

ਸਾਮਰਾਜੀ ਮੁਲਕਾਂ ਦੀ ਅਜਿਹੀ ਫ਼ੌਜੀ ਸੇਵਾ ਕਰਨ ਦੀ ਭਾਰਤੀ ਦਲਾਲ ਹਾਕਮ ਜਮਾਤਾਂ ਦੀ ਇਹ ਪਹੁੰਚ 47 ਤੋਂ ਵੀ ਪਹਿਲਾਂ ਦੀ ਤੁਰੀ ਆ ਰਹੀ ਹੈ। ਦੋਹੇਂ ਸੰਸਾਰ ਜੰਗਾਂ 'ਚ ਖਾਸ ਕਰਕੇ ਪਹਿਲੀ ਸੰਸਾਰ ਜੰਗ 'ਚ ਮੁਲਕ ਦੀਆਂ ਇਹਨਾਂ ਦਲਾਲ ਜਮਾਤਾਂ ਨੇ ਬਰਤਾਨਵੀ ਫੌਜਾਂ 'ਚ ਮੁਲਕ ਦੀ ਜਵਾਨੀ ਦੀ ਭਰਤੀ ਪੂਰੇ ਜ਼ੋਰ ਸ਼ੋਰ ਨਾਲ ਕਰਵਾਈ ਸੀ। ਭਾਰਤ ਦੀ ਧਰਤੀ ਦੇ ਕਿਰਤੀ ਜਾਏ ਯੂਰਪ ਦੇ ਦੂਰ ਦੁਰਾਡੇ ਦੇ ਮੁਲਕਾਂ 'ਚ ਸਾਮਰਾਜੀ ਤਾਕਤਾਂ ਦੇ ਵਿਚਾਲੇ ਲੜੀਆਂ ਜਾ ਰਹੀਆਂ ਜੰਗਾਂ ਦਾ ਖਾਜਾ ਬਣੇ ਸਨ। ਸਾਮਰਾਜੀਆਂ ਦੀ ਸੇਵਾ ਭਾਵਨਾ ਵਾਲੀ ਇਸ ਵਿਰਾਸਤ ਨੂੰ ਹੁਣ ਵੀ ਭਾਰਤੀ ਹੁਕਮਰਾਨ ਉਚਿਆਉਂਦੇ ਆ ਰਹੇ ਹਨ ਤੇ ਸਾਰਾਗੜ੍ਹੀ ਦੀ ਜੰਗ ਵਿੱਚ ਭੇਂਟ ਚੜ੍ਹੇ ਪੰਜਾਬੀ ਜਵਾਨਾਂ ਦੀ ਬਹਾਦਰੀ ਦੇ ਸੋਹਲੇ ਗਾਉਣ ਦੇ ਨਾਂ ਥੱਲੇ ਇਸ ਨਿਹੱਕੀ ਜੰਗ ਦੇ ਜਸ਼ਨ ਮਨਾਉਂਦੇ ਹਨ। ਸਾਰਾਗੜ੍ਹੀ ਦੀ ਜੰਗ ਦੇ ਦਿਹਾੜੇ ਇਸੇ ਕਰਕੇ ਮਨਾਏ ਜਾਂਦੇ ਹਨ ਤਾਂ ਕਿ ਸਾਮਰਾਜੀ ਜੰਗਾਂ 'ਚ ਸੇਵਾ ਕਰਨ ਦੀ ਇਸ ਵਿਰਾਸਤ ਨੂੰ ਜਿਉਂਦਾ ਰੱਖਿਆ ਜਾ ਸਕੇ, ਅੱਗੇ ਵਧਾਇਆ ਜਾ ਸਕੇ ਤੇ ਅਜੋਕੇ ਸਮੇਂ ਅੰਦਰ ਅਜਿਹੀਆਂ ਸੇਵਾਵਾਂ ਖਾਤਰ ਮੁਲਕ ਦੀ ਜਵਾਨੀ ਨੂੰ ਭਰਮਾਇਆ ਜਾ ਸਕੇ। 

ਹੁਣ ਰੂਸ ਯੂਕਰੇਨ ਜੰਗ ਅੰਦਰ ਮੁਲਕ ਦੇ ਨੌਜਵਾਨਾਂ ਦੀ ਸ਼ਮੂਲੀਅਤ ਦੇ ਮਸਲੇ ਨੂੰ ਸੰਬੋਧਤ ਹੋਣ ਵੇਲੇ ਭਾਰਤੀ ਰਾਜ ਦੀ ਇਸ ਨੀਤੀ ਨੂੰ ਚਰਚਾ ਹੇਠ ਲਿਆਉਣਾ ਚਾਹੀਦਾ ਹੈ ਜਿਸ ਨੀਤੀ ਤਹਿਤ ਭਾਰਤੀ ਫੌਜਾਂ ਸਾਮਰਾਜੀ ਯੁੱਧਨੀਤਕ ਜੰਗੀ ਮਿਸ਼ਨਾਂ ਨਾਲ ਨੱਥੀ ਕੀਤੀਆਂ ਜਾਂਦੀਆਂ ਹਨ। ਰੂਸੀ ਫੌਜ ਵਿੱਚ ਅਜਿਹੀ ਕਿਸੇ ਵੀ ਤਰ੍ਹਾਂ ਦੀ ਭਰਤੀ ਰੋਕਣ ਦੀ ਮੰਗ ਦੇ ਨਾਲ ਨਾਲ ਭਾਰਤੀ ਰਾਜ ਵੱਲੋਂ ਭਾਰਤ ਦੀ ਜਵਾਨੀ ਦਾ ਲਹੂ ਸਾਮਰਾਜੀ ਲੁਟੇਰੇ ਮੰਤਵਾਂ ਖਾਤਰ ਭੇਂਟ ਕਰਨ ਦੀ ਨੀਤੀ ਤਿਆਗਣ ਲਈ ਵੀ ਗੱਲ ਹੋਣੀ ਚਾਹੀਦੀ ਹੈ।

ਸਤੰਬਰ 2025 (ਨਵਾਂ ਜ਼ਮਾਨਾ 'ਚ ਪ੍ਰਕਾਸ਼ਿਤ)

No comments:

Post a Comment