Wednesday, July 10, 2024

ਘਰਾਚੋਂ ਮਸਲਾ: ਤੱਥ ਖੋਜ ਜਾਂਚ ਕਮੇਟੀ ਦੀ ਪੜਤਾਲੀਆ ਰਿਪੋਰਟ


 ਘਰਾਚੋਂ ਮਸਲਾ: ਤੱਥ ਖੋਜ ਜਾਂਚ ਕਮੇਟੀ ਦੀ ਪੜਤਾਲੀਆ ਰਿਪੋਰਟ

ਪਿਛਲੇ ਦਿਨੀਂ ਪਿੰਡ ਘਰਾਚੋਂ ਦੇ ਕਿਸਾਨ ਆਗੂ ਵੱਲੋਂ ਦੋ ਨੌਜਵਾਨਾਂ ਦੀ ਪਿੰਡ ਘਾਬਦਾਂ ਸਾਹਮਣੇ ਭਾਈ ਗੁਰਦਾਸ ਕਾਲਜ ਜਿਲ੍ਹਾ ਸੰਗਰੂਰ ਵਿਖੇ ਕੁੱਟਮਾਰ ਨੂੰ ਲੈ ਕੇ ਸੋਸ਼ਲ ਮੀਡੀਆ ਉੱਪਰ ਇਕ ਵੀਡੀਓ ਵਾਇਰਲ ਹੁੰਦੀ ਹੈ। ਜਿਸ ਤੋਂ ਬਾਅਦ ਘਟਨਾ ਬਾਰੇ ਵੱਖ ਵੱਖ ਤਰ੍ਹਾਂ ਦੀਆਂ ਅਫ਼ਵਾਹਾਂ ਦਾ ਦੌਰ ਗਰਮਾਉਂਦਾ ਹੈ। ਉੱਥੇ ਇਸ ਘਟਨਾ ਉੱਪਰ ਸਿਆਸੀ ਤਾਕਤਾਂ ਵੱਲੋਂ ਕੀਤੀ ਜਾ ਰਹੀ ਸਿਆਸਤ ਇਸ ਘਟਨਾ ਨੂੰ ਬੜੇ ਸੂਖਮ ਮੋੜ ਉੱਪਰ ਲਿਆ ਕੇ ਖੜ੍ਹਾ ਕਰ ਦਿੰਦੀ ਹੈ।
    ਦੋਵੇਂ ਧਿਰਾਂ ਆਪਣੇ ਆਪ ਨੂੰ ਬੇਕਸੂਰ ਸਾਬਤ ਕਰਨ ਅਤੇ ਦੂਸਰੇ ਨੂੰ ਦੋਸ਼ੀ ਸਾਬਤ ਕਰਨ ਲਈ ਹਰ ਹੀਲਾ ਵਰਤਣ ਦੀ ਕੋਸ਼ਿਸ਼ ਕਰਦੀਆਂ ਹਨ। ਅਜਿਹੀ ਗੰਭੀਰ ਸਥਿਤੀ ਨੂੰ ਦੇਖਦੇ ਹੋਏ ਜ਼ਮੀਨ ਪ੍ਰਾਪਤੀ ਸੰਘਰਸ਼ ਕਮੇਟੀ ਵੱਲੋਂ ਮਿਤੀ 14-6-2024 ਨੂੰ ਇਕ ਤਿੰਨ ਮੈਂਬਰੀ ਜਾਂਚ ਕਮੇਟੀ ਬਣਾਈ ਜਾਂਦੀ ਹੈ। ਜਿਸ ਤੋਂ ਅਗਲੇ ਹੀ ਦਿਨ ਕੁਝ ਦਲਿਤ, ਮਜ਼ਦੂਰ ਜਥੇਬੰਦੀਆਂ/ਸੰਸਥਾਵਾਂ ਵੱਲੋਂ ਅੰਬੇਦਕਰ ਕਮਿਊਨਿਟੀ ਹਾਲ ਨਾਭਾ ਵਿਖੇ ਇਸੇ ਮਸਲੇ ਸਬੰਧੀ ਚਿੰਤਾ ਪ੍ਰਗਟ ਕਰਦੇ ਹੋਏ ਇਕ ਵਿਸ਼ੇਸ਼ ਮੀਟਿੰਗ ਕੀਤੀ ਜਾਂਦੀ ਹੈ ਜਿਸ ਵਿਚ ਦਿਹਾਤੀ ਮਜਦੂਰ ਸਭਾ ਦੇ ਆਗੂ ਨਿਰਮਲ ਸਿੰਘ ਘਰਾਚੋਂ ਅਤੇ ਗੁਰਮੀਤ ਸਿੰਘ ਕਾਲਾਝਾੜ, ਨਰੇਗਾ ਫਰੰਟ ਦੇ ਆਗੂ ਗੁਰਮੀਤ ਸਿੰਘ ਥੂਹੀ, ਜ਼ਮੀਨ ਪ੍ਰਾਪਤੀ ਸੰਘਰਸ਼ ਕਮੇਟੀ ਦੇ ਆਗੂ ਧਰਮਵੀਰ ਹਰੀਗੜ੍ਹ ਤੇ ਮੁਕੇਸ਼ ਮਲੌਦ, ਭੀਮ ਆਰਮੀ ਦੇ ਆਗੂ ਕੈਪਟਨ ਹਰਭਜਨ ਸਿੰਘ, ਭਾਰਤੀ ਅੰਬੇਦਕਰ ਮਿਸ਼ਨ ਭਾਰਤ ਦੇ ਆਗੂ ਦਰਸ਼ਨ ਕਾਂਗੜ, ਬੀ ਐਸ ਪੀ ਦੇ ਆਗੂ ਮਾਸਟਰ ਅਮਰ ਸਿੰਘ ਟੋਡਰਵਾਲ, ਰਵੀਦਾਸ ਸੇਵਾ ਸੁਸਾਇਟੀ ਦੇ ਆਗੂ ਰਾਮਧਨ ਸਿੰਘ, ਪੰਜਾਬ ਏਟਕ ਦੇ ਆਗੂ ਕ੍ਰਿਸ਼ਨ ਸਿੰਘ ਭੜੋ, ਐਸ.ਸੀ./ਬੀ.ਸੀ. ਅਧਿਆਪਕ ਯੂਨੀਅਨ ਦੇ ਆਗੂ ਮਾਸਟਰ ਜਗਤਾਰ ਸਿੰਘ ਨਾਭਾ, ਜਬਰ ਜੁਲਮ ਵਿਰੋਧੀ ਮੰਚ ਦੇ ਆਗੂ ਧਰਮਪਾਲ ਸਿੰਘ, ਪਸ਼ੂ ਪਾਲਣ ਵਰਕਰ ਯੂਨੀਅਨ ਦੇ ਆਗੂ ਚਮਕੌਰ ਸਿੰਘ ੂਰੋਕੀ ਸਮੇਤ ਕਈ ਦਲਿਤ ਚਿੰਤਕ ਸ਼ਾਮਲ ਹੁੰਦੇ ਹਨ ਅਤੇ ਸਾਰੇ ਘਟਨਾਕ੍ਰਮ ਉੱਪਰ ਚਰਚਾ ਕਰਨ ਤੋਂ ਬਾਅਦ ਇਕ ਤੱਥ ਖੋਜ ਕਮੇਟੀ ਦਾ ਗਠਨ ਕੀਤਾ ਜਾਂਦਾ ਹੈ।
ਇਸ ਤੋਂ ਇਲਾਵਾ 18 ਜੂਨ ਨੂੰ ਨਰੇਗਾ ਰੋਜ਼ਗਾਰ ਪ੍ਰਾਪਤ ਮਜ਼ਦੂਰ ਯੂਨੀਅਨ ਏਟਕ ਪੰਜਾਬ ਦੇ ਪ੍ਰਧਾਨ ਕਸ਼ਮੀਰ ਸਿੰਘ ਗੁਦਾਈਆ, ਕ੍ਰਾਂਤੀਕਾਰੀ ਪੇਂਡੂ ਮਜ਼ਦੂਰ ਯੂਨੀਅਨ ਦੇ ਆਗੂ ਪ੍ਰਗਟ ਸਿੰਘ ਕਾਲਾਝਾੜ ਇਸ ਜਾਂਚ ਕਮੇਟੀ ਦਾ ਹਿੱਸਾ ਬਣਦੇ ਹਨ। ਇਸੇ ਦਿਨ ਪੰਜਾਬ ਖੇਤ ਮਜ਼ਦੂਰ ਯੂਨੀਅਨ ਦੇ ਆਗੂ ਲਛਮਣ ਸਿੰਘ ਸੇਵੇਵਾਲਾ ਵੱਲੋਂ ਵੀ ਇਸ ਜਾਂਚ ਕਮੇਟੀ ਦਾ ਹਿੱਸਾ ਬਣਨ ਦੀ ਬੇਨਤੀ ਕੀਤੀ ਗਈ ਪਰੰਤੂ ਜਾਂਚ ਕਮੇਟੀ ਵੱਲੋਂ ਉਹਨਾਂ ਦੀ ਜਥੇਬੰਦੀ ਨੂੰ ਇਸ ਦਾ ਹਿੱਸਾ ਬਣਾਉਣ ਤੋਂ ਇਨਕਾਰ ਕੀਤਾ ਜਾਂਦਾ ਹੈ ਕਿਉਂਕਿ ਉਹਨਾਂ ਵੱਲੋਂ ਜਾਂਚ ਤੋਂ ਪਹਿਲਾਂ ਹੀ ਇਸ ਘਟਨਾਕ੍ਰਮ ਬਾਰੇ ਆਪਣਾ ਫੈਸਲਾ ਪ੍ਰੈਸ ਵਿਚ ਦਿੱਤਾ ਜਾ ਚੁੱਕਾ ਸੀ। ਇਸ ਘਟਨਾਕ੍ਰਮ ਦੀ ਜਾਂਚ ਦੀ ਸ਼ੁਰੂਆਤ 16 ਜੂਨ ਤੋਂ ਸ਼ੁਰੂ ਕਰਦਿਆਂ ਬੀ.ਕੇ.ਯੂ. ਉਗਰਾਹਾਂ ਦੇ ਆਗੂਆਂ ਵੱਲੋਂ ਰੱਖੇ 17 ਜੂਨ ਦੇ ਪੱਕੇ ਮੋਰਚੇ ਨੂੰ ਰੱਦ ਕਰਨ ਅਤੇ ਜਾਂਚ ਕਮੇਟੀ ਦੀ ਰਿਪੋਰਟ ਨਾ ਆਉਣ ਤੱਕ ਕੋਈ ਵੀ ਪ੍ਰਦਰਸ਼ਨ ਨਾ ਕਰਨ ਦੀ ਅਪੀਲ ਕੀਤੀ ਗਈ ਅਤੇ ਦੂਸਰੇ ਪਾਸੇ ਦਰਸ਼ਨ ਕਾਂਗੜ ਕੌਮੀ ਪ੍ਰਧਾਨ ਭਾਰਤੀ ਅੰਬੇਦਕਰ ਮਿਸ਼ਨ ਤੇ ਜਾਂਚ ਕਮੇਟੀ ਦੀ ਰਿਪੋਰਟ ਨਾ ਆਉਣ ਤਕ ਕੋਈ ਵੀ ਪ੍ਰਦਰਸ਼ਨ ਨਾ ਕਰਨ ਦੀ ਅਪੀਲ ਕੀਤੀ ਗਈ ਜਿਸ ਤੋਂ ਬਾਅਦ ਦੋਨਾਂ ਧਿਰਾਂ ਨੇ ਆਪੋ ਆਪਣੇ ਦਿੱਤੇ ਪ੍ਰੋਗਰਾਮ ਮੁਲਤਵੀ ਕਰਨ ਦਾ ਭਰੋਸਾ ਦਿੱਤਾ ਅਤੇ ਜਾਂਚ ਕਮੇਟੀ ਉੱਪਰ ਭਰੋਸਾ ਜਤਾਇਆ। ਇਸ ਮਾਮਲੇ ਦੇ ਤੱਥ ਇਕੱਠੇ ਕਰਨ ਲਈ ਅਤੇ ਜਾਣਕਾਰੀ ਦੀ ਖੋਜ ਲਈ ਅਸੀਂ ਇਸ ਮਸਲੇ ਨਾਲ ਸਬੰਧਤ ਵੱਖ ਵੱਖ ਵਿਅਕਤੀਆਂ ਦੇ ਬਿਆਨ ਲੈਣ ਲਈ ਉਹਨਾਂ ਨੂੰ ਮਿਲੇ।
ਇਸ ਦੌਰਾਨ ਵੱਖਰੇ ਵੱਖਰੇ ਕਈ ਲੋਕਾਂ ਦੇ ਬਿਆਨ ਤੱਥ ਖੋਜ ਕਮੇਟੀ ਵੱਲੋਂ ਲਏ ਗਏ। ਜਿਸ ਵਿਚ ਸਭ ਤੋਂ ਪਹਿਲਾਂ ਹਸਪਤਾਲ ਵਿਚ ਦਾਖਲ ਹਰਜੀਤ ਸਿੰਘ ਪੁੱਤਰ ਸਤਿਗੁਰੂ ਸਿੰਘ ਪਿੰਡ ਚੱਠੇ ਸੇਖਵਾਂ ਅਤੇ ਅਮਨ ਸਿੰਘ ਪੁਤਰ ਸਤਿਗੁਰ ਸਿੰਘ ਪਿੰਡ ਬਾਲੀਆਂ ਜੋ ਕਿ ਜੇਰੇ ਇਲਾਜ ਹਸਪਤਾਲ ਸੰਗਰੂਰ ਵਿਖੇ ਕੈਦੀ ਵਾਰਡ ਵਿਚ ਹਨ, ਨੂੰ ਮਿਲਿਆ ਗਿਆ।
    ਬਿਆਨ ਹਰਜੀਤ ਸਿੰਘ:- ਹਰਜੀਤ ਸਿੰਘ ਨੇ ਬਿਆਨ ਦਿੰਦੇ ਹੋਏ ਕਿਹਾ ਕਿ ਮੇਰਾ ਨਾਮ ਹਰਜੀਤ ਸਿੰਘ ਪਿਤਾ ਦਾ ਨਾਮ ਸਤਿਗੁਰੂ ਸਿੰਘ ਪਿੰਡ ਚੱਠੇ ਸੇਖਵਾਂ ਹੈ। ਉਸ ਨੇ ਦੱਸਿਆ ਕਿ ਮੈਂ ਭਾਈ ਗੁਰਦਾਸ ਕਾਲਜ ਵਿਚ ਲਗਭਗ ਇਕ ਦੋ ਹਫਤੇ ਪਹਿਲਾਂ ਦਾਖਲਾ ਕਰਵਾਇਆ ਹੈ ਅਤੇ ਸਿਵਲ ਇੰਜਨੀਅਰਿੰਗ ਦਾ ਡਿਪਲੋਮਾ ਕਰਨ ਲੱਗਾ ਹਾਂ। ਮੇਰਾ ਜੱਦੀ ਪਿੰਡ ਘਰਾਚੋਂ ਹੈ। ਲਗਭਗ 30-35 ਸਾਲ ਪਹਿਲਾਂ ਅਸੀਂ ਘਰਾਚੋਂ ਪਿੰਡ ਛੱਡ ਕੇ ਚੱਠੇ ਸੇਖਵਾਂ ਜਾ ਕੇ ਰਹਿਣ ਲੱਗੇ। 6 ਜੂਨ ਨੂੰ ਮੈਂ ਆਪਣੇ ਜਨਮ ਦਿਨ ਦੀ ਪਾਰਟੀ ਲਈ ਆਪਣੇ ਤਾਏ ਦੇ ਮੁੰਡੇ ਹੈਪੀ ਨੂੰ ਨਾਲ ਲੈ ਕੇ ਪਿੰਡ ਘਰਾਚੋਂ ਤੋਂ ਸੰਗਰੂਰ ਜਾ ਰਿਹਾ ਸੀ। ਮੈਂ ਆਪਣਾ ਮੋਟਰਸਾਈਕਲ ਭਾਈ ਗੁਰਦਾਸ ਕਾਲਜ ਵੱਲ ਪਾ ਲਿਆ। ਮੈਂ ਮੇਰੇ ਤਾਏ ਦੇ ਲੜਕੇ ਨੂੰ ਆਪਣਾ ਕਾਲਜ ਦਿਖਾਉਣ ਆਇਆ ਸੀ ਕਿਉਂਕਿ ਉਸ ਨੇ ਕਾਲਜ ਵਿਚ ਦਾਖਲਾ ਕਰਵਾਉਣਾ ਸੀ। ਕਾਲਜ ਦੇ ਸਾਹਮਣੇ ਪੈਟਰੋਲ ਪੰਪ ਦੇ ਨੇੜੇ ਪਹਿਲਾਂ ਹੀ ਲੜਾਈ ਹੋ ਰਹੀ ਸੀ। ਇਕ ਮੁੰਡੇ ਨੂੰ ਕੁੱਝ ਬੰਦੇ ਕੁੱਟ ਰਹੇ ਸੀ, ਕੁੱਝ ਵਿਅਕਤੀ ਸਾਈਡ ’ਤੇ ਖੜ੍ਹੇ ਸੀ ਤਾਂ ਮੈਂ ਉਹਨਾਂ ਨੂੰ ਪੁੱਛਿਆ ਕਿ ਅੰਕਲ ਜੀ ਤੁਸੀਂ ਇਸ ਨੂੰ ਕਿਉਂ ਕੁੱਟ ਰਹੇ ਹੋ ਕੀ ਗੱਲ ਹੋ ਗਈ ਹੈ ਤਾਂ ਉਹਨਾਂ ਮੈਨੂੰ ਉਹਨਾਂ ਦੇ ਨਾਲ ਵਾਲਾ ਸਮਝ ਕੇ ਕੁੱਟਣਾ ਸ਼ੁਰੂ ਕਰ ਦਿੱਤਾ ਅਤੇ ਉਹਨਾਂ ਨੇ ਮੇਰੀ ਕੋਈ ਗੱਲ ਨਹੀਂ ਸੁਣੀ। ਮਨਜੀਤ ਘਰਾਚੋਂ ਕੋਲ ਇਕ ਵੱਡਾ ਲੱਕੜ ਦਾ ਟੰਬਾ ਸੀ। ਜਦੋਂ ਹੈਪੀ ਨੇ ਉਸ ਨੂੰ ਪੁੱਛਿਆ ਕਿ ਤੁਸੀ ਇਸ ਨੂੰ ਕਿਉਂ ਕੁੱਟ ਰਹੇ ਹੋ ਤਾਂ ਉਹ ਉਸ ਨੂੰ ਵੀ ਕੁੱਟਣ ਪੈ ਗਏ ਅਤੇ ਹੈਪੀ ੳੁੱਥੋਂ ਆਪਣੀ ਜਾਨ ਬਚਾ ਕੇ ਭੱਜ ਗਿਆ। ਕੁੱਟਣ ਵਾਲਿਆਂ ਨੇ ਮੈਨੂੰ ਪੁੱਛਿਆ ਕਿ ਤੂੰ ਕੌਣ ਹੈਂ, ਕਿੰਨ੍ਹਾਂ ਦਾ ਮੁੰਡਾ ਹੈਂ ਤਾਂ ਮੈਂ ਆਪਣਾ ਪਿੰਡ ਦਾ ਨਾਮ ਦੱਸਿਆ। ਉਹ ਮੇਰੀ ਜਾਤ ਬਾਰੇ ਪੁੱਛਣ ਲੱਗੇ ਤਾਂ ਮੈਂ ਦੱਸ ਦਿੱਤਾ ਕਿ ਮੈਂ ਮਜ਼੍ਹਬੀ ਸਿੱਖ ਪ੍ਰਵਾਰ ਨਾਲ ਸਬੰਧਤ ਹਾਂ। ਮੈਂ ਆਪਣੇ ਪਿੰਡ ਦੀ ਸਰਪੰਚ ਨਾਲ ਗੱਲ ਕਰਾਉਣ ਬਾਰੇ ਕਿਹਾ ਪਰ ਉਹਨਾਂ ਨੇ ਮੇਰੀ ਕੋਈ ਗੱਲ ਨਹੀਂ ਸੁਣੀ। ਕੁੱਟਣ ਤੋਂ ਬਾਅਦ ਮੈਨੂੰ ਬੰਨ੍ਹ ਲਿਆ ਤੇ ਕਿਹਾ ਕਿ ਤੂੰ ਮੰਨ ਕਿ ਤੂੰ ਉਹਨਾਂ ਦੇ ਨਾਲ ਦਾ ਹੋਵੇਂਗਾ (ਅਮਨ ਨਾਲ ਜਿਸ ਨੂੰ ਉਹ ਪਹਿਲਾਂ ਕੁੱਟ ਰਹੇ ਸਨ।) ਸਾਨੂੰ ਇੰਨਾ ਕੁੱਟਿਆ ਕਿ ਤੁਰਿਆ ਨਹੀਂ ਸੀ ਜਾ ਰਿਹਾ। ਸਾਨੂੰ ਧੂਹ ਕੇ ਗੱਡੀ ਦੇ ਵਿਚ ਸੁੱਟਿਆ ਅਤੇ ਗੱਡੀ ਪਿੰਡਾਂ ਵਿਚ ਘੁਮਾਉਂਦੇ ਹੋਏ ਬਾਲੀਆਂ ਥਾਣੇ ਲੈ ਕੇ ਗਏ ਅਤੇ ਗੱਡੀ ਵਿਚ ਵੀ ਕੱੁਟਦੇ ਰਹੇ। ਸਾਨੂੰ ਥਾਣੇ ਅੰਦਰ ਇਕ ਕਮਰੇ ਵਿਚ ਬੰਦ ਕਰ ਦਿੱਤਾ। ਇੱਕ ਮੁਲਾਜ਼ਮ ਨੇ ਸਾਨੂੰ ਪਾਣੀ ਪਿਲਾਇਆ ਅਤੇ 20-25 ਮਿੰਟਾਂ ਬਾਅਦ ਕਿਸਾਨਾਂ ਦਾ ਇੱਕ ਹੋਰ ਜੱਥਾ ਆਇਆ ਅਤੇ ਉਹਨਾਂ ਨੇ ਵੀ ਸਾਨੂੰ ਕੱੁਟਿਆ। ਮੇਰੇ ’ਤੇ ਪਹਿਲਾਂ ਕੋਈ ਪਰਚਾ ਨਹੀਂ ਅਤੇ ਨਾ ਹੀ ਮੇਰੀ ਕਿਸੇ ਨਾਲ ਕੋਈ ਰੰਜਿਸ਼ ਹੈ। ਸਾਨੂੰ ਥਾਣੇ ਤੋਂ ਹਸਪਤਾਲ ਆਉਣ ਤੋਂ ਕਿਸਾਨਾਂ ਨੇ ਰੋਕਿਆ ਅਤੇ ਪੁਲਸ ’ਤੇ ਦਬਾਅ ਪਾਇਆ ਕਿ ਪਹਿਲਾਂ ਇਹਨਾਂ ’ਤੇ ਪਰਚਾ ਦਰਜ ਕਰੋ। ਪੁਲਸ ਦੇ ਪਰਚਾ ਦਰਜ ਕਰਨ ਤੋਂ ਬਾਅਦ ਹੀ ਸਾਨੂੰ ਹਸਪਤਾਲ ਪਹੁੰਚਣ ਦਿੱਤਾ। ਮੇਰੀ ਸੱਜੀ ਲੱਤ ਟੁੱਟ ਗਈ ਹੈ ਅਤੇ ਗੋਡੇ ਤੋਂ ਹੇਠਾਂ ਇਕ ਤਿੱਖੀ ਚੀਜ਼ (ਸੂਆ) ਮਾਰਿਆ। ਮੇਰੀ ਲੱਤ ਦਾ ਉਪਰੇਸ਼ਨ ਹੋ ਗਿਆ ਪਲੇਟਾਂ ਪਈਆਂ ਹਨ। ਮੇਰੇ ਤਾਏ ਦੇ ਮੁੰਡੇ ਨੇ ਮੇਰੇ ਘਰ ਇਤਲਾਹ ਕੀਤੀ। ਮੈਂ ਸੀਨੀਅਰ ਸੈਕੰਡਰੀ ਸਕੂਲ ਉੱਪਲੀ ਚੱਠੇ ਤੋਂ 2021-22 ਵਿਚ ਬਾਰ੍ਹਵੀਂ ਪਾਸ ਕੀਤੀ ਹੈ। ਇਸ ਗੈਪ ਦੌਰਾਨ ਮੈਂ ਮਿਹਨਤ ਮਜ਼ਦੂਰੀ ਦਾ ਕੰਮ ਕਰਦਾ ਰਿਹਾ। ਹੁਣ ਵੀ ਮੈਨੂੰ ਕਾਲਜ ਵਿੱਚੋਂ ਛੁੱਟੀਆਂ ਹਨ। ਸਾਡਾ ਪ੍ਰੋਗਰਾਮ ਬਨਾਸਰ ਬਾਗ ਵਿਚ ਦੋਸਤਾਂ ਨਾਲ ਮਿਲਣ ਤੋਂ ਬਾਅਦ ਸਮਾਨ ਲੈ ਕੇ ਪਿੰਡ ਵਾਪਸ ਮੁੜਨ ਦਾ ਸੀ।
    ਬਿਆਨ ਅਮਨ:- ਅਮਨ ਸਿੰਘ  Êਪੁੱਤਰ ਸਤਿਗੁਰੂ ਸਿੰਘ ਪਿੰਡ ਬਾਲੀਆਂ ਨੇ ਬਿਆਨ ਲਿਖਾਉਣ ਵਿਚ ਕੋਈ ਸਹਿਯੋਗ ਨਹੀਂ ਕੀਤਾ। ਅਮਨ ਦੇ ਭਰਾ ਗੁਰਸੇਵਕ ਨੇ ਦੱਸਿਆ ਕਿ ਅਮਨ ਪਿੰਡ ਵਿਚ ਹੀ ਹੇਅਰ ਕਟਿੰਗ ਦਾ ਕੰਮ ਸਿੱਖ ਰਿਹਾ ਹੈ। ਉਸ ਨੇ ਦੱਸਿਆ ਕਿ ਅਮਨ ਕਲਰ ਕੋਟ ਮੇਲੇ ਦੀ ਚੌਕੀ ਤੋਂ ਆਇਆ ਸੀ ਅਤੇ ਘਰ ਸੁੱਤਾ ਪਿਆ ਸੀ ਜਿਸ ਨੂੰ ਧਰਮਵੀਰ ਅਤੇ ਲਵਲੀ ਘਰੋਂ ਆ ਕੇ ਲੈ ਗਏ ਸਨ।
    ਬਿਆਨ ਐਸ.ਐਚ.ਓ ਥਾਣਾ ਸਦਰ ਬਾਲੀਆਂ:-ਥਾਣੇ ਵਿੱਚ ਅਸੀਂ ਐਸ.ਐਚ.ਓ. ਬਲਵੰਤ ਸਿੰਘ ਨੂੰ ਮਿਲੇ ਜਿਸ ਨੇ ਦੱਸਿਆ ਕਿ ਪੁਲਿਸ ਦੋਵਾਂ ਮੁੰਡਿਆਂ ਨੂੰ ਮੌਕੇ ਤੋਂ ਲੈ ਕੇ ਆਈ ਹੈ ਅਤੇ ਕਿਸਾਨਾਂ ਨੇ  ਥਾਣੇ ਅੱਗੇ ਧਰਨਾ ਲਾ ਕੇ ਜਖ਼ਮੀਆਂ ਨੂੰ ਹਸਪਤਾਲ ਲਿਜਾਣ ਤੋਂ ਰੋਕਿਆ ਸੀ। ਅਸੀਂ ਧੱਕੇ ਨਾਲ ਉਹਨਾਂ ਨੂੰ ਹਸਪਤਾਲ ਵਿਚ ਦਾਖ਼ਲ ਕਰਾਇਆ। ਉਹਨਾਂ ਨੇ ਦੱਸਿਆ ਕਿ ਇਹਨਾਂ ਦਾ 14 ਬੰਦਿਆਂ ਦਾ ਗਰੁੱਪ ਹੈ। ਉਹਨਾਂ ਦੱਸਿਆ ਕਿ ਤਿੰਨ ਬੰਦਿਆਂ ’ਤੇ ਬਾਈ ਨੇਮ ਪਰਚਾ ਦਰਜ ਕੀਤਾ ਗਿਆ ਹੈ ਅਤੇ ਇਸ ਵਿਚ ਪੰਜ ਹੋਰ ਨਾਮਜ਼ਦ ਕੀਤੇ ਗਏ ਹਨ।
    ਬਿਆਨ ਸਰਪੰਚ ਬਾਲੀਆਂ:- ਸਰਪੰਚ ਨਾਲ ਝਗੜੇ ਸਬੰਧੀ ਗੱਲ ਕਰਨ ਤੇ ਉਸ ਨੇ ਦੱਸਿਆ ਕਿ ਧਰਮਵੀਰ ਪਹਿਲਾਂ ਵੀ ਲੜਾਈ ਝਗੜੇ ਕਰਦਾ ਰਿਹਾ ਹੈ। ਬਾਕੀ ਦੋ ਮੁੰਡਿਆਂ ਬਾਰੇ ਕੋਈ ਗੱਲ ਨਹੀਂ ਸੁਣੀ। ਅਮਨ ਪੁੱਤਰ ਸਤਿਗੁਰੂ ਦੀ ਕੋਈ ਗਲਬਾਤ ਕਦੇ ਨਹੀਂ ਸੁਣੀ ਨਾ ਇਹ ਨਸ਼ੇ ਬਾਰੇ ਨਾ ਹੀ ਕੋਈ ਲੜਾਈ ਝਗੜੇ ਬਾਰੇ। ਅਮਨ ਨਾਲ ਧੱਕਾ ਹੋਇਆ ਹੈ ਅਤੇ ਜਗਤਾਰ ਲੱਡੀ ਕਲੇਸੀ ਕਿਸਮ ਦਾ ਬੰਦਾ ਹੈ। ਬਿਆਨ ਪਿੰਡ ਦੇ ਹੋਰ ਵਿਅਕਤੀ-ਕੁੱਝ ਵਿਅਕਤੀਆਂ ਨੇ ਆਪਣਾ ਨਾਮ ਨਾ ਦੱਸਣ ਦੀ ਸ਼ਰਤ ਲਗਾਉਂਦੇ ਹੋਏ ਦੱਸਿਆ ਕਿ ਪਿੰਡ ਵਿਚ ਇਹਨਾਂ ਦਾ ਕਿਰਦਾਰ ਲੜਾਈ ਝਗੜੇ ਵਾਲਾ ਹੀ ਹੈ। ਇਹ ਆਪਣੇ ਘਰਦਿਆਂ ਦੀ ਗੱਲ ਵੀ ਨਹੀਂ ਸੁਣਦੇ। ਅਮਨ ਪਹਿਲਾਂ ਕਦੇ ਕਿਸੇ ਕੇਸ ਵਿਚ ਨਹੀਂ ਪਾਇਆ ਗਿਆ। ਇਸ ਨੂੰ ਬਾਕੀ ਮੁੰਡੇ ਲੈ ਕੇ ਗਏ। ਉਹਨਾਂ ਦੇ ਪਹਿਲਾਂ ਵੀ ਲੜਾਈ ਝਗੜੇ ਹੁੰਦੇ ਰਹਿੰਦੇ ਹਨ। ਧਰਮਵੀਰ ਉਰਫ਼ ਕਾਤਰਾ ਉੱਪਰ ਤਾਂ ਛੇ ਮਹੀਨੇ ਪਹਿਲਾ ਵੀ ਇਕ ਚੋਰੀ ਦਾ ਕੇਸ ਪਿਆ ਸੀ ਪਰ ਅਮਨ ਉਸ ਵਿਚ ਸ਼ਾਮਲ ਨਹੀਂ ਸੀ। ਮੈਂ ਬਸ ਇੰਨਾ ਹੀ ਉਹਨਾਂ ਬਾਰੇ ਸੁਣਿਆ ਹੈ ਪਰ ਹੋਰ ਮੈਂ ਉਹਨਾਂ ਬਾਰੇ ਕੁੱਝ ਨਹੀਂ ਜਾਣਦਾ।
    ਬਿਆਨ ਰਾਜਵੀਰ:- ਰਾਜਵੀਰ ਪੁੱਤਰ ਮਨਜੀਤ ਸਿੰਘ ਨੇ ਦੱਸਿਆ ਕਿ ਮੇਰੀ ਉਮਰ 29 ਸਾਲ ਹੈ। ਮੈਂ ਲਗਭਗ ਤਿੰਨ ਮਹੀਨੇ ਪਹਿਲਾਂ ਭਾਈ ਗੁਰਦਾਸ ਕਾਲਜ ਵਿਚ ਸਕਿਉਰਟੀ ਗਾਰਡ ਦੀ ਨੌਕਰੀ ਕਰਨ ਲੱਗਿਆ ਸੀ। ਮੈਂ 6 ਜੂਨ ਨੂੰ ਲਗਭਗ ਸਾਢੇ ਪੰਜ ਵਜੇ ਕਾਲਜ ਤੋਂ ਡਿਊਟੀ ਕਰਕੇ ਵਾਇਆ ਕਲੌਦੀ ਆਪਣੇ ਪਿੰਡ ਘਰਾਚੋਂ ਨੂੰ ਜਾ ਰਿਹਾ ਸੀ। ਰਸਤੇ ’ਚ 8-10 ਮੁੰਡਿਆਂ ਨੇ ਮੈਨੂੰ ਘੇਰ ਕੇ ਮੇਰੀ ਕੁੱਟਮਾਰ ਕੀਤੀ। ਇੱਕ ਨੇ ਮੇਰੀ ਬਾਂਹ ਉੱਪਰ ਖਪਰੇ ਦਾ ਵਾਰ ਕੀਤਾ ਅਤੇ ਦੂਸਰੇ ਨੇ ਮੇਰੀ ਪਿੱਠ ਵਿਚ ਛੁਰਾ (ਸੂਆ) ਮਾਰਿਆ। ਮੇਰਾ ਮੋਟਰ ਸਾਈਕਲ ਸਟਾਰਟ ਹੋਣ ਕਰਕੇ ਮੈਂ ਭਜਾ ਕੇ ਉਥੋਂ ਨਿੱਕਲ ਗਿਆ ਅਤੇ ਥੋੜ੍ਹਾ ਅੱਗੇ ਜਾ ਕੇ ਆਪਣੇ ਡੈਡੀ ਮਨਜੀਤ ਸਿੰਘ ਨੂੰ ਫੋਨ ਕੀਤਾ ਅਤੇ ਦੱਸਿਆ ਕਿ ਮੇਰੇ ਉੱਪਰ ਕੁੱਝ ਮੁੰਡਿਆਂ ਨੇ ਹਮਲਾ ਕੀਤਾ ਹੈ ਅਤੇ ਮੇਰੀ ਪਿੱਠ ਵਿਚ ਸੂਆ ਮਾਰਿਆ ਹੈ।
    ਮੇਰੇ ਡੈਡੀ ਨੇ ਮੈਨੂੰ ਉਹਨਾਂ ਦਾ ਪਿੱਛਾ ਕਰਨ ਲਈ ਕਿਹਾ ਅਤੇ ਕਿਹਾ ਕਿ ਪਤਾ ਕਰ ਕਿੱਧਰ ਨੂੰ ਜਾ ਰਹੇ ਹਨ ਅਸੀਂ ਆ ਰਹੇ ਹਾਂ। ਜਦੋਂ ਮੈਂ ਵਾਪਸ ਮੁੜਿਆ ਤਾਂ ਦੇਖਿਆ ਕਿ ਇਕ ਮੋਟਰਸਾਈਕਲ ਚੋਏ ਦੀ ਪਟੜੀ ਵੱਲ ਨੂੰ ਜਾ ਰਿਹਾ ਸੀ ਅਤੇ ਬਾਕੀ ਸਿੱਧਾ ਚਲੇ ਗਏ। ਮੈਂ ਇਕ ਗੈਪ ਬਣਾ ਕੇ ਚੋਏ ਵਾਲੀ ਸਾਈਡ ਗਏ ਮੋਟਰ ਸਾਈਕਲ ਦਾ ਪਿੱਛਾ ਕਰਨ ਲੱਗਾ। ਥੋੜਾ ਅੱਗੇ ਜਾ ਕੇ ਉਹਨਾਂ ਦੇ ਮੋਟਰਸਾਈਕਲ ਦਾ ਤੇਲ ਮੁੱਕ ਗਿਆ। ਮੋਟਰਸਾਈਕਲ ਰੋੜ੍ਹ ਕੇ ਵੱਡੇ ਰੋਡ ਉੱਪਰ ਚੜ੍ਹ ਗਏ। ਦੋ ਮੁੰਡੇ ਉਥੇ ਪਟਰੌਲ ਪੰਪ ਨੇੜੇ ਕੱਟ ਤੇ ਰੁਕ ਗਏ। ਇੱਕ ਮੋਟਰਸਾਈਕਲ ਰੋੜ੍ਹ ਕੇ ਤੇਲ ਪਵਾਉਣ ਲਈ ਪੰਪ ਵੱਲ ਚਲਾ ਗਿਆ। ਉਸੇ ਵਕਤ ਮੇਰਾ ਡੈਡੀ ਵੀ ਘਾਬਦਾਂ ਵਾਲੇ ਪਾਸਿਓਂ ਆ ਗਿਆ ਜਿਸ ਨੂੰ ਦੇਖ ਕੇ ਪੀਲੀ ਸ਼ਰਟ ਵਾਲਾ ਮੁੰਡਾ ਪਟਰੌਲ ਪੰਪ ਦੇ ਨੇੜੇ ਮੋਟਰਸਾਈਕਲ ਸੁੱਟ ਕੇ ਪੰਪ ਦੇ ਪਿੱਛੇ ਵੱਲ ਭੱਜਣ ਲੱਗਾ। ਜਿਸ ਨੂੰ ਅਸੀਂ ਕਾਬੂ ਕਰ ਲਿਆ ਅਤੇ ਉਸ ਨੂੰ ਕੱੁਟਣਾ ਸ਼ੁਰੂ ਕਰ ਦਿਤਾ। ਉਸ ਤੋਂ ਬਾਅਦ ਮੈਨੂੰ ਸਾਹ ਚੜ੍ਹਨ ਲੱਗਾ ਅਤੇ ਮੈਨੂੰ ਬਲਵਿੰਦਰ ਸਿੰਘ ਫ਼ੌਜੀ ਘਨੌੜ ਹਸਪਤਾਲ (ਸੰਗਰੂਰ) ਦਾਖ਼ਲ ਕਰਾਉਣ ਲਈ ਲੈ ਗਿਆ।
    ਬਿਆਨ ਮਨਜੀਤ ਸਿੰਘ ਘਰਾਚੋਂ:- ਮਨਜੀਤ ਸਿੰਘ ਨੇ ਕਮੇਟੀ ਨੂੰ ਦੱਸਿਆ ਕਿ ਜਦੋਂ ਉਸ ਦੇ ਲੜਕੇ ਰਾਜਵੀਰ ਨੇ ਫੋਨ ਕਰਕੇ ਮੈਨੂੰ ਦੱਸਿਆ ਕਿ ਕੁੱਝ ਮੁੰਡਿਆਂ ਨੇ ਉਸ ਨੂੰ ਘੇਰ ਕੇ ਉਸ ਉੱਪਰ ਹਮਲਾ ਕਰ ਦਿੱਤਾ ਅਤੇ ਪਿੱਠ ਵਿਚ ਸੂਆ ਮਾਰਿਆ ਤਾਂ ਮੈਂ ਉਸ ਨੂੰ ਇਹ ਪੁੱਛਿਆ ਕਿ ਉਹ ਠੀਕ ਤਾਂ ਹੈ। ਉਸ ਨੂੰ ਇਹਨਾਂ ਦਾ ਪਿੱਛਾ ਕਰਨ ਲਈ ਕਿਹਾ ਤੇ ਮੈਂ ਕਲੌਦੀ ਵਾਲੀ ਸਾਈਡ ਤੋਂ ਹੁੰਦੇ ਹੋਏ ਅੱਗਿਓਂ ਦੀ ਪਟਰੌਲ ਪੰਪ ਨੇੜੇ ਪਹੁੰਚ ਗਿਆ ਤਾਂ ਉਹ ਮੋਟਰਸਾਈਕਲ ਸੁੱਟ ਕੇ ਭੱਜ ਰਿਹਾ ਸੀ। ਮੈਂ ਉਸ ਨੂੰ ਪਟਰੋਲ ਪੰਪ ਦੀ ਪਿਛਲੀ ਸਾਈਡ ਜਾ ਕੇ ਫੜ ਲਿਆ ਅਤੇ ਕੁੱਟਣਾ ਸ਼ੁਰੂ ਕਰ ਦਿੱਤਾ ਅਤੇ ਉਦੋ ਤੱਕ ਕੁੱਟਿਆ ਜਦੋਂ ਤੱਕ ਮੈਂ ਥੱਕ ਨਹੀਂ ਗਿਆ। ਉਸ ਨੇ ਕਿਹਾ ਕਿ ਜੇ ਕਿਸੇ ਹੋਰ ਦੇ ਮੁੰਡੇ ਉੱਪਰ ਇਸ ਤਰ੍ਹਾਂ ਦਾ ਹਮਲਾ ਹੁੰਦਾ ਉਹ ਹੀ ਇਸ ਸਥਿਤੀ ਨੂੰ ਸਮਝ ਸਕਦਾ ਹੈ। ਮੈਂ ਵੀ ਹਮਲੇ ਬਾਰੇ ਸੁਣ ਕੇ ਭਾਵੁਕ ਹੋ ਗਿਆ ਜਿਸ ਕਾਰਨ ਮੈਂ ਉਹਨਾਂ ਨੂੰ ਇਸ ਤਰ੍ਹਾਂ ਕੁੱਟਿਆ। ਮਨਜੀਤ ਨੇ ਇਹ ਵੀ ਕਿਹਾ ਕਿ, ‘‘ਜੇਕਰ ਮੈਂ ਜਥੇਬੰਦੀ ’ਚ ਨਾ ਹੁੰਦਾ ਤਾਂ ਇਕ ਘੰਟੇ ਵਿਚ ਫੈਸਲਾ ਹੋ ਜਾਣਾ ਸੀ।’’ ਸਵਾਲ ਕਰਨ ਤੇ ਦੱਸਿਆ ਕਿ ਲੱਕੜ ਦਾ ਟੰਬਾ ਮੈਂ ਘਾਬਦਾਂ ਵਾਲੇ ਆਰੇ ਤੋਂ ਚੁੱਕਿਆ ਸੀ ਕਿਉਂਕਿ ਮੇਰੇ ਮੁੰਡੇ ਨੇ ਦੱਸਿਆ ਸੀ ਕਿ ਉਹਨਾਂ ਮੁੰਡਿਆਂ ਕੋਲ ਖਾਪਰਾ ਹੈ। ਮਨਜੀਤ ਨੇ ਇਹ ਵੀ ਦੱਸਿਆ ਕਿ ਰਾਜਵੀਰ ਦੀ ਕੋਈ ਵੀ ਲੁੱਟ ਖੋਹ ਨਹੀਂ ਹੋਈ, ਨਾ ਹੀ ਮੋਟਰਸਾਈਕਲ ਖੋਹਿਆ ਗਿਆ ਹੈ, ਕੁੱਟਣ ਤੋਂ ਬਾਅਦ ਅਸੀਂ ਉਥੇ ਪੁਲਿਸ ਨੂੰ ਬੁਲਾਇਆ ਅਤੇ ਦੋਵਾਂ ਮੁੰਡਿਆਂ ਨੂੰ ਪੁਲਿਸ ਹਵਾਲੇ ਕਰ ਦਿੱਤਾ। ਇਸ ਤੋਂ ਲਗਭਗ ਇੱਕ ਘੰਟਾ ਬਾਅਦ ਅਸੀਂ ਥਾਣੇ ਵਿਚ ਆਪਣੇ ਬਿਆਨ ਦਰਜ਼ ਕਰਾਉਣ ਲਈ ਪਹੁੰਚੇ, ਜਿੱਥੇ ਪੁਲਸ ਨੇ ਸਾਡੇ ਬਿਆਨ ਲਿਖ ਲਏ। ਅਸੀਂ ਦੇਖਿਆ ਕਿ ਪੁਲਸ ਨੇ ਉਹਨਾਂ ਦੋਵਾਂ ਮੁੰਡਿਆਂ ਨੂੰ ਹਾਲੇ ਤੱਕ ਹਸਪਤਾਲ ਦਾਖਲ ਨਹੀਂ ਸੀ ਕਰਾਇਆ। ਸਾਡੇ ਕਹਿਣ ਤੋਂ ਬਾਅਦ ਪੁਲਸ ਵਾਲੇ ਉਹਨਾਂ ਨੂੰ ਪ੍ਰਾਈਵੇਟ ਗੱਡੀ ਵਿਚ ਕੁੱਝ ਪ੍ਰਾਈਵੇਟ ਬੰਦਿਆਂ ਨਾਲ ਹਸਪਤਾਲ ਦਾਖ਼ਲ ਕਰਾਉਣ ਲਈ ਭੇਜ ਰਹੇ ਸੀ। ਅਸੀਂ ਪੁਲਸ ਨੂੰ ਕਿਹਾ ਕਿ ਮੁਲਾਜ਼ਮ ਆਪ ਜਾ ਕੇ ਉਹਨਾਂ ਨੂੰ ਦਾਖ਼ਲ ਕਰਾਉਣ। ਸਾਨੂੰ ਇਸ ਗੱਲ ਦਾ ਖ਼ਤਰਾ ਸੀ ਕਿ ਪੁਲਸ ਮੁਲਾਜ਼ਮਾਂ ਤੋਂ ਬਿਨਾਂ ਜੇਕਰ ਹੋਰ ਕੋਈ ਇਹਨਾਂ ਨੂੰ ਦਾਖ਼ਲ ਕਰਾਉਣ ਜਾਵੇਗਾ ਤਾਂ ਇਹਨਾਂ ਦਾ ਜਾਨੀ ਨੁਕਸਾਨ ਕਰਕੇ ਸਾਡੇ ਗਲ ਵੀ ਪਾ ਸਕਦੇ ਹਨ। ਸਾਡੀ ਜੱਦੋਜਹਿਦ ਤੋਂ ਬਾਅਦ ਪੁਲਸ ਨੇ ਲਗਭਗ 12 ਵਜੇ ਉਹਨਾਂ ਨੂੰ ਦਾਖ਼ਲ ਕਰਵਾਇਆ। ਸਾਨੂੰ ਲੱਗਿਆ ਕਿ ਪੁਲਸ ਦੀ ਮਨਸ਼ਾ ਉਹਨਾਂ ਨੂੰ ਮਾਰਨ ਦੀ ਸੀ। ਉਸ ਨੇ ਕਿਹਾ ਅਸੀਂ ਪਤਾ ਕੀਤਾ ਹੈ ਪਹਿਲਾਂ ਵੀ ਹਰਜੀਤ ਤੋਂ ਲੌਂਗੋਵਾਲ ਪੁਲਸ ਨੇ ਤਾਰਾਂ ਵੱਢਣ ਵਾਲੇ ਸਮਾਨ ਸਮੇਤ ਫੜਿਆ ਸੀ ਜਿਸ ਨੂੰ ਪਿੰਡ ਦੀ ਸਰਪੰਚ ਨੇ ਛੁਡਾਇਆ ਸੀ। ਹਰਜੀਤ ਦੇ ਪਿਉ ’ਤੇ ਅੱਠ ਤੋਂ ਦਸ ਪਰਚੇ ਦਰਜ਼ ਹਨ। ਅਸੀਂ ਇਹਨਾਂ ਨੂੰ ਨਹੀਂ ਸੀ ਜਾਣਦੇ। ਪੁਲਸ ਨੇ ਅੱਠ ਬੰਦਿਆਂ ਦੇ ਨਾਮ ਦਾਖ਼ਲ ਹੋਏ ਬੰਦਿਆਂ ਦੇ ਦੱਸਣ ’ਤੇ ਲਿਖੇ ਹਨ। ਇਹਨਾਂ ਨੇ ਪਹਿਲਾਂ ਵੀ ਕਈ ਵਾਰਦਾਤਾਂ ਕੀਤੀਆਂ ਹਨ।
    ਬਿਆਨ ਦਰਸ਼ਨ ਸਿੰਘ ਚੱਠੇ ਸੇਖਵਾਂ-ਇਸ ਵਿਅਕਤੀ ਨੇ ਕਮੇਟੀ ਨਾਲ ਗੱਲ ਸ਼ੁਰੂ ਕਰਦੇ ਹੀ ਪਹਿਲਾਂ ਤਾਂ ਮਨਜੀਤ ਵੱਲੋਂ ਕੀਤੀ ਕੁੱਟਮਾਰ ’ਤੇ ਬੋਲਦਿਆਂ ਕਿਹਾ ਕਿ ਉਸ ਨੂੰ ਇਸ ਤਰ੍ਹਾਂ ਨਹੀਂ ਸੀ ਕਰਨਾ ਚਾਹੀਦਾ ਅਤੇ ਮਨਜੀਤ ਖਿਲਾਫ਼ ਬੋਲਦਿਆਂ ਉਸਨੇ ਕਿਹਾ ਕਿ ਮਨਜੀਤ ਦਾ ਪਿਛਲਾ ਪਿੰਡ ਠਰਬੀ ਹੈ ਅਤੇ ਇਸ ਨੇ ਲੱਖਾਂ ਠੱਗੀ ਮਾਰੀ ਹੈ। ਇਸ ਤੋਂ ਬਾਅਦ ਉਸ ਨੇ ਕਿਹਾ ਕਿ ਹਰਜੀਤ ਸਾਡੇ ਵਾਲੇ ਪਾਸੇ ਨਹੀਂ ਰਹਿੰਦਾ। ਮੈਂ ਤੁਹਾਡੀ ਉਸ ਪਾਸੇ ਦੇ ਇਕ ਬੰਦੇ ਨਾਲ ਗੱਲ ਕਰਾ ਦਿੰਦਾ ਹਾਂ ਤੇ ਉਸ ਨੇ ਪਿੰਡ ਦੇ ਇਕ ਬੰਦੇ ਰਾਮੇ ਨੂੰ ਫੋਨ ਲਾਇਆ ਅਤੇ ਗੱਲ ਕੀਤੀ। ਗੱਲਬਾਤ ਵਿਚ ਰਾਮੇ ਨੇ ਦੱਸਿਆ ਕਿ ਬੀੜੀ ਜਰਦੇ ਜਾਂ ਕੂਲ ਲਿਪ ਪਿੱਛੇ ਗਾਲੀ ਗਲੋਚ ਹੋਈ ਸੀ। ਮੈਂ ਹਰਜੀਤ ਨੂੰ ਜਾਣਦਾ ਹਾਂ ਅਤੇ ਉਹਨਾਂ ਨਾਲ ਥਾਣੇ ਵੀ ਗਿਆ ਸੀ। ਮੈਂ ਮਨਜੀਤ ਦੀ ਕਾਰਵਾਈ ਨਾਲ ਬਿਲਕੁਲ ਵੀ ਸਹਿਮਤ ਨਹੀ ਹਾਂ।
    ਬਿਆਨ ਚੱਠੇ ਪਿੰਡ ਦੀ ਇਕ ਔਰਤ:-ਪਿੰਡ ਦੀ ਔਰਤ ਨੇ ਆਪਣੀ ਪਛਾਣ ਗੁਪਤ ਰੱਖਣ ਦੀ ਸ਼ਰਤ ਉੱਪਰ ਦੱਸਿਆ ਕਿ ਹਰਜੀਤ ਪਿੰਡ ਦੀ ਇਕ ਔਰਤ ਦੀਆਂ ਵਾਲੀਆਂ ਉਤਾਰਦੇ ਹੋਏ ਫੜਿਆ ਗਿਆ ਸੀ ਫਿਰ ਇਹ ਭੱਜ ਗਿਆ ਸੀ। ਦੇਖਣ ਨੂੰ ਤਾਂ ਇੰਜ ਲਗਦਾ ਹੈ ਜਿਵੇਂ ਇਹ ਬਹੁਤ ਚੰਗਾ ਹੋਵੇ ਪਰ ਇਸ ਨੂੰ ਕਈ ਵਾਰ ਸਰਪੰਚ ਛੁਡਾ ਕੇ ਲਿਆਈ ਹੈ। ਜੇ ਇਹ ਭਲੇਮਾਣਸ ਹੁੰਦੇ ਤਾਂ ਸਾਡੇ ਦੋਵੇਂ ਵਿਹੜੇ ਇਹਨਾਂ ਦੀ ਮਦਦ ’ਤੇ ਜਾਂਦੇ। ਪਿੰਡ ਦੇ ਇੱਕ ਦੋ ਹੋਰ ਮੁੰਡੇ ਇਸ ਦੇ ਨਾਲ ਹਨ। ਇਹ ਬਹੁਤ ਵਿਗੜ ਚੁਕੇ ਹਨ।
ਬਿਆਨ ਕੁੱਟਮਾਰ ਵਾਲੀ ਥਾਂ ਨੇੜੇ ਪਟਰੌਲ ਪੰਪ ਵਾਲੇ:- ਇਹਨਾਂ ਮੁਤਾਬਕ ਦੋ ਮੁੰਡੇ ਇਕ ਮੋਟਰਸਾਈਕਲ ਤੇ ਸਨ ਜੋ ਪਟਰੋਲ ਪੰਪ ਦੇ ਨੇੜੇ ਮੋਟਰਸਾਈਕਲ ਸੁੱਟ ਕੇ ਜ਼ਮੀਨ ਵਿੱਚ ਦੀ ਦੌੜੇ ਤੇ ਪਿੱਛੇ ਆ ਰਹੇ ਬੰਦਿਆਂ ਨੇ ਇਹਨਾਂ ਨੂੰ ਭੱਜ ਕੇ ਫੜਿਆ ਅਤੇ ਕੁੱਟਮਾਰ ਕੀਤੀ। ਉਹਨਾਂ ਅਨੁਸਾਰ ਇਹਨਾਂ ਦੀ ਪਹਿਲਾਂ ਪਿੱਛੇ ਵੀ ਕੋਈ ਲੜਾਈ ਹੋਈ ਸੀ ਇਸ ਲਈ ਇਹਨਾਂ ਦੀ ਕੱੁਟਮਾਰ ਹੋਈ। ਉਹਨਾਂ ਕਿਹਾ ਕਿ ਵਧੀਆ ਇਹਨਾਂ ਨੂੰ ਐਵੇ ਹੀ ਸਬਕ ਸਿਖਾਉਣਾ ਚਾਹੀਦਾ ਹੈ। ਇੱਥੇ ਲੁਟ ਖੋਹ ਦੀਆਂ ਵਾਰਦਾਤਾਂ ਪਹਿਲਾਂ ਵੀ ਕਈ ਵਾਰ ਹੋ ਚੁੱਕੀਆਂ ਹਨ। ਸ਼ਾਇਦ ਇਹ ਵੀ ਲੁੱਟ-ਖੋਹ ਵਾਲੇ ਹੀ ਸਨ।
ਬਿਆਨ ਜਗਤਾਰ ਲੱਡੀ-ਜਗਤਾਰ ਨੇ ਕਮੇਟੀ ਨਾਲ ਗਲਬਾਤ ਕਰਦੇ ਹੋਏ ਦੱਸਿਆ ਕਿ ਉਸ ਕੋਲ ਨੌਂ ਵਿਘੇ ਜ਼ਮੀਨ ਆਪਣੀ ਹੈ ਤੇ ਨੌ ਵਿਘੇ ਠੇਕੇ ’ਤੇ ਲੈ ਕੇ ਖੇਤੀ ਕਰਦਾ ਹੈ। ਉਸ ਨੂੰ ਬਲਵਿੰਦਰ ਘਨੌੜ ਨੇ ਇਸ ਘਟਨਾ ਬਾਰੇ ਫੋਨ ਕਰਕੇ ਦੱਸਿਆ ਅਤੇ ਉਹ ਲੜਾਈ ਵਾਲੀ ਥਾਂ ’ਤੇ ਲਗਭਗ 7 ਤੋਂ 7.15 ਵਜੇ ਪਹੁੰਚਿਆ। ਉਸ ਨੇ ਦੱਸਿਆ ਕਿ ਉਸ ਨੇ ਘਰ ਤੋਂ ਚੱਲਣ ਸਮੇਂ ਐਸ.ਐਚ.ਓ. ਨੂੰ ਫੋਨ ਕਰਕੇ ਦੱਸਿਆ ਕਿ ਭਾਈ ਗੁਰਦਾਸ ਦੇ ਨੇੜੇ ਕੋਈ ਲੜਾਈ ਹੋਈ ਹੈ।
    ਉਥੇ ਲੋਕਾਂ ਦਾ ਕਾਫੀ ਇਕੱਠ ਹੈ ਅਤੇ ਭੀੜ ਕੋਈ ਵੀ ਨੁਕਸਾਨ ਕਰ ਸਕਦੀ ਹੈ। ਉਸ ਨੇ ਕਿਹਾ ਕਿ ਮੇਰੇ ਪਹੁੰਚਣ ਤੋਂ ਪਹਿਲਾਂ ਕੁੱਟਮਾਰ ਹੋ ਚੁੱਕੀ ਸੀ। ਉੱਥੇ ਨਵਾਂ ਸਪਲੈਂਡਰ ਤੇ ਪਲਟੀਨਾ ਖੜ੍ਹਾ ਸੀ। ਇਕ ਮੋਟਰਸਾਈਕਲ ਭਾਈ ਗੁਰਦਾਸ ਕਾਲਜ ਦੇ ਅੱਗੇ ਤੇ ਦੂਸਰਾ  ਪੈਟਰੋਲ ਪੰਪ ਕੋਲ। ਦੋਵੇਂ ਬੰਦੇ ਏ.ਐਸ.ਆਈ. ਮਲਕੀਤ ਸਿੰਘ ਨੂੰ ਫੜਾਏ। ਉਸ ਨੇ ਦੱਸਿਆ ਕਿ ਪੁਲਸ ਮੇਰੇ ਨਾਲ ਰੰਜਿਸ਼ ਤਹਿਤ ਮੇਰਾ ਨਾਮ ਇਸ ਕੇਸ ਨਾਲ ਜੋੜ ਰਹੀ ਹੈ ਕਿਉਂਕਿ ਪੁਲਸ ਤਿੰਨ ਮਈ ਨੂੰ ਸ਼ਾਮ 7.30 ਮੇਰੇ ਪਿੰਡ ਦੇ ਮਜ਼ਦੂਰ ਸੁਖਜਿੰਦਰ ਸਿੰਘ ਉਰਫ਼ ਜੁਗਨੂੰ ਨੂੰ ਗ੍ਰਿਫ਼ਤਾਰ ਕਰਕੇ ਲੈ ਗਈ ਸੀ ਜਿਸ ਤੇ ਅਸੀਂ ਪਿੰਡ ਵਿਚ ਆਏ ਐਸ. ਐਚ.ਓ. ਨੂੰ ਘੇਰ ਲਿਆ ਤੇ ਬਦਲੇ ਵਿਚ ਮਜ਼ਦੂਰ ਨੂੰ ਛੁਡਾਇਆ ਅਤੇ ਇਸ ਤੋਂ ਬਿਨਾਂ ਵੀ ਅਸੀਂ ਕਈ ਲੋਕਾਂ ਤੋਂ ਨਜਾਇਜ਼ ਰਿਸ਼ਵਤ ਲੈਂਦੇ ਪੁਲਸ ਅਧਿਕਾਰੀਆਂ ਤੋਂ ਪੈਸੇ ਵਾਪਸ ਕਰਵਾਏ ਸੀ। ਜਿਸ ਕਾਰਨ ਮੇਰਾ ਨਾਮ ਇਸ ਕੇਸ ਵਿਚ ਪਾਇਆ ਜਾ ਰਿਹਾ ਹੈ। ਇਸ ਤੋਂ ਕੁਝ ਦਿਨ ਪਹਿਲਾਂ ਮੈਂ ਕੁੱਝ ਵਿਦਿਆਰਥੀਆਂ ਤੋਂ ਪੁਲਿਸ ਦੁਆਰਾ ਲਈ 12000 ਰੁਪਏ ਰਿਸ਼ਵਤ ਦੇ ਪੈਸੇ ਵਾਪਸ ਕਰਵਾਏ ਸੀ ਅਤੇ ਹੋਰ ਕਈ ਮਸਲੇ ਸੀ। ਇਹਨਾਂ ਕਾਰਨਾਂ ਕਰਕੇ ਪੁਲਸ ਮੇਰੇ ਨਾਲ ਰੰਜਿਸ਼ ਰਖਦੀ ਸੀ। ਘਟਨਾ ਵਾਲੇ ਦਿਨ ਅਸੀਂ ਲਗਭਗ 8.30 ਥਾਣੇ ਗਏ, ਥਾਣੇ ਤੋਂ ਪਹਿਲਾਂ ਅਸੀਂ ਸੰਗਰੂਰ ਹਸਪਤਾਲ ਵਿਖੇ ਗਏ। ਇਸ ਮੌਕੇ ਮੇਰੇ ਨਾਲ ਚਮਕੌਰ ਸਿੰਘ ਸਾਬਕਾ ਸਰਪੰਚ, ਕੁਲਵਿੰਦਰ ਸਿੰਘ ਇਕਾਈ ਪ੍ਰਧਾਨ ਬੀਕੇਯੂ, ਸੰਦੀਪ ਸਿੰਘ, ਚਮਕੌਰ ਸਿੰਘ ਅਤੇ ਅਵਤਾਰ ਸਿੰਘ ਸਨ।
    ਬਿਆਨ ਸੁਖਜਿੰਦਰ ਸਿੰਘ ਪੁਤਰ ਤਰਲੋਚਨ ਸਿੰਘ:- ਉਸ ਨੇ ਦੱਸਿਆ ਕਿ ਮੈਨੂੰ ਪੁਲਸ 2012 ਦੇ ਇਕ ਐਕਸੀਡੈਂਟ ਕੇਸ ਵਿਚ ਗਿ੍ਰਫ਼ਤਾਰ ਕਰਨ ਆਈ ਸੀ। ਜਿਸ ਵਿਚ ਪੁਲਸ ਨੇ ਮੈਨੂੰ ਪੀ.ਓ. ਕੀਤਾ ਹੋਇਆ ਸੀ। ਕਿਸਾਨ ਜਥੇਬੰਦੀ ਦੇ ਆਗੂ ਜਗਤਾਰ ਸਿੰਘ ਨੇ ਮੈਨੂੰ ਪੁਲਸ ਤੋਂ ਬਚਾਇਆ ਸੀ। ਜਾਂਚ ਦੌਰਾਨ ਸਾਡੇ ਕੋਲ ਇਸ ਕੇਸ ਵਿਚ ਨਾਮਜ਼ਦ ਮਨਪ੍ਰੀਤ ਉਰਫ਼ ਮਨੀ ਖਿਲਾਫ਼ ਮਿਤੀ 04-1-24 ਦੀ ਐਫ.ਆਈ.ਆਰ. ਨੰਬਰ 0001 ਦੀ ਕਾਪੀ ਹੈ ਜਿਸ ਵਿਚ ਉਸ ਉੱਪਰ ਇਰਾਦਾ ਕਤਲ ਅਤੇ ਲੁੱਟਖੋਹ ਵਰਗੀਆਂ ਸੰਗੀਨ ਧਾਰਾਵਾਂ ਲੱਗੀਆਂ ਹੋਈਆਂ ਹਨ। ਇਸ ਤੋਂ ਬਿਨਾਂ ਧਰਮਵੀਰ ਸਿੰਘ ਪੁੱਤਰ ਹਰਮੇਸ਼ ਸਿੰਘ ਵਾਸੀ ਪਿੰਡ ਬਾਲੀਆਂ ਦੇ ਰਾਜ਼ੀਨਾਮੇ ਦੀ ਕਾਪੀ ਹੈ ਜੋ 9-2-24 ਨੂੰ ਚਾਹ ਦੇ ਗਲਾਸ ਬਦਲੇ ਹੋਈ ਲੜਾਈ ਦੀ ਹੈ ਜਿਸ ਵਿਚ ਮਿਤੀ 26-12-23 ਨੂੰ ਮੁਕੱਦਮਾ ਨੰ. 171 ਧਾਰਾ 324, 323, 141, 148, 149, 506 ਤਹਿਤ ਦਰਜ਼ ਹੋਣ ਦੀ ਕਾਪੀ ਮਿਲੀ ਹੈ। ਇਸ ਤੋਂ ਬਿਨਾਂ ਇਹਨਾਂ ਵਿਚੋਂ ਕੁਝ ਨੌਜਵਾਨਾਂ ਦੀਆਂ ਸੋਸ਼ਲ ਮੀਡੀਆ ’ਤੇ ਪਾਏ ਕੁੱਝ ਵੀਡੀਓ ਕਲਿੱਪ ਮਿਲੇ ਹਨ ਜੋ ਉਹਨਾਂ ਦੇ ਲੜਾਈ ਝਗੜੇ ਵਾਲੇ ਕਿਰਦਾਰ ਵੱਲ ਇਸ਼ਾਰਾ ਕਰਦੇ ਹਨ। ਇਸ ਤੋਂ ਬਿਨਾਂ ਰਾਜਵੀਰ ਨੂੰ ਜਖ਼ਮੀ ਕਰਨ ਤੋਂ ਬਾਅਦ ਫਰਾਰ ਹੋਣ ਮੌਕੇ ਮੋਟਰਸਾਈਕਲ ਰੋੜ੍ਹ ਕੇ ਲੈ ਜਾਂਦਿਆਂ ਦੀ ਇਕ ਸੀਸੀਟੀਵੀ ਫੁਟੇਜ ਮਿਲੀ ਹੈ।
