Wednesday, July 10, 2024

ਲੋਕ ਜਥੇਬੰਦੀਆਂ ਨੇ ਬਰਨਾਲਾ ’ਚ ਕੀਤੀ ਲੋਕ ਸੰਗਰਾਮ ਰੈਲੀ



                             ਲੋਕ ਜਥੇਬੰਦੀਆਂ ਨੇ ਬਰਨਾਲਾ ’ਚ ਕੀਤੀ ਲੋਕ ਸੰਗਰਾਮ ਰੈਲੀ

ਵੋਟਾਂ ਦੀ ਥਾਂ ਸੰਘਰਸ਼ਾਂ ’ਤੇ ਟੇਕ ਰੱਖਣ ਦਾ ਦਿੱਤਾ ਹੋਕਾ

ਲੋਕ ਸਭਾ ਚੋਣਾਂ ਦੇ ਘੜਮਸ ਦੌਰਾਨ ਪੰਜਾਬ ਦੀਆਂ ਦੋ ਦਰਜਨ ਭਰ ਲੋਕ ਜਥੇਬੰਦੀਆਂ ਵੱਲੋਂ ਕੀਤੀ ਗਈ ਲੋਕ ਸੰਗਰਾਮ ਰੈਲੀ ਸੂਬੇ ਦੇ ਸਿਆਸੀ ਦ੍ਰਿਸ਼ ਤੇ ਲੋਕਾਂ ਦੀ ਧਿਰ ਵੱਲੋਂ ਅਸਰਦਾਰ ਦਖਲਅੰਦਾਜ਼ੀ ਦੀ ਘਟਨਾ ਹੋ ਨਿੱਬੜੀ ਹੈ। ਇਸ ਰੈਲੀ ’ਚ ਜੁੜੇ ਵਿਸ਼ਾਲ ਇਕੱਠ ਨੇ ਤੇ ਇਸਦੇ ਸਪਸ਼ਟ ਸੁਨੇਹੇ ਨੇ ਹਾਕਮ ਜਮਾਤੀ ਸਿਆਸਤ ਨਾਲ ਗੰਧਲਾਈ ਸੂਬੇ ਦੀ ਫਿਜ਼ਾ ’ਚ ਲੋਕ ਸਰੋਕਾਰਾਂ ਦੀ ਤਾਜ਼ਗੀ ਦੇ ਬੁੱਲਿਆਂ ਦਾ ਰੋਲ ਅਦਾ ਕੀਤਾ ਹੈ। ਹਾਕਮ ਜਮਾਤੀ ਸਿਆਸੀ ਸ਼ਕਤੀਆਂ ਦੇ ਮੁਕਾਬਲੇ ਲੋਕ ਸ਼ਕਤੀ ਦਾ ਪੋਲ ਉਭਾਰਿਆ ਹੈ ਤੇ ਹਾਕਮ ਜਮਾਤੀ ਵੋਟ ਸਿਆਸਤ ਦੇ ਅਸਰਦਾਰ ਟਾਕਰੇ ਦਾ ਨਮੂਨਾ ਪੇਸ਼ ਹੋਇਆ ਹੈ।
ਇਸ ਵਿਸ਼ਾਲ ਰੈਲੀ ਦਾ ਮਹੱਤਵ ਸਿਰਫ਼ ਮੌਜੂਦਾ ਸਿਆਸੀ ਦ੍ਰਿਸ਼ ਦੇ ਫੌਰੀ ਪ੍ਰਸੰਗ ’ਚ ਨਹੀਂ ਹੈ,  ਸਗੋਂ ਇਨਕਲਾਬੀ ਲਹਿਰ ਉਸਾਰੀ ਦੇ ਲੰਮੇ ਦਾਅ ਦੇ ਭਵਿੱਖ ਨਕਸ਼ੇ ਤੋਂ ਵੀ ਹੈ। ਇਨਕਲਾਬੀ ਸਿਆਸੀ ਬਦਲ ਉਭਾਰਨ ’ਚ ਜੁੱਟੀਆਂ ਇਨਕਲਾਬੀ ਸ਼ਕਤੀਆਂ ਲਈ ਇਹ ਵਿਸ਼ਾਲ ਜਨਤਕ ਲਾਮਬੰਦੀ ਅਜਿਹੀ ਜ਼ਮੀਨ ਬਣਦੀ ਹੈ ਜਿਸ ਵਿੱਚ ਇਨਕਲਾਬੀ ਸਿਆਸਤ ਦੇ ਬੀਜਾਂ ਦੇ ਤੇਜ਼ੀ ਨਾਲ ਪੁੰਗਰਨ ਤੇ ਵਿਕਸਿਤ ਹੋਣ ਦੀਆਂ ਅਥਾਹ ਸੰਭਾਵਨਾਵਾਂ ਮੌਜੂਦ ਹਨ।
    ਬੇਸ਼ਰਤੇ ਕਮਿਊਨਿਸਟ ਇਨਕਲਾਬੀ ਸ਼ਕਤੀਆਂ ਦਰੁਸਤ ਸੇਧ ’ਤੇ ਪਹਿਰਾ ਦੇ ਕੇ ਇਨਕਲਾਬੀ ਅੰਸ਼ਾਂ ਵਾਲੀ ਇਸ ਜਨਤਕ ਲਹਿਰ ਦੀ ਇਨਕਲਾਬੀ ਸਿਆਸੀ ਲਹਿਰ ’ਚ ਕਾਇਆਪਲਟੀ ਲਈ ਗੰਭੀਰ, ਸਬਰ ਭਰਿਆ ਤੇ ਬਹੁਪਰਤੀ ਉੱਦਮ ਜਟਾਉਣ।
