Wednesday, January 7, 2026

  ਸਾਥੀ ਜਗਮੋਹਣ ਦੀਆਂ ਯਾਦਾਂ ਸੰਗ.......

   ਸਾਥੀ ਜਗਮੋਹਣ ਦੀਆਂ ਯਾਦਾਂ ਸੰਗ.......



ਸੁਰਖ਼ ਲੀਹ ਦੇ ਪ੍ਰਬੰਧਕ ਸਾਥੀ ਡਾ. ਜਗਮੋਹਨ ਸਿੰਘ ਪਿਛਲੇ ਵਰ੍ਹੇ ਸਾਨੂੰ ਵਿਗੋਚਾ ਦੇ ਗਏ ਸਨ। ਉਹਨਾਂ ਦੇ ਵਿਛੋੜੇ ਦੇ ਦਿਨਾਂ 'ਚ ਮੇਰੇ ਜਿਹਨ ਅੰਦਰ ਨਾਲ ਬਿਤਾਏ ਦਿਨ ਰੀਲ ਵਾਗੂੰ ਘੁੰਮਦੇ ਰਹੇ ਤੇ ਸਦਾ ਲਈ ਯਾਦਾਂ ਹੋ ਕੇ ਵਸੇ ਹੋਏ ਹਨ। ਅੱਜ ਤੋਂ 50 ਸਾਲ ਪਹਿਲਾਂ ਮੈਨੂੰ ਉਹਨਾਂ ਨਾਲ ਮਿਲਣ ਦਾ ਮੌਕਾ ਮਿਲਿਆ ਸੀ । ਮੈਂ ਜਿਹੜੇ ਸ਼ਹਿਰ ਪੜ੍ਹਦਾ ਸੀ, ਜਗਮੋਹਨ ਸਿੰਘ ਉਸ ਸ਼ਹਿਰ 'ਚ ਨਵਾਂ-ਨਵਾਂ ਡਾਕਟਰ ਬਣ ਕੇ ਆਇਆ ਸੀ। ਮੈਂ ਆਪਣੇ ਸਾਥੀਆਂ ਨਾਲ ਕਾਲਜ ਵਿੱਚ ਪੰਜਾਬ ਸਟੂਡੈਂਟਸ ਯੂਨੀਅਨ ਦੀ ਇਕਾਈ ਬਣਾਈ। ਸਾਡੇ ਤੋਂ ਪਹਿਲਾਂ ਕੰਮ ਕਰਦਾ ਉਸ ਸ਼ਹਿਰ ਦਾ ਪੀ.ਐਸ.ਯੂ. ਦਾ ਆਗੂ ਇੱਕ ਦਿਨ ਸਾਨੂੰ ਇੱਕ ਡਾਕਟਰ ਨੂੰ ਮਿਲਾਉਣ ਲੈ ਗਿਆ। ਉਸਨੇ ਦੱਸਿਆ ਕਿ ਇਹ ਸਾਥੀ ਪਟਿਆਲੇ ਤੋਂ ਡਾਕਟਰੀ ਦੀ ਪੜ੍ਹਾਈ ਕਰਕੇ ਆਏ ਹਨ। ਆਪਣੇ ਸ਼ਹਿਰ ਵਿੱਚ ਡਾਕਟਰ ਹਨ। ਪੀ.ਐਸ.ਯੂ. ਵਿੱਚ ਸਰਗਰਮੀ ਨਾਲ ਕੰਮ ਕਰਦੇ ਰਹੇ ਹਨ। ਹੁਣ ਵੀ ਆਪਣੀ ਮੱਦਦ ਕਰਦੇ ਰਹਿੰਦੇ ਹਨ। ਸਾਨੂੰ ਬਹੁਤ ਚੰਗਾ ਮਹਿਸੂਸ ਹੋਇਆ ਕਿ ਇਕ ਡਾਕਟਰ ਵੀ ਸਾਡੀ ਸਹਾਇਤਾ ਲਈ ਹਾਜਰ ਹੈ ਪਰ ਨਾਲ ਹੀ ਸਵਾਲ ਵੀ ਉੱਠਿਆ ਕਿ ਇੱਕ ਐਮ.ਬੀ.ਬੀ.