ਸੀ ਪੀ ਆਈ (ਮਾਓਵਾਦੀ) ਨੂੰ ਗੰਭੀਰ ਪਛਾੜ
ਬਨਾਮ
ਲੋਕ ਯੁੱਧ ਦਾ ਰਾਹ
ਸੀ ਪੀ ਆਈ ਮਾਓਵਾਦੀ ਦੀ ਅਗਵਾਈ ਹੇਠਲੀਆਂ ਕਮਿਊਨਿਸਟ ਇਨਕਲਾਬੀ ਸ਼ਕਤੀਆਂ ਨੂੰ ਰਾਜ ਭਾਗ ਦੇ ਬੇਮੇਚੇ ਹਥਿਆਰਬੰਦ ਹੱਲੇ ਸਦਕਾ ਹੋਈ ਗੰਭੀਰ ਪਛਾੜ ਨੇ ਭਾਰਤੀ ਇਨਕਲਾਬ ਦੀ ਦਰੁਸਤ ਲੀਹ ਦੇ ਮਸਲੇ ਬਾਰੇ ਸਵਾਲਾਂ ਅਤੇ ਮਤਭੇਦਾਂ ਦੇ ਇੱਕ ਨਵੇਂ ਸਿਲਸਿਲੇ ਨੂੰ ਜਨਮ ਦਿੱਤਾ ਹੈ| ਇਸ ਚਰਚਾ 'ਚ ਭਾਰਤੀ ਇਨਕਲਾਬ ਲਈ ਲੋਕ ਯੁੱਧ ਦੇ ਰਾਹ ਦੀ ਪ੍ਰਸੰਗਤਾ ਨੂੰ ਚੁਣੌਤੀ ਤੋਂ ਲੈ ਕੇ ਹਥਿਆਰਬੰਦ ਇਨਕਲਾਬ ਦੀ ਆਮ ਲੋੜ ਅਤੇ ਸਾਰਥਕਤਾ ਬਾਰੇ ਕਿੰਤੂ ਪ੍ਰੰਤੂ ਤੱਕ ਸ਼ਾਮਲ ਹਨ। ਪਰ ਕਿਸੇ ਵੀ ਇਨਕਲਾਬ (ਲੋਕ ਜਮਹੂਰੀ ਜਾਂ ਸਮਾਜਵਾਦੀ) ਅਤੇ ਇਸਦੇ ਰਾਹ (ਲੋਕ-ਯੁੱਧ ਜਾਂ ਆਮ ਬਗਾਵਤ )ਦੀ ਸਫਲਤਾ ਦੀ ਲਾਜ਼ਮੀ ਸ਼ਰਤ ਵਜੋਂ ਇਨਕਲਾਬੀ ਜਨਤਕ ਲੀਹ ਦੇ ਮਾਓ ਵਿਚਾਰਧਾਰਾ ਅਧਾਰਤ ਅਭਿਆਸ ਦੇ ਜ਼ਰੂਰੀ ਹਵਾਲੇ ਦਾ ਜ਼ਿਕਰ ਆਮ ਕਰਕੇ ਨਜ਼ਰ ਨਹੀਂ ਪੈਂਦਾ ।
1967 ਦੀ ਨਕਸਲਬਾੜੀ ਬਗਾਵਤ ਦੇ ਝੰਜੋੜੇ ਸਦਕਾ ਆਪਣੀ ਨਿਵੇਕਲੀ ਹਸਤੀ ਨਾਲ ਪ੍ਰਗਟ ਹੋਈ ਕਮਿਊਨਿਸਟ ਇਨਕਲਾਬੀ ਲਹਿਰ ਅੰਦਰ ਭਾਰਤੀ ਇਨਕਲਾਬ ਦੇ ਖਾਸੇ ਅਤੇ ਰਾਹ ਬਾਰੇ ਆਮ ਸਹਿਮਤੀ ਮੌਜੂਦ ਸੀ। ਸਮੁੱਚੇ ਕਮਿਊਨਿਸਟ ਇਨਕਲਾਬੀ ਕੈਂਪ ਨੇ ਨਵ-ਜਮਹੂਰੀ ਇਨਕਲਾਬ ਅਤੇ ਲੋਕ ਯੁੱਧ ਦੇ ਰਾਹ ਦਾ ਝੰਡਾ ਚੁੱਕਿਆ ਹੋਇਆ ਸੀ। ਇਸ ਨਿਰਣੇ ਬਾਰੇ ਮਾਓ ਦੀ ਅਗਵਾਈ ਹੇਠਲੀ ਚੀਨੀ ਕਮਿਊਨਿਸਟ ਪਾਰਟੀ ਅਤੇ ਭਾਰਤ ਦੇ ਕਮਿਊਨਿਸਟ ਇਨਕਲਾਬੀ ਕੈਂਪ ਦਰਮਿਆਨ ਭਾਰਤੀ ਸਮਾਜ ਦੇ ਖਾਸੇ (ਅਰਧ ਜਗੀਰੂ -ਅਰਧ ਬਸਤੀਵਾਦੀ), ਰਾਜ ਦੇ ਖਾਸੇ (ਆਪਾਸ਼ਾਹੀ), ਇਨਕਲਾਬ ਦੇ ਪੜਾਅ(ਨਵ-ਜਮਹੂਰੀ )ਅਤੇ ਰਾਹ( ਲੋਕ- ਯੁੱਧ ) ਬਾਰੇ ਬੁਨਿਆਦੀ ਸਹਿਮਤੀ ਸੀ । ਚੀਨੀ ਕਮਿਊਨਿਸਟ ਪਾਰਟੀ ਨੇ ਆਪਣੇ ਵਿਚਾਰ “ਭਾਰਤ ਅੰਦਰ ਬਹਾਰ ਦੀ ਗਰਜ” ਨਾਂ ਦੀ ਮਸ਼ਹੂਰ ਟਿੱਪਣੀ 'ਚ ਪ੍ਰਗਟ ਕੀਤੇ ਸਨ| ਮਗਰੋਂ ਸੀ ਪੀ ਆਈ (ਮ. ਲ.) ਦੇ ਡੈਲੀਗੇਸ਼ਨ ਨਾਲ ਹੋਈ ਗੱਲਬਾਤ ਦੌਰਾਨ ਚਾਓ ਇਨ ਲਾਈ ਨੇ ਇਨ੍ਹਾਂ ਸੰਕਲਪਾਂ ਦੀ ਵਿਆਖਿਆ ਕਰਦਿਆਂ ਸੀ ਪੀ ਆਈ (ਮ. ਲ.) ਦੀ ਦਾਅਪੇਚਕ ਲੀਹ ਦੇ ਸਵਾਲਾਂ ਬਾਰੇ ਪੜਚੋਲੀਆ ਟਿੱਪਣੀਆਂ ਕੀਤੀਆਂ ਸਨ ਅਤੇ ਦਰੁਸਤੀ ਲਈ ਭਰਾਤਰੀ ਸੁਝਾਅ ਦਿੱਤੇ ਸਨ।
ਕਮਿਊਨਿਸਟ ਇਨਕਲਾਬੀ ਕੈਂਪ ਨੂੰ ਇਨ੍ਹਾਂ ਸੁਝਾਵਾਂ ਦੀ ਜਾਣਕਾਰੀ ਜੇਲ੍ਹ ਅੰਦਰੋਂ ਜਾਰੀ ਹੋਏ ਸੀ ਪੀ ਆਈ (ਮ. ਲ.) ਨਾਲ ਸਬੰਧਤ ਛੇ ਕਮਿਊਨਿਸਟ ਇਨਕਲਾਬੀ ਆਗੂਆਂ ਵਲੋਂ ਕਾ: ਚਾਰੂ ਮਜੂਮਦਾਰ ਦੀ ਅਗਵਾਈ ਹੇਠ ਲਾਗੂ ਹੋ ਰਹੀ ਪਾਰਟੀ ਲੀਹ ਬਾਰੇ ਜਾਰੀ ਕੀਤੇ ਖੁਲ੍ਹੇ ਪੜਚੋਲੀਆ ਖਤ ਰਾਹੀਂ ਪ੍ਰਾਪਤ ਹੋਈ ਸੀ| ਇਨ੍ਹਾਂ ਛੇ ਆਗੂਆਂ 'ਚ ਕਾਨੂ ਸਨਿਆਲ, ਤਾਜੇਸ਼ਵਰ ਰਾਓ ਅਤੇ ਨਾਗਭੂਸ਼ਨ ਪਟਨਾਇਕ ਸ਼ਾਮਿਲ ਸਨ | ਮਾਓ ਵਿਚਾਰਧਾਰਾ ਦਾ ਝੰਡਾ ਬੁਲੰਦ ਕਰਨ ਵਾਲੇ ਕਮਿਊਨਿਸਟ ਇਨਕਲਾਬੀ ਕੈਂਪ ਅੰਦਰੋਂ ਭਾਰਤੀ ਇਨਕਲਾਬ ਦੇ ਪੜਾਅ ਅਤੇ ਰਾਹ ਬਾਰੇ ਮਾਓ ਦੀ ਅਗਵਾਈ ਹੇਠਲੀ ਚੀਨ ਦੀ ਪਾਰਟੀ ਨਾਲੋਂ ਵੱਖਰੇ ਨਿਰਣੇ ਕਾਫੀ ਪਿੱਛੋਂ ਜਾ ਕੇ ਪ੍ਰਗਟ ਹੋਏ|
ਇਹ ਸਥਾਪਤ ਹਕੀਕਤ ਹੈ ਕਿ ਲੋਕ-ਯੁੱਧ ਦੇ ਰਾਹ ਦੀ ਵਕਾਲਤ ਕਰਨ ਵਾਲੇ ਕਮਿਊਨਿਸਟ ਇਨਕਲਾਬੀ ਕੈਂਪ ਅੰਦਰ ਦੋ ਰੁਝਾਨਾਂ ਅਤੇ ਲੀਹਾਂ ਦਾ ਤਿੱਖਾ ਟਕਰਾ ਸੀ.ਪੀ.ਆਈ. (ਮ. ਲ)ਦੇ ਗਠਨ ਤੋਂ ਪਹਿਲਾਂ ਹੀ ਸਾਹਮਣੇ ਆ ਗਿਆ ਸੀ| ਇੱਕ ਰੁਝਾਨ ਦੀ ਲੀਹ “ਜਮਾਤੀ ਦੁਸ਼ਮਣਾਂ" ਦੇ ਸਫਾਏ ਦੀ ਲੀਹ ਵਜੋਂ ਜਾਣੀ ਗਈ, ਜਿਸਦਾ ਸਰਬ-ਉੱਚ ਨੁਮਾਇੰਦਾ ਕਾਮਰੇਡ ਚਾਰੂ ਮਜੂਮਦਾਰ ਸੀ। ਦੂਜੇ ਰੁਝਾਨ ਦੀ ਮੁਖ ਨੁਮਾਇੰਦਾ ਜਥੇਬੰਦੀ ਆਂਧਰਾ ਪ੍ਰਦੇਸ਼ ਕਮਿਊਨਿਸਟ ਇਨਕਲਾਬੀ ਕਮੇਟੀ (APCRC)ਸੀ। ਇਸਦੀ ਅਗਵਾਈ ਡੀ ਵੀ ਰਾਓ ਅਤੇ ਨਾਗੀ ਰੈੱਡੀ ਦੇ ਹੱਥਾਂ 'ਚ ਸੀ। ਉਸ ਸਮੇਂ ਚੰਦਰ ਪੂਲਾ ਰੈੱਡੀ ਵੀ ਇਸੇ ਜਥੇਬੰਦੀ ਦਾ ਹਿੱਸਾ ਸਨ।
ਇਨ੍ਹਾਂ ਕਮਿਊਨਿਸਟ ਇਨਕਲਾਬੀਆਂ ਵੱਲੋਂ ਉਭਾਰਿਆ ਲੋਕ-ਯੁੱਧ ਦਾ ਸੰਕਲਪ ਅਤੇ ਅਭਿਆਸ ਚਾਰੂ ਮਜੂਮਦਾਰ ਦੇ ਸੰਕਲਪ ਅਤੇ ਅਭਿਆਸ ਨਾਲੋਂ ਵੱਖਰਾ ਸੀ| ਕਮਿਊਨਿਸਟ ਇਨਕਲਾਬੀ ਲਹਿਰ ਦੀ ਇਸ ਟੁਕੜੀ ਦਾ ਮੱਤ ਸੀ ਕਿ ਚਾਰੂ ਮਜੂਮਦਾਰ ਦਾ ਲੋਕ ਯੁੱਧ ਦਾ ਸੰਕਲਪ ਅਤੇ ਅਭਿਆਸ ਮਾਓ ਵਿਚਾਰਧਾਰਾ ਦੀਆਂ ਸਿੱਖਿਆਵਾਂ ਨਾਲ ਬੇਮੇਲ ਹੈ| ਹਰਭਜਨ ਸੋਹੀ ਦੀ ਅਗਵਾਈ ਹੇਠਲੀ ਪੰਜਾਬ ਕਮਿਊਨਿਸਟ ਇਨਕਲਾਬੀ ਕਮੇਟੀ ਦਾ ਮੱਤ ਵੀ ਇਹੋ ਸੀ| APCCR ਨੇ ਆਪਣਾ ਮੱਤ ਇੱਕ ਦਸਤਾਵੇਜ਼ ਰਾਹੀਂ ਉਭਾਰਿਆ ਸੀ। “ਭਾਰਤ ਵਿੱਚ ਲੋਕ- ਯੁੱਧ ਦੇ ਰਾਹ ਦੀਆਂ ਸਮੱਸਿਆਵਾਂ" ਨਾਂ ਦਾ ਇਹ ਦਸਤਾਵੇਜ਼ ਪੰਜਾਬ ਕਮਿਊਨਿਸਟ ਇਨਕਲਾਬੀ ਕਮੇਟੀ ਵਲੋਂ ਪੰਜਾਬੀ 'ਚ ਅਨੁਵਾਦ ਕਰਕੇ ਛਾਪਿਆ ਗਿਆ ਸੀ।
ਮਾਓ ਜ਼ੇ ਤੁੰਗ ਵਿਚਾਰਧਾਰਾ ਮੁਤਾਬਕ ਲੋਕ-ਯੁੱਧ ਲੋਕਾਂ ਦਾ ਯੁੱਧ ਹੁੰਦਾ ਹੈ। ਪਰ ਚਾਰੂ ਮਜੂਮਦਾਰ ਦੀ ਅਗਵਾਈ ਹੇਠ ਲੜਿਆ ਜਾ ਰਿਹਾ “ਯੁੱਧ" ਲੋਕਾਂ ਵੱਲੋਂ ਲੜਿਆ ਜਾ ਰਿਹਾ “ਯੁੱਧ" ਨਹੀਂ ਸੀ। ਲੋਕਾਂ ਦੀ ਮੁਕਤੀ ਦੇ ਮਕਸਦ ਨਾਲ ਕਮਿਊਨਿਸਟ ਇਨਕਲਾਬੀਆਂ ਦੀ ਇੱਕ ਟੁਕੜੀ ਦੇ ਹਥਿਆਰਬੰਦ ਦਸਤਿਆਂ ਵਲੋਂ ਜਮਾਤੀ ਦੁਸ਼ਮਣਾਂ ਦੇ ਵਿਅਕਤੀਗਤ ਕਤਲਾਂ ਦੀਆਂ ਕਾਰਵਾਈਆਂ ਦਾ ਸਿਲਸਿਲਾ ਸੀ। ਇਸ ਲੀਹ ਸਦਕਾ ਹੋਈਆਂ ਵੱਡੀਆਂ ਪਛਾੜਾਂ ਲੋਕ-ਯੁੱਧ ਦੇ ਰਾਹ ਦੀਆਂ ਪਛਾੜਾਂ ਨਹੀਂ ਸਨ । ਇਹ ਲੋਕ-ਯੁੱਧ ਲਈ ਲੋਕਾਂ ਨੂੰ ਹਥਿਆਰਬੰਦ ਕਰਨ ਦੇ ਰਾਹ ਤੋਂ ਭਟਕਣ ਦਾ ਨਤੀਜਾ ਸਨ।
ਕਾਮਰੇਡ ਚਾਰੂ ਮਜੂਮਦਾਰ ਦੀ ਇਹ ਖੱਬੂ ਮਾਰਕੇਬਾਜ਼ ਲੀਹ ਇੱਕ ਅਰਸੇ ਬਾਅਦ ਬਦਲਵੇਂ ਰੂਪ 'ਚ ਮੁੜ ਪ੍ਰਗਟ ਹੋਈ। ਸੀ.ਪੀ.ਆਈ.(ਮਾਓਵਾਦੀ) ਇਸ ਲੀਹ ਦੀ ਸਿਰਕੱਢ ਨੁਮਾਇੰਦਾ ਧਿਰ ਵਜੋਂ ਸਥਾਪਤ ਹੋਈ। ਇਹ ਲੀਹ ਚਾਰੂ ਮਜੂਮਦਾਰ ਵਾਂਗ ਜਨਤਕ ਜਥੇਬੰਦੀਆਂ ਅਤੇ ਜਨਤਕ ਘੋਲਾਂ ਨੂੰ ਰੱਦ ਨਹੀਂ ਕਰਦੀ ਸਗੋਂ ਪਾਰਟੀ ਦੀਆਂ ਫੌਜੀ ਕਰਵਾਈਆਂ ਅਤੇ ਜਨਤਕ ਘੋਲਾਂ ਨੂੰ ਨਾਲੋ ਨਾਲ ਚਲਾਉਣ ਦੀ ਵਕਾਲਤ ਕਰਦੀ ਹੈ। ਤਾਂ ਵੀ ਇਸ ਲੀਹ ਦਾ ਹਥਿਆਰਬੰਦ ਘੋਲ ਦਾ ਤਸੱਵਰ ਪੈਦਾਵਾਰ ਦੇ ਸਾਧਨਾਂ ਤੇ ਕਬਜ਼ੇ ਲਈ ਲੋਕਾਂ ਦੀ ਹਥਿਆਰਬੰਦੀ ਦਾ ਤਸੱਵਰ ਨਹੀਂ ਹੈ। ਤੱਤ ਰੂਪ 'ਚ ਇਹ ਲੀਹ ਬਦਲਵੇਂ ਅਤੇ ਸੁਧਰੇ ਰੂਪ 'ਚ ਕਾ: ਚਾਰੂ ਦੀ ਲੀਹ ਦੀ ਹੀ ਲਗਾਤਾਰਤਾ ਹੈ। ਲੋਕ- ਯੁੱਧ ਦੇ ਰਾਹ ਦੇ ਮਾਓ ਵਿਚਾਰਧਾਰਾ ਤੋਂ ਹਟਵੇਂ ਅਭਿਆਸ ਦਾ ਸੀ ਪੀ ਆਈ ਮਾਓਵਾਦੀ ਦੀਆਂ ਮੁੱਲਵਾਨ ਕਮਿਊਨਿਸਟ ਇਨਕਲਾਬੀ ਤਾਕਤਾਂ ਨੂੰ ਵੱਜੀ ਫੇਟ ਨਾਲ ਗਹਿਰਾ ਸੰਬੰਧ ਹੈ। ਤਾਂ ਵੀ ਇਹ ਗੱਲ ਤਸੱਲੀ ਵਾਲੀ ਹੈ ਕਿ ਇਸ ਜਥੇਬੰਦੀ ਦੇ ਗਿਣਨ ਯੋਗ ਹਿੱਸੇ ਭਾਰੀ ਪਛਾੜ ਦੇ ਸਨਮੁਖ ਵੀ ਲੋਕਾਂ ਦੇ ਕਾਜ਼ ਨਾਲ ਵਫ਼ਾਦਾਰੀ ਤਿਆਗਣ ਅਤੇ ਲੋਕ ਦੁਸ਼ਮਣ ਪਿਛਾਖੜੀ ਰਾਜ ਭਾਗ ਦੀ ਈਨ ਕਬੂਲ ਕਰਨ ਤੋਂ ਇਨਕਾਰੀ ਹਨ। ਲੋੜੀਂਦੀ ਆਪਾ ਦਰੁਸਤੀ ਦੇ ਲੜ ਲੱਗਕੇ ਇਹ ਨਿਹਚਾ ਮੁੜ ਸੰਭਾਲੇ ਅਤੇ ਅੱਗੇ ਵੱਲ ਪੇਸ਼ਕਦਮੀ ਦਾ ਅਧਾਰ ਬਣ ਸਕਦੀ ਹੈ।
ਸੀ ਪੀ ਆਈ ਮਾਓਵਾਦੀ ਦੀਆਂ ਸ਼ਕਤੀਆਂ ਦੀ ਤਾਜ਼ਾ ਪਛਾੜ ਨੂੰ ਅਧਾਰ ਬਣਾ ਕੇ ਭਾਰਤੀ ਇਨਕਲਾਬ ਲਈ ਲੋਕ- ਯੁੱਧ ਦੇ ਰਾਹ ਦੀ ਪ੍ਰਸੰਗਕਤਾ ਤੋਂ ਇਨਕਾਰ ਕਰਨਾ ਤਰਕਸੰਗਤ ਨਹੀਂ ਹੈ। ਚਾਹੇ ਇਹ ਪਛਾੜ ਮੂਲ ਰੂਪ 'ਚ ਮਾਓਵਾਦੀ ਇਨਕਲਾਬੀ ਜਨਤਕ ਲੀਹ ਤੋਂ ਲਾਂਭੇ ਜਾਣ ਦਾ ਨਤੀਜਾ ਹੈ,ਪਰ ਸਹੀ ਲੀਹ ਦੇ ਬਾਵਜੂਦ ਵੀ ਇਨਕਲਾਬਾਂ ਨੂੰ ਪਛਾੜਾਂ ਦਾ ਸਾਹਮਣਾ ਕਰਨਾ ਪੈ ਸਕਦਾ ਹੈ। ਅਜਿਹਾ ਇਤਿਹਾਸ 'ਚ ਵਾਪਰਦਾ ਆਇਆ ਹੈ।
ਰੂਸ ਅੰਦਰ 1905 'ਚ ਇਨਕਲਾਬ ਲਈ ਬਗਾਵਤ ਦਾ ਅਸਫਲ ਹੋਣਾ ਬਲਸ਼ਵਿਕ ਪਾਰਟੀ ਵੱਲੋਂ ਅਪਣਾਏ ਇਨਕਲਾਬ ਦੇ ਰਾਹ ਦੇ ਗਲ੍ਹਤ ਹੋਣ ਦਾ ਸੰਕੇਤ ਨਹੀਂ ਸੀ। ਆਖਰ ਨੂੰ ਇਸੇ ਰਾਹ 'ਤੇ ਚਲਦਿਆਂ ਰੂਸੀ ਇਨਕਲਾਬ ਜੇਤੂ ਹੋਇਆ। ਜੇ ਇਨਕਲਾਬ ਦੇ ਰਾਹ ਬਾਰੇ ਨਿਰਨਿਆਂ ਦਾ ਅਧਾਰ ਸਿਰਫ ਪਛਾੜਾਂ ਨੇ ਬਨਣਾ ਹੈ ਤਾਂ ਭਾਰਤ ਅੰਦਰ ਇਨਕਲਾਬੀ ਲਹਿਰ ਨੇ ਪਹਿਲੀ ਵੱਡੀ ਪਛਾੜ ਬੀ ਟੀ ਰੰਧੀਵੇ ਦੀ ਅਗਵਾਈ 'ਚ ਆਮ ਬਗਾਵਤ ਦਾ ਰਾਹ ਅਪਣਾ ਕੇ ਹੰਢਾਈ ਸੀ। ਇਨਕਲਾਬ ਦੇ ਰਾਹ ਅਤੇ ਲੀਹ ਬਾਰੇ ਨਿਰਣੇ ਨਿਰੋਲ ਪਛਾੜਾਂ ਦੇ ਹਵਾਲੇ ਨਾਲ ਤਹਿ ਕਰਨ ਦੀ ਪਹੁੰਚ ਸਤਹੀ ਪਹੁੰਚ ਹੈ। ਇਹ ਵਿਸ਼ਲੇਸ਼ਣ ਅਧਾਰਤ ਤਰਕਸ਼ੀਲ ਪਹੁੰਚ ਨਹੀਂ ਹੈ।
ਹੇਠਾਂ ਅਸੀਂ ਪੀਪਲਜ਼ ਵਾਰ ਗਰੁੱਪ ਸਬੰਧੀ ਸੀ ਪੀ ਆਰ ਸੀ ਆਈ (ਐਮ. ਐਲ) ਦੀ ਇੱਕ ਟਿੱਪਣੀ ਦੇ ਅੰਸ਼ ਛਾਪ ਰਹੇ ਹਾਂ। ਪੀਪਲਜ਼ ਵਾਰ ਗਰੁਪ ਦੀ ਪਾਰਟੀ ਯੂਨਿਟੀ ਗਰੁੱਪ ਅਤੇ ਫਿਰ ਐਮ ਸੀ ਸੀ ਆਈ ਨਾਲ ਏਕਤਾ ਦੇ ਸਿੱਟੇ ਵਜੋਂ ਸੀ ਪੀ ਆਈ (ਮਾਓਵਾਦੀ) ਹੱਦ ਵਿੱਚ ਆਈ ਸੀ। ਇਸ ਏਕਤਾ ਰਾਹੀਂ ਕਮਿਊਨਿਸਟ ਇਨਕਲਾਬੀ ਕੈਂਪ ਅੰਦਰਲੇ ਖੱਬੇ ਮਾਅਰਕੇਬਾਜ਼ ਰੁਝਾਨ ਨੂੰ ਹੋਰ ਮਜ਼ਬੂਤੀ ਅਤੇ ਚੜ੍ਹਾਈ ਹਾਸਲ ਹੋਈ ਸੀ।
ਉਮੀਦ ਹੈ ਕਿ ਅਗਲੀ ਟਿੱਪਣੀ ਪੀਪਲਜ਼ ਵਾਰ ਜਥੇਬੰਦੀ ਦੇ ਹਵਾਲੇ ਨਾਲ ਸੀ ਪੀ ਆਈ (ਮਾਓਵਾਦੀ) ਦੇ ਅਮਲ ਨੂੰ ਸਮਝਣ ਅਤੇ ਕਿਸੇ ਹੱਦ ਤੱਕ ਤਾਜ਼ਾ ਪਛਾੜ ਨਾਲ ਇਸਦੇ ਅਭਿਆਸ ਦਾ ਸਬੰਧ ਪਛਾਨਣ 'ਚ ਸਹਾਈ ਹੋਵੇਗੀ। ਸਾਨੂੰ ਹਾਸਲ ਹੋਈ ਇਹ ਟਿੱਪਣੀ ਸੀ ਪੀ ਆਰ ਸੀ ਆਈ (ਐਮ ਐਲ) ਵੱਲੋਂ ਆਪਣੀਆਂ ਸਫ਼ਾ ਲਈ ਅੰਦਰੂਨੀ ਚਿੱਠੀ ਵਜੋਂ ਜਾਰੀ ਕੀਤੀ ਗਈ ਸੀ। ਉਦੋਂ ਇਸ ਜਥੇਬੰਦੀ ਦੀ ਅਗਵਾਈ ਹਰਭਜਨ ਸੋਹੀ ਦੇ ਹੱਥਾਂ 'ਚ ਸੀ।
ਸੀਪੀਆਈ (ਮਾਓਵਾਦੀ) ਦੀ ਪੂਰਵ ਜਥੇਬੰਦੀ
ਪੀਪਲਜ਼ ਵਾਰ ਗਰੁੱਪ ਦੀ ਲੀਹ ਬਾਰੇ ਇਕ ਟਿੱਪਣੀ
ਮੁਲਕ ਅੰਦਰ ਇੱਕ ਦੂਜੇ ਨਾਲ ਭਿੜ ਰਹੇ ਵੱਖੋ ਵੱਖ ਰੁਝਾਨਾਂ ਅਤੇ ਲੀਹਾਂ 'ਚੋਂ ਪੀਪਲਜ਼ ਵਾਰ ਗਰੁੱਪ (PWG) “ਖੱਬੇ” ਰੁਝਾਨ ਦੀ ਨੁਮਾਇੰਦਗੀ ਕਰਦਾ ਹੈ। ਅੱਜ ਮੁਲਕ ਅੰਦਰ ਮੌਜੂਦ “ਖੱਬੇ” ਰੁਝਾਨਾਂ 'ਚੋਂ ਇਹ ਸਭ ਤੋਂ ਵੱਧ ਉਭਰਵਾਂ ਹੈ। PWG ਕੁੱਲ ਹਿੰਦ ਪਾਰਟੀ ਹੋਣ ਦਾ ਦਾਅਵਾ ਕਰਦਾ ਹੈ; ਇੱਕ ਕਾਂਗਰਸ ਕਰ ਚੁੱਕਾ ਹੈ ਜਿਸ ਬਾਰੇ ਇਹ ਪਾਰਟੀ ਕਾਂਗਰਸ ਹੋਣ ਦਾ ਦਾਅਵਾ ਕਰਦਾ ਹੈ ; ਮੌਜੂਦਾ ਸਮੇਂ ਇੱਕ ਗੁਰੀਲਾ ਫ਼ੌਜ ਦੇ ਰੂਪ ਵਿੱਚ ਭਾਰਤੀ ਇਨਕਲਾਬ ਦੀ ਹਥਿਆਰਬੰਦ ਸ਼ਕਤੀ ਸਿਰਜ ਲੈਣ (ਹਾਲ ਦੀ ਘੜੀ ਇੱਕ ਗੁਰੀਲਾ ਫ਼ੌਜ ਦੇ ਰੂਪ ਵਿੱਚ) ਦਾ ਦਾਅਵਾ ਕਰਦਾ ਹੈ; ਅਤੇ ਵੱਖੋ ਵੱਖਰੇ ਖੇਤਰਾਂ ਨੂੰ ਮੁੱਢਲੇ ਅਤੇ ਉਚੇਰੇ ਦਰਜੇ ਦੇ ਗੁਰੀਲਾ ਖੇਤਰਾਂ ਵਜੋਂ ਵਿਕਸਿਤ ਕਰ ਲੈਣ ਦਾ ਦਾਅਵਾ ਕਰਦਾ ਹੈ। ਸ਼ੁਰੂਆਤ ਵਿੱਚ ਇਹਨਾਂ ਨੇ ਆਪਣਾ ਧਿਆਨ ਇਕ ਸੂਬੇ 'ਤੇ ਕੇਂਦਰਿਤ ਕੀਤਾ ਸੀ, ਪਰ ਹੁਣ ਤੱਕ ਇਹ ਕਈ ਸੂਬਿਆਂ ਤੱਕ ਪਸਾਰਾ ਕਰ ਚੁੱਕਾ ਹੈ। ਮੁਲਕ ਅੰਦਰ ਇਹ ਸਭ ਤੋਂ ਵੱਧ ਉਭਰਿਆ ਹੋਇਆ ਕਮਿਊਨਿਸਟ ਇਨਕਲਾਬੀ ਗਰੁੱਪ ਹੈ; ਅਤੇ ਹੁਣ ਇਹ ਦੂਸਰੀਆਂ ਕੌਮਾਂਤਰੀ ਪਾਰਟੀਆਂ ਨਾਲ ਸਾਂਝੇ ਤੌਰ 'ਤੇ ਵੱਖ ਵੱਖ ਤਰ੍ਹਾਂ ਦੇ ਕੌਮਾਂਤਰੀ ਪਲੇਟਫਾਰਮ ਸਿਰਜ ਕੇ ਆਪਣੇ ਆਪ ਨੂੰ ਕੌਮਾਂਤਰੀ ਪੱਧਰ 'ਤੇ ਵੀ ਉਭਾਰ ਰਿਹਾ ਹੈ। ਇਹ ਸਿਆਸੀ ਹਮਲੇ ਉੱਤੇ ਆਇਆ ਹੋਇਆ “ਖੱਬਾ” ਰੁਝਾਨ ਹੈ; ਦੂਸਰੇ ਗਰੁੱਪਾਂ ਨਾਲ ਇਸ ਦੀਆਂ ਹਿੰਸਕ ਝੜਪਾਂ ਹੋਈਆਂ ਹਨ। ਕੈਂਪ ਦੇ ਅੰਦਰ ਇਹ ਪਾਰਟੀ ਦੇ ਰੁਤਬੇ ਤੋਂ ਖੜ੍ਹ ਕੇ ਗੱਲ ਕਰਦਾ ਹੈ; ਕਮਿਊਨਿਸਟ ਇਨਕਲਾਬੀ ਜਥੇਬੰਦੀਆਂ ਦੀ ਏਕਤਾ ਦੇ ਅਮਲ ਨੂੰ ਇਹ ਮੁੱਖ ਤੌਰ 'ਤੇ ਇੱਕ ਅਜਿਹੇ ਅਮਲ ਵਜੋਂ ਵੇਖਦਾ ਹੈ ਜਿਸ ਤਹਿਤ ਦੂਸਰੇ ਗਰੁੱਪਾਂ ਵਿਚਲੇ ਇਨਕਲਾਬੀ ਤੱਤਾਂ ਨੇ ਇਸ ਵਿੱਚ ਸ਼ਾਮਿਲ ਹੋਣਾ ਹੈ। ਪਰ ਵਿਚਾਰਧਾਰਕ ਸਿਆਸੀ ਪੱਧਰ 'ਤੇ ਇਸ ਨਾਲ ਨਜਿੱਠਣਾ ਵਧੇਰੇ ਗੁੰਝਲਦਾਰ ਹੈ, ਕਿਉਂਕਿ ਇਹ ਇੱਕ ਆਮ “ਖੱਬਾ” ਰੁਝਾਨ ਨਹੀਂ ਹੈ।
ਹਾਲਾਂਕਿ ਇਹ ਗਰੁੱਪ ਚਾਰੂ ਮਜੂਮਦਾਰ ਦੀ ਅਗਵਾਈ ਹੇਠਲੀ ਸੀ. ਪੀ. ਆਈ. (ਐਮ. ਐਲ.) ਦਾ ਨਿਰੋਲ ਵਾਰਸ ਹੋਣ ਦੀ ਦਾਅਵੇਦਾਰੀ ਕਰਦਾ ਹੈ, ਪਰ ਨਾਲ ਹੀ ਇਹ ਦਾਅਵਾ ਵੀ ਕਰਦਾ ਹੈ ਕਿ ਆਪਣੇ ਦਾਅਪੇਚਾਂ ਅਤੇ ਅਭਿਆਸ ਅੰਦਰ ਜਨਤਕ ਲਾਈਨ ਨੂੰ ਦਾਖਲ ਕਰਕੇ ਇਸਨੇ ਪਹਿਲਾਂ ਵਾਲੀ ਲੀਹ ਵਿੱਚ ਸੁਧਾਰ ਕੀਤਾ ਹੈ। ਪਰ ਪੀਪਲਜ਼ ਵਾਰ ਗਰੁੱਪ ਨੇ ਜਨਤਕ ਪਹੁੰਚ ਨੂੰ ਇੱਕਦੇਹ ਰੂਪ 'ਚ ਅਪਣਾਏ ਬਗੈਰ ਅਭਿਆਸ ਅੰਦਰ ਇਸਦੇ ਅੰਸ਼ ਦਾਖਲ ਕੀਤੇ ਹਨ।
ਇਸ ਵੱਲੋਂ ਅਪਣਾਈ ਹੋਈ ਲੀਹ ਦੇ ਪੱਖ ਤੋਂ, PWG ਨੇ ਉਸ ਪਹਿਲਾਂ ਵਾਲੇ “ਖੱਬੇ ” ਮਾਅਰਕੇਬਾਜ ਰੁਝਾਨ ਅੰਦਰਲੇ ਬਹੁਤ ਸਾਰੇ ਕੁੱਢਰ ਪੱਖਾਂ/ਪਹਿਲੂਆਂ ਨੂੰ ਤਿਆਗ ਦਿੱਤਾ ਹੈ ਜਿਨ੍ਹਾਂ ਦਾ ਚਾਰੂ ਮਜੂਮਦਾਰ ਦੀ ਅਗਵਾਈ ਵਾਲੀ ਸੀ. ਪੀ. ਆਈ. (ਐਮ. ਐਲ.) ਦੇ ਜਨਮ ਵਿੱਚ ਪ੍ਰਮੁੱਖ ਰੋਲ ਸੀ। ਇਸ ਪੱਖੋਂ, ਇਹ ਪਹਿਲਾਂ ਵਾਲੇ “ਖੱਬੇ” ਮਾਅਰਕੇਬਾਜ਼ ਰੁਝਾਨ ਦੀ ਮਹਿਜ਼ ਲਗਾਤਾਰਤਾ ਨਹੀਂ ਹੈ; ਇਸ ਨੇ ਕੁਝ ਵੱਖਰੇ ਲੱਛਣ ਗ੍ਰਹਿਣ ਕੀਤੇ ਹਨ। ਪਰ ਆਪਣੀ ਆਮ ਦਾਅਪੇਚਕ ਲੀਹ ਅਤੇ ਅਭਿਆਸ ਅੰਦਰ ਇਸ ਨੇ ਪਹਿਲਾਂ ਵਾਲੇ “ਖੱਬੇ” ਮਾਅਰਕੇਬਾਜ ਰੁਝਾਨ ਦੇ ਕੇਂਦਰੀ ਤੱਤ ਨੂੰ ਬਰਕਰਾਰ ਰੱਖਿਆ ਹੈ; ਭਾਵ ਹਥਿਆਰਬੰਦ ਸੰਘਰਸ਼ ਅਤੇ ਇਸ ਦੇ ਵਿਕਾਸ ਅਮਲ ਦੇ ਮੁੱਖ ਤੌਰ 'ਤੇ ਮੁਹਰੈਲ ਦਸਤੇ ਵਾਲੇ ਸੰਕਲਪ ਨੂੰ ਕਾਇਮ ਰੱਖਿਆ ਹੈ; ਵੱਧ ਠੋਸ ਰੂਪ 'ਚ ਆਖੀਏ ਤਾਂ ਲੋਕਾਂ ਦੀ ਇਨਕਲਾਬੀ ਲਹਿਰ ਨੂੰ, ਖਾਸ ਕਰਕੇ ਪੇਂਡੂ ਖੇਤਰਾਂ ਅੰਦਰ, ਖੜੀ ਕਰਨ ਵਿੱਚ ਹਥਿਆਰਬੰਦ ਦਸਤਿਆਂ ਦੀ ਸਰਗਰਮੀ ਦਾ ਮਿਥਿਆ ਗਿਆ ਅਹਿਮ ਕੇਂਦਰੀ ਰੋਲ। ਇਸ ਪੱਖ ਤੋਂ ਇਹ ਪਹਿਲਾਂ ਵਾਲੇ “ਖੱਬੇ” ਮਾਅਰਕੇਬਾਜ ਰੁਝਾਨ ਨਾਲੋਂ ਕੋਈ ਗੁਣਾਤਮਕ ਪੱਖੋਂ ਵੱਖਰਾ “ਖੱਬਾ”ਰੁਝਾਨ ਨਹੀਂ ਹੈ। ਇਹ ਪਹਿਲਾਂ ਵਾਲੇ “ਖੱਬੇ” ਰੁਝਾਨ ਦੀ ਹੀ ਸੁਧਰੀ ਹੋਈ(Reformed/modified )ਵੰਨਗੀ ਹੈ।
ਇਸ ਕਰਕੇ ਪੀਪਲਜ਼ ਵਾਰ ਗਰੁੱਪ ਦੇ ਸਿਆਸੀ ਅਭਿਆਸ ਅੰਦਰਲੀ ਕੇਂਦਰੀ ਸਮੱਸਿਆ, ਭਾਵ “ਖੱਬੇ” ਕੁਰਾਹੇ ਦੀ ਸਮੱਸਿਆ, ਹਾਲੇ ਵੀ ਉਹਨਾਂ ਦੀ ਆਮ ਦਾਅਪੇਚਕ ਲੀਹ ਅੰਦਰਲੇ ਨੁਕਸ 'ਚੋਂ ਹੀ ਪੈਦਾ ਹੁੰਦੀ ਹੈ। ਜੇ ਇਸ “ਖੱਬੇ” ਕੁਰਾਹੇ ਨੂੰ ਇਸ ਦੇ ਤਰਕਸੰਗਤ ਅੰਜਾਮ ਤੱਕ ਪਹੁੰਚਣ ਦਿੱਤਾ ਜਾਵੇ ਤਾਂ ਇਹ ਦਾਅਪੇਚਕ ਲੀਹ ਦੇ ਮਕਸਦ ਨੂੰ ਹੀ ਮਾਤ ਦੇ ਦੇਵੇਗਾ। ਆਪਣੇ ਪੂਰਨ ਸਾਕਾਰ ਰੂਪ ਵਿੱਚ ਇਸ ਦਾ ਮਤਲਬ ਹੋਵੇਗਾ ਇਨਕਲਾਬੀ ਪ੍ਰੋਗਰਾਮ ਨੂੰ ਲਾਗੂ ਕਰਨ ਲਈ ਇਨਕਲਾਬੀ ਲਹਿਰ ਉਸਾਰੀ ਦੇ ਅਮਲ ਦੌਰਾਨ ਖੁਦ ਲੋਕਾਂ ਵੱਲੋਂ ਗ੍ਰਹਿਣ ਕੀਤੀ ਜਮਹੂਰੀ ਸ਼ਕਤੀ ਦੀ ਬਜਾਏ ਇਸ ਤੋਂ ਵਿਜੋਗੀ ਹੋਈ ਫ਼ੌਜੀ ਤਾਕਤ ਉੱਪਰ ਟੇਕ। ਇਸ ਦਾ ਨਤੀਜਾ ਇਹ ਹੁੰਦਾ ਹੈ ਕਿ “ਇਨਕਲਾਬ ਨੂੰ ਹਥਿਆਰਬੰਦ ਕਰਨ” ਦੇ ਅਮਲ ਦਾ ਸੰਬੰਧ “ਇਨਕਲਾਬੀ ਜਨਤਕ ਲਹਿਰ ਵੱਲੋਂ -ਆਪਣੀਆਂ ਸਿਆਸੀ ਪ੍ਰਾਪਤੀਆਂ ਦੀ ਰਾਖੀ ਕਰਨ ਲਈ ਅਤੇ ਰਾਜ ਸ਼ਕਤੀ ਨੂੰ ਹਥਿਆਉਣ ਦੇ ਟੀਚੇ ਵੱਲ ਅੱਗੇ ਵਧਣ ਲਈ - ਆਪਣੇ ਆਪ ਨੂੰ ਹਥਿਆਰਬੰਦ ਕਰਨ” ਦੇ ਅਮਲ ਨਾਲੋਂ ਟੁੱਟ ਜਾਂਦਾ ਹੈ। ਇਸ ਕਰਕੇ ਇਸ ਗਲਤ ਸੰਕਲਪ ਅਤੇ ਇਸ ਤੋੜ ਵਿਛੋੜੇ ਕਰਕੇ ਕੋਈ ਹਥਿਆਰਬੰਦ ਸ਼ਕਤੀ ਲੋਕ ਪੱਖੀ ਤਾਂ ਭਾਵੇਂ ਬਣੀ ਰਹੇ, ਪਰ ਲੋਕਾਂ ਦੀ ਸ਼ਕਤੀ ਨਹੀਂ ਰਹਿੰਦੀ - ਇਨਕਲਾਬ ਲਈ ਹਥਿਆਰਬੰਦ ਸ਼ਕਤੀ ਤਾਂ ਹੋ ਸਕਦੀ ਹੈ, ਪਰ ਇਨਕਲਾਬ ਦੀ ਹਥਿਆਰਬੰਦ ਸ਼ਕਤੀ ਨਹੀਂ ਹੋ ਸਕਦੀ। ਪਾਰਟੀ ਇੱਕ ਹਥਿਆਰਬੰਦ ਪਾਰਟੀ ਤਾਂ ਬਣ ਜਾਂਦੀ ਹੈ, ਪਰ ਹਥਿਆਰਬੰਦ ਸੰਘਰਸ਼ ਦੀ ਪਾਰਟੀ ਨਹੀਂ ਬਣਦੀ - ਭਾਵ ਲੋਕਾਂ ਦੇ ਹਥਿਆਰਬੰਦ ਸੰਘਰਸ਼ ਦੀ ਆਗੂ ਅਤੇ ਗੁਲੀ ਨਹੀਂ ਬਣਦੀ। ਇਉਂ ਹੋਣਾ ਪਾਰਟੀ ਅਤੇ ਲੋਕਾਂ ਦਰਮਿਆਨ ਹਕੀਕੀ ਜਮਹੂਰੀ ਰਿਸ਼ਤੇ ਦੇ ਸੁਚੇਤ ਵਿਕਾਸ ਨੂੰ ਰੋਕਦਾ ਹੈ। ਇਸ ਤੋਂ ਵੀ ਅੱਗੇ, ਜੇ ਪਾਰਟੀ ਹਥਿਆਰਬੰਦ ਹੈ, ਜਦ ਕਿ ਲੋਕ ਮੁੱਖ ਤੌਰ 'ਤੇ ਹਥਿਆਰ-ਰਹਿਤ ਹਨ ਤਾਂ ਇਹ ਸਥਿਤੀ ਲੋਕਾਂ ਨਾਲ ਜਮਹੂਰੀ ਰਿਸ਼ਤੇ ਉੱਪਰ ਰੋਕ ਬਣੀ ਰਹਿੰਦੀ ਹੈ। ਲਹਿਰ ਦੇ ਬੰਦੂਕਧਾਰੀ ਹੋਣ ਦੀ ਬਜਾਏ, ਜਦੋਂ ਹਾਲਤ ਲਹਿਰ ਦੀ ਅਗਵਾਈ ਬੰਦੂਕ ਦੇ ਹੱਥ ਹੋਣ ਵਾਲੀ ਹੋਵੇ ਤਾਂ ਖਾਸ ਕਰਕੇ ਹਥਿਆਰਬੰਦ ਦਸਤਿਆਂ ਦੇ ਘੱਟ ਚੇਤਨ ਮੈਂਬਰਾਂ ਵੱਲੋਂ ਬੰਦੂਕ ਦੇ ਸਿਰ 'ਤੇ ਲੋਕਾਂ ਉੱਪਰ ਸੱਤਾ ਅਤੇ ਅਧਿਕਾਰ ਸ਼ਕਤੀ ਦੀ ਵਰਤੋਂ ਕਰਨ ਦਾ ਬਾਹਰਮੁਖੀ ਆਧਾਰ ਮੌਜੂਦ ਰਹਿੰਦਾ ਹੈ। ਸਿੱਟੇ ਵਜੋਂ ਜਨਤਾ ਦੇ ਇਨਕਲਾਬੀ ਅਭਿਆਸ ਲਈ ਉਸ ਦੀ ਜਮਹੂਰੀ ਪਹਿਲ ਕਦਮੀ ਨੂੰ ਜੁਟਾਉਣ, ਅਤੇ ਜਮਹੂਰੀ ਊਰਜਾ ਦੇ ਬੰਨ੍ਹ ਖੋਲਣ ਦੇ ਸਹਿਜ ਅਮਲ ਦੀ ਕਦਰ ਘਟਾਈ ਹੁੰਦੀ ਹੈ। ਸਬੰਧਤ ਪਾਰਟੀ ਕਾਡਰ ਦਾ ਸਰਵਪੱਖੀ ਸਿਆਸੀ ਵਿਕਾਸ ਵੀ ਮਰੁੰਡਿਆ ਜਾਂਦਾ ਹੈ। ਨੁਕਸ ਇਸ ਗੱਲ ਦਾ ਅਹਿਸਾਸ ਨਾ ਕਰ ਸਕਣ 'ਚ ਪਿਆ ਹੈ ਕਿ ਕਿਵੇਂ ਕਿਸੇ ਕਮਿਊਨਿਸਟ ਸ਼ਕਤੀ/ਪਾਰਟੀ ਦਾ ਆਪਣਾ ਵਿਕਾਸ ਅਸਲ 'ਚ ਬੁਨਿਆਦੀ ਜਨਤਾ ਦੇ ਇਨਕਲਾਬੀ ਵਿਕਾਸ ਨਾਲ ਵਿਰੋਧ ਵਿਕਾਸੀ ਰਿਸ਼ਤੇ 'ਚ ਬੱਝਿਆ ਹੁੰਦਾ ਹੈ।
ਪੀਪਲਜ਼ ਵਾਰ ਗਰੁੱਪ ਦੇ ਸਵੈ ਵਿਸ਼ਵਾਸ ਦਾ ਮੁੱਖ ਸੋਮਾ ਉਸ ਦਾ ਇਹ ਦਾਅਵਾ ਹੈ ਕਿ ਉਸਨੇ ਭਾਰਤੀ ਇਨਕਲਾਬ ਲਈ ਉਦੋਂ ਹਥਿਆਰਬੰਦ ਸ਼ਕਤੀ ਸਿਰਜੀ ਹੈ ਜਦੋਂ ਅਜਿਹੀ ਕੋਈ ਸ਼ਕਤੀ ਮੌਜੂਦ ਨਹੀਂ ਸੀ। ਕਾਫੀ ਊਣੀ ਇਨਕਲਾਬੀ ਜਨਤਕ ਲਹਿਰ ਵਾਲੀ ਹਾਲਤ ਦੇ ਬਾਵਜੂਦ, ਇਸ ਜਥੇਬੰਦੀ ਵੱਲੋਂ ਭਰੋਸੇਯੋਗ ਫ਼ੌਜੀ ਸ਼ਕਤੀ ਦੀ ਉਸਾਰੀ ਕਰ ਲੈਣਾ ਵੀ, ਲੋਕਾਂ ਦੇ ਕੁੱਝ ਹਿੱਸਿਆਂ ਵੱਲੋਂ ਸਲਾਹੁਤਾ ਦਾ ਕਾਰਨ ਬਣਦਾ ਹੈ; ਇਹ ਇੱਕ ਸੰਕੇਤ ਵੀ ਹੈ ਕਿ ਲੋਕਾਂ ਨੇ ਆਪਣੀ ਸੁਭਾਵਿਕ ਸੂਝ ਦੇ ਪੱਧਰ ਤੇ ਇਸ ਅਹਿਮ ਲੋੜ ਨੂੰ ਪਹਿਚਾਣ ਲਿਆ ਹੈ ਕਿ ਹਾਕਮ ਜਮਾਤਾਂ ਖਿਲਾਫ਼ ਲੜਾਈ ਲੜਨ ਲਈ ਉਹਨਾਂ ਨੂੰ ਫੌਜੀ ਤਾਕਤ ਚਾਹੀਦੀ ਹੈ। ਲੋਕਾਂ ਅੰਦਰ PWG ਦੀ ਖਿੱਚ ਦਾ ਅਸਲ ਤੱਤ ਇਹੀ ਹੈ। ਪਰ ਫਿਰ ਵੀ ਲੋਕਾਂ ਅੰਦਰਲੀ ਇਹ ਖਿੱਚ ਹਾਲੇ ਸੁਭਾਵਿਕ ਸੂਝ ਦੇ ਪੱਧਰ ਤੇ ਹੀ ਹੈ, ਸੁਚੇਤ ਨਹੀਂ। ਲੋਕਾਂ ਨੂੰ ਅਜਿਹੀ ਫ਼ੌਜੀ ਸ਼ਕਤੀ ਦੀ ਲੋੜ ਦਾ ਅਹਿਸਾਸ ਤਾਂ ਹੋਇਆ ਹੈ, ਪਰ ਹਾਲੇ ਇਹ ਸੰਕਲਪ ਨਹੀਂ ਹੈ ਕਿ ਉਹਨਾਂ ਨੂੰ ਕਿਹੋ ਜਿਹੀ ਫ਼ੌਜੀ ਤਾਕਤ ਚਾਹੀਦੀ ਹੈ, ਅਤੇ ਇਸ ਨੂੰ ਕਿਵੇਂ ਸਿਰਜਿਆ ਜਾਣਾ ਚਾਹੀਦਾ ਹੈ, ਅਤੇ ਇਸ ਕਾਰਜ ਵਿੱਚ ਉਹਨਾਂ ਦਾ ਆਪਣਾ ਕੀ ਰੋਲ ਹੈ। ਪੀਪਲਜ਼ ਵਾਰ ਗਰੁੱਪ ਸਮਝਦਾ ਹੈ ਕਿ ਇਹ ਪਾਰਟੀ ਦੀ ਫ਼ੌਜੀ ਸ਼ਕਤੀ ਪ੍ਰਤੀ ਲੋਕਾਂ ਦੀ ਚੇਤਨ ਸਲਾਹੁਤਾ ਹੈ ਤੇ ਲੋਕ ਇਸ ਸ਼ਕਤੀ ਨੂੰ ਆਪਣਾ ਮੰਨਦੇ ਹਨ ਅਤੇ ਇਸਦੀ ਕਦਰ ਕਰਦੇ ਹਨ; ਇਸ ਨੂੰ ਉਹ ਆਪਣੀ ਫ਼ੌਜੀ ਲੀਹ ਦੀ ਪੁਸ਼ਟੀ ਸਮਝਦਾ ਹੈ।
