ਡੂੰਘੇ ਹੁੰਦੇ ਆਰਥਿਕ ਸੰਕਟ: ਸੰਸਾਰ ਅੰਦਰ ਗੈਰ-ਬਰਾਬਰੀ ਸਿਖਰਾਂ ਵੱਲ
ਜੋਕੇ ਸੰਸਾਰ ਅੰਦਰ ਭਾਰੀ ਉਥਲ ਪੁਥਲ ਮੱਚੀ ਹੋਈ ਹੈ। ਦੁਨੀਆਂ ਭਰ ਅੰਦਰ ਕਿੰਨੇ ਹੀ ਮੁਲਕਾਂ 'ਚ ਜੰਗਾਂ ਦੀ ਹਾਲਤ ਹੈ। ਸੰਸਾਰ ਸਾਮਰਾਜੀ ਤਾਕਤਾਂ ਦੁਨੀਆਂ ਭਰ ਅੰਦਰ ਆਪੋ ਆਪਣੇ ਪ੍ਰਭਾਵ ਦੇ ਪਸਾਰੇ ਲਈ ਆਪਸ ਵਿੱਚ ਭਿੜ ਰਹੀਆਂ ਹਨ। ਆਪਣੀਆਂ ਸਾਬਕਾ ਬਸਤੀਆਂ ਤੇ ਅਧੀਨ ਮੁਲਕਾਂ ਨੂੰ ਆਪਣੀ ਨਵ-ਬਸਤੀਆਨਾ ਲੁੱਟ 'ਚ ਜਕੜੀ ਰੱਖਣ ਲਈ ਹਰ ਹੀਲਾ ਵਰਤ ਰਹੀਆਂ ਹਨ। ਪਛੜੇ ਤੇ ਗਰੀਬ ਤੇ ਘੱਟ ਵਿਕਸਤ ਮੁਲਕਾਂ ਅੰਦਰ ਅਮਰੀਕੀ ਸਾਮਰਾਜੀਏ ਥਾਂ ਥਾਂ ਫੌਜੀ ਦਖਲਅੰਦਾਜੀ ਕਰ ਰਹੇ ਹਨ, ਹਕੂਮਤਾਂ ਪਲਟਣ ਦੀਆਂ ਕੋਸ਼ਿਸ਼ਾਂ ਕਰਦੇ ਹਨ। ਸਾਡੇ ਮੁਲਕ ਦੇ ਆਲੇ ਦੁਆਲੇ ਦੇ ਮੁਲਕਾਂ ਦੀਆਂ ਹਾਕਮ ਜੁੰਡਲੀਆਂ ਪਿਛਲੇ ਇੱਕ ਦੋ ਸਾਲਾਂ ਦੌਰਾਨ ਹੀ ਲੋਕ ਰੋਹ ਦੇ ਜ਼ੋਰਦਾਰ ਝਟਕੇ ਦੇਖ ਚੁੱਕੀਆਂ ਹਨ। ਇਹਨਾਂ ਮੁਲਕਾਂ ਦੀਆਂ ਹਾਕਮ ਜੁੰਡਲੀਆਂ ਵੱਲੋਂ ਮਚਾਈ ਹੋਈ ਅੰਨੀ ਲੁੱਟ ਦਾ ਸਿੱਟਾ ਲੋਕਾਂ ਅੰਦਰ ਭਾਰੀ ਗਰੀਬੀ, ਭੁੱਖ ਮਰੀ ਤੇ ਬੇਰੁਜ਼ਗਾਰੀ ਫੈਲਣ ਦੇ ਰੂਪ 'ਚ ਸਾਹਮਣੇ ਆ ਰਿਹਾ ਹੈ ਅਤੇ ਇਸ 'ਚੋਂ ਉਪਜਦੇ ਲੋਕ ਰੋਹ ਦਾ ਸੇਕ ਇਹਨਾਂ ਲੁਟੇਰੀਆਂ ਹਾਕਮ ਜਮਾਤਾਂ ਨੂੰ ਲੂਹ ਰਿਹਾ ਹੈ। ਦੁਨੀਆ ਅੰਦਰ ਜੰਗਾਂ ਯੁੱਧਾਂ ਦੀ, ਲੋਕਾਂ ਅੰਦਰ ਫੈਲਦੀ ਪਸਰਦੀ ਬੇਚੈਨੀ ਦੀ ਵਜ੍ਹਾ ਬਣਿਆ ਹੋਇਆ ਮੌਜੂਦਾ ਲੁਟੇਰਾ ਸੰਸਾਰ ਸਾਮਰਾਜੀ ਆਰਥਿਕ ਨਿਜ਼ਾਮ ਹੈ। ਹੋਰ ਬੁੱਢੇ ਤੇ ਪੁਰਾਣੇ ਹੁੰਦੇ ਜਾ ਰਹੇ ਇਸ ਨਿਜ਼ਾਮ ਦੇ ਸੰਕਟ ਆਰਥਿਕ ਹਨ। ਹੋਰ ਤੋਂ ਹੋਰ ਡੂੰਘੇ ਤੇ ਵਿਆਪਕ ਪਸਾਰ ਹਾਸਿਲ ਕਰਦੇ ਜਾ ਰਹੇ ਇਹਨਾਂ ਸੰਕਟਾਂ ਦੀ ਜੜ੍ਹ ਇਸ ਨਿਜ਼ਾਮ ਦੇ ਆਪਣੇ ਲੁੱਟ ਦੇ ਦਸਤੂਰ ਅੰਦਰ ਹੀ ਸਮੋਈ ਹੋਈ ਹੈ।
ਲੋਕਾਂ ਦੀ ਕਿਰਤ ਦੀ ਅੰਨ੍ਹੀ ਲੁੱਟ ਇਸ ਨਿਜ਼ਾਮ ਦਾ ਵਜੂਦ ਸਮਾਇਆ ਦਸਤੂਰ ਹੈ। ਅਜੋਕੇ ਦੌਰ 'ਚ ਇਹ ਸੰਸਾਰ ਸਾਮਰਾਜੀ ਨਿਜ਼ਾਮ ਦੁਨੀਆਂ ਭਰ ਅੰਦਰ ਲੋਕਾਂ ਦੀ ਕਿਰਤ ਕਮਾਈ ਦੀ ਵੰਡ ਨੂੰ ਅਣਸਾਵੀਂ ਕਰਨ ਪੱਖੋਂ ਸਿਖਰਾਂ ਤੱਕ ਪਹੁੰਚਾ ਰਿਹਾ ਹੈ। ਇਹ ਅਣਸਾਵਾਂਪਣ ਪਹਿਲੇ ਕਿਸੇ ਵੀ ਵੇਲਿਆਂ ਨਾਲੋਂ ਬਹੁਤ ਤਿੱਖਾ ਹੋ ਚੁੱਕਿਆ ਹੈ। ਇਸ ਵੇਲੇ ਦੁਨੀਆਂ ਦੇ ਉੱਪਰਲੇ ਦਸ ਪ੍ਰਤੀਸ਼ਤ ਅਮੀਰਾਂ ਕੋਲ ਸੰਸਾਰ ਦੀ ਕੁੱਲ ਜਾਇਦਾਦ ਦਾ 75% ਹੈ। ਜਦ ਕਿ ਹੇਠਲੇ 50 ਪ੍ਰਤੀਸ਼ਤ ਕੋਲ ਸਿਰਫ 2% ਹੈ। ਦੁਨੀਆਂ ਦੀ ਆਬਾਦੀ ਦੇ 0.001% ਲਗਭਗ 60 ਹਜ਼ਾਰ ਖਰਬਪਤੀਆਂ ਕੋਲ ਦੁਨੀਆ ਦੇ ਅੱਧ ਬਣਦੇ ਗਰੀਬ ਹਿੱਸੇ ਤੋਂ ਤਿੰਨ ਗੁਣਾ ਜ਼ਿਆਦਾ ਜਾਇਦਾਦ ਹੈ। ਦੁਨੀਆਂ ਦੇ ਉੱਪਰਲੇ ਦਸ ਪ੍ਰਤੀਸ਼ਤ ਦੀ ਆਮਦਨ ਸਮੁੱਚੇ ਸੰਸਾਰ ਦੀ ਕੁੱਲ ਆਮਦਨ ਦਾ 50% ਤੋਂ ਵੱਧ ਬਣਦੀ ਹੈ।
ਸਾਡੇ ਆਪਣੇ ਮੁਲਕ ਅੰਦਰ ਉੱਪਰਲੇ 10 % ਕੋਲ ਆਮਦਨ ਦਾ 58% ਹਿੱਸਾ ਹੈ ਜਦ ਕਿ ਹੇਠਲੇ 50% ਦੇ ਹਿੱਸੇ ਮੁਲਕ ਦੀ ਕੁੱਲ ਆਮਦਨ 'ਚੋਂ ਸਿਰਫ 15% ਆਉਂਦਾ ਹੈ। ਉਪਰਲੇ 10% ਅਮੀਰਾਂ ਕੋਲ ਮੁਲਕ ਦੀ ਕੁੱਲ ਜਾਇਦਾਦ ਦਾ 65% ਹਿੱਸਾ ਆਉਂਦਾ ਹੈ।