ਐਸ. ਡਾਕਟਰ ਭਲਾ ਸਾਡੀ ਕਿਹੋ ਜਿਹੀ ਮੱਦਦ ਕਰ ਸਕੇਗਾ। ਖੈਰ, ਕੰਮਾਂ ਲਈ ਸਾਡੀਆਂ ਮੁਲਾਕਾਤਾਂ ਹੁੰਦੀਆਂ ਰਹੀਆਂ। ਦੋ ਤਿੰਨ ਮਹੀਨੇ ਹੀ ਲੰਘੇ ਸਨ ਕਿ ਐਮਰਜੈਂਸੀ ਲੱਗ ਗਈ। ਪੰਜਾਬ ਸਟੂਡੈਂਟਸ ਯੂਨੀਅਨ ਦੇ ਆਗੂਆਂ ਦੀ ਫੜੋ ਫੜੀ ਸ਼ੁਰੂ ਹੋ ਗਈ। ਕੁੱਝ ਫੜੇ ਗਏ ਅਤੇ ਕੁੱਝ ਰੂਪੋਸ਼ ਹੋ ਗਏ। ਪੀ.ਐਸ.ਯੂ. ਵੱਲੋਂ ਐਮਰਜੈਂਸੀ ਦੇ ਖ਼ਿਲਾਫ਼ ਪਹਿਲਾਂ ਪੋਸਟਰ ਜਾਰੀ ਹੋਇਆ। “ਫਾਸ਼ੀ ਵਾਰ ਦਾ ਟਾਕਰਾ ਕਰੋ”। ਸਾਡੇ ਦੋ ਸਾਥੀਆਂ ਦੀ ਸ਼ਹਿਰ ਦੇ ਇੱਕ ਹਿੱਸੇ ਵਿੱਚ ਪੋਸਟਰ ਲਾਉਣ ਦੀ ਡਿਊਟੀ ਲੱਗੀ। ਪੋਸਟਰ ਰਾਤ ਨੂੰ ਲਾਏ ਜਾਣੇ ਸਨ ਸ਼ਹਿਰ ਦੇ ਹਰ ਚੌਂਕ ਵਿੱਚ ਪੁਲਿਸ ਦੇ ਨਾਕੇ ਸਨ। ਲਗਾਤਾਰ ਗਸ਼ਤ ਹੁੰਦੀ ਸੀ। ਐਮਰਜੈਂਸੀ ਦੇ ਐਲਾਨ ਨੂੰ ਅਜੇ 15-20 ਦਿਨ ਹੀ ਤਾਂ ਹੋਏ ਸਨ। ਸਾਡੇ ਲਈ ਨਵਾਂ ਤਜਰਬਾ ਸੀ। ਪਹਿਲਾਂ ਸਧਾਰਨ ਹਾਲਤਾਂ ਵਿੱਚ ਦਿਨ ਦਿਹਾੜੇ ਹੀ ਪੋਸਟਰ ਲਾਉਦੇ ਸਾਂ। ਮੇਰੀ ਅਤੇ ਮੇਰੇ ਨਾਲ ਦੇ ਦੂਜੇ ਸਾਥੀ ਦੀ ਕੁੱਝ ਝਿਜਕ ਦੇਖ ਕੇ ਸਾਡੇ ਆਗੂ ਨੇ ਕਿਹਾ, “ਕੋਈ ਗੱਲ ਨਹੀਂ ਡਾਕਟਰ ਤੁਹਾਡੇ ਨਾਲ ਹੋਵੇਗਾ”। ਸੋ ਅਜਿਹੀ ਹਾਲਤ ਵਿੱਚ ਸਾਨੂੰ ਉਸ ਨਾਲ ਪੋਸਟਰ ਲਾਉਣ ਵਰਗੀ ਸਰਗਰਮੀ ਕਰਨ ਦਾ ਮੌਕਾ ਮਿਲਿਆ। ਇਕ ਡਾਕਟਰ ਨੂੰ ਅਜਿਹੇ ਕੰਮ 'ਚ ਲੱਗਿਆ ਵੇਖ ਕੇ ਸਾਨੂੰ ਬਹੁਤ ਚੰਗਾ ਲੱਗਿਆ।  

