Wednesday, July 10, 2024

ਬਰਨਾਲਾ ’ਚ ਹੋਈ ਵਿਸ਼ਾਲ ਲੋਕ ਸ਼ਰਧਾਂਜਲੀ ਤੇ ਸਨਮਾਨ ਸੰਗਤ



 ਮਰਹੂਮ ਸੁਰਜੀਤ ਪਾਤਰ ਨੂੰ ਲੋਕਾਂ ਨੇ ਧਰਤੀ ਦੇ ਗੀਤ ਸਨਮਾਨ ਨਾਲ ਸਨਮਾਨਿਆ

ਬਰਨਾਲਾ ’ਚ ਹੋਈ ਵਿਸ਼ਾਲ ਲੋਕ ਸ਼ਰਧਾਂਜਲੀ ਤੇ ਸਨਮਾਨ ਸੰਗਤ

9 ਜੂਨ ( ਬਰਨਾਲਾ ) : ਮਰਹੂਮ ਪੰਜਾਬੀ ਕਵੀ ਸੁਰਜੀਤ ਪਾਤਰ ਦੀ ਯਾਦ ਵਿੱਚ ਨਿਵੇਕਲੀ ਤਰ੍ਹਾਂ ਦੀ ਲੋਕ ਸ਼ਰਧਾਂਜਲੀ ਅਤੇ ਸਨਮਾਨ ਸੰਗਤ ਬਰਨਾਲਾ ਦੀ ਦਾਣਾ ਮੰਡੀ ਵਿੱਚ ਹੋਈ । ਪੰਜਾਬ ਦੇ ਲੋਕਾਂ ਨੇ ਇਸ ਵਿਸ਼ਾਲ ਸੰਗਤ ਵਿੱਚ ਅਜੋਕੀ ਪੰਜਾਬੀ ਕਵਿਤਾ ਦੀ ਰੂਹ ਸੁਰਜੀਤ ਪਾਤਰ ਨੂੰ ਧਰਤੀ ਦਾ ਗੀਤ ਸਨਮਾਨ ਨਾਲ ਸਨਮਾਨਿਆ। ਇਸ ਸੰਗਤ ਵਿੱਚ ਹੱਕਾਂ ਦੀ ਲਹਿਰ ਦੇ ਕਾਫ਼ਲੇ ਦੇ ਹਜ਼ਾਰਾਂ ਲੋਕ ਅਤੇ ਪੰਜਾਬ ਦੇ ਸਾਹਿਤ ਕਲਾ ਜਗਤ ਦੀਆਂ ਨਾਮਵਰ ਸਖਸ਼ੀਅਤਾਂ ਸ਼ਾਮਿਲ ਹੋਈਆਂ। ਇਸ ਸੰਗਤ ਦੀ ਤਿਆਰੀ ਲਈ 30 ਮਈ ਨੂੰ ਵੱਖ ਵੱਖ ਜਥੇਬੰਦੀਆਂ ਦੇ ਸਰਗਰਮ ਕਾਰਕੰੁਨਾਂ ਦੀ ਇੱਕ ਇਕੱਤਰਤਾ ਤਰਕਸ਼ੀਲ ਭਵਨ ਬਰਨਾਲਾ ’ਚ ਹੋਈ ਸੀ ਜਿਸ ਨੂੰ ਸਲਾਮ ਕਾਫ਼ਲਾ ਦੇ ਟੀਮ  ਮੈਂਬਰਾਂ ਨੇ ਸੰਬੋਧਨ ਕੀਤਾ ਸੀ। ਇਸ ਵਿੱਚ ਸ਼ਾਮਿਲ ਸੈਂਕੜੇ ਕਾਰਕੰੁਨਾਂ ਨਾਲ ਸਲਾਮ ਕਾਫ਼ਲਾ ਦੇ ਸਫ਼ਰ ਤੇ ਉਦੇਸ਼ਾਂ ਤੋਂ ਲੈ ਕੇ ਸੁਰਜੀਤ ਪਾਤਰ ਦੀ ਸਾਹਿਤਕ ਦੇਣ ਬਾਰੇ ਚਰਚਾ ਕੀਤੀ ਗਈ ਸੀ। ਉਨ੍ਹਾਂ ਦੀ ਕਵਿਤਾ ਦੇ ਕੁਝ ਅਹਿਮ ਪਹਿਲੂਆਂ ਬਾਰੇ ਚਾਨਣਾ ਪਾਇਆ ਗਿਆ ਸੀ ਤੇ ਲੋਕਾਂ ਵੱਲੋਂ ਸ਼ਰਧਾਂਜਲੀ ਤੇ ਸਨਮਾਨ ਸੰਗਤ ਦੇ ਮਹੱਤਵ ਨੂੰ ਉਭਾਰਿਆ ਗਿਆ ਸੀ। ਇਸ ਸਮਾਗਮ ਦੀ ਤਿਆਰੀ ’ਚ ਜਿੱਥੇ ਵੱਖ ਵੱਖ ਜਨਤਕ ਜਥੇਬੰਦੀਆਂ ਨੇ ਆਪੋ ਆਪਣੇ ਪ੍ਰਭਾਵ ਖੇਤਰਾਂ ’ਚ ਲੋਕਾਂ ਨੂੰ ਸੁਨੇਹੇ ਦਿੱਤੇ ਸਨ ਉੱਥੇ ਸਲਾਮ ਕਾਫ਼ਲਾ ਵੱਲੋਂ ਪੰਜਾਬੀ ਦੇ ਸਭਨਾਂ ਲੋਕ ਪੱਖੀ ਸਾਹਿਤਕਾਰਾਂ ਕਲਾਕਾਰਾਂ ਨੂੰ ਵੀ ਇਸ ਸਮਾਗਮ ਲਈ ਉਚੇਚੇ ਤੌਰ ’ਤੇ ਸੱਦਾ ਪੱਤਰ ਭੇਜੇ ਗਏ ਸਨ ਤਿਆਰੀ ਲਈ ਸਮੇਂ ਦੀ ਘਾਟ ਦੇ ਬਾਵਜੂਦ ਸਮਾਗਮ ਦਾ ਸੁਨੇਹਾ ਸੂਬੇ ਭਰ ਅੰਦਰ ਪਹੁੰਚਾਇਆ ਗਿਆ ਸੀ, ਚਾਹੇ ਜਨਤਕ ਲਾਮਬੰਦੀ ਮੁਹਿੰਮ ਲਈ ਸਮਾਂ ਹਾਸਲ ਨਹੀਂ ਸੀ। ਲੋਹੜੇ ਦੀ ਗਰਮੀ ਤੇ ਹੋਰਨਾਂ ਜਨਤਕ ਸੰਘਰਸ਼ਾਂ ਦੇ ਰੁਝੇਵਿਆਂ ਦੇ ਬਾਵਜੂਦ ਲੋਕਾਂ ਦਾ ਬਹੁਤ ਵੱਡਾ ਇਕੱਠ ਆਪਣੇ ਮਹਿਬੂਬ ਕਵੀ ਨੂੰ ਸਨਮਾਨਤ  ਕਰਨ ਤੇ ਸ਼ਰਧਾਂਜਲੀ ਦੇਣ ਲਈ ਜੁੜਿਆ। ਇਸ ਸੰਗਤ ਰਾਹੀਂ ਪਾਤਰ ਦੇ ਵਿਛੋੜੇ ਦਾ ਗ਼ਮ ਮਹਿਸੂਸ ਕਰਦੇ ਲੋਕਾਂ ਦੀਆਂ ਭਾਵਨਾਵਾਂ ਵੀ ਪ੍ਰਗਟ ਹੋਈਆਂ।
     ਇਸ ਸੰਗਤ ਦੀ ਸ਼ੁਰੂਆਤ ਸੁਰਜੀਤ ਪਾਤਰ ਨੂੰ ਹਜ਼ਾਰਾਂ ਲੋਕਾਂ ਦੇ ਇਕੱਠ ਵੱਲੋਂ ਖੜ੍ਹੇ ਹੋ ਕੇ ਸ਼ਰਧਾਂਜਲੀ ਦੇਣ ਨਾਲ ਹੋਈ, ਜਿਸ ਮੌਕੇ ਸੁਰਜੀਤ ਪਾਤਰ ਦੀਆਂ ਬਹੁਤ ਮਕਬੂਲ ਸਤਰਾਂ ‘ਜਗਾ ਦੇ ਮੋਮਬੱਤੀਆਂ’ ਉਹਨਾਂ ਦੀ ਆਵਾਜ਼ ਵਿੱਚ ਗੂੰਜੀਆਂ। ਇਸ ਤੋਂ ਬਾਅਦ ਮੰਚ ’ਤੇ ਮੌਜੂਦ ਸਲਾਮ ਕਾਫ਼ਲਾ ਦੇ ਆਗੂਆਂ ਅਤੇ ਪੰਜਾਬ ਦੇ ਉੱਘੇ ਸਾਹਿਤਕਾਰਾਂ ਨੇ ਲੋਕਾਂ ਨਾਲ ਸੁਰਜੀਤ ਪਾਤਰ ਦੇ ਵਿਛੋੜੇ ਮਗਰੋਂ ਦੇ ਵਲਵਲਿਆਂ ਨੂੰ ਸਾਂਝਾ ਕੀਤਾ ਅਤੇ ਉਸਦੀ ਸਾਹਿਤਕ ਘਾਲਣਾ ਬਾਰੇ , ਉਨ੍ਹਾਂ ਦੀ ਕਵਿਤਾ ਦੀ ਅਮੀਰੀ ਬਾਰੇ ਚਰਚਾ ਕੀਤੀ। ਸਲਾਮ ਕਾਫ਼ਲਾ ਦੇ ਕਨਵੀਨਰ ਜਸਪਾਲ ਜੱਸੀ ਨੇ ਕਿਹਾ ਕਿ ਸੁਰਜੀਤ ਪਾਤਰ ਹੋਰਾਂ ਦੀ ਕਵਿਤਾ ਦੀਆਂ ਜੜ੍ਹਾਂ ਲੋਕਾਂ ਦੀ ਧਰਤੀ ’ਚ ਲੱਗੀਆਂ ਹੋਈਆਂ ਹਨ, ਉਨ੍ਹਾਂ ਦੀ ਕਵਿਤਾ ਹਮੇਸ਼ਾ ਲੋਕਾਂ ਦੇ ਦੁੱਖਾਂ ਸੁੱਖਾਂ ਦੀ ਆਵਾਜ਼ ਹੋ ਕੇ ਧੜਕੀ ਤੇ ਇਸ ਕਰਕੇ ਉਹ ਇੱਕ ਸ਼ਕਤੀਸ਼ਾਲੀ ਕਵੀ ਵਜੋਂ ਪ੍ਰਵਾਨ ਚੜ੍ਹੇ । ਉਹਨਾਂ ਨੇ ਪੰਜਾਬੀ ਸਾਹਿਤ ਦੀ ਗੁਰਬਾਣੀ ਤੋਂ ਤੁਰੀ ਆਉਂਦੀ ਅਮੀਰ ਲੋਕ ਪੱਖੀ ਵਿਰਾਸਤ ਨੂੰ ਆਤਮਸਾਤ ਕੀਤਾ ਹੋਇਆ ਸੀ। ਉਹਨਾਂ ਕਿਹਾ ਕਿ ਲੋਕਾਂ ਦੀ ਲਹਿਰ ਲਈ ਸਮੁੱਚੇ ਪੰਜਾਬੀ ਸਮਾਜ ਲਈ ਸੁਰਜੀਤ ਪਾਤਰ ਦੀ ਕਵਿਤਾ ਬੇਹੱਦ ਮੁੱਲਵਾਨ ਹੈ। ਉੱਘੇ ਪੰਜਾਬੀ ਨਾਟਕਕਾਰ ਸਵਰਾਜਵੀਰ ਨੇ ਸੁਰਜੀਤ ਪਾਤਰ ਨੂੰ ਸਥਾਪਤੀ ਦਾ ਵਿਰੋਧੀ ਕਵੀ ਕਹਿੰਦਿਆਂ ਉਹਨਾਂ ਨੂੰ ਪੰਜਾਬੀ ਸਾਹਿਤ ਦੀ ਨਾਬਰੀ ਦੀ ਵਿਰਾਸਤ ਦੀ ਲਗਾਤਾਰਤਾ ਵਜੋਂ ਦਰਸਾਇਆ। ਉੱਘੀ ਸਮਾਜਿਕ ਤੇ ਜਮਹੂਰੀ ਕਾਰਕੁੰਨ ਡਾ.ਨਵਸ਼ਰਨ, ਡਾ.