Friday, November 28, 2025

ਲੋਕ ਮੋਰਚਾ ਪੰਜਾਬ ਵੱਲੋਂ ਹੜਾਂ ਦੇ ਮੁੱਦੇ 'ਤੇ ਪ੍ਰਚਾਰ ਲਾਮਬੰਦੀ ਸਰਗਰਮੀ

 ਲੋਕ ਮੋਰਚਾ ਪੰਜਾਬ ਵੱਲੋਂ ਹੜਾਂ ਦੇ ਮੁੱਦੇ 'ਤੇ ਪ੍ਰਚਾਰ ਲਾਮਬੰਦੀ ਸਰਗਰਮੀ

    -ਜਗਮੇਲ ਸਿੰਘ



  ਪੰਜਾਬ ਅੰਦਰ ਪਿਛਲੇ ਸਾਲਾਂ ਦੇ ਮੁਕਾਬਲੇ ਇਸ ਵਾਰ ਹੜ੍ਹਾਂ ਨੇ ਬਹੁਤ ਜ਼ਿਆਦਾ ਤਬਾਹੀ ਮਚਾਈ ਹੈ। ਹਰ ਦੋ ਚੌਂਹ ਸਾਲਾਂ ਤੋਂ ਹੜ੍ਹਾਂ ਦਾ ਜਾਨਲੇਵਾ ਚੱਕਰ ਸੂਬੇ ਦੇ ਲੋਕਾਂ ਦੀ ਹੋਣੀ ਬਣ ਚੁੱਕਾ ਹੈ। ਮੌਜੂਦਾ ਤੇ ਪਿਛਲੀਆਂ ਸਰਕਾਰਾਂ ਵੱਲੋਂ ਲੋਕਾਂ ਨੂੰ ਇਸ ਮਾਰ ਤੋਂ ਬਚਾਉਣ ਦਾ ਕੋਈ ਠੋਸ ਸਥਾਈ ਪ੍ਰਬੰਧ ਕੀਤਾ ਕਿਧਰੇ ਦਿਖਾਈ ਨਹੀਂ ਦਿੰਦਾ।  ਸਰਕਾਰਾਂ ਜਿੰਮੇਵਾਰੀ ਕੁਦਰਤ ਸਿਰ ਸੁੱਟ ਕੇ ਖ਼ੁਦ ਆਪਣੀ ਬਣਦੀ ਜ਼ਿੰਮੇਵਾਰੀ ਤੋਂ ਆਪਣੇ ਆਪ ਨੂੰ ਬਰੀ ਕਰ ਲੈਂਦੀਆਂ ਹਨ।ਫੌਰੀ ਰਾਹਤ ਦੇ ਐਲਾਨ ਵੀ ਹਮੇਸ਼ਾਂ ਪੂਰੇ ਹੋਣ ਵੇਲੇ ਅਧੂਰੇ ਰਹਿ ਜਾਂਦੇ ਰਹਿੰਦੇ ਆ ਰਹੇ ਹਨ। ਲੋਕੀਂ ਲੱਖਾਂ ਕਰੋੜਾਂ ਰੁਪਏ ਦਾ ਜਾਨੀ ਮਾਲੀ ਨੁਕਸਾਨ ਝੱਲ ਕੇ ਮੁੜ ਵਸੇਬੇ ਦੇ ਆਹਰੇ ਲੱਗ ਜਾਂਦੇ ਹਨ। 

