ਇਜ਼ਰਾਈਲੀ ਹਮਲੇ ਦੇ 9 ਮਹੀਨੇ
ਸਿਰ ਉੱਚਾ ਕਰੀ ਖੜ੍ਹਾ ਫ਼ਲਸਤੀਨ
ਇਜ਼ਰਾਈਲ-ਫ਼ਲਸਤੀਨ ਵਿਚਕਾਰ ਜੰਗ ਨੂੰ ਚਲਦਿਆਂ 9 ਮਹੀਨੇ ਤੋਂ ਵੱਧ ਦਾ ਸਮਾਂ ਹੋ ਚੱਲਿਆ ਹੈ। ਇਸ ਜੰਗ ਨੂੰ ਜੇ ਜਾਨ-ਮਾਲ ਦੀ ਤਬਾਹੀ ਦੇ ਨਜ਼ਰੀਏ ਤੋਂ ਦੇਖੀਏ ਤਾਂ ਇਹ ਪੂਰੀ ਤਰ੍ਹਾਂ ਇਕਪਾਸੜ ਹਮਲਾਵਰ ਜੰਗ ਹੈ। ਅਮਰੀਕਾ ਅਤੇ ਕੁਝ ਹੋਰ ਸਾਮਰਾਜੀ ਮੁਲਕਾਂ ਦੀ ਜ਼ੋਰਦਾਰ ਫੌਜੀ ਤੇ ਕੂਟਨੀਤਕ ਮਦਦ ਤੇ ਆਪਣੀ ਸ਼ਕਤੀਸ਼ਾਲੀ ਫਨਾਹਕਾਰੀ ਜੰਗੀ ਮਸ਼ੀਨ ਦੇ ਜ਼ੋਰ, ਇਜ਼ਰਾਈਲ ਪਿਛਲੇ 9 ਮਹੀਨਿਆਂ ਤੋਂ ਲਗਾਤਾਰ ਵਹਿਸ਼ੀਆਨਾ ਹਵਾਈ ਬੰਬਾਰੀ, ਮਿਜ਼ਾਈਲ ਹਮਲੇ, ਟੈਂਕਾਂ, ਬੁਲਡੋਜ਼ਰਾਂ ਅਤੇ ਹੋਰ ਘਾਤਕ ਹਥਿਆਰਾਂ ਨਾਲ, ਬੇਖੌਫ਼ ਤੇ ਬੇਪ੍ਰਵਾਹ ਹੋ ਕੇ ਗਾਜ਼ਾ ਵਿਚ ਮੌਤ ਅਤੇ ਤਬਾਹੀ ਦੀ ਵਾਛੜ ਕਰਦਾ ਆ ਰਿਹਾ ਹੈ। ਹੁਣ ਤੱਕ ਇਸ ਜੰਗ ਨਾਲ ਗਾਜ਼ਾ ਪੱਟੀ ’ਚ ਮਰਨ ਵਾਲੇ ਫ਼ਲਸਤੀਨੀ ਲੋਕਾਂ ਦੀ ਗਿਣਤੀ, ਜਿਨ੍ਹਾਂ ’ਚ ਵੱਡੀ ਗਿਣਤੀ ਔਰਤਾਂ ਤੇ ਬੱਚਿਆਂ ਦੀ ਹੈ, 40 ਹਜ਼ਾਰ ਦੇ ਕਰੀਬ ਦੱਸੀ ਜਾ ਰਹੀ ਹੈ। ਪਰ ਇਹ ਗਿਣਤੀ ਉਹਨਾਂ ਲੋਕਾਂ ਦੀ ਹੈ ਜਿਹਨਾਂ ਦੀਆਂ ਲਾਸ਼ਾਂ ਬਕਾਇਦਾ ਬਰਾਮਦ ਕੀਤੀਆਂ ਜਾ ਸਕੀਆਂ ਹਨ। ਬਹੁਤ ਵੱਡੀ ਗਿਣਤੀ ’ਚ ਲੋਕ ਰਿਹਾਇਸ਼ੀ ਤੇ ਕੰਮ ਕਾਜੀ ਖੇਤਰਾਂ, ਹਸਪਤਾਲਾਂ, ਸ਼ਰਨਾਰਥੀ ਕੈਪਾਂ ਉਪਰ ਇਜ਼ਰਾਈਲ ਵੱਲੋਂ ਗਿਣ-ਮਿਥ ਕੇ ਕੀਤੀ ਬੰਬਾਰੀ ਤੇ ਮਿਜ਼ਾਈਲ ਹਮਲਿਆਂ ਨਾਲ ਤਬਾਹ ਹੋਈਆਂ ਬਿਲਡਿੰਗਾਂ ਦੇ ਮਲਬੇ ਹੇਠ ਦੱਬੇ ਗਏ ਹਨ। ਹਜ਼ਾਰਾਂ ਲੋਕਾਂ ਨੂੰ ਇਜ਼ਰਾਈਲੀ ਸੈਨਾ ਨੇ ਕਤਲ ਕਰਕੇ ਬੇ-ਐਲਾਨ ਹੀ ਸਮੂਹਕ ਕਬਰਾਂ ’ਚ ਦਫ਼ਨਾ ਦਿੱਤਾ ਹੈ। ਹਜ਼ਾਰਾਂ ਦੀ ਗਿਣਤੀ ’ਚ ਲੋਕ ਲਾਪਤਾ ਹਨ। ਮੋਟੇ ਅੰਦਾਜ਼ਿਆਂ ਅਨੁਸਾਰ, ਗਾਜ਼ਾ ਪੱਟੀ ’ਚ ਰਹਿੰਦੇ 23 ਲੱਖ ਫ਼ਲਸਤੀਨੀਆਂ ’ਚੋਂ ਕੋਈ ਇੱਕ ਲੱਖ ਦੇ ਕਰੀਬ ਮਾਰੇ ਜਾ ਚੁੱਕੇ ਹਨ। ਇਸ ਤੋਂ ਡੂਢੇ-ਦੁੱਗਣੇ ਭਿਆਨਕ ਜਖ਼ਮੀ ਹੋਏ ਹਨ। ਇਜ਼ਰਾਈਲ ਨੇ ਜ਼ਿੰਦਗੀ ਦਾ ਸਹਾਰਾ ਬਣ ਸਕਣ ਵਾਲੀ ਹਰ ਚੀਜ਼ ਰਿਹਾਇਸ਼ੀ ਬਸਤੀਆਂ, ਕਾਰੋਬਾਰਾਂ, ਬਿਜਲੀ ਤੇ ਪਾਣੀ ਦੀ ਸਪਲਾਈ, ਸਕੂਲਾਂ, ਹਸਪਤਾਲਾਂ, ਸ਼ਰਨਾਰਥੀ ਕੈਂਪਾਂ, ਮਸਜਿਦਾਂ ਆਦਿਕ ਨੂੰ ਤਬਾਹ ਕਰ ਦਿੱਤਾ ਹੈ। ਗਾਜ਼ਾ ਇਕ ਵਿਸ਼ਾਲ ਖੰਡਰ, ਇਕ ਮਲਬੇ ਦੇ ਪਹਾੜਾਂ ਵਿਚ ਬਦਲ ਗਿਆ ਹੈ। ਗਾਜ਼ਾ ’ਚ ਸ਼ਾਇਦ ਹੀ ਕੋਈ ਪਰਿਵਾਰ ਹੋਵੇ ਜਿਸ ਨੂੰ ਵਾਰ ਵਾਰ ਉਜੜਨਾ ਨਾ ਪਿਆ ਹੋਵੇ, ਸ਼ਾਇਦ ਹੀ ਕੋਈ ਪਰਿਵਾਰ ਹੋਵੇ ਜਿਸ ਦਾ ਆਪਣਾ ਜਾਂ ਸਕਾ-ਸੰਬੰਧੀ ਇਸ ਜੰਗ ਵਿਚ ਇਜ਼ਰਾਈਲੀ ਗੋਲੀ ਦਾ ਸ਼ਿਕਾਰ ਨਾ ਹੋਇਆ ਹੋਵੇ।