ਸਾਹਿਬ ਸਿੰਘ, ਸੁਖਦੇਵ ਸਿੰਘ ਸਿਰਸਾ, ਕੇਵਲ ਧਾਲੀਵਾਲ ਨੇ ਸੰਬੋਧਨ ਕਰਦਿਆਂ ਸੁਰਜੀਤ ਪਾਤਰ ਨੂੰ ਲੋਕਾਂ ਦੀ ਧਿਰ ਦਾ ਵੱਡਾ ਕਵੀ ਕਰਾਰ ਦਿੱਤਾ। ਉਹਨਾਂ ਨੇ ਪੰਜਾਬ ਦੇ ਸਾਹਿਤਕਾਰਾਂ ਤੇ ਕਲਾਕਾਰਾਂ ਨੂੰ ਸਵਾਲ ਪਾਇਆ ਕਿ ਉਹ ਪਾਤਰ ਦੀ ਲੋਕ ਪੱਖੀ ਸਾਹਿਤਕ ਵਿਰਾਸਤ ਨੂੰ ਆਤਮਸਾਤ ਕਰਨ ਅਤੇ ਇਸ ’ਤੇ ਪਹਿਰਾ ਦੇਣ। ਸੁਰਜੀਤ ਪਾਤਰ ਵੱਲੋਂ ਕਿਸਾਨ ਸੰਘਰਸ਼ ਦੌਰਾਨ ਸਾਹਿਤਕ ਮੋਰਚੇ ’ਤੇ ਨਿਭਾਈ ਸ਼ਾਨਾਮੱਤੀ ਭੂਮਿਕਾ ਦੀ ਵਿਸ਼ੇਸ਼ ਕਰਕੇ ਚਰਚਾ ਹੋਈ। ਇਸ ਸਮਾਗਮ ਵਿੱਚ ਹਾਜ਼ਰ ਨਾ ਹੋ ਸਕੇ ਉੱਘੇ ਕਹਾਣੀਕਾਰ ਗੁਰਬਚਨ ਭੁੱਲਰ, ਵਰਿਆਮ ਸਿੰਘ ਸੰਧੂ,  ਉੱਘੇ ਨਾਟਕਕਾਰ ਆਤਮਜੀਤ , ਉੱਘੀ ਕਵਿਤਰੀ ਸੁਖਵਿੰਦਰ ਅੰਮ੍ਰਿਤ, ਇਪਟਾ ਅਤੇ ਕਵੀ ਗੁਰਭਜਨ ਗਿੱਲ ਵੱਲੋਂ ਭੇਜੇ ਗਏ ਸੁਨੇਹੇ ਮੰਚ ਤੋਂ ਸਾਂਝੇ ਕੀਤੇ ਗਏ। ਇਸ ਸੰਗਤ ਵਿੱਚ ਜਿੱਥੇ ਸੰਘਰਸ਼ਸ਼ੀਲ ਕਿਰਤੀ ਲੋਕਾਂ ਲਈ ਵਿਸ਼ਾਲ ਪੰਡਾਲ ਸਜਾਇਆ ਗਿਆ ਸੀ,  ਉੱਥੇ ਇਸ ਪੰਡਾਲ ਦੇ ਇੱਕ ਹਿੱਸੇ ’ਚ ਪਾਸ਼ ਗੈਲਰੀ ਬਣਾਈ ਗਈ ਸੀ ਜਿਸ ਵਿੱਚ ਪੰਜਾਬ ਦੇ ਸਾਹਿਤਕਾਰ ਤੇ ਕਲਾਕਾਰ ਮੌਜੂਦ ਸਨ। ਪਾਸ਼ ਗੈਲਰੀ ਜੁਝਾਰਵਾਦੀ ਪੰਜਾਬੀ ਕਵਿਤਾ ਦੇ ਹਸਤਾਖ਼ਰ ਪਾਸ਼ ਤੇ ਧਰਤੀ ਦੇ ਗੀਤ ਪਾਤਰ ਦੀ ਕਵਿਤਾ ਦੀਆਂ ਸਾਂਝੀਆਂ  ਤੰਦਾਂ ਦਾ ਸਿਰਨਾਵਾਂ ਬਣ ਕੇ ਮੌਜੂਦ ਸੀ। ਸਲਾਮ ਕਾਫ਼ਲਾ ਵੱਲੋਂ ‘ਧਰਤੀ ਦਾ ਗੀਤ’ ਸਨਮਾਨ ਚਿੰਨ੍ਹ ਜਦੋਂ ਪਰਿਵਾਰ ਨੂੰ ਭੇਂਟ ਕੀਤਾ ਗਿਆ ਤਾਂ ਉਸ ਮੌਕੇ ਉੱਘੇ ਕਿਸਾਨ ਆਗੂ ਜੋਗਿੰਦਰ ਸਿੰਘ ਉਗਰਾਹਾਂ ਨੂੰ ਵਿਸ਼ੇਸ਼ ਤੌਰ ’ਤੇ ਮੰਚ ’ਤੇ ਬੁਲਾਇਆ ਗਿਆ ਅਤੇ ਉਹਨਾਂ ਸਮੇਤ ਸਲਾਮ ਕਾਫ਼ਲਾ ਦੇ ਟੀਮ ਮੈਂਬਰਾਂ ਅਤੇ ਮੰਚ ’ਤੇ ਮੌਜੂਦ ਸਾਹਿਤਕਾਰਾਂ ਨੇ ਪਰਿਵਾਰ ਨੂੰ ਸਨਮਾਨ ਚਿੰਨ੍ਹ ਸੌਂਪਿਆ। ਇਸ ਦੌਰਾਨ ਸੁਰਜੀਤ ਪਾਤਰ ਦੇ ਛੋਟੇ ਭਰਾ ਉਪਕਾਰ ਸਿੰਘ ਅਤੇ ਉਹਨਾਂ ਦੇ ਬੇਟੇ ਮਨਰਾਜ ਪਾਤਰ ਨੇ ਵੀ ਆਪਣੇ ਵਲਵਲੇ ਸੁਰਜੀਤ ਪਾਤਰ ਦੀਆਂ ਗਜ਼ਲਾਂ ਪੇਸ਼ ਕਰਨ ਰਾਹੀਂ ਸਾਂਝੇ ਕੀਤੇ। ਉਹਨਾਂ ਦੀ ਪਤਨੀ ਸ਼੍ਰੀਮਤੀ ਭੁਪਿੰਦਰ ਕੌਰ ਅਤੇ ਹੋਰ ਪਰਿਵਾਰਕ ਮੈਂਬਰ ਵੀ ਮੰਚ ’ਤੇ ਮੌਜੂਦ ਸਨ। ਸਨਮਾਨ ਚਿੰਨ੍ਹ ਨੂੰ ਉੱਘੇ ਚਿੱਤਰਕਾਰ ਗੁਰਪ੍ਰੀਤ ਵੱਲੋਂ ਤਿਆਰ ਕੀਤਾ ਗਿਆ ਸੀ। ਗੁਰਪ੍ਰੀਤ ਨੇ ਸਲਾਮ ਕਾਫ਼ਲਾ ਵੱਲੋਂ ਸਾਂਝੇ ਕੀਤੇ ਵਿਚਾਰ ਦੇ ਤੱਤ ਨੂੰ ਆਪਣੀ ਕਲਾ ਰਾਹੀਂ ਸਨਮਾਨ ਚਿੰਨ੍ਹ ’ਚ ਢਾਲਿਆ ਤੇ ਧਰਤੀ ਦੇ ਗੀਤ ਦੇ ਸੰਕਲਪ ਨੂੰ ਰੂਪਮਾਨ ਕੀਤਾ।
    ਇਸ ਮੌਕੇ ਸਲਾਮ ਕਾਫ਼ਲੇ ਵੱਲੋਂ ਪ੍ਰਕਾਸ਼ਿਤ ਉਹਨਾਂ ਦੀਆਂ ਚੋਣਵੀਆਂ ਕਵਿਤਾਵਾਂ ਦੀ ਪੁਸਤਕ ‘ਪਿੰਜਰੇ ਤੋਂ ਪਰਵਾਜ਼ ਵੱਲ’ ਕਾਫ਼ਲਾ ਟੀਮ ਦੇ ਮੈਂਬਰ ਪਾਵੇਲ ਕੁੱਸਾ ਨੇ ਉੱਘੇ ਨਾਟਕਕਾਰ ਤੇ ਕਵੀ ਸਵਰਾਜਵੀਰ ਨੂੰ ਭੇਂਟ ਕੀਤੀ ਅਤੇ ਉਹਨਾਂ ਨੇ ਉਹ ਲੋਕ ਅਰਪਣ ਕੀਤੀ। ਇਸੇ ਤਰ੍ਹਾਂ ਸੁਰਜੀਤ ਪਾਤਰ ਬਾਰੇ ਪ੍ਰਕਾਸ਼ਿਤ ਮੈਗਜ਼ੀਨ ਸਲਾਮ ਦਾ ਅੰਕ ਕਾਫ਼ਲਾ ਦੀਆਂ ਟੀਮ ਮੈਂਬਰ ਹਰਿੰਦਰ ਕੌਰ ਬਿੰਦੂ ਅਤੇ ਕੁਲਦੀਪ ਕੌਰ ਕੁੱਸਾ ਵੱਲੋਂ ਡਾ.ਨਵਸ਼ਰਨ ਨੂੰ ਭੇਂਟ ਕੀਤਾ ਗਿਆ ਅਤੇ ਉਹਨਾਂ ਨੇ ਲੋਕ ਅਰਪਣ ਕੀਤਾ। ਇਸ ਦੌਰਾਨ 70ਵਿਆਂ ਦੀ ਜੁਝਾਰਵਾਦੀ ਕਵਿਤਾ ਦੇ ਮੋਹਰੀ ਕਵੀਆਂ ’ਚ ਸ਼ੁਮਾਰ ਦਰਸ਼ਨ ਖਟਕੜ ਨੇ ਉਸ ਦੌਰ ਦਾ ਆਪਣਾ ਮਕਬੂਲ ਗੀਤ ‘ਮੈਂ ਮਹਿਮਾਨ ਤੁਹਾਡੇ ਪਿੰਡ ਦਾ’ ਮੰਚ ਤੋਂ ਪੇਸ਼ ਕੀਤਾ ਅਤੇ ਪਾਤਰ ਦੀ ਸ਼ੁਰੂਆਤੀ ਦੌਰ 70ਵਿਆਂ ਦੇ ਦੌਰ ਦੀ ਇਨਕਲਾਬੀ ਪੰਜਾਬੀ ਕਵਿਤਾ ਦਾ ਰੰਗ ਬਿਖ਼ੇਰਿਆ।
ਇਸ ਸਮਾਗਮ ’ਚ ਲੋਕ ਸੰਗੀਤ ਮੰਡਲੀ ਭਦੌੜ, ਧਰਮਿੰਦਰ ਮਸਾਣੀ, ਮਾਨਵਤਾ ਕਲਾ ਮੰਚ ਨਗਰ ਦੀ ਕਲਾਕਾਰ ਨਰਗਿਸ, ਇਨਕਲਾਬੀ ਕਵੀਸ਼ਰੀ ਜੱਥਾ ਰਸੂਲਪੁਰ ਅਤੇ ਜਾਣੇ ਪਹਿਚਾਣੇ ਕਵੀ ਸੁਰਜੀਤ ਜੱਜ ਨੇ ਢੱੁਕਵੇਂ ਗੀਤ ਪੇਸ਼ ਕੀਤੇ, ਤੇ ਸੁਰਜੀਤ ਪਾਤਰ ਨੂੰ ਸਿਜਦਾ ਕੀਤਾ। ਸੰਗਤ ’ਚ ਪੁਸਤਕਾਂ ਦੀਆਂ ਕਿੰਨੀਆਂ ਹੀ ਸਟਾਲਾਂ ਮੌਜੂਦ ਸਨ। ਚਾਹ ਪਾਣੀ ਦਾ ਇੰਤਜ਼ਾਮ ਭਾਰਤੀ ਕਿਸਾਨ ਯੂਨੀਅਨ ਏਕਤਾ ਵੱਲੋਂ ਕੀਤਾ ਗਿਆ ਸੀ।
ਇਸ ਸੰਗਤ ਦੀ ਸਿਖ਼ਰ ’ਤੇ ਉੱਘੇ ਨਾਟਕ ਨਿਰਦੇਸ਼ਕ ਕੇਵਲ ਧਾਲੀਵਾਲ ਦੀ ਨਿਰਦੇਸ਼ਨਾ ’ਚ ਮੰਚ ਰੰਗ ਮੰਚ ਅੰਮ੍ਰਿਤਸਰ ਵੱਲੋਂ ਸੁਰਜੀਤ ਪਾਤਰ ਦੀਆਂ ਕਵਿਤਾਵਾਂ ’ਤੇ ਆਧਾਰਤ ਕਲਾ ਵੰਨਗੀ ‘ਅਸੀਂ ਹੁਣ ਮੁੜ ਨਹੀਂ ਸਕਦੇ’ ਦੀ ਪ੍ਰਭਾਵਸ਼ਾਲੀ ਪੇਸ਼ਕਾਰੀ ਹੋਈ। ਲੋਕਾਂ ਨੇ ਪਾਤਰ ਦੀਆਂ ਕਵਿਤਾਵਾਂ ਦੀ ਕਲਾਮਈ ਪੇਸ਼ਕਾਰੀ ਨੂੰ ਮਾਣਿਆ।