    ਇਹ ਰੈਲੀ ਸਿਰਫ਼ ਇੱਕ ਦਿਨ ਦੀ ਜਨਤਕ ਲਾਮਬੰਦੀ ਦਾ ਹੀ ਰੂਪ ਨਹੀਂ ਸੀ, ਸਗੋਂ ਹਾਕਮ ਜਮਾਤੀ ਵੋਟ ਪਾਰਟੀਆਂ ਦੀਆਂ ਵੋਟ ਮੁੰਹਿਮਾਂ ਦੇ ਮੁਕਾਬਲੇ ਦੀ ਸਿਆਸੀ ਪਿੜ ਅੰਦਰ ਲੋਕਾਂ ਦੀ ਹਾਜ਼ਰੀ ਦੀ ਮੁਹਿੰਮ ਦਾ ਹੀ ਹਿੱਸਾ ਸੀ। ਇਹਨਾਂ ਜਨਤਕ ਜਥੇਬੰਦੀਆਂ ਵੱਲੋਂ 23 ਮਾਰਚ ਨੂੰ ਸ਼ਹੀਦ ਭਗਤ ਸਿੰਘ ਤੇ ਸਾਥੀਆਂ ਦੇ ਸ਼ਹੀਦੀ ਦਿਹਾੜੇ ਮੌਕੇ ਬਰਨਾਲਾ ’ਚ ਸਾਮਰਾਜਵਾਦ ਵਿਰੋਧੀ ਕਾਨਫਰੰਸ ਕਰਕੇ 30  ਨੁਕਾਤੀ ਲੋਕ ਏਜੰਡਾ ਜਾਰੀ ਕੀਤਾ ਸੀ। ਇਹਨਾਂ 30 ਲੋਕ ਮੁੱਦਿਆਂ ਨੂੰ ਮੌਜੂਦਾ ਸਮੇਂ ’ਚ ਲੋਕਾਂ ਦੇ ਅਸਲ ਮੁੱਦੇ ਕਰਾਰ ਦਿੰਦਿਆਂ  ਇਹਨਾਂ ਮੁੱਦਿਆਂ ਦੁਆਲੇ ਸਾਂਝੇ ਸੰਘਰਸ਼ਾਂ ਦੀ ਉਸਾਰੀ ਕਰਨ ਦਾ ਐਲਾਨ ਕੀਤਾ ਸੀ। ਲੋਕ ਸਭਾ ਚੋਣਾਂ ਦੌਰਾਨ ਹੋਈ ਇਸ ਰੈਲੀ ’ਚ ਵੀ ਇਹ 30 ਲੋਕ ਮੁੱਦੇ ਉਭਾਰੇ   ਗਏ ਹਨ ਤੇ ਇਹਨਾਂ ਦੇ ਹੱਲ ਲਈ ਪਾਰਲੀਮੈਂਟ ਸੰਸਥਾਵਾਂ ਤੋਂ ਝਾਕ ਦੀ ਥਾਂ ਆਪਣੀ ਜਥੇਬੰਦਕ ਤਾਕਤ ’ਤੇ ਟੇਕ ਰੱਖਣ ਦਾ ਸੱਦਾ ਦਿੱਤਾ ਗਿਆ।
    ਸਾਂਝੇ ਲੋਕ ਸੰਘਰਸ਼ਾਂ ਦਾ ਰਾਹ ਬੁਲੰਦ ਕੀਤਾ ਗਿਆ। ਲਗਭਗ ਮਹੀਨਾ ਭਰ ਪੰਜਾਬ ਅੰਦਰ ਵੱਖ-ਵੱਖ ਜਥੇਬੰਦੀਆਂ ਨੇ ਉਸ ਸੁਨੇਹੇ ਦੁਆਲੇ ਲੋਕ ਲਾਮਬੰਦੀ ਕੀਤੀ। ਇਸ ਰੈਲੀ ਦੀ ਤਿਆਰੀ ਜਥੇਬੰਦੀਆਂ ਵੱਲੋਂ ਆਪੋ ਆਪਣੇ ਪੱਧਰਾਂ ’ਤੇ ਕੀਤੀ ਗਈ ਸੀ। ਇਸ ਕਾਨਫਰੰਸ ਦਾ ਇੱਕ ਅਹਿਮ ਪਹਿਲੂ ਇਹ ਸੀ ਕਿ ਇਸ ਵਿੱਚ ਸ਼ਾਮਿਲ ਕਿਸਾਨ ਤੇ ਖ਼ੇਤ ਮਜ਼ਦੂਰ ਜਥੇਬੰਦੀਆਂ ਤਾਂ ਪਹਿਲਾਂ ਹੀ ਚੋਣਾਂ ਦੌਰਾਨ ਅਜਿਹੀ ਸਪਸ਼ਟਤਾ ਨਾਲ ਪੁਜ਼ੀਸ਼ਨਾਂ ਲੈ ਕੇ ਮੁਹਿੰਮਾਂ ਜਥੇਬੰਦ ਕਰਦੀਆਂ ਰਹੀਆਂ ਹਨ। ਪਰ ਇਸ ਵਾਰ ਕਈ ਮੁਲਾਜ਼ਮ ਤੇ ਠੇਕਾ  ਕਾਮਿਆਂ ਦੀਆਂ ਜਥੇਬੰਦੀਆਂ ਨੇ ਵੀ ਵੋਟ ਸਿਆਸਤ ਦੇ ਘੜਮਸ ਦੌਰਾਨ ਅਜਿਹੀ ਸਪਸ਼ਟਤਾ ਨਾਲ ਇਸ ਸਿਆਸਤ ਦੇ ਹੱਲੇ ਤੋਂ ਬਚਣ ਤੇ ਆਪਣੇ ਅਸਲ ਨੀਤੀ ਮੁੱਦੇ ਉਭਾਰਨ ਦੀ ਸਰਗਰਮੀ ’ਚ ਉਤਸ਼ਾਹ ਨਾਲ ਸ਼ਮੂਲੀਅਤ ਕੀਤੀ। ਇਸ ਸਰਗਰਮੀ ਨੇ ਇਨ੍ਹਾਂ ਜਥੇਬੰਦੀਆਂ ਦੀ ਵਿਕਾਸ ਮੁਖੀ ਦਿਸ਼ਾ ਨੂੰ ਦਰਸਾਇਆ ਹੈ। ਤੇ ਇਹਨਾਂ ਵੱਲੋਂ ਆਪਣੇ ਸੰਘਰਸ਼ਾਂ ਦੇ ਅਮਲੀ ਤਜ਼ਰਬੇ ਰਾਹੀਂ ਆਪਣੇ ਵਿਕਾਸ ਦਾ ਇਹ ਪੜਾਅ ਹਾਸਿਲ ਕੀਤਾ ਗਿਆ ਹੈ। ਜਥੇਬੰਦੀਆਂ ਵੱਲੋਂ ਸਾਂਝੇ ਤੌਰ ’ਤੇ ਉਭਾਰੇ ਗਏ ਮੁੱਦੇ ਫੌਰੀ ਅੰਸ਼ਕ ਮੁੱਦੇ ਨਹੀਂ ਸਨ, ਸਗੋਂ ਇਹ ਅਹਿਮ ਨੀਤੀ ਮੁੱਦੇ ਸਨ ਜਿਹੜੇ ਸਮੁੱਚੇ ਤੌਰ ’ਤੇ ਜੁੜ ਕੇ ਮੌਜੂਦਾ ਦੌਰ ਅੰਦਰ ਲੋਕਾਂ ਦੀ ਧਿਰ ਵੱਲੋਂ ਅੰਸ਼ਕ ਬਦਲ ਦਾ ਪ੍ਰੋਗਰਾਮ ਬਣਦੇ ਹਨ। ਮੁਕਾਬਲਤਨ ਨਵੀਆਂ ਜਨਤਕ ਜਥੇਬੰਦੀਆਂ ਅਤੇ ਥੋੜ੍ਹਾ ਅਰਸਾ ਪਹਿਲਾਂ ਹੀ ਜਥੇਬੰਦ ਹੋਏ ਤਬਕਿਆਂ ’ਚ ਵੀ ਇਹਨਾਂ ਨੀਤੀ ਮੁੱਦਿਆਂ ਪ੍ਰਤੀ ਚੰਗਾ ਸਰੋਕਾਰ ਜ਼ਾਹਰ ਹੁੰਦਾ ਦੇਖਿਆ ਗਿਆ ਹੈ।
    ਇਸ ਕਾਨਫਰੰਸ ਦੀ ਤਿਆਰੀ ਮੁਹਿੰਮ ਵਜੋਂ ਠੇਕਾ ਮੁਲਾਜ਼ਮਾਂ ਦੀਆਂ ਜ਼ਿਲ੍ਹਾ ਪੱਧਰਾਂ ’ਤੇ ਭਰਵੀਆਂ ਜਨਤਕ ਮੀਟਿੰਗਾਂ ਹੋਈਆਂ, ਜਿਹੜਾ ਇਹਨਾਂ ਜਥੇਬੰਦੀਆਂ ਦੇ ਕਾਰਕੁਨਾਂ ਲਈ ਗੰਭੀਰ ਸਿੱਖਿਆਦਾਇਕ ਅਮਲ ਹੋ ਨਿੱਬੜਿਆ ਇਸ ਕਾਨਫਰੰਸ ਦੀ ਤਿਆਰੀ ਮੁਹਿੰਮ ਤੇ ਜਨਤਕ ਜਥੇਬੰਦੀਆਂ ਦੇ ਸੰਘਰਸ਼ ਐਕਸ਼ਨਾਂ ਦਾ ਸਿਲਸਿਲਾ ਨਾਲੋ ਨਾਲ ਚੱਲਦਾ ਰਿਹਾ। ਜਿੱਥੇ ਠੇਕਾ ਕਾਮੇ ਪੰਜਾਬ ਸਰਕਾਰ ਦੇ ਮੰਤਰੀਆਂ ਦਾ ਚੋਣ ਮੁਹਿੰਮ ਦੌਰਾਨ ਵਿਰੋਧ ਕਰਦੇ ਰਹੇ ਉੱਥੇ ਕਿਸਾਨਾਂ ਵੱਲੋਂ ਭਾਜਪਾ ਦੇ ਉਮੀਦਵਾਰਾਂ ਤੇ ਆਗੂਆਂ ਦੇ ਵਿਰੋਧ ਦੀ ਵੱਡੀ ਮੁਹਿੰਮ ਚੱਲ ਰਹੀ ਸੀ। ਜਥੇਬੰਦੀਆਂ ਦੇ ਕਾਰਕੰੁਨਾਂ ਲਈ ਇਹ ਬਹੁਤ ਹੀ ਰੁਝੇਵੇਂ ਭਰਿਆ ਸਰਗਰਮੀ ਦਾ ਦੌਰ ਸੀ ਤੇ ਇਹਨਾਂ ਐਕਸ਼ਨਾਂ ਦੇ ਦਰਮਿਆਨ ਹੀ 26 ਮਈ ਦੀ ਰੈਲੀ ਦੇ ਸੁਨੇਹੇ ਲੱਗਦੇ ਰਹੇ ਇਸ ਜੋਰਦਾਰ ਰੁਝੇਵਿਆਂ ਦੇ ਦਿਨਾਂ ’ਚ ਤੇ ਅੰਤਾਂ ਦੀ ਗਰਮੀ ’ਚ ਲੋਕ ਵੱਡੀ ਗਿਣਤੀ ’ਚ ਇਸ ਰੈਲੀ ’ਚ ਪੁੱਜੇ ਤੇ ਬਹੁਤ ਗੰਭੀਰਤਾ ਤੇ ਇਕਾਗਰਤਾ ਨਾਲ ਮੰਚ ਤੋਂ ਹੋ ਰਹੀਆਂ ਤਕਰੀਰਾਂ ਨੂੰ ਸੁਣਿਆ। ਜਥੇਬੰਦੀਆਂ ਦੇ ਆਗੂਆਂ ਦੀਆਂ ਉਮੀਦਾਂ ਤੋਂ ਵੱਡਾ ਇਕੱਠ ਹੋਇਆ। ਸਮਾਗਮ ਦੀਆਂ ਤਿਆਰੀਆਂ ’ਚ ਇੱਕ ਇਸ਼ਤਿਹਾਰ ਜਾਰੀ ਕੀਤਾ ਗਿਆ ਸੀ ਜੋ ਸੂਬੇ ਭਰ ’ਚ ਲਾਇਆ ਗਿਆ। ਸਮਾਗਮ ਦੇ ਨਾਅਰਿਆਂ ਦੀ ਸੋਸ਼ਲ ਮੀਡੀਆ ’ਤੇ ਭਰਵੀਂ ਮੌਜੂਦਗੀ ਰਹੀ ਤੇ ਰੈਲੀ ਦੇ ਸੰਦੇਸ਼ ਦਾ ਅਸਰਦਾਰ ਸੰਚਾਰ ਹੋਇਆ। ਕਈ ਨਵੇਂ ਜਥੇਬੰਦ ਹੋ ਰਹੇ ਤੇ ਮੁੱਢਲੇ ਕਦਮ ਪੁੱਟ ਰਹੇ ਤਬਕਿਆਂ ਨੇ ਵੀ ਇਸ ਰੈਲੀ ’ਚ ਸ਼ਮੂਲੀਅਤ ਕਰਕੇ ਲੋਕ ਧੜੇ ਦੀ ਤਾਕਤ ਨਾਲ ਜੁੜਨ ’ਚ ਤਸੱਲੀ ਮਹਿਸੂਸ ਕੀਤੀ।
    ਰੈਲੀ ਦੀ ਸ਼ੁਰੂਆਤ ਪਿਛਲੇ ਦਿਨੀਂ ਵਿਛੜੇ ਉੱਘੇ ਕਵੀ ਸੁਰਜੀਤ ਪਾਤਰ ਨੂੰ ਸ਼ਰਧਾਂਜਲੀ ਮਤਾ ਪੜ੍ਹਨ ਨਾਲ ਹੋਈ। ਜਿਸ ਮਗਰੋਂ ਉਹਨਾਂ ਦੀ ਮਕਬੂਲ ਨਜ਼ਮ ‘ਜਗਾ ਦੇ ਮੋਮਬੱਤੀਆਂ’ ਉਹਨਾਂ ਦੀ ਆਵਾਜ਼ ਵਿੱਚ ਗੂੰਜੀ ਅਤੇ ਲੋਕਾਂ ਨੇ ਉਹਨਾਂ ਨੂੰ ਖੜ੍ਹੇ ਹੋ ਕੇ ਸ਼ਰਧਾਂਜਲੀ ਦਿੱਤੀ। ਰੈਲੀ ਦਾ ਪੰਡਾਲ ਸੰਦੇਸ਼ ਦਾ ਸੰਚਾਰ ਕਰਦੇ ਨਾਅਰਿਆਂ ਦੇ ਬੈਨਰਾਂ ਨਾਲ ਸਜਾਇਆ ਗਿਆ ਸੀ।
ਕਾਨਫਰੰਸ ਨੂੰ ਸੰਬੋਧਨ ਹੁੰਦਿਆਂ ਭਾਰਤੀ ਕਿਸਾਨ ਯੂਨੀਅਨ (ਏਕਤਾ ਉਗਰਾਹਾਂ ) ਦੇ ਸੂਬਾ ਪ੍ਰਧਾਨ ਜੋਗਿੰਦਰ ਸਿੰਘ ਉਗਰਾਹਾਂ ਨੇ ਕਿਹਾ ਕਿ ਇਹ ਵੋਟਾਂ ਹਾਕਮ ਧੜਿਆਂ ਦੀ ਖੇਡ ਹੈ,  ਲੋਕਾਂ ਨੂੰ ਵੰਡਣ ਤੇ ਭਰਮਾਉਣ ਲਈ ਹੈ। ਉਹਨਾਂ ਕਿਹਾ ਕਿ ਕਿ ਲੋਕਾਂ ਦੇ ਅਸਲ ਮੁੱਦੇ ਵੀ ਵੱਖਰੇ ਆ ਤੇ ਇਹਨਾਂ ਮੁੱਦਿਆਂ ਦੇ ਹੱਲ ਦਾ ਰਾਹ ਵੀ ਵੱਖਰਾ ਹੈ, ਇਹ ਰਾਹ ਸਾਂਝੇ ਸੰਘਰਸ਼ਾਂ ਦਾ ਰਾਹ ਹੈ, ਜਾਨ-ਹੂਲਵੇਂ ਸੰਘਰਸ਼ਾਂ ਦਾ ਰਾਹ, ਤਿੱਖੇ ਸੰਘਰਸ਼ਾਂ ਦਾ ਰਾਹ, ਨੀਤੀਆਂ ਨੂੰ ਨਿਸ਼ਾਨਾ ਬਣਾਉਣ ਵਾਲੇ ਸੰਘਰਸ਼ਾਂ ਦਾ ਰਾਹ, ਤੇ ਆਖਰ ਨੂੰ ਇਹਨਾਂ ਸੰਘਰਸ਼ਾਂ ਦੇ ਜ਼ੋਰ ਆਪਣੀ ਪੁੱਗਤ ਬਣਾਉਣ ਦਾ ਰਾਹ, ਲੋਕਾਂ ਦੀ ਆਪਣੀ ਮਰਜ਼ੀ ਚਲਾਉਣ ਦਾ ਰਾਹ, ਵੱਡਿਆਂ ਦੇ ਮੁਕਾਬਲੇ ਇੱਕ ਤਰ੍ਹਾਂ ਲੋਕਾਂ ਦੀ ਆਵਦੀ ਪਾਰਲੀਮੈਂਟ ਬਣਾਉਣ ਦਾ ਤੇ ਆਵਦੀ ਵਿਧਾਨ ਸਭਾ ਬਣਾਉਣ ਦਾ ਰਾਹ, ਉਥੋਂ ਤੱਕ ਜਾਣਾ ਇਨ੍ਹਾਂ ਸੰਘਰਸ਼ਾਂ ਨੇ। ਲੋਕਾਂ ਨੇ ਸਦਾ ਧਰਨੇ ਲਾ ਕੇ ਇਹਨਾਂ ਤੋਂ ਮੰਗਣਾ ਹੀ ਨਹੀਂ, ਇਸ ਦੇਸ਼ ਦੀ ਜ਼ਮੀਨ , ਇਹਦੇ ਜੰਗਲ, ਇਹਦੇ ਪਾਣੀਆਂ ਇਹਦੀਆਂ ਕੁੱਲ ਦਾਤਾਂ ’ਤੇ ਆਖਰ ਨੂੰ ਆਵਦਾ ਹੱਕ ਜਤਾਉਣਾ ਹੈ।
    ਉਹਨਾਂ ਕਿਹਾ ਕਿ ਅੱਜ ਜਦੋਂ ਦੇਸ਼ ਮੋਦੀ ਸਰਕਾਰ ਦੇ ਫਾਸ਼ੀ ਹੱਲੇ ਦੀ ਮਾਰ ਝੱਲ ਰਿਹਾ ਹੈ ਤਾਂ ਸਾਨੂੰ ਇਹ ਕੋਈ ਭਰਮ ਨਹੀਂ ਕਿ ਇਸ ਫਾਸ਼ੀ ਹੱਲੇ ਦਾ ਟਾਕਰਾ ਇਹਨਾਂ ਵੋਟਾਂ ਜਾਂ ਪਾਰਲੀਮੈਂਟਾਂ ਰਾਹੀਂ ਹੋ ਸਕਦਾ, ਕੀਹਦੇ ਰਾਹੀਂ ਟਾਕਰਾ ਕਰਨ ਨੂੰ ਫਿਰਦੇ ਹੋ, ਕੋਈ ਭਰੋਸਾ ਹੈ, ਕੋਈ ਗਰੰਟੀ ਲੈਂਦਾ ਕਿ ਜਿਨ੍ਹਾਂ ਨੂੰ ਜਿਤਾ ਕੇ ਭੇਜੋਗੇ ਉਹ ਮੋਦੀ ਦੀ ਜੇਬ ’ਚ ਨਹੀਂ ਪੈਣਗੇ, ਕਰੋੜਾਂ ਦੇ ਮੁੱਲ ਵਿਕ ਕੇ, ਆਹ ਪਿਛਲੇ ਤਿੰਨ ਮਹੀਨਿਆਂ ’ਚ ਵਿਕਣ ਵਿਕਾਉਣ ਦਾ ਜੋ ਜਲੂਸ ਇਹਨਾਂ ਨੇ ਕੱਢਿਆ ਇਹਨਾਂ ਦੇ ਸਿਰ ’ਤੇ ਫਿਰਦੇ ਓਂ ਮੋਦੀ ਦੇ ਫਾਸ਼ੀ ਹੱਲੇ ਦਾ ਟਾਕਰਾ ਕਰਨ ਨੂੰ, ਇਹ ਬਹੁਤ ਵੱਡਾ ਭੁਲੇਖਾ, ਮੋਦੀ ਦੇ ਫਾਸ਼ੀ ਹੱਲੇ ਦਾ ਟਾਕਰਾ ਘੋਲਾਂ ਦੇ ਮੈਦਾਨ ’ਚ ਹੋਣਾ, ਵੋਟਾਂ ਹਾਕਮਾਂ ਦੀ ਖੇਡ ਹੈ, ਉਹਨਾਂ ਦੀ ਖੇਡ ਖੇਡ ਕੇ ਉਹਨਾਂ ਨਾਲ ਦਸਤਪੰਜਾ ਨਹੀਂ ਲਿਆ ਜਾ ਸਕਦਾ, ਜੇ ਉਹਨਾਂ ਨਾਲ ਦਸਤਪੰਜਾ ਲੈਣਾ ਤਾਂ ਉਹਨਾਂ ਦੀ ਖੇਡ ਤੋਂ ਬਚਣਾ ਪੈਣਾ, ਆਪਾਂ ਜਿੰਨੀ ਕੁ ਵੀ ਟੱਕਰ ਲੈ ਸਕੇ ਆਂ ਕਿਉਂਕਿ ਉਹਨਾਂ ਦੀ ਖੇਡ ਤੋਂ ਬਚਦੇ ਆਏ ਆਂ।
