ਪ੍ਰਵਾਸੀ ਮਜ਼ਦੂਰਾਂ ਖਿਲਾਫ਼ ਤੋਹਮਤਾਂ ਹਕੀਕਤ ਕੀ ਹੈ
-ਚੰਦਰ ਸ਼ੇਖਰ
ਪਹਿਲੀ ਗੱਲ ਤਾਂ ਇਹ ਕਹੀ ਜਾ ਰਹੀ ਹੈ ਕਿ ਅੰਤਰਰਾਜੀ ਮਜ਼ਦੂਰਾਂ ਕਾਰਨ ਜੁਰਮਾਂ ਵਿੱਚ ਖਤਰਨਾਕ ਹੱਦ ਤੱਕ ਵਾਧਾ ਹੋ ਗਿਆ ਹੈ, ਉਂਜ ਇਹ ਕੋਈ ਨਵੀਂ ਤੋਹਮਤ ਨਹੀਂ ਹੈ। ਇਹ ਇੱਕ ਜਗੀਰੂ ਵਿਚਾਰ ਹੈ ਕਿ ਜ਼ੁਰਮ ਕੇਵਲ ਗਰੀਬ ਲੋਕ ਹੀ ਕਰਦੇ ਹਨ, ਜਦਕਿ ਇਤਿਹਾਸ ਗਵਾਹ ਹੈ ਕਿ ਜਿੰਨੇ ਜ਼ੁਲਮ ਰਾਜਵਾੜਿਆਂ ਨੇ ਲੋਕਾਂ ਉੱਪਰ ਕੀਤੇ ਸਨ, ਲੋਕਾਂ ਵੱਲੋਂ ਉਨ੍ਹਾਂ ਦੇ ਪ੍ਰਤੀਕਰਮ ਜਾਂ ਆਪਣੀ ਮਜ਼ਬੂਰੀ ਕਾਰਨ ਕੀਤੇ ਜੁਰਮ ਉਸਦੇ ਮੁਕਬਾਲੇ ਵਿੱਚ ਕੋਈ ਅਰਥ ਨਹੀਂ ਰੱਖਦੇ। ਇਸ ਤਰ੍ਹਾਂ ਬਦੇਸ਼ੀ ਹਾਕਮ ਵੀ ਭਾਰਤ ਵਾਸੀਆਂ ਨੂੰ ਜ਼ਾਹਿਲ, ਗੰਵਾਰ ਅਤੇ ਅਸੱਭਿਅਕ ਵਜੋਂ ਪ੍ਰਚਾਰਦੇ ਸਨ। ਅੱਜ ਵੀ ਚਿੱਟੇ ਕਾਲਰਾਂ ਵਾਲਿਆਂ ਵੱਲੋਂ ਵਧੇਰੇ ਜੁਰਮ ਕੀਤੇ ਜਾਂਦੇ ਹਨ। ਸਰਮਾਏਦਾਰ, ਜਗੀਰਦਾਰ ਪਾਰਟੀਆਂ ਦੇ ਆਗੂਆਂ ਵੱਲੋਂ ਅਤੇ ਉਨ੍ਹਾਂ ਦੇ ਲਠੈਤਾਂ ਅਤੇ ਗੁਰਗਿਆਂ ਵੱਲੋਂ ਕੀਤੇ ਜਾਂਦੇ ਜੁਰਮਾਂ ਦੀ ਗਿਣਤੀ ਵੀ ਸਮੁੱਚੇ ਗਰੀਬ ਲੋਕਾਂ ਵੱਲੋਂ ਕੀਤੀਆਂ ਜਾਂਦੀਆਂ ਕੋਤਾਹੀਆਂ ਦੇ ਟਾਕਰੇ ਵਿੱਚ ਬਹੁਤ ਵੱਡੀ ਹੈ। ਇਸੇ ਤਰ੍ਹਾਂ ਫਿਰਕੂ ਫਸਾਦੀਆਂ ਅਤੇ ਦੇਸ਼ ਧਰੋਹੀ ਅੱਤਵਾਦੀਆਂ ਵੱਲੋਂ ਕੀਤੇ ਜਾਂਦੇ ਹਰ ਤਰ੍ਹਾਂ ਦੇ ਕੁਕਰਮ ਗਰੀਬ ਲੋਕਾਂ ਦੇ ਜੁਰਮ ਦੀ ਉਡਾਈ ਜਾ ਰਹੀ ਧੂੜ ਵਿੱਚ ਲੁਕਾਏ ਨਹੀਂ ਜਾ ਸਕਦੇ। ਪੰਜਾਬ ਵਿੱਚ ਖਾਲਿਸਤਾਨੀ ਹਿੰਸਾ ਦੌਰਾਨ ਪੰਥ ਦੇ ਅਖੌਤੀ ਸੇਵਾਦਾਰਾਂ ਵੱਲੋਂ 26 ਹਜ਼ਾਰ ਬੇਗੁਨਾਹਾਂ ਦੇ ਕਤਲ ਉੱਤੇ ਕੀ ਕਦੇ ਪਰਦਾ ਪਾਇਆ ਜਾ ਸਕਦਾ ਹੈ? ਇਸ ਲਈ ਪ੍ਰਵਾਸੀ ਮਜ਼ਦੂਰਾਂ ਕਾਰਨ ਜੁਰਮਾਂ ਵਿੱਚ ਵਾਧਾ ਹੋ ਰਿਹਾ ਹੈ, ਕਹਿਣਾ ਸਰਾਸਰ ਗਲਤ ਤੇ ਗੁੰਮਰਾਹਕੁੰਨ ਹੈ।
ਡੀ.ਆਈ.ਜੀ. ਪੁਲਸ ਹਰਿਆਣਾ, ਚੰਡੀਗੜ੍ਹ ਸ੍ਰੀ ਕੇ.ਪੀ.ਸਿੰਘ ਅਤੇ ਜਲੰਧਰ ਦੇ ਐੱਸ.ਪੀ.ਗੌਰਵ ਯਾਦਵ ਨੇ ਜੂਨ-ਜੁਲਾਈ 2002 ਵਿੱਚ ਜਲੰਧਰ ਵਿੱਚ ਅੰਤਰਰਾਜੀ ਮਜ਼ਦੂਰਾਂ ਵੱਲੋਂ ਕੀਤੇ ਗਏ ਅਤੇ ਉਨ੍ਹਾਂ 'ਤੇ ਹੋਏ ਜੁਰਮਾਂ ਦੀ ਰਿਪੋਰਟ ਪ੍ਰਕਾਸ਼ਤ ਕੀਤੀ ਸੀ, ਜਿਸ ਮੁਤਾਬਿਕ ਦਸ ਸਾਲਾਂ ਵਿੱਚ ਪੂਰੇ ਜਲੰਧਰ ਜ਼ਿਲ੍ਹੇ ਵਿੱਚ ਸੰਗੀਨ ਜੁਰਮਾਂ ਦੇ 887 ਕੇਸਾਂ ਵਿੱਚੋਂ ਅੰਤਰਰਾਜੀ ਮਜ਼ਦੂਰਾਂ ਦੀ ਸ਼ਮੂਲੀਅਤ ਕੇਵਲ 36 ਕੇਸਾਂ ਵਿੱਚ ਹੀ ਹੈ। ਇਨ੍ਹਾਂ ਵਿੱਚ ਉਹ ਮਾਲਕ ਨਾਲ ਨੌਕਰ ਦੇ ਰੂਪ ਵਿੱਚ ਮੁਜ਼ਰਮ ਵਜੋਂ ਦਰਜ ਹਨ। ਦੋਸ਼ੀ ਅਮੀਰ ਹੋਣ ਕਾਰਨ ਪੁਲਸ ਵੱਲੋਂ ਗਰੀਬ ਅੰਤਰਰਾਜੀ ਮਜ਼ਦੂਰ ਵਿਰੁੱਧ ਕੇਸ ਦਰਜ ਕਰ ਦੇਣਾ ਅਲੋਕਾਰੀ ਗੱਲ ਨਹੀਂ ਹੈ। ਇਸੇ ਤਰ੍ਹਾਂ 887 ਕੇਸਾਂ ਵਿੱਚ 33 ਤਾਂ ਆਪ ਅੰਤਰਰਾਜੀ ਮਜ਼ਦੂਰ ਜੁਰਮ ਦਾ ਸ਼ਿਕਾਰ ਹੋਏ ਹਨ। ਉਪਰੋਕਤ ਉੱਚ ਪੁਲਸ ਅਧਿਕਾਰੀਆਂ ਦੀ ਰਿਪੋਰਟ ਵਿੱਚ ਇਹ ਵੀ ਲਿਖਿਆ ਗਿਆ ਕਿ ਸੰਗੀਨ ਤਰ੍ਹਾਂ ਦੇ ਜੁਰਮਾਂ ਵਿੱਚ ਅੰਤਰਰਾਜੀ ਮਜ਼ਦੂਰਾਂ ਦੀ ਸ਼ਮੂਲੀਅਤ ਨਾਂਹ ਦੇ ਬਰਾਬਰ ਸੀ, ਜਦਕਿ ਬਾਹਰਲੇ ਸੂਬਿਆਂ ਤੋਂ ਲੁੱਟਾ-ਖੋਹਾਂ ਕਰਨ ਵਾਲੇ ਪੇਸ਼ਾਵਰ ਗੈਂਗ ਵੀ ਇਨ੍ਹਾਂ ਮਜ਼ਦੂਰਾਂ ਵਾਲੇ ਖਾਤੇ ਹੀ ਚਾੜ੍ਹ ਦਿੱਤੇ ਸਨ। ਉਨ੍ਹਾਂ ਲਿਖਿਆ ਹੈ ਕਿ ਇਹ ਪ੍ਰਭਾਵ ਦੇਣਾ ਕਿ ਪੰਜਾਬ ਵਿੱਚ ਜੁਰਮਾਂ ਦੇ ਵਾਧੇ ਲਈ ਅੰਤਰਰਾਜੀ ਮਜ਼ਦੂਰ ਜਿੰਮੇਵਾਰ ਹਨ, ਸੱਚ ਨਹੀਂ ਹੈ, ਸਗੋਂ ਅੰਤਰਰਾਜੀ ਮਜ਼ਦੂਰਾਂ ਵਿਰੁੱਧ ਹੁੰਦੇ ਜੁਰਮਾਂ ਵਿੱਚ ਵਾਧਾ ਹੋ ਰਿਹਾ ਹੈ। ਇਸੇ ਤਰ੍ਹਾਂ ਗਰੀਬੀ ਕਾਰਨ ਅੰਤਰਰਾਜ਼ੀ ਮਜ਼ਦੂਰ ਆਪਣੇ ਬੱਚਿਆਂ ਜਾਂ ਔਰਤਾਂ 'ਤੇ ਹਿੰਸਕ ਘਟਨਾਵਾਂ ਕਾਰਨ ਵੀ ਦੋਸ਼ੀ ਹੁੰਦੇ ਹਨ, ਪ੍ਰੰਤੂ ਉਨ੍ਹਾਂ ਨੂੰ ਜੁਰਮਾਂ ਦੇ ਵਾਧੇ ਦੇ ਦੋਸ਼ੀ ਮੰਨਣਾ ਗਲਤ ਹੈ।
ਸ੍ਰੀ ਕੇ.ਪੀ.ਸਿੰਘ ਨੇ ਇੱਕ ਅਲਹਿਦਾ ਨੋਟ ਵਿੱਚ ਜੁਰਮ ਦੀ ਡੂੰਘਾਈ ਨਾਲ ਵਿਆਖਿਆ ਵਿੱਚ ਲਿਖਿਆ ਸੀ ਕਿ ਪੰਜਾਬ ਵਿੱਚ ਸਮੁੱਚੇ ਅੰਤਰਰਾਜੀ ਲੋਕਾਂ ਦੀ ਗਿਣਤੀ 2 ਤੋਂ 2.5 ਪ੍ਰਤੀਸ਼ਤ ਹੈ, ਜਦਕਿ ਸੰਗੀਨ ਜੁਰਮਾਂ ਵਿੱਚ ਉਨ੍ਹਾਂ ਦੀ ਸ਼ਮੂਲੀਅਤ 0.55 ਪ੍ਰਤੀਸ਼ਤ ਹੈ। ਉਨ੍ਹਾਂ ਕਿਹਾ ਕਿ ਖੇਤੀ ਅਤੇ ਇੱਟ ਭੱਠਿਆਂ ਉੱਤੇ ਕੰਮ ਕਰਦੇ ਮਜ਼ਦੂਰ ਮੁਜ਼ਰਮਾਂ ਦੇ ਸਭ ਤੋਂ ਵੱਧ ਨਰਮ ਨਿਸ਼ਾਨੇ ਹੁੰਦੇ ਹਨ। ਇਸੇ ਤਰ੍ਹਾਂ ਪਰਿਵਾਰਾਂ ਸਹਿਤ ਅਤੇ ਸਮੂਹਿਕ ਸਮਾਜ ਵਿੱਚ ਰਹਿਣ ਵਾਲੇ ਸਥਾਈ ਅੰਤਰਰਾਜੀ ਮਜ਼ਦੂਰ ਮਾਨਸਿਕ ਤੌਰ 'ਤੇ ਜੁਰਮ ਕਰਨ ਦੀ ਪ੍ਰਵਿਰਤੀ ਵਾਲੇ ਨਹੀਂ ਹੁੰਦੇ। ਉਨ੍ਹਾਂ ਕਿਹਾ ਕਿ ਪੂਰੇ ਪੰਜਾਬ ਵਿੱਚ ਜਾਇਦਾਦ ਦੇ ਝਗੜਿਆਂ ਵਿੱਚ ਅੰਤਰਰਾਜੀ ਮਜ਼ਦੂਰਾਂ ਦਾ ਹਿੱਸਾ ਕੇਵਲ 1 ਫੀਸਦੀ ਤੋਂ 1.5 ਫੀਸਦੀ ਤੱਕ ਹੀ ਹੈ। ਭਾਵ ਉਹਨਾਂ ਦੀ ਆਬਾਦੀ ਤੋਂ ਕਿਤੇ ਘੱਟ। ਇਸੇ ਤਰ੍ਹਾਂ ਪੰਜਾਬ ਪੁਲਿਸ ਦੇ ਡੀ.ਜੀ.ਪੀ. ਸ੍ਰੀ ਏ.ਏ. ਸਦੀਕੀ ਨੇ ਵੀ ਜੁਰਮਾਂ ਵਿੱਚ ਵਾਧੇ ਲਈ ਅੰਤਰਰਾਜੀ ਮਜ਼ਦੂਰਾਂ ਨੂੰ ਜਿੰਮੇਵਾਰ ਮੰਨਣ ਤੋਂ ਇਨਕਾਰ ਕੀਤਾ ਹੈ। ਇਹ ਸਾਰੇ ਤੱਥ ਮੂੰਹੋਂ ਬੋਲਦੇ ਹਨ, ਪ੍ਰੰਤੂ ਇਸ ਦੇ ਬਾਵਜੂਦ ਫਿਰਕੂ ਤੱਤ ਅਤੇ ਸਵਾਰਥੀ ਤੱਤ ਅੰਤਰਰਾਜੀ ਮਜ਼ਦੂਰਾਂ ਵਿਰੁੱਧ ਜ਼ਹਿਰੀਲਾ ਪ੍ਰਚਾਰ ਕਰੀ ਜਾ ਰਹੇ ਹਨ, ਜਿਸ ਦੇ ਕਈ ਵਾਰ ਸਧਾਰਨ ਲੋਕ ਵੀ ਸ਼ਿਕਾਰ ਹੋ ਜਾਂਦੇ ਹਨ।
ਗੱਲ ਇਹ ਕਹੀ ਜਾਂਦੀ ਹੈ ਕਿ ਦੂਜੇ ਰਾਜਾਂ ਤੋਂ ਆਉਂਦੇ ਮਜ਼ਦੂਰ ਟੀ.ਬੀ. ਅਤੇ ਏਡਜ਼ ਵਰਗੀਆਂ ਬਿਮਾਰੀਆਂ ਨਾਲ ਲੈ ਕੇ ਆਉਂਦੇ ਹਨ। ਇਹ ਇੱਕ ਅਜਿਹਾ ਦੋਸ਼ ਹੈ, ਜਿਹੜਾ ਸਾਰੇ ਆਮ ਗਰੀਬਾਂ ਵਿਰੁੱਧ ਹੀ ਲਾਇਆ ਜਾ ਸਕਦਾ ਹੈ, ਕਿਉਂਕਿ ਟੀ.ਬੀ. ਮੁੱਖ ਰੂਪ ਵਿੱਚ ਗਰੀਬੀ ਦੀ ਬਿਮਾਰੀ ਹੈ। ਜੇਕਰ ਕਿਸੇ ਵੀ ਸਮਾਜ ਵਿੱਚ ਗਰੀਬ ਰਹੇਗਾ ਤਾਂ ਉਸ ਵਿੱਚ ਅਜਿਹੀਆਂ ਬਿਮਾਰੀਆਂ ਲਾਜ਼ਮੀ ਹੋਣਗੀਆਂ। ਜਦੋਂ ਪੰਜਾਬ ਵਿੱਚ 80 ਫੀਸਦੀ ਬੱਚਿਆਂ ਅਤੇ 41.51 ਔਰਤਾਂ ਵਿੱਚ ਖੂਨ ਦੀ ਘਾਟ ਹੈ ਤਾਂ ਇਨ੍ਹਾਂ ਨਾਲ ਗੰਭੀਰ ਬਿਮਾਰੀਆਂ ਹੀ ਜਨਮ ਲੈਣਗੀਆਂ। ਏਡਜ਼ ਦੀ ਬਿਮਾਰੀ ਦੇ ਪੰਜਾਬ ਵਿੱਚ ਅੱਜ ਤੱਕ ਉਹ ਮਰੀਜ਼ ਮਿਲੇ ਹਨ, ਜਿਹੜੇ ਲੰਮੇ ਅਰਸੇ ਤੱਕ ਆਪਣੇ ਘਰਾਂ ਤੋਂ ਗੈਰ-ਹਾਜ਼ਰ ਰਹਿੰਦੇ ਹਨ, ਜਿਵੇਂ ਫੌਜੀ ਅਤੇ ਟਰਾਂਸਪੋਰਟ ਵਰਕਰ। ਬਿਮਾਰੀਆਂ ਦਾ ਕਾਰਨ ਗਰੀਬੀ ਦੇ ਨਾਲ-ਨਾਲ ਵਿਦਿਅਕ ਪੱਧਰ ਉੱਤੇ ਵੀ ਨਿਰਭਰ ਕਰਦਾ ਹੈ। ਪੰਜਾਬ ਵਿੱਚ ਅੱਜ ਵੀ 30 ਫੀਸਦੀ ਤੋਂ ਵੱਧ ਅਬਾਦੀ ਅਨਪੜ੍ਹ ਹੈ। ਇਸੇ ਤਰ੍ਹਾਂ ਜੇਕਰ ਸ਼ਹਿਰਾਂ ਵਿੱਚ ਵੀ ਗੰਦੇ ਨਾਲੇ ਖੁੱਲ੍ਹੇ ਰੂਪ ਵਿੱਚ ਵਹਿੰਦੇ ਹਨ, ਤਾਂ ਪਿੰਡਾਂ ਦੀਆਂ ਖੁੱਲ੍ਹੀਆਂ ਗੰਦੀਆਂ ਨਾਲੀਆਂ ਦਾ ਹੱਲ ਕੌਣ ਕਰੇਗਾ? ਇਹ ਬਿਮਾਰੀਆਂ ਗਰੀਬੀ ਦੇ ਨਾਲ-ਨਾਲ ਸਮਾਜ ਅਤੇ ਸਰਕਾਰ ਦੀਆਂ ਤਰਜੀਹਾਂ ਉੱਤੇ ਵੀ ਨਿਰਭਰ ਕਰਦੀਆਂ ਹਨ। ਇਸ ਲਈ ਗੰਦਗੀ ਦੇ ਢੇਰਾਂ,ਪਾਣੀ ਦੇ ਖੱਡਿਆਂ, ਮੱਛਰਾਂ ਤੇ ਮੱਖੀਆਂ ਲਈ ਅੰਤਰਰਾਜੀ ਮਜ਼ਦੂਰ ਨਹੀਂ, ਸਗੋਂ ਪੂਰੇ ਸਮਾਜ ਦਾ ਹੀ ਰਵੱਈਆ ਬਦਲਣ ਦੀ ਜ਼ਰੂਰਤ ਹੈ। ਇਸ ਲਈ ਬਿਨ੍ਹਾਂ ਤੱਥਾਂ ਤੋਂ ਹੀ ਅੰਤਰਰਾਜੀ ਮਜ਼ਦੂਰਾਂ ਵਿਰੁੱਧ ਪ੍ਰਚਾਰ ਕਰਦੇ ਜਾਣਾ, ਕਿਸੇ ਤਰ੍ਹਾਂ ਵੀ ਮੁਨਾਸਿਬ ਨਹੀਂ, ਬਲਕਿ ਘੋਰ ਅੱਤਿਆਚਾਰ ਹੈ।
ਅੰਤਰਰਾਜੀ ਮਜ਼ਦੂਰਾਂ ਵਿਰੁੱਧ ਇਹ ਇਲਜ਼ਾਮ ਲਾਇਆ ਜਾ ਰਿਹਾ ਹੈ ਕਿ ਉਹ ਹਰ ਤਰ੍ਹਾਂ ਦੀਆਂ ਨਸ਼ੀਲੀਆਂ ਵਸਤਾਂ ਦਾ ਮਾਰੂ ਵਾਧਾ ਕਰ ਰਹੇ ਹਨ। ਭਲਾ ਜਿਸ ਦੀ 80 ਫੀਸਦੀ ਆਮਦਨੀ ਖੁਰਾਕ ਉੱਤੇ ਹੀ ਖਰਚ ਹੁੰਦੀ ਹੋਵੇ, ਉਹ ਨਸ਼ੀਲੀਆਂ ਦਵਾਈਆਂ ਦਾ ਕਿੰਨਾ ਕੁ ਇਸਤੇਮਾਲ ਕਰੇਗਾ? ਜੇਕਰ ਅੰਤਰਰਾਸ਼ਟਰੀ ਮਜ਼ਦੂਰ ਨਸ਼ੀਲੀਆਂ ਦਵਾਈਆਂ ਦਾ ਧੰਦਾ ਕਰਨ ਵਾਲੇ ਸਮੱਗਲਰ ਹੋਣ ਤਾਂ ਉਹਨਾਂ ਨੂੰ ਗੰਦੀਆਂ ਬਸਤੀਆਂ ਵਿੱਚ ਰਹਿਣ, 3-3 ਸਵਾਰੀਆਂ ਬਿਠਾ ਕੇ ਰਿਕਸ਼ੇ ਖਿੱਚਣ ਦੀ ਕੀ ਜ਼ਰੂਰਤ ਹੈ? ਹਾਂ ਕਿਤੇ-ਕਿਤੇ ਗਰੀਬ ਮਜ਼ਦੂਰ ਬੀੜੀ ਪੀਣ ਅਤੇ ਜ਼ਰਦਾ ਚੱਬਣ ਦਾ ਕੰਮ ਜ਼ਰੂਰ ਕਰਦੇ ਹਨ, ਪ੍ਰੰਤੂ ਇਹ ਕੰਮ ਤਾਂ ਮਾਲਵੇ ਦੇ ਜਿਮੀਂਦਾਰ, ਅਮੀਰਾਂ ਦੇ ਕਾਕੇ, ਪੁਲਸ ਅਤੇ ਯੂਨੀਵਰਸਿਟੀਆਂ ਅਤੇ ਕਾਲਜਾਂ ਵਿੱਚ ਪੜ੍ਹਨ ਵਾਲੇ ਅਮੀਰਾਂ ਦੇ ਬੱਚੇ ਕਿਤੇ ਵੱਧ ਕਰਦੇ ਹਨ।
ਕੀ ਉਨ੍ਹਾਂ ਨੂੰ ਕੋਈ ਦੇਸ਼ ਨਿਕਾਲਾ ਦੇ ਦੇਵੇਗਾ? ਭੁੱਕੀ ਦੀਆਂ ਬੋਰੀਆਂ ਤਾਂ ਚੋਣਾਂ ਵਿੱਚ ਵੱਡੀਆਂ-ਵੱਡੀਆਂ ਪਾਰਟੀਆਂ ਦੇ ਲੀਡਰ ਵੀ ਵੰਡਦੇ ਹਨ। ਕੀ ਅਫ਼ੀਮ ਅਤੇ ਭੁੱਕੀ ਦੇ ਟਰੱਕ ਗਰੀਬ ਅੰਤਰਰਾਜੀ ਮਜ਼ਦੂਰ ਵੇਚਦੇ ਹਨ? ਜ਼ਿਲ੍ਹਾ ਅੰਮ੍ਰਿਤਸਰ ਵਿੱਚ ਨਸ਼ਿਆਂ ਦੇ ਕਾਰਨ ਮਰ ਰਹੇ ਜ਼ਿਆਦਾ ਅਣਭੋਲੇ ਨੌਜਵਾਨ ਉਨ੍ਹਾਂ ਬਾਰਡਰ ਦੇ ਪਿੰਡਾਂ ਦੇ ਹਨ, ਜਿੱਥੇ ਇੱਕ ਵੀ ਅੰਤਰਰਾਜੀ ਮਜ਼ਦੂਰ ਨਹੀਂ ਰਹਿੰਦਾ। ਸ਼ਰਾਬ ਦੇ ਠੇਕਿਆਂ ਦੀਆਂ ਭੀੜਾਂ, ਅਮੀਰਾਂ ਦੇ ਵਿਆਹਾਂ ਅਤੇ ਪਾਰਟੀਆਂ ਵਿੱਚ ਵਰਤਾਈਆਂ ਜਾਂਦੀਆਂ ਸ਼ਰਾਬ ਦੀਆਂ ਛਬੀਲਾਂ ਕੀ ਅੰਤਰਰਾਜੀ ਮਜ਼ਦੂਰ ਲਾਉਂਦੇ ਹਨ? ਨਸ਼ੇ ਸੱਚਮੁੱਚ ਹੀ ਸਮਾਜ ਦਾ ਕੋਹੜ ਹੈ, ਜਿਹੜਾ ਪੰਜਾਬ ਵਿੱਚ ਵਧ ਰਿਹਾ ਹੈ। ਇਸ ਨੂੰ ਰੋਕਣ ਲਈ ਫ਼ਿਰਕੂ ਜਾਂ ਗਰੀਬ ਵਿਰੋਧੀ ਮੁਹਿੰਮ ਦੀ ਨਹੀਂ, ਸਗੋਂ ਇੱਕ ਸਰਵ-ਵਿਆਪੀ ਸਾਰਥਕ ਮੁਹਿੰਮ ਦੀ ਜ਼ਰੂਰਤ ਹੈ, ਬੇਰੁਜ਼ਗਾਰੀ ਅਤੇ ਸੰਸਾਰੀਕਰਨ, ਉਦਾਰੀਕਰਨ ਦੀਆਂ ਲੋਕ ਮਾਰੂ ਨੀਤੀਆਂ ਤੋਂ ਹਟਾਉਣ ਦੀ ਆਪਣੀ ਸਾਮਰਾਜੀ ਭਗਤੀ ਕਰਦੇ ਹੀ ਰਹਿਣਗੇ।
ਅੰਤਰਰਾਜੀ ਮਜ਼ਦੂਰਾਂ ਉੱਤੇ ਇਹ ਵੀ ਦੋਸ਼ ਲਾਇਆ ਜਾ ਰਿਹਾ ਹੈ ਕਿ ਉਨ੍ਹਾਂ ਨੇ ਪੰਜਾਬੀਆਂ ਦੀਆਂ ਖਾਣ-ਪੀਣ ਦੀਆਂ ਆਦਤਾਂ ਉੱਤੇ ਅਸਰ ਪਾਇਆ ਹੈ। ਜੇਕਰ ਪੰਜਾਬ ਵਿੱਚ ਵਿਦੇਸ਼ੀ ਮਾਲ ਧੜਾਧੜ ਆਉਣ ਅਤੇ ਸਾਮਰਾਜੀ ਭਾਰੂ ਪ੍ਰਚਾਰਕ ਮਾਧਿਅਮਾਂ ਦੇ ਪ੍ਰਭਾਵ ਹੇਠ ਟਾਫੀਆਂ, ਕੋਲਡ ਡਰਿੰਕਸ, ਪੀਜ਼ਾ, ਬਰਗਰ, ਨੂਡਲ, ਬਿਊਟੀ ਕਨਟੈਸਟ ਆਦਿ ਦਾ ਅਸਰ ਵਧ ਰਿਹਾ ਹੈ ਜੋ ਇਨ੍ਹਾਂ ਭੱਦਰ ਪੁਰਸ਼ਾਂ ਨੂੰ ਨਜ਼ਰ ਨਹੀਂ ਆਉਂਦਾ, ਜਿਸ ਵਿੱਚ ਦੁਨੀਆਂ ਭਰ ਵਿੱਚ ਆਵਾਜ਼ ਉੱਠ ਰਹੀ ਹੈ। ਇੰਟਰਨੈੱਟ ਰਾਹੀਂ ਗੰਦੀ, ਹਿੰਸਕ, ਕਾਮ ਭੜਕਾਊ ਤੇ ਨੰਗੇਜ਼ ਪ੍ਰਚਾਰ ਸਮੱਗਰੀ ਦਾ ਮਾਰੂ ਸਾਮਰਾਜੀ ਪ੍ਰਭਾਵ ਅੰਨ੍ਹੇ ਨੂੰ ਵੀ ਪ੍ਰਤੱਖ ਦਿਖਦਾ ਹੈ ਪ੍ਰੰਤੂ ਇਨ੍ਹਾਂ ਦੀ ਅੱਖ ਉਸ ਪਾਸੇ ਨਹੀਂ ਜਾਂਦੀ। ਇਨ੍ਹਾਂ ਨੂੰ ਸਮਾਜ ਵਿਗਿਆਨ ਦੇ ਇਸ ਨਿਯਮ ਦੀ ਵੀ ਜਾਣਕਾਰੀ ਨਹੀਂ ਕਿ ਭਾਰੂ ਜਮਾਤਾਂ ਦਾ ਸੱਭਿਆਚਾਰ ਅਤੇ ਆਦਤਾਂ ਗਰੀਬ ਉੱਤੇ ਅਸਰ-ਅੰਦਾਜ਼ ਹੁੰਦੀਆਂ ਹਨ, ਨਾ ਕਿ ਗਰੀਬ ਤੇ ਦੱਬੇ-ਕੁਚਲੇ ਲੋਕਾਂ ਦਾ ਸੱਭਿਆਚਾਰ ਅਤੇ ਆਦਤਾਂ ਅਮੀਰਾਂ ਉੱਤੇ ਪ੍ਰਭਾਵ ਪਾਉਂਦੀਆਂ ਹਨ। ਪੰਜਾਬੀ ਸ਼ਹਿਰੀ ਵਸੋਂ ਵਿੱਚ ਪੱਛਮੀ ਕਲਚਰ ਦੀ ਰੀਸ ਕਰਨ ਦਾ ਰੁਝਾਨ ਵਧ ਰਿਹਾ ਹੈ, ਨਾ ਕਿ ਅੰਤਰਰਾਜੀ ਮਜ਼ਦੂਰਾਂ ਦੀ ਦਾਲ-ਚੌਲ ਖਾਣ ਦੀ ਆਦਤ।
(ਨਵਾਂ ਜ਼ਮਾਨਾਂ 'ਚ ਪ੍ਰਕਾਸ਼ਿਤ ਲਿਖਤ 'ਚੋਂ ਸੰਖੇਪ)
(ਸਿਰਲੇਖ ਸਾਡਾ)

No comments:
Post a Comment