ਰਿਹਾਇਸ਼ੀ ਮਕਾਨਾਂ ਦੇ ਬਦਲਵੇਂ ਪ੍ਰਬੰਧ ਲਈ ਜੂਝਦੇ ਮਜ਼ਦੂਰ
ਆਪ ਸਰਕਾਰ ਦੀ ਮਜ਼ਦੂਰ ਵਿਰੋਧੀ ਨੀਤੀ ਹੋਈ ਜੱਗ ਜਾਹਰ
ਪਿਛਲੇ 35 ਵਰ੍ਹਿਆਂ ਤੋਂ ਮਕਾਨ ਬਣਾ ਕੇ ਰਹਿ ਰਹੇ ਪਿੰਡ ਦਿਉਣ (ਬਠਿੰਡਾ) ਦੇ ਇੱਕ ਦਰਜ਼ਨ ਦੇ ਕਰੀਬ ਮਜ਼ਦੂਰ ਪਰਿਵਾਰ ਆਪਣੇ ਉਜਾੜੇ ਦੇ ਬਦਲੇ ਪਲਾਟਾਂ ਤੇ ਮਕਾਨ ਉਸਾਰੀ ਲਈ ਗ੍ਰਾਂਟਾਂ ਦੀ ਮੰਗ ਨੂੰ ਲੈ ਕੇ ਪੰਜਾਬ ਖੇਤ ਮਜ਼ਦੂਰ ਯੂਨੀਅਨ ਦੀ ਅਗਵਾਈ ਹੇਠ ਪਿਛਲੇ ਇੱਕ ਸਾਲ ਤੋਂ ਲਗਾਤਾਰ ਸੰਘਰਸ਼ ਕਰਦੇ ਆ ਰਹੇ ਹਨ। ਸੰਨ 1988 ’ਚ ਆਏ ਹੜ੍ਹਾਂ ਦੀ ਮਾਰ ਹੇਠ ਆਪਣੇ ਘਰ ਘਾਟ ਗੁਆ ਚੁੱਕੇ ਇਹਨਾਂ ਮਜ਼ਦੂਰ ਪਰਿਵਾਰਾਂ ਨੂੰ ਮੌਕੇ ਦੀ ਪੰਚਾਇਤ ਅਤੇ ਅਫ਼ਸਰਸ਼ਾਹੀ ਵੱਲੋਂ ਇੱਕ ਸਰਕਾਰੀ ਥਾਂ ਉੱਤੇ ਵਸਾ ਦਿੱਤਾ ਸੀ। ਕਾਫੀ ਸਾਲਾਂ ਬਾਅਦ ਨਵੀਂ ਬਣੀ ਪੰਚਾਇਤ ਨੇ ਇਹਨਾਂ ਮਜ਼ਦੂਰ ਘਰਾਂ ਦੇ ਨਾਲ ਲੱਗਦੀ ਜ਼ਮੀਨ ਜ਼ਿਲ੍ਹਾ ਸਿੱਖਿਆ ਤੇ ਸਿਖਲਾਈ ਸੰਸਥਾ ਬਣਾਉਣ ਲਈ ਪੰਚਾਇਤੀ ਜ਼ਮੀਨ ਦੇਣ ਦਾ ਮਤਾ ਪਾਸ ਕਰ ਦਿੱਤਾ। ਹੁਣ ਕਾਫ਼ੀ ਸਾਲਾਂ ਬਾਅਦ ਸਿੱਖਿਆ ਸਿਖਲਾਈ ਵਾਲੇ ਅਧਿਕਾਰੀ ਮਜ਼ਦੂਰਾਂ ਨੂੰ ਦਿੱਤੀ ਗਈ ਥਾਂ ਨੂੰ ਸੰਸਥਾ ਦੀ ਜ਼ਮੀਨ ਕਹਿਕੇ ਇਸ ਉਪਰ ਅਫ਼ਸਰਸ਼ਾਹੀ ਦੇ ਜ਼ੋਰ ਕਬਜ਼ਾ ਕਰਨ ਦਾ ਯਤਨ ਕਰ ਰਹੇ ਹਨ। ਜਦੋਂ ਕਿ ਇਹ ਜ਼ਮੀਨ ਸਰਕਾਰੀ ਕਾਗਜ਼ਾਂ ਵਿੱਚ ਪੰਜਾਬ ਸਰਕਾਰ ਦੇ ਨਾਂ ਬੋਲਦੀ ਹੈ। ਸਰਕਾਰੀ ਹੁਕਮਾਂ ਤਹਿਤ ਆਪਣੇ ਮੁੜ ਉਜਾੜੇ ਦੀ ਬਦੌਲਤ ਸਹਿਮੇ ਹੋਏ ਇਹਨਾਂ ਪਰਿਵਾਰਾਂ ਦੀ ਪੰਜਾਬ ਖੇਤ ਮਜ਼ਦੂਰ ਯੂਨੀਅਨ ਵੱਲੋਂ ਬਾਂਹ ਫੜੀ ਗਈ ਅਤੇ ਬੀ ਕੇ ਯੂ ਏਕਤਾ ਉਗਰਾਹਾਂ ਦੇ ਸਥਾਨਕ ਆਗੂਆਂ ਵੱਲੋਂ ਹਮਾਇਤੀ ਕੰਨ੍ਹਾਂ ਲਾਇਆ ਗਿਆ। ਬਲਾਕ ਅਤੇ ਜਿਲ੍ਹਾ ਅਧਿਕਾਰੀਆਂ ਨੂੰ ਵਾਰ ਵਾਰ ਡੈਪੂਟੇਸ਼ਨ ਮਿਲਕੇ ਮਜ਼ਦੂਰਾਂ ਦੇ ਬਦਲਵੇਂ ਪ੍ਰਬੰਧ ਦੀ ਮੰਗ ਕੀਤੀ ਗਈ ਪਰ ਜਦੋਂ ਸੁਣਵਾਈ ਨਾ ਹੋਈ ਤਾਂ ਖੇਤ ਮਜ਼ਦੂਰਾਂ ਵੱਲੋਂ ਡਿਪਟੀ ਕਮਿਸ਼ਨਰ ਬਠਿੰਡਾ ਦੇ ਦਫ਼ਤਰ ਅੱਗੇ ਲਗਾਤਾਰ ਦਾ ਧਰਨਾ ਸ਼ੁਰੂ ਕਰ ਦਿੱਤਾ ਗਿਆ। ਪੰਜ ਦਿਨ ਦੇ ਇਸ ਧਰਨੇ ਦੀ ਬਦੌਲਤ ਉਸ ਸਮੇਂ ਦੇ ਡਿਪਟੀ ਕਮਿਸ਼ਨਰ ਵੱਲੋਂ ਮਜ਼ਦੂਰ ਮੰਗਾਂ ਨਾਲ ਸਹਿਮਤੀ ਪ੍ਰਗਟਾਉਂਦਿਆਂ 35 ਸਾਲਾਂ ਤੋਂ ਰਹਿ ਰਹੇ ਇਹਨਾਂ ਮਜ਼ਦੂਰਾਂ ਨੂੰ ਬਦਲਵੀ ਥਾਂ ’ਤੇ ਪਲਾਟ ਦੇਣ ਲਈ ਪਟਵਾਰੀ ਤੋਂ ਨਕਸ਼ਾ ਵੀ ਤਿਆਰ ਕਰਾਇਆ ਗਿਆ ਅਤੇ ਪ੍ਰਧਾਨ ਮੰਤਰੀ ਅਵਾਸ ਯੋਜਨਾ ਤਹਿਤ ਮਕਾਨ ਉਸਾਰ ਕੇ ਦੇਣ ਦਾ ਵੀ ਵਾਅਦਾ ਕੀਤਾ ਗਿਆ। ਪਰ ਸਮਝੌਤੇ ਨੂੰ ਸਿਰੇ ਚਾੜ੍ਹਨ ਦੀ ਮਿਥੀ ਤਰੀਕ ਤੋਂ ਇੱਕ ਦਿਨ ਪਹਿਲਾਂ ਹੀ ਡਿਪਟੀ ਕਮਿਸ਼ਨਰ ਦੀ ਬਦਲੀ ਹੋ ਗਈ ਅਤੇ ਉਸਦੀ ਥਾਂ ’ਤੇ ਆਏ ਨਵੇਂ ਆਏ ਡੀ ਸੀ ਵੱਲੋ ਮੁੜ ਪੜਤਾਲਾਂ ਕਰਨ , ਚੋਣ ਜਾਬਤਾ ਲੱਗਣ ਅਤੇ ਜ਼ਮੀਨ ਭਾਲਣ ਦੇ ਬਹਾਨਿਆਂ ਦਾ ਚੱਕਰ ਚਲਾ ਕੇ ਮਜ਼ਦੂਰਾਂ ਨੂੰ ਲਗਾਤਾਰ ਖੱਜਲ ਖ਼ੁਆਰ ਕਰਨ ਦੀ ਨੀਤੀ ਅਪਣਾਈ ਗਈ। ਪ੍ਰਸ਼ਾਸਨ ਦੀ ਇਸ ਮਜ਼ਦੂਰ ਵਿਰੋਧੀ ਨੀਤੀ ਖਿਲਾਫ਼ ਪੰਜਾਬ ਖੇਤ ਮਜ਼ਦੂਰ ਯੂਨੀਅਨ ਦੀ ਅਗਵਾਈ ਵਿੱਚ ਏ ਡੀ ਸੀ ਵਿਕਾਸ ਦੇ ਕੰਪਲੈਕਸ ਵਿੱਚ ਮਜ਼ਦੂਰਾਂ ਵੱਲੋਂ ਮੁੜ 24 ਜੂਨ ਤੋਂ ਪੱਕਾ ਮੋਰਚਾ ਲਾ ਦਿੱਤਾ ਗਿਆ। ਜ਼ਿਲੇ ਦੇ ਸੈਂਕੜੇ ਖੇਤ ਮਜ਼ਦੂਰ ਮਰਦ ਔਰਤਾਂ ਵੱਲੋਂ ਲਗਾਤਾਰ ਸੱਤ ਦਿਨ ਰੋਹ ਭਰਪੂਰ ਧਰਨਾ ਦੇਣ ਦੇ ਬਾਵਜੂਦ ਜ਼ਿਲ੍ਹਾ ਅਧਿਕਾਰੀਆਂ ਵੱਲੋਂ ਕੀਤੇ ਵਾਅਦੇ ਮੁਤਾਬਕ ਮਸਲਾ ਹੱਲ ਕਰਨਾ ਤਾਂ ਦੂਰ ਮਜ਼ਦੂਰ ਆਗੂਆਂ ਨਾਲ ਗੱਲਬਾਤ ਵੀ ਨਾ ਕੀਤੀ ਗਈ। ਆਖ਼ਰ ਧਰਨੇ ਦੇ ਅੱਠਵੇਂ ਦਿਨ ਜ਼ਿਲ੍ਹੇ ਭਰ ’ਚੋਂ ਭਾਰੀ ਗਿਣਤੀ ’ਚ ਪਹੁੰਚੇ ਖੇਤ ਮਜ਼ਦੂਰ ਔਰਤਾਂ ਵੱਲੋਂ ਏ ਡੀ ਸੀ ਵਿਕਾਸ ਦੇ ਦਫ਼ਤਰ ਦਾ ਘਿਰਾਓ ਕਰਕੇ ਤਿੱਖੇ ਰੋਹ ਦਾ ਪ੍ਰਗਟਾਵਾ ਕੀਤਾ ਗਿਆ। ਸਰਕਾਰ ਅਤੇ ਅਫ਼ਸਰਸ਼ਾਹੀ ਦੇ ਇਸ ਮਜ਼ਦੂਰ ਵਿਰੋਧੀ ਰਵੱਈਏ ਤੋਂ ਸਤੇ ਖੇਤ ਮਜ਼ਦੂਰਾਂ ਵੱਲੋਂ ਆਪ ਸਰਕਾਰ ਤੇ ਅਫ਼ਸਰਸ਼ਾਹੀ ਦਾ ਦੱਬ ਕੇ ਪਿੱਟ ਸਿਆਪਾ ਕੀਤਾ ਗਿਆ। ਇਸ ਮਸਲੇ ਨੂੰ ਜਾਣਬੁੱਝ ਕੇ ਲਟਕਾਉਣ ਦੇ ਲਈ ਆਪ ਸਰਕਾਰ ਵੱਲੋਂ ਸੱਤਾ ’ਚ ਆਉਣ ਉਪਰੰਤ ਲਗਾਤਾਰ ਚੁੱਕੇ ਗਏ ਕਦਮਾਂ ਦੀ ਕੜੀ ਵਜੋਂ ਉਭਾਰਿਆ ਗਿਆ। ਬਦਲਾਅ ਦਾ ਝਾਂਸਾ ਦੇ ਕੇ ਸਤਾ ’ਚ ਆਈ ਆਪ ਸਰਕਾਰ ਦੇ ਮੁੱਖ ਮੰਤਰੀ ਵੱਲੋਂ ਮਜ਼ਦੂਰ ਜਥੇਬੰਦੀਆਂ ਨੂੰ ਵਾਰ ਵਾਰ ਮੀਟਿੰਗਾਂ ਦੇ ਕੇ ਮੁੱਕਰਨ ਅਤੇ ਮੁੱਖ ਮੰਤਰੀ ਦੀ ਰਿਹਾਇਸ਼ ਅੱਗੇ ਧਰਨਾ ਦੇਣ ਗਏ ਹਜ਼ਾਰਾਂ ਮਜ਼ਦੂਰਾਂ ਉਤੇ ਲਾਠੀਚਾਰਜ ਕਰਨ, ਗੜੇਮਾਰੀ ਕਾਰਨ ਨੁਕਸਾਨੀਆਂ ਫਸਲਾਂ ਦੇ ਮੁਆਵਜ਼ੇ ’ਚੋਂ ਮਜ਼ਦੂਰਾਂ ਨੂੰ ਦਰਕਿਨਾਰ ਕਰਨ ਵਰਗੇ ਫੈਸਲਿਆਂ ਦੇ ਹਵਾਲੇ ਨਾਲ ਇਸ ਹਕੂਮਤ ਅਤੇ ਅਫ਼ਸਰਸ਼ਾਹੀ ਤੋਂ ਆਪਣੇ ਹੱਕ ਲੈਣ ਲਈ ਵਿਸ਼ਾਲ , ਸਿਰੜੀ ਤੇ ਜੁਝਾਰੂ ਖੇਤ ਮਜ਼ਦੂਰ ਲਹਿਰ ਉਸਾਰਨ ਦੀ ਲੋੜ ਨੂੰ ਉਭਾਰਿਆ ਗਿਆ। ਅੰਤ ਮਜ਼ਦੂਰ ਆਗੂਆਂ ਵੱਲੋਂ ਮਜ਼ਦੂਰਾਂ ਨੂੰ ਬਦਲਵੀਂ ਜਗ੍ਹਾ ’ਤੇ ਪਲਾਟ ਦੇਣ ਤੋਂ ਇਲਾਵਾ ਮਕਾਨ ਉਸਾਰੀ ਲਈ ਗ੍ਰਾਂਟਾਂ ਦਾ ਪ੍ਰਬੰਧ ਕਰੇ ਬਿਨਾਂ ਮਜ਼ਦੂਰਾਂ ਨੂੰ ਪੁਲਿਸ ਤਾਕਤ ਦੇ ਜ਼ੋਰ ਜ਼ਬਰੀ ਉਠਾਉਣ ਦੀ ਕੋਸ਼ਿਸ਼ ਦਾ ਜਥੇਬੰਦ ਮਜ਼ਦੂਰ ਤਾਕਤ ਦੇ ਜ਼ੋਰ ਡਟਵੇਂ ਵਿਰੋਧ ਦੇ ਐਲਾਨ ਨਾਲ ਇਹ ਮੋਰਚਾ ਉਠਾ ਦਿੱਤਾ ਗਿਆ। ਮਜ਼ਦੂਰਾਂ ਦੇ ਇਸ ਸਘੰਰਸ਼ ਦੀ ਮੁੱਢ ਤੋਂ ਹੀ ਡਟਵੀ ਹਿਮਾਇਤੀ ਰਹੀ ਬੀਕੇਯੂ ਏਕਤਾ ਉਗਰਾਹਾਂ ਦੀਆਂ ਸਥਾਨਕ ਇਕਾਈਆਂ ਵੱਲੋਂ ਵੀ ਇਸ ਅੱਠ ਰੋਜ਼ਾ ਮੋਰਚੇ ’ਚ ਸ਼ਮੂਲੀਅਤ ਕੀਤੀ ਗਈ। ਇਸ ਲੰਬੇ ਸੰਘਰਸ਼ ਦੇ ਬਾਵਜੂਦ ਭਾਵੇ ਪਲਾਟਾਂ ਦੀ ਪ੍ਰਾਪਤੀ ਹੋਣੀ ਅਜੇ ਬਾਕੀ ਹੈ ਪਰ ਮਜ਼ਦੂਰ ਯੂਨੀਅਨ ਦੀ ਜ਼ਿਲ੍ਹਾ ਕਮੇਟੀ ਦੇ ਮੈਂਬਰਾਂ ਨੇ ਪੱਕਾ ਮੋਰਚਾ ਲਾਉਣ , ਆਪਣੇ ਪੈਰਾਂ ’ਤੇ ਲੰਗਰ ਦਾ ਪ੍ਰਬੰਧ ਕਰਨ ਸਮੇਤ ਆਗੂਆਂ ਵੱਲੋਂ ਅਫ਼ਸਰਸ਼ਾਹੀ ਨਾਲ ਗੱਲਬਾਤ ਕਰਨ ਸਮੇਂ ਮੰਗਾਂ ਨੂੰ ਦਲੀਲਾਂ ਨਾਲ ਜਚਾਉਣ ਦਾ ਸਾਹਸ ਤੇ ਤਜ਼ਰਬਾ ਸਿੱਖਿਆ ਹੈ। ਇਹ ਸਿਖਿਆ ਤੇ ਤਜ਼ਰਬਾ ਆਉਣ ਵਾਲੇ ਸਮੇਂ ਵਿੱਚ ਜੱਥੇਬੰਦੀ ਦਾ ਵਧਾਰਾ ਪਸਾਰਾ ਕਰਨ ਅਤੇ ਸੰਘਰਸ਼ਾਂ ਨੂੰ ਸਹੀ ਦਿਸ਼ਾ ਦੇਣ ਵਿੱਚ ਸਹਾਈ ਹੋਵੇਗਾ।
--0--
No comments:
Post a Comment