Wednesday, July 10, 2024

ਨੌਜਵਾਨਾਂ ਦੀ ਕੁੱਟਮਾਰ ਦਾ ਮੁੱਦਾ:

 ਨੌਜਵਾਨਾਂ ਦੀ ਕੁੱਟਮਾਰ ਦਾ ਮੁੱਦਾ:


ਜਾਤ-ਪਾਤੀ ਪਾਟਕ ਵਧਾਉਣ ਦੇ ਮਨਸੂਬਿਆਂ ਦਾ ਹੱਥਾ ਬਣਿਆ

ਜੂਨ ਮਹੀਨੇ ਦੇ ਸ਼ੁਰੂਆਤੀ ਦਿਨਾਂ ’ਚ ਭਾਰਤੀ ਕਿਸਾਨ ਯੂਨੀਅਨ ਏਕਤਾ (ਉਗਰਾਹਾਂ)  ਦੇ ਬਲਾਕ ਭਵਾਨੀਗੜ੍ਹ ਦੇ ਆਗੂ ਮਨਜੀਤ ਸਿੰਘ ਘਰਾਚੋਂ ਦੇ ਪੁੱਤਰ ’ਤੇ ਹਮਲਾ ਹੋਣ ਅਤੇ ਮਗਰੋਂ ਮਨਜੀਤ ਸਿੰਘ ਘਰਾਚੋਂ ਵੱਲੋਂ ਹਮਲਾਵਰਾਂ ਦੀ ਕੁੱਟ-ਮਾਰ ਕਰਨ ਦੀ ਘਟਨਾ ਵਾਪਰੀ ਹੈ। ਇਹ ਘਟਨਾ ਕਿਸਾਨਾਂ ਤੇ ਖੇਤ ਮਜ਼ਦੂਰਾਂ ’ਚ ਜਾਤੀ ਪਾਟਕ ਵਧਾ ਕੇ ਟਕਰਾਅ ਵਧਾਉਣ ਅਤੇ ਕਿਸਾਨ ਜਥੇਬੰਦੀ ਨੂੰ ਲੋਕਾਂ ’ਚ ਬਦਨਾਮ ਕਰਨ ਦੇ ਨਾਪਾਕ ਮਨਸੂਬਿਆਂ ਦਾ ਹੱਥਾ ਬਣੀ ਹੈ। ਦਲਿਤ ਭਾਈਚਾਰੇ ਦੇ ਆਰਥਿਕ ਸਮਾਜਿਕ ਪਛੜੇਵੇਂ ਅਤੇ ਹੰਢਾਏ ਜਾਂਦੇ ਦਾਬੇ ਵਿਤਕਰੇ ਨੂੰ ਵਰਤ ਕੇ ਸਿਆਸਤ ਦੀਆਂ ਦੁਕਾਨਾਂ ਚਲਾਉਣ ਵਾਲੇ ਹਿੱਸਿਆਂ ਨੇ ਇਸ ਘਟਨਾ ਨੂੰ ਜਾਤ ਪਾਤੀ ਰੰਗਤ ਦੇ ਕੇ ਭਟਕਾਊ ਲਾਮਬੰਦੀਆਂ ਦਾ ਜ਼ਰੀਆ ਬਣਾਉਣ ਦੀ ਕੋਸ਼ਿਸ਼ ਕੀਤੀ ਹੈ। ਜਾਤ ਪਾਤੀ ਤੁਅੱਸਬਾਂ ਦੇ ਸ਼ਿਕਾਰ ਕੁਝ ਹੋਰ ਹਿੱਸੇ ਵੀ ਇਸ ਵਹਾਅ ਵਿੱਚ ਸ਼ਾਮਲ ਹੋਏ ਹਨ। ਘਟਨਾ ਵਾਪਰਨ ਦੇ ਕੁਝ ਦਿਨ ਮਗਰੋਂ ਹੀ ਦਲਿਤ ਹਿੱਸਿਆਂ ’ਚ ਕੰਮ ਕਰਦੀਆਂ ਕੁਝ ਖੇਤ ਮਜ਼ਦੂਰ ਜਥੇਬੰਦੀਆਂ ਵੱਲੋਂ ਜਾਰੀ ਕੀਤੀ ਤੱਥ ਖੋਜ ਰਿਪੋਰਟ ਨੇ ਬੀਕੇਯੂ ਏਕਤਾ (ਉਗਰਾਹਾਂ) ਵੱਲੋਂ ਲਏ ਇਸ ਸਟੈਂਡ ਦੀ ਪੁਸ਼ਟੀ ਕੀਤੀ ਸੀ ਕਿ ਇਹ ਘਟਨਾ ਕਿਸੇ ਵੀ ਤਰ੍ਹਾਂ ਦੇ ਜਾਤ ਪਾਤੀ ਟਕਰਾਅ ਦਾ ਸਿੱਟਾ ਨਹੀਂ ਹੈ, ਸਗੋਂ ਇਹ ਘਟਨਾ ਗੈਰ-ਸਮਾਜੀ ਤੇ ਹਿੰਸਕ ਅਨਸਰਾਂ ਵੱਲੋਂ ਮਨਜੀਤ ਸਿੰਘ ਦੇ ਪੁੱਤਰ ’ਤੇ ਕੀਤੇ ਗਏ ਖੂਨੀ ਹਮਲੇ ਮਗਰੋਂ ਗੁੱਸੇ ਵਿੱਚ ਮਨਜੀਤ ਸਿੰਘ ਵੱਲੋਂ ਮੌਕੇ ’ਤੇ ਕੀਤਾ ਗਿਆ ਪ੍ਰਤੀਕਰਮ ਹੈ। ਆਪਣੇ ਪੁੱਤਰ ’ਤੇ ਹਮਲਾ ਕਰਨ ਵਾਲੇ ਨੌਜਵਾਨਾਂ ’ਚੋਂ ਅੜਿੱਕੇ ਆਏ ਦੋ ਨੌਜਵਾਨਾਂ ਦੀ ਬੁਰੀ ਤਰ੍ਹਾਂ ਕੁੱਟਮਾਰ ਕਰਨ ਦੇ ਵਿਹਾਰ ਨੂੰ ਨਾ ਤੱਥ ਖੋਜ ਕਮੇਟੀ ਨੇ ਠੀਕ ਠਹਿਰਾਇਆ ਤੇ ਨਾ ਹੀ ਉਸਦੀ ਕਿਸਾਨ ਜਥੇਬੰਦੀ ਨੇ। ਮਨਜੀਤ ਸਿੰਘ ਦੀ ਜਥੇਬੰਦੀ ਬੀਕੇਯੂ ਏਕਤਾ ਉਗਰਾਹਾਂ ਦੀ ਪੁਜ਼ੀਸ਼ਨ ਇਸ ਲੜਾਈ ਵਿੱਚ ਬਣਦੀਆਂ ਧਾਰਾਵਾਂ ਤਹਿਤ ਦੋਹਾਂ ਧਿਰਾਂ ’ਤੇ ਕਾਨੂੰਨੀ ਵਾਜਬ ਕਾਰਵਾਈ ਕਰਨ ਦੀ ਸੀ।
ਪਰ ਵੱਖ ਵੱਖ ਮੌਕਾਪ੍ਰਸਤ ਹਾਕਮ ਜਮਾਤੀ ਸਿਆਸੀ ਸ਼ਕਤੀਆਂ ਤੇ ਪੁਲਿਸ ਤੰਤਰ ਵੱਲੋਂ ਕਿਸਾਨ ਜਥੇਬੰਦੀ ਨੂੰ ਲੋਕਾਂ ’ਚ ਦਲਿਤ ਵਿਰੋਧੀ ਜਥੇਬੰਦੀ ਵਜੋਂ ਬਦਨਾਮ ਕਰਨ , ਸਿਆਸੀ ਹਮਲਾ ਕਰਨ ਤੇ ਕਿਸਾਨਾਂ ਮਜ਼ਦੂਰਾਂ ’ਚ ਪਾਟਕ ਪਾਉਣ ਲਈ ਇਸ ਘਟਨਾ ਨੂੰ ਸਾਧਨ ਵਜੋਂ ਵਰਤਿਆ ਗਿਆ। ਇਸ ਘਟਨਾ ਮੌਕੇ ਹਾਜ਼ਰ ਵੀ ਨਾ ਹੋਣ ਵਾਲੇ ਇਲਾਕੇ ਦੇ ਮੋਹਰੀ ਕਿਸਾਨ ਆਗੂ ਜਗਤਾਰ ਲੱਡੀ ਨੂੰ ਇਸ ਕੇਸ ਵਿੱਚ ਬੰਨਿ੍ਹਆ ਗਿਆ ਅਤੇ ਕਿਸਾਨ ਆਗੂਆਂ ਖ਼ਿਲਾਫ਼ ਐਸਸੀ ਐਸਟੀ ਐਕਟ ਤਹਿਤ ਕੇਸ ਦਰਜ਼ ਕੀਤਾ ਗਿਆ। ਕਿਸਾਨ ਜਥੇਬੰਦੀ ਵੱਲੋਂ ਮਨਜੀਤ ਸਿੰਘ ਘਰਾਂਚੋਂ ਨੂੰ ਪੁਲੀਸ ਹਵਾਲੇ ਕਰਕੇ ਜਿੱਥੇ ਬਣਦੀਆਂ ਧਾਰਾਵਾਂ ਤਹਿਤ ਕੇਸ ਨਾਲ ਨਜਿੱਠਣ ਦੀ ਪਹੁੰਚ ਲਈ ਗਈ ਉਥੇ ਐਸਸੀ ਐਸਟੀ ਐਕਟ ਦਾ ਝੂਠਾ ਕੇਸ ਰੱਦ ਕਰਨ ਅਤੇ ਜਗਤਾਰ ਲੱਡੀ ਨੂੰ ਇਸ ਕੇਸ ਵਿੱਚੋਂ ਬਾਹਰ ਰੱਖਣ ਦੀ ਵਾਜਬ ਮੰਗ ਲਈ ਸੰਘਰਸ਼ ਕਰਨ ਦਾ ਪੈਂਤੜਾ ਲਿਆ ਗਿਆ ਹੈ। ਇਸ ਮੰਗ ਦੀ ਸੁਣਵਾਈ ਨਾ ਹੋਣ ਕਾਰਨ ਹੁਣ 11 ਤਰੀਕ ਨੂੰ ਚਾਰ ਮੰਤਰੀਆਂ ਦੇ ਘਰਾਂ ਅੱਗੇ ਲਗਾਤਾਰ ਧਰਨੇ ਸ਼ੁਰੂ ਕਰਨ ਦਾ ਸੱਦਾ ਦਿੱਤਾ ਹੋਇਆ ਹੈ।
ਇਸ ਘਟਨਾ ਨੂੰ ਆਧਾਰ ਬਣਾ ਕੇ ਭਾਰਤੀ ਕਿਸਾਨ ਯੂਨੀਅਨ ਏਕਤਾ (ਉਗਰਾਹਾਂ) ਖਿਲਾਫ਼ ਸੂਬੇ ਭਰ ਅੰਦਰ ਤੇ ਸੂਬੇ ਤੋਂ ਬਾਹਰ ਵੀ ਜ਼ਹਿਰੀਲੀ ਪ੍ਰਚਾਰ ਮੁਹਿੰਮ ਚਲਾਈ ਗਈ ਹੈ ਤੇ ਉਸਨੂੰ ਦਲਿਤਾਂ ’ਤੇ ਜਬਰ ਕਰਨ ਦੀ ਹਮਾਇਤੀ ਜਥੇਬੰਦੀ ਵਜੋਂ ਪੇਸ਼ ਕੀਤਾ ਗਿਆ ਹੈ। ਦਲਿਤਾਂ ’ਤੇ ਜਬਰ ਕਰਨ ਵਾਲੇ ਆਗੂ ਨੂੰ ਸਰਪ੍ਰਸਤੀ ਦੇਣ ਵਾਲੀ ਜਥੇਬੰਦੀ ਵਜੋਂ ਪੇਸ਼ ਕੀਤਾ ਗਿਆ ਹੈ। ਪਰ ਅਜਿਹਾ ਭੰਡੀ ਪ੍ਰਚਾਰ ਇਸ ਹਕੀਕਤ ਦੇ ਸਾਹਮਣੇ ਬਹੁਤ ਬੇਵੁੱਕਤਾ ਹੈ , ਜਿਹੜੀ ਕਿਸਾਨ ਜਥੇਬੰਦੀ ਵੱਲੋਂ ਇੱਕ ਜਮਹੂਰੀ ਸ਼ਕਤੀ ਵਜੋਂ ਨਿਭਾਏ ਗਏ ਹੁਣ ਤੱਕ ਦੇ ਰੋਲ ਦੀ ਹਕੀਕਤ ਹੈ। ਇਸ ਜਥੇਬੰਦੀ ਨੇ ਆਪਣੇ ਹੁਣ ਤੱਕ ਦੇ ਸਫ਼ਰ ਦੌਰਾਨ ਦਲਿਤਾਂ ’ਤੇ ਜਬਰ ਤੇ ਦਾਬੇ ਖ਼ਿਲਾਫ਼ ਡਟਕੇ ਸਟੈਂਡ ਲਿਆ ਹੈ ਤੇ ਸੰਘਰਸ਼ ਕੀਤਾ ਹੈ। ਖੇਤ ਮਜ਼ਦੂਰ ਹਿੱਸਿਆਂ ਨੂੰ ਜਥੇਬੰਦ ਹੋਣ ਵਿੱਚ ਸਹਾਇਤਾ ਕੀਤੀ ਹੈ ਤੇ ਉਹਨਾਂ ਦੇ ਸੰਘਰਸ਼ਾਂ ਦੀ ਡਟਵੀਂ ਹਿਮਾਇਤ ਕੀਤੀ ਹੈ। ਕਿਸਾਨਾਂ ਤੇ ਖੇਤ ਮਜ਼ਦੂਰਾਂ ਦੀ ਸਾਂਝ ਉਸਾਰੀ ਲਈ ਇਕਸਾਰ ਤੇ ਲੰਮੇ ਅਣਥੱਕ ਯਤਨ ਕੀਤੇ ਹਨ। ਇਥੋਂ ਤੱਕ ਕਿ ਮਨਜੀਤ ਸਿੰਘ ਘਰਾਚੋਂ ਨੇ ਵੀ ਜਥੇਬੰਦੀ ਦੀ ਇਸੇ ਨੀਤੀ ਨੂੰ ਲਾਗੂ ਕਰਦਿਆਂ ਆਪਣੇ ਇਲਾਕੇ ਵਿੱਚ ਦਲਿਤ ਹਿੱਸਿਆਂ ਦੇ ਹੱਕਾਂ ਲਈ ਡਟ ਕੇ ਆਵਾਜ਼ ਬੁਲੰਦ ਕੀਤੀ ਹੈ। ਕਿਸਾਨ ਜਥੇਬੰਦੀ ਦੀ ਜਥੇਬੰਦ ਤਾਕਤ ਦੇ ਜ਼ੋਰ ਕਿੰਨੇ ਹੀ ਸਥਾਨਕ ਮਸਲਿਆਂ ਵਿੱਚ ਖੇਤ ਮਜ਼ਦੂਰਾਂ ਨੂੰ ਰਾਹਤ ਦਵਾਉਣ ਤੇ ਇਨਸਾਫ ਦਾ ਹੱਕ ਲੈਣ ਵਿੱਚ ਸਹਾਇਤਾ ਕੀਤੀ ਹੈ, ਕਿੰਨੇ ਹੀ ਦੱਬੇ ਕੁਚਲੇ,  ਗਰੀਬ ਤੇ ਬੇਸਹਾਰਾ ਪਰਿਵਾਰਾਂ ਦਾ ਸਹਾਰਾ ਬਣ ਕੇ ਖੜਿ੍ਹਆ ਹੈ। ਕਿਸਾਨ ਜਥੇਬੰਦੀ ਦੇ ਅਜਿਹੇ ਅਮਲ ਤੇ ਉਸਦੇ ਇੱਕ ਸਥਾਨਕ ਆਗੂ ਵਜੋਂ ਮਨਜੀਤ ਸਿੰਘ ਘਰਾਚੋਂ ਵੱਲੋਂ ਨਿਭਾਏ ਅਜਿਹੇ ਰੋਲ ਕਾਰਣ ਅਜਿਹਾ ਝੂਠਾ ਪ੍ਰਚਾਰ ਬੇ-ਅਸਰ ਸਾਬਤ ਹੋਇਆ ਹੈ। ਦਲਿਤਾਂ ’ਚ ਕੰਮ ਕਰਦੀਆਂ ਜਮਹੂਰੀ ਤੇ ਇਨਸਾਫ਼ ਪਸੰਦ ਸੰਘਰਸ਼ਸ਼ੀਲ ਜਥੇਬੰਦੀਆਂ ਦੀ ਸਹੀ ਪਹੁੰਚ ਕਾਰਨ ਇਲਾਕੇ ਵਿੱਚ ਖੇਤ ਮਜ਼ਦੂਰਾਂ ਤੇ ਕਿਸਾਨਾਂ ’ਚ ਪਾਟਕ ਪਾਉਣ ਦੇ ਮਨਸੂਬੇ ਨਾਕਾਮ ਨਿੱਬੜੇ ਹਨ।
ਇਸ ਘਟਨਾ ਕ੍ਰਮ ਬਾਰੇ ਖੇਤ ਮਜ਼ਦੂਰ ਤੇ ਦਲਿਤ ਜਥੇਬੰਦੀਆਂ ਵੱਲੋਂ ਜਾਰੀ ਤੱਥ ਖੋਜ ਰਿਪੋਰਟ ਅਸੀਂ ਆਪਣੇ ਪਾਠਕਾਂ ਨਾਲ ਸਾਂਝੀ ਕਰ ਰਹੇ ਹਾਂ। ਇਸ ਰਿਪੋਰਟ ਵਿੱਚ ਕੁੱਝ ਤੱਥਾਂ ਦੀ ਪੇਸ਼ਕਾਰੀ ਨਾਲ ਚਾਹੇ ਸਾਡੀ ਪੂਰਨ ਸਹਿਮਤੀ ਨਹੀਂ ਹੈ ਤੇ ਸਾਨੂੰ ਇਹ ਪੇਸ਼ਕਾਰੀ ਵਧਵੀਂ ਜਾਪਦੀ ਹੈ ਪਰ ਘਟਨਾ ਦੇ ਮੁੱਖ ਪੱਖ ਨੂੰ ਸਾਹਮਣੇ ਲਿਆਉਣ ਪੱਖੋਂ ਇਸ ਰਿਪੋਰਟ ਦਾ ਮਹੱਤਵ ਹੈ। ਇਹ ਰਿਪੋਰਟ ਤੱਥਾਂ ਦੇ ਆਧਾਰ ’ਤੇ ਸਪਸ਼ਟ ਕਰਦੀ ਹੈ ਕਿ ਇਹ ਮਸਲਾ ਜਾਤਪਾਤੀ ਟਕਰਾਅ ਦਾ ਨਹੀਂ ਹੈ।

No comments:

Post a Comment