    ਇਸ ਸਾਰੀ ਘਟਨਾ ਦੀ ਜਾਂਚ ਪੜਤਾਲ ਤੋਂ ਬਾਅਦ ਵੱਖ ਵੱਖ ਲੋਕਾਂ ਤੋਂ ਇਕੱਠੇ ਕੀਤੇ ਤੱਥਾਂ ਦੇ ਆਧਾਰ ’ਤੇ ਇਹ ਗੱਲ ਸਾਹਮਣੇ ਆਉਂਦੀ ਹੈ ਕਿ ਅਸਲ ਵਿਚ ਰਾਜਵੀਰ ਸਿੰਘ ਪੁੱਤਰ ਮਨਜੀਤ ਸਿੰਘ ਜੋ ਕਿ ਭਾਈ ਗੁਰਦਾਸ ਕਾਲਜ ਵਿਚ ਨੌਕਰੀ ਕਰਦਾ ਹੈ, ਵਕਤ ਕਰੀਬ 5.30 ਵਜੇ ਸ਼ਾਮ ਨੂੰ ਕਾਲਜ ਤੋਂ ਆਪਣੇ ਪਿੰਡ ਘਰਾਚੋਂ ਨੂੰ ਕਲੋਦੀ ਪਿੰਡ ਵਾਲੇ ਰਸਤੇ ਤੋਂ ਘਰ ਵਾਪਸ ਜਾ ਰਿਹਾ ਸੀ। ਜਿੱਥੇ ਰਸਤੇ ਵਿਚ ਕਲੋਦੀ ਅਤੇ ਘਰਾਚੋਂ ਦੇ ਵਿਚਕਾਰ ਚੋਏ ਦੇ ਪੁਲ ਕੋਲ ਹਰਜੀਤ ਅਤੇ ਅਮਨ ਪਹਿਲਾਂ ਹੀ ਆਪਣੇ ਛੇ ਸੱਤ ਦੋਸਤਾਂ ਨਾਲ ਮੌਜੂਦ ਸਨ। ਜੋ ਕਿ ਬਡਰੁੱਖਾਂ ਪਿੰਡ ਦੇ ਕਿਸੇ ਲੜਕੇ ਨਾਲ ਲੜਾਈ ਦੇ ਬੰਨ੍ਹੇ ਟਾਈਮ ਲਈ ਜਾਣ ਤੋਂ ਪਹਿਲਾਂ ਇਕੱਠੇ ਹੋਏ ਸਨ ਅਤੇ ਕਿਸੇ ਨਸ਼ੇ ਦੀ ਵਰਤੋਂ ਕਰ ਰਹੇ ਸਨ। ਉਸ ਸਮੇਂ ਰਾਜਵੀਰ ਇਹਨਾਂ ਨੂੰ ਇਕੱਠੇ ਹੋਏ ਦੇਖ ਕੇ ਰੁਕਦਾ ਹੈ ਅਤੇ ਕਿਸੇ ਨਸ਼ੇ ਦੀ ਮੰਗ ਕਰਦਾ ਹੈ ਜੋ ਕਿ ਪਿੰਡ ਦੇ ਲੋਕਾਂ ਤੋਂ ਇਨਕੁਆਰੀ ਦੌਰਾਨ ਪੁੱਛੇ ਜਾਣ ’ਤੇ ਪਤਾ ਲੱਗਾ ਹੈ ਕਿ ਰਾਜਵੀਰ ਵੀ ਨਸ਼ੇ ਦਾ ਆਦੀ ਹੈ। ਕਿਸੇ ਨਸ਼ੇ ਦੇ ਲੈਣ ਦੇਣ ਨੂੰ ਲੈ ਕੇ ਇਹਨਾਂ ਵਿਚ ਤਕਰਾਰ ਹੁੰਦੀ ਹੈ। ਜਿਸ ਤੋਂ ਬਾਅਦ ਇਹ ਨੌਜਵਾਨ ਰਾਜਵੀਰ ਦੀ ਕੁੱਟਮਾਰ ਕਰਕੇ ਅਤੇ ਪਿੱਠ ਵਿਚ ਸੂਆ ਮਾਰ ਕੇ ਉਸ ਨੂੰ ਭਜਾ ਦਿੰਦੇ ਹਨ। ਜਿਸ ਤੋਂ ਬਾਅਦ ਰਾਜਵੀਰ ਆਪਣੇ ਪਿਤਾ ਮਨਜੀਤ ਸਿੰਘ ਨੂੰ ਫੋਨ ਕਰਕੇ ਕਹਿੰਦਾ ਹੈ ਕਿ ਮੇਰੇ ਉੱਪਰ ਇਸ ਜਗ੍ਹਾ ’ਤੇ ਹਮਲਾ ਹੋਇਆ ਹੈ ਅਤੇ ਇਸ ਤੋਂ ਬਾਅਦ ਮਨਜੀਤ ਸਿੰਘ ਰਾਜਵੀਰ ਨੂੰ ਉਹਨਾਂ ਦਾ ਪਿੱਛਾ ਕਰਨ ਲਈ ਆਖ ਕੇ ਫੌਰੀ ਆਪ ਵੀ ਉਹਨਾਂ ਦੇ ਪਿੱਛੇ ਆਉਂਦਾ ਹੈ। ਚੋਏ ਦੀ ਪਟੜੀ ਤੋਂ ਮੋਟਰਸਾਈਕਲ ’ਤੇ ਸਵਾਰ ਤਿੰਨ ਨੌਜਵਾਨ ਪੀ.ਜੀ.ਆਈ. ਨੇੜੇ ਘਾਬਦਾਂ ਵਾਲੀ ਵੱਡੀ ਸੜਕ ਵੱਲ ਆਉਂਦਿਆਂ ਉਹਨਾਂ ਦਾ ਮੋਟਰਸਾਈਕਲ ਦਾ ਤੇਲ ਮੁੱਕ ਜਾਂਦਾ ਹੈ ਜੋ ਕਿ ਸੀਸੀਟੀਵੀ ਫੁਟੇਜ ਵਿਚ ਬਹੁਤ ਸਾਫ਼ ਨਜ਼ਰ ਆਉਂਦਾ ਹੈ। ਇਕ ਮੁੰਡਾ ਮੋਟਰਸਾਈਕਲ ਰੇੜ੍ਹ ਰਿਹਾ ਹੈ ਤੇ ਦੋ ਨਾਲ ਪੈਦਲ ਤੁਰੇ ਜਾ ਰਹੇ ਹਨ। ਮੁੱਖ ਮਾਰਗ ’ਤੇ ਆਉਣ ਤੋਂ ਬਾਅਦ ਭਾਈ ਗੁਰਦਾਸ ਕਾਲਜ ਨੇੜੇ ਪੈਟਰੋਲ ਪੰਪ ਤੋਂ ਤੇਲ ਪਾਉਣ ਲਈ ਇੱਕ ਲੜਕਾ ਮੋਟਰਸਾਈਕਲ ਰੋੜ੍ਹ ਕੇ ਪੰਪ ਵੱਲ ਜਾਂਦਾ ਹੈ। ਬਾਕੀ ਦੋ ਉੱਥੇ ਰੁਕ ਜਾਂਦੇ ਹਨ। ਜਿੱਥੇ ਮਨਜੀਤ ਕਲੌਦੀ ਵਾਲੇ ਰਸਤਿਉਂ ਹੁੰਦੇ ਹੋਏ ਘਾਬਦਾਂ ਵਾਲੀ ਸਾਈਡ ਤੋਂ ਪੰਪ ਕੋਲ  ਅੱਗੇ ਪਹੁੰਚਦਾ ਹੈ।
    ਦੋਵੇਂ ਪਾਸਿਓਂ ਘੇਰਾ ਪੈਂਦਾ ਦੇਖ ਕੇ ਅਮਨ ਮੋਟਰਸਾਈਕਲ ਸੁੱਟ ਕੇ ਪੰਪ ਦੇ ਪਿਛਲੀ ਸਾਈਡ ਖੇਤਾਂ ਵਿਚ ਭੱਜਦਾ ਹੈ ਜਿਸ ਨੂੰ ਮਨਜੀਤ ਤੇ ਹੋਰਨਾਂ ਵੱਲੋਂ ਫੜ ਲਿਆ ਜਾਂਦਾ ਹੈ ਅਤੇ ਬੜੀ ਬੇਰਹਿਮੀ ਨਾਲ ਕੁੱਟਮਾਰ ਕੀਤੀ ਜਾਂਦੀ ਹੈ। ਉਸ ਸਮੇਂ ਹਰਜੀਤ ਸਿੰਘ ਘਾਬਦਾਂ ਵਾਲੀ ਸਾਈਡ ਤੋਂ ਦੂਸਰੇ ਮੋਟਰਸਾਈਕਲ ਉੱਪਰ ਆਉਂਦੇ ਹਨ ਅਤੇ ਹਰਜੀਤ ਸਿੰਘ ਵੱਲੋਂ ਅਮਨ ਨੂੰ ਬਚਾਉਣ ਦੀ ਕੋਸ਼ਿਸ਼ ਕੀਤੀ ਜਾਂਦੀ ਹੈ। ਪਰ ਮਨਜੀਤ ਸਿੰਘ ਹੁਰਾਂ ਵੱਲੋਂ ਹਰਜੀਤ ਸਿੰਘ ਦੀ ਵੀ ਕੁੱਟਮਾਰ ਹੁੰਦੀ ਹੈ ਜੋ ਕਿ ਵੀਡੀਓ ਵਿਚ ਦੋਹਾਂ ਨੂੰ ਬੇਰਹਿਮੀ ਨਾਲ ਕੁੱਟ ਰਿਹਾ ਹੈ। ਇਸ ਕੁੱਟਮਾਰ ਦੌਰਾਨ ਵੀਡੀਓ ਵਿਚ ਮਨਜੀਤ ਸਿੰਘ ਦਾ ਬੇਟਾ ਰਾਜਵੀਰ ਵੀ ਉਹਨਾਂ ਨੂੰ ਨਾਲ ਕੁੱਟਦਾ ਨਜ਼ਰ ਆਉਂਦਾ ਹੈ ਜੋ ਸਾਡੇ ਸਾਹਮਣੇ ਕਈ ਸਵਾਲ ਖੜ੍ਹੇ ਕਰਦਾ ਹੈ ਕਿ ਸੂਆ ਲੱਗਣ ਤੋਂ ਬਾਅਦ ਵੀ ਉਹ ਠੀਕ ਕਿਵੇਂ ਹੈ ਤਾਂ ਇਸ ਸਬੰਧੀ ਇਕ ਡਾਕਟਰ ਨਾਲ ਗੱਲ ਕੀਤੀ। ਰਾਏ ਤੋਂ ਬਾਅਦ ਇਹ ਗੱਲ ਸਾਹਮਣੇ ਆਉਂਦੀ ਹੈ ਕਿ ਸੂਆ ਲੱਗਣ ਕਾਰਨ ਫੇਫੜੇ ਦੇ ਫਟ ਜਾਣ ਤੋਂ ਬਾਅਦ ਜਿਵੇਂ ਜਿਵੇਂ ਉਸ ਵਿਚ ਹਵਾ ਅਤੇ ਖੂਨ ਭਰੇਗਾ ਉਵੇਂ ਸਾਹ ਲੈਣ ਵਿਚ ਸਮੱਸਿਆ ਵਧੇਗੀ। ਇਸ ਲਈ ਇਹ ਘਟਨਾ ਲਗਭਗ ਇੱਕ ਘੰਟੇ ਦੇ ਅੰਦਰ ਅੰਦਰ ਵਾਪਰੀ ਹੈ ਤਾਂ ਡਾਕਟਰ ਦੀ ਰਾਏ ਮੁਤਾਬਕ ਇੰਨਾਂ ਕੁ ਸਮਾਂ ਜਖ਼ਮੀ ਵਿਅਕਤੀ ਨੂੰ ਬਹੁਤ ਅਹਿਸਾਸ ਨਹੀਂ ਹੁੰਦਾ। ਇਸ ਦੌਰਾਨ ਕੁੱਟਮਾਰ ਤੋਂ ਬਾਅਦ ਪੁਲਸ ਨੂੰ ਫੋਨ ਕਰਕੇ ਇਸ ਘਟਨਾ ਸਥਾਨ ’ਤੇ ਬੁਲਾਇਆ ਜਾਂਦਾ ਹੈ ਜਿਥੇ ਏ.ਐਸ.