ਸਮਾਗਮ ਦਾ ਮੰਚ ਸੰਚਾਲਨ ਸਲਾਮ ਕਾਫ਼ਲਾ ਟੀਮ ਮੈਂਬਰ ਅਮੋਲਕ ਸਿੰਘ ਵੱਲੋਂ ਕੀਤਾ ਗਿਆ। ਇਸ ਸੰਗਤ ਵਿੱਚ ਪੰਜਾਬ ਦੇ ਦਰਜਨਾਂ ਲੋਕ ਪੱਖੀ ਸਾਹਿਤਕਾਰ, ਕਲਾਕਾਰ, ਪੱਤਰਕਾਰ, ਬੁੱਧੀਜੀਵੀ ਤੇ ਹੋਰ ਜਮਹੂਰੀ ਹਿੱਸੇ ਹੁੰਮ-ਹੁਮਾ ਕੇ ਪੁੱਜੇ। ਵਿਸ਼ਾਲ ਪੰਡਾਲ ਅੰਦਰ ਕਿਸਾਨਾਂ, ਖੇਤ-ਮਜ਼ਦੂਰਾਂ, ਵਿਦਿਆਰਥੀਆਂ ਤੇ ਔਰਤਾਂ ਸਮੇਤ ਪੰਜਾਬ ਦੀ ਸੰਘਰਸ਼ਸ਼ੀਲ ਲੋਕ ਲਹਿਰ ਦੇ ਉੱਘੇ ਆਗੂ ਵੀ ਬੈਠੇ ਹੋਏ ਸਨ।
ਸਮਾਗਮ ਦੇ ਅਖ਼ੀਰ ’ਤੇ ਕਾਫ਼ਲਾ ਟੀਮ ਮੈਂਬਰ ਡਾਕਟਰ ਪਰਮਿੰਦਰ ਸਿੰਘ ਨੇ ਸਲਾਮ ਕਾਫ਼ਲਾ ਵੱਲੋਂ ਪੰਜਾਬ ਦੇ ਲੋਕਾਂ ਤੇ ਸਾਹਿਤਕਾਰਾਂ ਨੂੰ ਸੱਦਾ ਦਿੱਤਾ ਕਿ ਉਹ ਅਗਲੇ ਵਰ੍ਹੇ 14 ਜਨਵਰੀ ਨੂੰ ਸੁਰਜੀਤ ਪਾਤਰ ਦਾ ਜਨਮ ਦਿਹਾੜਾ ਵਿਆਪਕ ਪੱਧਰ ’ਤੇ ਮਨਾਉਣ। ਉਹਨਾਂ ਕਿਹਾ ਕਿ ਸਲਾਮ ਕਾਫ਼ਲਾ ਵੀ ਇਹ ਦਿਹਾੜਾ ਮਨਾਉਣ ’ਚ ਸ਼ਾਮਿਲ ਹੋਵੇਗਾ।
ਇਸ ਸੰਗਤ ਰਾਹੀਂ ਜਿੱਥੇ ਲੋਕਾਂ ਨੇ ਆਪਣੇ ਵਿਛੜੇ ਕਵੀ ਨੂੰ ਮਾਣ ਦੀਆਂ ਡੂੰਘੀਆਂ ਭਾਵਨਾਵਾਂ ਨਾਲ ਸਿਜਦਾ ਕੀਤਾ ਉਥੇ ਲੋਕਾਂ ਤੇ ਸਾਹਿਤਕਾਰਾਂ ਦੀ ਜੋਟੀ ਦੇ ਸਨੇਹੇ ਦੀ ਗੂੰਜ ਹੋਰ ਉੱਚੀ ਕੀਤੀ।
        --0--

No comments:

Post a Comment