ਪਰ ਫਿਰ ਵੀ, ਲੋਕਾਂ ਦੇ ਹਿੱਸਿਆਂ ਅੰਦਰ PWG ਦੀ ਬਾ-ਰਸੂਖ ਪੜਤ ਦਾ ਆਧਾਰ ਇਸ ਗੱਲ 'ਚ ਪਿਆ ਹੈ ਕਿ ਹਥਿਆਰਬੰਦ ਸ਼ਕਤੀ ਨੂੰ ਸਿਰਜਣ ਦੇ ਅਮਲ ਦੌਰਾਨ ਇਸ ਜਥੇਬੰਦੀ ਨੇ ਮੁੱਲਵਾਨ ਇਨਕਲਾਬੀ ਗੁਣਾਂ ਨੂੰ ਦਰਸਾਇਆ ਹੈ। ਜਿਸ ਦ੍ਰਿੜਤਾ ਤੇ ਹਠਧਰਮੀ ਨਾਲ ਇਸਨੇ ਯੁੱਧਨੀਤਕ ਮਹੱਤਤਾ ਵਾਲੇ ਕੁਝ ਖਿੱਤਿਆਂ 'ਚ, ਸਭ ਤੋਂ ਵੱਧ ਦਬਾਈ ਹੋਈ ਅਤੇ ਹਾਸ਼ੀਏ 'ਤੇ ਧੱਕੀ ਹੋਈ ਆਦਿਵਾਸੀ ਜਨਤਾ ਅੰਦਰ ਆਪਣਾ ਬਸੇਰਾ ਕਰਨ, ਅਤੇ (ਆਪਣੇ ਸੰਕਲਪ ਅਨੁਸਾਰ) ਹਥਿਆਰਬੰਦ ਸ਼ਕਤੀ ਉਸਾਰਨ ਦੀ ਵਿਉਂਤ ਨੂੰ ਲਾਗੂ ਕੀਤਾ ਹੈ, ਉਸ ਖਾਤਰ ਬਹੁਤ ਵੱਡੇ ਪੱਧਰ ਦੇ ਯਤਨ ਜਟਾਉਣ ਤੇ ਸੇਧਤ ਕਰਨ ਦੀ ਯੋਗਤਾ, ਇਸ ਰਾਹ 'ਚ ਆਉਣ ਵਾਲੇ ਅੜਿੱਕਿਆਂ ਨੂੰ ਸਰ ਕਰਨ ਲਈ ਬਹੁਤ ਜ਼ੋਰਦਾਰ ਪ੍ਰੇਰਨਾ ਤੇ ਸੰਘਰਸ਼, ਤੇ ਨਾਲ ਹੀ ਅਜਿਹੇ ਹੰਭਲੇ ਦੀ ਕੀਮਤ ਤਾਰਨ ਲਈ ਮਾਨਸਿਕ ਤਿਆਰੀ ਦੀ ਲੋੜ ਪੈਂਦੀ ਹੈ। ਦੂਜਾ, ਘੋਰ ਰਾਜਕੀ ਜਬਰ ਦਾ ਸਾਹਮਣਾ ਕਰਦੇ ਹੋਏ ਅਤੇ ਬਹੁਤ ਗੰਭੀਰ ਹਰਜੇ ਝੱਲ ਕੇ ਵੀ ਪੀਪਲਜ਼ ਵਾਰ ਗਰੁੱਪ ਨੇ ਇਨਕਲਾਬੀ ਪੰਧ 'ਤੇ ਬਣੇ ਰਹਿਣ ਦਾ ਹੌਂਸਲਾ ਦਿਖਾਇਆ ਹੈ। ਇਹ ਇਨਕਲਾਬੀ ਗੁਣ, ਲੀਹ ਵਿਚਲੇ ਗੰਭੀਰ ਨੁਕਸਾਂ ਦੇ ਬਾਵਜੂਦ ਵੀ, ਇੱਕ ਪ੍ਰਤੀਬੱਧ ਇਨਕਲਾਬੀ ਸ਼ਕਤੀ ਵਜੋਂ ਪੀਪਲਜ਼ ਵਾਰ ਗਰੁੱਪ ਦੇ ਰਸੂਖ 'ਚ ਵਾਧਾ ਕਰਦੇ ਹਨ। ਇਸ ਵੱਲੋਂ ਵਿਖਾਏ ਇਹਨਾਂ ਇਨਕਲਾਬੀ ਗੁਣਾਂ ਕਰਕੇ ਲੋਕਾਂ ਦੇ ਇੱਕ ਹਿੱਸੇ ਨੂੰ ਇਹ ਭਰੋਸਾ ਬੱਝਦਾ ਹੈ ਕਿ ਇਹ ਇਨਕਲਾਬੀ ਜਥੇਬੰਦੀ ਉਹਨਾਂ ਦੇ ਨਾਲ ਖੜ੍ਹੇਗੀ ਅਤੇ ਉਹਨਾਂ ਖਾਤਰ ਲੜੇਗੀ। ਮੁੱਖ ਤੌਰ 'ਤੇ ਪੀਪਲਜ਼ ਵਾਰ ਗਰੁੱਪ ਲਈ ਹਮਾਇਤ ਅਤੇ ਸਤਿਕਾਰ ਦਾ ਇਹੀ ਸੋਮਾ ਹੈ ਅਤੇ ਇਹੀ ਪੈਮਾਨਾ ਹੈ।
ਪਰ ਜਨਤਾ ਦੇ ਇੱਕ ਹਿੱਸੇ ਵੱਲੋਂ ਵਿਖਾਏ ਜਾਂਦੇ ਇਸ ਕਿਸਮ ਦੇ ਸਤਿਕਾਰ ਦੇ ਆਧਾਰ 'ਤੇ PWG ਆਪਣੇ ਆਪ ਨੂੰ ਇਨ੍ਹਾਂ ਲੋਕਾਂ ਦਾ ਸਥਾਪਿਤ ਆਗੂ ਮੰਨ ਲੈਂਦਾ ਹੈ ਅਤੇ ਲੋਕਾਂ ਦੇ ਅਜਿਹੇ ਹਿੱਸਿਆਂ ਉੱਪਰ ਸੱਤਾ ਅਤੇ ਅਧਿਕਾਰ ਸ਼ਕਤੀ ਦੀ ਵਰਤੋਂ ਕਰਦਾ ਹੈ ਜਿਹੜੇ ਅਜਿਹਾ ਨਹੀਂ ਚਾਹ ਰਹੇ ਹੁੰਦੇ। ਅਜਿਹਾ ਅਮਲ ਲੋਕਾਂ ਦਰਮਿਆਨ ਡਰ ਨੂੰ ਪੈਦਾ ਕਰਦਾ ਹੈ, ਤੇ ਜਾਪਦਾ ਹੈ ਕਿ PWG ਇਸ ਗੱਲ ਨੂੰ ਸਮਝਣ 'ਚ ਅਸਫ਼ਲ ਰਹਿ ਰਿਹਾ ਹੈ ਜਾਂ ਇਸ ਨੂੰ ਇੱਕ ਤੱਥ ਵਜੋਂ ਸਵੀਕਾਰ ਨਹੀਂ ਕਰਦਾ। ਬਿਨਾ ਸ਼ੱਕ, ਅਜਿਹਾ ਡਰ ਕਿਸੇ ਕਮਿਊਨਿਸਟ ਜਥੇਬੰਦੀ ਦੀ ਇੱਕ ਅਯੋਗਤਾ ਹੀ ਬਣਦਾ ਹੈ|
ਕਿਉਂਕਿ PWG ਦਾ ਚੋਟ ਨਿਸ਼ਾਨਾ ਲੋਟੂ ਜਮਾਤਾਂ ਦੇ ਵਿਅਕਤੀਗਤ ਮੈਂਬਰਾਂ ਤੋਂ ਬਦਲ ਕੇ ਰਾਜ ਦੇ ਸੁਰੱਖਿਆ ਬਲਾਂ, ਸੰਸਥਾਵਾਂ, ਅਫ਼ਸਰਸ਼ਾਹੀ ਅਤੇ ਸਿਆਸੀ ਲੀਡਰਾਂ ਵੱਲ ਸੇਧਤ ਹੋ ਗਿਆ ਹੈ, ਇਸ ਕਰਕੇ ਦੋਹਾਂ ਧਿਰਾਂ ਲਈ ਇਸਦੀ ਸਿਆਸੀ ਕੀਮਤ ਕਾਫ਼ੀ ਵਧ ਗਈ ਹੈ। ਰਾਜ ਵੱਲੋਂ ਤਿੱਖੇ ਹਮਲਿਆਂ ਅਤੇ ਇਸ ਦੇ ਜਵਾਬ ਵਿੱਚ ਪੀਪਲਜ਼ ਵਾਰ ਗਰੁੱਪ ਵੱਲੋਂ ਮੋੜਵੀਆਂ ਕਾਰਵਾਈਆਂ ਦੇ ਗੇੜ ਨੇ “ਖੱਬੇ” ਰੁਝਾਨ ਲਈ ਇਸ ਗੱਲ ਦੀ ਤੱਦੀ ਹੋਰ ਵੀ ਵਧਾ ਦਿੱਤੀ ਹੈ ਕਿ ਉਹ - ਹੋਂਦ ਬਣਾਈ ਰੱਖਣ ਲਈ ਵੀ ਅਤੇ ਵਧਾਰੇ ਲਈ ਵੀ - ਵੱਖ-ਵੱਖ ਸ਼ਕਲਾਂ 'ਚ ਜਨਤਕ ਹਮਾਇਤ ਅਤੇ ਜਨਤਕ ਸ਼ਮੂਲੀਅਤ ਲਈ ਯਤਨ ਜੁਟਾਵੇ। ਇਸ ਅਮਲ ਕਰਕੇ, ਇਸ ਗਰੁੱਪ ਵਿੱਚ ਹੇਠ ਲਿਖੇ ਲੱਛਣ ਸਾਹਮਣੇ ਆਏ ਹਨ।