ਆਈ. ਮਲਕੀਤ ਸਿੰਘ ਦੀ ਅਗਵਾਈ ਹੇਠ ਪੁਲਸ ਫੋਰਸ ਦੋਹਾਂ ਜਖ਼ਮੀ ਨੌਜਵਾਨਾਂ ਅਮਨ ਤੇ ਹਰਜੀਤ ਨੂੰ ਆਪਣੇ ਨਾਲ ਥਾਣੇ ਬਾਲੀਆਂ ਲੈ ਕੇ ਆਉਂਦੀ ਹੈ ਜਿਸ ਦੀ ਪੁਸ਼ਟੀ ਐਸ.ਐਚ.ਓ. ਬਲਵੰਤ ਸਿੰਘ ਵੱਲੋਂ ਜਾਂਚ ਕਮੇਟੀ ਨਾਲ ਗੱਲਬਾਤ ਦੌਰਾਨ ਕੀਤੀ ਗਈ। ਅਤੇ ਦੂਸਰੀ ਧਿਰ ਰਾਜਵੀਰ ਨੂੰ ਸੰਗਰੂਰ ਹਸਪਤਾਲ ਲੈ ਕੇ ਜਾਂਦੀ ਹੈ। ਇਸ ਤੋਂ ਬਾਅਦ ਮਨਜੀਤ ਸਿੰਘ ਤੇ ਉਸ ਦੇ ਸਾਥੀ ਜਗਤਾਰ ਲੱਡੀ ਸਮੇਤ ਇਕੱਠੇ ਹੋ ਕੇ ਥਾਣੇ ਬਲੀਆਂ ਵਿਚ ਆਪਣੇ ਬਿਆਨ ਦਰਜ ਕਰਾਉਣ ਲਈ ਪਹੁੰਚਦੇ ਹਨ। ਇਥੇ ਉਹਨਾਂ ਨੂੰ ਪਤਾ ਲਗਦਾ ਹੈ ਕਿ ਦੋਵੇਂ ਜਖ਼ਮੀ ਨੌਜਵਾਨਾਂ ਨੂੰ ਪੁਲਸ ਵੱਲੋਂ ਹਾਲੇ ਤੱਕ ਹਸਪਤਾਲ ਦਾਖ਼ਲ ਨਹੀਂ ਕਰਾਇਆ ਗਿਆ। ਇੰਨੀ ਜਖ਼ਮੀ ਹਾਲਤ ’ਚ ਪੁਲਸ ਵੱਲੋਂ ਦੋਵਾਂ ਨੌਜਵਾਨਾਂ ਨੂੰ ਹਸਪਤਾਲ ਲੈ ਕੇ ਜਾਣ ਦੀ ਬਜਾਏ ਥਾਣੇ ਬਾਲੀਆਂ ਲੈ ਕੇ ਆਉਣਾ ਅਤੇ ਇੰਨਾ ਸਮਾਂ ਦਾਖ਼ਲ ਨਾ ਕਰਾਉਣ ਦੀ ਕਾਰਵਾਈ ਸ਼ੱਕੀ ਜਾਪਦੀ ਹੈ। ਘਟਨਾ ਦੇ ਟਾਈਮ ਤੋਂ ਕਈ ਘੰਟੇ ਬਾਅਦ ਪੁਲਸ ਵੱਲੋਂ ਲਗਭਗ 12 ਵਜੇ ਜਖਮੀਆਂ ਨੂੰ ਦਾਖ਼ਲ ਕਰਨਾ ਅਤੇ ਐਫ.ਆਈ.ਆਰ. ਵਿਚ ਮਨਜੀਤ ਦੀ ਥਾਂ ਜਗਤਾਰ ਲੱਡੀ ਨੂੰ ਮੁੱਖ ਦੋਸ਼ੀ ਬਣਾਉਣਾ ਜਦ ਕਿ ਵੀਡੀਓ ਵਿਚ ਮਨਜੀਤ ਸਿੰਘ ਨੌਜਵਾਨਾਂ ਦੀ ਸ਼ਰੇਆਮ ਕੁੱਟਮਾਰ ਕਰ ਰਿਹਾ ਨਜ਼ਰ ਆ ਰਿਹਾ ਹੈ ਅਤੇ ਜਗਤਾਰ ਲੱਡੀ ਕਿਤੇ ਵੀ ਦਿਖਾਈ ਨਹੀਂ ਦਿੰਦਾ, ਪੁਲਸ ਦੀ ਮਨਸ਼ਾ ਉੱਪਰ ਕੀ ਸਵਾਲ ਖੜ੍ਹੇ ਕਰਦਾ ਹੈ। ਇਸ ਸਾਰੇ ਘਟਨਾਕ੍ਰਮ ਤੋਂ ਬਾਅਦ ਮੈਡੀਕਲ ਰਿਪੋਰਟ ਅਨੁਸਾਰ ਅਮਨ ਦੇ ਕੁੱਲ ਛੇ ਥਾਵਾਂ ਤੇ ਸੱਟਾਂ ਹਨ ਜਿਨ੍ਹਾਂ ਵਿਚੋਂ ਇੱਕ ਸੱਟ ਗਰੀਵੀਅਸ (ਗੰਭੀਰ) ਅਤੇ ਬਾਕੀ ਸੱਟਾਂ ਸਿੰਪਲ (ਸਧਾਰਨ) ਦੱਸੀਆਂ ਗਈਆਂ ਹਨ ਅਤੇ ਹਰਜੀਤ ਦੇ ਛੇ ਥਾਵਾਂ ’ਤੇ ਸੱਟਾਂ ਹਨ ਜਿਨ੍ਹਾਂ ਵਿਚ ਇਕ ਗਰੀਵੀਅਸ ਤੇ ਬਾਕੀ ਸਿੰਪਲ ਦੱਸੀਆਂ ਗਈਆਂ ਹਨ। ਇਸੇ ਤਰ੍ਹਾਂ ਜਖ਼ਮੀ ਰਾਜਵੀਰ ਦੇ ਇੱਕ ਸੱਟ ਸਿੰਪਲ ਤੇ ਇੱਕ ਸ਼ਾਰਪ (ਤਿੱਖੀ ਚੀਜ਼ ਨਾਲ) ਦੱਸੀ ਗਈ ਹੈ।
    ਸਿੱਟਾ-
    1. ਮਨਜੀਤ ਸਿੰਘ ਘਰਾਚੋਂ ਵੱਲੋਂ ਦੋਹਾਂ ਨੌਜਵਾਨਾਂ ਦੀ ਕੀਤੀ ਗਈ ਬੇਰਹਿਮੀ ਨਾਲ ਕੁੱਟਮਾਰ ਅਣਮਨੁੱਖੀ ਤਸ਼ੱਦਦ ਹੈ ਜੋ ਬਰਦਾਸ਼ਤਯੋਗ ਨਹੀਂ ਹੈ ਅਤੇ ਜਾਂਚ ਕਮੇਟੀ ਨਾਲ ਗੱਲਬਾਤ ਦੌਰਾਨ ਵੀ ਜਿਵੇਂ ਜਿੰਮੇਵਾਰ ਆਗੂ ਵਾਲਾ ਵਤੀਰਾ ਨਹੀਂ ਲੱਗਿਆ।
    2. ਇਹ ਸਾਰੀ ਪੜਤਾਲ ਦੌਰਾਨ ਸਾਹਮਣੇ ਆਉਂਦਾ ਹੈ ਕਿ ਇਹ ਮਾਮਲਾ ਨਾ ਤਾਂ ਲੁੱਟ ਖੋਹ ਦੇ ਇਰਾਦੇ ਨਾਲ ਹੋਇਆ ਹੈ ਅਤੇ ਨਾ ਹੀ ਕਿਸੇ ਜਾਤ-ਪਾਤੀ ਰੰਜਸ਼ ਵਾਲਾ ਹੈ, ਸਗੋਂ ਕਿਸੇ ਨਸ਼ੇ ਦੇ ਲੈਣ ਦੇਣ ਨੂੰ ਲੈ ਕੇ ਹੋਈ ਤਕਰਾਰ ਦਾ ਹੈ।
    3. ਪੜਤਾਲ ਦੌਰਾਨ ਇਹ ਵੀ ਸਾਹਮਣੇ ਆਇਆ ਹੈ ਕਿ ਹਸਪਤਾਲ ਵਿਚ ਦਾਖ਼ਲ ਨੌਜਵਾਨਾਂ ਸਮੇਤ ਬਾਕੀ ਕੇਸ ਵਿਚ ਨਾਮਜਦ ਨੌਜਵਾਨ ਇੱਕੋ ਗਰੁੱਪ ਦੇ ਹਨ ਅਤੇ ਨਸ਼ੇ ਅਤੇ ਲੜਾਈ ਝਗੜੇ ਦੇ ਆਦੀ ਹਨ ਅਤੇ ਉਸ ਦਿਨ ਵੀ ਇਸੇ ਮਕਸਦ ਲਈ ਇਕੱਠੇ ਹੋਏ ਸਨ।
    4. ਪੁਲਿਸ ਵੱਲੋਂ ਜਖ਼ਮੀਆਂ ਨੂੰ ਹਸਪਤਾਲ ਦਾਖ਼ਲ ਕਰਾਉਣ ਦੀ ਬਜਾਏ ਦੇਰ ਰਾਤ ਤੱਕ ਥਾਣੇ ਵਿਚ ਰੱਖਣਾ, ਘਟਨਾ ਸਥਾਨ ਤੋਂ ਗ੍ਰਿਫ਼ਤਾਰ ਕਰਨ ਤੋਂ ਬਾਅਦ ਵੀ ਗ੍ਰਿਫ਼ਤਾਰੀ ਤੋਂ ਇਨਕਾਰ ਕਰਨਾ ਅਤੇ ਜਗਤਾਰ ਲੱਡੀ ਨੂੰ ਰੰਜਸ਼ ਤਹਿਤ ਐਫ.ਆਈ.ਆਰ ਵਿਚ ਨਾਮਜਦ ਕਰਨਾ ਪੁਲਸ ਦੀ ਕਾਰਗੁਜ਼ਾਰੀ ਉੱਪਰ ਸਵਾਲ ਖੜ੍ਹੇ ਕਰਦਾ ਹੈ।
5. ਦੋਵੇਂ ਧਿਰਾਂ ਵੱਲੋਂ ਆਪਣਾ ਕਾਨੂੰਨੀ ਪੱਖ ਮਜ਼ਬੂਤ ਕਰਨ ਲਈ ਝੂਠ ਦੀ ਵਰਤੋਂ ਕਰਨਾ ਦਰੁਸਤ ਨਹੀਂ ਹੈ ਜੋ ਕਿ ਸਮਾਜਿਕ ਵੰਡੀ ਦਾ ਕਾਰਨ ਵੀ ਬਣਦਾ ਹੈ।
6. ਇਸ ਘਟਨਾ ਦਾ ਕਾਰਨ ਇਲਾਕੇ ਵਿਚ ਨਸ਼ੇ ਦੀ ਖੁਲ੍ਹੇਆਮ ਵਿਕਰੀ ਦਾ ਹੋਣਾ ਅਤੇ ਬੇਰੁਜ਼ਗਾਰੀ ਹੈ। ਜਿਸ ਦੀ ਜੁੰਮੇਵਾਰੀ ਪੰਜਾਬ ਸਰਕਾਰ ਅਤੇ ਪ੍ਰਸ਼ਾਸਨ ਦੀ ਬਣਦੀ ਹੈ।

ਜਾਰੀ ਕਰਤਾ ਤੱਥ ਖੋਜ ਜਾਂਚ ਕਮੇਟੀ

No comments:

Post a Comment