ਨਿੱਜੀਕਰਨ ਦੀਆਂ ਨੀਤੀਆਂ ਦੀ ਮਾਰ ਹੰਢਾਉਂਦੇ ਠੇਕਾ ਬਿਜਲੀ ਮੁਲਾਜ਼ਮ
ਪਾਵਰਕਾਮ ’ਚ ਸਾਮਰਾਜੀ ਕੰਪਨੀਆਂ ਅਧੀਨ ‘ਠੇਕੇਦਾਰੀ ਪ੍ਰਬੰਧ’ ’ਚ ਕੰਮ ਕਰਦੇ ਆਊਟਸੋਰਸਿੰਗ, ਸੀ.ਐਚ.ਬੀ., ਡਬਲਿਊ ਠੇਕਾ ਮੁਲਾਜ਼ਮ ਤੇ ਹੋਰ ਵੰਨਗੀ ਦੇ ਠੇਕਾ ਮੁਲਾਜ਼ਮ ਨਿੱਜੀਕਰਨ ਦੀਆਂ ਨੀਤੀਆਂ ਦੀ ਮਾਰ ਹੰਢਾ ਰਹੇ ਹਨ। ਇਹਨਾਂ ਨੀਤੀਆਂ ਦਾ ਇੱਕ ਲਾਗੂ ਰੂਪ ਵੱਖ-ਵੱਖ ਸਰਕਾਰੀ ਅਦਾਰਿਆਂ ’ਚ ਠੇਕੇਦਾਰੀ ਸਿਸਟਮ ਤਹਿਤ ਮੁਲਾਜ਼ਮਾਂ ਦੀ ਕਿਰਤ ਸ਼ਕਤੀ ਲੁੱਟਣਾ ਹੈ। ਇਹ ਉਹ ਠੇਕਾ ਬਿਜਲੀ ਮੁਲਾਜ਼ਮ ਹਨ ਜਿਹੜੇ ਜ਼ਿਆਦਾਤਰ ਫੀਲਡ ’ਚ ਜਾ ਕੇ ਬਿਜਲੀ ਦੀਆਂ ਲਾਇਨਾਂ, ਗਰਿੱਡਾਂ ਆਦਿ ’ਤੇ ਜਾ ਕੇ ਬਹੁਤ ਘੱਟ ਉਜ਼ਰਤਾਂ ’ਤੇ ਹੱਡ ਭੰਨਵੀਂ ਮਿਹਨਤ ਕਰਦੇ ਹਨ। ਇਹਨਾਂ ਨੂੰ ਬਿਨਾਂ ਕਿਸੇ ਮੈਡੀਕਲ ਭੱਤੇ, ਬੀਮਾ ਤੇ ਬਿਨਾਂ ਪੈਨਸ਼ਨ ਤੋਂ ਉੱਕਾ ਪੁੱਕਾ ਤਨਖਾਹ ਮਿਲਦੀ ਹੈ। ਇਹਨਾਂ ਠੇਕਾ ਕਾਮਿਆਂ ਨੂੰ ਬਿਨਾਂ ਕਿਸੇ ਢੁੱਕਵੀਂ ਸਿਖਲਾਈ ਤੇ ਬਗੈਰ ਢੁੱਕਵੇਂ ਸੁਰੱਖਿਆ ਉਪਕਰਨਾਂ ਤੋਂ ਹਾਈ ਵੋਲਟੇਜ਼ ਵਾਲੀਆਂ ਜੋਖ਼ਮ ਥਾਵਾਂ ’ਤੇ ਕੰਮ ਲਿਆ ਜਾਂਦਾ ਹੈ। ਜਿਸ ਕਾਰਨ ਇਹ ਬਿਜਲੀ ਕਾਮੇ ਅਕਸਰ ਖਤਰਨਾਕ ਹਾਦਸਿਆਂ ਦਾ ਸ਼ਿਕਾਰ ਹੋ ਕੇ ਮੌਤ ਦੇ ਮੂੰਹ ’ਚ ਜਾ ਪੈਂਦੇ ਹਨ। ਜਿਹੜੇ ਇਹਨਾਂ ਹਾਦਸਿਆਂ ਤੋਂ ਬਚ ਵੀ ਜਾਂਦੇ ਹਨ ਉਹ ਉਮਰ ਭਰ ਲਈ ਅਪਹਾਜ ਹੋ ਜਾਂਦੇ ਹਨ। ਜੇਕਰ ਇਹ ਠੇਕਾ ਬਿਜਲੀ ਕਾਮੇ ਇਸ ਜੋਖ਼ਮ ਭਰੇ ਕੰਮ ਤੋਂ ਜਵਾਬ ਦਿੰਦੇ ਹਨ ਤਾਂ ਉਹਨਾਂ ਨੂੰ ਆਪਣੇ ਰੁਜ਼ਗਾਰ ਦੇ ਖੁੱਸਣ ਦਾ ਡਰ ਬਣਿਆ ਰਹਿੰਦਾ ਹੈ। ਲਗਭਗ ਔਸਤਨ ਹਰ ਮਹੀਨੇ ਕਰੰਟ ਲੱਗਣ ਨਾਲ ਤਿੰਨ ਠੇਕਾ ਬਿਜਲੀ ਮੁਲਾਜ਼ਮਾਂ ਦੀ ਕੰਮ ਦੌਰਾਨ ਮੌਤ ਹੋ ਜਾਂਦੀ ਹੈ ਤੇ ਔਸਤਨ ਹਰ ਮਹੀਨੇ ਦੋ ਠੇਕਾ ਬਿਜਲੀ ਮੁਲਾਜ਼ਮ ਲੱਤਾਂ ਬਾਹਾਂ ਕੱਟਣ ਨਾਲ ਅਪਾਹਜ ਹੋ ਜਾਂਦੇ ਹਨ। ਹੋਰ ਵੀ ਅਨੇਕਾਂ ਅਜਿਹੇ ਠੇਕਾ ਮੁਲਾਜ਼ਮ ਹਨ ਜਿਹੜੇ ਕਰੰਟ ਲੱਗਣ ਨਾਲ 90 ਫੀਸਦੀ ਅਪਾਹਜ ਹੋ ਗਏ ਹਨ।
ਇਸੇ ਤਰ੍ਹਾਂ ਫਰੀਦਕੋਟ ਸਰਕਲ ’ਚ ਕੰਮ ਕਰਦਾ ਪਾਵਰਕਾਮ ਐਂਡ ਟਰਾਂਸਕੋ ਦਾ ਠੇਕਾ ਬਿਜਲੀ ਮੁਲਾਜ਼ਮ ਲਗਭਗ ਪੰਜ ਸਾਲ ਪਹਿਲਾਂ ਕਰੰਟ ਲੱਗਣ ਕਾਰਨ ਅਪਹਾਜ ਹੋ ਗਿਆ ਸੀ। ਉਹ ਚੱਲਣ-ਫਿਰਨ ਤੋਂ ਵੀ ਅਸਮਰੱਥ ਹੈ। ਪਾਵਰਕਾਮ ਐਂਡ ਟਰਾਂਸਕੋਂ ਠੇਕਾ ਮੁਲਾਜ਼ਮ ਯੂਨੀਅਨ ਵੱਲੋਂ ਉਸਨੂੰ ਮੁਆਵਜ਼ਾ ਦਿਵਾਉਣ ਲਈ ਲਗਾਤਾਰ ਸੰਘਰਸ਼ ਕੀਤਾ ਜਾ ਰਿਹਾ ਹੈ ਪਰ ਨਾ ਤਾਂ ਪੰਜਾਬ ਸਰਕਾਰ ਵੱਲੋਂ ਤੇ ਨਾ ਹੀ ਕਿਸੇ ਕੰਪਨੀ ਵੱਲੋਂ ਅਜੇ ਤੱਕ ਕੋਈ ਮੁਆਵਜ਼ਾ ਦਿੱਤਾ ਗਿਆ ਹੈ। ਘਰ ’ਚ ਇਕਲੌਤਾ ਜੀਅ ਕਮਾਊ ਹੋਣ ਕਰਕੇ ਹੁਣ ਉਸਦਾ ਪਰਿਵਾਰ ਘੋਰ ਆਰਥਿਕ ਮੰਦਹਾਲੀ ਵਿੱਚ ਜੀਵਨ ਬਸਰ ਕਰ ਰਿਹਾ ਹੈ। ਇਹ ਠੇਕਾ ਕਾਮੇ ਜਿਹੜੇ ਇਹਨਾਂ ਮੁਨਾਫ਼ਾਮੁਖੀ ਠੇਕਾ ਕੰਪਨੀਆਂ ਦੇ ਮੁਨਾਫ਼ੇ ਦਾ ਸਾਧਨ ਬਣਦੇ ਹਨ ਤੇ ਲੋਕਾਂ ਦੇ ਘਰਾਂ ਨੂੰ ਰੁਸ਼ਨਾਉਂਦੇ ਹਨ ਤੇ ਖੁਦ ਉਹਨਾਂ ਦੇ ਘਰਾਂ ’ਚ ਹਨੇਰਾ ਪਸਰ ਜਾਂਦਾ ਹੈ।
ਨਿੱਜੀਕਰਨ ਦੀਆਂ ਨੀਤੀਆਂ ਤਹਿਤ ਸਰਕਾਰੀ ਬੱਜਟਾਂ ਦਾ ਹੱਥ ਘੁੱਟ ਕੇ, ਜਨਤਕ ਅਦਾਰਿਆਂ ਨੂੰ ਤੋਰਨ ਲਈ ਢਾਂਚਾ ਢਲਾਈ ਦੇ ਪ੍ਰੋਗਰਾਮ ਤਹਿਤ ਇਸਨੂੰ ਠੇਕੇਦਾਰੀ ਪ੍ਰਬੰਧ ’ਚ ਵੰਡਿਆ ਹੋਇਆ ਹੈ। ਇਹਨਾਂ ਵਿੱਚੋਂ ਕੁੱਝ ਹਿੱਸਾ ਠੇਕਾ ਬਿਜਲੀ ਕਾਮਿਆਂ ਦਾ ਡੇਲੀਵੇਜ਼ ’ਤੇ ਕੰਮ ਕਰਦਾ ਹੈ ਤੇ ਕੁੱਝ ਹਿੱਸੇ ਨੂੰ ਸੀਜ਼ਨ ਦੌਰਾਨ ਹੀ ਰੱਖਿਆ ਜਾਂਦਾ ਹੈ। ਇਸ ਕਰਕੇ ਇਹਨਾਂ ਨੂੰ ਬਹੁਤ ਨਿਗੂਣੀਆਂ ਤਨਖਾਹਾਂ ਮਿਲਦੀਆਂ ਹਨ ਪਰ ਇਸਦੇ ਉਲਟ ਜੇਕਰ ਇਹ ਠੇਕਾ ਬਿਜਲੀ ਕਾਮੇ ਆਪਣੇ ਕੰਮ ਤੋਂ ਛੁੱਟੀ ਕਰ ਲੈਣ ਤਾਂ ਉਹਨਾਂ ਦੀ ਇੱਕ ਦਿਨ ਦੀ 1600 ਤੋਂ ਲੈ ਕੇ 2000 ਤੱਕ ਤਨਖਾਹ ਕੱਟ ਲਈ ਜਾਂਦੀ ਹੈ। ਹਾਦਸਿਆਂ ਦਾ ਸ਼ਿਕਾਰ ਹੋਏ ਇਹਨਾਂ ਮੁਲਾਜ਼ਮਾਂ ਨੂੰ ਮੁਆਵਜ਼ਾ ਦੇਣ ਦੀ ਥਾਂ, ਇਹ ਠੇਕਾ ਕੰਪਨੀਆਂ ਤੇ ਪਾਵਰਕਾਮ ਦੋਨੇ ਹੀ ਇਹਨਾਂ ਠੇਕਾ ਬਿਜਲੀ ਮੁਲਾਜ਼ਮਾਂ ਨੂੰ ਆਪਣੇ ਮੁਲਾਜ਼ਮ ਮੰਨਣ ਤੋਂ ਇਨਕਾਰੀ ਹੋ ਜਾਂਦੀਆਂ ਹਨ। ਕੰਮ ਦੌਰਾਨ ਵਾਪਰੇ ਹਾਦਸਿਆਂ ਦੌਰਾਨ ਇਹਨਾਂ ਬਿਜਲੀ ਕਾਮਿਆਂ ਨੂੰ ਮੁਆਵਜ਼ਾ ਦੇਣ ਦਾ ਕੋਈ ਵੀ ਨਿਯਮ ਨਹੀਂ ਬਣਾਇਆ ਹੈ ਤੇ ਇਹਨਾਂ ਠੇਕਾ ਬਿਜਲੀ ਮੁਲਾਜ਼ਮਾਂ ਨੂੰ ਮੁਆਵਜ਼ਾ ਦਿਵਾਉਣ ਲਈ ਠੇਕਾ ਮੁਲਾਜ਼ਮ ਯੂਨੀਅਨ ਵੱਲੋਂ ਲਗਾਤਾਰ ਦ੍ਰਿੜ ਸਿਰੜੀ ਸੰਘਰਸ਼ ਲੜਨਾ ਪੈਂਦਾ ਹੈ ਤਾਂ ਕਿਤੇ ਜਾ ਕੇ ਉਹਨਾਂ ਦੀ ਮੰਗ ਮੰਨੀ ਜਾਂਦੀ ਹੈ।
ਪੰਜਾਬ ਸਰਕਾਰ ਜਿਹੜੀ ਕੇ ਇਹਨਾਂ ਠੇਕਾ ਮੁਲਾਜ਼ਮਾਂ ਨੂੰ ਰੈਗੂਲਰ ਕਰਨ ਦੇ ਦਾਅਵੇ ਕਰਦੀ ਸੀ ਅਜੇ ਤੱਕ ਉਸਨੇ ਇੱਕ ਵੀ ਠੇਕਾ ਬਿਜਲੀ ਮੁਲਾਜ਼ਮ ਰੈਗੂਲਰ ਨਹੀਂ ਕੀਤਾ, ਸਗੋਂ ਉਹਨਾਂ ਦੇ ਰੈਗੂਲਰ ਹੋਣ ਦੇ ਹੱਕ ਖੋਹੇ ਹਨ। ਪੰਜਾਬ ਸਰਕਾਰ ਦੋਸ਼ੀ ਬਣਦੇ ਠੇਕੇਦਾਰਾਂ ਤੇ ਪਾਵਰਕਾਮ ਦੇ ਅਫਸਰਾਂ ਖ਼ਿਲਾਫ਼ ਕਾਰਵਾਈ ਕਰਨ ਦੀ ਥਾਂ ਉਹਨਾਂ ਦੀ ਢੋਈ ਬਣ ਰਹੀ ਹੈ। ਪੰਜਾਬ ਸਰਕਾਰ ਸਾਮਰਾਜੀ ਕੰਪਨੀਆਂ ਨੂੰ ਨਿਵੇਸ਼ ਦੇ ਸੱਦੇ ਦੇ ਕੇ ਉਹਨਾਂ ਨਾਲ ਆਪਣੀ ਵਫ਼ਾਦਾਰੀ ਪਾਲ ਰਹੀ ਹੈ। ਨਵੇਂ ਕਿਰਤ ਕਾਨੂੰਨ ਲਾਗੂ ਕਰਨ ਤੇ ਕੰਮ ਦੇ ਘੰਟੇ 8 ਘੰਟਿਆਂ ਤੋਂ 12 ਘੰਟੇ ਕਰਨ ਦੇ ਨੋਟੀਫਕੇਸ਼ਨ ਜਾਰੀ ਕਰਨੇ ਆਦਿ ਸਾਮਰਾਜੀ ਨੀਤੀਆਂ ਲਾਗੂ ਕਰਨ ਦੀਆਂ ਪ੍ਰਮੁੱਖ ਉਦਾਹਰਨਾਂ ਹਨ। ਜਿਹੜੀਆਂ ਏਸੇ ਠੇਕੇਦਾਰੀ ਪ੍ਰਥਾ ਨੂੰ ਹੋਰ ਮਜ਼ਬੂਤ ਕਰਨ ਲਈ ਹਨ ਤੇ ਇਹਨਾਂ ਮੁਲਾਜ਼ਮਾਂ ਨੂੰ ਔਖੀਆਂ ਕੰਮ ਹਾਲਤਾਂ ’ਚ ਬਿਨਾਂ ਕਿਸੇ ਸਰਕਾਰੀ ਸੁਰੱਖਿਆ ਤੋਂ ਧੱਕਣ ਲਈ ਹਨ।
ਅਸਲ ’ਚ ਇਹ ਲੁਟੇਰਾ ਲੋਕ ਦੋਖੀ ਪ੍ਰਬੰਧ ਹੈ ਜਿਹੜਾ ਕਿ ਕਿਰਤੀ ਲੋਕਾਂ ਦੀ ਮਿਹਨਤ ਨਾਲ ਉੱਸਰਦਾ ਹੈ। ਇਸ ਸਾਮਰਾਜੀ ਪ੍ਰਬੰਧ ਅੰਦਰ ਮਨੁੱਖੀ ਜ਼ਿੰਦਗੀ ਦੀ ਕੋਈ ਅਹਿਮਅਤ ਨਹੀਂ ਹੈ। ਸਾਮਰਾਜੀ ਪ੍ਰਬੰਧ ਅਨੇਕਾਂ ਮਨੁੱਖੀ ਜ਼ਿੰਦਗੀਆਂ ਦਾਅ ’ਤੇ ਲਾ ਕੇ ਆਪਣੇ ਮੁਨਾਫ਼ੇ ਕਮਾਉਂਦਾ ਹੈ। ਇਸ ਕਰਕੇ ਇਹ ਲੜਾਈ ਸਾਮਰਾਜੀ ਨੀਤੀਆਂ ਨੂੰ ਮੋੜਾ ਦੇਣ ਦੀ ਹੈ। ਇਹ ਲੜਾਈ ਇਕੱਲੇ ਠੇਕਾ ਬਿਜਲੀ ਕਾਮਿਆਂ ਦੀ ਨਹੀਂ, ਸਗੋਂ ਵੱਖ-ਵੱਖ ਵਿਭਾਗਾਂ ’ਚ ਕੰਮ ਕਰਦੇ ਉਹਨਾਂ ਸਾਰਿਆਂ ਠੇਕਾ ਮੁਲਾਜ਼ਮਾਂ ਦੀ ਹੈ ਜਿਹੜੇ ਸਾਮਰਾਜੀ ਨੀਤੀਆਂ ਦੀ ਮਾਰ ਆਪਣੇ ਪਿੰਡੇ ’ਤੇ ਹੰਢਾ ਰਹੇ ਹਨ। ਇਸ ਕਰਕੇ ਇਹ ਸੰਘਰਸ਼ ਵਿਸ਼ਾਲ ਤਬਕਿਆਂ ਤੋਂ ਜਾਨ-ਹੂਲਵੇਂ ਤੇ ਤਿੱਖੇ ਸੰਘਰਸ਼ ਦੀ ਮੰਗ ਕਰਦਾ ਹੈ।
--0–
No comments:
Post a Comment