ਪੰਜਾਬ ਅੰਦਰ ਪ੍ਰਵਾਸੀ ਮਜ਼ਦੂਰਾਂ ਖਿਲਾਫ਼ ਪਿਛਾਖੜੀ ਮੁਹਿੰਮ(ਕੁੱਝ ਪੱਖਾਂ ਦੀ ਚਰਚਾ)
1
ਸਤੰਬਰ ਮਹੀਨੇ 'ਚ ਪੰਜਾਬ ਅੰਦਰ ਪ੍ਰਵਾਸੀ ਮਜ਼ਦੂਰਾਂ ਖ਼ਿਲਾਫ਼ ਨਫ਼ਰਤੀ ਤੇ ਭੜਕਾਊ ਮੁਹਿੰਮ ਚਲਾਉਣ ਦੇ ਜ਼ੋਰਦਾਰ ਯਤਨ ਹੋਏ ਹਨ। ਅਜਿਹੇ ਯਤਨ ਪਹਿਲਾਂ ਵੀ ਹੁੰਦੇ ਆ ਰਹੇ ਹਨ ਤੇ ਇੱਕ ਵਾਰ ਫਿਰ ਸੂਬੇ ਅੰਦਰ ਪ੍ਰਵਾਸੀ ਮਜ਼ਦੂਰਾਂ ਨੂੰ ਨਿਸ਼ਾਨਾ ਬਣਾਉਂਦੀ ਪਿਛਾਖੜੀ ਲਾਮਬੰਦੀ ਕਰਨ ਦੀਆਂ ਕੋਸ਼ਿਸ਼ਾਂ ਦਿਖੀਆਂ ਹਨ। ਨਵਾਂ ਸ਼ਹਿਰ ਤੇ ਹੁਸ਼ਿਆਰਪੁਰ ਜ਼ਿਲ੍ਹਿਆਂ 'ਚ ਵਾਪਰੀਆਂ ਦੋ ਘਟਨਾਵਾਂ ਨੂੰ ਪ੍ਰਵਾਸੀ ਮਜ਼ਦੂਰਾਂ ਖ਼ਿਲਾਫ਼ ਨਫਰਤ ਭੜਕਾਉਣ ਅਤੇ “ਭਈਆਂ” ਤੋਂ ਪੰਜਾਬ ਬਚਾਉਣ ਦੇ ਹੋਕਰੇ ਮਾਰਨ ਲਈ ਵਰਤਿਆ ਗਿਆ ਹੈ। ਹੁਸ਼ਿਆਰਪੁਰ 'ਚ ਪ੍ਰਵਾਸੀ ਮਜ਼ਦੂਰ ਵੱਲੋਂ ਅਣਮਨੁੱਖੀ ਕੁਕਰਮ ਕਰਨ ਦੀ ਘਟਨਾ ਨੂੰ ਸਮੁੱਚੇ ਪ੍ਰਵਾਸੀ ਮਜ਼ਦੂਰ ਭਾਈਚਾਰੇ ਖ਼ਿਲਾਫ਼ ਨਫਰਤ ਭੜਕਾਉਣ ਲਈ ਵਰਤਿਆ ਗਿਆ ਹੈ। ਜ਼ਮੀਨੀ ਪੱਧਰ ਨਾਲੋਂ ਇਸ ਭੜਕਾਊ ਮੁਹਿੰਮ ਦਾ ਜ਼ੋਰ ਚਾਹੇ ਸੋਸ਼ਲ ਮੀਡੀਆ 'ਤੇ ਜ਼ਿਆਦਾ ਸੀ ਪਰ ਜ਼ਮੀਨੀ ਪੱਧਰ 'ਤੇ ਵੀ ਪ੍ਰਵਾਸੀ ਮਜ਼ਦੂਰਾਂ ਨੂੰ ਨਿਸ਼ਾਨਾ ਬਣਾਉਣ ਦੇ ਯਤਨ ਹੋਏ ਹਨ। ਕਈ ਥਾਈਂ ਮਜ਼ਦੂਰਾਂ ਨੂੰ ਭਜਾਉਣ ਦੇ ਹੋਕਰੇ ਮਾਰਦੇ ਖੋਰੂ ਪਾਊ ਅਨਸਰ ਇਕੱਠੇ ਹੋਏ ਹਨ ਅਤੇ ਪ੍ਰਵਾਸੀ ਮਜ਼ਦੂਰਾਂ ਨੂੰ ਦਬਕਾਉਣ-ਧਮਕਾਉਣ ਦੀਆਂ ਕੋਸ਼ਿਸ਼ਾਂ ਕੀਤੀਆਂ ਗਈਆਂ ਹਨ। ਚਾਹੇ ਇੱਕ ਵਾਰ ਇਹ ਨਫ਼ਰਤੀ ਗੁਬਾਰ ਖੜ੍ਹਾ ਕਰਨ ਦੀ ਕੋਸ਼ਿਸ਼ ਰੁਕ ਗਈ ਹੈ ਪਰ ਇਸ ਘਟਨਾਕ੍ਰਮ ਨੇ ਇਸ ਭੜਕਾਊ ਮਸਲੇ ਨੂੰ ਉਭਾਰਨ ਤੇ ਕਿਰਤੀ ਲੋਕਾਂ 'ਚ ਪਾਟਕਾਂ ਲਈ ਵਰਤੇ ਜਾਣ ਦੇ ਖਤਰਿਆਂ ਨੂੰ ਉਭਾਰਿਆ ਹੈ।
ਫਿਰਕੂ ਸਿਆਸੀ ਅਨਸਰਾਂ, ਵਿਕਾਊ ਪੱਤਰਕਾਰਾਂ ਤੇ ਮੌਕਾਪ੍ਰਸਤ ਵੋਟ ਸਿਆਸਤਦਾਨਾਂ ਵੱਲੋਂ ਚਲਾਈ ਗਈ ਇਸ ਘੋਰ ਪਿਛਾਖੜੀ ਮੁਹਿੰਮ ਪਿੱਛੇ ਉਹੀ ਵੋਟ ਸਿਆਸਤੀ ਮਨਸੂਬੇ ਕੰਮ ਕਰ ਰਹੇ ਹਨ ਜਿਨ੍ਹਾਂ ਤਹਿਤ ਪਹਿਲਾਂ ਵੀ ਅੰਮ੍ਰਿਤਪਾਲ ਤੇ ਸਾਥੀਆਂ ਨੂੰ ਪੰਜਾਬ ਅੰਦਰ ਸ਼ਿੰਗਾਰ ਕੇ ਲਾਂਚ ਕੀਤਾ ਗਿਆ ਸੀ। ਉਹੀ ਤਾਕਤਾਂ ਇਸ ਮੁਹਿੰਮ 'ਚ ਮੋਹਰੀ ਸਨ ਜਿਹੜੀਆਂ ਇਤਿਹਾਸਕ ਕਿਸਾਨ ਸੰਘਰਸ਼ ਵੇਲੇ ਤੋਂ ਭਾਜਪਾਈ ਕੇਂਦਰੀ ਹਕੂਮਤ ਦੇ ਹੱਥਾਂ 'ਚ ਖੇਡਦੀਆਂ ਆ ਰਹੀਆਂ ਹਨ ਤੇ ਸੂਬੇ ਅੰਦਰ ਲੋਕਾਂ 'ਚ ਧਾਰਮਿਕ, ਜਾਤ-ਪਾਤੀ ਤੇ ਇਲਾਕਾਈ ਪਾਟਕ ਪਾਉਣ ਦੇ ਪਿਛਾਖੜੀ ਫਾਸ਼ੀ ਪ੍ਰੋਜੈਕਟਾਂ ਦਾ ਹੱਥਾ ਬਣਦੀਆਂ ਆ ਰਹੀਆਂ ਹਨ। ਇਤਿਹਾਸਕ ਕਿਸਾਨ ਸੰਘਰਸ਼ ਵੇਲੇ ਵੀ ਨਿਹੰਗ ਜਥੇਬੰਦੀਆਂ ਦੇ ਹਿੱਸੇ ਤੇ ਕੁੱਝ ਅਖੌਤੀ ਨੌਜਵਾਨ ਆਗੂ ਭਾਜਪਾਈ ਵਿਉਂਤਾਂ ਦਾ ਸਿੱਧੇ ਜਾਂ ਅਸਿੱਧੇ ਤੌਰ 'ਤੇ ਹਿੱਸਾ ਸਨ ਜਾਂ ਕਈ ਵਰਤੇ ਗਏ ਸਨ। ਫਿਰਕੂ ਸਿੱਖ ਸਿਆਸਤ 'ਚ ਅਕਾਲੀ ਦਲ ਨੂੰ ਪਛਾੜ ਕੇ ਆਪਣੀ ਥਾਂ ਬਣਾਉਣ ਲਈ ਤਰਲੋਮੱਛੀ ਹੋ ਰਹੇ ਕਈ ਹਿੱਸਿਆਂ ਨੂੰ ਭਾਜਪਾ ਨੇ ਕਿਸਾਨ ਸੰਘਰਸ਼ ਦੌਰਾਨ ਸਿੱਧੇ ਅਸਿੱਧੇ ਢੰਗ ਨਾਲ ਹੱਲਾਸ਼ੇਰੀ ਦੇ ਕੇ, ਸੰਘਰਸ਼ ਨੂੰ ਲੀਹੋਂ ਲਾਹੁਣ ਦਾ ਪ੍ਰੋਜੈਕਟ ਵਿਉਂਤਿਆਂ ਸੀ ਤੇ ਇਸਦਾ ਸਭ ਤੋਂ ਵਿਸ਼ੇਸ਼ ਪ੍ਰਗਟਾਵਾ ਲਾਲ ਕਿਲ੍ਹਾ ਘਟਨਾਕ੍ਰਮ ਸੀ ਜਦੋਂ ਕੇਸਰੀ ਝੰਡਾ ਝੁਲਾਉਣ ਰਾਹੀਂ ਕਿਸਾਨ ਸੰਘਰਸ਼ ਨੂੰ ਵਿਸ਼ੇਸ਼ ਫ਼ਿਰਕੇ ਦਾ ਸੰਘਰਸ਼ ਦਰਸਾਉਣ ਤੇ ਇਸਨੂੰ ਖਾਲਿਸਤਾਨੀ ਕਰਾਰ ਦੇ ਕੇ ਹਮਲੇ ਹੇਠ ਲਿਆਉਣ ਦਾ ਬਹਾਨਾ ਬਣਾਇਆ ਗਿਆ ਸੀ। ਇਹ ਕੋਸ਼ਿਸ਼ਾਂ ਸਾਰੇ ਕਿਸਾਨ ਸੰਘਰਸ਼ ਦੌਰਾਨ ਜਾਰੀ ਰਹੀਆਂ ਸਨ ਜਿਨ੍ਹਾਂ 'ਚ ਤਰਨਤਾਰਨ ਜ਼ਿਲ੍ਹੇ ਤੋਂ ਇੱਕ ਸਧਾਰਨ ਵਿਅਕਤੀ ਲਖਵੀਰ ਸਿੰਘ ਨੂੰ ਸਿੰਘੂ ਬਾਰਡਰ 'ਤੇ ਲਿਆ ਕੇ, ਉਸਤੇ ਬੇ-ਅਦਬੀ ਦਾ ਦੋਸ਼ ਲਾ ਕੇ, ਕਤਲ ਕਰ ਦਿੱਤਾ ਗਿਆ ਸੀ। ਕਿਸਾਨ ਸੰਘਰਸ਼ ਮਗਰੋਂ ਵੀ ਪੰਜਾਬ ਅੰਦਰ ਲਗਾਤਾਰ ਫਿਰਕੂ ਸਿਆਸਤ ਦੇ ਪਸਾਰੇ ਲਈ ਤੇ ਇਸ ਰਾਹੀਂ ਲੋਕ ਲਹਿਰ ਨੂੰ ਪਾੜਨ, ਖਿੰਡਾਉਣ ਤੇ ਸੱਟ ਮਾਰਨ ਦੀਆਂ ਸਾਜਿਸ਼ਾਂ ਘੜੀਆਂ ਜਾ ਰਹੀਆਂ ਹਨ। ਇਹਨਾਂ ਚਾਰ ਸਾਲਾਂ 'ਚ ਇਹਨਾਂ ਸਾਜਿਸ਼ੀ ਘਟਨਾਵਾਂ ਦੀ ਤੇ ਫਿਰਕੂ ਪਾਟਕ ਵਧਾਉਣ ਦੇ ਪ੍ਰਚਾਰ ਵਾਲੇ ਯਤਨਾਂ ਦੀ ਪੂਰੀ ਲੜੀ ਹੈ। ਇਹਨਾਂ ਸਾਜਿਸ਼ਾਂ ਦਾ ਨਿਸ਼ਾਨਾ ਜਿੱਥੇ ਵੋਟਾਂ ਦਾ ਫਿਰਕੂ ਧਰੁਵੀਕਰਨ ਕਰਨਾ ਹੈ ਉੱਥੇ ਜਨਤਕ ਸੰਘਰਸ਼ਾਂ ਨੂੰ ਪਾਟਕਾਂ ਮੂੰਹ ਧੱਕ ਕੇ ਲੀਹੋਂ ਲਾਹੁਣਾ ਹੈ। ਪ੍ਰਵਾਸੀ ਮਜ਼ਦੂਰਾਂ ਖ਼ਿਲਾਫ਼ ਇਹ ਭੜਕਾਊ ਮੁਹਿੰਮ ਵੀ ਏਹਨਾਂ ਤੁਰੇ ਆ ਰਹੇ ਫ਼ਿਰਕੂ ਸਿਆਸੀ ਪ੍ਰੋਜੈਕਟਾਂ ਦੀ ਕੜੀ ਦਾ ਹੀ ਹਿੱਸਾ ਸੀ। ਇਸ ਵਿੱਚ ਵੀ ਉਹੀ ਹਿੱਸੇ ਮੋਹਰੀ ਸਨ ਜਿਹੜੇ ਦਿੱਲੀ ਕਿਸਾਨ ਸੰਘਰਸ਼ ਵੇਲੇ ਭਾਜਪਾ ਦੇ ਹੱਥਾਂ 'ਚ ਖੇਡੇ ਸਨ। ਹੁਣ ਵੀ ਕੇਂਦਰੀ ਭਾਜਪਾਈ ਹਕੂਮਤ ਦੀਆਂ ਹੋਰਨਾਂ ਗਿਣਤੀਆਂ ਦੇ ਨਾਲ-ਨਾਲ ਬਿਹਾਰ ਚੋਣਾਂ ਦੀ ਗਿਣਤੀ ਵੀ ਸ਼ਾਮਿਲ ਸੀ। ਏਥੇ ਪ੍ਰਵਾਸੀ ਮਜ਼ਦੂਰਾਂ ਖ਼ਿਲਾਫ਼ ਮੁਹਿੰਮ ਨੂੰ ਬਿਹਾਰ ਅੰਦਰ ਵਰਤਿਆ ਜਾਣਾ ਸੀ ਤੇ ਹੁਣ ਮੋਦੀ ਨੇ ਚੰਨੀ ਦੇ ਕਿਸੇ ਪੁਰਾਣੇ ਭਾਸ਼ਨ ਦੇ ਹਵਾਲੇ ਨਾਲ ਬਿਹਾਰ ਦੇ ਲੋਕਾਂ ਨੂੰ ਪੰਜਾਬ ਤੋਂ ਭਜਾਏ ਜਾਣ ਦੇ ਦਾਅਵਿਆਂ ਦੀ ਨੁਕਤਾਚੀਨੀ ਕਰਕੇ ਦੱਸ ਦਿੱਤਾ ਹੈ ਕਿ ਪੰਜਾਬ ਅੰਦਰਲੀ ਇਸ ਮੁਹਿੰਮ 'ਚ ਭਾਜਪਾ ਦਾ ਵੀ ਹੱਥ ਸੀ, ਉਹਨਾਂ ਦਾ ਤਾਂ ਸੀ ਹੀ ਜਿਹੜੇ ਇਹਨਾਂ ਭਟਕਾਊ ਮੁੱਦਿਆਂ 'ਤੇ ਸੂਬੇ ਅੰਦਰ ਆਪਣੀ ਵੋਟ ਸਿਆਸਤ ਦੀ ਦੁਕਾਨ ਚਲਾ ਰਹੇ ਹਨ। ਕਈ ਪਾਸਿਆਂ ਨੂੰ ਸੇਧਤ ਇਸ ਤੀਰ ਦਾ ਇੱਕ ਨਿਸ਼ਾਨਾ ਪੰਜਾਬ ਦੀਆਂ ਕਿਸਾਨ ਜਥੇਬੰਦੀਆਂ ਦਾ ਦੂਸਰੇ ਸੂਬਿਆਂ ਦੀਆਂ ਕਿਸਾਨ ਜਥੇਬੰਦੀਆਂ ਨਾਲ ਉਸਰਦਾ ਏਕਾ ਵੀ ਬਣ ਜਾਂਦਾ ਹੈ। ਪੰਜਾਬ ਦੇ ਕਿਸਾਨਾਂ ਨੇ ਇਤਿਹਾਸਕ ਕਿਸਾਨ ਸੰਘਰਸ਼ ਵੇਲੇ ਆਪਣੀ ਅਹਿਮ ਭੂਮਿਕਾ ਕਾਰਨ ਜੋ ਵੱਕਾਰ ਬਣਾਇਆ ਸੀ, ਉਸਨੂੰ ਖੋਰਾ ਪੈਣ ਤੇ ਮੁਲਕ ਦੀ ਕਿਸਾਨੀ 'ਚ ਪਾਟਕ ਪੈਣ ਦਾ ਸਾਧਨ ਵੀ ਬਣ ਜਾਂਦਾ ਹੈ। ਪੰਜਾਬ ਤੋਂ ਬਿਹਾਰ ਜਾਂ ਯੂ.ਪੀ. ਦੇ ਮਜ਼ਦੂਰਾਂ ਨਾਲ ਬਦ-ਸਲੂਕੀ ਦੀਆਂ ਤਸਵੀਰਾਂ ਹੋਰਨਾਂ ਸੂਬਿਆਂ 'ਚ ਪਹੁੰਚਣ ਨੇ ਇਸ ਸਾਂਝ ਨੂੰ ਵੀ ਸੱਟ ਮਾਰਨੀ ਸੀ।
ਮੌਜੂਦਾ ਸਮੇਂ 'ਚ ਇਹ ਯਤਨ ਬਹੁਤੇ ਫ਼ਲ ਨਹੀਂ ਸਕੇ। ਇਸ ਭੜਕਾਊ ਤੇ ਭਰਮਾਊ ਪ੍ਰਚਾਰ ਨੂੰ ਆਮ ਪੰਜਾਬੀ ਸਮਾਜ ਨੇ ਵੱਡਾ ਹੁੰਗਾਰਾ ਨਹੀਂ ਭਰਿਆ, ਤੇ ਪਿਛਾਖੜੀ ਅਨਸਰਾਂ ਵੱਲੋਂ ਵਿਆਪਕ ਲਾਮਬੰਦੀ ਨਹੀਂ ਕੀਤੀ ਜਾ ਸਕੀ। ਇਸ ਪਾਟਕਪਾਊ ਤੇ ਨਫ਼ਰਤੀ ਪ੍ਰਚਾਰ ਖ਼ਿਲਾਫ਼ ਤਸੱਲੀਜਨਕ ਪਹਿਲੂ ਇਹ ਸੀ ਪੰਜਾਬ ਦੇ ਜਮਹੂਰੀ, ਇਨਸਾਫ਼ ਪਸੰਦ ਹਲਕੇ ਤੇ ਜਨਤਕ ਅਧਾਰ ਵਾਲੀਆਂ ਗਿਣਨਯੋਗ ਜਨਤਕ ਜਥੇਬੰਦੀਆਂ ਇਹਨਾਂ ਕੋਸ਼ਿਸ਼ਾਂ ਖ਼ਿਲਾਫ਼ ਖੜ੍ਹੀਆਂ ਹੋਈਆਂ ਹਨ। ਲੋਕਾਂ ਨੂੰ ਇਹਨਾਂ ਪਾਟਕਾਂ ਤੋਂ ਬਚਣ ਦਾ ਸੱਦਾ ਦਿੱਤਾ ਗਿਆ। ਲੋਕ ਪੱਖੀ ਪੱਤਰਕਾਰਾਂ ਦਾ ਅਹਿਮ ਤੇ ਉਸਾਰੂ ਰੋਲ ਬਣਿਆ। ਸੋਸ਼ਲ ਮੀਡੀਆ ਦੇ ਲੋਕ ਪੱਖੀ ਚੈਨਲਾਂ ਨੇ ਭੜਕਾਊ ਕੋਸ਼ਿਸ਼ਾਂ ਦਾ ਪਰਦਾਚਾਕ ਕਰਨ ਤੇ ਮਨੁੱਖਤਾਵਾਦੀ ਸੰਦੇਸ਼ ਉਭਾਰਨ 'ਚ ਅਹਿਮ ਹਿੱਸਾ ਪਾਇਆ। ਬਹੁਤ ਲੋਕਾਂ ਵੱਲੋਂ ਸੋਸ਼ਲ ਮੀਡੀਆ 'ਤੇ ਸਿੱਖ ਧਰਮ ਦੇ ਅਤੇ ਧਾਰਮਿਕ ਵਿਰਸੇ ਦੇ ਮਨੁੱਖਤਾਵਾਦੀ ਪਹਿਲੂ ਦੇ ਹਵਾਲੇ ਨਾਲ ਵੀ ਇਸ ਲੋਕ ਦੋਖੀ ਪੈਂਤੜੇ ਨੂੰ ਕੱਟਿਆ ਗਿਆ। ਹੋਰਨਾਂ ਸੂਬਿਆਂ 'ਚ ਵਸਦੇ ਪੰਜਾਬੀਆਂ ਖ਼ਿਲਾਫ਼ ਤੁਅੱਸਬਾਂ ਦੇ ਫੈਲਰਨ ਤੇ ਉਹਨਾਂ ਲਈ ਸੰਕਟ ਖੜ੍ਹੇ ਹੋਣ ਦੀਆਂ ਦਲੀਲਾਂ ਵੀ ਉੱਭਰੀਆਂ ਤੇ ਹੋਰਨਾਂ ਸੂਬਿਆਂ 'ਚ ਵਸਦੇ ਪੰਜਾਬੀਆਂ ਨੇ ਵੀ ਸੋਸ਼ਲ ਮੀਡੀਆ ਰਾਹੀਂ ਅਜਿਹੇ ਫਿਕਰ ਸਰੋਕਾਰ ਸਾਂਝੇ ਕੀਤੇ। ਪ੍ਰਵਾਸੀ ਮਜ਼ਦੂਰਾਂ ਤੋਂ ਪੰਜਾਬੀ ਸਮਾਜ ਨੂੰ ਖਤਰੇ ਦੀ ਦੁਹਾਈ ਨੂੰ ਭਰਮਾਊ ਕਰਾਰ ਦਿੱਤਾ ਗਿਆ। ਪਰ ਇਸਦੇ ਬਾਵਜੂਦ ਇਸ ਮਸਲੇ ਦੇ ਇਉਂ ਉੱਭਰਨ ਨਾਲ ਭੜਕਾਊ ਲਾਮਬੰਦੀਆਂ ਦੇ ਖਤਰਿਆਂ ਦੇ ਸੰਕੇਤ ਮਿਲਦੇ ਹਨ ਕਿ ਲੋਕਾਂ ਅੰਦਰ ਇਹਨਾਂ ਪਾਟਕਾਂ ਨੂੰ ਹਵਾ ਦਿੱਤੀ ਜਾ ਸਕਦੀ ਹੈ ਅਤੇ ਪ੍ਰਵਾਸੀ ਮਜ਼ਦੂਰਾਂ ਖਿਲਾਫ਼ ਪਿਛਾਖੜੀ ਲਾਮਬੰਦੀਆਂ ਕੀਤੀਆਂ ਜਾ ਸਕਦੀਆਂ ਹਨ।
ਅਜਿਹੀਆਂ ਭਟਕਾਊ ਤੇ ਪਾਟਕਪਾਊ ਮੁਹਿੰਮਾਂ ਸਿਰਫ਼ ਸਾਜਿਸ਼ਾਂ ਦੀਆਂ ਹੀ ਮੁਥਾਜ ਨਹੀਂ ਹਨ, ਲੋਕਾਂ ਅੰਦਰ ਇਹਨਾਂ ਪਾਟਕਾਂ ਲਈ ਜ਼ਮੀਨ ਮੌਜੂਦ ਹੈ। ਸਮਾਜ ਅੰਦਰ ਡੂੰਘੇ ਤੇ ਤਿੱਖੇ ਹੋ ਰਹੇ ਚੌ-ਤਰਫੇ ਸੰਕਟਾਂ ਕਰਕੇ ਆਮ ਰੂਪ 'ਚ ਹੀ ਰੋਸ ਤੇ ਬੇਚੈਨੀ ਦਾ ਪਸਾਰਾ ਹੋ ਰਿਹਾ ਹੈ। ਲੁਟੇਰੀਆਂ ਜਮਾਤਾਂ ਵੱਲੋਂ ਤੇਜ਼ ਕੀਤੀ ਜਾ ਰਹੀ ਕਿਰਤੀ ਜਮਾਤਾਂ ਦੀ ਲੁੱਟ-ਖਸੁੱਟ ਨੇ ਸਮਾਜ ਦੇ ਸੰਕਟਾਂ ਨੂੰ ਨਵੇਂ ਪਸਾਰ ਦਿੱਤੇ ਹਨ। ਮੌਜੂਦਾ ਸਮਾਜ ਆਰਥਿਕ ਸੰਕਟਾਂ ਤੋਂ ਅੱਗੇ ਸਮਾਜਿਕ ਸੱਭਿਆਚਾਰ ਸੰਕਟਾਂ ਦੀ ਮਾਰ 'ਚ ਹੈ। ਅਸੁਰੱਖਿਅਤਾ ਦਾ ਮਾਹੌਲ ਵਿਆਪਕ ਹੈ। ਅਸੁਰੱਖਿਅਤਾ ਦਾ ਮਾਹੌਲ ਤਾਂ ਸਮਾਜ ਦੇ ਮੱਧ ਵਰਗਾਂ ਦੀ ਉੱਪਰਲੀ ਕੰਨੀ ਤੱਕ ਵੀ ਅਸਰ-ਅੰਦਾਜ਼ ਕਰ ਰਿਹਾ ਹੈ। ਸਮਾਜ ਦੀਆਂ ਸਭ ਤੋਂ ਹੇਠਲੀਆਂ ਪਰਤਾਂ ਤਾਂ ਬੁਰੀ ਤਰ੍ਹਾਂ ਦੱਬੀਆਂ ਕੁਚਲੀਆਂ ਜਾ ਰਹੀਆਂ ਹਨ। ਨਵੀਆਂ ਆਰਥਿਕ ਨੀਤੀਆਂ ਦੀ ਮਾਰ ਤੋਂ ਮਗਰੋਂ ਤਾਂ ਰੁਜ਼ਗਾਰ ਦੇ ਮੌਕੇ ਬੁਰੀ ਤਰ੍ਹਾਂ ਸੁੰਗੜੇ ਹਨ। ਬੇਰੁਜ਼ਗਾਰੀ ਵਿਆਪਕ ਹੈ। ਇਹਨਾਂ ਹਾਲਤਾਂ 'ਚ ਹਾਕਮ ਜਮਾਤਾਂ ਲੋਕ ਬੇਚੈਨੀ ਤੇ ਰੋਹ ਨੂੰ ਕੋਈ ਨਾ ਕੋਈ ਅਜਿਹਾ ਮੂੰਹਾਂ ਦੇਣ ਦੀ ਕੋਸ਼ਿਸ਼ ਕਰਦੀਆਂ ਹਨ ਜੀਹਦੇ ਨਾਲ ਲੋਕ ਜਮਾਤੀ ਲੁੱਟ-ਖਸੁੱਟ ਨੂੰ ਪਛਾਨਣ ਤੋਂ ਉੱਕ ਜਾਣ। ਫਿਰਕਾਪ੍ਰਸਤੀ ਤੇ ਜਾਤ-ਪਾਤੀ ਪਾਟਕਾਂ ਨੂੰ ਉਭਾਰਨ ਤੋਂ ਇਲਾਵਾ ਪ੍ਰਵਾਸੀਆਂ ਤੋਂ ਸਥਾਨਕ ਮਜ਼ਦੂਰਾਂ ਨੂੰ ਖਤਰੇ ਦਰਸਾਉਂਣਾ ਵੀ ਹੁਣ ਹਾਕਮ ਜਮਾਤਾਂ ਕੋਲ ਇੱਕ ਭਟਕਾਊ ਹਥਿਆਰ ਬਣਿਆ ਤੁਰਿਆ ਆ ਰਿਹਾ ਹੈ। ਉਂਝ ਇਹ ਇਸ ਵੇਲੇ ਸੰਸਾਰ ਦੀ ਪਿਛਾਖੜੀ ਸਿਆਸਤ 'ਚ ਹੀ ਪ੍ਰਚਲਿਤ ਹੋ ਰਿਹਾ ਪੈਂਤੜਾ ਹੈ ਜਿਹੜਾ ਸਥਾਨਕ ਤੇ ਪ੍ਰਵਾਸੀ ਮਜ਼ਦੂਰਾਂ 'ਚ ਟਕਰਾਅ ਖੜ੍ਹੇ ਕਰਨ ਰਾਹੀਂ ਫਾਸ਼ੀ ਰੁਝਾਨਾਂ ਨੂੰ ਉਭਾਰਨ ਦਾ ਜ਼ਰੀਆ ਬਣ ਰਿਹਾ ਹੈ। ਯੂਰਪ ਦੇ ਵਿਕਸਿਤ ਪੂੰਜੀਵਾਦੀ ਤੇ ਸਾਮਰਾਜੀ ਮੁਲਕਾਂ 'ਚ ਪ੍ਰਵਾਸੀ ਕਿਰਤੀਆਂ ਖ਼ਿਲਾਫ਼ ਪਿਛਲੇ ਸਾਲਾਂ ਤੋਂ ਅਜਿਹਾ ਹੀ ਨਫ਼ਰਤੀ ਤੇ ਭੜਕਾਊ ਪ੍ਰਚਾਰ ਚਲਾਇਆ ਜਾ ਰਿਹਾ ਹੈ ਤੇ ਤਿੱਖੇ ਹੋ ਰਹੇ ਸੰਕਟਾਂ 'ਚੋਂ ਸੱਜੇ ਪੱਖੀ ਸਿਆਸਤਦਾਨਾਂ ਦਾ ਹੋ ਰਿਹਾ ਉਭਾਰ ਅਜਿਹਾ ਹੀ ਮੁੱਦੇ ਉਭਾਰ ਰਿਹਾ ਹੈ। ਸਾਡੇ ਮੁਲਕ ਅੰਦਰ ਤਾਂ ਪਹਿਲਾਂ ਹੀ ਕਈ ਵੰਨਗੀਆਂ ਦੀ ਘੋਰ ਪਿਛਾਖੜੀ ਸਿਆਸਤ ਦਾ ਬੋਲਬਾਲਾ ਹੈ ਤੇ ਅਜਿਹੇ ਹਾਲਤਾਂ 'ਚ ਇੱਕ ਸੂਬੇ ਤੋਂ ਰੁਜ਼ਗਾਰ ਲਈ ਦੂਜੇ ਸੂਬੇ 'ਚ ਜਾਂਦੇ ਕਿਰਤੀਆਂ ਨੂੰ ਰੁਜ਼ਗਾਰ ਖੋਹਣ ਦੇ ਦੋਸ਼ੀਆਂ ਵਜੋਂ ਦਿਖਾਉਣਾ ਸੌਖਾ ਹੀ ਹੈ ਕਿਉਂਕਿ ਰੁਜ਼ਗਾਰ ਦੀ ਤੋਟ ਵਿਆਪਕ ਹੈ। ਹੋਰਨਾਂ ਇਲਾਕਿਆਂ ਤੋਂ ਆ ਕੇ ਵਸੇ ਲੋਕਾਂ ਨੂੰ ਸਥਾਨਕ ਪਛਾਣ ਲਈ ਓਪਰੇ ਤੇ ਖਤਰਾ ਕਰਾਰ ਦੇ ਕੇ ਨਿਸ਼ਾਨਾ ਬਣਾਉਣ ਦਾ ਰੁਝਾਨ ਵੀ ਮੁਲਕ ਅੰਦਰ ਜ਼ੋਰ ਫੜ੍ਹ ਰਿਹਾ ਹੈ ਜਿਸਨੂੰ ਭਾਜਪਾਈ ਹਕੂਮਤ ਤੇ ਹਿੰਦੂਤਵਾ ਤਾਕਤਾਂ ਨੇ ਵਿਸ਼ੇਸ਼ ਤਿੱਖ ਦਿੱਤੀ ਹੈ। ਭਾਜਪਾ ਤੇ ਹਿੰਦੂਤਵੀ ਫਿਰਕੂ ਫਾਸ਼ੀ ਤਾਕਤਾਂ ਵੱਲੋਂ ਮੁਲਕ ਅੰਦਰ ਬੰਗਲਾਦੇਸ਼ੀ 'ਘੁਸਪੈਠੀਆਂ” ਦਾ ਮੁੱਦਾ ਉਭਾਰਿਆ ਗਿਆ ਹੈ ਤੇ ਇਸ ਆੜ ਹੇਠ ਮਹਾਂਰਾਸ਼ਟਰ ਅੰਦਰ ਬੰਗਾਲੀ ਲੋਕਾਂ ਨੂੰ ਗ੍ਰਿਫ਼ਤਾਰੀਆਂ ਤੇ ਕੁੱਟਮਾਰ ਦਾ ਨਿਸ਼ਾਨਾ ਬਣਾਇਆ ਗਿਆ ਹੈ। ਮਹਾਂਰਾਸ਼ਟਰ ਅੰਦਰ ਹੀ ਸ਼ਿਵ ਸੈਨਾ ਤੇ ਨਵ-ਨਿਰਮਾਣ ਸੈਨਾ ਵਰਗੀਆਂ ਫ਼ਿਰਕੂ ਜਥੇਬੰਦੀਆਂ ਵੱਲੋਂ ਯੂ.