Showing posts with label ਲੋਕ ਸਭਾ ਚੋਣਾਂ ਦੇ ਨਤੀਜਿਆਂ ਬਾਰੇ. Show all posts
Showing posts with label ਲੋਕ ਸਭਾ ਚੋਣਾਂ ਦੇ ਨਤੀਜਿਆਂ ਬਾਰੇ. Show all posts

Wednesday, July 10, 2024

ਲੋਕ ਸਭਾ ਚੋਣਾਂ ਦੇ ਨਤੀਜਿਆਂ ਬਾਰੇ

 ਲੋਕ ਸਭਾ ਚੋਣਾਂ ਦੇ ਨਤੀਜਿਆਂ ਬਾਰੇ

ਲੋਕ ਸਭਾ ਚੋਣ ਨਤੀਜਿਆਂ ਮਗਰੋਂ ਐਨ ਡੀ ਏ ਸਰਕਾਰ ਮੁੜ ਸੱਤਾ ’ਚ ਆ ਗਈ ਹੈ। ਐਤਕੀਂ ਇਹ ਸਿਰਫ਼ ਭਾਜਪਾ ਦੀ ਹੀ ਮੋਦੀ ਸਰਕਾਰ ਨਹੀਂ ਹੈ, ਸਗੋਂ ਖੇਤਰੀ ਪਾਰਟੀਆਂ ਦੀਆਂ ਡੰਗੋਰੀਆਂ ਸਹਾਰੇ ਖੜ੍ਹੀ ਕੌਮੀ ਜਮਹੂਰੀ ਗੱਠਜੋੜ ਦੀ ਸਰਕਾਰ ਹੈ। ਜਿਸ ਵਿੱਚ ਮੋਦੀ ਪਹਿਲਾਂ ਵਾਲੀ ਤਾਕਤਵਰ ਪੁਜ਼ੀਸ਼ਨ ’ਚ ਨਹੀਂ ਹੈ। ਉਸਦੀ ਹੈਸੀਅਤ ਪਹਿਲਾਂ ਨਾਲੋਂ ਕਮਜ਼ੋਰ ਹੋਈ ਹੈ। ਇਹ ਚੋਣ ਨਤੀਜੇ ਮੋਦੀ ਕ੍ਰਿਸ਼ਮੇ ਦੀ ਚਮਕ-ਦਮਕ ਨੂੰ ਫਿੱਕੇ ਪਾ ਦੇਣ ਵਾਲੇ ਹਨ। ਭਾਜਪਾ ਵੱਲੋਂ 400 ਪਾਰ ਦਾ ਨਾਅਰਾ ਤਾਂ ਚੋਣ ਮੁਹਿੰਮ ਦੇ ਦੌਰਾਨ ਹੀ ਰੁਲ ਗਿਆ ਸੀ, ਪਰ ਬਹੁਮਤ ਤੋਂ ਏਨਾ ਪਿੱਛੇ ਰਹਿ ਜਾਣ ਦੀ ਉਮੀਦ ਭਾਜਪਾ ਲੀਡਰਸ਼ਿਪ ਤੇ ਮੋਦੀ ਨੂੰ ਨਹੀਂ ਸੀ।
    ਮੋਦੀ ਸਰਕਾਰ ਆਪਣੇ ਚੱਕਵੇਂ ਵਿਹਾਰ ਦੀ ਉਸੇ ਲਗਾਤਾਰਤਾ ਵਜੋਂ ਹੀ ਇਹਨਾਂ ਚੋਣਾਂ ’ਚ ਨਿੱਤਰੀ ਸੀ ਜਿਸ ਤਹਿਤ ਉਸਨੇ ਹਕੂਮਤੀ ਨੀਤੀਆਂ ਦੀ ਫ਼ਿਰਕੂ ਫਾਸ਼ੀ ਧਾਰ ਤਿੱਖੀ ਕੀਤੀ ਹੋਈ ਸੀ। ਇਸ ਤਿੱਖੀ ਕੀਤੀ ਗਈ ਹਮਲਾਵਰ ਧਾਰ ਨਾਲ ਸਾਮਰਾਜੀਆਂ, ਜਗੀਰਦਾਰਾਂ ਤੇ ਦਲਾਲ ਸਰਮਾਏਦਾਰਾਂ ਦੇ ਹਿੱਤਾਂ ਦੀ ਰੱਜਵੀਂ ਸੇਵਾ ਕੀਤੀ ਜਾ ਰਹੀ ਸੀ ਤੇ ਸਭਨਾਂ ਮਿਹਨਤਕਸ਼ ਲੋਕਾਂ ਨਾਲ ਵੈਰ ਕਮਾਇਆ ਜਾ ਰਿਹਾ ਸੀ। ਇਸ ਫ਼ਿਰਕੂ ਫਾਸ਼ੀ ਹਮਲੇ ਦੀ ਵਿਸ਼ੇਸ਼ ਧਾਰ ਚਾਹੇ ਦਲਿਤਾਂ, ਮੁਸਲਮਾਨਾਂ ਤੇ ਦਬਾਈਆਂ ਕੌਮੀਅਤਾਂ ਖ਼ਿਲਾਫ਼ ਸੇਧਤ ਸੀ ਪਰ ਸਮੁੱਚੇ ਤੌਰ ’ਤੇ ਇਹ ਹਮਲਾ ਸਭਨਾਂ ਕਿਰਤੀ ਲੋਕਾਂ ਖ਼ਿਲਾਫ਼ ਸੀ ਜਿਸਦੀ ਵੱਡੀ ਬਹੁਗਿਣਤੀ ਹਿੰਦੂ ਧਰਮ ਨਾਲ ਹੀ ਸੰਬੰਧ ਰੱਖਦੀ ਸੀ। ਕਿਰਤੀ ਲੋਕਾਂ ਖ਼ਿਲਾਫ਼ ਸੇਧਤ ਇਸ ਹਮਲੇ ਦਾ ਕੁੱਝ ਕੁ ਸੇਕ ਸਿਆਸੀ ਸ਼ਰੀਕਾਂ ਨੂੰ ਲੱਗ ਰਿਹਾ ਸੀ। ਦੂਸਰੀਆਂ ਹਾਕਮ ਜਮਾਤੀ ਪਾਰਟੀਆਂ ਨੂੰ ਚੋਣਾਂ ’ਚ ਰੋਲਣ ਲਈ ਮੋਦੀ ਹਕੂਮਤ ਨੇ ਕਈ ਹੱਥਕੰਡੇ ਅਪਣਾਏ ਸਨ। ਸੀ.ਬੀ.ਆਈ. ਤੇ ਈ.ਡੀ. ਵਰਗੀਆਂ ਏਜੰਸੀਆਂ ਦੀ ਵਰਤੋਂ ਕਰਕੇ ਹਾਕਮ ਜਮਾਤੀ ਸਿਆਸੀ ਸ਼ਰੀਕਾਂ ਨੂੰ ਡਰਾਉਣ ਧਮਕਾਉਣ ਤੇ ਜੇਲ੍ਹੀਂ ਡੱਕਣ ਦੇ ਹਰਬੇ ਵਰਤੇ ਗਏ ਸਨ। ਇਹਨਾਂ ਚੋਣਾਂ ’ਚ ਵੱਡੀ ਜਿੱਤ ਦਰਜ਼ ਕਰਨ ਲਈ ਭਾਜਪਾ ਨੇ ਐਨ ਪਹਿਲਾਂ ਤੇਜ਼ੀ ਨਾਲ ਰਾਮ ਮੰਦਰ ਨੂੰ ਪੂਰਾ ਕਰਵਾਇਆ ਤੇ ਉਸਦੇ ਉਦਘਾਟਨ ਨੂੰ ਵੱਡਾ ਚੋਣ ਸਟੰਟ ਬਣਾ ਕੇ ਧੁਮਾਇਆ ਗਿਆ ਤੇ ਚੋਣਾਂ ’ਚ ਹਿੰਦੂ ਫ਼ਿਰਕੂ ਪੱਤੇ ਦੀ ਰੱਜਵੀਂ ਵਰਤੋਂ ਕਰਨ ਦਾ ਪੈਂਤੜਾ ਲਿਆ ਗਿਆ। ਕਈ ਖੇਤਰੀ ਪਾਰਟੀਆਂ ਨਾਲ ਗੱਠਜੋੜ ਕੀਤੇ ਗਏ। ਦੂਸਰੀਆਂ ਪਾਰਟੀਆਂ ’ਚੋਂ ਥੋਕ ’ਚ ਦਲ ਬਦਲੀਆਂ ਕਰਵਾਈਆਂ ਗਈਆਂ। ਪਹਿਲਾਂ ਹੀ ਖਰੀਦੇ ਗਏ ਵਿਕਾਊ ਚੈਨਲਾਂ ਨੂੰ ਚੋਣ ਮੁਹਿੰਮ ’ਚ ਝੋਕਿਆ ਗਿਆ ਤੇ ਭਾਜਪਾ ਦੇ ਲੋਕਾਂ ਖ਼ਿਲਾਫ਼ ਵਿਹਾਰ ਦੀ ਅਸਲੀਅਤ ਉਘਾੜਨ ਵਾਲੇ ਸੋਸ਼ਲ ਮੀਡੀਆ ਚੈਨਲਾਂ ਨੂੰ ਕਾਬੂ ਕਰਨ ਦੇ ਇੰਤਜ਼ਾਮ ਕੀਤੇ ਗਏ ਸਨ। ਚੋਣ-ਬਾਂਡ ਸਕੀਮ ਤੇ ਹੋਰਨਾਂ ਸਭਨਾਂ ਢੰਗਾਂ ਰਾਹੀਂ ਪਹਿਲਾਂ ਹੀ ਅਥਾਹ ਧਨ ਇਕੱਠਾ ਕੀਤਾ ਗਿਆ ਸੀ। ਸੁਪਰੀਮ ਕੋਰਟ ਤੋਂ ਲੈ ਕੇ ਚੋਣ ਕਮਿਸ਼ਨ ਤੱਕ ਵਰਗੀਆਂ ਸਭਨਾਂ ਸੰਸਥਾਵਾਂ ਨੂੰ ਪੂਰੀ ਤਰ੍ਹਾਂ ਮੁੱਠੀ ’ਚ ਕੀਤਾ ਹੋਇਆ ਸੀ ਤੇ ਸਮੁੱਚੀ ਰਾਜ ਮਸ਼ੀਨਰੀ ਨੂੰ ਚੋਣਾਂ ਲਈ ਤਿਆਰ ਕਰਕੇ ਝੋਕਿਆ ਗਿਆ ਸੀ। ਚੋਣਾਂ ’ਚ ਅਜਿਹੇ ਬੇਮੇਚੇ ਮੁਕਾਬਲੇ ਵਾਲੀ ਹਾਲਤ ਨੂੰ ਭਾਂਪਦਿਆਂ ਹੀ ਭਾਰਤੀ ਰਾਜ ਦੇ ਸਾਮਰਾਜੀ ਅਕਾਵਾਂ ਨੇ ਕੇਜਰੀਵਾਲ ਦੀ ਗ੍ਰਿਫ਼ਤਾਰੀ ’ਤੇ ਉਜ਼ਰ ਕੀਤਾ ਸੀ। ਉਹਨਾਂ ਦੇ ਉਜ਼ਰ ’ਚ ਇਹ ਅਹਿਸਾਸ ਬਿਰਾਜਮਾਨ ਹੈ ਕਿ ਮੋਦੀ ਦੀ ਚੜ੍ਹਤ ਦੇ ਬਾਵਜੂਦ ਵੀ ਰਾਜ ਅੰਦਰ ਹੋਰਨਾਂ ਹਾਕਮ ਜਮਾਤੀ ਖਿਡਾਰੀਆਂ ਲਈ ਥਾਂ ਮੌਜੂਦ ਹੈ ਤੇ ਇਹ ਮੁੱਕੀ ਹੋਈ ਨਹੀਂ ਹੈ। ਉਹਨਾਂ ਨੂੰ ਇਹ ਪਤਾ ਹੈ ਕਿ ਹਾਕਮ ਜਮਾਤਾਂ ਦੇ ਸਾਰੇ ਹਿੱਸੇ ਹੀ ਭਾਜਪਾ ’ਚ ਸਮੋਏ ਹੋਏ ਨਹੀਂ ਹਨ ਤੇ ਇਸ ਲਈ ਸਾਮਰਾਜੀਆਂ ਖਾਤਰ ਉਹਨਾਂ ਬਾਕੀ ਖਿਡਾਰੀਆਂ ਦੀ ਪ੍ਰਸੰਗਿਕਤਾ ਬਣੀ ਹੋਈ ਹੈ। ਉਹ ਆਪਣੇ ਹਿੱਤਾਂ ਦਾ ਵਧਾਰਾ ਤੇ ਰੱਖਿਆ ਸਿਰਫ ਮੋਦੀ ਜੁੰਡਲੀ ਰਾਹੀਂ ਹੀ ਨਹੀਂ ਕਰ ਸਕਦੇ ਸਗੋਂ ਦੂਸਰਿਆਂ ਦੀ ਵੀ ਲੋੜੀਂਦੀ ਵਰਤੋਂ ਕਰ ਸਕਣ ਦੀ ਲੋੜ ਮਹਿਸੂਸ ਕਰਦੇ ਹਨ। ਸੋ ਕੁੱਲ ਮਿਲਾ ਕੇ ਭਾਜਪਾ ਵੱਲੋਂ ਇਹਨਾਂ ਸਭਨਾਂ ‘ਸਿੱਕੇਬੰਦ’ ਇੰਤਜ਼ਾਮਾਂ ਨਾਲ ‘ਵਿਸ਼ਵ-ਗੁਰੂ’ ਬਣ ਰਹੇ ਭਾਰਤ ਦੀ ‘ਸ਼ਾਨ’ ਦੇ ਦਾਅਵੇ ਸਨ ਤੇ ਮੋਦੀ ਦੀਆਂ ਗਾਰੰਟੀਆਂ ਸਨ। ਅਜਿਹੀ ਜ਼ਬਰਦਸਤ ਤਿਆਰੀ ਨਾਲ 400 ਪਾਰ ਦੇ ਦਾਅਵੇ ਕਰਕੇ ਭਾਜਪਾ ਚੋਣਾਂ ’ਚ ਉੱਤਰੀ ਸੀ, ਪਰ ਜਦੋਂ ਪਹਿਲੇ ਗੇੜ ’ਚ ਇਹ ਸਭ ਕੁੱਝ ਰੁਲਦਾ ਜਾਪਿਆ ਤਾਂ ਮੋਦੀ ਦੀ ਅਗਵਾਈ ’ਚ ਮੁਹਿੰਮ ਨੂੰ ਹੋਰ ਜ਼ਿਆਦਾ ਫ਼ਿਰਕੂ ਜ਼ਹਿਰੀਲੀ ਬਿਆਨਬਾਜ਼ੀ ਦੀ ਪੁੱਠ ਦੇ ਦਿੱਤੀ ਗਈ। ਮੁਸਲਮਾਨਾਂ ਖ਼ਿਲਾਫ਼ ਮੋਦੀ ਨੇ ਬਹੁਤ ਹੇਠਲੇ ਪੱਧਰ ’ਤੇ ਜਾ ਕੇ ਬਿਆਨਬਾਜ਼ੀ ਕੀਤੀ ਤੇ ਹਿੰਦੂ ਵੋਟਰਾਂ ’ਚ ਜਾਇਦਾਦਾਂ ਖੋਹਣ ਦਾ ਡਰ ਫੈਲਾਉਣ ਦੀਆਂ ਬਚਕਾਨਾ ਜਾਪਦੀਆਂ ਛੁਰਲੀਆਂ ਛੱਡੀਆਂ। ਖੁਦ ਨੂੰ ਭਗਵਾਨ ਦਾ ਅਵਤਾਰ ਦੱਸਣ ਦੀ ਢੀਠਤਾਈ ਤੱਕ ਗਿਆ। ਇਹ ਗਿਣੀ-ਮਿਥੀ ਬਿਆਨਬਾਜ਼ੀ ਸੀ ਜਿਸ ਵਿੱਚ ਲੋਕਾਂ ਦੇ ਵੱਡੀ ਗਿਣਤੀ ਪਛੜੇ ਹਿੱਸਿਆਂ ’ਚ ਕੁੱਝ ਵੀ ਕਹਿ ਦੇਣ ਤੇ ਅਸਰ ਕਰ ਜਾਣ ਦੀ ਗਿਣਤੀ-ਮਿਣਤੀ ਸ਼ਾਮਲ ਸੀ। ਉਂਝ ਚੋਣ ਮੁਹਿੰਮ ਦੀ ਸਮੁੱਚੀ ਬਿਆਨਬਾਜ਼ੀ ’ਚੋਂ ਮੋਦੀ ਜੁੰਡਲੀ ਦੀ ਬੁਖ਼ਲਾਹਟ ਦਾ ਝਲਕਾਰਾ ਵੀ ਪੈਂਦਾ ਰਿਹਾ ਜੋ ਚੋਣਾਂ ਦੇ ਸ਼ੁਰੂਆਤੀ ਗੇੜਾਂ ਦੌਰਾਨ ਵਿਆਪਕ ਰੂਪ ’ਚ ਦਿਖਾਈ ਦੇਣ ਲੱਗੀ ਸੀ। ਇਹ ਬੁਖ਼ਲਾਹਟ ਬੇ-ਯਕੀਨੀ ਦੀ ਹਾਲਤ ’ਚੋਂ ਨਿੱਕਲ ਰਹੀ ਸੀ।
    ਮੋਦੀ ਦੇ ਉਲਟ ਕਾਂਗਰਸ ਦੀ ਅਗਵਾਈ ’ਚ ਬਣੇ ਇੰਡੀਆ ਗੱਠਜੋੜ ਨੂੰ ਚਾਹੇ ਨਿਤੀਸ਼ ਕੁਮਾਰ ਸ਼ੁਰੂਆਤ ’ਚ ਹੀ ਝਟਕਾ ਦੇ ਗਿਆ ਸੀ, ਪਰ ਇਹ ਪਾਰਟੀਆਂ ਆਖਰ ਤੱਕ ਗੱਠਜੋੜ ਕਾਇਮ ਰੱਖਣ ’ਚ ਕਾਮਯਾਬ ਨਿੱਬੜੀਆਂ ਤੇ ਸੀਟਾਂ ਦੀ ਵੰਡ ਦਾ ਖ਼ਿਲਾਰਾ ਪਾਉਣ ਤੋਂ ਮੁੱਖ ਤੌਰ ’ਤੇ ਬਚੀਆਂ ਰਹੀਆਂ। ਚਾਹੇ ਮਮਤਾ ਨੇ ਬੰਗਾਲ ’ਚ ਕਾਂਗਰਸ ਦੀ ਪ੍ਰਵਾਹ ਨਹੀਂ ਕੀਤੀ ਪਰ ਆਮ ਕਰਕੇ ਕਾਂਗਰਸ ਨੇ ਸਥਾਨਕ ਸਹਿਯੋਗੀਆਂ ਨੂੰ ਵਧਵੀਂ ਥਾਂ ਦੇ ਕੇ ਤੇ ਆਪਣੀ ਕਮਜ਼ੋਰ ਹਾਲਤ ਨੂੰ ਤਸਲੀਮ ਕਰਕੇ ਗੱਠਜੋੜ ਕਾਇਮ ਰੱਖਣ ’ਚ ਰੋਲ ਅਦਾ ਕੀਤਾ। ਇਹ ਪਾਰਟੀਆਂ ਮੋਦੀ ਹਕੂਮਤ ਦੇ ਫ਼ਿਰਕੂ ਫਾਸ਼ੀ ਹੱਲੇ ਤੋਂ ਅੱਕੀ-ਸਤੀ ਜਨਤਾ ਨੂੰ ਮਹਿੰਗਾਈ, ਰੁਜ਼ਗਾਰ, ਜਬਰ ਜ਼ੁਲਮ ਤੇ ਹੋਰਨਾਂ ਲੋਕ ਸਰੋਕਾਰਾਂ ਦੇ ਮੁੱਦਿਆਂ ਵੱਲ ਧਿਆਨ ਦਵਾਉਣ ’ਚ ਕਿਸੇ ਹੱਦ ਤੱਕ ਕਾਮਯਾਬ ਹੋਈਆਂ। ਇਹਨਾਂ ਵੱਲੋਂ ਭਾਜਪਾ ਦੀ ਹਿੰਦੂਤਵੀ ਫ਼ਿਰਕੂ ਪਿੱਚ ’ਤੇ ਜਾਣ ਤੋਂ ਕਿਸੇ ਹੱਦ ਤੱਕ ਬਚਾਅ ਰੱਖਿਆ ਗਿਆ। ਹਿੰਦੂਤਵੀ ਸਿਆਸਤ ਦੇ ਤੋੜ ’ਚ ਜਾਤ-ਪਾਤੀ ਸਮੀਕਰਨਾਂ ਦੀ ਸਿਆਸਤ ਨੂੰ ਕਾਮਯਾਬੀ ਨਾਲ ਵਰਤਿਆ ਗਿਆ। ਚੋਣਾਂ ਦੌਰਾਨ ਕੁੱਝ ਸੰਸਥਾਵਾਂ ਦੇ ਸਰਵੇ ਨੇ ਤੇ ਮਗਰੋਂ ਨਤੀਜਿਆਂ ਨੇ ਦਰਸਾਇਆ ਕਿ ਭਾਜਪਾ ਦੇ ਫ਼ਿਰਕੂ ਪੱਤੇ ਦੀ ਅਸਰਕਾਰੀ ਕਮਜ਼ੋਰ ਰਹੀ ਤੇ ਰਾਮ ਮੰਦਰ ਵੋਟਰਾਂ ਲਈ ਕੋਈ ਖਿੱਚਪਾਊ ਮੁੱਦਾ ਨਹੀਂ ਰਿਹਾ। ਰਾਮ ਮੰਦਰ ਉਸਾਰ ਕੇ ਭਾਜਪਾ ਬਹੁਤ ਵੱਡੀਆਂ ਉਮੀਦਾਂ ਰੱਖ ਰਹੀ ਸੀ। ਧਾਰਾ 370 ਦੇ ਖਾਤਮੇ ਮਗਰੋਂ ਰਾਮ ਮੰਦਰ ਉਸਾਰ ਕੇ ਉਸਨੇ ਆਪਣੇ ਵੱਲੋਂ ਤਾਂ ਜਿਵੇਂ ‘ਕਹਾਣੀ ਸਿਰੇ ਲਾ ਦਿੱਤੀ ਸੀ’। ਉਸ ਲਈ ਇਹ ਤੀਰ ਹਿੰਦੂਤਵਾ ਵੋਟ ਅਧਾਰ ਨੂੰ ਪੱਕੇ ਪੈਰੀਂ ਕਰਨ ’ਚ ਮੀਲ ਪੱਥਰ ਸਾਬਤ ਹੋਣਾ ਸੀ ਪਰ ਉਲਟਾ ਉਸਨੂੰ ਖੋਰਾ ਪੈ ਗਿਆ। ਇੱਥੋਂ ਤੱਕ ਕਿ ਅਯੁੱਧਿਆ ’ਚ ਹੀ ਭਾਜਪਾ ਸਮਾਜਵਾਦੀ ਪਾਰਟੀ ਦੇ ਦਲਿਤ ਉਮੀਦਵਾਰ ਤੋਂ ਹਾਰ ਗਈ। ਸਮਾਜਵਾਦੀ ਪਾਰਟੀ ਵੱਲੋਂ ਦਲਿਤਾਂ, ਹੋਰਨਾਂ ਪਛੜੇ ਵਰਗਾਂ ਤੇ ਮੁਸਲਮਾਨ ਧਾਰਮਿਕ ਘੱਟ ਗਿਣਤੀ ਦੇ ਵੋਟ ਅਧਾਰ ਨੂੰ ਹਿੰਦੂਤਵਾ ਤੇ ਉੱਚ ਜਾਤੀ ਵੋਟ ਅਧਾਰ ਖ਼ਿਲਾਫ਼ ਭੁਗਤਾਇਆ ਗਿਆ ਤੇ ਯੂ.ਪੀ. ਅੰਦਰ ਸਮਾਜਵਾਦੀ ਪਾਰਟੀ ਤੇ ਕਾਂਗਰਸ ਦੇ ਗੱਠਜੋੜ ਨੇ ਇਹਨਾਂ ਸਮੀਕਰਨਾਂ ਦੀ ਭਾਜਪਾ ਖ਼ਿਲਾਫ਼ ਅਸਰਦਾਰ ਵਰਤੋਂ ਕੀਤੀ। ਭਾਜਪਾ ਨੂੰ ਕਿਸੇ ਹੱਦ ਤੱਕ ਉੱਚ ਜਾਤੀ ਵੋਟ ਬੈਂਕ ਦੇ ਇੱਕ ਹਿੱਸੇ ’ਚੋਂ ਨਾਰਾਜ਼ਗੀ ਦਾ ਸਾਹਮਣਾ ਕਰਨਾ ਪਿਆ ਜਿਸ ਨੂੰ ਤਿੱਖਾ ਕਰਨ ’ਚ ਭਾਜਪਾ ਦੀ ਅੰਦਰੂਨੀ ਧੜੇਬੰਦੀ ਨੇ ਵੀ ਰੋਲ ਅਦਾ ਕੀਤਾ। ਯੂ.ਪੀ ’ਚ ਵਿਸ਼ੇਸ਼ ਕਰਕੇ ਯੋਗੀ ਧੜੇ ਨੇ ਠਾਕਰਾਂ ਨੂੰ ਘੱਟ ਸੀਟਾਂ ਮਿਲਣ ਨੂੰ ਮੁੱਦਾ ਬਣਾ ਕੇ ਮੋਦੀ-ਸ਼ਾਹ ਧੜੇ ਦੇ ਉਮੀਦਵਾਰਾਂ ਦਾ ਵਿਰੋਧ ਕੀਤਾ। ਇਹ ਟਕਰਾਅ ਗੁਜਰਾਤ, ਰਾਜਸਥਾਨ ਵਰਗੀ ਉੱਤਰੀ ਭਾਰਤ ਦੇ ਸੂਬਿਆਂ ਤੱਕ ਜ਼ਾਹਰ ਹੋ ਰਿਹਾ ਸੀ। ਯੂ.ਪੀ. ’ਚ ਭਾਜਪਾ ਦੀਆਂ ਸੀਟਾਂ ਘੱਟਣ ’ਚ ਇਹ ਆਪਸੀ ਸੱਤਾ ਸੰਘਰਸ਼ ਵੀ ਇੱਕ ਕਾਰਕ ਬਣਿਆ। ਭਾਜਪਾ ਅੰਦਰ ਸੱਤਾ ਕੇਂਦਰ ਦਾ ਇਹ ਟਕਰਾਅ ਕਿਸੇ ਹੱਦ ਤੱਕ ਆਰ ਐਸ ਐਸ ਵੱਲੋਂ ਹੁਣ ਮਗਰੋਂ ਮੋਦੀ ਸ਼ਾਹ ਜੋੜੀ ਨੂੰ ਨਿਸ਼ਾਨਾ ਬਣਾਉਣ ਦੀ ਬਿਆਨਬਾਜ਼ੀ ਰਾਹੀਂ ਵੀ ਸਾਹਮਣੇ ਆ ਰਿਹਾ ਹੈ। ਆਰ.ਐਸ.ਐਸ. ਇਹ ਉਜ਼ਰ ਕਰਦੀ ਦਿਖਾਈ ਦਿੱਤੀ ਹੈ ਕਿ ਫ਼ਿਰਕੂ ਏਜੰਡੇ ਦੇ ਮੁਕਾਬਲੇ ਮੋਦੀ ਦੀ ਸਖਸ਼ੀਅਤ ਨੂੰ ਵਧਵੀਂ ਅਹਿਮੀਅਤ ਦਿੱਤੀ ਜਾ ਰਹੀ ਹੈ। ਆਰ.ਐਸ.ਐਸ. ਲਈ ਮੋਦੀ ਤੋਂ ਇਲਾਵਾ ਹੋਰ ਚੋਣਾਂ ਦੀਆਂ ਗੁੰਜਾਇਸ਼ਾਂ ਖੁੱਲ੍ਹੀਆਂ ਹੋਣ ਦਾ ਪ੍ਰਭਾਵ ਵੀ ਦਿੱਤਾ ਗਿਆ ਹੈ। ਥੋਕ ’ਚ ਦਲਬਦਲੀਆਂ ਕਰਵਾਉਣ ਨਾਲ ਆਰ.ਐਸ.ਐਸ. ਵੱਲੋਂ ਕਹੀ ਜਾਂਦੀ ਵਿਚਾਰਧਾਰਕ ਸ਼ੁੱਧਤਾ ਨੂੰ ਵੀ ਆਂਚ ਆਉਂਦੀ ਹੈ। ਕਿਉਂਕਿ ਆਰ.ਐਸ.ਐਸ. ਲਈ ਨਿਰੋਲ ਹਿੰਦੂ ਫ਼ਿਰਕੂ ਸੁਰ ਵਾਲੇ ਆਗੂ ਚਾਹੀਦੇ ਹਨ।
    ਭਾਰਤੀ ਹਾਕਮ ਜਮਾਤੀ ਸਿਆਸਤ ’ਚ ਜਾਤ-ਪਾਤੀ ਪਾਲਾਬੰਦੀਆਂ ਬਹੁਤ ਹੀ ਡੂੰਘੀਆਂ ਰਚੀਆਂ ਹੋਈਆਂ ਹਨ ਤੇ ਮੋਦੀ ਸਰਕਾਰ ਨੇ ਵੀ ਪਿਛਲੇ ਸਮੇਂ ’ਚ ਹਿੰਦੂਤਵਾ ਸਿਆਸਤ ਦੇ ਨਾਲ-ਨਾਲ ਅਖੌਤੀ ਨੀਵੀਆਂ ਜਾਤਾਂ ਨੂੰ ਵੀ ਵੱਖ-ਵੱਖ ਤਰ੍ਹਾਂ ਦੇ ਜੋੜਾਂ-ਤੋੜਾਂ ਨਾਲ ਵੋਟ ਅਧਾਰ ’ਚ ਤਬਦੀਲ ਕੀਤਾ ਸੀ ਤੇ ਜਿਸਨੂੰ ਚੋਣ ਵਿਸ਼ਲੇਸ਼ਕਾਂ ਵੱਲੋਂ ਸਮਾਜਿਕ ਇੰਜਨੀਅਰਿੰਗ ਦੇ ਲਕਬ ਨਾਲ ਸੰਬੋਧਿਤ ਹੋਇਆ ਜਾ ਰਿਹਾ ਸੀ। ਪਰ ਹੁਣ ਵੋਟ ਸਿਆਸਤੀ ਖੇਡ ’ਚ ਹਿੰਦਤਵ ਪੱਤੇ ਦੀ ਜਾਤ-ਪਾਤੀ ਸਮੀਕਰਨਾਂ ਨੂੰ ਨਜਿੱਠਣ ਦੀ ਸੀਮਤਾਈ ਜ਼ਾਹਰ ਹੋ ਗਈ ਹੈ ਤੇ ਵੋਟਾਂ ਵਟੋਰਨ ’ਚ ਜਾਤੀ ਸਮੀਕਰਨ ਹਿੰਦੂਤਵੀ ਪਾਲਾਬੰਦੀ ਦੀ ਕਾਟ ਬਣੇ ਹਨ। ਜਾਤ-ਪਾਤੀ ਪਾਲਾਬੰਦੀਆਂ ਉਭਾਰਨ ਲਈ ਹੀ ਇੰਡੀਆ ਗੱਠਜੋੜ ਦੀਆਂ ਪਾਰਟੀਆਂ ਵੱਲੋਂ ਜਾਤ ਅਧਾਰਿਤ ਜਨਗਣਨਾ ਦਾ ਮੁੱਦਾ ਉਭਾਰਿਆ ਗਿਆ ਸੀ ਤੇ ਇਸਨੂੰ ਇਉਂ ਪੇਸ਼ ਕੀਤਾ ਗਿਆ ਸੀ ਕਿ ਜਾਤਾਂ ਦੀ ਠੀਕ ਤਸਵੀਰ ਜਾਣ ਕੇ, ਪਛੜੀਆਂ ਜਾਤਾਂ ਦੀ ਭਲਾਈ ਲਈ ਢੁੱਕਵੀਆਂ ਨੀਤੀਆਂ ਬਣਾਈਆਂ ਜਾਣਗੀਆਂ। ਨਾਲ ਹੀ ਭਾਜਪਾ ਤੇ ਆਰ.ਐਸ.ਐਸ. ਵੱਲੋਂ ਜਾਤ ਅਧਾਰਿਤ ਰਿਜ਼ਰਵੇਸ਼ਨ ਖਤਮ ਕਰਨ ਦੀ ਨੀਅਤ ਨੂੰ ਪ੍ਰਚਾਰਿਆ ਗਿਆ। ਮੋਹਨ ਭਾਗਵਤ ਵਰਗਿਆਂ ਦੇ ਬਿਆਨਾਂ ਦੇ ਲੋਕਾਂ ਨੇ ਅਜਿਹੇ ਤੌਖ਼ਲੇ ਵਧਾਉਣ ’ਚ ਰੋਲ ਅਦਾ ਕੀਤਾ ਤੇ ਇਉਂ ਪਿਛਲੇ ਸਾਲਾਂ ’ਚ ਭਾਜਪਾ ਵੱਲੋਂ ਕੀਤੀ “ਸੋਸ਼ਲ ਇੰਜੀਨੀਅਰਿੰਗ”ਨੂੰ ਖੋਰਾ ਲਾ ਕੇ ਪਛੜੀਆਂ ਜਾਤਾਂ ਦੀਆਂ ਵੋਟਾਂ ਹਾਸਲ ਕੀਤੀਆਂ ਗਈਆਂ। ਦਲਿਤ ਹਿੱਸਿਆਂ ’ਚ ਸਮਾਜਿਕ ਇਨਸਾਫ਼ ਲਈ ਵਧ ਰਹੀ ਚੇਤਨਾ ਤੇ ਅਧਿਕਾਰ ਜਤਾਈ ਦਾ ਵਰਤਾਰਾ ਵੀ ਕੁੱਝ ਸਾਲਾਂ ਤੋਂ ਵਿਸ਼ੇਸ਼ ਤੌਰ ’ਤੇ ਤਰਕਸ਼ੀਲ ਹੈ। ਭਾਜਪਾ ਵੀ ਵੱਖ-ਵੱਖ ਗੱਠਜੋੜਾਂ ਰਾਹੀਂ ਇਸਨੂੰ ਇਕਹਿਰੀ ਹਿੰਦੂਤਵਾ ਧਾਰਾ ’ਚ ਬੰਨ੍ਹਣ ਦਾ ਯਤਨ ਕਰਦੀ ਰਹੀ ਹੈ ਤੇ ਪਰ ਹੁਣ ਭਾਜਪਾ ਦੇ ਪਰਦਾਚਾਕ ਮਗਰੋਂ ਸਮਾਜਿਕ ਇਨਸਾਫ਼ ਦੀ ਭਾਵਨਾ ਨੂੰ ਦੂਸਰੀਆਂ ਹਾਕਮ ਜਮਾਤੀ ਪਾਰਟੀਆਂ ਨੇ ਵਰਤਣ ਦੀ ਕੋਸ਼ਿਸ਼ ਕੀਤੀ ਹੈ। ਇਹਨਾਂ ਪਾਰਟੀਆਂ ਨੂੰ ਵੋਟਾਂ ਪਾਉਣ ’ਚ ਦਲਿਤ ਤੇ ਹੋਰਨਾਂ ਪਛੜੇ ਹਿੱਸਿਆਂ ਦੀ ਸਮਾਜਿਕ ਆਰਥਿਕ ਬਰਾਬਰੀ ਦੀ ਤਾਂਘ ਸ਼ਾਮਲ ਹੈ। ਚਾਹੇ ਇਹ ਦੂਸਰੀਆਂ ਪਾਰਟੀਆਂ ਤੋਂ ਝਾਕ ਦੇ ਰੂਪ ’ਚ ਜ਼ਾਹਰ ਹੋਈ ਹੈ, ਪਰ ਆਪਣੇ ਆਪ ’ਚ ਇਸ ਤਾਂਘ ਦਾ ਇਜ਼ਹਾਰ ਮਹੱਤਵਪੂਰਨ ਵਰਤਾਰਾ ਹੈ। ਪਰ ਬਿਹਾਰ ’ਚ ਇਸਦੀ ਅਸਰਕਾਰੀ ਮੱਧਮ ਹੋਣ ’ਚ ਨਿਤੀਸ਼ ਕੁਮਾਰ ਦੀ ਪਾਰਟੀ ਵੱਲੋਂ ਭਾਜਪਾ ਨਾਲ ਗੱਠਜੋੜ ਦੀ ਅਹਿਮ ਭੂਮਿਕਾ ਬਣ ਗਈ ਜਿਸਨੇ ਪਛੜੀਆਂ ਜਾਤਾਂ ਦੀਆਂ ਵੋਟਾਂ ਨੂੰ ਪੂਰੀ ਤਰ੍ਹਾਂ ਇੰਡੀਆ ਗੱਠਜੋੜ ਵੱਲ ਭੁਗਤਣ ਨਹੀਂ ਦਿੱਤਾ। ਚੋਣ ਵਿਸ਼ਲੇਸ਼ਕਾਂ ਦੀਆਂ ਅਜਿਹੀਆਂ ਟਿੱਪਣੀਆਂ ਵੀ ਹਨ ਕਿ ਐਤਕੀਂ ਕੋਈ ਪੁਲਵਾਮਾ ਨਹੀਂ ਸੀ ਜਿਸਦਾ ਅਰਥ ਹੈ ਕਿ ਫਿਰਕਾਪ੍ਰਸਤੀ ਨੂੰ ਰਾਸ਼ਟਰਵਾਦ ਜਗਾਉਂਦੀ ਕਿਸੇ ਅਜਿਹੀ ਘਟਨਾ ਦਾ ਸਹਾਰਾ ਨਹੀਂ ਸੀ ਜੋ ਲੋਕਾਂ ’ਚ ਤਾਜ਼ਾਤਰੀਨ ਫ਼ਿਰਕੂ ਰਾਸ਼ਟਰਵਾਦ ਜਗਾ ਕੇ ਭਾਵਨਾਤਮਕ ਪੱਧਰ ’ਤੇ ਲੋਕਾਂ ਨੂੰ ਭਾਜਪਾ ਦੇ ਹੱਕ ’ਚ ਇਕਤਰਫ਼ਾ ਢੰਗ ਨਾਲ ਭੁਗਤਾ ਸਕਦੀ। ਸੰਵਿਧਾਨ ਬਦਲੀ ਦੇ ਮੁੱਦੇ ਨੂੰ ਰਿਜ਼ਰਵੇਸ਼ਨ ਨਾਲ ਜੋੜ ਕੇ ਪ੍ਰਚਾਰਨ ’ਚ ਕਾਮਯਾਬ ਰਿਹਾ ਇੰਡੀਆ ਗੱਠਜੋੜ ਪਛੜੀਆਂ ਜਾਤਾਂ ਦੇ ਮਨਾਂ ’ਚ ਸ਼ੰਕੇ ਉਭਾਰ ਕੇ ਭਾਜਪਾ ਦੇ ਵੋਟ ਬੈਂਕ ਨੂੰ ਖੋਰਾ ਪਾ ਗਿਆ। ਇਕ ਖੋਰਾ ਹਿੰਦੀ ਬੈਲਟ ਕਹੇ ਜਾਂਦੇ ਸੂਬਿਆਂ ’ਚ ਪਿਆ ਹੈ। ਇਹ ਸੂਬੇ ਹੀ ਭਾਜਪਾ ਦਾ ਮੁੱਖ ਵੋਟ ਆਧਾਰ ਤੇ ਫ਼ਿਰਕੂ ਪਾਲਾਬੰਦੀਆਂ ਦਾ ਖੇਤਰ ਬਣੇ ਰਹੇ ਹਨ। ਇਨ੍ਹਾਂ ਸੂਬਿਆਂ ’ਚ ਭਾਜਪਾ ਦਾ ਵੋਟ ਪ੍ਰਤੀਸ਼ਤ ਵੀ ਪਹਿਲਾਂ ਨਾਲੋਂ ਘਟਿਆ ਹੈ ਤੇ ਸੀਟਾਂ ਵੀ ਘਟੀਆਂ ਹਨ। ਗੈਰ-ਹਿੰਦੀ ਭਾਸ਼ੀ ਕਹੇ ਜਾਂਦੇ ਖੇਤਰਾਂ ’ਚ ਭਾਜਪਾ ਦੇ ਵੋਟ ਪ੍ਰਤੀਸ਼ਤ ਦੇ ਕੁਝ ਵਾਧੇ ਨੇ ਚਾਹੇ ਸਮੁੱਚੇ ਤੌਰ ’ਤੇ ਇਸਦੇ ਵੋਟ ਪ੍ਰਤੀਸ਼ਤ ਨੂੰ ਲਗਭਗ ਪਿਛਲੀ ਵਾਰ ਦੇ ਬਰਾਬਰ ਰੱਖਣ ਦਾ ਰੋਲ ਨਿਭਾਇਆ ਹੈ।
ਇਸ ਵਾਰ ਦੇ ਨਤੀਜਿਆਂ ਰਾਹੀਂ ਚੋਣ ਵਿਸ਼ਲੇਸ਼ਕਾਂ ਵੱਲੋਂ ਮੁੜ ਖੇਤਰੀ ਪਾਰਟੀਆਂ ਦੇ ਉਭਾਰ ਦੀ ਗੱਲ ਕੀਤੀ ਜਾ ਰਹੀ ਹੈ। ਕੁਝ ਖੇਤਰੀ ਪਾਰਟੀਆਂ ਤਾਂ ਅਜਿਹੀਆਂ ਹਨ ਜਿਨ੍ਹਾਂ ਦੇ ਖੇਤਰੀ ਹੋਣ ਦਾ ਸੰਬੰਧ ਉਸ ਇਲਾਕੇ ਜਾਂ ਵਿਸ਼ੇਸ਼ ਸੂਬੇ ਦੇ ਹਿੱਤਾਂ ਦੀ ਦਾਅਵੇਦਾਰੀ ਨਾਲੋਂ ਜ਼ਿਆਦਾ ਖਾਸ ਜਾਤਾਂ ਜਾਂ ਫ਼ਿਰਕਿਆਂ ’ਚ ਆਧਾਰ ਪਰਮੁੱਖ ਚੀਜ਼ ਹੈ, ਉਥੇ ਜਾਤਪਾਤੀ ਸਮੀਕਰਨਾਂ ਦੀ ਮੈਨੇਜਮੈਂਟ ਦਾ ਰੋਲ ਬਣਿਆ ਹੈ। ਡੀ ਐਮ ਕੇ ਤੇ ਤ੍ਰਿਣਾਮੂਲ ਕਾਂਗਰਸ ਵਰਗੀਆਂ ਪਾਰਟੀਆਂ ਦੀਆਂ ਜਿੱਤਾਂ ਵਿੱਚ ਭਾਜਪਾ ਵੱਲੋਂ ਕੇਂਦਰੀਕ੍ਰਿਤ ਰਾਜ ਦੇ ਢਾਂਚੇ ਨੂੰ ਹੋਰ ਜ਼ਿਆਦਾ ਤਕੜਾਈ ਦੇਣ ਤੇ ਸੂਬਿਆਂ ਦੇ ਅਖ਼ਤਿਆਰਾਂ ਨੂੰ ਹੋਰ ਜ਼ਿਆਦਾ ਛਾਂਗਣ ਖ਼ਿਲਾਫ਼ ਇਲਾਕਾਈ ਭਾਵਨਾਵਾਂ ਨੂੰ ਹੁੰਗਾਰਾ ਦਿੰਦੀਆਂ ਚੈਂਪੀਅਨਾਂ ਵਜੋਂ ਪੇਸ਼ ਹੋਣਾ ਹੈ ਤੇ ਵਿਸ਼ੇਸ਼ ਹਿੱਸਿਆਂ ਦੇ ਸਰੋਕਾਰਾਂ ਦੀ ਚਤੁਰਾਈ ਭਰੇ ਤਰੀਕੇ ਨਾਲ ਭਾਜਪਾਈ ਹਕੂਮਤ ਦੇ ਮਜ਼ਬੂਤ ਕੇਂਦਰੀ ਹਕੂਮਤ ਵਾਲੀ ਪਹੁੰਚ ਖ਼ਿਲਾਫ਼ ਵਰਤੋਂ ਕਰਨਾ ਹੈ। ਜਿਵੇਂ ਕਿ ਬੰਗਾਲ ਅੰਦਰ ਮਮਤਾ ਬੈਨਰਜੀ ਮੁਸਲਮਾਨਾਂ ਦੇ ਹਿੱਤਾਂ ਦੀ ਰੱਖਿਆ ਕਰਨ ਵਾਲੀ ਸਰਕਾਰ ਵਜੋਂ ਪੇਸ਼ ਕੀਤਾ ਹੈ। ਇਉਂ ਹੀ ਤਾਮਿਲਨਾਡੂ ’ਚ ਡੀ.ਐਮ.ਕੇ. ਨੇ ਭਾਜਪਾ ਵੱਲੋਂ ਹਿੰਦੀ ਥੋਪਣ ਤੇ ਕੇਂਦਰੀ ਹਕੂਮਤੀ ਵਧਵੀਂ ਦਖਲਅੰਦਾਜ਼ੀ ਖ਼ਿਲਾਫ਼ ਖੜ੍ਹਨ ਵਾਲੀ ਹਕੂਮਤ ਦਾ ਪ੍ਰਭਾਵ ਸਿਰਜ ਕੇ ਵੋਟਾਂ ਲਈਆਂ। ਖੇਤਰੀ ਪਾਰਟੀਆਂ ਦੀ ਇੱਕ ਵੰਨਗੀ ਉਹ ਹੈ ਜੋ ਕਿਸੇ ਵਿਸ਼ੇਸ਼ ਇਲਾਕੇ ਜਾਂ ਕੌਮੀਅਤ ਦੀ ਨੁਮਾਇੰਦਗੀ ਦਾ ਦਾਅਵਾ ਕਰਦੀਆਂ ਹਨ। ਪਰ ਹਕੀਕਤ ’ਚ ਉਹ ਭਾਰਤੀ ਰਾਜ ਦੀਆਂ ਸਮੁੱਚੀਆਂ ਨੀਤੀਆਂ ਤੇ ਵਿਉਂਤਾਂ ਦੇ ਦਾਇਰੇ ’ਚ ਹੀ ਵਿਚਰਦੀਆਂ ਹਨ। ਵੱਡੀ ਸਰਮਾਏਦਾਰੀ ਤੇ ਸਾਮਰਾਜੀਆਂ ਦੀ ਸੇਵਾ ’ਚ ਹਾਜ਼ਰ ਹਨ। ਕੇਂਦਰੀ ਹਕੂਮਤ ਨਾਲ ਸੌਦੇਬਾਜ਼ੀ ਦੀਆਂ ਜ਼ਰੂਰਤਾਂ ’ਚੋਂ ਹੀ ਇਹ ਸੂਬਿਆਂ ਦੇ ਅਖ਼ਤਿਆਰਾਂ ਤੇ ਇਲਾਕਾਈ ਭਾਵਨਾਵਾਂ ਦਾ ਝੰਡਾ ਆਪਣੀ ਸਹੂਲਤ ਅਨੁਸਾਰ ਲਹਿਰਾਉਂਦੀਆਂ ਹਨ।
ਖੇਤਰੀ ਪਾਰਟੀਆਂ ਦੀ ਵਧੀ ਹੋਈ ਹੈਸੀਅਤ ਇਸ ਹਕੀਕਤ ਦਾ ਹੀ ਪ੍ਰਗਟਾਵਾ ਹੈ ਕਿ ਹਾਕਮ ਜਮਾਤਾਂ ਦੇ ਸੇਵਾਦਾਰ ਸਾਰੇ ਧੜਿਆਂ ਨੂੰ ਇੱਕ ਮੁਲਕ ਪੱਧਰੀ ਪਾਰਟੀ ’ਚ ਸਮੋਣਾ ਮੁਸ਼ਕਿਲ ਬਣਿਆ ਹੋਇਆ ਹੈ ਜਿਵੇਂ ਕਿਸੇ ਦੌਰ ’ਚ ਕਾਂਗਰਸ ਪਾਰਟੀ ਸਮੋ ਲਿਆ ਕਰਦੀ ਸੀ। ਫਿਰ ਹਾਕਮ ਜਮਾਤਾਂ ਦੇ ਸੇਵਾਦਾਰ ਹੋਰ ਧੜੇ ਵੀ ਉੱਭਰ ਆਏ ਤੇ ਹਾਕਮ ਜਮਾਤੀ ਸੱਤਾ ਕੇਂਦਰ ਦਾ ਖਿੰਡਾਅ ਸ਼ੁਰੂ ਹੋ ਗਿਆ। ਵੱਖ-ਵੱਖ ਖੇਤਰੀ ਸ਼ਕਤੀਆਂ ਨੂੰ ਜੋੜ ਕੇ ਮੁਕਾਬਲਤਨ ਸਥਿਰ ਕੇਂਦਰ ਬਣਾਈ ਰੱਖਣਾ ਇੱਕ ਕਠਿਨ ਕਾਰਜ ਬਣ ਗਿਆ। ਭਾਜਪਾ ਦੀ ਸਥਾਪਤੀ ਰਾਹੀਂ ਅਜਿਹਾ ਸਥਿਰ ਸੱਤਾ ਕੇਂਦਰ ਉਸਾਰਨ ਦੀਆਂ ਹਾਕਮ ਜਮਾਤੀ ਕੋਸ਼ਿਸ਼ਾਂ ਹੋ ਰਹੀਆਂ ਸਨ ਜਿੰਨ੍ਹਾਂ ਨੂੰ ਇਹਨਾਂ ਚੋਣਾਂ ’ਚ ਧੱਕਾ ਵੱਜਿਆ ਹੈ। ਵੱਖ-ਵੱਖ ਧੜਿਆਂ ਦੀ ੳੁੱਭਰੀ ਹੈਸੀਅਤ ਸਰਬ-ਸਮਰੱਥ ਸੱਤਾ ਕੇਂਦਰ ਦੀ ਸਥਾਪਤੀ ਨਾਲ ਟਕਰਾਅ ’ਚ ਆ ਗਈ ਹੈ। ਮੁਕਾਬਲਤਨ ਵਿਤਕਰੇਬਾਜ਼ੀ ਵਾਲੇ ਖੇਤਰਾਂ ਦੇ ਲੋਕਾਂ ਦੀਆਂ ਉਮੰਗਾਂ ਦਾ ਲਾਹਾ ਲੈ ਕੇ, ਕੇਂਦਰੀ ਹਕੂਮਤ ਨਾਲ ਇਹ ਹਾਲਤ ਮਜ਼ਬੂਤ ਕੇਂਦਰੀ ਹਕੂਮਤ ਦੀਆਂ ਹਾਕਮ ਜਮਾਤੀ ਲੋੜਾਂ ’ਚ ਵਿਘਨਪਾਊ ਹਾਲਤ ਬਣ ਜਾਂਦੀ ਹੈ।
ਭਾਜਪਾ ਵੱਲੋਂ ਇਹ ਚੋਣਾਂ ਮੋਦੀ ਦੇ ਕੱਦ ਬੁੱਤ ਦੁਆਲੇ ਲੜੀਆਂ ਗਈਆਂ ਸਨ ਤੇ ਉਸ ਨੂੰ ਅਸਧਾਰਨ ਆਗੂ ਵਜੋਂ ਪੇਸ਼ ਕੀਤਾ ਜਾ ਰਿਹਾ ਸੀ ਜੋ ਪਾਰਟੀਆਂ/ ਸੰਸਥਾਵਾਂ ਤੋਂ ਵੀ ਉੱਪਰ ਹੈ। ਪਰ ਮੋਦੀ ਦਾ ਉਹ ਜਾਦੂ ਜੋ ਪਿਛਲੀਆਂ ਦੋ ਚੋਣਾਂ ’ਚ ਦਿਖਾਈ ਦਿੱਤਾ ਸੀ, ਉਹ ਐਤਕੀਂ ਗਾਇਬ ਸੀ ਤੇ ਵਾਰਾਨਸੀ ਤੋਂ ਉਸਦੀ ਖੁਦ ਦੀ ਜੇਤੂ ਲੀਡ ਵੀ ਘੱਟ ਗਈ। ਮੌਜੂਦਾ ਦੌਰ ਅੰਦਰ ਹਾਕਮ ਜਮਾਤਾਂ ਨੂੰ ਆਮ ਕਰਕੇ ਹੀ ਖਿੱਚਪਾਊ ਆਗੂ ਸਖਸ਼ੀਅਤਾਂ ਦਾ ਸੰਕਟ ਹੈ ਕਿਉਂਕਿ ਲੋਕਾਂ ਖ਼ਿਲਾਫ਼ ਲੁਟੇਰੀਆਂ ਜਮਾਤਾਂ ਦੇ ਧਾਵੇ ਦੀ ਜੋ ਰਫ਼ਤਾਰ ਤੇ ਪੱਧਰ ਹੈ, ਉਹ ਅਜਿਹੀ ਖਿੱਚਪਾਊ ਸਖਸ਼ੀਅਤ ਦੀ ਪੇਸ਼ਕਾਰੀ ਦੀਆਂ ਲੋੜਾਂ ਦੇ ਉਲਟ ਭੁਗਤਦਾ ਹੈ। ਹਾਕਮ ਜਮਾਤਾਂ ਦੀ ਸੇਵਾਦਾਰ ਅਜਿਹੀ ਸਖਸ਼ੀਅਤ ਉਭਾਰਨੀ ਤੇ ਸਥਾਪਿਤ ਕਰਨੀ ਹੁਣ ਮੁਸ਼ਕਲ ਕਾਰਜ ਬਣਿਆ ਹੋਇਆ ਹੈ ਤੇ ਅਜਿਹੀ ਸਖਸ਼ੀਅਤ ਦਾ ਸਿਰਜਿਆ ਗਿਆ ਪ੍ਰਭਾਵ ਤੇਜ਼ੀ ਨਾਲ ਖੁਰ ਜਾਂਦਾ ਹੈ। ਇਹ ਹੁਣ ਨਵੀਆਂ ਆਰਥਿਕ ਨੀਤੀਆਂ ਵੱਲੋਂ ਹਾਕਮ ਜਮਾਤੀ ਸਿਆਸਤ ਨੂੰ ਮਿਲਿਆ ਹੋਇਆ ਅਜਿਹਾ ਸਰਾਪ ਹੈ ਕਿ ਕ੍ਰਿਸ਼ਮਈ ਲੀਡਰਾਂ ਦੇ ਵੀ ਪੈਰ ਲੱਗਣੇ ਔਖੇ ਹਨ ਤੇ ਮੋਦੀ ਕ੍ਰਿਸ਼ਮੇ ਦੀ ਫਿੱਕੀ ਪੈਂਦੀ ਚਮਕ ਇਹੀ ਸੱਚਾਈ ਬਿਆਨ ਕਰ ਰਹੀ ਹੈ। ਲੋਕਾਂ ਦੀ ਜ਼ਿੰਦਗੀ ਦੇ ਹਕੀਕੀ ਮੁੱਦਿਆਂ ਦੇ ਸਨਮੁਖ ਇਹ ਜਾਦੂਈ ਨਸ਼ਾ ਛੇਤੀ ਹੀ ਬੇਅਸਰ ਹੋ ਜਾਂਦਾ ਹੈ। ਮੋਦੀ ਨਾਲ ਵੀ ਇਹੀ ਵਾਪਰ ਰਿਹਾ ਹੈ। ਤਿੱਖੇ ਹੋ ਰਹੇ ਸਮਾਜੀ ਸਿਆਸੀ ਸੰਕਟਾਂ ਦਰਮਿਆਨ ਹਾਕਮ ਜਮਾਤੀ ਸਿਆਸਤ ਹੁਣ ਇਸ ਖਾਸ ਸਹੂਲਤ ਤੋਂ ਵਿਰਵੀ ਹੋ ਰਹੀ ਹੈ। ਏਥੋਂ ਤੱਕ ਕਿ ਹਿੰਦੂ ਫਿਰਕਾਪ੍ਰਸਤ ਧੜਿਆਂ ’ਚ ਵੀ ਇੱਕ ਕੱਦਾਵਰ ਨੇਤਾ ’ਤੇ ਸਹਿਮਤੀ ਬਣਨੀ ਮੁਸ਼ਕਿਲ ਹੋਈ ਪਈ ਹੈ। ਕਹਿਣ ਦਾ ਭਾਵ ਇਹ ਹੈ ਕਿ ਲੀਡਰਾਂ ਦੇ ਕ੍ਰਿਸ਼ਮੇ ਦੀ ਚਕਾਚੌਂਧ ਜਨਤਾ ਸਾਹਮਣੇ ਤਾਂ ਉੱਡ-ਪੁੱਡ ਰਹੀ ਹੈ ਉਸ ਤੋਂ ਇਲਾਵਾ ਇਹ ਇੱਕੋ ਵੰਨਗੀ ਦੀ ਹਿੰਦੂ ਫਿਰਕਾਪ੍ਰਸਤੀ ਵਾਲੇ ਧੜਿਆਂ ’ਚ ਕਾਇਮ ਨਹੀਂ ਰਹਿ ਰਹੀ।
    ਸਮੁੱਚੇ ਤੌਰ ’ਤੇ ਇਹ ਨਤੀਜੇ ਦੱਸਦੇ ਹਨ ਕਿ ਭਾਜਪਾ ਦੇ ਪਹਿਲਾਂ ਵਾਲੇ ਪ੍ਰਭਾਵ ਨੂੰ ਖੋਰਾ ਪਿਆ ਹੈ। ਫ਼ਿਰਕੂ ਲਾਮਬੰਦੀਆਂ ਦੇ ਅਸਰਾਂ ਨੂੰ ਖੋਰਾ ਪਾਉਣ ਵਾਲਾ ਇਹ ਵਰਤਾਰਾ ਕਾਫੀ ਜ਼ੋਰਦਾਰ ਢੰਗ ਨਾਲ ਪ੍ਰਗਟ ਹੋਇਆ ਹੈ। ਇਸ ਵਰਤਾਰੇ ਨੇ ਦਰਸਾਇਆ ਹੈ ਕਿ ਜਿੰਨ੍ਹਾਂ ਸੰਕਟਾਂ ’ਚੋਂ ਫ਼ਿਰਕੂ ਪਾਲਾਬੰਦੀਆਂ ਲਈ ਜ਼ਮੀਨ ਉਪਜਦੀ ਹੈ ਉਹਨਾਂ ਸੰਕਟਾਂ ’ਚੋਂ ਹੀ ਇਸ ਜ਼ਮੀਨ ਨੂੰ ਕੱਟਦੇ ਵਰਤਾਰੇ ਵੀ ਜਨਮ ਲੈਂਦੇ ਹਨ। ਵੋਟ ਸਿਆਸਤੀ ਮੋਹਰੀ ਖਿਡਾਰੀ ਵਜੋਂ ਤਾਂ ਭਾਜਪਾ ਪਹਿਲਾਂ ਵਾਲੀ ਚੜ੍ਹਤ ਕੁਝ ਥੰਮ੍ਹੀ ਹੈ ਪਰ ਇਸਦੇ ਬਾਵਜੂਦ ਉਹ ਹਕੂਮਤੀ ਕੁਰਸੀ ਬਚਾਈ ਰੱਖਣ ’ਚ ਕਾਮਯਾਬ ਹੋਈ ਹੈ। ਐਤਕੀਂ ਉਹ ਹੋਰਨਾਂ ਪਾਰਟੀਆਂ ’ਤੇ ਨਿਰਭਰ ਹੈ ਅਤੇ ਜ਼ਾਹਰਾ ਤੌਰ ’ਤੇ ਉਹ ਮਨਚਾਹੇ ਫੈਸਲੇ ਲੈਣ ਪੱਖੋਂ ਕਮਜ਼ੋਰ ਸਥਿਤੀ ’ਚ ਹੈ ਤੇ ਖਾਸ ਕਰਕੇ ਹਕੂਮਤੀ ਪੱਧਰ ਤੋਂ ਸਿੱਧੇ ਤੌਰ ’ਤੇ ਹਿੰਦੂਤਵੀ ਰਾਸ਼ਟਰਵਾਦੀ ਪਿਛਾਖੜੀ ਸਿਆਸੀ ਚਾਲਾਂ ਦੀ ਮਨਚਾਹੀ ਵਰਤੋਂ ਕਰਨ ’ਚ ਉਸ ਨੂੰ ਕੁਝ ਅੜਿੱਕਿਆਂ ਦਾ ਸਾਹਮਣਾ ਹੋਵੇਗਾ ਪਰ ਨਾਲ  ਦੂਸਰੀ ਹਕੀਕਤ ਇਹ ਵੀ ਹੈ ਕਿ ਅਜੇ ਵੀ ਸੀਟਾਂ ਦੇ ਅੰਕੜਿਆਂ ਪੱਖੋਂ ਉਸਦਾ ਅੰਤਰ ਕਾਂਗਰਸ ਤੋਂ ਬਹੁਤ ਜ਼ਿਆਦਾ ਹੈ। ਸਮੁੱਚੇ ਤੌਰ ’ਤੇ ਉਸਦੀ ਵੋਟ ਪ੍ਰਤੀਸ਼ਤ ਘਟੀ ਨਹੀਂ ਹੈ, ਲਗਭਗ ਓਨੀ ਹੀ ਹੈ। ਸੀਟਾਂ ਘੱਟਣ ’ਚ ਮੁੱਖ ਪੱਖ ਵਿਰੋਧੀ ਵੋਟਾਂ ਦਾ ਇੰਡੀਆ ਗੱਠਜੋੜ ਨਾਲ ਵੰਡੇ ਨਾ ਜਾਣਾ ਹੈ। ਇਉਂ ਹੀ ਸਪੱਸ਼ਟ ਹੈ ਕਿ ਭਾਜਪਾ ਨੇ ਫ਼ਿਰਕੂ ਪੁੱਠ ਵਾਲਾ ਇੱਕ ਪੱਕਾ ਹਿੰਦੂ ਵੋਟ ਸਿਰਜ ਲਿਆ ਹੈ ਜਿਸਨੂੰ ਹਿੰਦੂ ਫ਼ਿਰਕੂ ਸ਼ਾਵਨਵਾਦੀ ਪੈਂਤੜੇ ਨਾਲ ਪੱਕੇ ਪੈਰੀਂ ਕੀਤੇ ਜਾਣ ਦੀਆਂ ਕੋਸ਼ਿਸ਼ਾਂ ਜਾਰੀ ਰਹਿਣੀਆਂ ਹਨ। ਇਸ ਪੱਕੇ ਅਧਾਰ ਦੁਆਲੇ ਫ਼ਿਰਕੂ ਪਾਲਾਬੰਦੀਆਂ ਦੇ ਯਤਨ ਹੋਰ ਤੇਜ਼ ਹੋਣੇ ਹਨ। ਜਿਹੜਾ ਵੱਖ-ਵੱਖ ਹਾਲਤਾਂ ’ਚ, ਘਟਨਾਵਾਂ ਦੇ ਵਹਿਣ ’ਚ ਫੈਲ ਸਕਦਾ ਹੈ। ਭਾਜਪਾ ਦੀਆਂ ਸੀਟਾਂ ਘੱਟਣ ਨੂੰ ਉਸਦੇ ਫ਼ਿਰਕੂ ਫਾਸ਼ੀ ਹੱਲੇ ਦੀ ਹਾਰ ਵਜੋਂ ਨਹੀਂ ਲਿਆ ਜਾਣਾ ਚਾਹੀਦਾ, ਸਗੋਂ ਉਸ ਦੀ ਮਨਚਾਹੀ ਰਫ਼ਤਾਰ ਤੇ ਹੂੰਝੇ ’ਚ ਰੁਕਾਵਟ ਜਾਂ ਅੜਿੱਕਾ ਬਣਦੇ ਕੁੱਝ ਨਵੇਂ ਕਾਰਕਾਂ ਦਾ ਉੱਭਰ ਆਉਣਾ ਹੈ ਜਿੰਨ੍ਹਾਂ ਨੂੰ ਨਜਿੱਠਦਿਆਂ ਹੋਇਆਂ ਮੋਦੀ ਹਕੂਮਤ ਨੇ ਹੁਣ ਇਸ ਹੱਲੇ ਨੂੰ ਅੱਗੇ ਵਧਾਉਣਾ ਹੈ। ਖੇਤਰੀ ਪਾਰਟੀਆਂ ਦੀ ਵਧੀ ਹੋਈ ਹੈਸੀਅਤ ਤੇ ਉਹਨਾਂ ’ਤੇ ਨਿਰਭਰਤਾ ਪਹਿਲਾਂ ਵਾਂਗ ‘ਮਜ਼ਬੂਤ’ ਤੇ ‘ਫੈਸਲਾਕੁੰਨ’ ਸਰਕਾਰ ਵਾਲੀ ਹਮਲਾਵਰ ਰਫ਼ਤਾਰ ’ਚ ਕੁੱਝ ਵਿਘਨ ਤਾਂ ਪਾ ਸਕਦੀ ਹੈ ਪਰ ਸਮੁੱਚੇ ਤੌਰ ’ਤੇ ਲੋਕਾਂ ਖ਼ਿਲਾਫ਼ ਹਮਲੇ ਵੇਲੇ ਇਹ ਪਾਰਟੀਆਂ ਭਾਜਪਾ ਤੋਂ ਬਾਹਰ ਨਹੀਂ ਹਨ। ਸਾਰੀਆਂ ਹਾਕਮ ਜਮਾਤੀ ਪਾਰਟੀਆਂ ਲਈ ਹੀ ਅਖੌਤੀ ਆਰਥਿਕ ਸੁਧਾਰਾਂ ਦੇ ਹੱਲੇ ਨੂੰ ਲਾਗੂ ਕਰਨਾ ਮੁੱਖ ਸਰੋਕਾਰ ਦਾ ਮੁੱਦਾ ਹੈ ਤੇ ਕਿਸੇ ਤਰ੍ਹਾਂ ਦਾ ਕੋਈ ਗੰਭੀਰ ਵਖਰੇਵਾਂ ਨਹੀਂ ਹੈ ਤੇ ਇਹਨਾਂ ਨੂੰ ਲਾਗੂ ਕਰਨ ਹੋਰਨਾਂ ਭਟਕਾਊ ਸਾਧਨਾਂ/ਢੰਗਾਂ ਦੀ ਵਰਤੋਂ ’ਤੇ ਵੀ ਇਤਰਾਜ਼ ਨਹੀਂ ਹੈ। ਇਸ ਹੱਲੇ ਨੂੰ ਅੱਗੇ ਵਧਾਉਣ ਲਈ ਭਾਰਤੀ ਰਾਜ ਨੂੰ ਹੋਰ ਜ਼ਿਆਦਾ ਖੁੂੰਖਾਰ ਤੇ ਪਿਛਾਖੜੀ ਬਣਾਉਣ ’ਚ ਸਭਨਾਂ ਹਾਕਮ ਜਮਾਤੀ ਸਿਆਸੀ ਸ਼ਕਤੀਆਂ ਦਾ ਲਗਭਗ ਸਾਂਝਾ ਏਜੰਡਾ ਹੈ ਲੋਕਾਂ ਖ਼ਿਲਾਫ਼ ਸੇਧਤ ਪਿਛਾਖੜੀ ਸੰਵਿਧਾਨਿਕ ਤਬਦੀਲੀਆਂ ਕਰਨ ’ਚ ਵੀ ਕਿਸੇ ਨੂੰ ‘ੱਡਾ ਉਜ਼ਰ ਨਹੀਂ ਹੈ ਜਿੱਥੋਂ ਤੱਕ ਤਾਂ ਕਾਨੂੰਨਾਂ ਨੂੰ ਕਿਰਤੀ ਲੋਕਾਂ ਖ਼ਿਲਾਫ਼ ਹੋਰ ਜ਼ਿਆਦਾ ਧੱਕੜ ਤੇ ਜਾਬਰ ਬਣਾਉਣ ਦੇ ਭਾਜਪਾਈ ਇਰਾਦਿਆਂ ਦਾ ਸੰਬੰਧ ਹੈ, ਇਸ ’ਤੇ ਸਭਨਾਂ ਹਾਕਮ ਜਮਾਤੀ ਧੜਿਆਂ ਦੀ ਸਾਂਝੀ ਸਹਿਮਤੀ ਹੈ ਤੇ ਸਾਰੇ ਹੀ ਇਹ ਲੋੜ ਮਹਿਸੂਸ ਕਰਦੇ ਹਨ ਪਰ ਖਾਸ ਕਿਸਮ ਦੀ ਸਮਾਜਿਕ ਸੱਭਿਆਚਾਰਕ ਵੰਨਗੀ ਦੀ ਸਿਆਸਤ ਲਈ ਸੰਵਿਧਾਨ ਨੂੰ ਜ਼ਰੀਆ ਬਣਾਏ ਜਾਣ ਵਾਲੀਆਂ ਤਬਦੀਲੀਆਂ ’ਤੇ ਹੋਰਨਾਂ ਧੜਿਆਂ ਦੀ ਸਹਿਮਤੀ ਨਹੀਂ ਹੈ। ਭਾਵ ਕਿ ਭਾਜਪਾ ਤੇ ਆਰ.ਐਸ.ਐਸ. ਨੂੰ ਰਾਸ ਬੈਠਦੀ ਫ਼ਿਰਕੂ ਸਿਆਸਤ ਦਾ ਸਾਧਨ ਬਣਦੇ ਸੰਵਿਧਾਨ ’ਤੇ ਹੋਰਨਾਂ ਨੂੰ ਇਤਰਾਜ਼ ਹੈ। ਉਹਨਾਂ ਨੂੰ ਆਰ.ਐਸ.ਐਸ. ਮਾਰਕਾ ਸੰਵਿਧਾਨ ਰਾਸ ਨਹੀਂ ਬੈਠਦਾ। ਰਾਜ ਦੀਆਂ ਹੋਰਨਾਂ ਵੱਖ-ਵੱਖ ਸੰਸਥਾਵਾਂ ’ਤੇ ਭਾਜਪਾ ਦੀ ਕਬਜਾਧਾਰੀ ਸਥਿਤੀ ਵੀ ਇਸ ਨੂੰ ਆਪਣਾ ਫ਼ਿਰਕੂ ਫਾਸ਼ੀ ਏਜੰਡਾ ਅੱਗੇ ਵਧਾਉਣ ਵਿੱਚ ਇਕ ਵਿਸ਼ੇਸ਼ ਸਹੂਲਤ ਸਾਬਤ ਹੋਣੀ ਹੈ।