ਉਹ ਕਿਰਾਏ ਦੇ ਇੱਕ ਸਧਾਰਨ ਜਿਹੇ ਕਮਰੇ ਵਿੱਚ ਰਹਿੰਦੇ ਸਨ। ਮੈਂ ਅਤੇ ਮੇਰਾ ਇੱਕ ਸਾਥੀ ਉਸਨੂੰ ਮਿਲਣ ਗਏ। ਉਹ ਆਪਣੇ ਕਮਰੇ ਵਿੱਚ ਦੋ ਜਖਮੀ ਨੌਜਵਾਨਾਂ ਦੀਆਂ ਮੱਲ੍ਹਮ ਪੱਟੀਆਂ ਆਦਿ ਕਰ ਰਿਹਾ ਸੀ। ਉਹ ਨੌਜਵਾਨ ਪੀ.ਐਸ.ਯੂ. ਦੇ ਆਗੂ ਸਨ ਅਤੇ ਇੱਕ ਐਕਸੀਡੈਂਟ ਵਿੱਚ ਸਖ਼ਤ ਜਖ਼ਮੀ ਹੋ ਗਏ ਸਨ। ਐਮਰਜੈਂਸੀ ਲੱਗੀ ਹੋਣ ਕਾਰਨ ਉਹ ਸਾਥੀ ਰੂਪੋਸ਼ ਸਨ। ਅਸੀਂ ਆਪਣੀ ਪੜ੍ਹਾਈ ਪੂਰੀ ਕਰਕੇ ਚਲੇ ਗਏ ਤਾਂ ਫਿਰ ਕਿੰਨਾ ਚਿਰ ਜਗਮੋਹਨ ਸਿੰਘ ਨਾਲ ਮੇਲ ਨਾ ਹੋਇਆ। ਪਤਾ ਲੱਗਿਆ ਕਿ ਉਹ ਡਾਕਟਰੀ ਛੱਡ ਕੇ ਇਨਕਲਾਬੀ ਲਹਿਰ ਵਿੱਚ ਕੁਲਵਕਤੀ ਵਜੋਂ ਹੋ ਗਿਆ ਹੈ। ਫਿਰ ਕਈ ਸਾਲ ਬੀਤਣ ਪਿੱਛੋਂ ਉਸ ਨਾਲ ਖਾਲਿਸਤਾਨੀ ਤੇ ਹਕੂਮਤੀ ਦਹਿਸ਼ਤਗਰਦੀ ਦੇ ਦੌਰ ਵਿੱਚ ਮੇਲ ਹੋਇਆ।  ਅਸੀਂ ਇੱਕੋ ਇਲਾਕੇ ਵਿੱਚ ਸਰਗਰਮ ਸਾਂ ਤੇ ਸਾਡੇ ਕੰਮ ਸਾਂਝੇ ਸਨ। ਦੋ ਮੂੰਹੀ ਦਹਿਸ਼ਦਗਰਦੀ ਦੇ ਖ਼ਿਲਾਫ਼ ਜਨਤਕ ਲਾਮਬੰਦੀ ਲਈ ਅਸੀਂ ਲਗਾਤਾਰ ਮਿਲਦੇ ਰਹਿੰਦੇ ਸਾਂ। ਵੱਖ-ਵੱਖ ਤਬਕਾਤੀ ਜਥੇਬੰਦੀਆਂ ਵਿੱਚ ਸਰਗਰਮ ਆਗੂਆਂ ਤੇ ਕਾਰਕੁੰਨਾਂ ਨੂੰ ਮਿਲਦੇ ਸਾਂ। ਇਹਨਾਂ ਸਾਥੀਆਂ ਦੇ ਘਰਾਂ ਵਿੱਚ ਉਸਨੂੰ ਕਿਸੇ ਮਰੀਜ ਬਾਰੇ ਪਤਾ ਲੱਗ ਜਾਂਦਾ ਤਾਂ ਉਹ ਉਸ ਨਾਲ ਡੂੰਘਾ ਸਰੋਕਾਰ ਜਾਹਿਰ ਕਰਦਾ। ਕਿਸੇ ਨੂੰ ਪਰਚੀ 'ਤੇ ਦਵਾਈ ਲਿਖ ਦੇਣੀ, ਕਿਸੇ ਨੂੰ ਆਪਣੇ ਜਾਣਕਾਰ ਕਿਸੇ ਸੁਹਿਰਦ ਡਾਕਟਰ ਦੀ ਦੱਸ ਪਾ ਦੇਣੀ, ਜਿੰਨ੍ਹਾਂ ਘਰਾਂ ਵਿੱਚ ਉਸਦਾ ਵਧੇਰੇ ਆਉਣ ਜਾਣ ਸੀ ਉਹਨਾਂ ਘਰਾਂ ਦੇ ਕਈ ਮੈਂਬਰ ਤਾਂ ਆਪਣੀਆ ਬੀਮਾਰੀਆਂ ਦੇ ਇਲਾਜ ਬਾਰੇ ਉਸਦੀ ਸਲਾਹ ਲਈ ਉਸਨੂੰ ਉਡੀਕਦੇ ਰਹਿੰਦੇ। ਕਿਸੇ ਘਰ ਉਹ ