ਪੰਚਾਇਤੀ ਜ਼ਮੀਨ ਠੇਕੇ ’ਤੇ ਲੈਣ ਲਈ ਜੂਝਦੇ ਖੇਤ ਮਜ਼ਦੂਰ
ਪੰਜਾਬ ਖੇਤ ਮਜ਼ਦੂਰ ਯੂਨੀਅਨ ਦੀ ਅਗਵਾਈ ਹੇਠ ਸੰਗਰੂਰ ਜ਼ਿਲ੍ਹੇ ਦੇ ਪਿੰਡ ਗੋਬਿੰਦਪੁਰਾ ਪਾਪੜਾ ਅਤੇ ਸਲੇਮਗੜ੍ਹ ਦੇ ਖੇਤ ਮਜ਼ਦੂਰ ਪੰਚਾਇਤੀ ਜ਼ਮੀਨ ’ਚੋਂ ਤੀਜਾ ਹਿੱਸਾ ਜ਼ਮੀਨ ਸਸਤੇ ਭਾਅ ’ਤੇ ਠੇਕੇ ’ਤੇ ਦੇਣ ਦੀ ਮੰਗ ਨੂੰ ਲੈ ਕੇ ਕਈ ਮਹੀਨਿਆਂ ਤੋਂ ਜੂਝਦੇ ਆ ਰਹੇ ਹਨ। ਸਲੇਮਗੜ੍ਹ ’ਚ ਤਾਂ ਕਈ ਸਾਲਾਂ ਤੋਂ ਇੱਥੋਂ ਦੇ ਮਜ਼ਦੂਰ ਆਪਸੀ ਏਕੇ ਤੇ ਸਹਿਯੋਗ ਦੇ ਜ਼ੋਰ ਕਰੀਬ 12 ਏਕੜ ਜ਼ਮੀਨ ਠੇਕੇ ’ਤੇ ਲੈ ਕੇ ਵਾਹੁੰਦੇ ਆ ਰਹੇ ਹਨ। ਪਿਛਲੇ ਵਰ੍ਹੇ ਇਹ ਜ਼ਮੀਨ ਲੱਗਭਗ 1 ਲੱਖ 40 ਰੁਪਏ ਵਿੱਚ ਹਾਸਲ ਕੀਤੀ ਗਈ ਸੀ। ਆਪਣੇ ਏਕੇ ਦੇ ਜ਼ੋਰ ਹੀ ਮਜ਼ਦੂਰਾਂ ਵੱਲੋਂ ਐਸ ਸੀ ਭਾਈਚਾਰੇ ਲਈ ਰਿਜ਼ਰਵ ਜ਼ਮੀਨ ’ਚ ਪੰਚਾਇਤ ਵਿਭਾਗ ਤੋਂ ਸਰਕਾਰੀ ਖਰਚੇ ’ਤੇ ਮੋਟਰ ਚਾਲੂ ਕਰਵਾਉਣ ’ਚ ਵੀ ਸਫ਼ਲਤਾ ਹਾਸਲ ਕੀਤੀ ਗਈ। ਪਰ ਪਿੰਡ ਦੇ ਕੁੱਝ ਉੱਚ ਜਾਤੀ ਚੌਧਰੀਆਂ ਨੂੰ (ਜਿਨ੍ਹਾਂ ’ਚ ਇੱਕ ਭਗਵੰਤ ਮਾਨ ਦਾ ਨਜ਼ਦੀਕੀ ਰਿਸ਼ਤੇਦਾਰ ਵੀ ਹੈ) ਮਜ਼ਦੂਰਾਂ ਦੀ ਇਹ ਏਕਤਾ ਤੇ ਸਫਲਤਾ ਵਿਹੁ ਵਾਂਗ ਲੱਗਦੀ ਰਹੀ ਅਤੇ ਇਸ ਵਾਰ ਉਹ ਦੋ ਕੁ ਮਜ਼ਦੂਰਾਂ ਨੂੰ ਵਰਗਲਾ ਕੇ ਡੰਮੀ ਬੋਲੀ ਦੇਣ ਲਈ ਖੜ੍ਹੇ ਕਰਨ ’ਚ ਕਾਮਯਾਬ ਹੋ ਗਏ। ਇਹਨਾਂ ਮਜ਼ਦੂਰਾਂ ਤੋਂ ਉੱਚੇ ਭਾਅ ’ਤੇ ਬੋਲੀ ਦੁਆ ਕੇ ਉਹ ਚੌਧਰੀ ਲਾਣਾ ਖੁਦ ਇਸ ਜ਼ਮੀਨ ’ਤੇ ਕਾਬਜ਼ ਹੋਣਾ ਲੋਚਦਾ ਹੈ। ਇਹਨਾਂ ਚੌਧਰੀਆਂ ਨਾਲ ਸਾਜ ਬਾਜ ਕਰਕੇ ਮਜ਼ਦੂਰਾਂ ਲਈ ਰਿਜ਼ਰਵ ਜ਼ਮੀਨ ਦੀ ਬੋਲੀ ਕਰਾਉਣ ਆਏ ਪੰਚਾਇਤ ਵਿਭਾਗ ਦੇ ਅਧਿਕਾਰੀਆਂ ਦਾ ਜਥੇਬੰਦ ਖੇਤ ਮਜ਼ਦੂਰਾਂ ਵੱਲੋਂ ਜ਼ਬਰਦਸਤ ਵਿਰੋਧ ਕਰਨ ਸਦਕਾ ਅਧਿਕਾਰੀਆਂ ਨੂੰ ਤਿੰਨ ਵਾਰ ਬੋਲੀ ਰੱਦ ਕਰਨ ਲਈ ਮਜ਼ਬੂਰ ਕੀਤਾ ਗਿਆ। ਜਿਸ ਕਰਕੇ ਇਹਨਾਂ ਚੌਧਰੀਆਂ ਦੇ ਮਨਸੂਬੇ ਅਜੇ ਤੱਕ ਸਿਰੇ ਨਹੀਂ ਚੜ੍ਹ ਸਕੇ ਅਤੇ ਪਿੰਡ ਦੀ ਭਾਰੀ ਬਹੁ ਗਿਣਤੀ ਖੇਤ ਮਜ਼ਦੂਰ ਪੰਚਾਇਤੀ ਜ਼ਮੀਨ ਸਸਤੇ ਭਾਅ ਠੇਕੇ ’ਤੇ ਲੈਣ ਦੀ ਮੰਗ ਨੂੰ ਲੈ ਕੇ ਅਜੇ ਵੀ ਜੂਝ ਰਹੇ ਹਨ ।
ਪਿੰਡ ਗੋਬਿੰਦਪੁਰਾ ਪਾਪੜਾ ਵਿਖੇ ਤਾਂ ਪੰਚਾਇਤੀ ਜ਼ਮੀਨ ਦੇ ਮਾਮਲੇ ਨੂੰ ਲੈ ਕੇ ਤਾਂ ਸਥਿਤੀ ਬੇਹੱਦ ਤਣਾਅ ਪੂਰਨ ਬਣੀ ਹੋਈ ਹੈ। ਪਿਛਲੇ ਵਰ੍ਹੇ ਇੱਥੋਂ ਦੇ ਖੇਤ ਮਜ਼ਦੂਰਾਂ ਵੱਲੋਂ ਪੰਜਾਬ ਖੇਤ ਮਜ਼ਦੂਰ ਯੂਨੀਅਨ ਦੀ ਅਗਵਾਈ ਹੇਠ ਲੰਬੀ ਜੱਦੋਜਹਿਦ ਤੋਂ ਬਾਅਦ ਐਸ ਸੀ ਭਾਈਚਾਰੇ ਲਈ ਰਿਜ਼ਰਵ ਕਰੀਬ 13 ਏਕੜ ਜ਼ਮੀਨ 1 ਲੱਖ 60 ਰੁਪਏ ’ਚ ਠੇਕੇ ’ਤੇ ਲੈਣ ਵਿੱਚ ਸਫ਼ਲਤਾ ਹਾਸਲ ਕੀਤੀ ਗਈ ਸੀ। ਪਰ ਪਿੰਡ ਦੇ ‘ਅਕਾਲੀ’ ਤੇ ‘ਆਪ’ ਧੜੇ ਨਾਲ ਜੁੜੇ ਦੋ ਚੌਧਰੀਆਂ ਦੇ ਪਰਿਵਾਰਾਂ ਨੂੰ ਖੇਤ ਮਜ਼ਦੂਰਾਂ ਵੱਲੋਂ ਆਪਣੀ ਜਥੇਬੰਦ ਤਾਕਤ ਦੇ ਜ਼ੋਰ ਆਪਣਾ ਹੱਕ ਪੁਗਾਉਣਾ ਰੋੜ ਵਾਂਗ ਰੜਕਣ ਲੱਗਾ। ਉਹਨਾਂ ਵੱਲੋਂ ਪਿੰਡ ਦੇ ਜੱਟ ਭਾਈਚਾਰੇ ਨੂੰ ਭੜਕਾਕੇ ਤੇ ਕੁਝ ਨੂੰ ਗੁੰਮਰਾਹ ਕਰਕੇ ਗੁਰਦੁਆਰੇ ’ਚ ਭਰਤ ਪਾਉਣ ਦੇ ਨਾਂ ਹੇਠ ਮਜ਼ਦੂਰ ਪਰਿਵਾਰਾਂ ਵੱਲੋਂ ਬੀਜੀ ਕਣਕ ਤੇ ਸਰ੍ਹੋਂ ਦੇ ਖੇਤਾਂ ’ਚ ਜੇ.ਸੀ.ਬੀ. Ñਲਾ ਕੇ ਲੱਗਭਗ ਇੱਕ ਏਕੜ ਫ਼ਸਲ ਬਰਬਾਦ ਕਰ ਦਿੱਤੀ। ਉਹਨਾਂ ਵੱਲੋਂ ਜ਼ਮੀਨ ’ਤੇ ਵਾਹੀ ਕਰਨ ਵਾਲੇ ਮਜ਼ਦੂਰ ਪਰਿਵਾਰਾਂ ਵੱਲੋਂ ਕੀਤੇ ਵਿਰੋਧ ਨੂੰ ਸਿਰਸੇ ਵਾਲੇ ਡੇਰੇ ਦੇ ਪੈਰੋਕਾਰ ਹੋਣ ਕਾਰਨ ਗੁਰਦੁਆਰੇ ’ਚ ਭਰਤ ਪਾਉਣ ਦਾ ਵਿਰੋਧ ਕਰਨ ਦਾ ਮਸਲਾ ਬਣਾ ਕੇ ਦੋ ਫ਼ਿਰਕਿਆਂ ’ਚ ਟਕਰਾਅ ਕਰਾਉਣ ਦੀ ਕੋਸ਼ਿਸ਼ ਕੀਤੀ ਗਈ। ਪਰ ਖੇਤ ਮਜ਼ਦੂਰ ਜਥੇਬੰਦੀ ਦੇ ਦਖ਼ਲ ਕਾਰਨ ਭਾਵੇਂ ਉਹ ਇਹ ਟਕਰਾਅ ਕਰਾਉਣ ’ਚ ਤਾਂ ਸਫਲ ਨਾ ਹੋ ਸਕੇ ਪ੍ਰੰਤੂ ਮਜ਼ਦੂਰਾਂ ਦਾ ਵੱਡਾ ਹਿੱਸਾ ਇਸ ਧੱਕੇਸ਼ਾਹੀ ਖ਼ਿਲਾਫ਼ ਧਾਰਮਿਕ ਮਾਮਲਾ ਬਣ ਜਾਣ ਦੇ ਡਰੋਂ ਡਟਵੇਂ ਵਿਰੋਧ ’ਚ ਵੀ ਨਾ ਖੜ੍ਹ ਸਕਿਆ। ਪਰ ਇਸ ਮਾਮਲੇ ’ਚ ਬੀਕੇਯੂ ਏਕਤਾ ਉਗਰਾਹਾਂ ਵੱਲੋਂ ਕੀਤੀ ਦਖਲਅੰਦਾਜ਼ੀ ਸਦਕਾ ਇਹਨਾਂ ਚੌਧਰੀਆਂ ਨੂੰ ਇਕੱਠ ’ਚ ਆ ਕੇ ਆਪਣੀ ਇਸ ਕਾਰਵਾਈ ਬਦਲੇ ਗਲਤੀ ਦਾ ਅਹਿਸਾਸ ਜ਼ਰੂਰ ਕਰਨਾ ਪੈ ਗਿਆ।
ਇਸ ਵਾਰ ਮਜ਼ਦੂਰਾਂ ਵਾਲੀ ਇਸ ਪੰਚਾਇਤੀ ਜ਼ਮੀਨ ਦੀ ਡੰਮੀ ਬੋਲੀ ਕਰਵਾਕੇ ਜ਼ਮੀਨ ’ਤੇ ਕਾਬਜ਼ ਹੋਣ ਲਈ ਇਹਨਾਂ ਚੌਧਰੀਆਂ ਵੱਲੋਂ ਪੂਰੀ ਸ਼ਕਤੀ ਝੋਕੀ ਗਈ। ਪੰਜਾਬ ਖੇਤ ਮਜ਼ਦੂਰ ਯੂਨੀਅਨ ਦੇ ਸੂਬਾ ਕਮੇਟੀ ਮੈਂਬਰ ਹਰਭਗਵਾਨ ਸਿੰਘ ਮੂਣਕ ਅਤੇ ਜ਼ਿਲ੍ਹਾ ਆਗੂ ਗੋਪੀਗਿਰ ਕੱਲਰਭੈਣੀ ਖਿਲਾਫ ਕੂੜ ਪ੍ਰਚਾਰ ਕਰਕੇ ਜੱਟ ਭਾਈਚਾਰੇ ’ਚ ਮਜ਼ਦੂਰ ਆਗੂਆਂ ਖ਼ਿਲਾਫ਼ ਨਫ਼ਰਤ ਭਰੀ ਗਈ। ਬਾਹਰਲੇ ਬੰਦਿਆਂ ਵੱਲੋਂ ਪਿੰਡ ਦਾ ਮਾਹੌਲ ਖਰਾਬ ਕਰਨ ਦੀ ਬੂ- ਦੁਹਾਈ ਪਾਈ ਗਈ। ਇਹਨਾਂ ਆਗੂਆਂ ਦੇ ਪਿੰਡ ’ਚ ਆਉਣ ’ਤੇ ਲੱਤਾਂ ਤੋੜ ਦੇਣ ਦਾ ਐਲਾਨ ਕੀਤਾ ਗਿਆ। ਦੋ ਮਜ਼ਦੂਰਾਂ ਨੂੰ ਵਰਗਲਾ ਕੇ ਅਤੇ ਲਾਲਚ ਦੇ ਕੇ ਡੰਮੀ ਬੋਲੀ ਲਈ ਤਿਆਰ ਵੀ ਕੀਤਾ ਗਿਆ। ਦੂਜੇ ਪਾਸੇ ਸਮੁੱਚੇ ਮਜ਼ਦੂਰ ਭਾਈਚਾਰੇ ਵੱਲੋਂ ਇਹਨਾਂ ਦੀ ਇਸ ਚਣੌਤੀ ਦੇ ਬਾਵਜੂਦ ਖੇਤ ਮਜ਼ਦੂਰ ਆਗੂਆਂ ਦੀ ਅਗਵਾਈ ਹੇਠ ਭਰਵੀਆਂ ਮੀਟਿੰਗਾਂ ਜਥੇਬੰਦ ਕਰਕੇ ਡੰਮੀ ਬੋਲੀ ਖਿਲਾਫ਼ ਡਟਣ ਦਾ ਐਲਾਨ ਕੀਤਾ ਗਿਆ। ਮਜ਼ਦੂਰ ਆਗੂਆਂ ਦੀ ਸੁਰੱਖਿਆ ਲਈ ਵੰਲਟੀਅਰਾਂ ਦਾ ਪ੍ਰਬੰਧ ਕੀਤਾ ਗਿਆ। ਬੇਸ਼ੱਕ ਮਜ਼ਦੂਰਾਂ ਦੇ ਰੋਹ ਨੂੰ ਭਾਂਪਦਿਆਂ ਪੰਚਾਇਤ ਵਿਭਾਗ ਵੱਲੋਂ ਮਜ਼ਦੂਰ ਵਰਗ ਲਈ ਰਾਖਵੀਂ ਜ਼ਮੀਨ ਦੀ ਬੋਲੀ ਐਸ ਸੀ ਭਾਈਚਾਰੇ ਦੀ ਧਰਮਸ਼ਾਲਾ ਵਿੱਚ ਹੀ ਰੱਖੀ ਗਈ ਅਤੇ ਪੁਲਿਸ ਫੋਰਸ ਵੀ ਤਾਇਨਾਤ ਕੀਤੀ ਗਈ ਪਰ ਅਫ਼ਸਰਸ਼ਾਹੀ ਨਾਲ ਮਿਲੀ ਭੁਗਤ ਦੀ ਬਦੌਲਤ ਇਹ ਚੌਧਰੀ ਲਾਣਾ ਸੈਂਕੜਿਆਂ ਦੀ ਗਿਣਤੀ ’ਚ ਜਨਰਲ ਵਰਗ ਦੇ ਲੋਕਾਂ ਨੂੰ ਭੜਕਾ ਕੇ ਮਜ਼ਦੂਰ ਧਰਮਸ਼ਾਲਾ ਨੇੜੇ ਆ ਪੁੱਜਿਆ। ਮਜ਼ਦੂਰਾਂ ਖਿਲਾਫ਼ ਜਾਤਪਾਤੀ ਗਾਲ੍ਹਾਂ ਕੱਢਦਾ ਇਹ ਟੋਲਾ ਧਰਮਸ਼ਾਲਾ ’ਚ ਇਕੱਠੇ ਹੋਏ ਮਜ਼ਦੂਰਾਂ ਤੇ ਆਗੂਆਂ ਖ਼ਿਲਾਫ਼ ਅੱਗ ਉਗਲਦਾ ਰਿਹਾ। ਪਰ ਮੌਕੇ ’ਤੇ ਮੌਜੂਦ ਪੁਲਿਸ ਅਧਿਕਾਰੀ ਮੂਕ ਦਰਸ਼ਕ ਬਣੇ ਰਹੇ। ਚੌਧਰੀਆਂ ਦੀ ਇਸ ਭੜਕਾਹਟ ਭਰੀ ਕਾਰਵਾਈ ਤੋਂ ਰੋਹ ਵਿੱਚ ਆਏ ਮਜ਼ਦੂਰ ਜਵਾਬੀ ਟਾਕਰੇ ਲਈ ਤਹੂ ਹੋ ਉੱਠੇ । ਪ੍ਰੰਤੂ ਮੌਕੇ ’ਤੇ ਮੌਜੂਦ ਖੇਤ ਮਜ਼ਦੂਰ ਆਗੂਆਂ ਦੇ ਧੜੱਲੇਦਾਰ ਤੇ ਸੂਝਵਾਨ ਪੈਂਤੜੇ ਦੀ ਬਦੌਲਤ ਇਹ ਚੌਧਰੀ ਲਾਣਾ ਆਪਣੇ ਮਨਸੂਬਿਆਂ ’ਚ ਸਫ਼ਲ ਨਾ ਹੋ ਸਕਿਆ ਅਤੇ ਆਖ਼ਰ ਪੁਲਿਸ ਅਧਿਕਾਰੀਆਂ ਨੂੰ ਵੀ ਇਸ ਹਜ਼ੂਮ ਨੂੰ ਰੋਕਣ ਲਈ ਹਰਕਤ ’ਚ ਆਉਣਾ ਪਿਆ। ਇਸ ਸਾਰੇ ਰੌਲੇ ਰੱਪੇ ਦੌਰਾਨ ਹੀ ਪੰਚਾਇਤ ਸਕੱਤਰ ਵੱਲੋਂ ਚੌਧਰੀਆਂ ਵੱਲੋਂ ਬੋਲੀ ਦੇਣ ਲਈ ਭੇਜੇ ਦੋ ਵਿਅਕਤੀਆਂ ਦੇ ਨਾਂ ’ਤੇ ਹੀ ਬੋਲੀ ਕਰਾਉਣ ਦੇ ਯਤਨ ਵੀ ਮਜ਼ਦੂਰਾਂ ਦੇ ਭਾਰੀ ਵਿਰੋਧ ਨੇ ਠੁੱਸ ਕਰ ਦਿੱਤੇ । ਖੇਤ ਮਜ਼ਦੂਰਾਂ ਵੱਲੋਂ ਮੌਕੇ ’ਤੇ ਮੌਜੂਦ ਪੁਲਿਸ ਅਧਿਕਾਰੀਆਂ ਨੂੰ ਚੌਧਰੀ ਲਾਣੇ ਖਿਲਾਫ਼ ਲਿਖਤੀ ਸ਼ਿਕਾਇਤ ਦੇ ਕੇ ਕਾਰਵਾਈ ਕਰਨ ਦੀ ਮੰਗ ਕੀਤੀ ਗਈ ਪਰ ਹਫ਼ਤਾ ਬੀਤਣ ਦੇ ਬਾਵਜੂਦ ਜਦੋਂ ਕੋਈ ਕਾਰਵਾਈ ਨਾ ਹੋਈ ਤਾਂ ਸੈਂਕੜੇ ਮਜ਼ਦੂਰਾਂ ਵੱਲੋਂ ਡੀ ਐਸ ਪੀ ਦਫ਼ਤਰ ਲਹਿਰਾਗਾਗਾ ਵਿਖੇ ਲਗਾਤਾਰ ਦਾ ਧਰਨਾ ਸ਼ੁਰੂ ਕਰ ਦਿੱਤਾ। ਧਰਨੇ ਦੌਰਾਨ ਡੀ ਐਸ ਪੀ ਵੱਲੋਂ ਮਜ਼ਦੂਰਾਂ ਦੇ ਬਿਆਨ ਦਰਜ਼ ਕਰਕੇ ਕਾਰਵਾਈ ਦਾ ਭਰੋਸਾ ਦੇਣ ਉਪਰੰਤ ਲਗਾਤਾਰ ਦਾ ਧਰਨਾ ਮੁਲਤਵੀ ਕਰ ਦਿੱਤਾ ਗਿਆ।
ਇਸ ਤੋਂ ਕੁਝ ਦਿਨ ਬਾਅਦ ਹੀ ਜ਼ਮੀਨ ਦੀ ਮੁੜ ਰੱਖੀ ਬੋਲੀ ਮੌਕੇ ਭਾਵੇਂ ਇਹਨਾਂ ਚੌਧਰੀਆਂ ਵੱਲੋਂ ਮਜ਼ਦੂਰ ਧਰਮਸ਼ਾਲਾ ’ਚ ਬੋਲੀ ਲਈ ਹੋਏ ਇਕੱਠ ’ਚ ਜਾਣ ਲਈ ਤਾਣ ਲਾਇਆ ਗਿਆ ਪਰ ਵੱਡੀ ਗਿਣਤੀ ’ਚ ਤਾਇਨਾਤ ਪੁਲੀਸ ਫੋਰਸ ਵਲੋਂ ਉਨ੍ਹਾਂ ਨੂੰ ਅਜਿਹਾ ਨਾ ਕਰਨ ਦਿੱਤਾ। ਇਸ ਦਿਨ ਜ਼ਮੀਨ ਦੀ ਬੋਲੀ ਸਮੇਂ ਜ਼ਿਲ੍ਹਾ ਅਧਿਕਾਰੀ ਡੀ ਡੀ ਪੀ ਓ ਖੁਦ ਵੀ ਪਹੁੰਚਿਆ ਹੋਇਆ ਸੀ। ਪਰ ਮਜ਼ਦੂਰਾਂ ਦੇ ਭਾਰੀ ਵਿਰੋਧ ਦੀ ਬਦੌਲਤ ਚੌਧਰੀਆਂ ਵੱਲੋਂ ਭੇਜੇ ਬੰਦਿਆਂ ਦੇ ਨਾਂਅ ’ਤੇ ਬੋਲੀ ਤੋੜਨ ਦੀਆਂ ਪ੍ਰਸ਼ਾਸਨ ਦੀਆਂ ਕੋਸ਼ਿਸ਼ਾਂ ਸਫ਼ਲ ਨਾ ਹੋਈਆਂ। ਪ੍ਰਸ਼ਾਸਨ ਅਤੇ ਚੌਧਰੀ ਲਾਣੇ ਵੱਲੋਂ ਸਾਰਾ ਤਾਣ ਲਾ ਕੇ ਡੰਮੀ ਬੋਲੀ ਦੇ ਤਿੰਨ ਵਾਰ ਦੇ ਯਤਨਾਂ ਨੂੰ ਫੇਲ੍ਹ ਕਰਨ ਸਦਕਾ ਖੇਤ ਮਜ਼ਦੂਰਾਂ ’ਚ ਆਪਣੀ ਜਥੇਬੰਦ ਤਾਕਤ ’ਤੇ ਭਰੋਸਾ ਵਧਿਆ ਹੈ ਅਤੇ ਉਹ ਆਪਣੇ ਹੱਕ ਲਈ ਅਜੇ ਤੱਕ ਡਟੇ ਹੋਏ ਹਨ। ਇਸ ਮਾਮਲੇ ਵਿੱਚ ਵਿਰੋਧੀਆਂ ਨੂੰ ਭਾਂਜ ਦੇਣ ਲਈ ਜਿੱਥੇ ਖੇਤ ਮਜ਼ਦੂਰਾਂ ਨੂੰ ਹੋਰ ਵਧੇਰੇ ਚੇਤਨ ਹੋ ਕੇ ਆਪਣੀ ਏਕਤਾ ਨੂੰ ਹੋਰ ਵਿਸ਼ਾਲ ਤੇ ਮਜ਼ਬੂਤ ਕਰਨ ਦੀ ਜ਼ਰੂਰਤ ਹੈ ਉਥੇ ਮਾਲਕ ਕਿਸਾਨੀ ਦੇ ਅੰਦਰੋਂ ਵੀ ਆਪਣੀ ਹਮਾਇਤੀ ਧਿਰ ਖੜ੍ਹੀ ਕਰਨ ਵੱਲ ਵੀ ਗੰਭੀਰ ਕੋਸ਼ਿਸ਼ ਕਰਨ ਦੀ ਲੋੜ ਹੈ।
ਇਸ ਸਮੁੱਚੇ ਮਾਮਲੇ ਤੋਂ ਇੱਕ ਵਾਰ ਫਿਰ ਇਸ ਗੱਲ ਦੀ ਹੀ ਪੁਸ਼ਟੀ ਹੁੰਦੀ ਹੈ ਕਿ ਅਖ਼ੌਤੀ ਆਜ਼ਾਦੀ ਦੀ ਪੌਣੀ ਸਦੀ ਬੀਤਣ ਦੇ ਬਾਵਜੂਦ ਇੱਥੋਂ ਦੇ ਖੇਤ ਮਜ਼ਦੂਰ ਅਤੇ ਹੋਰ ਕਿਰਤੀ ਕਮਾਊਂ ਲੋਕਾਂ ਲਈ ਸਰਕਾਰਾਂ ਵੱਲੋਂ ਬਣਾਈਆਂ ਲੋਕ ਭਲਾਈ ਸਕੀਮਾਂ ਅਤੇ ਕਾਨੂੰਨ ਮਹਿਜ਼ ਵਿਖਾਵਾ ਹੀ ਹਨ। ਕਹਿਣ ਨੂੰ ਤਾਂ ਖੇਤ ਮਜ਼ਦੂਰਾਂ ਦੀ ਭਲਾਈ ਲਈ ਸਰਕਾਰਾਂ ਵੱਲੋਂ ਅਨੇਕ ਕਿਸਮ ਦੀਆਂ ਸਕੀਮਾਂ/ ਕਾਨੂੰਨ ਬਣਾਏ ਗਏ ਹਨ ਪਰ ਸਰਕਾਰਾਂ ਤੇ ਅਫ਼ਸਰਸ਼ਾਹੀ ਦੀ ਨੀਅਤ ਤੇ ਨੀਤੀ ਕਦੇ ਵੀ ਇਹਨਾਂ ਨੂੰ ਸੁਹਿਰਦਤਾ ਨਾਲ ਲਾਗੂ ਕਰਨ ਦੀ ਨਹੀਂ ਰਹੀ। ਇਹ ਤਾਂ ਬੱਸ ਮਜ਼ਦੂਰਾਂ ਦੇ ਰੋਹ ’ਤੇ ਠੰਡਾ ਛਿੜਕਣ, ਹਾਕਮ ਜਮਾਤੀ ਸਿਆਸੀ ਪਾਰਟੀਆਂ ਦੀਆਂ ਵੋਟਾਂ ਦਾ ਝਾੜ ਵਧਾਉਣ ਜਾਂ ਇੱਕਾ ਦੁੱਕਾ ਪਰਿਵਾਰਾਂ ਨੂੰ ਇਹਨਾਂ ਦਾ ਲਾਭ ਦੇ ਕੇ ਬਾਕੀਆਂ ਲਈ ਝਾਕ ਬਣਾ ਕੇ ਰੱਖਣ ਦਾ ਹੀ ਵਸੀਲਾ ਹਨ। ਇਸੇ ਕਰਕੇ ਇਹਨਾਂ ਨਿਗੂਣੀਆਂ ਸਹੂਲਤਾਂ ਜਾਂ ਕਾਨੂੰਨਾਂ ਨੂੰ ਲਾਗੂ ਕਰਾਉਣ ਲਈ ਵੀ ਖੇਤ ਮਜ਼ਦੂਰਾਂ ਨੂੰ ਵਾਰ ਵਾਰ ਜੂਝਣਾ ਪੈਂਦਾ ਹੈ।
--0--
No comments:
Post a Comment