ਪੀ. ਤੇ ਬਿਹਾਰ ਤੋਂ ਕੰਮ ਲਈ ਗਏ ਮਜ਼ਦੂਰਾਂ ਦੀ ਕੁੱਟਮਾਰ ਦੀਆਂ ਕਾਰਵਾਈਆਂ ਕੀਤੀਆਂ ਜਾਂਦੀਆਂ ਰਹੀਆਂ ਹਨ। ਅਜਿਹੀ ਵੰਨਗੀ ਦੀ ਸਿਆਸਤ ਉਭਾਰਨ ਲਈ ਪੰਜਾਬ ਅੰਦਰ ਵੀ ਹਾਲਤ ਜਰਖੇਜ਼ ਹੈ। ਪੰਜਾਬੀ ਸਮਾਜ ਵੀ ਡੂੰਘੇ ਤੇ ਬਹੁ-ਪਰਤੀ ਸੰਕਟਾਂ ਦੀ ਲਪੇਟ 'ਚ ਹੈ। ਅਜਿਹੇ ਵੇਲੇ ਲੋਕਾਂ ਨੂੰ ਇਹਨਾਂ ਸੰਕਟਾਂ ਤੇ ਸਮੱਸਿਆਵਾਂ ਦੇ ਅਸਲ ਕਾਰਨ ਵਜੋਂ ਮੌਜੂਦਾ ਲੁਟੇਰੇ ਨਿਜ਼ਾਮ ਤੇ ਇਸਦੀਆਂ ਹਕੂਮਤਾਂ ਨੂੰ ਟਿੱਕਣ ਦੀ ਜ਼ਰੂਰਤ ਹੈ ਜਦਕਿ ਹਾਕਮ ਜਮਾਤਾਂ ਅਜਿਹਾ ਨਿਸ਼ਾਨਾ ਖੁੰਝਾਉਣ ਲਈ ਤਰ੍ਹਾਂ-ਤਰ੍ਹਾਂ ਦੇ ਪੈਂਤੜੇ ਵਰਤ ਰਹੀਆਂ ਹਨ। ਪੰਜਾਬ ਦੇ ਲੋਕਾਂ ਨੂੰ ਉਹਨਾਂ ਦੇ ਸੰਕਟਾਂ ਤੇ ਸਮੱਸਿਆਵਾਂ ਦੀ ਜੜ੍ਹ ਵਜੋਂ ਪ੍ਰਵਾਸੀ ਮਜ਼ਦੂਰਾਂ ਦੀ ਆਮਦ ਨੂੰ ਜਿੰਮੇਵਾਰ ਦਰਸਾਉਣਾ ਅਜਿਹਾ ਹੀ ਪਾਟਕਪਾਊ ਪੈਂਤੜਾ ਹੈ ਜਿਸਦੀਆਂ ਪੰਜਾਬ ਅੰਦਰ ਕਿਰਤੀ ਲੋਕਾਂ ਦੇ ਏਕੇ ਦੇ ਖੰਡਿਤ ਹੋਣ ਪੱਖੋਂ ਗੰਭੀਰ ਅਰਥ-ਸੰਭਾਵਨਾਵਾਂ ਬਣਦੀਆਂ ਹਨ।
ਲੋਕਾਂ 'ਚ ਪਾਟਕ ਦੇ ਪੱਖ ਤੋਂ ਇਸਦਾ ਸਭ ਤੋਂ ਖਤਰਿਆਂ ਵਾਲਾ ਖੇਤਰ ਪੰਜਾਬ ਦੇ ਖੇਤ ਮਜ਼ਦੂਰ ਬਣਦੇ ਹਨ ਜੋ ਇਸ ਵੇਲੇ ਡਾਢੀਆਂ ਮੁਸ਼ਕਿਲਾਂ 'ਚੋਂ ਗੁਜ਼ਰ ਰਹੇ ਹਨ। ਪ੍ਰਵਾਸੀ ਮਜ਼ਦੂਰਾਂ ਦੀ ਆਮਦ ਆਮ ਕਰਕੇ ਖੇਤੀ ਸਮੇਤ ਉਹਨਾਂ ਧੰਦਿਆਂ 'ਚ ਹੈ ਜਿਨ੍ਹਾਂ 'ਚ ਖੇਤ ਮਜ਼ਦੂਰ ਤੇ ਦਲਿਤ ਹਿੱਸੇ ਰੁਜ਼ਗਾਰ ਯਾਫਤਾ ਹਨ। ਅਖੌਤੀ ਹਰੇ ਇਨਕਲਾਬ ਦੀ ਮਾਰ ਤੋਂ ਮਗਰੋਂ ਖੇਤੀ ਖੇਤਰ 'ਚ ਕੰਮ ਬਹੁਤ ਸੁੰਗੜ ਗਿਆ ਹੈ। ਰੰਗ ਰੋਗਨ, ਮਾਰਬਲ ਤੇ ਟਾਇਲਾਂ ਲਾਉਣ ਸਮੇਤ ਕਈ ਤਰ੍ਹਾਂ ਦੇ ਹੁੰਨਰਮੰਦ ਕੰਮ ਵੀ ਪ੍ਰਵਾਸੀ ਮਜ਼ਦੂਰਾਂ ਨੇ ਸਾਂਭ ਲਏ ਹਨ। ਨੀਵੀਆਂ ਉਜਰਤਾਂ ਅਤੇ ਔਖੀਆਂ ਕੰਮ ਹਾਲਤਾਂ 'ਚ ਕੰਮ ਕਰਨ ਦੀ ਇਹਨਾਂ ਦੀ ਮਜ਼ਬੂਰੀ ਇਹਨਾਂ ਨੂੰ ਮਾਲਕਾਂ ਦੀ ਪਹਿਲੀ ਪਸੰਦ ਬਣਾ ਦਿੰਦੀ ਹੈ। .., ਦਿਹਾੜੀ ਦੱਬਣ ਜਾਂ ਹੋਰ ਅਣਮਨੁੱਖੀ ਸਲੂਕ ਰਾਹੀਂ ਜ਼ਿਆਦਾ ਕਿਰਤ ਨਿਚੋੜਨ ਪੱਖੋਂ ਵੀ ਇਹ ਸੁਖਾਲੀ ਥਾਂ ਬਣਦੇ ਹਨ। ਇਹਨਾਂ ਹਾਲਤਾਂ 'ਚ ਸੂਬੇ ਦੇ ਮਜ਼ਦੂਰਾਂ ਲਈ ਪ੍ਰਵਾਸੀ ਮਜ਼ਦੂਰਾਂ ਨੂੰ ਰੁਜ਼ਗਾਰ ਮੌਕੇ ਖੋਹਣ ਵਾਲੇ ਦੁਸ਼ਮਣਾਂ ਵਜੋਂ ਪੇਸ਼ ਕਰਨਾ ਸੌਖਾ ਹੈ। ਏਹ ਖੇਤਰ ਅਜਿਹੇ ਪਾਟਕਾਂ ਦੇ ਉੱਭਰਨ ਤੇ ਕਿਰਤੀ ਏਕੇ 'ਚ ਪਾਟਕ ਪਾਉਣ ਦੇ ਖਤਰੇ ਸਮੋਈ ਬੈਠਾ ਹੈ। ਪੰਜਾਬੀ ਬੋਲੀ, ਸੱਭਿਆਚਾਰ ਜਾਂ ਸਿੱਖ ਧਰਮ ਨੂੰ ਖਤਰੇ ਦੇ ਭਰਮਾਊ ਬਿਰਤਾਂਤ ਵੱਡੀਆਂ ਪਿਛਾਖੜੀ ਲਾਮਬੰਦੀਆਂ ਦਾ ਸਾਧਨ ਬਣਾਉਂਣੇ ਔਖੇ ਹਨ, ਖਾਸ ਕਰਕੇ ਖੇਤ ਮਜ਼ਦੂਰਾਂ ਅੰਦਰ ਇਹਨਾਂ ਭਰਮਾਊ ਬਿਰਤਾਤਾਂ ਦੀ ਅਸਰਕਾਰੀ ਸੀਮਤ ਹੀ ਰਹਿੰਦੀ ਹੈ ਜਦ ਕਿ ਸੂਬੇ ਦੇ ਖੇਤ ਮਜ਼ਦੂਰਾਂ ਤੇ ਸਨਅਤੀ ਮਜ਼ਦੂਰਾਂ ਨੂੰ ਪ੍ਰਵਾਸੀ ਮਜ਼ਦੂਰਾਂ ਖ਼ਿਲਾਫ਼ ਭੜਕਾਉਣਾ ਮੁਕਾਬਲਤਨ ਸੌਖਾ ਹੈ ਕਿਉਂਕਿ ਰੁਜ਼ਗਾਰ ਦੀ ਤੋਟ ਮਜ਼ਦੂਰਾਂ ਅੰਦਰ ਪਹਿਲਾਂ ਹੀ ਬੇਚੈਨੀ ਨੂੰ ਤਿੱਖੀ ਕਰ ਰਹੀ ਹੈ। ਇਸ ਹਾਲਤ 'ਚ ਪੰਜਾਬ ਅੰਦਰ ਮਜ਼ਦੂਰਾਂ ਨੂੰ ਅਜਿਹੀਆਂ ਭਟਕਾਊ ਲਾਮਬੰਦੀਆਂ ਰਾਹ ਤੋਰਨ ਦਾ ਖਤਰਾ ਮੌਜੂਦ ਹੈ। ਇਹ ਪੰਜਾਬ ਦਾ ਮਜ਼ਦੂਰ ਵਰਗ ਹੀ ਹੈ ਜਿੱਥੇ ਭਾਜਪਾ ਵਿਸ਼ੇਸ਼ ਕਰਕੇ ਸਿਆਸੀ ਪੈਰ ਧਰਾਅ ਕਰਨ ਲਈ ਵਿਉਂਤਾਂ ਘੜਦੀ ਆ ਰਹੀ ਹੈ। ਖੇਤੀ ਕਾਨੂੰਨਾਂ ਰਾਹੀਂ ਕਿਸਾਨੀ ਖਿਲਾਫ਼ ਭੜਕਾਉਣ ਦੀਆਂ ਕੋਸ਼ਿਸ਼ਾਂ ਕੀਤੀਆਂ ਗਈਆਂ ਸਨ ਤੇ ਇਹ ਕੋਸ਼ਿਸ਼ਾਂ ਹੁਣ ਵੀ ਜਾਰੀ ਹਨ।
ਇਸ ਲਈ ਖੇਤ ਮਜ਼ਦੂਰਾਂ ਤੇ ਸਨਅਤੀ ਮਜ਼ਦੂਰਾਂ 'ਚ ਸਰਗਰਮ ਇਨਕਲਾਬੀ ਤੇ ਲੋਕ ਪੱਖੀ ਸ਼ਕਤੀਆਂ ਨੂੰ ਇਹਨਾਂ ਸੰਭਾਵੀ ਖਤਰਿਆਂ ਨੂੰ ਅੰਗਣਾ ਚਾਹੀਦਾ ਹੈ ਤੇ ਇਹਨਾਂ ਪਾਟਕਾਂ ਤੇ ਭੜਕਾਊ ਲਾਮਬੰਦੀਆਂ ਦੇ ਖਤਰਿਆਂ ਤੋਂ ਪੇਸ਼ਬੰਦੀਆਂ ਕਰਨੀਆਂ ਚਾਹੀਦੀਆਂ ਹਨ। ਇਹਨਾਂ ਵਰਗਾਂ ਨੂੰ ਵਿਸ਼ੇਸ਼ ਕਰਕੇ ਅਜਿਹੇ ਭਟਕਾ ਤੋਂ ਬਚਣ ਲਈ ਚੇਤਨ ਕੀਤਾ ਜਾਣਾ ਚਾਹੀਦਾ ਹੈ। ਜ਼ਿੰਦਗੀਆਂ ਦੀਆਂ ਦੁਸ਼ਵਾਰੀਆਂ ਤੇ ਬੇ-ਰੁਜ਼ਗਾਰੀ ਦੇ ਸੰਕਟਾਂ ਲਈ ਜਿੰਮੇਵਾਰ ਜਮਾਤੀ ਦੁਸ਼ਮਣਾਂ ਦੀ ਪਛਾਣ ਕਰਨ ਤੇ ਰੋਸ ਨੂੰ ਇਸ ਲੁਟੇਰੇ ਨਿਜ਼ਾਮ ਖ਼ਿਲਾਫ਼ ਸੇਧਤ ਕਰਨ ਲਈ ਤਿਆਰ ਕਰਨਾ ਚਾਹੀਦਾ ਹੈ। ਉਂਝ ਤਾਂ ਕਿਸਾਨਾਂ ਸਮੇਤ ਸਮੁੱਚੇ ਪੰਜਾਬੀ ਸਮਾਜ ਅੰਦਰ ਹੀ ਇਸ ਮੁੱਦੇ ਬਾਰੇ ਸਹੀ ਜਮਾਤੀ ਤੇ ਭਾਈਚਾਰਕ ਪਹੁੰਚ ਦਾ ਸੰਚਾਰ ਕਰਨ ਦੀ ਜ਼ਰੂਰਤ ਹੈ ਪਰ ਮਜ਼ਦੂਰ ਜਮਾਤ ਅੰਦਰ (ਸਮੇਤ ਖੇਤ ਮਜ਼ਦੂਰਾਂ) ਅਜਿਹੀ ਜ਼ਰੂਰਤ ਵਿਸ਼ੇਸ਼ ਕਰਕੇ ਹੈ। ਖੇਤ ਮਜ਼ਦੂਰਾਂ ਦੀ ਜਮਾਤ ਤਬਕੇ ਦੇ ਅੰਗ ਵਜੋਂ ਪ੍ਰਵਾਸੀ ਮਜ਼ਦੂਰਾਂ ਨੂੰ ਸੰਬੋਧਿਤ ਹੋਣ, ਉਹਨਾਂ ਨਾਲ ਜਮਾਤੀ ਸਾਂਝ ਦਾ ਰਿਸ਼ਤਾ ਉਸਾਰਨ ਦੀ ਪਹੁੰਚ ਅਪਣਾਉਣ ਦੀ ਲੋੜ ਹੈ।
2.
ਪ੍ਰਵਾਸੀ ਮਜ਼ਦੂਰਾਂ ਖ਼ਿਲਾਫ਼ ਸੂਬੇ ਅੰਦਰ ਚਲਾਈ ਗਈ ਪਿਛਾਖੜੀ ਮੁਹਿੰਮ 'ਚ ਤਰ੍ਹਾਂ-ਤਰ੍ਹਾਂ ਦੇ ਤਰਕ-ਕੁਤਰਕ ਦਿੱਤੇ ਗਏ ਹਨ। ਹੋਰਨਾਂ ਕਈ ਭਰਮਾਊ ਦਾਅਵਿਆਂ ਦਰਮਿਆਨ ਇੱਕ ਦਲੀਲ ਸੂਬੇ ਦੀ ਸੱਭਿਆਚਾਰਕ ਪਛਾਣ ਨੂੰ ਖਤਰੇ ਦੀ ਦੱਸੀ ਜਾ ਰਹੀ ਹੈ ਜਿਹੜੀ ਕਈ ਜਮਹੂਰੀ ਤੇ ਇਨਸਾਫਪਸੰਦ ਸੋਚਣੀ ਵਾਲੇ ਹਿੱਸਿਆਂ ਨੂੰ ਵੀ ਪ੍ਰਭਾਵਿਤ ਕਰਦੀ ਹੈ। ਜਦਕਿ ਹਕੀਕਤ ਅਜਿਹੀ ਨਹੀਂ ਹੈ। ਇਸ ਖਾਤਰ ਮੁਲਕ ਦੇ ਕੁੱਝ ਸੂਬਿਆਂ ਅੰਦਰ ਕੁੱਝ ਵਿਸ਼ੇਸ ਤਰ੍ਹਾਂ ਦੀਆਂ ਰੋਕਾਂ ਦਾ ਜ਼ਿਕਰ ਵੀ ਕੀਤਾ ਜਾਂਦਾ ਹੈ। ਪੰਜਾਬ ਅੰਦਰ ਇਸ ਮੁੱਦੇ ਨੂੰ ਠੋਸ ਹਕੀਕਤ ਦੇ ਅਧਾਰ 'ਤੇ ਦੇਖਿਆ ਜਾਣਾ ਚਾਹੀਦਾ ਹੈ।
ੱਭਿਆਚਾਰਕ ਪਛਾਣ ਨੂੰ ਖਤਰੇ ਬਾਰੇ ਇੱਕ ਆਮ ਪਹਿਲੂ ਤਾਂ ਇਹ ਹੈ ਕਿ ਦੁਨੀਆਂ ਦੇ ਆਮ ਵਿਕਾਸ ਵਹਿਣ ਅਨੁਸਾਰ ਸੱਭਿਆਚਰਕ ਪਛਾਣਾਂ ਇੱਕ ਦੂਜੇ ਸੱਭਿਆਚਾਰ ਨਾਲ ਜੁੜ ਕੇ ਨਵੇਂ-ਨਵੇਂ ਰੂਪ ਧਾਰਨ ਕਰਦੀਆਂ ਰਹਿੰਦੀਆਂ ਹਨ। ਪਰਵਾਸ ਕਾਰਨ ਇੱਕ ਥਾਂ ਤੋਂ ਦੂਜੀ ਥਾਂ ਜਾਣ ਵਾਲੇ ਕਿਰਤੀ ਉਹਨਾਂ ਸਮਾਜਾਂ ਦਾ ਹਿੱਸਾ ਹੋ ਜਾਂਦੇ ਹਨ ਤੇ ਕਿਸੇ ਹੱਦ ਤੱਕ ਉਹਨਾਂ ਸਮਾਜਾਂ 'ਚ ਆਪਣੀਆਂ ਰਹੁ-ਰੀਤਾਂ ਤੇ ਹੋਰ ਸੱਭਿਆਚਰਕ ਜੀਵਨ ਢੰਗਾਂ ਦਾ ਸੰਚਾਰ ਵੀ ਕਰਦੇ ਹਨ। ਇਉਂ ਲੰਮੇ ਦੌਰਾਂ 'ਚ ਸਮਾਜ ਨਵੇਂ ਰੂਪਾਂ 'ਚ ਢਲਦੇ ਜਾਂਦੇ ਹਨ। ਮਨੁੱਖ ਦਾ ਯੁੱਗਾਂ ਤੋਂ ਹੋ ਰਿਹਾ ਵਿਕਾਸ ਇਉਂ ਹੀ ਅੱਗੇ ਤੁਰਿਆ ਹੈ। ਪੰਜਾਬ ਦੀ ਇਸ ਧਰਤੀ 'ਤੇ ਹਜ਼ਾਰਾਂ ਸਾਲਾਂ ਤੋਂ ਆਉਂਦੇ ਤੇ ਵਸਦੇ ਕਬੀਲੇ ਏਸ ਭੂਗੋਲ ਤੇ ਵਾਤਾਵਰਣ ਅਨੁਸਾਰ ਜ਼ਿੰਦਗੀ ਗੁਜਾਰਦੇ ਤੇ ਚੱਲਦੇ ਆਏ ਹਨ ਤੇ ਪੰਜਾਬੀ ਸਮਾਜ ਵੀ ਇਉਂ ਲੰਮੇ ਦੌਰ 'ਚ ਵਿਗਸਿਆ ਤੇ ਮੌਜੂਦਾ ਸਰੂਪ 'ਚ ਢਲਿਆ ਤੇ ਸਿਰਜਿਆ ਗਿਆ ਹੈ।
ਕਈ ਵਾਰ ਆਬਾਦੀ ਦੇ ਤੇਜ਼ੀ ਨਾਲ ਹੁੰਦੇ ਵੱਡੇ ਤਬਾਦਲਿਆਂ ਕਾਰਨ ਸਮਾਜਿਕ-ਸਭਿਆਚਾਰਕ ਸੰਕਟ ਵੀ ਪੈਦਾ ਹੁੰਦੇ ਹਨ। ਟਕਰਾਅ ਦੇ ਹਾਲਤ ਵੀ ਬਣਦੇ ਹਨ। ਕਿਸੇ ਉਜਾੜੇ ਕਾਰਨ ਜਾਂ ਹੋਰਨਾਂ ਕਾਰਨਾਂ ਕਰਕੇ ਵੱਡੀ ਪੱਧਰ 'ਤੇ ਹੁੰਦੇ ਪ੍ਰਵਾਸ ਸਥਾਨਕ ਬਾਸ਼ਿੰਦਿਆਂ ਲਈ ਕਈ ਤਰ੍ਹਾਂ ਦੀਆਂ ਉਲਝਣਾਂ ਪੈਦਾ ਕਰਦੇ ਹਨ। ਅਜਿਹੇ ਵੇਲੇ ਸਥਾਨਕ ਲੋਕਾਂ ਦੇ ਸਰੋਕਾਰਾਂ ਨੂੰ ਮੁਖਾਤਿਬ ਹੋਣ ਦਾ ਸਵਾਲ ਆਉਂਦਾ ਹੈ। ਪਰ ਉਦੋਂ ਵੀ ਇਹਨਾਂ ਸਮੱਸਿਆਵਾਂ ਨੂੰ ਲੋਕ ਪੱਖੀ ਤੇ ਮਨੁੱਖਤਾਵਾਦੀ ਨਜ਼ਰੀਏ ਤੋਂ ਸਭਨਾਂ ਕਿਰਤੀ ਲੋਕਾਂ ਦੇ ਹਿੱਤਾਂ ਅਨੁਸਾਰ ਨਜਿੱਠਿਆ ਜਾਣਾ ਹੁੰਦਾ ਹੈ ਜਦਕਿ ਮੌਜੂਦਾ ਲੋਕ ਦੋਖੀ ਨਿਜ਼ਾਮਾਂ ਅੰਦਰ ਅਜਿਹੇ ਪ੍ਰਵਾਸ ਸੰਕਟ ਵੱਖ-ਵੱਖ ਖੇਤਰਾਂ ਦੇ ਸਿਆਸਤਦਾਨਾਂ ਲਈ ਵੋਟਾਂ ਖਾਤਰ ਪਿਛਾਖੜੀ ਲਾਮਬੰਦੀਆਂ ਦਾ ਸਾਧਨ ਬਣਦੇ ਹਨ ਤੇ ਇਹਨਾਂ ਮੁੱਦਿਆਂ ਨੂੰ ਕਈ ਤਰ੍ਹਾਂ ਦੇ ਨਵੇਂ ਪਾਟਕਾਂ ਦਾ ਹੱਥਾ ਬਣਾ ਦਿੰਦੇ ਹਨ। ਅਸਾਮ ਪਿਛਲੇ ਕਈ ਦਹਾਕਿਆਂ ਤੋਂ ਅਜਿਹੇ ਸੰਕਟ ਹੰਢਾ ਰਿਹਾ ਹੈ ਤੇ ਇਹਨਾਂ ਸੰਕਟਾਂ ਨੂੰ ਹਾਕਮ ਜਮਾਤੀ ਸਿਆਸਤਦਾਨਾਂ ਨੇ ਕਿਰਤੀ ਲੋਕਾਂ ਦੇ ਟਕਰਾਵਾਂ 'ਚ ਬਦਲ ਦਿੱਤਾ ਹੈ। ਆਬਾਦੀ ਦੇ ਅਜਿਹੇ ਤਬਾਦਲਿਆਂ ਦੇ ਸੰਕਟ ਇਹਨਾਂ ਨਿਜ਼ਾਮਾਂ ਦੇ ਹੀ ਪੈਦਾ ਕੀਤੇ ਹੁੰਦੇ ਹਨ। ਅਣਸਾਵੇਂ ਵਿਕਾਸ ਦਾ ਤਰਕ ਵੀ ਪੂੰਜੀਵਾਦੀ ਤੇ ਸਾਮਰਾਜੀ ਲੁੱਟ-ਖਸੁੱਟ ਦਾ ਸਿੱਟਾ ਹੈ। ਕੁੱਝ ਖੇਤਰ ਵਿਕਸਤ ਹੁੰਦੇ ਹਨ, ਕੁੱਝ ਪਛੜਦੇ ਹਨ। ਇਹ ਅਣਸਾਵਾਂ ਜੀਵਨ ਪੱਧਰ ਤੇ ਇਹਦੇ 'ਚੋਂ ਹੁੰਦਾ ਪ੍ਰਵਾਸ ਇਸ ਸੰਸਾਰ ਸਾਮਰਾਜੀ ਨਿਜ਼ਾਮ ਦੀ ਹੀ ਦੇਣ ਹੈ।
ਇਸ ਵੇਲੇ ਸਾਡੇ ਮੁਲਕ ਦੇ ਪ੍ਰਸੰਗ 'ਚ ਅੰਤਰਰਾਜੀ ਪ੍ਰਵਾਸ ਨਾਲ ਮੁਕਬਾਲਤਨ ਉਹਨਾਂ ਸਮਾਜਾਂ ਦੀਆਂ ਸੱਭਿਆਚਾਰਕ ਪਛਾਣਾਂ ਜਾਂ ਸਥਾਨਕ ਸ੍ਰੋਤਾਂ ਨੂੰ ਦਬਾਵਾਂ ਦਾ ਸਾਹਮਣਾ ਕਰਨ ਦਾ ਸਵਾਲ ਹੋ ਸਕਦਾ ਹੈ ਜਿਹੜੇ ਆਰਥਿਕ ਸਮਾਜਕ ਵਿਕਾਸ ਦੇ ਹੇਠਲੇ ਡੰਡੇ 'ਤੇ ਹਨ। ਪਹਾੜੀ ਖੇਤਰਾਂ ਜਾਂ ਆਦਿਵਾਸੀ ਇਲਾਕਿਆਂ ਦੇ ਕਬੀਲੇ ਵਿਕਾਸ ਦੇ ਹੇਠਲੇ ਡੰਡੇ 'ਤੇ ਹਨ। ਪਹਾੜੀ ਖੇਤਰਾਂ ਜਾਂ ਆਦਿਵਾਸੀ ਇਲਾਕਿਆਂ ਦੇ ਕਬੀਲੇ ਵਗੈਰਾ। ਉਹਨਾਂ ਸਮਾਜਾਂ ਦੇ ਪਛੜੇਵੇਂ ਤੇ ਕਮਜ਼ੋਰ ਆਰਥਿਕ ਹੈਸੀਅਤ ਕਾਰਨ ਮੁਕਾਬਲਤਨ ਵਿਕਸਿਤ ਖੇਤਰਾਂ ਦੇ ਲੋਕਾਂ ਵੱਲੋਂ ਉਹਨਾਂ ਦੀ ਉਪਜੀਵਿਕਾ ਦੇ ਸੋਮੇ ਹਥਿਆਉਣ ਤੇ ਉਹਨਾਂ 'ਤੇ ਸੱਭਿਆਚਾਰਕ ਗਲਬਾ ਪਾਉਣ ਦੇ ਖਤਰੇ ਦਰਪੇਸ਼ ਹੁੰਦੇ ਹਨ। ਅਜਿਹੇ ਕਾਰਨਾਂ ਕਰਕੇ ਕੁੱਝ ਵਿਸ਼ੇਸ਼ ਖੇਤਰਾਂ 'ਚ ਕੁੱਝ ਪੇਸ਼ਬੰਦੀਆਂ ਦੇ ਕਦਮ ਨਿਕਲਦੇ ਹਨ ਜਿਹੜੇ ਅਜਿਹੇ ਭਾਈਚਾਰਿਆਂ ਦੀ ਵਿਸ਼ੇਸ਼ ਸ਼ਨਾਖਤ ਦੀ ਰਾਖੀ ਜਾਂ ਉਹਨਾਂ ਦੇ ਸ੍ਰੋਤਾਂ ਦੇ ਅਧਿਕਾਰਾਂ ਦੀ ਰਾਖੀ ਖਾਤਰ ਲਾਜ਼ਮੀ ਬਣ ਜਾਂਦੇ ਹਨ। ਉਦੋਂ ਵੀ ਇਹ ਗਲਬਾ ਅਬਾਦੀ ਦੇ ਵੱਡੇ ਤਬਾਦਲਿਆਂ ਨਾਲ ਨਹੀਂ ਸਗੋਂ ਵਿਕਸਿਤ ਸਮਾਜਾਂ ਦੀ ਉਪਰਲੀ ਜਮਾਤ ਵੱਲੋਂ ਜਾਇਦਾਦਾਂ ਜ਼ਮੀਨਾਂ ਹਥਿਆਉਣ ਦੀ ਸ਼ਕਲ 'ਚ ਆਉਂਦਾ ਹੈ। ਬੋਲੀ 'ਤੇ ਗਲਬਾ ਪਾਉਣ ਵਰਗੇ ਢੰਗਾਂ ਰਾਹੀਂ ਆਉਂਦਾ ਹੈ। ਪਰ ਸਮਾਜ ਦੇ ਮੁਕਾਬਲਤਨ ਵਿਕਸਿਤ ਪੜਾਅ 'ਤੇ ਖੜ੍ਹੇ ਭਾਈਚਾਰਿਆਂ ਜਾਂ ਖੇਤਰਾਂ ਨੂੰ ਅਜਿਹੀਆਂ ਵਿਸ਼ੇਸ ਪੇਸ਼ਬੰਦੀਆਂ ਦੀ ਜ਼ਰੂਰਤ ਨਹੀਂ ਪੈਂਦੀ। ਜਿਵੇਂ ਏਸ ਵੇਲੇ ਪੰਜਾਬ ਮੁਲਕ ਦੇ ਮੁਕਾਬਲਤਨ ਵਿਕਸਿਤ ਖਿੱਤਿਆਂ 'ਚ ਸ਼ੁਮਾਰ ਹੈ। ਇਹ ਸੱਭਿਆਚਾਰਕ ਸਮਾਜਿਕ ਤੇ ਆਰਥਿਕ ਪੱਖੋਂ ਕਿਸੇ ਤਰ੍ਹਾਂ ਪਛੜਿਆ ਨਹੀਂ ਹੋਇਆ। ਇਥੋਂ ਤੱਕ ਕਿ ਪੰਜਾਬੀਆਂ ਵੱਲੋਂ ਹੋਰਨਾਂ ਸੂਬਿਆਂ 'ਚ ਵੀ ਖਾਸ ਕਰਕੇ ਉਹਨਾਂ ਸੂਬਿਆਂ 'ਚ ਜਿੱਥੋਂ ਪ੍ਰਵਾਸੀ ਮਜ਼ਦੂਰ ਪੰਜਾਬ ਆਉਂਦੇ ਹਨ, ਆਪਣੀ ਸਰਦੀ ਪੁੱਜਦੀ ਹੈਸੀਅਤ ਵਾਲੀ ਪਛਾਣ ਬਣਾਈ ਹੋਈ ਹੈ। ਪੰਜਾਬੀ ਸੱਭਿਆਚਾਰਕ ਪਛਾਣ ਦੀ ਤੂਤੀ ਮੁਲਕ ਦੇ ਸਮੁੱਚੇ ਕਲਾ ਖੇਤਰ 'ਚ ਗੂੰਜਦੀ ਹੈ। ਪੰਜਾਬੀ ਸਮਾਜ ਅਜਿਹੇ ਪੜਾਅ 'ਤੇ ਨਹੀਂ ਹੈ ਕਿ ਮੁਕਾਬਲਤਨ ਪਛੜੇ ਖੇਤਰਾਂ 'ਚੋਂ ਆਉਣ ਵਾਲੇ ਮਜ਼ਦੂਰਾਂ ਨਾਲ ਇਸ ਸੱਭਿਆਚਰਕ ਪਛਾਣਾਂ ਤੇ ਢੰਗਾਂ ਦੇ ਰੁਲ ਜਾਣ ਦਾ ਖਤਰਾ ਹੋ ਸਕਦਾ ਹੈ। ਪੰਜਾਬੀ ਕੌਮੀਅਤ ਮੁਲਕ ਦੀਆਂ ਮੁਕਾਬਲਤਨ ਵਿਕਸਿਤ ਕੌਮੀਅਤਾਂ ਚ ਸ਼ੁਮਾਰ ਹੈ। ਜੋ ਇਸ ਵੇਲੇ ਵਾਪਰ ਰਿਹਾ ਹੈ ਉਹ ਇਹੋ ਹੈ ਕਿ ਪੰਜਾਬ ਅੰਦਰ ਆਏ ਪ੍ਰਵਾਸੀ ਮਜ਼ਦੂਰਾਂ ਦੀਆਂ ਅਗਲੀਆਂ ਪੀੜ੍ਹੀਆਂ ਪੰਜਾਬੀ ਸੱਭਿਆਚਾਰ ਤੇ ਭਾਸ਼ਾ 'ਚ ਪ੍ਰਵਾਨ ਚੜ੍ਹਦੀਆਂ ਹਨ। ਨਾ ਹੀ ਇਹ ਸਥਿਤੀ ਹੈ ਕਿ ਪੰਜਾਬ ਅੰਦਰ ਪ੍ਰਵਾਸੀਆਂ ਵੱਲੋਂ ਜ਼ਮੀਨਾਂ ਖਰੀਦੀਆਂ ਜਾ ਸਕਦੀਆਂ ਹਨ। ਜਾਨਵਰਾਂ ਵਰਗੇ ਹਾਲਾਤ 'ਚ ਰਹਿਕੇ ਜੀਵਨ ਬਸਰ ਕਰਨ ਵਾਲੇ ਇਹਨਾਂ ਕਿਰਤੀਆਂ ਤੋਂ ਪੰਜਾਬ ਦੇ ਕਿਸਾਨਾਂ ਦੀਆਂ ਜ਼ਮੀਨਾ ਖਰੀਦਣ ਦੇ ਤੌਖਲੇ ਬੇ-ਸਿਰ ਪੈਰ ਹਨ| ਇਉਂ ਪੰਜਾਬ ਦੀਆਂ ਜ਼ਮੀਨਾਂ ਨੂੰ ਖਤਰਾ ਵੀ ਜਿੱਥੇ ਬਹੁ-ਕੌਮੀ ਸਾਮਰਾਜੀ ਕੰਪਨੀਆਂ ਤੇ ਮੁਲਕ ਦੇ ਦਲਾਲ ਸਰਮਾਏਦਾਰ ਘਰਾਣਿਆਂ ਤੋਂ ਹੈ ਉੱਥੇ ਪੰਜਾਬ ਦੇ ਜਗੀਰਦਾਰਾਂ ਤੇ ਸੂਦਖੋਰਾਂ ਤੋਂ ਵੀ ਹੈ। ਇਉਂ ਹੀ ਪੰਜਾਬ ਸੱਭਿਆਚਾਰ ਤੇ ਬੋਲੀ 'ਤੇ ਗਲਬੇ ਦਾ ਮਸਲਾ ਸਾਮਰਾਜੀ ਸੱਭਿਆਚਾਰਕ ਖਪਤਵਾਦੀ ਹੱਲੇ ਨਾਲ ਹੈ। ਅੱਜ ਪੰਜਾਬੀ ਸਮਾਜ ਦੀ ਇਸ ਹਕੀਕਤ ਨੂੰ ਸਮਝਣਾ ਔਖਾ ਨਹੀਂ ਹੈ ਕਿ ਜਿਵੇਂ ਸਾਡੀ ਸਮਾਜਿਕ ਸੱਭਿਆਚਾਰਕ ਜ਼ਿੰਦਗੀ 'ਚ ਸਾਮਰਾਜੀ ਤੇ ਵਿਕਸਿਤ ਪੂੰਜੀਵਾਦੀ ਖਪਤਕਾਰੀ ਸੱਭਿਆਚਾਰ ਕਿਵੇਂ ਜਗੀਰੂ ਕਦਰ ਪ੍ਰਬੰਧ ਨਾਲ ਜੁੜ ਕੇ ਲੋਕਾਂ ਨੂੰ ਖਪਤਕਾਰੀ ਬਾਜ਼ਾਰ ਦੇ ਸੰਗਲਾਂ 'ਚ ਹੋਰ ਤੋਂ ਹੋਰ ਜ਼ਿਆਦਾ ਜਕੜ ਰਿਹਾ ਹੈ। ਇਸ ਲਈ ਪੰਜਾਬੀ ਸਮਾਜ ਦੇ ਆਪਣੀ ਬੋਲੀ ਤੇ ਸੱਭਿਆਚਰਕ ਪਛਾਣ ਦੀ ਰਾਖੀ ਲਈ ਫ਼ਿਕਰ ਹੋਰ ਬਣਦੇ ਹਨ। ਇਹ ਸਾਮਰਾਜੀ ਚੌਧਰ, ਗਲਬੇ ਤੇ ਲੁੱਟ ਤੋਂ ਛੁਟਕਾਰੇ ਦੇ ਬਣਦੇ ਹਨ ਜਿਸ ਵਿੱਚ ਪੰਜਾਬੀ ਸਮਾਜ ਜਕੜਿਆ ਹੋਇਆ ਹੈ।
ਪੰਜਾਬ ਅੰਦਰ ਪੰਜਾਬੀ ਸੱਭਿਆਚਾਰਕ ਪਛਾਣ ਦੀ ਰਾਖੀ, ਪੰਜਾਬੀ ਭਾਸ਼ਾ ਦੀ ਪੁੱਗਤ ਤੇ ਵੁੱਕਤ ਸਥਾਪਿਤ ਕਰਨ ਲਈ ਸਾਮਰਾਜੀ ਸੱਭਿਆਚਾਰਕ ਹੱਲੇ ਖ਼ਿਲਾਫ਼ ਡਟਣ ਦੀ ਲੋੜ ਹੈ। ਪੰਜਾਬੀ ਕੌਮੀਅਤ ਦੇ ਵਿਸ਼ੇਸ਼ ਸਰੋਕਾਰਾਂ ਪੱਖੋਂ ਲੋੜ ਇਹ ਬਣਦੀ ਹੈ ਪੰਜਾਬੀ ਇਲਾਕੇ ਪੰਜਾਬ 'ਚ ਸ਼ਾਮਿਲ ਕਰਨ, ਸੂਬੇ ਅੰਦਰ ਹਰ ਪੱਧਰ 'ਤੇ ਪੰਜਾਬੀ ਲਾਗੂ ਕਰਨ ਤੇ ਇਸਦਾ ਵਿਕਾਸ ਕਰਨ ਲਈ ਸੋਮੇ ਸਾਧਨ ਜੁਟਾਉਣ, ਪੰਜਾਬੀ ਇਤਿਹਾਸ ਵਿਰਸੇ ਬਾਰੇ ਖੋਜ ਕਾਰਜ ਵਿੱਢਣ ਤੇ ਸੰਚਾਰ ਕਰਨ ਵਰਗੇ ਖੇਤਰਾਂ 'ਚ ਕਦਮ ਚੁੱਕਣ ਦੀ ਜ਼ਰੂਰਤ ਹੈ ਤੇ ਇਹਨਾਂ ਕਾਰਜਾਂ 'ਚ ਪ੍ਰਵਾਸੀ ਮਜ਼ਦੂਰਾਂ ਦੀ ਮੌਜਦੂਗੀ ਕੋਈ ਅੜਿੱਕਾ ਨਹੀਂ ਹੈ। ਸਗੋਂ ਸਾਮਰਾਜੀ ਸੱਭਿਆਚਾਰਕ ਦਾਬੇ ਨੂੰ ਚੁਣੌਤੀ ਪੰਜਾਬੀ ਭਾਸ਼ਾ ਤੇ ਸੱਭਿਆਚਾਰ ਦੇ ਪਸਾਰੇ ਤੇ ਡੂੰਘਾਈ ਰਾਹੀਂ ਵੀ ਦਿੱਤੀ ਜਾਣੀ ਹੈ। ਸਭ ਤੋਂ ਵੱਧ ਕੇ ਪੰਜਾਬੀ ਸਮਾਜ ਦੇ ਸੱਭਿਆਚਾਰ ਤੇ ਜਮਹੂਰੀਕਰਨ ਦੀ ਪ੍ਰਕਿਰਿਆ ਰਾਹੀਂ ਦਿੱਤੀ ਜਾਣੀ ਹੈ। ਪੰਜਾਬੀ ਸੱਭਿਆਚਾਰ ਦੇ ਮਨੁੱਖਤਾਮੁਖੀ ਪੱਖ ਨੂੰ ਖਤਰਾ ਇਸ ਦੇ ਸਮਾਜ ਵਿਚਲੇ ਵੱਧ ਰਹੇ ਧਾਰਮਿਕ ਪਾਟਕਾਂ ਤੇ ਹੋਰ ਡੂੰਘੀਆਂ ਹੁੰਦੀਆਂ ਜਮਾਤੀ ਵਿਥਾਂ ਵਰਗੇ ਪਿਛਾਖੜੀ ਵਰਤਾਰਿਆਂ ਦੇ ਜ਼ੋਰ ਫੜਦੇ ਜਾਣ ਤੋਂ ਹੈ। ਪੰਜਾਬੀ ਸੱਭਿਆਚਾਰ ਦੇ ਉਸਾਰੂ ਪਹਿਲੂ ਨੂੰ ਖਤਰਾ ਇਸ ਦੀਆਂ ਜਗੀਰੂ ਜਮਾਤਾਂ ਤੇ ਅਫਸਰਸ਼ਾਹੀ ਦੀ ਐਸ਼ਪ੍ਰਸਤੀ ਦੀਆਂ ਕਦਰਾਂ ਤੋਂ ਹੈ ਜਦ ਕਿ ਪ੍ਰਵਾਸੀ ਕਿਰਤੀਆਂ ਦੀ ਆਮਦ ਤਾਂ ਇਸ ਸੱਭਿਆਚਾਰ ਦੇ ਕਿਰਤ ਮੁਖੀ ਪਹਿਲੂ ਨੂੰ ਹੋਰ ਮਜ਼ਬੂਤ ਕਰਨ ਦਾ ਸਾਧਨ ਬਣਦੀ ਹੈ।
ਸੂਬੇ ਦੀ ਆਰਥਿਕਤਾ 'ਚ ਪ੍ਰਵਾਸੀ ਮਜ਼ਦੂਰਾਂ ਦੇ ਯੋਗਦਾਨ ਨੂੰ ਤਸਲੀਮ ਕਰਨ, ਉਹਨਾਂ ਨੂੰ ਨਾਗਰਿਕਾਂ ਵਾਲੇ ਹੱਕ ਦੇਣ, ਬਰਾਬਰੀ ਦੇ ਅਧਾਰ 'ਤੇ ਸਲੂਕ ਕਰਨ, ਸਰਕਾਰਾਂ ਵੱਲੋਂ ਨਾਗਰਿਕਾਂ ਨੂੰ ਮੁਹੱਈਆ ਕਰਵਾਈਆਂ ਜਾਂਦੀਆਂ ਸਹੂਲਤਾਂ ਦੇਣ ਦੀ ਜ਼ਰੂਰਤ ਹੈ। ਆਰਥਿਕਤਾ ਨੂੰ ਚਲਾਉਣ 'ਚ ਅਹਿਮ ਸ਼ਕਤੀ ਬਣਦੇ ਇਹਨਾਂ ਕਿਰਤੀਆਂ ਦੇ ਹੱਕਾਂ ਦੀ ਗੱਲ ਹੋਣੀ ਚਾਹੀਦੀ ਹੈ ਤੇ ਪੰਜਾਬੀ ਮਜ਼ਦੂਰਾਂ ਨਾਲ ਰਲਕੇ ਹੋਣੀ ਚਾਹੀਦੀ ਹੈ। ਕਿਰਤੀ ਜਮਾਤ ਦੀ ਲੋੜ ਤਾਂ ਇਹੀ ਹੈ।