    ਜਿਹੜੇ ਹਿਸਾਬ ਨਾਲ ਲੋਕਾਂ ਦੀ ਲੁੱਟ ਤੇਜ਼ ਕਰਨ ਦੀ ਲੋੜ ਬਣੀ ਹੋਈ ਆ ਨਾਲੇ ਸਾਮਰਾਜੀਆਂ ਦੀ ਨਾਲੇ ਅੰਬਾਨੀ ਅਡਾਨੀ ਹੋਰਾਂ ਦੀ, ਉਸ ਹਿਸਾਬ ਨਾਲ ਗੱਦੀ ਤੇ ਜਿਹੜਾ ਮਰਜ਼ੀ ਆ ਜੇ ਉਹਨੇ ਲੋਕਾਂ ਖਿਲਾਫ਼ ਵਾਹੇ ਜਾਣ ਵਾਲੇ ਕੁਹਾੜੇ ਨੂੰ ਹੋਰ ਤਿੱਖਾ ਕਰਨਾ, ਉਹ ਹਿੰਦੂਤਵ ਦਾ ਕਹਿ ਕੇ ਕਰ ਲਏ ਉਹ ਕਿਸੇ ਹੋਰ ਧਰਮ ਦੀ ਵਰਤੋਂ ਕਰਕੇ ਕਰ ਲਏ, ਉਹ ਕੋਈ ਹੋਰ ਨਾਅਰਾ ਲਾ ਕੇ ਕਰ ਲੇ, ਪਰ ਇਹ ਰਾਜ ਕਰਨ ਵਾਲੇ ਸਾਰਿਆਂ ਦੀ ਲੋੜ ਹੈ, ਇਸ ਲਈ ਲੋਕਾਂ ਦਾ ਵਾਹ ਹੋਰ ਵਧੇਰੇ ਜਾਬਰ ਤੇ ਖੂੰਖਾਰ ਹਕੂਮਤਾਂ ਨਾਲ ਪੈਣਾ ਉਹਦੇ ਨਾਲ ਲੜਨ ਦੀ ਤਿਆਰੀ ਕਰੋ।
    ਪਾਰਲੀਮੈਂਟ ਅੰਦਰ ਲੋਕਾਂ ਦੀ ਸੁਣਵਾਈ ਵੋਟਾਂ ਰਾਹੀਂ ਨਹੀਂ, ਲੋਕਾਂ ਦੇ ਘੋਲਾਂ ਰਾਹੀਂ ਹੋ ਸਕਦੀ ਹੈ ਇਸ ਲਈ ਉਹਨਾਂ ਲੋਕਾਂ ਨੂੰ ਵੋਟਾਂ ਰਾਹੀਂ ਜ਼ਿੰਦਗੀ ਸੰਵਰਨ ਦੇ ਇਸ ਭਰਮ ਤੋਂ ਮੁਕਤ ਹੋ ਕੇ ਆਪਣੀ ਏਕਤਾ ਤੇ ਜਥੇਬੰਦੀ ਨੂੰ ਜ਼ਬੂਤ ਕਰਨ ’ਤੇ ਧਿਆਨ ਕੇਂਦਰਿਤ ਕਰਨਾ ਚਾਹੀਦਾ ਹੈ। ਵੋਟਾਂ ਦੇ ਇਸ ਪਾਟਕ-ਪਾਊ ਹੱਲੇ ਤੋਂ ਆਪਣੀ ਏਕਤਾ ਤੇ ਜਥੇਬੰਦੀ ਦੀ ਰਾਖੀ ਕਰਨੀ ਚਾਹੀਦੀ ਹੈ।
ਇਸ ਮੌਕੇ ਰੈਲੀ ਨੂੰ ਲਛਮਣ ਸਿੰਘ ਸੇਵੇਵਾਲਾ, ਹਰਜਿੰਦਰ ਸਿੰਘ, ਝੰਡਾ ਸਿੰਘ ਜੇਠੂਕੇ, ਹਰਿੰਦਰ ਬਿੰਦੂ,  ਹਾਕਮ ਸਿੰਘ ਧਨੇਠਾ, ਬਲਿਹਾਰ ਸਿੰਘ ਕਟਾਰੀਆ, ਜਗਰੂਪ ਸਿੰਘ, ਗੁਰਵਿੰਦਰ ਸਿੰਘ ਪੰਨੂ ਹੁਸ਼ਿਆਰ ਸਿੰਘ ਸਲੇਮਗੜ੍ਹ, ਕਿ੍ਰਸ਼ਨ ਸਿੰਘ ਔਲਖ, ਜਸਵੀਰ ਸਿੰਘ, ਬਲਵੀਰ ਸਿੰਘ ਲੌਂਗੋਵਾਲ , ਪ੍ਰਗਟ ਸਿੰਘ ਸਿਵਗੜ੍ਹ, ਸ਼ਿੰਗਾਰਾ ਸਿੰਘ ਮਾਨ ਤੇ ਜੋਰਾ ਸਿੰਘ ਨਸਰਾਲੀ ਨੇ ਸੰਬੋਧਨ ਕੀਤਾ। ਉਹਨਾਂ ਨੇ ਲੋਕ ਜਥੇਬੰਦੀਆਂ ਦੇ ਸਾਂਝੇ ਮੰਗ ਪੱਤਰ ‘‘30- ਨੁਕਾਤੀ ਲੋਕ ਏਜੰਡੇ’’ ’ਚ ਸ਼ਾਮਿਲ ਮੁੱਦਿਆਂ ਜਿਵੇਂ ਨਿੱਜੀਕਰਨ-ਵਪਾਰੀਕਰਨ ਵਾਲੀਆਂ ਨੀਤੀਆਂ ਰੱਦ ਕਰੋ, ਸੰਸਾਰ ਵਪਾਰ ਸੰਸਥਾ ’ਚੋਂ ਬਾਹਰ ਆਓ, ਕਿਸਾਨ-ਮਜ਼ਦੂਰ ਵਾਤਾਵਰਨ ਪੱਖੀ ਤੇ ਕਾਰਪੋਰੇਟ-ਜਗੀਰਦਾਰ ਵਿਰੋਧੀ ਖੇਤੀ ਨੀਤੀ ਲਿਆਓ, ਜ਼ਮੀਨੀ ਸੁਧਾਰ ਕਰੋ ਤੇ ਸ਼ਾਹੂਕਾਰਾ ਧੰਦੇ ਨੂੰ ਨੱਥ ਪਾਓ, ਠੇਕਾ ਭਰਤੀ ਦੀ ਨੀਤੀ ਰੱਦ ਕਰੋ, ਪੁਰਾਣੀ ਪੈਨਸ਼ਨ ਬਹਾਲ ਕਰੋ ਤੇ ਕਾਲੇ ਕਾਨੂੰਨ ਰੱਦ ਕਰੋ ਆਦਿ ਦੀ ਭਰਵੀਂ ਚਰਚਾ ਕੀਤੀ। ਸਭਨਾਂ ਨੇ ਸਾਂਝੇ ਤੌਰ ’ਤੇ ਜੋਕਾਂ ਦੀਆਂ ਪਾਰਟੀਆਂ ਵੱਲੋਂ ਪ੍ਰਚਾਰੇ ਜਾਂਦੇ ਅਖੌਤੀ ਵਿਕਾਸ ਮਾਡਲ ਨੂੰ ਰੱਦ ਕੀਤਾ ਅਤੇ ਇਹਨਾਂ ਮੁੱਦਿਆਂ ਦੇ ਹੱਲ ਨਾਲ ਹੀ ਪੰਜਾਬ ਦੇ ਲੋਕਾਂ ਦੇ ਅਸਲ ਵਿਕਾਸ ਤੇ ਬਿਹਤਰ ਜ਼ਿੰਦਗੀ ਦਾ ਰਾਹ ਖੁੱਲ੍ਹਣ ਦਾ ਦਾਅਵਾ ਕੀਤਾ। ਆਗੂਆਂ ਨੇ ਕਿਹਾ ਕਿ ਸਾਮਰਾਜੀਆਂ, ਵੱਡੇ ਸਰਮਾਏਦਾਰਾਂ ਤੇ ਜਗੀਰਦਾਰਾਂ ਦੇ ਇਸ ਅਖੌਤੀ ਵਿਕਾਸ ਮਾਡਲ ਨੂੰ ਲਾਗੂ ਕਰਨ ਲਈ ਭਾਜਪਾਈ ਕੇਂਦਰੀ ਹਕੂਮਤ ਨੇ ਚਾਹੇ ਫ਼ਿਰਕੂ ਫਾਸ਼ੀ ਹੱਥਕੰਡਿਆਂ ਦਾ ਸਹਾਰਾ ਲਿਆ ਹੈ ਤੇ ਇਸ ਨੂੰ ਆਰਥਿਕ ਸੁਧਾਰਾਂ ਦੇ ਜੜੁੱਤ ਹੱਲੇ ਵਜੋਂ ਲਾਗੂ ਕੀਤਾ ਹੈ ਪਰ ਦੂਸਰੀਆਂ ਹਾਕਮ ਪਾਰਟੀਆਂ ਵੀ ਘੱਟ ਨਹੀਂ ਹਨ। ਪੰਜਾਬ ਦੀ ਆਪ ਸਰਕਾਰ ਨੇ ਵੀ ਪਹਿਲੀਆਂ ਸਰਕਾਰਾਂ ਵਾਲੇ ਲੋਕ ਦੋਖੀ ਮਾਡਲ ਨੂੰ ਹੀ ਅੱਗੇ ਵਧਾਇਆ ਹੈ।
    ਜਥੇਬੰਦੀਆਂ ਦੇ ਆਗੂਆਂ ਨੇ ਕਿਹਾ ਕਿ ਮੋਦੀ ਸਰਕਾਰ ਦੇ ਫਿਰਕੂ ਫਾਸ਼ੀ ਹੱਲੇ ਦਾ ਅਸਲ ਟਾਕਰਾ ਲੋਕਾਂ ਦੇ ਘੋਲਾ ਰਾਹੀਂ ਹੋ ਸਕਦਾ ਹੈ ਨਾ ਕਿ ਹਾਕਮ ਧੜਿਆਂ ਦੀ ਵੋਟ ਖੇਡ ਰਾਹੀਂ। ਇਸ ਲਈ ਲੋਕਾਂ ਨੂੰ ਅਸਲ ਲੋਕ ਮੁੱਦਿਆਂ ਦੁਆਲੇ ਸਾਂਝੇ ਘੋਲ ਉਸਾਰਨ ਦੇ ਰਾਹ ਪੈਣਾ ਚਾਹੀਦਾ ਹੈ ਅਤੇ ਇਹਨਾਂ ਘੋਲਾਂ ਦੇ ਰਾਹੀਂ ਹਾਕਮ ਜਮਾਤਾਂ ਦੀ ਪੁੱਗਤ ਦੇ ਮੁਕਾਬਲੇ ਆਪਣੀ ਪੁੱਗਤ ਤੇ ਵੁੱਕਤ ਸਥਾਪਿਤ ਕਰਨ ਵੱਲ ਵਧਣਾ ਚਾਹੀਦਾ ਹੈ। ਉੱਘੇ ਕਿਸਾਨ ਆਗੂ ਝੰਡਾ ਸਿੰਘ ਜੇਠੂਕੇ ਨੇ ਆਪਣੀ ਤਕਰੀਰ ’ਚ ਕਿਹਾ ਕਿ ਉਹਨਾਂ ਦਾ ਟੀਚਾ ਸਾਮਰਾਜਵਾਦ ਤੋਂ ਅਤੇ ਜਗੀਰਦਾਰੀ ਦੀ ਲੁੱਟ ਤੋਂ ਲੋਕਾਂ ਦੀ ਮੁਕਤੀ ਦਾ ਹੈ। ਉਨਾਂ ਸਪਸ਼ਟਤਾ ਨਾਲ ਐਲਾਨ ਕੀਤਾ ਕਿ ਜ਼ਮੀਨਾਂ ਦੀ ਕਾਣੀ ਵੰਡ ਦਾ ਖਾਤਮਾ ਕਰਕੇ ਤੇ ਸਾਮਰਾਜੀ ਬਹੁ-ਕੌਮੀ ਕੰਪਨੀਆਂ ਦੀ ਪੂੰਜੀ ਜਬਤ ਕਰਕੇ ਤੇ ਉਹਨਾਂ ਨੂੰ ਮੁਲਕ ’ਚੋਂ ਬਾਹਰ ਕਰਕੇ ਹੀ ਸਮਾਜਕ ਤੇ ਆਰਥਿਕ ਪਾੜਿਆਂ ਦਾ ਅੰਤ ਕੀਤਾ ਜਾ ਸਕਦਾ ਹੈ। ਉਨ੍ਹਾਂ ਕਿਹਾ ਕਿ ਚਾਹੇ ਅੱਜ ਅਸੀਂ ਇਹਨਾਂ ਮੁੱਦਿਆਂ ਤੱਕ ਸੀਮਤ ਹਾਂ ਪਰ ਆਖ਼ਰ ਨੂੰ ਇਹ ਜੱਦੋਜਹਿਦਾਂ ਸ਼ਹੀਦ ਭਗਤ ਸਿੰਘ ਦੇ ਰਾਹ ’ਤੇ ਅੱਗੇ ਵਧਣੀਆਂ ਹਨ ਤੇ ਲੋਕਾਂ ਨੇ ਇਹਨਾਂ ਲੁਟੇਰੀਆਂ ਜਮਾਤਾਂ ਦੇ ਮੁਕਾਬਲੇ ਆਪਣੇ ਪੁੱਗਤ ਉਸਾਰਨੀ ਹੈ।
     ਇਸ ਰੈਲੀ ਦੌਰਾਨ ਪਲਸ ਮੰਚ ਨਾਲ ਜੁੜੇ ਲੋਕ ਸੰਗੀਤ ਮੰਡਲੀ ਭਦੌੜ, ਕਵੀਸ਼ਰੀ ਜੱਥਾ ਰਸੂਲਪੁਰ , ਧਰਮਿੰਦਰ ਸਿੰਘ ਮਸਾਣੀ, ਕੁਲਦੀਪ ਸਿੰਘ ਜਲੂਰ ਤੇ ਸਤਪਾਲ ਦੁਆਰਾ ਇਨਕਲਾਬੀ ਗੀਤ ਪੇਸ਼ ਕੀਤੇ ਗਏ। ਇਸ ਰੈਲੀ ਵਿੱਚ ਕਿਸਾਨਾਂ ਖੇਤ ਮਜ਼ਦੂਰਾਂ ਸਮੇਤ ਸਨਅਤੀ ਕਾਮਿਆਂ, ਠੇਕਾ ਮੁਲਾਜ਼ਮਾਂ, ਅਧਿਆਪਕਾਂ, ਵਿਦਿਆਰਥੀਆਂ ਤੇ ਔਰਤਾਂ ਨੇ ਭਰਵੀਂ ਸ਼ਮੂਲੀਅਤ ਕੀਤੀ।
     ਹਾਕਮ ਜਮਾਤਾਂ ਦੀਆਂ ਵੋਟ ਮੁਹਿੰਮਾਂ ਦੇ ਮੁਕਾਬਲੇ ’ਤੇ ਇਹ ਰੈਲੀ ਲੋਕ ਸ਼ਕਤੀ ਦੇ ਉਸਰ ਰਹੇ ਅਜਿਹੇ ਪੋਲ ਦਾ ਮੁਜ਼ਾਹਰਾ ਹੋ ਨਿੱਬੜੀ ਜਿਸ ਪੋਲ ਦੀਆਂ ਜੜ੍ਹਾਂ ਹਾਕਮ ਜਮਾਤੀ ਵੋਟ ਸਿਆਸਤ ਦੇ ਭਰਮਾਂ ਤੋਂ ਮੁਕਤ ਹੋ ਰਹੀ ਜ਼ਮੀਨ ’ਚ ਲੱਗੀਆਂ ਹੋਈਆਂ ਹਨ ਤੇ ਜਿਸ ਦੀ ਉਸਾਰੀ ਸ਼ਹੀਦ ਭਗਤ ਸਿੰਘ ਤੇ ਸਾਥੀਆਂ ਦੀ ਸਾਮਰਾਜਵਾਦ ਮੁਰਦਾਬਾਦ ਦੀ ਸਿਆਸਤ ਦੀ ਇਨਕਲਾਬੀ ਸੇਧ ’ਚ ਹੋਈ ਹੈ। ਇਹ ਲੋਕ ਸੰਗਰਾਮ ਰੈਲੀ ਲੋਕਾਂ ਦੀ ਸਿਆਸਤ ਦੇ ਕਈ ਜ਼ਰੂਰੀ ਅੰਸ਼ਾਂ ਦਾ ਜਨਤਕ ਪੈਮਾਨੇ ’ਤੇ ਸੰਚਾਰ ਕਰਨ ਪੱਖੋਂ ਕਾਮਯਾਬ ਉੱਦਮ ਹੋ ਨਿੱਬੜੀ।

No comments:

Post a Comment