         ਹੜ੍ਹਾਂ ਨੂੰ ਰੋਕਣ ਦੇ ਸਥਾਈ ਪ੍ਰਬੰਧ ਕਰਨ ਦੀ ਲੋੜ ਹੈ।ਇਸ ਸਬੰਧੀ ਸਰਕਾਰ ਵੱਲੋਂ ਨੀਤੀ ਬਣਾਏ ਜਾਣ ਦੀ ਲੋੜ ਹੈ। ਹੜ੍ਹਾਂ ਦੀ ਸਥਾਈ ਰੋਕਥਾਮ ਲਈ ਬਣਦੀਆਂ ਮੰਗਾਂ ਉਭਾਰਨ ਖਾਤਰ ਮੋਰਚੇ ਵੱਲੋਂ ਪ੍ਰਚਾਰ ਮੁਹਿੰਮ ਜਥੇਬੰਦ ਕੀਤੀ ਗਈ। ਨੀਤੀ ਵਿੱਚ ਸ਼ਾਮਲ ਕੀਤੇ ਜਾਣ ਵਾਲੇ  ਅਹਿਮ ਮੁੱਦੇ ਉਭਾਰੇ ਗਏ। ਦਰਿਆਵਾਂ ਨੂੰ ਬੰਨ੍ਹਿਆਂ ਜਾਣਾ ਜ਼ਰੂਰੀ ਹੈ। ਬੰਨ੍ਹਣ ਲਈ ਇਹਨਾਂ ਨੂੰ ਡੂੰਘੇ ਤੇ ਚੌੜੇ ਕੀਤਾ ਜਾਵੇ। ਕੰਢੇ ਉੱਚੇ ਤੇ ਮਜ਼ਬੂਤ ਕੀਤੇ ਜਾਣ। ਕੰਢਿਆਂ ਦੇ ਨਾਲ ਨਾਲ ਚੌੜੀ ਪੱਟੀ ਵਿੱਚ ਵੱਡੇ ਦਰੱਖਤ ਲਾਏ ਜਾਣ।ਦੇਖ-ਭਾਲ ਲਈ ਬੇਲਦਾਰਾਂ ਦੀ ਭਰਤੀ ਕੀਤੀ ਜਾਵੇ। ਚੌੜੇ ਕਰਨ ਵਾਸਤੇ ਵਰਤੀ ਜਾਣ ਵਾਲੀ ਜ਼ਮੀਨ ਦਾ ਕਿਸਾਨਾਂ ਨੂੰ ਪੂਰਾ ਮੁੱਲ ਦਿੱਤਾ ਜਾਵੇ। ਡੈਮਾਂ ਦੀ ਸਫ਼ਾਈ ਕੀਤੀ ਜਾਵੇ। ਡੈਮਾਂ ਦੇ ਗੇਟ ਮਜ਼ਬੂਤ ਕੀਤੇ ਜਾਣ। ਡੈਮਾਂ ਵਿਚ ਪਾਣੀ ਰੱਖਣ ਤੇ ਛੱਡਣ ਦੀ ਸੁਚੱਜੀ ਵਿਉਂਤਬੰਦੀ ਕੀਤੀ ਜਾਵੇ। ਮੀਂਹਾਂ ਦੇ ਵਧਦੇ ਰੁਝਾਨ ਨੂੰ ਵੇਖਦਿਆਂ ਹੋਰ ਨਵੇਂ ਡੈਮ ਉਸਾਰੇ ਜਾਣ। ਡੈਮਾਂ ਦੇ ਮੁਲਾਜ਼ਮਾਂ ਦੀਆਂ ਲੰਮੇ ਸਮੇਂ ਤੋਂ ਖ਼ਾਲੀ ਪਈਆਂ ਅਸਾਮੀਆਂ ਭਰੀਆਂ ਜਾਣ। ਹੋਰ ਨਵੀਂ ਭਰਤੀ ਕੀਤੀ ਜਾਵੇ।ਡਰੇਨਾਂ ਤੇ ਮੌਸਮੀ ਨਾਲਿਆਂ ਦੀ ਰੈਗੂਲਰ ਸਫ਼ਾਈ ਕੀਤੀ ਜਾਵੇ। ਇਹਨਾਂ ਸਮੁੱਚੇ ਪ੍ਰੋਜੈਕਟਾਂ ਲਈ ਭਾਰੀ ਸਰਕਾਰੀ ਬਜਟ ਜੁਟਾਏ ਜਾਣ। ਬਜਟ ਜੁਟਾਉਣ ਲਈ ਸਾਮਰਾਜੀ ਕੰਪਨੀਆਂ, ਵੱਡੇ ਸਰਮਾਏਦਾਰਾਂ ਅਤੇ ਜਗੀਰਦਾਰਾਂ 'ਤੇ ਟੈਕਸ ਲਾਏ ਜਾਣ, ਉਹਨਾਂ ਨੂੰ ਦਿੱਤੀਆਂ ਗਈਆਂ ਟੈਕਸ ਕਟੌਤੀਆਂ ਰੱਦ ਕੀਤੀਆਂ ਜਾਣ।

ਹਿਮਾਚਲ ਪ੍ਰਦੇਸ਼ ਅਤੇ ਹੋਰਨਾਂ ਪਹਾੜੀ ਰਾਜਾਂ ਅੰਦਰ ਟੂਰਿਜ਼ਮ ਤੇ ਖਪਤਕਾਰੀ ਬਾਜ਼ਾਰ ਦੇ ਪਾਸਾਰੇ ਲਈ ਕੀਤੀਆਂ ਜਾ ਰਹੀਆਂ ਬੇਹਿਸਾਬੀਆਂ ਇਮਾਰਤ ਉਸਾਰੀਆਂ, ਸੜਕਾਂ ਦਾ ਨਿਰਮਾਣ ਤੇ ਦਰੱਖਤਾਂ ਦਾ ਉਜਾੜਾ ਬੰਦ ਕੀਤਾ ਜਾਵੇ। ਪਹਾੜੀ ਖੇਤਰਾਂ ਦੇ ਕੁਦਰਤੀ ਵਾਤਾਵਰਨ ਦੀ ਸਾਂਭ ਸੰਭਾਲ ਦੀ ਨੀਤੀ ਅਪਣਾਈ ਜਾਵੇ। ਵਾਤਾਵਰਨ ਦੀ ਤਬਾਹੀ ਤੇ ਮੌਸਮੀ ਵਿਗਾੜਾਂ ਨੂੰ ਜਨਮ ਦੇਣ ਵਾਲਾ ਇਹ ਅਖੌਤੀ ਵਿਕਾਸ ਮਾਡਲ ਰੱਦ ਕੀਤਾ ਜਾਵੇ। ਸੁਭਾਵਿਕ ਕੁਦਰਤੀ ਵਰਤਾਰਿਆਂ ਦੀ ਸਾਂਭ ਸੰਭਾਲ ਵਾਲਾ, ਸੰਤੁਲਿਤ ਤੇ ਲੋਕ ਮੁਖੀ ਵਿਕਾਸ ਦਾ ਰਾਹ ਅਪਣਾਇਆ ਜਾਵੇ।

           ਇਹ ਮੁੱਦੇ ਉਭਾਰਦਿਆਂ ਹੜ੍ਹਾਂ ਨੂੰ ਰੋਕਣ ਦੀ ਸਥਾਈ ਨੀਤੀ ਬਣਾਏ ਜਾਣ ਦੀ ਮੰਗ ਨਾਲ  ਸੰਘਰਸ਼ਸ਼ੀਲ ਲੋਕਾਂ ਦਾ ਸਰੋਕਾਰ ਜਗਾਉਣ  ਤੇ ਬਣਾਉਣ ਲਈ ਮੀਟਿੰਗਾਂ ਤੇ ਮਾਰਚ ਕੀਤੇ ਗਏ। ਜਿਹਨਾਂ ਥਾਵਾਂ 'ਤੇ ਇਹ ਮੀਟਿੰਗਾਂ ਤੇ ਮਾਰਚ ਕੀਤੇ ਗਏ ਉਹਨਾਂ ਵਿੱਚ ਮੂਣਕ (ਸੰਗਰੂਰ) ਰਾਮਪੁਰਾ ਤੇ ਗੋਨਿਆਣਾ (ਬਠਿੰਡਾ), ਬੁਢਲਾਡਾ (ਮਾਨਸਾ), ਜੈਤੋ (ਫਰੀਦਕੋਟ), ਮਲੋਟ, ਦੋਦਾ ਤੇ  ਸਿੰਘੇਵਾਲਾ (ਮੁਕਤਸਰ) ਹਨ। ਇਹਨਾਂ ਮੀਟਿੰਗਾਂ ਵਿੱਚ ਸਰਗਰਮ ਕਿਸਾਨ, ਮਜ਼ਦੂਰ, ਵਿਦਿਆਰਥੀ, ਨੌਜਵਾਨ ਤੇ ਠੇਕਾ ਮੁਲਾਜ਼ਮ ਸ਼ਾਮਲ ਹੋਏ। ਹੜ੍ਹ ਰਾਹਤ ਸਰਗਰਮੀ ਅਤੇ ਝੋਨੇ ਦੀ ਵਾਢੀ ਤੇ ਕਣਕ ਦੀ ਬਿਜਾਈ ਦੇ ਕਸਵੇਂ ਕੰਮਾਂ ਦੇ ਦਿਨਾਂ ਵਿੱਚ ਇਹਨਾਂ ਮੀਟਿੰਗਾਂ ਵਿੱਚ ਆਇਆਂ ਨੇ ਉਕਤ ਮੰਗਾਂ ਨਾਲ ਭਰਵਾਂ ਸਰੋਕਾਰ ਦਿਖਾਇਆ ਹੈ।