ਜਾਇਦਾਦ ਦੀ ਵੰਡ ਦਾ ਇਹ ਅਣਸਾਂਵੀਂ ਹਾਲਤ ਸਿਰਫ਼ ਸਾਡੇ ਵਰਗੇ ਗਰੀਬ ਮੁਲਕ ਅੰਦਰ ਹੀ ਨਹੀਂ ਹੈ ਸਗੋਂ ਸੰਸਾਰ ਦੀ ਸਾਮਰਾਜੀ ਮਹਾਂ ਸ਼ਕਤੀ ਅਮਰੀਕਾ ਅੰਦਰ ਵੀ ਉੱਪਰਲੇ 10% ਦੀ ਆਮਦਨ 'ਚ ਹਿੱਸੇਦਾਰੀ 45 ਤੋਂ 47% ਤੱਕ ਹੈ ਜਦ ਕਿ ਹੇਠਲੇ 50% ਲੋਕਾਂ ਦੀ ਮੁਲਕ ਦੀ ਆਮਦਨ 'ਚ ਹਿੱਸੇਦਾਰੀ ਸਿਰਫ਼ 13 ਤੋਂ 14 ਪ੍ਰਤੀਸ਼ਤ ਤੱਕ ਹੈ। ਅਮਰੀਕਾ ਅੰਦਰ ਉੱਪਰਲੇ 10% ਦੀ ਮੁਲਕ ਦੀ ਕੁੱਲ ਜਾਇਦਾਦ 'ਚ ਹਿੱਸੇਦਾਰੀ 70 ਤੋਂ 75% ਹੈ। ਮੁੜ ਉੱਭਰ ਰਹੇ ਸਾਮਰਾਜੀ ਮੁਲਕ ਰੂਸ ਅੰਦਰ ਵੀ ਹਾਲਤ ਇਹੋ ਜਿਹੀ ਹੀ ਹੈ। ਰੂਸ ਦੀ ਆਬਾਦੀ ਦੇ ਉੱਪਰਲੇ 10% ਦੀ ਮੁਲਕ ਦੀ ਆਮਦਨ 'ਚ ਹਿੱਸੇਦਾਰੀ 46 ਤੋਂ 48% ਹੈ ਜਦਕਿ ਹੇਠਲੇ 50% ਲੋਕਾਂ ਦੀ ਮੁਲਕ ਦੀ ਆਮਦਨ ਅੰਦਰ ਹਿੱਸੇਦਾਰੀ 17 ਤੋਂ 18% ਹੈ। ਸੰਸਾਰ ਦ੍ਰਿਸ਼ 'ਤੇ ਨਵੀਂ ਆਰਥਿਕ ਸ਼ਕਤੀ ਵਜੋਂ ਉਭਰ ਰਹੇ ਮੁਲਕ ਚੀਨ ਅੰਦਰ ਵੀ ਹਾਲਤ ਤੋਂ ਬਹੁਤ ਹੀ ਵੱਖਰੀ ਨਹੀਂ ਹੈ ਉਥੇ ਵੀ ਉੱਪਰਲੇ 10% ਦੀ ਆਮਦਨ 'ਚ ਹਿੱਸੇਦਾਰੀ 41 ਤੋਂ 43% ਮੰਨਦੇ ਹਨ ਜਦਕਿ ਹੇਠਲੇ 50% ਲੋਕਾਂ ਦੀ ਆਮਦਨ 'ਚ ਹਿੱਸੇਦਾਰੀ 15 ਤੋਂ 17% ਬਣਦੀ ਹੈ।
ਸੰਸਾਰ ਅੰਦਰ ਪੈਦਾਵਾਰ ਦੀ ਇਹ ਘੋਰ ਅਣਸਾਂਵੀਂ ਵੰਡ ਇਸ ਸੰਸਾਰ ਨਿਜ਼ਾਮ ਦੇ ਆਰਥਿਕ ਸੰਕਟ ਨੂੰ ਹੋਰ ਡੂੰਘਾ ਕਰਦੀ ਹੈ। ਲੋਕਾਂ ਕੋਲੋਂ ਨਿਚੋੜ ਲਈ ਗਈ ਆਮਦਨ ਦੁਨੀਆ ਭਰ ਅੰਦਰ ਲੋਕਾਂ ਦੀ ਖਰੀਦ ਸ਼ਕਤੀ ਨੂੰ ਭਾਰੀ ਕਸਾਰਾ ਲਾਉਂਦੀ ਹੈ। ਇੱਕ ਪਾਸੇ ਦੌਲਤਾਂ ਦੇ ਉਸਰ ਰਹੇ ਧੌਲਰ ਤੇ ਦੂਜੇ ਪਾਸੇ ਜੂਨ ਗੁਜ਼ਾਰੇ ਤੋਂ ਵੀ ਆਤੁਰ ਹੋ ਰਹੀ ਕਿਰਤੀ ਲੋਕਾਈ, ਇਹ ਇਸ ਵੇਲੇ ਇਸ ਸੰਸਾਰ ਸਾਮਰਾਜੀ ਨਿਜ਼ਾਮ ਦੀ ਮੂੰਹ ਬੋਲਦੀ ਹਕੀਕਤ ਬਣੀ ਹੋਈ ਹੈ। ਲੋਕਾਂ ਦੀ ਇਹ ਘਟੀ ਹੋਈ ਖਰੀਦ ਸ਼ਕਤੀ ਸੰਸਾਰ ਬਹੁ ਕੌਮੀ ਕੰਪਨੀਆਂ ਦੇ ਮਾਲ ਦੀ ਵਿੱਕਰੀ ਅੰਦਰ ਖੜੋਤ ਲੈ ਕੇ ਆਉਂਦੀ ਹੈ। ਇਸ ਖੜੋਤ ਨੂੰ ਤੋੜਨ ਲਈ ਸੰਸਾਰ ਸਾਮਰਾਜੀ ਮੁਲਕ ਦੁਨੀਆ ਦੇ ਜ਼ਿਆਦਾਤਰ ਹਿੱਸੇ ਨੂੰ ਆਪਣੇ ਕੰਟਰੋਲ 'ਚ ਲੈਣ ਲਈ ਭਿੜਦੇ ਹਨ ਤੇ ਇਹਨਾਂ ਸੰਕਟਾਂ 'ਚੋਂ ਨਿਕਲਣ ਦੇ ਓਹੜ ਪੋਹੜ ਕਰਦੇ ਹਨ।
ਇਸ ਤਿੱਖੀ ਹੋ ਰਹੀ ਗ਼ੈਰ-ਬਰਾਬਰੀ ਦੀ ਹਾਲਤ ਨੇ ਦੁਨੀਆਂ ਅੰਦਰ ਕਿਰਤੀ ਲੋਕਾਂ ਦੀਆਂ ਮੁਕਤੀ ਲਹਿਰਾਂ ਨੂੰ ਹੋਰ ਤੇਜ਼ ਕਰਨਾ ਹੈ। ਸੰਸਾਰ ਹਾਲਤ ਅੰਦਰ ਇਸ ਦੇ ਝਲਕਾਰੇ ਦਿਖਣੇ ਸ਼ੁਰੂ ਹੋ ਚੁੱਕੇ ਹਨ। ਸਿਖਰਾਂ ਛੋਹ ਰਹੀ ਇਸ ਗ਼ੈਰ-ਬਰਾਬਰੀ ਦੀ ਹਾਲਤ ਅੰਦਰ ਹੀ ਬਰਾਬਰੀ ਭਰੇ ਸੰਸਾਰ ਸਮਾਜਵਾਦੀ ਪ੍ਰਬੰਧ ਉਸਾਰਨ ਵੱਲ ਵਧਣ ਦੇ ਬੀਜ ਸਮੋਏ ਹੋਏ ਹਨ। ਦੁਨੀਆ ਭਰ ਦੇ ਦੇਸ਼ਾਂ ਅੰਦਰ ਇਨਕਲਾਬੀ ਤਬਦੀਲੀਆਂ ਰਾਹੀਂ ਇਸ ਗ਼ੈਰ-ਬਰਾਬਰੀ ਦਾ ਖਾਤਮਾ ਕਰਕੇ ਸਾਧਨਾਂ ਤੇ ਸੋਮਿਆਂ ਦੀ ਬਰਾਬਰ ਵੰਡ ਵਾਲੇ ਸਮਾਜਵਾਦੀ ਨਿਜ਼ਾਮ ਦੀ ਉਸਾਰੀ ਹੋਣੀ ਹੈ। --0--
No comments:
Post a Comment