ਇਜ਼ਰਾਈਲ ਦੀ ਬੰਬਾਂ ਨਾਲ ਲੜੀ ਜਾ ਰਹੀ ਜੰਗ ਤੋਂ ਵੀ ਭਿਆਨਕ ਇਕ ਹੋਰ ਜੰਗ ਹੈ, ਜਿਸ ਦਾ ਬਾਰੂਦੀ ਸਾਏ ਹੇਠ ਹੀ ਫ਼ਲਸਤੀਨੀ ਆਵਾਮ ਨੂੰ ਸਾਹਮਣਾ ਕਰਨਾ ਪੈ ਰਿਹਾ ਹੈ, ਉਹ ਹੈ ਭੁੱਖਮਰੀ ਦਾ ਦੈਂਤ। ਗਾਜ਼ਾ ਪੱਟੀ ਜੰਗ ਤੋਂ ਪਹਿਲਾਂ ਵੀ, ਆਪਣੀਆਂ ਲੋੜਾਂ ਦੀ ਪੂਰਤੀ ਲਈ 80 ਫੀਸਦੀ ਬਾਹਰੋਂ ਆਉਣ ਵਾਲੀ ਮਦਦ ’ਤੇ ਨਿਰਭਰ ਸੀ। ਹਰ ਰੋਜ਼ ਸਮਾਨ ਨਾਲ ਭਰੇ 500 ਟਰੱਕ ਗਾਜ਼ਾ ਪੱਟੀ ਦੀਆਂ ਲੋੜਾਂ ਦੀ ਪੂਰਤੀ ਲਈ ਗਾਜ਼ਾ ਆਉਂਦੇ ਸਨ। ਇਹ ਸਮਾਨ ਮੁੱਖ ਤੌਰ ’ਤੇ ਇਜ਼ਰਾਈਲ ਰਾਹੀਂ ਆਉਂਦਾ ਸੀ ਜਿਸ ਨੇ ਗਾਜ਼ਾ ਪੱਟੀ ਨੂੰ ਲਗਭਗ ਚਾਰ ਚੁਫੇਰਿਉਂ ਘੇਰਿਆ ਹੋਇਆ ਹੈ। ਜੰਗ ਤੋਂ ਬਾਅਦ ਇਜ਼ਰਾਈਲ ਨੇ ਇਹ ਸਪਲਾਈ ਬੰਦ ਕਰ ਦਿੱਤੀ ਹੈ। ਜੰਗ ਕਰਕੇ ਵੀ ਸਪਲਾਈ ’ਚ ਅੜਿੱਕਾ ਪਿਆ ਹੈ। ਸਾਰੀ ਖਾਧ-ਖੁਰਾਕ, ਪੀਣ ਵਾਲਾ ਪਾਣੀ, ਬੱਚਿਆਂ ਦਾ ਆਹਾਰ, ਬਿਜਲੀ ਸਪਲਾਈ, ਦਵਾਈਆਂ ਤੇ ਹੋਰ ਹਰ ਚੀਜ਼ ਦਾ ਗਾਜ਼ਾ ’ਚ ਅਕਾਲ ਪੈ ਗਿਆ ਹੈ। ਰਿਪੋਰਟਾਂ ਹਨ ਕਿ ਬਾਹਰੋਂ ਆਉਣ ਵਾਲੀ ਡੱਬਾ ਬੰਦ ਖੁਰਾਕ ਦੀ ਮਿਆਦ ਮੁੱਕ ਜਾਣ ਕਰਕੇ ਇਸ ਨੂੰ ਖਾਣ ਨਾਲ ਫੂਡ ਪੁਆਇਜ਼ਨਿੰਗ (ਜ਼ਹਿਰਵਾਅ) ਹੋ ਰਹੀ ਹੈ। ਭੁੱਖੇ ਮਰਦੇ ਲੋਕ ਦਰਖਤਾਂ ਦੇ ਪੱਤੇ ਖਾਣ ਲਈ ਮਜ਼ਬੂਰ ਹਨ। ਇਸ ਖੇਤਰ ’ਚ ਪਾਣੀ ਲੂਣਾ ਹੋਣ ਕਰਕੇ ਇਸ ਨੂੰ ਬਿਜਲੀ ਯੰਤਰਾਂ ਨਾਲ ਸੋਧ ਕੇ ਪੀਣਯੋਗ ਬਣਾਇਆ ਜਾਂਦਾ ਹੈ। ਪਾਣੀ ਨੂੰ ਲੂਣ-ਮੁਕਤ ਕਰਨ ਦੇ ਸਾਰੇ ਪਲਾਂਟ ਇਜ਼ਰਾਈਲੀ ਫੌਜ ਨੇ ਤਬਾਹ ਕਰ ਦਿੱਤੇ ਹਨ। ਬਿਜਲੀ ਸਪਲਾਈ ਵਿਵਸਥਾ ਵੀ ਠੱਪ ਹੈ। ਘਰਾਂ ’ਤੇ ਬਿਜਲੀ ਪੈਦਾਵਾਰ ਲਈ ਲੱਗੇ ਸੋਲਰ ਪੈਨਲ ਵੀ ਇਜ਼ਰਾਈਲੀ ਡਰੋਨਾਂ ਨੇ ਤਬਾਹ ਕਰ ਦਿੱਤੇ ਹਨ। ਇਜ਼ਰਾਈਲ ਬਿਜਲੀ, ਪਾਣੀ, ਦਵਾਈਆਂ, ਖਾਧ-ਖੁਰਾਕ ਬੰਦ ਕਰਨ ਨੂੰ ਵਾਜਬ ਗਰਦਾਨ ਰਿਹਾ ਹੈ। ਹਸਪਤਾਲਾਂ, ਸਕੂਲਾਂ, ਮਸਜਿਦਾਂ, ਸ਼ਰਨਾਰਥੀ ਕੈਂਪਾਂ ਤੱਕ ਹਮਾਸ ਦੇ ਅੱਡੇ ਹੋਣ ਦਾ ਦੋਸ਼ ਮੜ੍ਹ ਕੇ ਉਹਨਾਂ ਨੂੰ ਪੂਰੀ ਤਰ੍ਹਾਂ ਤਬਾਹ ਕਰ ਦਿੱਤਾ ਹੈ। ਇਜ਼ਰਾਈਲ ਦੀ ਫ਼ਲਸਤੀਨ ਵਿਰੁੱਧ ਇਹ ਜੰਗ ਜ਼ਾਹਰਾ ਨਸਲਕੁਸ਼ੀ ਹੈ। ਇਹ ਮਨੁੱਖਤਾ ਵਿਰੁੱਧ ਅਪਰਾਧ ਹੈ। ਇਹ ਫ਼ਲਸਤੀਨੀ ਕੌਮ ਨੂੰ ਹਰ ਪੱਖੋਂ ਹੀਣੀ ਬਣਾਉਣ, ਯਰਕਾਉਣ, ਖਦੇੜਨ, ਤਬਾਹ ਕਰਨ ਦੀ ਜੰਗ ਹੈ। ਮਨੁੱਖੀ ਅਧਿਕਾਰਾਂ ਦੇ ਆਪੂੰ ਠੇਕੇਦਾਰ ਬਣੇ ਅਮਰੀਕਨ ਸਾਮਰਾਜੀਆਂ ਅਤੇ ਯੂਰਪੀਨ ਦੇਸ਼ਾਂ ਵੱਲੋਂ ਇਸ ਸਾਰੇ ਕਾਸੇ ਬਾਰੇ ਧਾਰੀ ਸਾਜਸ਼ੀ ਚੁੱਪ ਮਨੁੱਖੀ ਅਧਿਕਾਰਾਂ ਪ੍ਰਤੀ ਉਹਨਾਂ ਦੇ ਦੰਭੀ ਹੇਜ ਦਾ ਭਾਂਡਾ ਚੁਰਾਹੇ ’ਚ ਭੰਨ ਰਹੀ ਹੈ।