ਗੱਠਜੋੜ ਸਰਕਾਰ ’ਚ ਹਾਕਮ ਜਮਾਤੀ ਪਾਰਟੀਆਂ ਦੇ ਇਹਨਾਂ ਮਾਮਲਿਆਂ ’ਚ ਆਪਸੀ ਵਿਰੋਧ ਬਹੁਤ ਹੀ ਦੋਮ ਦਰਜੇ ਦੇ ਮਸਲਿਆਂ ’ਤੇ ਹਨ ਜਾਂ ਆਪੋ ਆਪਣੇ ਵੋਟ ਬੈਂਕ ਦੀ ਜ਼ਰੂਰਤ ਅਨੁਸਾਰ ਹਨ। ਖੇਤਰੀ ਪਾਰਟੀਆਂ ਲਈ ਸਥਾਨਕ ਜਗੀਰੂ ਵਫ਼ਾਦਾਰੀਆਂ ਦਾ ਵਿਸ਼ੇਸ਼ ਮਹੱਤਵ ਹੁੰਦਾ ਹੈ ਤੇ ਮੁਲਕ ਪੱਧਰੀਆਂ ਪਾਰਟੀਆਂ ਮੁਕਾਬਲਤਨ ਵੱਡੀ ਸਰਮਾਏਦਾਰੀ ਦੇ ਪੱਲੜੇ ’ਚ ਤੁਲ ਕੇ ਸੋਚਦੀਆਂ ਹਨ। ਇਹ ਗੱਠਜੋੜ ਸਰਕਾਰਾਂ ਆਪਣੇ ਆਪ ’ਚ ਆਰਥਿਕ ਸੁਧਾਰਾਂ ਦੇ ਹੱਲੇ ਨੂੰ ਲਾਗੂ ਕਰਨ ’ਚ ਵੱਡਾ ਅੜਿੱਕਾ ਸਾਬਤ ਨਹੀਂ ਹੁੰਦੀਆਂ। ਮੁਲਕ ਦੀਆਂ ਹਾਕਮ ਜਮਾਤਾਂ 90ਵਿਆਂ ਦੇ ਅਤੇ ਨਵੀਂ ਸਦੀ ਦੇ ਸ਼ੁਰੂਆਤੀ ਦਹਾਕਿਆਂ ’ਚ ਇਹ ਤਜ਼ਰਬਾ ਕਰ ਚੁੱਕੀਆਂ ਹਨ। ਨਵੀਆਂ ਆਰਥਿਕ ਨੀਤੀਆਂ ਲਾਗੂ ਕਰਨ ਦੇ ਕਦਮ ਤੋਂ ਲੈ ਕੇ ਪਰਮਾਣੂ ਸਮਝੌਤੇ ਵਰਗੇ ਲੋਕ ਧ੍ਰੋਹੀ ਸਮਝੌਤੇ ਏਸੇ ਦੌਰ ’ਚ ਕੀਤੇ ਗਏ ਸਨ ਤੇ ਗੱਠਜੋੜ ਸਰਕਾਰਾਂ ਦੀਆਂ ਮੈਨੇਜਮੈਟਾਂ ਰਾਹੀਂ ਕੀਤੇ ਗਏ ਸਨ। ਆਂਧਰਾ ਪ੍ਰਦੇਸ਼ ਵਾਲਾ ਚੰਦਰਬਾਬੂ ਨਾਇਡੂ ਆਰਥਿਕ ਸੁਧਾਰ ਲਾਗੂ ਕਰਨ ਤੇ ਬਹੁਕੌਮੀ ਕੰਪਨੀਆਂ ਨੂੰ ਸੱਦਣ ਲਈ 90ਵਿਆਂ ਦੇ ਦੌਰ ’ਚ ਮੁਲਕ ਦੇ ਸਭ ਤੋਂ ਮੋਹਰੀ ਮੁੱਖ ਮੰਤਰੀ ਵਜੋਂ ਉੱਭਰਿਆ ਸੀ ਜਿਸ ਨੇ ਹੈਦਰਾਬਾਦ ਨੂੰ ਸਾਮਰਾਜੀ ਪੂੰਜੀ ਨਿਵੇਸ਼ ਦੇ ਕੇਂਦਰ ਵਜੋਂ ਦੇਸੀ ਵਿਦੇਸ਼ੀ ਕਾਰਪੋਰੇਟ ਘਰਾਣਿਆਂ ਮੂਹਰੇ ਪਰੋਸਿਆ ਸੀ। ਲੋਕਾਂ ਦੀ ਲਹਿਰ ਵੱਲੋਂ ਵੱਖ-ਵੱਖ ਮੁੱਦਿਆਂ ’ਤੇ ਸੰਘਰਸ਼ਾਂ ਵੇਲੇ ਇਹਨਾਂ ਵਿਰੋਧਾਂ ਦੀ ਵਰਤੋਂ ਕੀਤੀ ਜਾ ਸਕਦੀ ਹੁੰਦੀ ਹੈ ਤੇ ਲੋਕ ਹਿਲਜੁਲਾਂ ਦੇ ਪ੍ਰਸੰਗਾਂ ’ਚ ਇਹ ਵਿਰੋਧ ਵੀ ਮੁਕਾਬਲਤਨ ਤਿੱਖ ਅਖ਼ਤਿਆਰ ਕਰ ਜਾਂਦੇ ਹਨ। ਮੌਜੂਦਾ ਘਟਨਾ ਵਿਕਾਸ ਨੂੰ ਇਉਂ ਵੀ ਦੇਖਿਆ ਜਾ ਸਕਦਾ ਹੈ ਕਿ ਮੋਦੀ ਹਕੂਮਤ ਦੇ ਫ਼ਿਰਕੂ ਫਾਸ਼ੀ ਧਾਵੇ ਦੇ ਟਾਕਰੇ ਦੇ ਪ੍ਰਸੰਗ ’ਚ ਲੋਕਾਂ ਦੀ ਧਿਰ ਕੋਲ ਹਾਕਮ ਜਮਾਤੀ ਸਿਆਸੀ ਸ਼ਰੀਕਾ ਭੇੜ ਦੇ ਅੰਸ਼ਾਂ ਦਾ ਲਾਹਾ ਲੈਣ ਪੱਖੋਂ ਪਹਿਲਾਂ ਨਾਲੋਂ ਹਾਲਤ ’ਚ ਕੁਝ ਨਵੀਆਂ ਗੁੰਜਾਇਸ਼ਾਂ ਪੈਦਾ ਹੋ ਗਈਆਂ ਹਨ। ਪਰ ਲੋਕਾਂ ਦੇ ਸੰਘਰਸ਼ਾਂ ਲਈ ਇਹ ਬੁਨਿਆਦੀ ਪੱਖ ਨਹੀਂ ਹੈ ਬੁਨਿਆਦੀ ਪੱਖ ਲੋਕਾਂ ਦੇ ਜਮਾਤੀ ਘੋਲਾਂ ਦਾ ਪੱਧਰ, ਗਹਿਰਾਈ ਤੇ ਉਸਦੀ ਅਗਵਾਈ ਕਰਨ ਵਾਲੀ ਸ਼ਕਤੀ ਵਜੋਂ ਕਮਿਊਨਿਸਟ ਇਨਕਲਾਬੀ ਪਾਰਟੀ ਦੀ ਸਥਿਤੀ ਹੈ ਜਿਹੜੀ ਆਖ਼ਰ ਅਜਿਹੇ ਵਿਰੋਧਾਂ ਨੂੰ ਅਸਰਦਾਰ ਢੰਗ ਨਾਲ ਲੋਕਾਂ ਦੀ ਲਹਿਰ ਦੇ ਹਿੱਤ ’ਚ ਵਰਤ ਸਕਦੀ ਹੈ।
 ਇਹਨਾਂ ਚੋਣ ਨਤੀਜਿਆਂ ਦਾ ਸਭ ਤੋਂ ਅਹਿਮ ਪਹਿਲੂ ਹਾਕਮ ਜਮਾਤਾਂ ਦੀ ਸਥਿਰਤਾ ਦੀ ਤਲਾਸ਼ ਦਾ ਜਾਰੀ ਰਹਿਣਾ ਹੈ ਜਿਹੜੀ ਪਿਛਲੇ ਸਾਲਾਂ ’ਚ ਮੋਦੀ ਦੇ ਉਭਾਰ ਨਾਲ ਵਕਤੀ ਰਾਹਤ ਵਜੋਂ ਹਾਸਿਲ ਕੀਤੀ ਗਈ ਸੀ। ਮੋਦੀ ਦੇ ਉਭਾਰ ਤੇ ਭਾਜਪਾ ਦੀ ਵੱਡੀ ਇਕਲੌਤੀ ਪਾਰਟੀ ਵਜੋਂ ਦਿਖਾਈ ਦਿੰਦੀ ਸਥਾਪਤੀ ਵਕਤੀ ਵਰਤਾਰਾ ਹੀ ਸੀ ਤੇ ਜਿਹਨਾਂ ਤਰੀਕਿਆਂ ਨਾਲ ਇਹ ਵਕਤੀ ਰਾਹਤ ਹਾਸਲ ਕੀਤੀ ਗਈ ਸੀ , ਮੋਦੀ ਹਕੂਮਤ ਦੇ ਅਮਲਾਂ ਨੇ ਉਹਨਾਂ ਦੀ ਅਸਰਕਾਰੀ ਮੱਧਮ ਪਾ ਦਿੱਤੀ ਹੈ। ਭਾਰਤੀ ਹਾਕਮ ਜਮਾਤਾਂ ਲਈ ਮੁੱਖ ਸਿਰਦਰਦੀ ਬਣਿਆ ਹੋਇਆ ਅਸਥਿਰਤਾ ਦਾ ਭੂਤ ਕੁੱਝ ਸਮੇਂ ਲਈ ਹੀ ਬੋਤਲ ’ਚ ਪਾਇਆ ਗਿਆ ਸੀ ਤੇ ਰਾਜ ਦੇ ਸੰਕਟਾਂ ਨੇ ਉਸਨੂੰ ਮੁੜ ਬੋਤਲ ’ਚੋਂ ਬਾਹਰ ਲੈ ਆਂਦਾ ਹੈ ਤੇ ਇਹ ਮੁੜ ਸਪੱਸ਼ਟ ਹੋ ਗਿਆ ਕਿ ਅਜੇ ਭਾਰਤੀ ਹਾਕਮ ਜਮਾਤਾਂ ਨੂੰ ਇਸ ਅਸਥਿਰਤਾ ਦੇ ਭੂਤ ਨੇ ਠਿੱਠ ਕਰਨਾ ਹੈ। ਇਹਨਾਂ ਨਤੀਜਿਆਂ ਨੇ ਮੌਜੂਦਾ ਦੌਰ ਦੀ ਇਸ ਹਕੀਕਤ ਨੂੰ ਹੀ ਪੁਸ਼ਟ ਕੀਤਾ ਹੈ ਕਿ ਕਿਵੇਂ ਰਾਜ ਸਮਾਜ ਦੇ ਤਿੱਖੇ ਹੋਏ ਸੰਕਟਾਂ ਦਾ ਪ੍ਰਛਾਵਾਂ ਹਾਕਮ ਜਮਾਤੀ ਸਿਆਸਤ ਨੂੰ ਇਉਂ ਅਸਰਅੰਦਾਜ਼ ਕਰਦਾ ਹੈ ਕਿ ਉਹਨਾਂ ਦੀ ਆਪਸੀ ਕੁੱਕੜ-ਖੋਹੀ ਨੂੰ ਅੱਡੀ ਲਾਉਂਦਾ ਹੈ ਤੇ ਸਥਿਰ ਤੇ ਮਜ਼ਬੂਤ ਸਰਕਾਰ ਬਣਾਉਣ ਦੇ ਟੀਚਿਆਂ ’ਚ ਵਿਘਨ ਪਾਉਂਦਾ ਹੈ। ਇਹ ਅਸਥਿਰਤਾ ਰਾਜ ਦੇ ਸਭਨਾਂ ਖੇਤਰਾਂ ’ਚ ਪ੍ਰਗਟ ਹੁੰਦੀ ਹੈ ਤੇ ਜੇਕਰ ਹਾਕਮ ਜਮਾਤਾਂ ਪਾਰਲੀਮਾਨੀ ਖੇਤਰ ’ਚ ਸੀਟਾਂ ਦੇ ਅੰਕੜਿਆਂ ’ਚ ਇੱਕ ਪੱਲੜੇ ਦੇ ਝੁਕਾਅ ਰਾਹੀਂ ਸਥਿਰਤਾ ਹਾਸਲ ਵੀ ਕਰਦੀਆਂ ਹਨ ਤਾਂ ਵੀ ਉਹ ਵਕਤੀ ਵਰਤਾਰਾ ਹੀ ਹੋ ਨਿੱਬੜਦਾ ਹੈ। ਅਸਥਰਿਤਾ ਦਾ ਇਹ ਲੱਛਣ ਨਵ-ਉਦਾਰਵਾਦੀ ਸਾਮਰਾਜੀ ਹੱਲੇ ਦੇ ਦੌਰ ਦੀ ਸਿਆਸਤ ਦਾ ਆਮ ਲੱਛਣ ਬਣਿਆ ਹੋਇਆ ਹੈ। ਇਹਨਾਂ ਨਤੀਜਿਆਂ ਰਾਹੀਂ ਇਹ ਲੱਛਣ ਮੁੜ ੳੁੱਘੜ ਕੇ ਜ਼ਾਹਰ ਹੋ ਗਿਆ ਹੈ। ਗੱਠਜੋੜ ਸਰਕਾਰ ਬਣਨ ਦੀ ਪੈਦਾ ਹੋਈ ਮੌਜੂਦਾ ਹਾਲਤ ਵੀ ਲੋਕਾਂ ਦੀ ਬੇਚੈਨੀ ਤੇ ਰੋਹ ਦਾ ਹਾਕਮ ਜਮਾਤੀ ਸਿਆਸਤ ’ਤੇ ਪਿਆ ਪ੍ਰਛਾਵਾਂ ਹੈ ਜਿਸਨੇ ਸਭਨਾਂ ਪਾਰਟੀਆਂ ਦੀ ਪੜਤ ਮਾਰੀ ਹੈ ਤੇ ਕੋਈ ਪਾਰਟੀ ਲੋਕਾਂ ਨੂੰ ਪੂਰੀ ਤਰ੍ਹਾਂ ਭਰਮਾ ਕੇ, ਹੂੰਝਾ ਫੇਰ ਤਰੀਕੇ ਨਾਲ ਸਿਆਸੀ ਫ਼ਤਵਾ ਹਾਸਲ ਕਰਨ ਦੀ ਹਾਲਤ ’ਚ ਨਹੀਂ ਹੈ।
    ਮੁਲਕ ਦੀਆਂ ਹਾਕਮ ਜਮਾਤਾਂ ਤੇ ਉਹਨਾਂ ਦੇ ਸਾਮਰਾਜੀ ਆਕਾਵਾਂ ਲਈ ਇਹ ਨਾਂਹ-ਪੱਖੀ ਘਟਨਾ ਵਿਕਾਸ ਹੈ ਕਿ ਉਹਨਾਂ ਨੂੰ ਲੋਕਾਂ ਖ਼ਿਲਾਫ਼ ਧਾਵੇ ਦੀ ਰਫਤਾਰ ਤੇ ਤਿੱਖ ਕਾਇਮ ਰੱਖਣ ਲਈ ਗੱਠਜੋੜ ਸਰਕਾਰ ਦੀਆਂ ਮੈਨਜਮੈਂਟਾਂ ਨਾਲ ਦੋ ਚਾਰ ਹੋਣਾ ਪੈਣਾ ਹੈ ਤੇ ਲੋਕਾਂ ਦੀ ਜਮਾਤੀ ਜਦੋਜਹਿਦ ਦੀ ਅਗਵਾਈ ਕਰਨ ਵਾਲੀਆਂ ਸ਼ਕਤੀਆਂ ਵੱਲੋਂ ਇਸ ਹਾਲਤ ਦਾ ਲੋਕ ਸੰਘਰਸ਼ਾਂ ਲਈ ਲਾਹਾ ਲਏ ਜਾਣ ਦੀਆਂ ਸੰਭਾਵਨਾਵਾਂ ਨੂੰ ਕਮਜ਼ੋਰ ਕਰਨ ਦੇ ਹੀਲੇ ਵਸੀਲੇ ਕਰਨੇ ਪੈਣੇ ਹਨ।
ਮੋਦੀ ਹਕੂਮਤ ਦੀ ਪਹਿਲਾਂ ਨਾਲੋਂ ਕਮਜ਼ੋਰ ਹੋਈ ਸਥਿਤੀ ਲੋਕਾਂ ਦੇ ਨਜ਼ਰੀਏ ਤੋਂ ਹਾਂ-ਪੱਖੀ ਘਟਨਾ ਵਿਕਾਸ ਹੈ ਤੇ ਫ਼ਿਰਕੂ ਮੁੱਦਿਆਂ ਦੇ ਮੁਕਾਬਲੇ ਲੋਕਾਂ ਦੇ ਹਕੀਕੀ ਮੁੱਦਿਆਂ ਦੇ ਸਰੋਕਾਰਾਂ ਦਾ ਜ਼ਾਹਰ ਹੋਣਾ ਵੀ ਭਾਜਪਾ ਕੋਲ ਭਟਕਾਊ ਤੀਰਾਂ ਵਾਲੇ ਭੱਥੇ ਦੀ ਕਮਜ਼ੋਰੀ ਦਾ ਹੀ ਸੂਚਕ ਹੈ। ਸਭ ਕੁੱਝ ਚਮਕਦਾ ਦਰਸਾਉਣ ਦੇ ਬਾਵਜੂਦ ਤੇ ਹਿੰਦੂਤਵਾ ਦਾ ਮਾਣ ਬਹਾਲ ਕਰਨ ਦੇ ਦਮਗਜਿਆਂ ਦੇ ਬਾਵਜੂਦ, ਕਿਰਤੀ ਬੰਦੇ ਦੇ ਢਿੱਡ ਤੇ ਰੁਜ਼ਗਾਰ ਦੇ ਮਸਲਿਆਂ ਦਾ ਸਰੋਕਾਰ ਇਸ ਭਰਮਾਊ ਮਾਣ ਨਾਲ ਟਕਰਾਅ ’ਚ ਆ ਗਿਆ ਹੈ। ਆਖ਼ਰ ਨੂੰ ਆਰਥਿਕ ਸੰਕਟਾਂ ਨੇ ਹਿੰਦੂਤਵਾ ਸਿਆਸਤ ਦੀ ਹੂੰਝਾਫੇਰੂ ਮਾਰ ਨੂੰ ਕਮਜ਼ੋਰ ਕੀਤਾ ਹੈ ਤੇ ਇਸ ਹਾਲਾਤ ਦਾ ਮੁਲਕ ਦੀ ਸਿਆਸੀ ਜ਼ਿੰਦਗੀ ’ਚ ਮਹੱਤਵ ਵਧਣਾ ਹੈ। ਹਕੀਕੀ ਜਮਾਤੀ ਮੁੱਦਿਆਂ ’ਤੇ ਲੋਕਾਂ ਦਾ ਜ਼ਾਹਰ ਹੋਇਆ ਸਰੋਕਾਰ, ਲੋਕ ਸ਼ਕਤੀਆਂ ਲਈ ਧੜੱਲੇ ਦੇ ਪੈਂਤੜੇ ਤੋਂ ਲੋਕ ਸੰਘਰਸ਼ਾਂ ਦੀ ਉਸਾਰੀ ਕਰਨ ਦੀਆਂ ਹੋਰ ਬਿਹਤਰ ਗੁੰਜਾਇਸ਼ਾਂ ਨੂੰ ਦਰਸਾਉਂਦਾ ਹੈ। ਮੋਦੀ ਹਕੂਮਤ ਤੋਂ ਜ਼ਾਹਰ ਹੋਈ ਇਸ ਬੇਚੈਨੀ ਨੂੰ ਜਮਾਤੀ ਘੋਲਾਂ ਦੇ ਵੇਗ ’ਚ ਢਾਲੇ ਜਾਣ ਦੀ ਜ਼ਰੂਰਤ ਹੈ, ਨਹੀਂ ਤਾਂ ਇਹ ਬੇਚੈਨੀ ਕਾਂਗਰਸ ਤੇ ਦੂਸਰੀਆਂ ਪਾਰਟੀਆਂ ਦੇ ਲੜ ਲੱਗ ਕੇ, ਉਸੇ ਬੇਵਸੀ ਨੂੰ ਹੰਢਾਉਂਦੀ ਹੈ ਜਿਸਨੂੰ ਉਹ ਪਿਛਲੇ 79 ਸਾਲਾਂ ਤੋਂ ਹੰਢਾਉਂਦੀ ਆ ਰਹੀ ਹੈ।

                                                                                    --0--

 

 

Tuesday, July 8, 2014

ਲੋਕ ਸਭਾ ਚੋਣਾਂ ਦੇ ਨਤੀਜਿਆਂ ਬਾਰੇ


ਲੋਕ ਸਭਾ ਚੋਣਾਂ ਦੇ ਨਤੀਜਿਆਂ ਬਾਰੇ
ਲੋਕ-ਸਭਾ ਚੋਣਾਂ ਨੇ ਮੋਦੀ ਦੀ ਅਗਵਾਈ ਹੇਠ ਭਾਰਤੀ ਜਨਤਾ ਪਾਰਟੀ ਨੂੰ ਪੂਰਨ-ਬਹੁਮਤ ਨਾਲ ਸੱਤਾ ਸੌਂਪ ਦਿੱਤੀ ਹੈ  ਜਿਸ ਵਿੱਚ ਉਸਨੂੰ ਸਹਿਯੋਗੀ ਧਿਰਾਂ ਦੀ ਮਦਦ ਦੀ ਵੀ ਜ਼ਰੂਰਤ ਨਹੀਂ ਹੈ। ਸਾਲ ਪਹਿਲਾਂ ਬਹੁਤੇ ਸਿਆਸੀ ਨਿਰੀਖਕਾਂ ਵੱਲੋਂ ਇਸ ਗੱਲ ਦਾ ਕਿਆਫ਼ਾ ਲਾਉਣਾ ਸੰਭਵ ਹੀ ਨਹੀਂ ਸੀ। ਹਾਕਮ ਜਮਾਤੀ ਪ੍ਰਚਾਰ ਸਾਧਨ ਵੱਡੀ ਜਿੱਤ ਵਜੋਂ ਇਸਦੇ ਜਸ਼ਨ ਮਨਾ ਰਹੇ ਹਨ ਅਤੇ ਇਸਨੂੰ ਹਿੰਦੋਸਤਾਨੀ ਸਿਆਸਤ ਵਿੱਚ ਮੋੜ-ਨੁਕਤੇ ਦਾ ਦਰਜਾ ਦੇ ਰਹੇ ਹਨ। ਉਹ ਇਸ ਗੱਲ ਦੇ ਸੋਹਲੇ ਗਾ ਰਹੇ ਹਨ ਕਿ ਭਾਰਤੀ ਜਨਤਾ ਪਾਰਟੀ ਨੇ ਉੱਤਰ ਤੋਂ ਦੱਖਣ ਤੇ ਪੂਰਬ ਤੋਂ ਪੱਛਮ ਤੱਕ ਸਾਰੇ ਥਾਵਾਂ 'ਤੇ ਸੀਟਾਂ ਜਿੱਤੀਆਂ ਹਨ। ਉਹ ਜਨਤਾ ਨੂੰ ਇਹ ਜਚਾਉਣਾ ਚਾਹੁੰਦੇ ਹਨ ਕਿ ਮੋਦੀ ਤੇ ਇਸਦੇ ਲਾਣੇ ਨੂੰ ਲੋਕਾਂ ਦਾ ਭਾਰੀ ਸਮਰਥਨ ਹਾਸਲ ਹੈ। ਅਤੇ ਇਹ ਵੀ ਕਿ ਕੌਮੀ ਪਾਰਟੀ ਵਜੋਂ ਭਾਰਤੀ ਜਨਤਾ ਪਾਰਟੀ ਨੇ ਕਾਂਗਰਸ ਦਾ ਬਦਲ ਪੇਸ਼ ਕਰ ਦਿੱਤਾ ਹੈ।
ਪ੍ਰਚਾਰ ਦੀ ਇਸ ਹਨ੍ਹੇਰੀ ਦੇ ਬਾਵਜੂਦ ਤੱਥ ਸਪੱਸ਼ਟ ਹਨ। ਸਾਲ ਪਹਿਲਾਂ ਇਹ ਗੱਲ ਪ੍ਰਤੱਖ ਸੀ ਕਿ ਇਸਦੀਆਂ ਸਾਮਰਾਜੀ-ਪੱਖੀ ਨੀਤੀਆਂ ਦੇ ਸਿੱਟੇ ਵਜੋਂ ਪੈਦਾ ਹੋਈ ਵਿਆਪਕ ਬੇਚੈਨੀ ਸਦਕਾ ਕਾਂਗਰਸ ਸਰਕਾਰ ਇਸ ਵਾਰ ਬੁਰੀ ਤਰ੍ਹਾਂ ਨਾਕਾਮ ਰਹੇਗੀ। ਇਨ੍ਹਾਂ ਨੀਤੀਆਂ ਸਦਕਾ ਲੋਕਾਂ ਨੂੰ ਮਹਿੰਗਾਈ, ਬੇਰੁਜ਼ਗਾਰੀ, ਜ਼ਮੀਨਾਂ ਤੋਂ ਬੇਦਖ਼ਲੀ, ਵਾਤਾਵਰਣ ਦੀ ਤਬਾਹੀ, ਸਿਹਤ ਤੇ ਸਿੱਖਿਆ ਵਰਗੀਆਂ ਬੁਨਿਆਦੀ ਜਨਤਕ ਸਹੂਲਤਾਂ ਦੇ ਨਿੱਜੀਕਰਨ ਅਤੇ ਉਨ੍ਹਾਂ ਦੇ ਹੱਕੀ ਘੋਲਾਂ ਉੱਪਰ ਜ਼ਬਰ ਦੇ ਰੂਪ 'ਚ ਵਿਆਪਕ ਕਸ਼ਟ ਝੱਲਣੇ ਪਏ ਹਨ। ਜਨਤਕ ਸਰੋਤਾਂ ਜਿਵੇਂ ਕਿ ਕੋਲਾ, ਪੈਟਰੋਲੀਅਮ ਤੇ ਸਪੈਕਟਰਮ (ਧੁਨੀ ਵਾਹਕ ਤਰੰਗਾਂ) ਦੇ ਨਿੱਜੀਕਰਨ 'ਚ ਹੋਏ ਭਾਰੀ ਭ੍ਰਿਸ਼ਟਾਚਾਰ ਨੇ ਮੱਧਵਰਗੀ ਹਿੱਸਿਆਂ ਅੰਦਰ ਗੁੱਸਾ ਪੈਦਾ ਕੀਤਾ ਹੈ। ਨਤੀਜੇ ਵਜੋਂ ਕਾਂਗਰਸ ਵਿਰੋਧੀ ਰੌਂਅ ਲਹਿਰ ਦਾ ਰੂਪ ਧਾਰ ਗਿਆ ਸੀ। ਇਹ ਹਕੀਕਤ ਐਨੀ ਜ਼ਿਆਦਾ ਪ੍ਰਤੱਖ ਸੀ ਕਿ ਕਾਂਗਰਸ ਦੇ ਬਹੁਤ ਮਹੱਤਵਪੂਰਨ ਆਗੂਆਂ ਨੇ ਇਸ ਵਾਰ ਚੋਣ ਲੜਨ ਤੋਂ ਇਨਕਾਰ ਕੀਤਾ ਹੈ  ਜਿਨ੍ਹਾਂ 'ਚ ਵਿੱਤ ਮੰਤਰੀ ਚਿੰਦਬਰਮ ਵੀ ਆਉਂਦਾ ਹੈ।
ਪਰ ਇਹ ਗੱਲ ਸਾਫ਼ ਹੈ ਕਿ ਹਾਕਮ ਜਮਾਤਾਂ ਇਸ ਤੋਂ ਅੱਗੇ ਜਾਣਾ ਚਾਹੁੰਦੀਆਂ ਸਨ ਤੇ ਉਹ ਇਸ ਕਾਂਗਰਸ ਵਿਰੋਧੀ ਲਹਿਰ ਨੂੰ ਮੋਦੀ ਪੱਖੀ ਲਹਿਰ 'ਚ ਬਦਲ ਦੇਣਾ ਚਾਹੁੰਦੀਆਂ ਸਨ ਤਾਂ ਜੋ ਅਜਿਹੀ ਸਥਿਰ ਸਰਕਾਰ ਆ ਸਕੇ ਜਿਹੜੀ ਕਿ ਉਨ੍ਹਾਂ ਵੱਲੋਂ ਚਾਹੇ ਜਾਂਦੇ ਲੋਕ-ਵਿਰੋਧੀ  ਕਦਮਾਂ ਨੂੰ ਅਸਰਦਾਰ ਢੰਗ ਨਾਲ ਲਾਗੂ ਕਰਨ ਦੇ ਯੋਗ ਹੋਵੇ। ਯਾਨੀ ਕਿ ਉਹ ਉਨ੍ਹਾਂ ਹੀ ਕਦਮਾਂ ਨੂੰ ਅੱਗੇ ਵਧਾਉਣਾ ਚਾਹੁੰਦੇ ਸਨ ਜਿਨ੍ਹਾਂ ਨੇ ਜਨਤਾ ਅੰਦਰ ਕਾਂਗਰਸ ਵਿਰੋਧੀ ਰੌਂਅ ਪੈਦਾ ਕੀਤਾ ਸੀ। ਇਹਦੇ ਵਾਸਤੇ ਵੱਡੇ ਸਰਮਾਏਦਾਰ ਘਰਾਣਿਆਂ ਨੇ ਬੀ.ਜੇ.ਪੀ. ਵੱਲੋਂ ਪ੍ਰਚਾਰ ਕਰਨ ਅਤੇ ਵੋਟਾਂ ਖ੍ਰੀਦਣ ਵਾਸਤੇ ਪਹਿਲਾਂ ਦੇ ਕਿਸੇ ਵੀ ਸਮੇਂ ਨਾਲੋਂ ਵੱਡੇ ਫੰਡ ਮੁਹੱਈਆ ਕੀਤੇ ਅਤੇ ਵੱਡੇ ਸਰਮਾਏਦਾਰ ਘਰਾਣਿਆਂ ਦੇ ਪ੍ਰਚਾਰ ਸਾਧਨਾਂ ਨੇ ਗੁਜਰਾਤ 'ਚ ਲੋਕਾਂ ਦੀ ਖੁਸ਼ਹਾਲੀ ਬਾਰੇ ਹਰ ਕਿਸਮ ਦੀਆਂ ਪਰੀ-ਕਹਾਣੀਆਂ ਨੂੰ ਸਿੱਧੇ ਰੂਪ 'ਚ ਉਭਾਰਿਆ-ਪ੍ਰਚਾਰਿਆ। ਇਹ ਗੱਲ ਜ਼ਾਹਰਾ ਰੂਪ 'ਚ ਪ੍ਰਤੱਖ ਸੀ ਕਿ ਬੀ.ਜੇ.ਪੀ. ਦੀ ਪ੍ਰਚਾਰ ਮੁਹਿੰਮ 'ਤੇ ਸੱਚੀਓਂ ਹੀ ਬੇਹਿਸਾਬ ਖਰਚ ਕੀਤਾ ਗਿਆ। ਇਨ੍ਹਾਂ ਜੇਤੂਆਂ ਵੱਲੋਂ ਜਿੰਨੀ ਵੱਡੀ ਪੱਧਰ 'ਤੇ ਇਹ ਖਰਚਾ ਕੀਤਾ ਗਿਆ ਹੈ ਇਹ ਆਪਣੇ ਆਪ 'ਚ ਉਨ੍ਹਾਂ ਦੇ ਇਸ ਦਾਅਵੇ ਦੀ ਫੂਕ ਕੱਢ ਦਿੰਦਾ ਹੈ ਕਿ ਉਹ ਭ੍ਰਿਸ਼ਟਾਚਾਰ ਦੇ ਵਿਰੁੱਧ ਹਨ, ਕਿਉਂਕਿ ਜਿਨ੍ਹਾਂ ਨੇ ਐਨੀ ਵੱਡੀ ਪੱਧਰ 'ਤੇ ਪੈਸਾ ਲਾਇਆ ਹੈ ਉਹ ਇਸਦਾ ਮੋੜਵਾਂ ਮੁੱਲ ਵੀ ਵਸੂਲਣਗੇ ਹੀ। 