          ਇਹਨਾਂ ਮੀਟਿੰਗਾਂ ਵਿੱਚ ਹੜ੍ਹ ਪ੍ਰਭਾਵਿਤ ਲੋਕਾਂ ਲਈ ਰਾਹਤ ਪ੍ਰਬੰਧ ਕਰ ਰਹੀਆਂ  ਲੋਕ ਜਥੇਬੰਦੀਆਂ ਤੇ ਹੋਰ ਸਮਾਜਿਕ ਸੰਸਥਾਵਾਂ ਵੱਲੋਂ ਕੀਤੇ ਜਾ ਰਹੇ ਰਾਹਤ ਦੀ ਪ੍ਰਸ਼ੰਸਾ ਕੀਤੀ ਗਈ ਤੇ ਹਕੂਮਤੀ ਬੇਰੁਖੀ ਅਤੇ ਗੈਰ-ਜਿੰਮੇਵਾਰ ਵਿਹਾਰ ਦੀ ਨਿੰਦਾ ਕੀਤੀ ਗਈ। ਕਈ ਜਥੇਬੰਦੀਆਂ ਨੇ ਡੂੰਘੀ ਲੋਕ ਦਰਦੀ ਭਾਵਨਾ ਦਾ ਪ੍ਰਗਟਾਵਾ ਕਰਦਿਆਂ ਤੇ ਲੋਕਾਂ ਦੀ ਆਪਣੀ ਸ਼ਕਤੀ ਵਜੋਂ ਹਰਕਤ 'ਚ ਆਉਂਦਿਆਂ ਆਪਣੀਆਂ ਹੋਰ ਸਾਰੀਆਂ ਜ਼ਰੂਰੀ ਮੰਗਾਂ ਮਸਲਿਆਂ 'ਤੇ ਉਲੀਕੀਆਂ ਸਰਗਰਮੀਆਂ ਨੂੰ ਹਾਲ ਦੀ ਘੜੀ ਪਿੱਛੇ ਪਾ ਕੇ ਹੜ੍ਹ ਪੀੜਤਾਂ ਦੀ ਮਦਦ ਨੂੰ ਜਥੇਬੰਦ ਕੀਤਾ ਹੈ। ਅਜਿਹਾ ਕਰਨ ਦੇ ਕੀਤੇ ਫੈਸਲੇ ਨੂੰ ਵੀ ਉਚਿਆਇਆ ਤੇ ਉਭਾਰਿਆ ਗਿਆ। ਬਾਹਰਲੇ ਸੂਬਿਆਂ ਤੋਂ ਤੇ ਵੱਖ ਵੱਖ ਭਾਈਚਾਰਿਆਂ ਤੋਂ ਵੀ ਰਾਹਤ ਸਮੱਗਰੀ ਲੈ ਕੇ ਪਹੁੰਚੀਆਂ ਟਰਾਲੀਆਂ ਤੇ ਟੀਮਾਂ ਨੇ ਹੜ੍ਹ ਪੀੜਤ ਲੋਕਾਂ ਦੀ ਮਦਦ ਤਾਂ ਕੀਤੀ ਹੀ ਕੀਤੀ, ਇਸਦੇ ਨਾਲੋ ਨਾਲ ਸੂਬੇ ਅੰਦਰ ਦੂਜੇ ਸੂਬਿਆਂ ਤੋਂ ਮਜ਼ਦੂਰੀ ਕਰਨ ਆਏ ਮਜ਼ਦੂਰਾਂ ਖਿਲਾਫ਼ ਕੁਝ ਖੌਰੂ ਪਾਊ ਅਨਸਰਾਂ ਦੁਆਰਾ ਕੀਤੇ ਜਾ ਰਹੇ ਨਫ਼ਰਤੀ ਪਾਟਕ ਪਾਊ ਪ੍ਰਚਾਰ ਦੀ ਧਾਰ ਨੂੰ ਕੱਟਦਿਆਂ ਭਾਈਚਾਰਕ ਏਕੇ ਦਾ ਕੰਮ ਵੀ ਕੀਤਾ ਹੈ ।

No comments:

Post a Comment