ਫ਼ਲਸਤੀਨੀ ਕੌਮ ਦੀ ਨਸਲਕੁਸ਼ੀ ਕਰਨ ਦੀ ਇਸ ਜੰਗ ਲਈ ਅਮਰੀਕੀ ਸਾਮਰਾਜ ਵੀ ਓਡਾ ਹੀ ਮੁਜ਼ਰਮ ਹੈ, ਜਿੱਡਾ ਇਜ਼ਰਾਈਲ ਆਪ ਹੈ। ਇਜ਼ਰਾਈਲ ਦੇ ਹੋਂਦ ’ਚ ਆਉਣ ਦੇ ਵੇਲੇ ਤੋਂ ਲੈ ਕੇ ਪੱਛਮੀ ਸਾਮਰਾਜੀ ਮੁਲਕ ਆਮ ਕਰਕੇ ਤੇ ਅਮਰੀਕਾ ਖਾਸ ਕਰਕੇ ਇਜ਼ਰਾਈਲ ਦੀ ਪਿੱਠ ਥਾਪੜਦੇ ਆ ਰਹੇ ਹਨ। ਅਮਰੀਕਨ ਸਾਮਰਾਜ ਇਜ਼ਰਾਈਲ ਨੂੰ ਹਰ ਕਿਸਮ ਦੇ ਅਧੁਨਿਕ ਜੰਗੀ ਹਥਿਆਰ, ਤਕਨੌਲੋਜੀ ਅਤੇ ਆਰਥਕ ਮਦਦ ਦਿੰਦਾ ਆ ਰਿਹਾ ਹੈ। ਯੂ.ਐਨ.ਓ. ਵਿਚ ਇਜ਼ਰਾਈਲੀ ਹਮਲੇ ਤੇ ਧੌਂਸਬਾਜੀ ਦੀ ਰਾਖੀ ਲਈ ਢਾਲ ਬਣਦਾ ਆ ਰਿਹਾ ਹੈ। ਮੌਜੂਦਾ ਜੰਗ ਦੌਰਾਨ ਵੀ ਉਸ ਨੇ ਅਰਬਾਂ ਡਾਲਰ ਦੇ ਜੰਗੀ ਹਥਿਆਰ ਤੇ ਤਬਾਹਕਾਰੀ ਮੰਨੇ ਜਾਂਦੇ 2000 ਪੌਂਡ ਦੇ 14000 ਬੰਬ ਅਮਰੀਕਾ ਨੇ 7 ਅਕਤੂਬਰ ਤੋਂ ਬਾਅਦ ਇਜ਼ਰਾਈਲ ਭੇਜੇ ਹਨ ਜਿਹਨਾਂ ਦੀ ਵਰਤੋਂ ਕਰਕੇ ਇਜ਼ਰਾਈਲੀ ਸੈਨਾ ਨੇ ਸਾਰੇ ਗਾਜ਼ਾ ਨੂੰ ਮਲਬੇ ਦੇ ਢੇਰ ਵਿਚ ਬਦਲ ਦਿੱਤਾ ਹੈ। ਇਹ ਇੱਕੋ ਬੰਬ ਪੂਰੇ ਦੇ ਪੂਰੇ ਅਪਾਰਟਮੈਂਟ ਬਲਾਕ ਅਤੇ ਕਲੋਨੀਆਂ ਮਲਬੇ ਦੇ ਢੇਰ ’ਚ ਬਦਲ ਦਿੰਦਾ ਹੈ ਅਤੇ 400 ਗਜ਼ ਦੇ ਘੇਰੇ ’ਚ ਹਰ ਮਨੁਖ ਨੂੰ ਮਾਰਨ ਦੀ ਸਮਰੱਥਾ ਰਖਦਾ ਹੈ। ਅਮਰੀਕਾ ਦੀ ਅਜਿਹੀ ਸ਼ਹਿ ਤੇ ਮਦਦ ਬਿਨਾਂ ਇਜ਼ਰਾਈਲ ਅਜਿਹਾ ਕਰਨ ਦੀ ਨਾ ਹਿੰਮਤ ਂੱਖਦਾ ਸੀ ਤੇ ਨਾ ਹੀ ਸਮਰੱਥਾ ਰਖਦਾ ਸੀ।
ਇਜ਼ਰਾਈਲ-ਅਮਰੀਕਾ ਦੀ ਇਸ ਜੰਗਬਾਜ ਜੁੰਡਲੀ ਵੱਲੋਂ ਫ਼ਲਸਤੀਨ ਉੱਪਰ ਥੋਪੀ ਇਸ ਵਹਿਸ਼ੀਆਨਾ ਤੇ ਨਸਲਕੁਸ਼ੀ ਦੀ ਜੰਗ ਦਾ ਦੁਨੀਆਂ ਭਰ ’ਚ ਤਿੱਖਾ ਵਿਰੋਧ ਹੋ ਰਿਹਾ ਹੈ। ਯੂ.ਐਨ.ਓ. ਦੀ ਆਮ ਸਭਾ ਭਾਰੀ ਬਹੁਸੰਮਤੀ ਨਾਲ ਜੰਗ ਬੰਦ ਕਰਨ ਅਤੇ ਫ਼ਲਸਤੀਨ ਰਾਜ ਦੀ ਸਥਾਪਤੀ ਦੇ ਹੱਕ ਵਿਚ ਮਤਾ ਪਾ ਚੁੱਕੀ ਹੈ। ਇੰਟਰਨੈਸ਼ਨਲ ਕੋਰਟ ਆਫ ਜਸਟਿਸ ਵਿਚ ਇਜ਼ਰਾਈਲ ਵਿਰੁੱਧ ਗਾਜ਼ਾ ’ਚ ਨਸਲਕੁਸ਼ੀ ਕਰਨ ਦਾ ਮੁਕੱਦਮਾ ਚੱਲ ਰਿਹਾ ਹੈ। ਕੌਮਾਂਤਰੀ ਅਦਾਲਤ ਇਜ਼ਰਾਈਲ ਨੂੰ ਗਾਜ਼ਾ ’ਚ ਨਸਲਕੁਸ਼ੀ ਰੋਕਣ ਲਈ ਕਦਮ ਚੱੁਕਣ ਤੇ ਰਾਫ਼ਾਹ ’ਚ ਜੰਗ ਬੰਦ ਕਰਨ ਦਾ ਹੁਕਮ ਸੁਣਾ ਚੁੱਕੀ ਹੈ। ਯੂਰਪ ਦੇ ਲਗਭਗ ਹਰ ਦੇਸ਼, ਹਰ ਵੱਡੇ ਸ਼ਹਿਰ ’ਚ, ਇਜ਼ਰਾਈਲ ਜੰਗ ਤੇ ਇਸ ’ਚ ਢਾਹੀ ਜਾ ਰਹੀ ਤਬਾਹੀ ਤੇ ਮੌਤਾਂ ਵਿਰੁੱਧ ਲੱਖਾਂ ਦੇ ਮੁਜ਼ਾਹਰੇ ਹੋ ਚੁੱਕੇ ਹਨ। ਇਸੇ 8 ਜੂਨ 2024 ਨੂੰ ਲੱਖਾਂ ਲੋਕਾਂ ਨੇ ਅਮਰੀਕਾ ’ਚ ਰਾਸ਼ਟਰਪਤੀ ਭਵਨ-ਵਾਈਟ ਹਾਊਸ- ਸਾਹਮਣੇ ਮੁਜ਼ਾਹਰਾ ਕਰਕੇ ਇਸ ਘਾਤਕ ਜੰਗ ਵਿਰੁੱਧ ਅਤੇ ਅਮਰੀਕਾ ਵੱਲੋਂ ਜੰਗ ’ਚੋਂ ਹੱਥ ਪਿੱਛੇ ਖਿੱਚਣ ਲਈ ਜ਼ੋਰਦਾਰ ਮੁਜ਼ਾਹਰਾ ਕੀਤਾ ਹੈ।