--0–
ਇੱਕ ਹੋਰ ਭਰਮਾਊ ਦਲੀਲ ਬਾਰੇ
ਪੰਜਾਬ ਨੂੰ ਪਰਵਾਸੀ ਮਜ਼ਦੂਰਾਂ ਤੋਂ ਖਤਰੇ ਦੇ ਭਟਕਾਊ ਬਿਰਤਾਂਤ ਵਾਲਿਆਂ 'ਚ ਇੱਕ ਹਿੱਸਾ ਅਜਿਹਾ ਵੀ ਹੈ ਜਿਹੜਾ "ਭਈਏ ਭਜਾਉਣ" ਦੇ ਨਾਅਰਿਆਂ ਦੀ ਢੋਈ ਲਈ ਦਲੀਲਾਂ ਵੀ ਪੇਸ਼ ਕਰਨ ਦਾ ਯਤਨ ਕਰਦਾ ਹੈ। ਇਹਨਾਂ ਦੀ ਇਕ ਅਹਿਮ ਦਲੀਲ਼ ਪੰਜਾਬ ਅੰਦਰ ਆਬਾਦੀ ਦੀ ਬਣਤਰ ਬਦਲ ਕੇ ਵੋਟਾਂ ਰਾਹੀਂ ਭਾਜਪਾ ਵੱਲੋਂ ਸੱਤਾ ਹਥਿਆ ਲੈਣ ਦੀ ਹੈ। ਕਿੰਨੀ ਦਿਲਚਸਪ ਗੱਲ ਹੈ ਕਿ ਉਹ ਇਹ ਕਿਉਂ ਭੁੱਲ ਜਾਂਦੇ ਹਨ ਕਿ ਭਾਜਪਾ ਪੰਜਾਬ ਦੀ ਕੁਰਸੀ 'ਤੇ 15 ਸਾਲ ਬੈਠੀ ਰਹੀ ਹੈ ਜੀਹਦੇ 'ਚੋਂ 10 ਸਾਲ ਲਗਾਤਾਰ ਵੀ ਸਨ। ਉਸਨੇ ਅਜਿਹਾ ਪੰਜਾਬ 'ਚ ਕਿਰਤ ਕਰਨ ਆਏ ਪ੍ਰਵਾਸੀ ਮਜ਼ਦੂਰਾਂ ਦੇ ਸਿਰ 'ਤੇ ਨਹੀਂ ਕੀਤਾ ਸਗੋਂ ਪੰਥ ਦੇ ਰਖਵਾਲੇ ਹੋਣ ਦੇ ਦਾਅਵੇਦਾਰ ਅਕਾਲੀ ਦਲ ਨਾਲ ਯਾਰੀ ਗੰਢ ਕੇ ਕੀਤਾ ਹੈ। ਅਕਾਲੀ ਦਲ ਨੂੰ ਭਾਜਪਾ ਸਰਕਾਰ ਤੋਂ ਬਾਹਰ ਆਉਣ ਲਈ ਮਜ਼ਬੂਰ ਲੋਕਾਂ ਦੇ ਸੰਘਰਸ਼ ਨੇ ਕੀਤਾ ਸੀ।
ਹੁਣ ਵੀ ਉਹਦੀ ਟੇਕ ਅਕਾਲੀ ਦਲ ਦੇ ਇਕ ਜਾਂ ਦੂਜੇ ਧੜੇ 'ਤੇ ਬਣੀ ਹੋਈ ਹੈ। "ਭਈਆਂ" ਦੀਆਂ ਚਾਰ ਵੋਟਾਂ ਕੀ ਪਤਾ ਕਦੋਂ ਬਣਨਗੀਆਂ ਤੇ ਕੀਹਨੂੰ ਭੁਗਤਣਗੀਆਂ, ਪਰ ਅਕਾਲੀ ਦਲ ਦੇ ਧੜੇ ਤਾਂ ਭਾਜਪਾ ਦੇ ਰਥ 'ਤੇ ਸਵਾਰ ਹੋਣ ਦੀਆਂ ਫੁੱਲ ਤਿਆਰੀਆਂ ਕਰੀ ਫਿਰਦੇ ਹਨ। ਇਥੋਂ ਤੱਕ ਕਿ ਆਮ ਆਦਮੀ ਪਾਰਟੀ ਚੋਂ ਵਿਧਾਇਕ ਤੋੜ ਕੇ ਭਾਜਪਾ ਕਦੋਂ ਪੰਜਾਬ ਦੇ ਲੋਕਾਂ ਨੂੰ ਡੌਰ ਭੌਰ ਕਰ ਦੇਵੇ, ਫਿਰ ਉਦੋਂ ਆਪਾਂ ਕਿਹੜੇ "ਭਈਆਂ" ਨੂੰ ਕੋਸਾਂਗੇ। ਇਸ ਪੱਖੋਂ ਤਾਂ ਲੋਕਾਂ ਦਾ ਇਤਬਾਰ ਭਗਵੰਤ ਮਾਨ ਤੋਂ ਵੀ ਹਿਲਿਆ ਪਿਆ ਹੈ। ਜੇ ਭਾਜਪਾ ਦੀ ਸਰਕਾਰ ਬਣਨ ਦੇ ਫ਼ਿਕਰ ਕਰਨ ਵਾਲਿਆਂ ਦੇ ਗਜ਼ ਨਾਲ ਵੀ ਨਾਪੀਏ ਤਾਂ ਫਿਰ ਭਲਾ ਖ਼ਤਰਾ ਕੀਹਤੋਂ ਹੈ ! ਉਂਝ ਇਹ ਗੱਲ ਵੀ ਦਿਲਚਸਪ ਹੈ ਕਿ ਜਿਵੇਂ ਸਾਰੇ ਪ੍ਰਵਾਸੀ ਮਜ਼ਦੂਰ ਹੀ ਭਾਜਪਾ ਨੇ ਵੋਟਾਂ ਲਈ ਜੇਬ 'ਚ ਪਾਏ ਹੋਏ ਹਨ। ਇਹ ਸਭਨਾਂ ਪ੍ਰਵਾਸੀ ਮਜ਼ਦੂਰਾਂ ਨੂੰ ਹਿੰਦੂ ਕਰਾਰ ਦੇ ਕੇ ਤੇ ਭਾਜਪਾ ਦਾ ਵੋਟ ਬੈਂਕ ਮੰਨ ਕੇ ਚੱਲਦੀ ਸੋਚ ਹੈ। ਹਾਲਾਂਕਿ ਸਾਰਾ ਯੂ.ਪੀ. ਬਿਹਾਰ ਹੀ ਭਾਜਪਾ ਦਾ ਵੋਟਰ ਨਹੀਂ ਹੈ।
ਅਗਲੀ ਅਹਿਮ ਗੱਲ ਇਹ ਹੈ ਕਿ ਹੁਣ ਤੱਕ ਪਿਛਲੇ 78 ਸਾਲਾਂ ਤੋਂ ਤਾਂ ਪੰਜਾਬੀਆਂ ਨੇ ਆਪਣੀਆਂ ਸਰਕਾਰਾਂ ਆਪ ਹੀ ਚੁਣੀਆਂ ਹਨ, ਇਹਨਾਂ ਦੀ ਚੋਣ 'ਚ ਤਾਂ ਇਥੇ ਆਏ ਪਰਵਾਸੀ ਮਜ਼ਦੂਰਾਂ ਦਾ ਕੋਈ ਰੋਲ ਨਹੀਂ ਸੀ। ਫਿਰ ਇਨ੍ਹਾਂ 78 ਵਰ੍ਹਿਆਂ 'ਚ ਪੰਜਾਬ ਦੇ ਲੋਕਾਂ ਦੀਆਂ ਡੂੰਘੀਆਂ ਹੁੰਦੀਆਂ ਗਈਆਂ ਦੁਸ਼ਵਾਰੀਆਂ ਦਾ ਜਿੰਮੇਵਾਰ ਕੌਣ ਹੈ। ਹੁਣ ਜੇ ਭਾਜਪਾ ਨੂੰ ਸੱਤਾ 'ਚ ਆਉਣ ਤੋਂ ਰੋਕ ਵੀ ਲਿਆ ਜਾਵੇ ਤਾਂ ਫਿਰ ਕੀ ਪੰਜਾਬ ਦੇ ਇਹਨਾਂ ਸਿਆਸਤਦਾਨਾਂ ਤੋਂ ਭਲੇ ਦੀ ਕੋਈ ਆਸ ਕੀਤੀ ਜਾ ਸਕਦੀ ਹੈ। ਇਸ ਵੇਲੇ ਤਾਂ ਪੰਜਾਬ ਵਿੱਚ ਭਾਜਪਾ ਦੀ ਸਰਕਾਰ ਨਹੀਂ ਹੈ ਪਰ ਇਹ ਆਪ ਸਰਕਾਰ ਲੋਕਾਂ ਨਾਲ ਕਿਸ ਪੱਖੋਂ ਭਾਜਪਾ ਤੋਂ ਘੱਟ ਗੁਜ਼ਾਰ ਰਹੀ ਹੈ। ਪੰਜਾਬ ਦੇ ਲੋਕਾਂ ਦੀ ਲਹਿਰ ਨੂੰ ਖਾਸ ਕਰਕੇ ਕਿਸਾਨ ਲਹਿਰ ਨੂੰ ਕੁਚਲਣ ਲਈ ਇਹ ਭਾਜਪਾ ਤੋਂ ਵੀ ਮੂਹਰੇ ਹੈ। ਉੰਝ ਇੱਥੇ ਸਰਕਾਰ ਚਾਹੇ ਕਿਸੇ ਦੀ ਬਣ ਜਾਵੇ, ਕੇਂਦਰ ਸਰਕਾਰ ਦੀ ਪੁੱਗਤ 'ਤੇ ਬਹੁਤਾ ਅਸਰ ਨਹੀਂ ਪੈਂਦਾ ਕਿਉਂਕਿ ਪੰਜਾਬ ਦੀ ਕੁਰਸੀ 'ਤੇ ਬੈਠਣ ਵਾਲੇ ਇਹ ਹੁਕਮਰਾਨ ਕੇਂਦਰ ਸਰਕਾਰ ਦੀ ਰਜ਼ਾ ਤੋਂ ਬਾਹਰ ਨਹੀਂ ਹੁੰਦੇ।

No comments:
Post a Comment