ਤਿੱਖੇ ਰਾਜਕੀ ਜਬਰ ਨੇ ਇਸ ਗਰੁੱਪ ਨੂੰ ਆਪਣੀ ਸਰੀਰਕ ਤੇ ਸਿਆਸੀ ਹੋਂਦ ਨੂੰ ਬਚਾ ਕੇ ਰੱਖਣ ਲਈ ਲੋਕਾਂ ਦੀ ਹਮਾਇਤ ਜਟਾਉਣ ਦੇ ਯਤਨ ਕਰਨ ਵੱਲ ਪਹਿਲਾਂ ਨਾਲੋਂ ਵੀ ਵੱਧ ਧੱਕਿਆ ਹੈ। ਪਰ ਇਨਕਲਾਬੀ ਜਨਤਕ ਲੀਹ ਅਤੇ ਇਨਕਲਾਬੀ ਜਨਤਕ ਅਭਿਆਸ ਦੀ ਗੈਰ-ਹਾਜ਼ਰੀ/ਘਾਟ ਦੇ ਚਲਦਿਆਂ - ਜਿਸ ਦੇ ਆਧਾਰ ਤੇ ਲੋਕਾਂ ਨੇ ਆਪਣੀ ਰਾਖੀ ਕਰਨ ਦੇ ਇਕ ਅੰਗ ਵਜੋਂ ਸੁਭਾਵਿਕ ਤੌਰ 'ਤੇ ਹੀ ਪਾਰਟੀ ਦੀ ਰਾਖੀ ਵੀ ਕਰਨੀ ਸੀ - ਇਹ ਗਰੁੱਪ ਤਿੱਖੇ ਦਬਾਅ ਹੇਠ ਆਇਆ ਹੈ, ਤੇ ਇਹਨਾਂ ਵਿੱਚੋਂ ਕਿਸੇ ਵੀ ਢੰਗ ਨਾਲ ਜਨਤਕ ਹਮਾਇਤ ਜਟਾਉਣ ਲਈ ਧੱਕਿਆ ਗਿਆ ਹੈ: ਇਨਸਾਫ਼ ਦੇਣ, ਸੁਧਾਰ ਕਰਨ ਅਤੇ ਉਸਾਰੀ ਕਰਨ ਵਰਗੇ ਕੰਮ ਕਰਨੇ, ਜਿਹੜੇ ਜਨਤਾ ਦੀ ਆਪਣੀ ਅਧਿਕਾਰ ਸ਼ਕਤੀ ਸਥਾਪਿਤ ਕਰਨ ਦੇ ਅਮਲ ਨਾਲੋਂ ਟੁੱਟੇ ਹੋਣ ਕਰਕੇ, ਮੁੱਖ ਤੌਰ 'ਤੇ ਸੁਧਾਰਵਾਦੀ/ਅਫ਼ਸਰਸ਼ਾਹ ਢੰਗ ਨਾਲ ਹੁੰਦੇ ਹਨ। ਮੋੜਵੇਂ ਰੂਪ 'ਚ ਇਹ ਅਮਲ ਹਥਿਆਰਬੰਦ ਦਸਤਿਆਂ ਉੱਪਰ ਲੋਕਾਂ ਦੀ ਨਿਰਭਰਤਾ ਨੂੰ ਉਤਸ਼ਾਹਿਤ ਕਰਦਾ ਹੈ, ਅਤੇ ਹਥਿਆਰਬੰਦ ਦਸਤਿਆਂ ਅਤੇ ਲੋਕਾਂ ਦਰਮਿਆਨ ਦਰਜਾਬੰਦੀ/ਰੁਤਬੇਦਾਰੀ ਵਾਲੇ ਸੰਬੰਧਾਂ ਨੂੰ ਤਕੜੇ ਕਰਦਾ ਹੈ।
ਹੋਰ ਹਥਿਆਰ ਖਰੀਦਣ ਲਈ ਫੰਡ ਇਕੱਠੇ ਕਰਨ ਲਈ ਵੀ ਤਿੱਖਾ ਦਬਾਅ ਹੈ, ਤਾਂ ਜੋ ਰਾਜ ਦੇ ਵਧੇ ਹੋਏ ਹਮਲੇ ਦਾ ਮੁਕਾਬਲਾ ਕੀਤਾ ਜਾ ਸਕੇ ਅਤੇ ਇੱਕ ਭਰੋਸੇਯੋਗ ਫ਼ੌਜੀ ਤਾਕਤ ਦੀ ਉਸਾਰੀ ਨੂੰ ਅੱਗੇ ਵਧਾਇਆ ਜਾ ਸਕੇ। ਅਜਿਹੇ ਮਕਸਦ ਲਈ ਫੰਡਾਂ ਦੇ ਮੁੱਖ ਸੰਭਾਵੀ ਸਰੋਤ – ਯਾਨੀ ਲੋਕਾਂ 'ਚੋਂ ਸਵੈ-ਇੱਛਾ ਦੇ ਅਧਾਰ 'ਤੇ ਫੰਡ-ਉਗਰਾਹੀ – ਨੂੰ ਸਿਰਫ਼ ਸੰਕੇਤਕ ਤੌਰ 'ਤੇ ਹੀ ਵਰਤਿਆ ਜਾ ਸਕਦਾ ਹੈ। ਇਸ ਦਾ ਕਾਰਨ ਇਹ ਹੈ ਕਿ ਲੋਕਾਂ ਦੀ ਹਮਾਇਤ ਹਾਸਲ ਕਰਨ ਲਈ ਅਪਣਾਇਆ ਗਿਆ ਪਹਿਲਾਂ ਜ਼ਿਕਰ ਕੀਤਾ ਰਸਤਾ ਇਸਦੀ ਸੰਭਾਵਨਾ ਨੂੰ ਖਾਰਜ ਕਰ ਦਿੰਦਾ ਹੈ। (ਲੋਕਾਂ ਦੀ ਹਮਾਇਤ ਹਾਸਲ ਕਰਨ ਦੇ ਆਪਣੇ ਤਰੀਕੇ ਕਰਕੇ, ਪਾਰਟੀ ਦੀ ਇਹ ਲੋੜ ਹੈ ਕਿ ਇਹ 'ਲੋਕਾਂ ਦਾ ਭਲਾ ਕਰਦੀ, ਉਨ੍ਹਾਂ ਨੂੰ ਪਰਉਪਕਾਰੀ ਦਾਨ ਦਿੰਦੀ, ਉਨ੍ਹਾਂ ਲਈ ਨਿਰਮਾਣ ਕਾਰਜਾਂ ਨੂੰ ਜਥੇਬੰਦ' ਕਰਦੀ ਹੋਈ ਦਿਸੇ। ਇਹ ਲੋਕਾਂ ਤੋਂ ਸਵੈ-ਇੱਛਾ ਦੇ ਅਧਾਰ 'ਤੇ ਭਰਵੇਂ ਫੰਡ ਜੁਟਾਉਣ ਦੇ ਉਲਟ ਹੈ।)
ਇਸ ਲਈ ਪਾਰਟੀ ਇਸ ਦਬਾਅ ਹੇਠ ਹੈ ਕਿ ਹਥਿਆਰ ਖੋਹਣ ਲਈ ਉਮੀਦ ਕੀਤੇ ਜਾਂਦੇ ਇਨਕਲਾਬੀ ਹੱਲਿਆਂ ਤੋਂ ਬਿਨਾਂ ਵੀ ਉਹ ਪੈਸਿਆਂ ਖਾਤਰ ਹੋਰ ਕਾਰਵਾਈਆਂ ਕਰੇ ਜਾਂ ਵੱਖੋ ਵੱਖਰੇ ਕਿਸਮ ਦੇ ਸੰਪਰਕਾਂ ਰਾਹੀਂ ਹਾਕਮ ਜਮਾਤੀ ਸਰੋਤਾਂ ਜਿਵੇਂ ਕਿ ਠੇਕੇਦਾਰਾਂ ਅਤੇ ਕਾਰੋਬਾਰੀਆਂ ਦਾ ਫਾਇਦਾ ਉਠਾਵੇ। ਹਥਿਆਰਾਂ ਲਈ ਫੰਡ ਜੁਟਾਉਣ ਖਾਤਰ ਅਜਿਹੀ ਬਦਹਵਾਸ ਕੋਸ਼ਿਸ਼, ਸਿਆਸੀ ਤੌਰ 'ਤੇ ਗੈਰ-ਦਰੁਸਤ ਅਮਲਾਂ ਜਾਂ ਸੰਪਰਕਾਂ ਵੱਲ ਝੁਕਾਅ ਨੂੰ, ਅਤੇ ਜ਼ਮੀਨੀ ਪੱਧਰ 'ਤੇ ਭਰਿਸ਼ਟਾਚਾਰ ਨੂੰ ਵਧਾਉਂਦੀ ਹੈ।
ਰਾਜਕੀ ਜਬਰ ਦੇ ਤਿੱਖੇ ਦਬਾਅ ਹੇਠ ਹੋਣ ਕਰਕੇ, ਸਿਆਸੀ ਜਥੇਬੰਦੀ ਲਈ ਇਹ ਮੁਸ਼ਕਿਲ ਹੋ ਜਾਂਦਾ ਹੈ ਕਿ ਉਹ ਆਪਣੇ ਤੇਜ਼ੀ ਨਾਲ ਨੁਕਸਾਨੇ ਜਾ ਰਹੇ ਅਤੇ ਮੁੜ ਭਰੇ ਜਾ ਰਹੇ ਹਥਿਆਰਬੰਦ ਦਸਤਿਆਂ ਨੂੰ ਸਿਆਸੀ ਵਿਚਾਰਧਾਰਕ ਤੌਰ 'ਤੇ ਲੈਸ ਰੱਖ ਸਕੇ, ਅਤੇ (ਇਸ ਕਰਕੇ ਪਾਰਟੀ ਨੂੰ, ਅਨੁ:) ਹਾਕਮ ਜਮਾਤੀ ਤੱਤਾਂ ਨਾਲ ਇਹਨਾਂ ਦੇ ਮੌਕਾਪ੍ਰਸਤ ਸਬੰਧਾਂ ਦੀ ਸਮੱਸਿਆ ਦਾ ਸਾਹਮਣਾ ਕਰਨਾ ਪੈਂਦਾ ਹੈ; ਇਸ ਜਥੇਬੰਦੀ ਦੀਆਂ ਆਪਣੀਆਂ ਰਿਪੋਰਟਾਂ ਅਨੁਸਾਰ ਮੌਜੂਦਾ ਸਮੇਂ ਇਹਨਾਂ ਭਟਕਣਾ ਨਾਲ ਸਿੱਝਣ ਲਈ ਜਥੇਬੰਦੀ ਸੰਘਰਸ਼ ਕਰ ਰਹੀ ਹੈ।