ਅਮਰੀਕਾ ਅਤੇ ਯੂਰਪ ਦੀਆਂ ਅਨੇਕਾਂ ਯੂਨੀਵਰਸਿਟੀਆਂ ’ਚ ਜੰਗ ਦੇ ਵਿਰੋਧ ਅਤੇ ਫ਼ਲਸਤੀਨ ਦੇ ਹੱਕ ’ਚ ਕੈਂਪਸਾਂ ’ਚ ਪੱਕੇ ਮੋਰਚੇ ਲਾ ਕੇ ਵਿਰੋਧ ਲਹਿਰ ਦੀ ਹੇਕ ਉੱਚੀ ਕੀਤੀ ਹੈ। ਇਕ ਅਮਰੀਕਨ ਏਜੰਸੀ ਸੀ.ਬੀ.ਐਸ. ਨਿਊਜ਼ਪੋਲ ਨੇ 5 ਤੋਂ 7 ਜੂਨ ਵਿਚਕਾਰ ਇਕ ਨਿਊਜ਼ਪੋਲ ਕਰਵਾ ਕੇ ਦੱਸਿਆ ਹੈ ਕਿ 6 ਪ੍ਰਤੀਸ਼ਤ ਅਮਰੀਕਨ ਅਮਰੀਕਾ ਵੱਲੋਂ ਇਜ਼ਰਾਈਲ ਨੂੰ ਜੰਗੀ ਸਹਾਇਤਾ ਦੇਣ ਦਾ ਵਿਰੋਧ ਕਰਦੇ ਹਨ। 30 ਸਾਲ ਤੋਂ ਘੱਟ ਉਮਰ ਦੇ 77 ਪ੍ਰਤੀਸ਼ਤ ਅਮਰੀਕਨ ਅਜਿਹੀ ਸਹਾਇਤਾ ਦੇ ਵਿਰੋਧੀ ਹਨ। ਗੱਲ ਇਕੱਲੇ ਅਮਰੀਕਾ ਦੀ ਨਹੀਂ, ਅਮਰੀਕਾ ਤੇ ਯੂਰਪ ਦੀਆਂ ਕੁੱਝ ਸਰਕਾਰਾਂ ਨੂੰ ਛੱਡ ਕੇ ਅਮਰੀਕਾ ਤੇ ਯੂਰਪ ਦੇ ਲੋਕਾਂ ਸਮੇਤ ਦੁਨੀਆਂ ਭਰ ਦੇ ਲੋਕ ਅਮਰੀਕਾ-ਇਜ਼ਰਾਈਲ ਦੀ ਧਾੜਵੀ ਜੰਗੀ ਬੁਰਛਾਗਰਦੀ ਦਾ ਵਿਰੋਧ ਕਰਦੇ ਆ ਰਹੇ ਹਨ। ਯੂਰਪ ਦੇ ਤਿੰਨ ਦੇਸ਼ਾਂ-ਸਪੇਨ, ਨਾਰਵੇ ਤੇ ਆਇਰਲੈਂਡ- ਨੇ ਪਿਛਲੇ ਮਹੀਨਿਆਂ ’ਚ ਸੁਤੰਤਰ ਫ਼ਲਸਤੀਨ ਰਾਜ ਨੂੰ ਮਾਨਤਾ ਵੀ ਦੇ ਦਿੱਤੀ ਹੈ ਤੇ ਆਉਣ ਵਾਲੇ ਦਿਨਾਂ ’ਚ ਹੋਰ ਮੁਲਕ ਵੀ ਅਜਿਹਾ ਕਰ ਸਕਦੇ ਹਨ। ਇਸ ਵਿਰੋਧ ਲਹਿਰ ਨਾਲ ਅਮਰੀਕਾ ਇਜ਼ਰਾਈਲ ਦੁਨੀਆਂ ਵਿਚ ਅਲੱਗ ਥਲੱਗ ਪੈ ਗਏ ਹਨ। ਵਧ ਰਹੇ ਵਿਰੋਧ ਅਤੇ ਦਬਾਅ ਕਾਰਨ ਹੁਣ ਅਮਰੀਕਾ ਨੂੰ ਜੰਗਬੰਦੀ ਦੀ ਸੁਰ ਅਲਾਪਣੀ ਪੈ ਰਹੀ ਹੈ ਤੇ ਉਸ ਨੇ ਇਜ਼ਰਾਈਲ ’ਤੇ ਵੀ ਇਸ ਲਈ ਦਬਾਅ ਪਾਉਣਾ ਸ਼ੁਰੂ ਕਰ ਦਿੱਤਾ ਹੈ।
ਜੰਗਬੰਦੀ ਲਈ ਅਮਰੀਕਨ ਤਜਵੀਜ਼
ਪਹਿਲੀ ਜੂਨ ਨੂੰ ਅਮਰੀਕੀ ਰਾਸ਼ਟਰਪਤੀ ਬਿਡੇਨ ਨੇ ਇਜ਼ਰਾਈਲ-ਫ਼ਲਸਤੀਨ ਜੰਗ ਖਤਮ ਕਰਨ ਲਈ ਤਿੰਨ-ਪੜਾਵੀ ਤਜਵੀਜ਼ ਪੇਸ਼ ਕੀਤੀ ਹੈ। ਪਹਿਲੇ ਪੜਾਅ ’ਚ ਛੇ ਹਫਤਿਆਂ ਦੀ ਜੰਗਬੰਦੀ ਹੋਵੇਗੀ ਅਤੇ ਇਜ਼ਰਾਈਲੀ ਫੌਜ ਗਾਜ਼ਾ ਦੇ ਰਿਹਾਇਸ਼ੀ ਇਲਾਕਿਆਂ ’ਚੋਂ ਪਿੱਛੇ ਹਟ ਜਾਵੇਗੀ। ਇਸ ਦੌਰਾਨ ਗਾਜ਼ਾ ਲਈ ਮਨੁੱਖੀ ਮਦਦ ’ਚ ਵੱਡਾ ਵਾਧਾ ਕੀਤਾ ਜਾਵੇਗਾ। ਨਾਲ ਹੀ ਇਜ਼ਰਾਈਲ ਦੇ ਅਗਵਾ ਕੀਤੇ ਕੁਝ ਬੰਦੀਆਂ ਦਾ ਇਜ਼ਰਾਈਲੀ ਜੇਲ੍ਹਾਂ ’ਚ ਬੰਦ ਫ਼ਲਸਤੀਨੀ ਕੈਦੀਆਂ ਨਾਲ ਵਟਾਂਦਰਾ ਕੀਤਾ ਜਾਵੇਗਾ। ਦੂਜੇ ਪੜਾਅ ’ਚ ਸਾਰੇ ਜਿਉਂਦੇ ਅਗਵਾ ਇਜ਼ਰਾਈਲੀਆਂ, ਸਮੇਤ ਮਰਦ ਇਜ਼ਰਾਈਲੀ ਫੌਜੀਆਂ, ਦਾ ਵਟਾਂਦਰਾ ਕੀਤਾ ਜਾਵੇਗਾ ਤੇ ਆਰਜ਼ੀ ਜੰਗਬੰਦੀ ਪੱਕੀ ਲੜਾਈ-ਬੰਦੀ ਬਦਲ ਜਾਵੇਗੀ। ਅਗਲੇ ਦੌਰ ’ਚ ਗਾਜ਼ਾ ਵਿਚ ਮੁੜ-ਉਸਾਰੀ ਦਾ ਕਾਰਜ ਵੱਡੇ ਪੱਧਰ ’ਤੇ ਹੱਥ ਲਿਆ ਜਾਵੇਗਾ ਅਤੇ ਮਰੇ ਬੰਧਕਾਂ ਦੀਆਂ ਲਾਸ਼ਾਂ ਆਦਿ ਦਾ ਤਬਾਦਲਾ ਹੋਵੇਗਾ। ਤਾਜ਼ਾ ਰਿਪੋਰਟਾਂ ਅਨੁਸਾਰ, ਦੋਹਾਂ ਧਿਰਾਂ ਨੇ ਇਸ ਤਜਵੀਜ਼ ਨੂੰ ਮੁਢਲੀ ਸਹਿਮਤੀ ਦੇ ਕੇ ਇਸ ’ਤੇ ਵਿਆਖਿਆ ਸਹਿਤ ਗੱਲਬਾਤ ਦਾ ਅਮਲ ਸ਼ੁਰੂ ਕਰ ਲਿਆ ਹੈ। ਇਜ਼ਰਾਈਲ ’ਚ ਸੱਜੇ ਪੱਖੀ ਕੱਟੜਪੰਥੀ ਯਹੂਦੀਆਂ, ਸਮੇਤ ਪ੍ਰਧਾਨ ਮੰਤਰੀ ਨੇਤਨਯਾਹੂ ਵੱਲੋਂ ਇਸ ਵਾਰਤਾ ’ਚ ਅੜਿੱਕੇ ਡਾਹੁਣ ਦੇ ਖਦਸ਼ੇ ਜ਼ਾਹਰ ਕੀਤੇ ਜਾ ਰਹੇ ਹਨ। ਬੇਡੇਨ ਨੇ ਵੀ ਆਪਣੇ ਸੰਬੋਧਨ ’ਚ ਅਜਿਹੇ ਇਸ਼ਾਰੇ ਕੀਤੇ ਹਨ।
ਕੀ ਖੱਟਿਆ, ਕੀ ਗਵਾਇਆ
ਜਿੱਥੋਂ ਤੱਕ ਹਮਾਸ ਦਾ ਸੰਬੰਧ ਹੈ, ਉਹ ਹਮੇਸ਼ਾ ਜੰਗਬੰਦੀ ਦਾ ਹਾਮੀ ਰਿਹਾ ਹੈ, ਬਸ਼ਰਤੇ ਕਿ ਦੋਹਾਂ ਧਿਰਾਂ ’ਚ ਸਨਮਾਨਜਨਕ ਢੰਗ ਨਾਲ ਵਾਜਬ ਹੱਲ ਤਲਾਸ਼ਣ ਦੀ ਤਾਂਘ ਹੋਵੇ। ਇਜ਼ਰਾਈਲੀ ਪ੍ਰਧਾਨ ਮੰਤਰੀ ਨੇ ਜੰਗ ਸ਼ੁਰੂ ਵੇਲੇ ਹੀ ਕਿਹਾ ਸੀ ਕਿ ਇਹ ਜੰਗ ਬੇਅਟਕ ਉਦੋਂ ਤੱਕ ਚਲਦੀ ਰਹੇਗੀ ਜਦ ਤੱਕ ਹਮਾਸ ਨੂੰ ਪੂਰੀ ਤਰ੍ਹਾਂ ਫਨਾਹ ਨਹੀਂ ਕਰ ਦਿੱਤਾ ਜਾਂਦਾ ਅਤੇ ਅਗਵਾ ਕੀਤੇ ਸਾਰੇ ਇਜ਼ਰਾਈਲੀਆਂ ਨੂੰ ਰਿਹਾ ਨਹੀਂ ਕਰ ਦਿੱਤਾ ਜਾਂਦਾ। ਉਹ ਗੱਲਬਾਤ ਤੇ ਗੋਲੀਬੰਦੀ ਨੂੰ ਲਗਾਤਾਰ ਨਕਾਰਦਾ ਆ ਰਿਹਾ ਸੀ ਭਾਵੇਂ ਕਿ ਇਜ਼ਰਾਈਲ ਦੇ ਅੰਦਰੋਂ ਵੀ ਅਗਵਾ ਇਜ਼ਰਾਈਲੀਆਂ ਦੀ ਸੁਰੱਖਿਅਤ ਰਿਹਾਈ ਲਈ ਜਨ-ਸਮੂਹਾਂ ਵੱਲੋਂ ਉਸ ਵਿਰੁੱਧ ਜ਼ੋਰਦਾਰ ਮੁਜ਼ਾਹਰੇ ਕੀਤੇ ਜਾ ਰਹੇ ਸਨ।
ਨੇਤਨਯਾਹੂ ਨੇ ਹਮਲੇ ਦੇ ਜੋ ਮਕਸਦ ਬਿਆਨੇ ਸਨ। 9 ਮਹੀਨਿਆਂ ਦੀ ਪ੍ਰਚੰਡ ਜੰਗ ਤੋਂ ਬਾਅਦ ਉਹਨਾਂ ਦਾ ਕੀ ਬਣਿਆ-ਉਸ ਦਾ ਪਹਿਲਾ ਉਦੇਸ਼ ਹਮਾਸ ਦੀ ਮੁਕੰਮਲ ਤਬਾਹੀ ਦਾ ਸੀ। ਉਹ ਹਮਾਸ ਦੇ ਰਾਜ-ਪ੍ਰਬੰਧਕੀ ਅਤੇ ਫੌਜੀ ਤਾਣੇ-ਬਾਣੇ ਨੂੰ ਨਸ਼ਟ ਕਰਨਾ ਚਾਹੁੰਦਾ ਸੀ, ਉਹ ਹਮਾਸ ਦੇ ਉੱਚ ਟਰੇਨਿੰਗ ਵਾਲੇ ਫੌਜੀ ਬਰੀਗੇਡ, ਸੁਰੰਗਾਂ ਦੇ ਵਿਆਪਕ ਤਾਣੇ-ਬਾਣੇ ਅਤੇ ਹਮਾਸ ਦੀ ਉੱਚ ਲੀਡਰਸ਼ਿੱਪ ਨੂੰ ਤਬਾਹ ਕਰਨਾ ਚਾਹੁੰਦਾ ਸੀ। ਉਸ ਨੂੰ ਯਕੀਨ ਸੀ ਕਿ ਉਹ ਆਪਣੀ ਬੇਮੇਚੀ ਫੌਜੀ ਸ਼ਕਤੀ ਦੇ ਜ਼ੋਰ ਛੇਤੀ ਹੀ ਇਹ ਟੀਚੇ ਸਰ ਕਰ ਲਵੇਗਾ ਅਤੇ ਸਾਰੇ ਅਗਵਾ ਬੰਦੀਆਂ ਨੂੰ ਛੁਡਵਾ ਲਵੇਗਾ। ਪਰ ਹੁਣ ਤੱਕ ਇਹਨਾਂ ਟੀਚਿਆਂ ਦੀ ਪ੍ਰਾਪਤੀ ਪੱਖੋਂ ਨਿੱਬੜਿਆ ਕੀ ?
ਹਮਾਸ ਦੇ ਮੁਕਾਬਲੇ ਆਪਣੀ ਬੇਮੇਚੀ ਤੇ ਉੱਤਮ ਫੌਜੀ ਤਾਕਤ ਨਾਲ ਇਜ਼ਰਾਈਲੀ ਸੈਨਾ ਨੇ ਭਾਵੇਂ ਵੱਡੀ ਪੱਧਰ ’ਤੇ ਗਾਜ਼ਾ ’ਚ ਤਬਾਹੀ ਮਚਾ ਕੇ ਗਾਜ਼ਾ ਨੂੰ ਮਲਬੇ ਦੇ ਢੇਰ ਵਿਚ ਬਦਲ ਦਿੱਤਾ ਹੈ ਅਤੇ ਵੱਡੀ ਪੱਧਰ ’ਤੇ ਫ਼ਲਸਤੀਨੀ ਜਾਨਾਂ ਲਈਆਂ ਹਨ, ਪਰ ਉਹ ਨਾ ਹਮਾਸ ਤੇ ਨਾ ਫ਼ਲਸਤੀਨੀ ਜਨਤਾ ਦਾ ਮਨੋਬਲ ਤੋੜ ਸਕਿਆ ਹੈ, ਨਾ ਉਹਨਾਂ ਨੂੰ ਗੋਡੇ ਟੇਕਣ ਲਈ ਮਜ਼ਬੂਰ ਕਰ ਸਕਿਆ ਹੈ। ਜਿਹਨਾਂ ਇਲਾਕਿਆਂ ਨੂੰ ਇਜ਼ਰਾਈਲੀ ਫ਼ੌਜ ਹਮਾਸ ਤੋਂ ਮੁਕਤ ਕਰਾਉਣ ਦੇ ਦਾਅਵੇ ਕਰ ਚੁੱਕੀ ਹੈ, ਉਥੋਂ ਹੀ ਉਹਨਾਂ ’ਤੇ ਗੁਰੀਲਾ ਹਮਲੇ ਹੋ ਰਹੇ ਹਨ ਅਤੇ ਵੜਨਾ ਮੁਹਾਲ ਬਣਿਆ ਹੋਇਆ ਹੈ। ਇਜ਼ਰਾਈਲੀ ਫੌਜ ਦਾ ਵੀ ਕਾਫ਼ੀ ਜਾਨੀ ਨੁਕਸਾਨ ਹੋਇਆ ਹੈ। ਪਰ ਹਮਾਸ ਦੀ ਫੌਜੀ ਤੇ ਸਿਆਸੀ ਕਮਾਨ ਪੂਰੀ ਤਰ੍ਹਾਂ ਕਾਇਮ ਤੇ ਹਰਕਤਸ਼ੀਲ ਹੈ। ਹਾਲੇ ਤੱਕ ਵੀ ਇਜ਼ਰਾਈਲ ਦੇ ਅਗਵਾ 240 ਵਿਅਕਤੀ ਹਮਾਸ ਦੇ ਕਬਜ਼ੇ ’ਚ ਹਨ ਤੇ ਗਾਜ਼ਾ ਦਾ ਪੱਤਾ ਪੱਤਾ ਛਾਣਨ ਦੇ ਬਾਵਜੂਦ ਇਜ਼ਰਾਈਲੀ ਸੈਨਾ ਉਹਨਾਂ ਦਾ ਖੁਰਾ-ਖੋਜ ਨਹੀਂ ਲੱਭ ਸਕੀ। ਇਜ਼ਰਾਈਲ ਫੌਜ ਨੂੰ ਹਾਲੇ ਵੀ ਹਮਾਸ ਲੜਾਕਿਆਂ ਵੱਲੋਂ ਕੀਤੇ ਜਾਣ ਵਾਲੇ ਹਮਲੇ ਦੇ ਹੌਲ ਪੈਂਦੇ ਰਹਿੰਦੇ ਹਨ। ਸੋ ਨੇਤਨਯਾਹੂ ਦੇ ਇਹ ਟੀਚੇ ਇਜ਼ਰਾਈਲ ਦੀ ਸੈਨਾ ਨੂੰ ਵੀ ਪੂਰੇ ਹੁੰਦੇ ਦਿਖਾਈ ਨਹੀਂ ਦਿੰਦੇ। 19 ਜੂਨ 2024 ਨੂੰ, 256 ਦਿਨਾਂ ਦੀ ਜੰਗ ਤੋਂ ਬਾਅਦ ਇਜ਼ਰਾਈਲ ਫੌਜ ਦੇ ਇਕ ਬੁਲਾਰੇ ਰੀਅਰ ਅਡਮਿਰਲ ਡੇਨੀਅਲ ਹਗਾਰੀ ਨੇ ਮੰਨਿਆ ਕਿ ਹਮਾਸ ਨੂੰ ਖਤਮ ਨਹੀਂ ਕੀਤਾ ਜਾ ਸਕਦਾ। ਉਸ ਦਾ ਕਹਿਣਾ ਸੀ, ‘‘ਹਮਾਸ ਇਕ ਵਿਚਾਰ ਹੈ। ਹਮਾਸ ਇਕ ਪਾਰਟੀ ਹੈ। ਇਹ ਲੋਕਾਂ ਦੇ ਮਨਾਂ ’ਚ ਵਸੀ ਹੋਈ ਹੈ। ਸਾਡੇ ਵਿੱਚੋਂ ਜੇ ਕੋਈ ਜਣਾ (ਇਸ਼ਾਰਾ ਨੇਤਨਯਾਹੂ ਵੱਲ) ਸੋਚਦਾ ਹੈ ਕਿ ਹਮਾਸ ਦਾ ਨਾਸ਼ ਕੀਤਾ ਜਾ ਸਕਦਾ ਹੈ ਤਾਂ ਉਹ ਬਿਲਕੁਲ ਗਲਤ ਸੋਚਦਾ ਹੈ’’। ਹਮਾਸ ਜੁਝਾਰੂਆਂ ਨੇ ਹੰਕਾਰੀ ਸੈਨਾ ਨੂੰ ਬਣਦਾ ਪਾਠ ਚੇਤੇ ਕਰਾ ਦਿੱਤਾ ਹੈ।
ਗਾਜ਼ਾ ’ਤੇ ਹਮਲਾ ਕਰਕੇ ਇਜ਼ਰਾਈਲ ਨੇ ਭਰਿੰਡਾਂ ਦੇ ਇੱਕ ਹੋਰ ਛੱਤੇ ’ਚ ਹੱਥ ਪਾ ਲਿਆ ਹੈ। ਲੈਬਨਾਨ ਦੀ ਇਜ਼ਰਾਈਲ ਨਾਲ ਲਗਦੀ ਸੀਮਾ ’ਤੇ ਸਰਗਰਮ ਇਰਾਨੀ ਹਮਾਇਤ ਪ੍ਰਾਪਤ ਹਿਜ਼ਬੁੱਲਾ ਸ਼ੀਆ ਮਿਲੀਸ਼ੀਆ ਗਾਜ਼ਾ ’ਤੇ ਹੋਏ ਹਮਲੇ ਤੋਂ ਬਾਅਦ ਲਗਾਤਾਰ ਇਜਰਾਈਲੀ ਖੇਤਰ ’ਚ ਰਾਕਟ ਤੇ ਗੋਲੇ ਦਾਗ਼ਦੀ ਆ ਰਹੀ ਹੈ। ਉਸ ਦਾ ਐਲਾਨ ਇਹ ਹੈ ਕਿ ਉਹ ਆਪਣੇ ਹਮਲੇ ਤਾਂ ਹੀ ਰੋਕੇਗੀ ਜੇ ਗਾਜ਼ਾ ’ਚ ਜੰਗ ਰੁਕਦੀ ਹੈ। ਇਹਨਾਂ ਹਿਜ਼ਬੁੱਲਾ ਹਮਲਿਆਂ ਕਰਕੇ ਇਜ਼ਰਾਈਲ ਨੂੰ ਲੈਬਨਾਨ ਨਾਲ ਲਗਦੀ 60 ਮੀਲ (ਜਿੱਥੋਂ ਤੱਕ ਹਿਜ਼ਬੁੱਲਾ ਦੀ ਮਾਰ ਹੈ) ਪੱਟੀ ’ਚੋਂ ਲਗਭਗ ਇੱਕ ਲੱਖ ਦੇ ਕਰੀਬ ਵਸੋਂ ਨੂੰ ਉਥੋਂ ਕੱਢ ਕੇ ਅੰਦਰ ਲਿਜਾਣਾ ਪਿਆ ਹੈ। ਜੇ ਇਜ਼ਰਾਈਲੀ ਫੌਜ ਹਿਜ਼ਬੁੱਲਾ ਹਮਲੇ ਬੰਦ ਕਰਨ ਲਈ ਲਿਬਨਾਨ ’ਤੇ ਹਮਲਾ ਕਰਦੀ ਹੈ ਤਾਂ ਨਾ ਸਿਰਫ਼ ਜੰਗ ਦਾ ਹੋਰਨਾਂ ਖਾੜੀ ਦੇ ਦੇਸ਼ਾਂ ਤੱਕ ਪਸਾਰਾ ਹੋਣ ਦਾ ਪੂਰਾ ਖਤਰਾ ਖੜ੍ਹਾ ਹੁੰਦਾ ਹੈ ਸਗੋਂ ਇਜ਼ਰਾਈਲੀ ਫੌਜ ਤੇ ਹਿਜ਼ਬੱੁਲਾ ਵਿਚਕਾਰ 2006 ’ਚ ਜੋ ਜੰਗ ਹੋਈ ਸੀ, ਉਸ ਵਿਚ ਇਜ਼ਰਾਈਲੀ ਫੌਜ ਨੂੰ ਮੂੰਹ ਦੀ ਖਾਣੀ ਪਈ ਸੀ।
ਗਾਜ਼ਾ ’ਤੇ ਹਮਲਾ ਕਰਨ ਦੇ ਨਾਲ ਨਾਲ ਇਜ਼ਰਾਈਲੀ ਫੌਜ ਨੇ ਹਮਾਸ ਦੇ ਯੁੱਧਨੀਤਕ ਸੰਗੀਆਂ ਨੂੰ ਵੀ ਹਮਲੇ ਦਾ ਨਿਸ਼ਾਨਾ ਬਣਾਉਣਾ ਆਰੰਭ ਕਰ ਦਿੱਤਾ। ਹਮਾਸ ਦੇ ਸੰਗੀਆਂ ’ਚ ਹਿਜ਼ਬੁੱਲਾ, ਇਰਾਨ ਅਤੇ ਹੂਥੀ ਬਾਗੀ ਸ਼ਾਮਲ ਹਨ। ਇਸ ਨੇ ਸੀਰੀਆ ’ਚ ਹਮਲਾ ਕਰਕੇ ਕੁੱਝ ਇਰਾਨੀ ਫੌਜੀ ਆਗੂ ਮਾਰ ਦਿੱਤੇ। ਫਿਰ ਡੈਮਸਕਸ ’ਚ ਇਰਾਨੀ ਸਫ਼ਾਰਤਖਾਨੇ ’ਤੇ ਹਮਲਾ ਕਰਕੇ ਸੀਨੀਅਰ ਅਫ਼ਸਰ ਮਾਰ ਦਿਤਾ। ਇਸ ਦੇ ਜੁਆਬ ’ਚ 14 ਅਪ੍ਰੈਲ ਨੂੰ ਇਰਾਨ ਨੇ ਮਿਜ਼ਾਈਲਾਂ ਅਤੇ ਡਰੋਨਾਂ ਨਾਲ ਤਾਬੜਤੋੜ ਹਮਲਾ ਕਰਕੇ ਇਜ਼ਰਾਈਲ ਦਾ ਭਾਰੀ ਨੁਕਸਾਨ ਕੀਤਾ। ਇਜ਼ਰਾਈਲ ਇਰਾਨ ਜੰਗ ਛੇੜਨ ਦਾ ਪੰਗਾ ਸਹੇੜਨ ਦੀ ਹਾਲਤ ’ਚ ਹੀ ਨਹੀਂ। ਸੋ ਇਸ ਨੂੰ ਮੂੰਹ ਦੀ ਖਾਣੀ ਪਈ ਤੇ ਚੁੱਪ ਕਰਕੇ ਬੈਠਣਾ ਪਿਆ। ਅਮਰੀਕਾ ਵੀ ਹਾਲੇ ਖਾੜੀ ਖੇਤਰਾਂ ’ਚ ਜੰਗ ਦੇ ਪਸਾਰੇ ਤੋਂ ਟਲਦਾ ਹੈ।
ਇਜ਼ਰਾਈਲ-ਫ਼ਲਸਤੀਨ ਜੰਗ ਸ਼ੁਰੂ ਹੋਣ ਤੋਂ ਪਹਿਲਾਂ ਅਮਰੀਕਾ ਦੀ ਵਿਚੋਲਗੀ ਨਾਲ ਇਜ਼ਰਾਈਲ ਅਤੇ ਖਾੜੀ ਖੇਤਰ ਦੇ ਦੇਸ਼ਾਂ ਵਿਚਕਾਰ ਸੁਲਾਹ-ਸਫਾਈ ਅਤੇ ਸਫ਼ਾਰਤੀ ਤੇ ਵਪਾਰਕ ਸਬੰਧ ਬਹਾਲ ਕਰਨ ਦਾ ਅਮਲ ਚੱਲ ਰਿਹਾ ਸੀ। ਸਾਊਦੀ ਅਰਬ ਨਾਲ ਇਹ ਸਬੰਧ-ਬਹਾਲੀ ਦਾ ਅਮਲ ਲਗਭਗ ਸਿਰੇ ਚੜ੍ਹਨ ਵਾਲਾ ਸੀ। ਇਸ ਜੰਗ ਦੇ ਸ਼ੁਰੂ ਹੋਣ ਨਾਲ ਨਾ ਇਹ ਅਮਲ ਅਧਵਾਟੇ ਲਮਕ ਗਿਆ ਹੈ, ਸਗੋਂ ਸਾਰੇ ਖਾੜੀ ਖੇਤਰ ਦੇ ਦੇਸ਼ਾਂ ’ਚ ਇਜ਼ਰਾਈਲ ਵਿਰੋਧੀ ਤੇ ਫ਼ਲਸਤੀਨ ਦੇ ਹੱਕ ’ਚ ਵਿਸ਼ਾਲ ਲੋਕ ਰੌਂਅ ਉਮੜ ਪਿਆ ਅਤੇ ਇਜ਼ਰਾਈਲ 7 ਅਕਤੂਬਰ 23 ਤੋਂ ਪਹਿਲਾਂ ਦੀ ਹਾਲਤ ਦੀ ਤੁਲਨਾ ’ਚ ਹੁਣ ਦੁਨੀਆਂ ਭਰ ਅੰਦਰ ਕਿਤੇ ਵੱਧ ਨਿਖੇੜੇ ਦੇ ਮੂੰਹ ਧੱਕਿਆ ਗਿਆ ਹੈ। ਇਹ ਇਜ਼ਰਾਈਲ ਲਈ ਅਣਕਿਆਸੀ ਵੱਡੀ ਸੱਟ ਹੋ ਨਿੱਬੜੀ ਹੈ।
