ਲੋਕਾਂ ਖਿਲਾਫ਼ ਰਾਜ ਦੀ ਜਸੂਸੀ ਦੇ ਨਵੇਂ ਕਦਮਕੌਮੀ ਸੂਹੀਆ ਗਰਿੱਡ ਤੇ ਕੌਮੀ ਆਬਾਦੀ ਰਜਿਸਟਰ ਨੂੰ ਲਿੰਕ ਕੀਤਾ ਗਿਆ
ਲੋਕਾਂ ਖਿਲਾਫ਼ ਅੱਗੇ ਵਧ ਰਿਹਾ ਅਖੌਤੀ ਆਰਥਿਕ ਸੁਧਾਰਾਂ ਦਾ ਧਾਵਾ ਲੋਕਾਂ ਦੇ ਜਮਹੂਰੀ ਹੱਕਾਂ ਨੂੰ ਕੁਚਲਣ ਦੇ ਜਾਬਰ ਫਾਸ਼ੀ ਧਾਵੇ ਨਾਲ ਵੀ ਗੁੰਦਿਆ ਹੋਇਆ ਹੈ। ਮੋਦੀ ਸਰਕਾਰ ਨੇ ਆਪਣੇ ਪਿਛਲੇ ਸਾਰੇ ਸਾਲਾਂ ਦੇ ਰਾਜ ਦੌਰਾਨ ਜਮਹੂਰੀ ਅਧਿਕਾਰਾਂ ਨੂੰ ਕੁਚਲਣ ਵਾਲੇ ਕਾਲ਼ੇ ਕਾਨੂੰਨਾਂ ਨੂੰ ਲੋਕਾਂ ਖਿਲਾਫ਼ ਹੋਰ ਤਿੱਖੇ ਕੀਤਾ ਹੈ। ਫਾਸ਼ੀਵਾਦੀ ਢੰਗਾਂ ਨਾਲ ਮੋਦੀ ਸਰਕਾਰ ਵੱਲੋਂ ਆਪਾਸ਼ਾਹ ਤੇ ਜਾਬਰ ਭਾਰਤੀ ਰਾਜ ਦੇ ਜਾਬਰ ਪੰਜਿਆਂ ਨੂੰ ਹੋਰ ਫੈਲਾਇਆ ਗਿਆ ਹੈ। ਲੋਕਾਂ ਦੇ ਹੱਕੀ ਸੰਘਰਸ਼ਾਂ ਤੇ ਟਾਕਰਾ ਲਹਿਰਾਂ ਨੂੰ ਕੁਚਲਣ ਲਈ ਭਾਰਤੀ ਰਾਜ ਨੂੰ ਇੱਕ ਜਸੂਸੀ ਰਾਜ ਵਿੱਚ ਤਬਦੀਲ ਕੀਤਾ ਜਾ ਰਿਹਾ ਹੈ ਜਿਸ ਤਹਿਤ ਮੁਲਕ ਦੇ ਹਰ ਨਾਗਰਿਕ ਦੀ ਵਿਸਥਾਰਿਤ ਸੂਹੀਆ ਜਾਣਕਾਰੀ ਰਾਜ ਵੱਲੋਂ ਇਕੱਠੀ ਕਰਨ ਦੇ ਬੰਦੋਬਸਤ ਕੀਤੇ ਜਾ ਰਹੇ ਹਨ। ਮੁਲਕ ਦੇ ਬਸ਼ਿੰਦਿਆਂ ਦਾ ਇਹ ਜਸੂਸੀ ਪ੍ਰੋਜੈਕਟ ਇਜ਼ਰਾਈਲੀ ਰਾਜ ਵਰਗੇ ਘੋਰ ਪਿਛਾਖੜੀ ਹੁਕਮਰਾਨਾਂ ਨਾਲ ਪਾਈਆਂ ਯਾਰੀਆਂ ਦੀ ਨਵੀਂ ਉਪਲਬੱਧੀ ਹੈ।
26 ਦਸੰਬਰ ਦੇ "ਦੀ ਹਿੰਦੂ" ਵਿੱਚ ਪ੍ਰਕਾਸ਼ਿਤ ਖਬਰ ਦੱਸਦੀ ਹੈ ਕਿ ਸਰਕਾਰ ਵੱਲੋਂ ਕੌਮੀ ਸੂਹੀਆ ਗਰਿੱਡ ਨੂੰ ਕੌਮੀ ਆਬਾਦੀ ਰਜਿਸਟਰ ਨਾਲ ਜੋੜਿਆ ਗਿਆ ਹੈ। ਲੰਘੀ ਨੌ ਦਸੰਬਰ ਨੂੰ ਇਹ ਜਾਣਕਾਰੀ ਕੌਮੀ ਗ੍ਰਹਿ ਮੰਤਰਾਲੇ ਵੱਲੋਂ ਲੋਕ ਸਭਾ ਵਿੱਚ ਦਿੱਤੀ ਗਈ ਹੈ। ਕੌਮੀ ਸੂਹੀਆ ਗਰਿੱਡ ਅਤੇ ਕੌਮੀ ਆਬਾਦੀ ਰਜਿਸਟਰ, ਇਹ ਦੋਨੋਂ ਪ੍ਰੋਜੈਕਟ ਹੀ ਆਪਣੇ ਆਪ ਵਿੱਚ ਫਾਸ਼ੀ ਹੱਥਕੰਡਿਆਂ ਵਾਲੇ ਪਿਛਾਖੜੀ ਪ੍ਰੋਜੈਕਟ ਸਨ। ਹੁਣ ਇਹਨਾਂ ਦੋਹਾਂ ਨੂੰ ਆਪਸ ਵਿੱਚ ਜੋੜ ਕੇ ਲੋਕਾਂ ਖਿਲਾਫ਼ ਇਹਨਾਂ ਦੀ ਮਾਰ ਹੋਰ ਤਿੱਖੀ ਕਰ ਦਿੱਤੀ ਗਈ ਹੈ।
ਕੌਮੀ ਸੂਹੀਆ ਗਰਿਡ ਦੇਸ਼ ਦੀ ਪੁਲੀਸ ਤੇ ਜਾਂਚ ਏਜੰਸੀਆਂ ਦਾ ਇਕ ਸਾਂਝਾ ਪਲੇਟਫਾਰਮ ਹੈ। ਇਹ 2008 ਵਿਚ ਹੋਏ ਮੁੰਬਈ ਹਮਲਿਆਂ ਦੀ ਆੜ ਲੈ ਕੇ ਉਦੋਂ ਦੀ ਯੂਪੀਏ ਸਰਕਾਰ ਵੱਲੋਂ ਬਣਾਇਆ ਗਿਆ ਸੀ। ਇਹ ਪਿਛਲੇ ਸਾਲ ਬਕਾਇਦਾ ਇੱਕ ਪਲੇਟਫਾਰਮ ਵਜੋਂ ਆਪਰੇਸ਼ਨ ਵਿੱਚ ਆਇਆ ਹੈ। ਇਹ ਇੱਕ ਤਰ੍ਹਾਂ ਨਾਲ ਸਰਕਾਰ ਦੀਆਂ ਏਜੰਸੀਆਂ ਨੂੰ ਵਧੇਰੇ ਅਸਰਦਾਰ ਬਣਾਉਣ ਲਈ ਜਾਣਕਾਰੀ ਨੂੰ ਇਕੱਤਰ ਕਰਨ ਦਾ ਇੱਕ ਮੰਚ ਹੈ। ਹੁਣ ਇਸਦੀ ਧਾਰ ਨੂੰ ਹੋਰ ਤਿੱਖੀ ਕਰਦਿਆਂ ਮੋਦੀ ਸਰਕਾਰ ਨੇ ਇਸ ਨੂੰ ਆਪਣੇ ਐਨ ਪੀ ਆਰ ਦੇ ਫਿਰਕੂ ਫਾਸ਼ੀ ਪ੍ਰੋਜੈਕਟ ਨਾਲ ਜੋੜ ਲਿਆ ਹੈ। ਇਸ ਨੂੰ ਕੌਮੀ ਆਬਾਦੀ ਰਜਿਸਟਰ ਨਾਲ ਜੋੜਨ ਦਾ ਅਰਥ ਇਹ ਹੈ ਕਿ ਸਮੁੱਚੀ ਆਬਾਦੀ ਦੀ ਹਰ ਪੱਖੋਂ ਜਾਣਕਾਰੀ ਮੁਲਕ ਦੀਆਂ ਸਾਰੀਆਂ ਸੂਹੀਆਂ ਏਜੰਸੀਆਂ ਤੇ ਪੁਲਿਸ ਨੂੰ ਹਾਸਿਲ ਹੋਵੇਗੀ ਤੇ ਸੌਖਿਆਂ ਹੀ ਇਸ ਦੇ ਇੰਟਰਨੈਟ ਪਲੇਟਫਾਰਮ ਤੋਂ ਹਾਸਿਲ ਕੀਤੀ ਜਾ ਸਕੇਗੀ। ਕੌਮੀ ਆਬਾਦੀ ਰਜਿਸਟਰ ਲਈ ਡਾਟਾ 2011 ਵਾਲੀ ਮਰਦਮਸ਼ੁਮਾਰੀ ਤੋਂ ਵਰਤਿਆ ਗਿਆ ਹੈ ਜਿਸ ਨੂੰ 2015 ਵਿੱਚ ਅਪਡੇਟ ਵੀ ਕੀਤਾ ਗਿਆ ਸੀ। ਜਾਣਕਾਰੀ ਇਕੱਠੀ ਕਰਨ ਦੇ ਇਸ ਟੂਲ਼ ਨੂੰ "ਗੰਡੀਵਾ" ਕਿਹਾ ਗਿਆ ਹੈ। ਇਸ ਨਵੇਂ ਟੂਲ ਰਾਹੀਂ ਬਹੁ-ਪੱਖੀ ਸਰੋਤਾਂ ਤੋਂ ਡਾਟਾ ਇਕੱਠਾ ਕੀਤਾ ਜਾ ਸਕੇਗਾ ਤੇ ਉਸਦਾ ਵਿਸ਼ਲੇਸ਼ਣ ਕੀਤਾ ਜਾ ਸਕੇਗਾ। ਇਸ ਨਵੇਂ ਟੂਲ ਰਾਹੀਂ ਚਿਹਰੇ ਦੀ ਨਿਸ਼ਾਨਦੇਹੀ ਅਤੇ ਡਾਟਾ ਮੈਚਿੰਗ ਕਰਨ ਦੇ ਖੇਤਰ 'ਚ ਸਰਕਾਰੀ ਏਜੰਸੀਆਂ ਨੂੰ ਸੌਖ ਹਾਸਿਲ ਹੋਣੀ ਹੈ। ਪੁਲਿਸ ਦੀ ਨਿਗਰਾਨੀ ਵਾਲੇ ਕਿਸੇ ਵੀ ਵਿਅਕਤੀ ਦੇ ਸਾਰੇ ਪਰਿਵਾਰਕ ਮੈਂਬਰਾਂ ਜਾਂ ਉਸ ਨਾਲ ਜੁੜੇ ਸਭਨਾਂ ਵਿਅਕਤੀਆਂ ਦੀ ਜਾਣਕਾਰੀ ਇਸ ਪਲੇਟਫਾਰਮ ਰਾਹੀਂ ਮੁਲਕ ਦੀ ਕੋਈ ਵੀ ਏਜੰਸੀ ਜਾਂ ਕਿਸੇ ਵੀ ਸੂਬੇ ਦੀ ਪੁਲਿਸ ਹਾਸਿਲ ਕਰ ਸਕੇਗੀ।
ਮੁਲਕ ਦੀਆਂ ਸੂਹੀਆਂ ਏਜੰਸੀਆਂ ਤੇ ਸੂਬਿਆਂ ਦੀ ਪੁਲਿਸ ਵਿੱਚ ਵਧਾਏ ਗਏ ਇਸ ਰਾਬਤੇ ਦੀ ਵਰਤੋਂ ਆਰਥਿਕ ਸੁਧਾਰਾਂ ਖਿਲਾਫ਼ ਲੋਕਾਂ ਦੀ ਟਾਕਰਾ ਲਹਿਰ ਨੂੰ ਕੁਚਲਣ ਲਈ ਹੋ ਰਹੀ ਹੈ। ਆਦਿਵਾਸੀ ਖੇਤਰਾਂ 'ਚ ਕੰਪਨੀਆਂ ਦੇ ਪ੍ਰੋਜੈਕਟਾਂ ਖਿਲਾਫ਼ ਲੋਕਾਂ ਦੀ ਟਾਕਰਾ ਲਹਿਰ 'ਤੇ ਹੋ ਰਿਹਾ ਹੱਲਾ ਤੇ ਆਏ ਦਿਨ ਮਾਓਵਾਦੀ ਇਨਕਲਾਬੀਆਂ ਦੇ ਹੋ ਰਹੇ ਝੂਠੇ ਪੁਲਿਸ ਮੁਕਾਬਲਿਆਂ 'ਚ ਇਸ ਕੌਮੀ ਸੂਹੀਆ ਗਰਿੱਡ ਵਰਗੇ ਨਵੇਂ ਇੰਤਜ਼ਾਮਾਂ ਦੀ ਕਾਰਗੁਜ਼ਾਰੀ ਵੀ ਸ਼ਾਮਲ ਹੈ। ਮੋਦੀ ਹਕੂਮਤ ਦੇ ਇਹਨਾਂ ਨਵੇਂ ਕਦਮਾਂ ਖ਼ਿਲਾਫ਼ ਲੋਕਾਂ 'ਚ ਚੇਤਨਾ ਦਾ ਪਸਾਰਾ ਕਰਨ ਤੇ ਇਸ ਨੂੰ ਲੋਕਾਂ ਦੇ ਜਮਹੂਰੀ ਹੱਕਾਂ ਖ਼ਿਲਾਫ਼ ਵਿੱਢੇ ਹੋਏ ਸਮੁੱਚੇ ਜਾਬਰ ਫਾਸ਼ੀ ਹਮਲੇ ਦੇ ਅੰਗ ਵਜੋਂ ਦਿਖਾਉਣ ਦੀ ਲੋੜ ਹੈ। --0--
No comments:
Post a Comment