ਆਪਣੀ ਜਿੱਤ ਨੂੰ ਯਕੀਨੀ ਬਣਾਉਣ ਤੇ ਪੱਕੀ ਕਰਨ ਲਈ ਭਾਰਤੀ ਜਨਤਾ ਪਾਰਟੀ ਦੀ ਲੀਡਰਸ਼ਿਪ ਨੇ ਫ਼ਿਰਕਾਪ੍ਰਸਤ ਨਫ਼ਰਤ ਦਾ ਝੋਕਾ ਵੀ ਲਾਇਆ, ਅਤੇ ਕਈ ਥਾਵਾਂ 'ਤੇ ਖੂਨੀ, ਫਿਰਕਾਪ੍ਰਸਤ ਕਤਲੇਆਮ ਵੀ ਕਰਵਾਏ ਜਿਵੇਂ ਕਿ ਉੱਤਰਪ੍ਰਦੇਸ਼, ਬਿਹਾਰ, ਪੱਛਮੀ ਬੰਗਾਲ ਅਤੇ ਆਸਾਮ ਵਿੱਚ। ਉਨ੍ਹਾਂ ਨੇ ਹਿੰਦੂ ਤਬਕਿਆਂ ਅੰਦਰ ਇਹ ਭੈਅ ਪੈਦਾ ਕੀਤਾ ਕਿ ਉਨ੍ਹਾਂ ਨੂੰ ਤੇ ਖ਼ਾਸ ਕਰਕੇ ਉਨ੍ਹਾਂ ਦੀਆਂ ਔਰਤਾਂ ਨੂੰ ਸਿੱਧੇ ਰੂਪ 'ਚ ਮੁਸਲਮਾਨਾਂ ਤੋਂ ਖ਼ਤਰਾ ਹੈ। ਅਜਿਹੀ ਭੜਕਾਹਟ ਇਨ੍ਹਾਂ ਰਾਜਾਂ ਵਿੱਚ ਉਨ੍ਹਾਂ ਦੀ ਵੋਟ-ਗਿਣਤੀ ਨੂੰ ਵੱਡੀ ਪੱਧਰ 'ਤੇ ਵਧਾਉਣ 'ਚ ਸਹਾਈ ਹੋਈ ਹੈ ਅਤੇ ਇਸਨੇ ਉਨ੍ਹਾਂ ਦਾ ਬਹੁਮਤ ਬਣਾਉਣ 'ਚ ਫੈਸਲਾਕੁੰਨ ਰੋਲ ਨਿਭਾਇਆ ਹੈ। (ਉੱਤਰ ਪ੍ਰਦੇਸ਼ ਵਿੱਚ ਉਹ ਪਿਛਲੇ ਸਾਲ ਅਸੈਂਬਲੀ ਚੋਣਾਂ 'ਚ ਚੌਥੇ ਸਥਾਨ ਤੋਂ ਹੁਣ ਲੋਕ ਸਭਾ ਦੀਆਂ ਚੋਣਾਂ 'ਚ ਪਹਿਲੇ ਸਥਾਨ 'ਤੇ ਪਹੁੰਚ ਗਏ ਹਨ, ਜਿੱਥੇ ਉਨ੍ਹਾਂ ਨੇ ਲਗਭਗ ਸਾਰੀਆਂ ਸੀਟਾਂ ਜਿੱਤ ਲਈਆਂ ਹਨ।) ਅਜਿਹੀ ਫ਼ਿਰਕੂ ਜ਼ਹਿਰ ਹੀ ਬੀ.ਜੇ.ਪੀ. ਲਈ ਆਰ.ਐਸ.ਐਸ. ਦੇ ਲਗਭਗ ਛੇ ਲੱਖ ਸਵੈ-ਸੇਵਕਾਂ ਨੂੰ ਆਪਣੇ ਝੰਜੋੜੂ ਦਸਤਿਆਂ ਵਜੋਂ ਸਰਗਰਮ ਕਰਨ ਅਤੇ ਲਾਮਬੰਦ ਕਰਨ 'ਚ ਸਹਾਈ ਸਿੱਧ ਹੋਈ ਹੈ।
ਇਸ ਸਭ ਕਾਸੇ ਦੇ ਬਾਵਜੂਦ ਭਾਰਤੀ ਜਨਤਾ ਪਾਰਟੀ ਨੂੰ ਹਾਸਲ ਹੋਈ ਵੋਟ ਸਿਰਫ਼ 31 ਫ਼ੀਸਦੀ ਹੀ ਬਣਦੀ ਹੈ। ਇਹ ਗੱਲ ਧਿਆਨਯੋਗ ਹੈ ਕਿ ਲੋਕ ਸਭਾ 'ਚ ਪੂਰਨ-ਬਹੁਮਤ ਹਾਸਲ ਕਰਨ ਵਾਲੀ ਕਿਸੇ ਵੀ ਪਾਰਟੀ ਦੇ ਮੁਕਾਬਲੇ ਇਹ ਸਭ ਤੋਂ ਘੱਟ ਵੋਟ-ਫ਼ੀਸਦੀ ਬਣਦੀ ਹੈ। ਇਸ ਗੱਲੋਂ ਭਾਰਤੀ ਜਨਤਾ ਪਾਰਟੀ ਨੂੰ ਭਾਰਤ ਦੇ ਚੋਣ-ਪ੍ਰਬੰਧ ਦਾ ਧੰਨਵਾਦੀ ਹੋਣਾ ਚਾਹੀਦਾ ਹੈ ਕਿਉਂਕਿ ਇਹ ਚੋਣ ਪ੍ਰਬੰਧ ਆਪਣੇ ਜਨਮ ਤੋਂ ਲੈ ਕੇ ਹੀ ਅਜਿਹਾ ਪ੍ਰਬੰਧ ਰਿਹਾ ਹੈ ਜਿਹੜਾ ਕਿ ਭਾਰਤ ਦੀਆਂ ਹਾਕਮ ਜਮਾਤਾਂ ਨੂੰ ਵੋਟ-ਫ਼ੀਸਦੀ ਦੇ ਹਿਸਾਬ 'ਚ ਪਏ ਤੋਂ ਬਿਨਾਂ ਹੀ ਪਾਰਲੀਮਾਨੀ ਬਹੁ-ਸੰਮਤੀਆਂ ਬਣਾਉਣ ਅਤੇ 'ਸਿਆਸੀ ਸਥਿਰਤਾ' (ਮਜ਼ਬੂਤ ਸਰਕਾਰ) ਬਣਾਉਣ ਦੇ ਮੌਕੇ ਮੁਹੱਈਆ ਕਰਦਾ ਰਿਹਾ ਹੈ ਜੋ ਕਿ ਉਨ੍ਹਾਂ ਦੀ ਲੋਕ-ਵਿਰੋਧੀ ਹਕੂਮਤ ਨੂੰ ਅਸਰਦਾਰ ਢੰਗ ਨਾਲ ਜਾਰੀ ਰੱਖਣ ਲਈ ਜ਼ਰੂਰੀ ਹੈ। ਕਾਂਗਰਸ ਨੇ ਵੀ ਬੀਤੇ ਦੌਰਾਨ ਪੈਦਾ ਕੀਤੀਆਂ ਅਜਿਹੀਆਂ ਬਹੁ-ਸੰਮਤੀਆਂ ਦਾ ਆਨੰਦ ਮਾਣਿਆ ਹੈ। ਇਸ ਕਰਕੇ ਉਹ ਭਾਰਤੀ ਜਨਤਾ ਪਾਰਟੀ ਨੂੰ ਇਹ ਉਲਾਂਭਾ ਦੇਣ ਜੋਗਰੀ ਵੀ ਨਹੀਂ ਹੈ ਕਿ ਉਸਨੇ ਇਹ ਬਹੁ-ਸੰਮਤੀ ਉਹਦੇ ਨਾਲੋਂ ਵੀ ਘੱਟ ਫ਼ੀਸਦੀ ਵੋਟਾਂ ਨਾਲ ਹਾਸਲ ਕੀਤੀ ਹੈ।
ਦੂਜੇ ਸ਼ਬਦਾਂ 'ਚ, ਭਾਰਤੀ ਇਤਿਹਾਸ 'ਚ ''ਮੋੜ-ਨੁਕਤਾ'' ਹੋਣ ਦੀ ਥਾਂ, ਇਨ੍ਹਾਂ ਚੋਣਾਂ ਦੌਰਾਨ ਹੋਇਆ ਸਿਰਫ਼ ਇਹ ਹੈ ਕਿ ਭਾਰਤੀ ਹਾਕਮ ਜਮਾਤਾਂ ਨੇ ਆਪਣੇ ਘੋੜੇ ਬਦਲੇ ਹਨ। ਦਲਾਲ ਸਰਮਾਏਦਾਰ ਜਮਾਤ ਨੇ ਜੇ ਨਰਿੰਦਰ ਮੋਦੀ ਨੂੰ ਐਨੇ ਧੱਕੜਪੁਣੇ ਨਾਲ ਉਭਾਰਿਆ ਹੈ, ਤਾਂ ਇਹਦਾ ਕਾਰਨ ਇਹ ਹੈ ਕਿ ਉਹ ਸੰਕਟ 'ਚ ਹਨ:  ਸਨਅਤੀ ਤਰੱਕੀ ਅਮਲੀ ਰੂਪ 'ਚ ਰੁਕੀ ਹੋਈ ਹੈ, ਮੁਨਾਫ਼ੇ ਖੜੋਤ 'ਚ ਹਨ ਤੇ ਵੱਡੇ ਕਰਜ਼ੇ ਅਦਾਇਗੀ ਖੁਣੋਂ ਖੜ੍ਹੇ ਹਨ। ਦਰਅਸਲ ਇਸ ਸੰਕਟ ਪਿੱਛੇ ਕੰਮ ਕਰਦੇ ਕਾਰਨ ਭਾਰਤੀ ਸਮਾਜ ਦੀਆਂ ਅਰਧ ਜਗੀਰੂ, ਅਰਧ ਬਸਤੀਵਾਦੀ ਹਾਲਤਾਂ ਹਨ, ਜਿਨ੍ਹਾਂ ਦੇ ਨਤੀਜੇ ਵਜੋਂ ਵਿਸ਼ਾਲ ਜਨਤਾ ਕੋਲ ਖਰੀਦ ਸ਼ਕਤੀ ਨਹੀਂ ਹੈ, ਜੀਹਦੇ ਸਦਕਾ ਸਨਅਤੀ ਵਸਤਾਂ ਦੀ ਇੱਕ ਸਿਹਤਮੰਦ ਤੇ ਸਦਾ ਪਸਰਦੀ ਮੰਡੀ ਹੋਂਦ 'ਚ ਆਵੇ। ਅਜਿਹੀ ਮੰਡੀ ਦੀ ਸਿਰਜਣਾ ਜਗੀਰਦਾਰੀ-ਵਿਰੋਧੀ-ਇਨਕਲਾਬੀ ਸੁਧਾਰਾਂ 'ਤੇ ਨਿਰਭਰ ਕਰਦੀ ਹੈ  ਜਿਨ੍ਹਾਂ (ਸੁਧਾਰਾਂ) ਦੀਆਂ ਅਖੌਤੀ 'ਇਲਾਕਾਈ' ਪਾਰਟੀਆਂ ਸਮੇਤ, ਸਾਰੀਆਂ ਹਾਕਮ-ਜਮਾਤੀ ਪਰਟੀਆਂ ਜਾਨੀ ਦੁਸ਼ਮਣ ਹਨ। 
ਮੰਗ ਦੀ ਕਿੱਲਤ ਦੀਆਂ ਹਾਲਤਾਂ 'ਚ, ਦਲਾਲ ਸਰਮਾਏਦਾਰੀ ਲਈ ਤੇਜ਼ ਰਫ਼ਤਾਰ ਤਰੱਕੀ ਦੇ ਦੌਰ ਜਾਂ ਤਾਂ ਸਮੇਂ ਸਮੇਂ 'ਤੇ ਸਾਮਰਾਜੀ ਵਿੱਤੀ ਸਰਮਾਏ ਵੱਲੋਂ ਪੈਦਾ ਕੀਤੇ ਬੁਲਬੁਲਾ-ਨੁਮਾ ਵਿਕਾਸ 'ਤੇ ਨਿਰਭਰ ਕਰਦੇ ਹਨ, ਜਾਂ ਫਿਰ ਲੋਕਾਂ ਦੀ ਤੇ ਮੁਲਕ ਦੇ ਕੁਦਰਤੀ ਸਰੋਤਾਂ ਦੀ ਲੁੱਟ ਖੋਹ 'ਤੇ ਜਾਂ ਇਨ੍ਹਾਂ ਦੋਨਾਂ ਪੱਖਾਂ ਦੇ ਕਿਸੇ ਕਿਸਮ ਦੇ ਜੋੜਮੇਲ 'ਤੇ ਹੀ ਨਿਰਭਰ ਕਰਦੇ ਹਨ। ਦਲਾਲ ਸਰਮਾਏਦਾਰੀ ਜਮਾਤ ਇਸ ਗੱਲ ਲਈ ਕਿਸੇ ਵੀ ਹੱਦ ਤੱਕ ਜਾਣ ਲਈ ਉਤਾਰੂ ਹੈ ਕਿ ਰਾਜਭਾਗ ਉਨ੍ਹਾਂ ਲਈ ਸਰਮਾਏ ਦੇ ਮੁੜ-ਇਕੱਤਰੀਕਰਨ ਲਈ ਧੱਕੜ ਕਦਮ ਅਪਣਾਵੇ, ਜੀਹਦੇ ਲਈ ਉਹ ਉਨ੍ਹਾਂ ਨੂੰ ਵਿਸ਼ਾਲ ਜਨਤਕ ਜਾਇਦਾਦਾਂ ਤੇ ਖਜ਼ਾਨੇ 'ਚੋਂ ਸਬਸਿਡੀਆਂ ਸੌਂਪੇ। ਉਨ੍ਹਾਂ ਨੂੰ ਆਸ ਹੈ ਕਿ ਰਾਜਭਾਗ ਵੱਲੋਂ ਉਨ੍ਹਾਂ ਨੂੰ ਅਜਿਹੇ ਵੱਡੇ ਗੱਫ਼ੇ ਬਦੇਸ਼ੀ ਸੱਟੇਬਾਜ਼ ਸਰਮਾਏ ਨੂੰ ਵੀ ਖਿੱਚਣਗੇ ਜਾਂ ਇਹਦਾ ਵਹਾਅ ਕਾਇਮ ਰੱਖਣਗੇ - ਜਿਹੜੇ ਕਿ (ਵਿਕਾਸ ਦਾ) ਇੱਕ ਨਵਾਂ ਬੁਲਬੁਲਾ ਪੈਦਾ ਕਰ ਸਕਦੇ ਹਨ।