ਆਖਰੀ ਪਰ ਸਭ ਤੋਂ ਮਹੱਤਵਪੂਰਨ ਗੱਲ ਇਹ ਹੈ ਕਿ ਇਸ ਜੰਗ ਨੇ ਪਿਛਲੇ ਸਮੇਂ ਦੌਰਾਨ ਕੌਮਾਂਤਰ ਪਿੜ ’ਚ ਹਾਸ਼ੀਏ ਤੇ ਧੱਕੇ ਫ਼ਲਸਤੀਨ ਦੇ ਮਸਲੇ ਨੂੰ ਹੁਣ ਕੌਮਾਂਤਰੀ ਰਾਜਨੀਤੀ ਦੇ ਐਨ ਕੇਂਦਰ ’ਚ ਲਿਆ ਖੜ੍ਹਾ ਕੀਤਾ ਹੈ। ਇਸ ਜੰਗ ਨਾਲ ਫ਼ਲਸਤੀਨ ਮਸਲੇ ਦਾ ਕੋਈ ਵਾਜਬ ਤੇ ਟਿਕਾਊ ਹੱਲ ਕੱਢਣ ਦੀ ਅਣਸਰਦੀ ਲੋੜ ਤੇ ਇਸਦੇ ਅੰਗ ਵਜੋਂ ਇਜ਼ਰਾਈਲ ਦੇ ਨਾਲ ਨਾਲ ਸੁਤੰਤਰ ਤੇ ਵੱਖਰੇ ਫ਼ਲਸਤੀਨ ਰਾਜ ਦੀ ਸਥਾਪਨਾ ਕਰਨ ਦੀ ਅਣਸਰਦੀ ਲੋੜ ਜ਼ੋਰ ਫੜ ਰਹੀ ਹੈ। ਯੂ.ਐਨ. ਜਨਰਲ ਅਸੈਂਬਲੀ ਨੇ ਜੂਨ ਮਹੀਨੇ ਵਿੱਚ ਇੱਕ ਵਾਰ ਫੇਰ ਬਹੁਤ ਹੀ ਭਾਰੀ ਬਹੁਗਿਣਤੀ ਨਾਲ ਇੱਕ ਵੱਖਰੇ ਤੇ ਆਜ਼ਾਦ ਫ਼ਲਸਤੀਨ ਰਾਜ ਦੀ ਸਥਾਪਨਾ ਦੇ ਹੱਕ ਵਿਚ ਮਤਾ ਪਾਇਆ ਹੈ ਅਤੇ ਮੈਂਬਰ ਮੁਲਕਾਂ ਨੂੰ ਸੱਦਾ ਦਿੱਤਾ ਹੈ ਕਿ ਉਹ ਵੱਖਰੇ ਫ਼ਲਸਤੀਨ ਰਾਜ ਨੂੰ ਮਾਨਤਾ ਦੇਣ। ਯੂਰਪ ਦੇ ਤਿੰਨ ਦੇਸ਼ਾਂ ਨੇ ਫ਼ਲਸਤੀਨ ਰਾਜ ਨੂੰ ਮਾਨਤਾ ਦੇ ਕੇ ਇਹ ਮੁੱਢ ਬੰਨ੍ਹ ਦਿੱਤਾ ਹੈ। ਸੰਭਾਵਨਾ ਹੈ ਕਿ ਆਉਂਦੇ ਸਮੇਂ ਵਿਚ ਕੁਝ ਹੋਰ ਮੁਲਕ ਵੀ ਇਸੇ ਰਾਹ ਅੱਗੇ ਵਧਣ। ਵੱਖਰੇ ਫ਼ਲਸਤੀਨ ਰਾਜ ਦੀ ਸਥਾਪਤੀ ਦੇ ਮੁੱਦੇ ਦੀ ਕੌਮਾਂਤਰੀ ਸਟੇਜ ’ਤੇ ਜ਼ੋਰਦਾਰ ਵਾਪਸੀ ਇਜ਼ਰਾਈਲ ਫਾਸ਼ਿਸ਼ਟਾਂ ਲਈ ਸਭ ਤੋਂ ਘਾਤਕ ਸੱਟ ਹੈ। ਇਹ ਉਹਨਾਂ ਦੀ ਰਣਨੀਤਕ, ਸਿਆਸੀ ਤੇ ਨੈਤਿਕ ਹਾਰ ਹੈ।
ਇਜ਼ਰਾਈਲ ਫ਼ਲਸਤੀਨ ਜੰਗ ਇਸੇ ਵੇਗ ’ਚ ਲੰਮਾ ਚਿਰ ਚਲਦੀ ਨਹੀਂ ਰਹਿ ਸਕਦੀ। ਇਜ਼ਰਾਈਲ ਅੰਦਰ ਵੀ ਇਸ ਜੰਗ ਅਤੇ ਪ੍ਰਧਾਨ ਮੰਤਰੀ ਨੇਤਨਯਾਹੂ ਖ਼ਿਲਾਫ਼ ਅਕੇਵਾਂ ਤੇ ਨਿਰਾਸ਼ਤਾ ਵਧਦੀ ਜਾ ਰਹੀ ਹੈ। ਇਜ਼ਰਾਈਲ ਦੇ ਸਰਪ੍ਰਸਤ ਅਮਰੀਕਨ ਸਾਮਰਾਜ ਦੀਆਂ ਤਰਜੀਹਾਂ ਇਸ ਮੌਕੇ ਰੂਸ-ਯੂਕਰੇਨ ਜੰਗ ਅਤੇ ਚੀਨ ਦਾ ਹਿੰਦ ਪ੍ਰਸ਼ਾਂਤ ਖੇਤਰ ਹੋਣ ਕਰਕੇ ਉਹ ਖਾੜੀ ਖੇਤਰ ’ਚ ਹੋਰ ਉਲਝਣਾ ਨਹੀਂ ਚਾਹੁੰਦਾ। ਸੋ ਦੇਰ ਸਵੇਰ ਇਸ ਨੇ ਇਕੇਰਾਂ ਮੁੱਕਣਾ ਹੀ ਹੈ। ਹਮਾਸ ਦੀ ਅਗਵਾਈ ’ਚ ਫ਼ਲਸਤੀਨੀ ਜੁਝਾਰੂਆਂ ਨੇ ਆਪਣੀਆਂ ਜਾਨਾਂ ਅਤੇ ਘਰ-ਘਾਟਾਂ ਦੀ ਵੱਡੀ ਕੁਰਬਾਨੀ ਦੇ ਕੇ ਆਪਣੀ ਮੁਕਤੀ ਜੰਗ ਦੇ ਝੰਡੇ ਨੂੰ ਨਵੀਆਂ ਬੁਲੰਦੀਆਂ ’ਤੇ ਪੁਚਾਇਆ ਹੈ ਅਤੇ ਇਜ਼ਰਾਈਲੀ ਹਾਕਮਾਂ ਅਤੇ ਸੈਨਾ ਦੇ ਉਸ ਦੀ ਝਾਲ ਨਾ ਝੱਲ ਸਕਣ ਦੇ ਗਰੂਰ ਨੂੰ ਮਿੱਟੀ ’ਚ ਮਿਲਾਇਆ ਹੈ। ਲਹੂ-ਲੁਹਾਣ ਹੋਇਆ ਪਰ ਚੜ੍ਹਦੀ ਕਲਾ ’ਚ ਸਵੈ-ਮਾਨ ਨਾਲ ਸਿਰ ਉੱਚਾ ਚੁੱਕੀ ਖੜ੍ਹਾ ਫ਼ਲਸਤੀਨ ਛੇਤੀ ਹੀ ਬਿਫ਼ਰੇ ਫ਼ਾਸ਼ਿਸਟਾਂ ਨੂੰ ਇਕ ਵੱਡੀ ਰਣਨੀਤਕ ਤੇ ਸਿਆਸੀ ਪਟਕਣੀ ਦੇਣ ਦੀਆਂ ਬਰੂਹਾਂ ’ਤੇ ਹੈ।
--0–-
No comments:
Post a Comment