ਕਮਿਊਨਿਸਟ ਜਥੇਬੰਦੀ ਅਤੇ ਜਨਤਕ ਇਨਕਲਾਬੀ ਲਹਿਰ ਵਿੱਚ, ਹਾਕਮ ਜਮਾਤਾਂ ਦੇ ਹਮਲੇ ਦਾ ਸਾਹਮਣਾ ਕਰਨ ਲਈ ਪ੍ਰੇਰਨਾ ਅਤੇ ਸਮਰੱਥਾ ਹਾਸਲ ਕਰਨ ਦੀ ਲੋੜ ਹੁੰਦੀ ਹੈ। ਵਿਚਾਰਧਾਰਕ ਸੋਮੇ ਤੋਂ ਇਲਾਵਾ, ਅਜਿਹੀ ਪ੍ਰੇਰਨਾ ਅਤੇ ਸਮਰੱਥਾ ਦਾ ਠੋਸ ਸੋਮਾ, ਸੰਘਰਸ਼ਸ਼ੀਲ ਜਨਤਕ ਸਮੂਹਾਂ ਨਾਲ ਅਤੇ ਉਨ੍ਹਾਂ ਦੀ ਪੇਸ਼ਕਦਮੀ ਨਾਲ — ਭਾਵ ਸੰਘਰਸ਼ ਲਹਿਰ ਤੇ ਜਥੇਬੰਦੀ ਦੀ ਉਸਾਰੀ ਕਰਨ ਅਤੇ ਸਮੂਹਿਕ ਤੌਰ 'ਤੇ ਜਬਰ ਦਾ ਸਾਹਮਣਾ ਕਰਨ ਦੇ ਅਮਲ ਦੌਰਾਨ ਉਹਨਾਂ ਦੀ ਪੇਸ਼ਕਦਮੀ ਨਾਲ — ਇੱਕਮਿਕਤਾ ਦਾ ਅਹਿਸਾਸ ਹੈ। ਕਿਉਂਕਿ ਜਨਤਕ ਇਨਕਲਾਬੀ ਲਹਿਰ ਦੀ ਕਦਰ ਘਟਾਈ ਸਦਕਾ ਸਮਰੱਥਾ ਅਤੇ ਪ੍ਰੇਰਨਾ ਦੇ ਇਸ ਟਿਕਾਊ ਤੇ ਹੰਢਣਸਾਰ ਸੋਮੇ ਦੀ ਵੀ ਕਦਰ ਘਟਾਈ ਹੁੰਦੀ ਹੈ, ਇਸ ਲਈ ਜਥੇਬੰਦੀ ਆਪ ਮੁਹਾਰੇ ਤੌਰ 'ਤੇ ਅਤੇ ਵਧਵੇਂ ਰੂਪ 'ਚ ਵਿਅਕਤੀਗਤ ਸੂਰਮਗਤੀ, ਦ੍ਰਿੜਤਾ ਅਤੇ ਬਹਾਦਰੀ ਨੂੰ ਵਧਵੀਂ ਅਹਿਮੀਅਤ ਦੇਣ ਵੱਲ ਉਲਾਰ ਹੁੰਦੀ ਹੈ। (ਇਹਦੇ ਨਾਲ ਜੁੜ ਕੇ, ਪਾਰਟੀ ਵੱਲ ਖਿੱਚੇ ਜਾਣ ਵਾਲੇ ਅਤੇ ਭਰਤੀ ਕੀਤੇ ਜਾਣ ਵਾਲੇ ਤੱਤ, ਸਮੂਹਿਕ ਲੜਾਈ ਵਿਚਲੀ ਜਨਤਕ ਤੇ ਸਮੂਹਕ ਸੂਰਮਗਤੀ ਅਤੇ ਇਸ ਵਿੱਚ ਸ਼ਾਮਿਲ ਸਮੂਹਿਕ ਜਾਬਤੇ ਦੀ ਬਜਾਏ, ਵਿਅਕਤੀਗਤ ਸੂਰਮਗਤੀ ਵੱਲ ਖਿੱਚੇ ਜਾਂਦੇ ਹਨ।)
PWG ਦੀ ਲੀਹ ਦੀ ਸਮੱਸਿਆ ਕਰਕੇ ਸਾਹਮਣੇ ਆ ਰਹੇ ਸਿਆਸੀ ਨਤੀਜਿਆਂ ਦੇ ਇਹਨਾਂ ਨਾਂਹਪੱਖੀ ਪਹਿਲੂਆਂ ਦੇ ਬਾਵਜੂਦ, ਮੁੱਖ ਤੌਰ 'ਤੇ ਇਹ ਲੋਕਾਂ ਦੀ ਹਮਾਇਤ ਹਾਸਲ ਕਰਨ ਦੀ ਉਹਨਾਂ ਦੀ ਇੱਛਾ ਹੀ ਹੈ ਜਿਸ ਨੇ ਆਪਾ ਸੁਧਾਈ ਲਈ ਅੰਦਰੂਨੀ ਦਬਾਅ ਪੈਦਾ ਕਰਨਾ ਹੈ; ਜਿਸ ਨੇ ਉਹਨਾਂ ਦੇ ਅੰਦਰੋਂ ਕੁੱਝ ਹਿੱਸਿਆਂ ਨੂੰ ਇਸ ਪਾਸੇ ਧੱਕਣਾ ਹੈ ਕਿ ਉਹ ਆਪਣੀ ਦਾਅਪੇਚਕ ਲੀਹ ਦੇ ਕੁਝ ਪੱਖਾਂ ਬਾਰੇ ਜਾਂ ਇਥੋਂ ਤੱਕ ਕਿ ਉਹਨਾਂ ਦੀ ਆਮ ਦਾਅਪੇਚਕ ਲੀਹ ਅੰਦਰਲੇ ਕੇਂਦਰੀ ਨੁਕਸ ਬਾਰੇ ਸੋਚਣ ਅਤੇ ਦਰੁਸਤੀ ਕਰਨ। ਦੂਜੇ ਪਾਸੇ ਲੋਕਾਂ ਦੀ ਹਮਾਇਤ ਹਾਸਲ ਕਰਨ ਦੀ ਤੱਦੀ ਅਤੇ ਦਬਾਅ ਲੋਕ ਹਮਾਇਤ ਨੂੰ ਸਹੂਲਤੀ ਜਾਂ ਸੱਜੇ ਮੌਕਾਪ੍ਰਸਤ ਅਮਲਾਂ ਰਾਹੀਂ ਜੁਟਾਉਣ ਦੀ ਪ੍ਰਵਿਰਤੀ ਨੂੰ ਉਗਾਸਾ ਦਿੰਦੇ ਹਨ। ਪਰ ਉਹਨਾਂ ਦਰਮਿਆਨ ਅਜਿਹੇ ਤੱਤ ਮੌਜੂਦ ਰਹਿਣਗੇ ਜਿਹੜੇ ਉਹਨਾਂ ਦੇ ਇਨਕਲਾਬੀ ਉਦੇਸ਼ ਲਈ ਇਹਨਾਂ ਢੰਗ ਤਰੀਕਿਆਂ ਅੰਦਰ ਸਮੋਏ ਹੋਏ ਖਤਰਿਆਂ ਨੂੰ ਵੇਖ ਲੈਣਗੇ ਅਤੇ ਇੱਕ ਅਰਸੇ ਦੌਰਾਨ ਇਹਨਾਂ ਨੂੰ ਬਕਾਇਦਾ ਢੰਗ ਨਾਲ ਦਰੁਸਤ ਕਰਨ ਦਾ ਯਤਨ ਕਰਨਗੇ।
ਬਿਨਾਂ ਸ਼ੱਕ ਇੱਕ ਗਰੁੱਪ ਵਜੋਂ ਜਾਂ ਸ਼ਕਤੀ ਵਜੋਂ ਇਸਦੀ ਆਪਾ-ਦਰੁਸਤਗੀ, ਸਿਰਫ਼ ਅੰਦਰੋਂ ਹੀ ਹੋ ਸਕਦੀ ਹੈ। ਪਰ “ਖੱਬੇ” ਰੁਝਾਨ ਦੀ ਆਪਾ-ਦਰੁਸਤਗੀ ਨੂੰ ਉਤਸ਼ਾਹਤ ਕਰ ਸਕਣ ਅਤੇ ਇਸ ਦੀ ਰਾਹਨੁਮਾਈ ਕਰ ਸਕਣ ਵਾਲੀ ਸਭ ਤੋਂ ਬਿਹਤਰ ਬਾਹਰੀ ਹਾਲਤ ਇਨਕਲਾਬੀ ਜਨਤਕ ਲੀਹ ਦੀ ਬਿਹਤਰ ਸਮਝ ਅਤੇ ਪਕੜ ਰੱਖਣ ਵਾਲੀਆਂ ਕਮਿਊਨਿਸਟ ਇਨਕਲਾਬੀ ਸ਼ਕਤੀਆਂ ਵੱਲੋਂ ਇਸ ਲੀਹ ਦਾ - ਇਸ ਦੇ ਫ਼ੌਜੀ ਪੱਖ ਸਮੇਤ - ਅਜਿਹਾ ਦਰੁਸਤ ਅਭਿਆਸ ਹੈ ਜਿਹੜਾ ਪਾਰਟੀ ਦੀ ਅਗਵਾਈ ਅਤੇ ਲੋਕਾਂ ਦੀ ਅਧਿਕਾਰ ਸ਼ਕਤੀ ਹੇਠ ਇਨਕਲਾਬੀ ਲੋਕ ਲਹਿਰ ਦੀ ਫ਼ੌਜੀ ਤਾਕਤ ਦੀ ਉਸਾਰੀ ਕਰੇ। ਬਿਲਕੁਲ, ਇਸ ਬਾਹਰੀ ਹਾਲਤ ਦਾ ਇੱਕ ਹਿੱਸਾ ਉਹ ਵਿਚਾਰਧਾਰਕ ਸੰਘਰਸ਼ ਹੋਵੇਗਾ ਜਿਹੜਾ ਇਸ ਇਨਕਲਾਬੀ ਅਭਿਆਸ ਨਾਲ ਜੁੜ ਕੇ ਚੱਲੇਗਾ।….
(ਅੰਗਰੇਜ਼ੀ ਤੋਂ ਅਨੁਵਾਦ)