Wednesday, July 10, 2024

ਪੰਜਾਬ ਦੇ ਲੋਕ ਸਭਾ ਚੋਣ ਨਤੀਜੇ

 

ਪੰਜਾਬ ਦੇ ਲੋਕ ਸਭਾ ਚੋਣ ਨਤੀਜੇ

ਕੇਂਦਰ ’ਚ ਮੋਦੀ ਹਕੂਮਤ ਦਾ 400 ਪਾਰ ਦਾ ਨਾਅਰਾ ਠੁੱਸ ਹੋ ਗਿਆ। ਉਸ ਤੋਂ ਵੀ ਬੁਰੀ ਤਰ੍ਹਾਂ ਪੰਜਾਬ ਦੀ ਆਮ ਆਦਮੀ ਪਾਰਟੀ ਦੀ ਸਰਕਾਰ ਦਾ 13-0 ਦਾ ਦਾਅਵਾ ਠੁੱਸ ਹੋ ਗਿਆ। ਦੋਹੇਂ ਹਕੂਮਤਾਂ ਦੀਆਂ ਅਮਲੀ ਕਾਰਗੁਜ਼ਾਰੀਆਂ ਉਹਨਾਂ ਦੇ ਦਾਅਵਿਆਂ ਤੇ ਨਾਅਰਿਆਂ ਦੇ ਉਲਟ ਸਨ ਤੇ ਉਸ ਦਾ ਸਿੱਟਾ ਚੋਣ ਨਤੀਜਿਆਂ ’ਚ ਪ੍ਰਗਟ ਹੋ ਗਿਆ।
    ਪੰਜਾਬ ਦੇ ਲੋਕਾਂ ਨੇ ਇਹਨਾਂ ਚੋਣਾਂ ’ਚ ਭਗਵੰਤ ਮਾਨ ਸਰਕਾਰ ਤੋਂ ਤਿੱਖੀ ਬਦਜ਼ਨੀ ਜਾਹਰ ਕੀਤੀ ਹੈ ਅਤੇ ਆਮ ਆਦਮੀ ਪਾਰਟੀ ਦੇ ਵੋਟ ਪ੍ਰਤੀਸ਼ਤ ’ਚ ਵਿਧਾਨ ਸਭਾ ਚੋਣਾਂ ਵੇਲੇ ਨਾਲੋਂ ਭਾਰੀ ਗਿਰਾਵਟ ਆਈ ਹੈ। 92 ਵਿਧਾਇਕਾਂ ਵਾਲੀ ਪਾਰਟੀ ਦੀ ਕਾਰਗੁਜ਼ਾਰੀ ਵਿਧਾਨ ਸਭਾ ਹਲਕਿਆਂ ਅਨੁਸਾਰ ਅੱਧ ਤੋਂ ਵੀ ਹੇਠਾਂ ਆ ਡਿੱਗੀ ਹੈ ਤੇ ਪੰਜਾਬ ਦੇ ਲੋਕਾਂ ਨੇ ਇਹਨਾਂ ਵੋਟਾਂ ਰਾਹੀਂ ਭਗਵੰਤ ਮਾਨ ਸਰਕਾਰ ਨੂੰ ਉਹਨਾਂ ਦੀਆਂ ਉਮੀਦਾਂ ’ਤੇ ਖਰੇ ਨਾ ਉੱਤਰਨ ਦਾ ਸਰਟੀਫਿਕੇਟ ਫੜਾ ਦਿਤਾ ਹੈ। ਪੰਜਾਬ ਸਰਕਾਰ ਦੀ ਦੋ ਸਾਲਾਂ ਦੀ ਕਾਰਗੁਜ਼ਾਰੀ ਨੇ ਲੋਕਾਂ ਨੂੰ ਡੂੰਘੀ ਤਰ੍ਹਾਂ ਨਿਰਾਸ਼ ਕੀਤਾ ਹੈ ਤੇ ਇਹਨਾਂ ਨਤੀਜਿਆਂ ਰਾਹੀਂ ਵੀ ਮੁੜ ਉਸੇ ਤਲਾਸ਼ ਦਾ ਦ੍ਰਿਸ਼ ਉਘਾੜਿਆ ਹੈ ਜੋ ਲੋਕਾਂ ਨੂੰ ਸਾਰਥਿਕ ਲੋਕ ਪੱਖੀ ਬਦਲ ਖਾਤਰ ਬਣੀ ਹੋਈ ਹੈ।
    ਭਗਵੰਤ ਮਾਨ ਸਰਕਾਰ ਨੇ ਸੱਤਾ ’ਤੇ ਬੈਠ ਕੇ ਉਸੇ ਵਿਕਾਸ ਮਾਡਲ ਨੂੰ ਹੀ ਅੱਗੇ ਵਧਾਇਆ ਹੈ ਜਿਸ ਨੂੰ ਪਹਿਲੀਆਂ ਹਕੂਮਤਾਂ ਲਾਗੂ ਕਰਦੀਆਂ ਆ ਰਹੀਆਂ ਸਨ। ਇਸ ਮਾਡਲ ਨੇ ਖੇਤੀ ਸੰਕਟ ਨੂੰ ਹੋਰ ਤਿੱਖਾ ਕੀਤਾ ਹੋਇਆ ਹੈ, ਬੇਰੁਜ਼ਗਾਰੀ ਸਿਖ਼ਰਾਂ ਛੋਹ ਰਹੀ ਹੈ ਤੇ ਸਮਾਜ ਦੇ ਸਾਰੇ ਹੀ ਮਿਹਨਤਕਸ਼ ਤਬਕੇ ਆਪਣੇ ਮੁੱਦਿਆਂ ਨੂੰ ਲੈ ਕੇ ਲਾਮਬੰਦ ਹਨ ਤੇ ਸੰਘਰਸ਼ ਦੇ ਮੈਦਾਨ ਵਿਚ ਹਨ। ਸੂਬੇ ਅੰਦਰ ਪਾਣੀ , ਮਿੱਟੀ ਤੇ ਹੋਰ ਆਬੋ-ਹਵਾ ਦੇ ਜ਼ਹਿਰੀਲੇ ਤੇ ਗੰਧਲੇਪਣ ਦਾ ਸੰਕਟ ਉੱਭਰਿਆ ਹੋਇਆ ਹੈ। ਭਗਵੰਤ ਮਾਨ ਸਰਕਾਰ ਜਿਸ ਅਖੌਤੀ ਵਿਕਾਸ ਮਾਡਲ ’ਤੇ ਟੇਕ ਰੱਖ ਰਹੀ ਹੈ, ਉਹ ਸੰਕਟ ਉਸੇ ਮਾਡਲ ਦੀ ਹੀ ਤਾਂ ਦੇਣ ਹੈ ਤੇ ਉਹ ਏਸੇ ਨੂੰ ਹੋਰ ਡੂੰਘਾ ਕਰਦੀ ਹੈ। ਪੰਜਾਬ ਨੂੰ ਦੇਸੀ-ਵਿਦੇਸ਼ੀ ਕੰਪਨੀਆਂ ਦੇ ਨਿਵੇਸ਼ ਲਈ ਲੁਭਾਉਣੀ ਧਰਤੀ ਵਜੋਂ ਹੀ ਭਗਵੰਤ ਮਾਨ ਸਰਕਾਰ ਪ੍ਰੋਸਣਾ ਚਾਹੁੰਦੀ ਹੈ ਤੇ ਇਸ ਪਹੁੰਚ ਕਾਰਨ ਹੀ ਇਹਨਾਂ ਦੋ ਸਾਲਾਂ ’ਚ ਇਹ ਸਰਕਾਰ ਸੂਬੇ ਦੇ ਲੋਕਾਂ ਦੇ ਰੋਹ ਤੇ ਬੇਚੈਨੀ ਦਾ ਨਿਸ਼ਾਨਾ ਬਣ ਰਹੀ ਹੈ।
    ਅਜਿਹੀ ਹਾਲਤ ’ਚ ਲੋਕਾਂ ਸਾਹਮਣੇ ਉਹਨਾਂ ਹੀ ਖਿਡਾਰੀਆਂ ’ਚੋਂ ਚੋਣ ਕਰਨ ਦੀ ਮਜ਼ਬੂਰੀ ਸੀ ਜਿਹਨਾਂ ਨੂੰ ਲੋਕ ਪਹਿਲਾਂ ਵੀ ਚੁਣਦੇ ਆਏ ਸਨ। ਭਾਜਪਾ ਉਂਞ ਹੀ ਸੀਮਤ ਆਧਾਰ ਵਾਲੀ ਪਾਰਟੀ ਸੀ ਅਤੇ ਅਕਾਲੀਆਂ ਦੀ ਬੁਰੀ ਤਰ੍ਹਾਂ ਮਾਰੀ ਗਈ ਪੜਤ ਨੇ ਉਹਨਾਂ ਨੂੰ ਬਹੁਤ ਪਿੱਛੇ ਲਿਜਾ ਸੁੱਟਿਆ ਹੈ ਤਾਂ ਅਜਿਹੀ ਹਾਲਤ ’ਚ ਕਾਂਗਰਸ ਵੱਡੀ ਪਾਰਟੀ ਵਜੋਂ ਉੱਭਰੀ ਹੈ। ਕਾਂਗਰਸ ਦੀ ਇਸ ਜਿੱਤ ’ਚ ਕਿਸੇ ਵੀ ਹੋਰ ਕਾਰਨ ਨਾਲੋਂ ਜ਼ਿਆਦਾ ਵਜ਼ਨ ਦੂਸਰੀਆਂ ਪਾਰਟੀਆਂ ਤੋਂ ਬਣਿਆ ਅਕੇਵਾਂ ਹੈ ਤੇ ਬਹੁਤ ਤੇਜ਼ੀ ਨਾਲ ਆਮ ਆਦਮੀ ਪਾਰਟੀ ਤੋਂ ਟੁੱਟੀਆਂ ਉਮੀਦਾਂ ਹਨ। ਹਾਲਾਂਕਿ ਕੈਪਟਨ ਦੇ ਭਾਜਪਾ ’ਚ ਜਾਣ ਮਗਰੋਂ ਤੇ ਕਿੰਨੇ ਹੀ ਹੋਰਨਾਂ ਲੀਡਰਾਂ ਵੱਲੋਂ ਪਾਰਟੀ ਛੱਡ ਜਾਣ ਮਗਰੋਂ ਤੇ ਕਾਂਗਰਸੀ ਨੇਤਾਵਾਂ ਖ਼ਿਲਾਫ਼ ਭ੍ਰਿਸ਼ਟਾਚਾਰ ਦੇ ਕੇਸਾਂ ਦੀ ਚਰਚਾ ਦੇ ਬਾਵਜੂਦ ਕਾਂਗਰਸ ਵੱਡੀ ਪਾਰਟੀ ਵਜੋਂ ਮੁੜ ਉੱਭਰੀ ਹੈ। ਇਹ ਹਾਲਤ ਆਮ ਆਦਮੀ ਪਾਰਟੀ ਤੋਂ ਮੋਹ ਭੰਗ ਹੋਣ ਦੀ ਰਫ਼ਤਾਰ ਦੀ ਸੂਚਕ ਹੈ। ਭਾਜਪਾ ਵੱਲੋਂ ਚਾਹੇ ਸੂਬੇ ਅੰਦਰ ਕਦਮ ਵਧਾਰੇ ਲਈ ਬਹੁਤ ਜ਼ੋਰ ਲਾਇਆ ਗਿਆ ਸੀ ਤੇ ਹਰ ਹਰਬਾ ਵਰਤਿਆ ਗਿਆ ਸੀ, ਪਰ ਸੀਟਾਂ ਜਿੱਤਣ ਦੇ ਰੂਪ ’ਚ ਉਸ ਨੂੰ ਕਾਮਯਾਬੀ ਮਿਲਣਾ ਦੂਰ ਦੀ ਗੱਲ ਸੀ। ਉਸ ਦਾ ਨਿਸ਼ਾਨਾ ਸਭਨਾਂ ਥਾਵਾਂ ’ਤੇ ਹਾਜ਼ਰੀ ਦਰਸਾ ਕੇ, ਇਕੱਲਿਆਂ ਚੋਣਾਂ ਲੜਨ ਦੀ ਸਮਰੱਥਾ ਨੂੰ ਪੇਸ਼ ਕਰਨਾ ਸੀ ਤੇ ਇਸ ਵਿਚ ਉਹ ਕਾਮਯਾਬ ਵੀ ਰਹੀ ਹੈ। ਉਸ ਨੇ ਵਿਸ਼ੇਸ਼ ਤੌਰ ’ਤੇ ਦਲਿਤ ਹਿੱਸਿਆਂ ਤੇ ਸ਼ਹਿਰੀ ਹਿੰਦੂ ਵੋਟਰਾਂ ਨੂੰ ਸੰਬੋਧਤ ਹੋ ਕੇ ਮੁਹਿੰਮ ਚਲਾਈ ਤੇ ਇਹਨਾਂ ਹਿੱਸਿਆਂ ’ਚ ਪੈਰ ਪਸਾਰੇ ਹਨ। ਇਹਨਾਂ ਹਲਕਿਆਂ ਰਾਹੀਂ ਹੀ ਉਸ ਦੇ ਵੋਟ ਬੈਂਕ ’ਚ ਵਾਧਾ ਹੋਇਆ ਹੈ, ਜਦ ਕਿ ਇਸ ਵਿਚ ਕਾਂਗਰਸ ਤੇ ਹੋਰਨਾਂ ਪਾਰਟੀਆਂ ’ਚੋਂ ਗਏ ਆਗੂਆਂ ਦੇ ਆਪਣੇ ਵਿਸ਼ੇਸ਼ ਵੋਟ ਬੈਂਕ ਦਾ ਹਿੱਸਾ ਵੀ ਸ਼ਾਮਲ ਹੈ। ਭਾਜਪਾ ਨੇ ਕਿਸਾਨ ਵਿਰੋਧ ਨੂੰ ਜੱਟ ਬਨਾਮ ਦਲਿਤ ਪਾਲਾਬੰਦੀ ਲਈ ਵਰਤਣ ਦੀ ਵੀ ਕੋਸ਼ਿਸ਼ ਕੀਤੀ ਹੈ।
     ਅਕਾਲੀ ਦਲ ਦੀ ਇਹ ਦੁਰਗਤ ਇਤਿਹਾਸਕ ਹੈ। ਧਰਮ ਦੀ ਰਾਜ ਗੱਦੀ ਲਈ ਥੋਕ ਵਰਤੋਂ ਨੇ ਅਤੇ ਕਾਰੋਬਾਰ ਧਰਮ ਤੇ ਸਿਆਸਤ ਗੱਠਜੋੜ ਦੇ ਨਮੂਨੇ ਵਜੋਂ ਸਥਾਪਿਤ ਹੋ ਜਾਣ ਨੇ ਅਕਾਲੀ ਦਲ ਦੇ ਪੈਰ ਉਖੇੜ ਦਿੱਤੇ ਹਨ ਤੇ ਅਜੇ ਏਸ ਲੀਡਰਸ਼ਿਪ ਨਾਲ ਪੈਰ ਲੱਗਦੇ ਪ੍ਰਤੀਤ ਨਹੀਂ ਹੋ ਰਹੇ। ਅਕਾਲੀ ਦਲ ਦਾ ਇਹ ਸੰਕਟ ਨਵ-ਉਦਾਰਵਾਦੀ ਨੀਤੀਆਂ ਦੇ ਦੌਰ ’ਚ ਰਵਾਇਤੀ ਹਾਕਮ ਜਮਾਤੀ ਸਿਆਸੀ ਪਾਰਟੀਆਂ ਦੇ ਸੰਕਟ ਦਾ ਇੱਕ ਸਿਖ਼ਰਲਾ ਨਮੂਨਾ ਹੈ। ਕਾਰੋਬਾਰੀ ਸਿਆਸਤਦਾਨਾਂ ਵੱਲੋਂ ਨੰਗੇ ਚਿੱਟੇ ਤੌਰ ’ਤੇ ਧਰਮ ਦੀ ਡੰਗੋਰੀ ਫੜ ਕੇ ਤਖਤ ਤੱਕ ਪਹੁੰਚਣ ਲਈ ਲੋਕਾਂ ਨੂੰ ਭਰਮਾਉਣਾ ਔਖਾ ਹੋ ਜਾਂਦਾ ਹੈ। ਭਾਜਪਾ ਨਾਲ ਅਯੁੱਧਿਆ ਸੀਟ ’ਤੇ ਜੋ ਹੋਇਆ ਹੈ ਉਹ ਵੀ ਕਾਰੋਬਾਰਾਂ ਲਈ ਰਾਮ ਦੀ ਸਿੱਧੀ ਵਰਤੋਂ ਦਾ ਹੀ ਸਿੱਟਾ ਹੈ।
ਪੰਥਕ ਚਿਹਰਿਆਂ ਵਜੋਂ ਉਭਾਰੇ ਗਏ ਦੋ ਆਜ਼ਾਦ ਉਮੀਦਵਾਰਾਂ ਦੀ ਜਿੱਤ ਕਿਸੇ ਤਰ੍ਹਾਂ ਦੀ ਖਾਲਿਸਤਾਨੀ ਸਿਆਸਤ ਨੂੰ ਹਮਾਇਤ ਨਾਲੋਂ ਜ਼ਿਆਦਾ ਉਮੀਦਵਾਰਾਂ ਪ੍ਰਤੀ ਹਮਦਰਦੀ ਦੀਆਂ ਭਾਵਨਾਵਾਂ ਦਾ ਪ੍ਰਗਟ ਹੋਣਾ ਹੈ ਜਿਹੜੀਆਂ ਅੰਮ੍ਰਿਤਪਾਲ ਦੇ ਸਾਲ ਭਰ ਤੋਂ ਜੇਲ੍ਹ ’ਚ ਹੋਣ ਕਾਰਨ ਉਪਜੀਆਂ ਹਨ ਤੇ ਸਰਬਜੀਤ ਸਿੰਘ ਦੇ ਬੇਅੰਤ ਸਿੰਘ ਦਾ ਪੁੱਤਰ ਹੋਣ ਕਾਰਨ। ਅੰਮ੍ਰਿਤਪਾਲ ਦੀ ਜਿੱਤ ’ਚ ਉਸ ਨਾਲ ਹੋਏ ਵਧਵੇਂ ਧੱਕੇ ਖ਼ਿਲਾਫ਼ ਰੋਸ ਤੇ ਰਿਹਾਈ ਦੀ ਮੰਗ ਨੂੰ ਹੁੰਗਾਰਾ ਸ਼ਾਮਲ ਹੈ। ਪਰ ਤਾਂ ਵੀ ਇਸ ਹੁੰਗਾਰੇ ਦੀਆਂ ਇਹਨਾਂ ਭਾਵਨਾਵਾਂ ’ਚ ਫ਼ਿਰਕੂ ਰੰਗਤ ਦੇ ਅੰਸ਼ ਵੀ ਸ਼ਾਮਲ ਹਨ ਜਿਹੜੀ ਪਿਛਲੇ ਸਮੇਂ ’ਚ ਪੰਜਾਬ ਦੀ ਹਾਕਮ ਜਮਾਤੀ ਸਿਆਸਤ ’ਚ ਵਰਤੀ ਜਾ ਰਹੀ ਹੈ ਤੇ ਅਕਾਲੀ ਦਲ ਦੇ ਮੁਕਾਬਲੇ ’ਤੇ ਉੱਭਰਨ ਵਾਲੇ ਚੱਕਵੀਂ ਫ਼ਿਰਕੂ ਸੁਰ ਵਾਲੇ ਹਿੱਸਿਆਂ ਵੱਲੋਂ ਫ਼ਿਰਕੂ ਪ੍ਰਚਾਰ ਕਾਰਨ ਫੈਲੀ ਹੈ। ਬੇਅਦਬੀ ਦੀਆਂ ਘਟਨਾਵਾਂ ਵੇਲੇ ਤੋਂ ਹੀ ਇਹ ਹਿੱਸੇ ਫ਼ਿਰਕੂ ਸਿਆਸਤ ਦੀ ਜ਼ਮੀਨ ਦਾ ਪਸਾਰਾ ਕਰਨ ’ਚ ਲੱਗੇ ਹੋਏ ਹਨ ਤੇ ਅਕਾਲੀ ਦਲ ’ਤੋਂ ਇਹ ਗੁਰਜ ਖੋਹਣ ’ਚ ਲੱਗੇ ਹੋਏ ਹਨ। ਅਕਾਲੀ ਦਲ ਦੀ ਭਾਜਪਾ ਨਾਲ ਮੌਕਪ੍ਰਸਤ ਸਾਂਝ, ਡੇਰਾ ਸਿਰਸਾ ਦੀ ਵਰਤੋਂ, ਇਹਨਾਂ ਲੋੜਾਂ ’ਚੋਂ ਮੱਧਮ ਕੀਤੀ ਸੁਰ ਨੂੰ ਇਹਨਾਂ ਹਿੱਸਿਆਂ ਨੇ ਬਾਦਲ ਦੀ ਸਿੱਖ ਦੋਖੀ ਧਾਰਨਾ ਸਥਾਪਿਤ ਕਰਨ ਲਈ ਵਰਤਿਆ ਹੈ ਤੇ ਆਪਣੇ ਆਪ ਨੂੰ ਪੰਥਕ ਵੋਟ ਦੇ ਨਵੇਂ ਦਾਅਵੇਦਾਰਾਂ ਵਜੋਂ ਪੇਸ਼ ਕੀਤਾ ਹੈ। ਇਸ ਦਾਅਵਾ ਜਤਲਾਈ ਨੂੰ ਐਤਕੀਂ ਦੋ ਸੀਟਾਂ ਤੋਂ ਮੁੱਢਲਾ ਹੁੰਗਾਰਾ ਮਿਲਿਆ ਹੈ। ਸਮੁੱਚੇ ਤੌਰ ’ਤੇ ਇਹ ਉਹੋ ਜਿਹੀ ਪਿਛਾਖੜੀ ਸਿਆਸਤ ਨੂੰ ਹੁੰਗਾਰਾ ਹੀ ਹੈ ਜਿਹੜਾ ਕਾਂਗਰਸ ਪਾਰਟੀ ਤੇ ਹੋਰਨਾਂ ਪਾਰਟੀਆਂ ਤੋਂ ਅੱਕੇ-ਸਤੇ ਲੋਕਾਂ ਨੇ ਮੋਦੀ ਤੇ ਭਾਜਪਾ ਦੀ ਫਿਰਕੂ ਸਿਆਸਤ ਨੂੰ ਦਿੱਤਾ ਸੀ। ਕਿਸੇ ਅਸਰਦਾਰ ਤੇ ਖਰੇ ਲੋਕ-ਪੱਖੀ ਬਦਲ ਦੀ ਅਣਹੋਂਦ ’ਚ ਜਦੋਂ ਰਵਾਇਤੀ ਪਾਰਟੀਆਂ ਤੇ ਸਿਆਸਤਦਾਨ ਲੋਕਾਂ ’ਚੋਂ ਪੜਤ ਗੁਆ ਲੈਂਦੇ ਹਨ ਤਾਂ ਹਾਕਮ ਜਮਾਤੀ ਸਿਆਸਤ ’ਚੋਂ ਹੀ ਚੱਕਵੇਂ ਫਿਰਕੂ ਪੈਂਤੜੇ ਬਦਲ ਵਜੋਂ ਆਉਂਦੇ ਹਨ ਤੇ ਲੋਕ ਉਸ ਪਾਸੇ ਵੱਲ ਨੂੰ ੳੁੱਲਰਦੇ ਹਨ। ਚਾਹੇ ਕਿ ਅਜੇ ਤੱਕ ਸੂਬੇ ਅੰਦਰ ਮੁੱਖ ਤੌਰ ’ਤੇ ਹਕੀਕੀ ਲੋਕ ਮੱੁਦਿਆਂ ਦੀ ਪਛਾਣ ਅਤੇ ਇਹਨਾਂ ਪ੍ਰਤੀ ਸਰੋਕਾਰ ਦਾ ਅਹਿਮ ਸਥਾਨ ਬਣਿਆ ਹੋਇਆ ਹੈ। ਪਰ ਲੋਕ ਪੱਖੀ ਬਦਲ ਦੇ ੳੁੱਭਰਨ ਦੀ ਅਣਹੋਂਦ ’ਚ ਅਤੇ ਜਮਾਤੀ ਘੋਲਾਂ ਦੇ ਨੀਵੀਆਂ ਪੱਧਰਾਂ ਤੱਕ ਸੀਮਤ ਰਹਿਣ ਦੇ ਦੌਰ ’ਚ ਲੋਕ ਬੇਚੈਨੀ ਇਹਨਾਂ ਤਾਕਤਾਂ ਨੂੰ ਹੁੰਗਾਰਾ ਭਰਨ ਦੇ ਰਾਹ ਤਿਲ੍ਹਕ ਸਕਦੀ ਹੈ। ਪਿਛਲੇ ਕੁਝ ਅਰਸੇ ਵਾਂਗ ਮੌਜੂਦਾ ਚੋਣ ਮੁਹਿੰਮ ’ਚ ਵੀ ਪੰਜਾਬ ਅੰਦਰ ਮੁੱਖ ਤੌਰ ’ਤੇ ਫ਼ਿਰਕੂ ਤੇ ਪਾਟਕਪਾਊ ਪ੍ਰਚਾਰ ਨੂੰ ਕਿਸੇ ਤਰ੍ਹਾਂ ਦਾ ਹੁੰਗਾਰਾ ਨਹੀਂ ਸੀ, ਸਗੋਂ ਇਸ ਖ਼ਿਲਾਫ਼ ਪ੍ਰਤੀਕਰਮ ਮੌਜੂਦ ਸੀ। ਇਥੋਂ ਤੱਕ ਕਿ ਭਾਜਪਾ ਨੂੰ ਮੁਲਕ ਅੰਦਰਲੀ ਫ਼ਿਰਕੂ ਸੁਰ ਪੰਜਾਬ ਅੰਦਰ ਬਦਲਣੀ ਪਈ। ਇਹ ਸੂਬੇ ਅੰਦਰ ਵਿਕਸਤ ਹੋ ਰਹੀ ਆਮ ਸਮਾਜੀ ਚੇਤਨਾ ਤੇ ਹਕੀਕੀ ਮੁੱਦਿਆਂ ਬਾਰੇ ਵਧ ਰਹੀ ਸਿਆਸੀ ਸੋਝੀ ਦਾ ਹੀ ਸਿੱਟਾ ਹੈ ਕਿ ਏਥੇ ਸਿਆਸਤਦਾਨਾਂ ਤੇ ਪਾਰਟੀਆਂ ਨੂੰ ਮੁਲਕ ਦੇ ਮੁਕਾਬਲਤਨ ਲੋਕ ਮੁੱਦਿਆਂ ਦੀ ਚਰਚਾ ਨੂੰ ਥਾਂ ਦੇਣਾ ਪਿਆ ਹੈ, ਚਾਹੇ ਇਹ ਚਰਚਾ ਠੋਸ ਕਾਰਨਾਂ ਤੋਂ ਬਗੈਰ ਆਮ ਪੱਧਰ ’ਤੇ ਵਿਕਾਸ ਦੇ ਪ੍ਰਚੱਲਤ ਲਕਬਾਂ ਵਿਚ ਕਰਦੇ ਹਨ। ਇਹਨਾਂ ਨਤੀਜਿਆਂ ਨੇ ਦਰਸਾਇਆ ਹੈ ਕਿ ਮੁਲਕ ਵਾਂਗ ਹੀ ਪੰਜਾਬ ਦੀ ਸਿਆਸਤ ’ਚ ਵੀ ਅਨਿਸ਼ਚਤਤਾ ਦੇ ਅੰਸ਼ ਵਧ ਰਹੇ ਹਨ। ਇੱਕ ਪਾਰਟੀ ਦੇ ਲੰਮੇ ਦੌਰ ਲਈ ਰਾਜ ਦੀ ਨਿਸ਼ਚਤ ਉਮੀਦ ਤੇ ਵਿਉਂਤ ਹੁਣ ਬੀਤੇ ਦੌਰ ਦੀ ਗੱਲ ਹੋ ਗਈ ਹੈ। ਇਹ ਅਨਿਸ਼ਚਿਤਤਾ ਦਾ ਪ੍ਰਗਟਾਵਾ ਦਿੱਲੀ ’ਚ ਵੀ ਹੋਇਆ ਹੈ ਜਿੱਥੇ ਹੁਣ ਲੋਕ ਸਭਾ ਚੋਣਾਂ ’ਚ ਭਾਜਪਾ ਸਾਰੀਆਂ ਸੀਟਾਂ ’ਤੇ ਜਿੱਤ ਗਈ ਹੈ। ਲੋਕਾਂ ਲਈ ਵੀ ਤੇਜ਼ੀ ਨਾਲ ਮੋਹ ਭੰਗ ਹੋਣ ਤੇ ਪਾਰਟੀਆਂ ਨੂੰ ਝੱਟਪੱਟ ਰੱਦ ਕਰ ਦੇਣ ਦੀ ਹਾਲਤ ਜ਼ਾਹਰ ਹੋ ਰਹੀ ਹੈ। ਹਾਕਮ ਜਮਾਤੀ ਸਿਆਸਤ ’ਚ ਅਨਿਸ਼ਚਿਤਤਾ ਦੇ ਅੰਸ਼ਾਂ ਦਾ ਵਧਾਰਾ ਰਾਜ ਦੇ ਵਧ ਰਹੇ ਸੰਕਟਾਂ ਦਾ ਸੂਚਕ ਹੈ ਤੇ ਇਹਨਾਂ ਸੰਕਟਾਂ ’ਚ ਲੋਕਾਂ ਦੀ ਲਹਿਰ ਲਈ ਤੇਜ਼ੀ ਨਾਲ ਕਦਮ ਵਧਾਰੇ ਦੀਆਂ ਗੁੰਜਾਇਸ਼ਾਂ ਦਿੰਦਾ ਹੈ। ਇਹ ਤੇਜ਼ ਕਦਮ ਵਧਾਰਾ ਹਾਕਮ ਜਮਾਤੀ ਸਿਆਸਤ ’ਚ ਅਨਿਸ਼ਚਿਤਤਾ ਦੇ ਅੰਸ਼ਾਂ ਨੂੰ ਹੋਰ ਵਧਾਉਣ ’ਚ ਰੋਲ ਅਦਾ ਕਰੇਗਾ।
    ਪੰਜਾਬ ਦੇ ਚੋਣ ਨਤੀਜਿਆਂ ਨੇ ਫਿਰ ਦਰਸਾਇਆ ਹੈ ਕਿ ਲੋਕਾਂ ਦੀ ਖਰੇ ਇਨਕਲਾਬੀ ਬਦਲ ਲਈ ਤਲਾਸ਼ ਉਵੇਂ ਜਿਵੇਂ ਜਾਰੀ ਹੈ ਤੇ ਉਹ ਵਾਰ ਵਾਰ ਇਹਨਾਂ ਪਾਰਟੀਆਂ ’ਚੋਂ ਹੀ ਕਿਸੇ ਨਾਲ ਕਿਸੇ ਦੇ ਲੜ ਲੱਗਣ ਲਈ ਮਜ਼ਬੂਰ ਹੁੰਦੇ ਹਨ। ਪੰਜਾਬ ਦੇ ਚੋਣ ਨਤੀਜੇ ਹਾਕਮ ਜਮਾਤੀ ਸਿਆਸਤ ’ਚ ਮੌਜੂਦ ਖਿਲਾਅ ਦੀ ਸਥਿਤੀ ਨੂੰ ਦਰਸਾਉਂਦੇ ਹਨ। ਇਹ ਖਿਲਾਅ ਇਨਕਲਾਬੀ ਬਦਲ ਉਸਾਰਨ ਰਾਹੀਂ ਪੂਰਿਆ ਜਾਣਾ ਚਾਹੀਦਾ ਹੈ।

No comments:

Post a Comment