ਅਜਿਹੇ ਕਦਮ ਚੁੱਕਣ ਦੀ ਮੰਗ ਨੂੰ ਲੈ ਕੇ, ਦਲਾਲ ਸਰਮਾਏਦਾਰ ਘਰਾਣਿਆਂ 'ਤੇ ਬਦੇਸ਼ੀ ਸਰਮਾਏ ਨੇ ਪਿਛਲੇ ਕੁਝ ਵਰ੍ਹਿਆਂ ਦੌਰਾਨ ਕਾਂਗਰਸੀ ਹਾਕਮਾਂ 'ਤੇ ਦਬਾਅ ਬਣਾਇਆ ਸੀ। ਕਾਂਗਰਸੀ ਹਾਕਮਾਂ ਨੇ ਇਨ੍ਹਾਂ ਦੀ ਇੱਛਾ-ਪੂਰਤੀ ਕੀਤੀ, ਜਿਸਦੇ ਸਿੱਟੇ ਵਜੋਂ ਲੋਕਾਂ ਅਤੇ ਵਾਤਾਵਰਣ 'ਤੇ ਪੈਣ ਵਾਲੇ ਤਬਾਹਕੁੰਨ ਅਸਰਾਂ ਦੀ ਪ੍ਰਵਾਹ ਕੀਤੇ ਬਿਨਾਂ ਉਨ੍ਹਾਂ ਦੇ ਅਣਗਿਣਤ ਪ੍ਰੋਜੈਕਟ (ਕਾਰੋਬਾਰੀ ਯੋਜਨਾਵਾਂ) ਪਾਸ ਕੀਤੇ, ਕਿੰਨੇ ਠੇਕੇ ਮੁੜ-ਸਹੀਬੰਦ ਕੀਤੇ, ਕੁਦਰਤੀ ਗੈਸ ਦੀਆਂ ਕੀਮਤਾਂ ਦੁੱਗਣੀਆਂ ਕੀਤੀਆਂ ਤਾਂ ਕਿ ਅੰਬਾਨੀ ਨੂੰ ਲਾਭ ਪਹੁੰਚੇ, ਭਾਵੇਂ ਇਹਦੇ ਕਰਕੇ ਮੁਲਕ ਨੂੰ ਭਾਰੀ ਕੀਮਤ ਚੁਕਾਉਣੀ ਪਈ। ਇਸਤੋਂ ਬਿਨਾਂ, ਇਨ੍ਹਾਂ ਨੂੰ ਵੱਡਮੁੱਲੇ ਖਣਿਜ ਸਰੋਤਾਂ ਵਾਲੇ ਇਲਾਕਿਆਂ ਅੰਦਰ ਇਨਕਲਾਬੀ ਸ਼ਕਤੀਆਂ ਤੇ ਲੋਕ-ਲਹਿਰਾਂ ਨੂੰ ਕੁਚਲਣ ਲਈ ਫੌਜੀ ਦਮਨ ਤੇਜ਼ ਕੀਤਾ। ਕਾਂਗਰਸੀ ਹਾਕਮਾਂ ਨੇ ਪਿਛਲੇ ਕੁੱਝ ਵਰ੍ਹਿਆਂ ਦੌਰਾਨ ਲੋਕਾਂ ਦੀਆਂ ਲੋੜਾਂ ਲਈ ਜੋ ਥੋੜੇ ਬਹੁਤ ਫੰਡ ਰੱਖੇ ਸਨ, ਉਹ ਵੀ ਬੁਰੀ ਤਰ੍ਹਾਂ ਛਾਂਗ ਦਿੱਤੇ — ਜਿਨ੍ਹਾਂ 'ਚੋਂ ਬਹੁਤੇ ਪੇਂਡੂ ਰੁਜ਼ਗਾਰ ਨਾਲ ਸਬੰਧਤ ਸਨ। ਇਥੋਂ ਤੱਕ ਕਿ ਉਨ੍ਹਾਂ ਨੇ ਚੋਣਾਂ ਦੇ ਤਿਆਰੀ ਸਮੇਂ ਦੌਰਾਨ, ਜਨਤਾ ਦੇ ਛੁੱਟ-ਪੁੱਟ ਸਮਾਜਕ ਹੱਕਾਂ 'ਤੇ ਵੀ ਹਮਲੇ ਤੇਜ਼ ਕਰ ਦਿੱਤੇ  ਜਿਹਦੇ ਸਦਕਾ ਉਨ੍ਹਾਂ ਦੀ ਹਕੂਮਤ ਵਿਰੁੱਧ ਵਿਆਪਕ ਬੇਚੈਨੀ ਹੋਰ ਵਧੀ। ਆਪਣੀ ਸਿਆਸੀ ਬਹਾਲੀ ਦੇ ਸੌੜੇ-ਖੁਦਗਰਜ਼ ਹਿੱਤਾਂ ਵਿਰੁੱਧ ਜਾਕੇ ਵੀ ਇਉਂ ਕਰਦਿਆਂ, ਕਾਂਗਰਸੀ ਹਾਕਮਾਂ ਨੇ ਇੱਕ ਵਾਰ ਫਿਰ ਇਸ ਗੱਲ ਦੀ ਪੁਸ਼ਟੀ ਕੀਤੀ ਹੈ ਕਿ ਆਪਣੇ ਬੁਨਿਆਦੀ ਰੋਲ ਪੱਖੋਂ, ਉਹ ਹਾਕਮ ਜਮਾਤਾਂ ਤੇ ਸਾਮਰਾਜਵਾਦ ਦੇ ਨੁਮਾਇੰਦੇ ਹਨ। ਹੁਣ ਮੋਦੀ ਹਕੂਮਤ ਵੱਲੋਂ ਲੋਕਾਂ ਵਿਰੁੱਧ ਹੋਣ ਵਾਲਾ ਹਮਲਾ, ਕਾਂਗਰਸੀ ਹਾਕਮਾਂ ਵੱਲੋਂ ਦੋ ਵਰ੍ਹੇ ਪਹਿਲਾਂ ਹੀ ਸ਼ੁਰੂ ਹੋ ਗਿਆ ਸੀ। 
ਆਮ ਆਦਮੀ ਪਾਰਟੀ ਭਾਵੇਂ, ਇੱਕ ਰਾਜ (ਪੰਜਾਬ) 'ਚ ਹੀ ਸੀਟਾਂ ਜਿੱਤ ਸਕੀ ਹੈ ਤੇ ਇੱਕ ਹੋਰ ਰਾਜ (ਦਿੱਲੀ 'ਚ) ਵੋਟ ਫ਼ੀਸਦੀ 'ਚ ਵੱਡਾ ਵਾਧਾ ਕਰ ਸਕੀ ਹੈ, ਫਿਰ ਵੀ ਇਹ ਗੱਲ ਦਿਖਾਉਂਦੀ ਹੈ ਕਿ ਇਸਨੂੰ ਅਜੇ ਖ਼ਤਮ ਹੋਈ ਨਹੀਂ ਸਮਝਿਆ ਜਾ ਸਕਦਾ। ਫਿਰ ਵੀ, ਇਸਦੀ ਚੋਟੀ-ਲੀਡਰਸ਼ਿਪ ਨੇ ਇਹ ਸਾਫ਼ ਕਰ ਦਿੱਤਾ ਹੈ ਕਿ ਇਸਦੀਆਂ ਆਰਥਕ ਨੀਤੀਆਂ ਦੂਜੀਆਂ ਹਾਕਮ ਜਮਾਤੀ ਪਾਰਟੀਆਂ ਨਾਲੋਂ ਬੁਨਿਆਦੀ ਤੌਰ 'ਤੇ ਵੱਖਰੀਆਂ ਨਹੀਂ ਹਨ, ਸਿਵਾਏ ਇਸ ਗੱਲ ਦੇ ਕਿ ਇਨ੍ਹਾਂ ਨੂੰ ''ਬਿਨਾਂ ਭ੍ਰਿਸ਼ਟਾਚਾਰ ਦੇ ਲਾਗੂ ਕੀਤਾ ਜਾਵੇਗਾ।'' ਤਾਂ ਵੀ ਅਜੇ ਤੱਕ ਦਲਾਲ ਸਰਮਾਏਦਾਰ ਘਰਾਣਿਆਂ ਵੱਲੋਂ ਥਾਪੜਾ ਪ੍ਰਾਪਤ ਕਰਨ 'ਚ ਨਾਕਾਮ ਰਹਿਣ ਸਦਕਾ ਇਹ ਵੱਡੇ ਘਰਾਣਿਆਂ ਦੀਆਂ ਕੁਝ ਵਿਸ਼ੇਸ਼ ਕੰਪਨੀਆਂ 'ਤੇ ਸ਼ੋਰੀਲੇ ਹਮਲੇ ਕਰਕੇ ਲੋਕਾਂ ਨੂੰ ਭਰਮਾਉਣ ਦੇ ਯਤਨ ਕਰਨ ਵੱਲ ਧੱਕੇ ਗਏ ਹਨ। ਆਪ ਦੀਆਂ ਹਮਾਇਤੀ ਪੱਟੀਆਂ ਦਾ ਕਮਿਊਨਿਸਟ ਇਨਕਲਾਬੀਆਂ ਲਈ ਜਿਸ ਗੱਲ ਦਾ ਅਮਲੀ ਮਹੱਤਵ ਉੱਭਰਦਾ ਹੈ, ਉਹ ਹੈ : ਵੱਖ ਵੱਖ ਲੋਕ-ਹਿੱਸਿਆਂ ਦੀ ਇਨਕਲਾਬੀ ਬਦਲ ਲਈ ਤਾਂਘ, ਜਿਹੜੀ ਭਾਵੇਂ ਧੁੰਦਲੀ ਹੀ ਸਹੀ, ਪਰ ਉਨਾਂ ਨੂੰ ਚੋਣ ਅਖਾੜੇ 'ਚ ਧੱਕੇ ਜਾਣ ਦੇ ਬਾਵਜੂਦ ਦਿਖੀ ਹੈ।
ਇਨ੍ਹਾਂ ਚੋਣਾਂ ਦੌਰਾਨ ਵੋਟਰਾਂ ਉੱਤੇ ਵੋਟ ਪਾਉਣ ਲਈ ਬੇਮਿਸਾਲ ਦਬਾਅ ਸੀ। ਦਰਅਸਲ ਲੋਕਾਂ ਦੇ ਵੱਖ-ਵੱਖ ਹਿੱਸਿਆਂ ਅੰਦਰ ਇੱਕ ਭੈਅ ਦੀ ਭਾਵਨਾ ਮੌਜੂਦ ਸੀ, ਜੋ ਕਿ ਕੁੱਝ ਥਾਵਾਂ 'ਤੇ ਪ੍ਰਚਾਰ ਸਾਧਨਾਂ ਵੱਲੋਂ ਸ਼ਰੇਆਮ ਪੈਦਾ ਕੀਤੀ ਗਈ ਸੀ। ਅਨੇਕਾਂ ਕਦਮ, ਜਿਵੇਂ ਕਿ ਸਰਬਵਿਆਪੀ ਪਛਾਣ ਪੱਤਰ (ਆਧਾਰ ਕਾਰਡ) ਸਕੀਮ, ਕੌਮੀ ਆਬਾਦੀ ਰਜਿਸਟਰ, ਤੇ ਲੋਕਾਂ ਨੂੰ ਮਿਲਦੇ ਅਨੇਕਾਂ ਸਮਾਜਕ ਹੱਕਾਂ ਦਾ ਖਾਤਮਾ ਕਰਨ ਦੀ ਸਾਜਿਸ਼ (ਜਿਵੇਂ ਕਿ ਰਾਸ਼ਨ, ਰਸੋਈ ਗੈਸ, ਖਾਦਾਂ), ਜੋ ਕਿ ਇਨ੍ਹਾਂ ਨੂੰ ਨਕਦ ਭੁਗਤਾਨ 'ਚ ਬਦਲ ਕੇ ਕੀਤਾ ਜਾਣਾ ਹੈ, ਅਤੇ ਜਿਸਨੇ ਲੋਕਾਂ ਅੰਦਰ ਆਵਦੀ 'ਹਾਜ਼ਰੀ ਲਵਾਉਣ' ਲਈ ਤ੍ਰਾਹ ਪੈਦਾ ਕੀਤਾ। ਹੁਣ ਏਸੇ ਭੈਅ ਨੂੰ ਹਾਕਮ ਜਮਾਤੀ ਪ੍ਰਚਾਰ ਸਾਧਨਾਂ ਵੱਲੋਂ ਬਾਕਾਇਦਾ ਰੂਪ 'ਚ ਜਨਤਾ ਦੇ ਪਾਰਲੀਮਾਨੀ ਪ੍ਰਬੰਧ 'ਚ ਵਧ ਰਹੇ ਉਤਸ਼ਾਹ ਵਜੋਂ ਉਭਾਰਿਆ ਜਾ ਰਿਹਾ ਹੈ।
ਹਾਕਮ ਜਮਾਤੀ ਪ੍ਰਚਾਰ ਸਾਧਨਾਂ ਵੱਲੋਂ ਮੋਦੀ ਨੂੰ ਉਭਾਰਨ ਤੇ ਇਨ੍ਹਾਂ ਚੋਣਾਂ ਦੇ ਫ਼ਤਵੇ ਦਾ ਜਸ਼ਨ ਮਨਾਉਣ ਦਾ ਕੰਮ ਨਵੀਂ ਹਕੂਮਤ ਦੇ ਸਹੁੰ ਚੁੱਕਣ ਨਾਲ ਵੀ ਖ਼ਤਮ ਨਹੀਂ ਹੋਇਆ, ਸਗੋਂ ਇਹ ਪਹਿਲਾਂ ਨਾਲੋਂ ਵਧਾਏ-ਚੜ੍ਹਾਏ ਰੂਪ 'ਚ ਜਾਰੀ ਹੈ। ਇਸਦਾ ਮਕਸਦ ਜਨਤਾ ਅੰਦਰ ਇਹ ਸੁਨੇਹਾ ਦੇਣਾ ਹੈ: ''ਸਰਕਾਰ ਕੋਲ ਜਨਤਾ ਦਾ ਵਿਸ਼ਾਲ ਫ਼ਤਵਾ ਤੇ ਵਾਜਬੀਅਤ ਮੌਜੂਦ ਹੈ। ਇਸਨੂੰ ਬੇਰੋਕ ਪਦਾਰਥਕ ਸ਼ਕਤੀ ਦਾ ਥਾਪੜਾ ਵੀ ਹੈ। ਇਸਦੇ ਵਿਰੋਧ ਦਾ ਕੋਈ ਫ਼ਾਇਦਾ ਨਹੀਂ। ਹੁਣ ਇਹ ਤੁਹਾਡੇ ਲਈ ਜਿਹੜੇ ਵੀ ਕਦਮ ਲੈ ਕੇ ਆਵੇਗੀ ਉਨ੍ਹਾਂ ਅੱਗੇ ਸਿਰ ਝੁਕਾਓ।''
ਤਾਂ ਵੀ, ਸੰਘਰਸ਼ਸ਼ੀਲ ਚੇਤੰਨ ਹਿੱਸਿਆਂ ਨੂੰ ਚਾਹੀਦਾ ਹੈ ਕਿ ਉਹ ਇਸ ਪ੍ਰਾਪੇਗੰਡੇ ਨੂੰ ਹਾਕਮ ਜਮਾਤੀ ਹਮਲੇ ਦੇ ਇੱਕ ਹੋਰ ਸੰਦ ਵਜੋਂ ਦੇਖਣ। ਉਨ੍ਹਾਂ ਨੂੰ ਇਹ ਪੱਕਾ ਭਰੋਸਾ ਹੋਣਾ ਚਾਹੀਦਾ ਹੈ ਕਿ ਚੋਣਾਂ 'ਚ ਹੋਈ ਜਿੱਤ ਦੀ ਇਹ ਮੁਲੰਮਾ ਚਾੜ੍ਹੀ ਚਮਕ ਹਾਕਮਾਂ ਵੱਲੋਂ ਤਹਿ ਲੋਕ-ਵਿਰੋਧੀ ਨੀਤੀਆਂ ਨੂੰ ਲਾਗੂ ਕਰਨ ਦੇ ਅਮਲ ਦੌਰਾਨ ਹੀ ਧੁੰਦਲੀ ਪੈ ਜਾਣੀ ਹੈ ਤੇ ਉੱਡ-ਪੁੱਡ ਜਾਣੀ ਹੈ। ਇਹ ਪ੍ਰਬੰਧ ਲੋਕਾਂ ਦੀ ਇੱਕ ਵੀ ਬੁਨਿਆਦੀ ਮੰਗ ਪੂਰੀ ਕਰਨਯੋਗ ਨਹੀਂ ਹੈ; ਅਤੇ ਇਹ ਤਹਿ ਹੈ ਕਿ ਮੌਜੂਦਾ ਨੀਤੀ ਨੇ ਉਨ੍ਹਾਂ ਦੀ ਹਾਲਤ ਨੂੰ ਹੋਰ ਵੀ ਖ਼ਰਾਬ ਕਰ ਦੇਣਾ ਹੈ। ਇਨ੍ਹਾਂ ਹਾਲਤਾਂ ਅੰਦਰ ਲੋਕਾਂ ਕੋਲ ਸੰਘਰਸ਼ ਤੋਂ ਬਿਨਾਂ ਹੋਰ ਕੋਈ ਰਾਹ ਨਹੀਂ ਹੈ। ਉੁਨ੍ਹਾਂ 'ਚ ਇਹ ਭਰੋਸਾ ਵਿਗਸਣਾ ਚਾਹੀਦਾ ਹੈ ਕਿ ਉਹ ਹੀ ਮੁਲਕ ਦੀ ਬਹੁਸੰਮਤੀ ਬਣਦੇ ਹਨ। ਉਹ ਹੀ ਦੇਸ਼ ਦੀ ਵਿਸ਼ਾਲ ਬਹੁਗਿਣਤੀ ਬਣਦੇ ਹਨ, ਇਸਦੀ ਮੁੱਖਧਾਰਾ ਬਣਦੇ ਹਨ ਅਤੇ ਉਨ੍ਹਾਂ ਦਾ ਖੂਨ ਪੀ ਕੇ ਮੋਟੀਆਂ ਹੋ ਰਹੀਆਂ ਪਰਜੀਵੀ ਤਾਕਤਾਂ ਨੂੰ ਹੂੰਝ ਸੁੱਟਣ ਦੀ ਸ਼ਕਤੀ ਰੱਖਦੇ ਹਨ।
31 ਮਈ, 2014
-ਸਕੱਤਰ ਕੇਂਦਰੀ ਕਮੇਟੀ,
ਸੀ.ਪੀ.ਆਰ.ਸੀ.ਆਈ.(ਮ.ਲ.)
(ਡਾਕ ਰਾਹੀਂ ਹਾਸਲ ਹੋਇਆ ਪ੍ਰੈਸ ਬਿਆਨ)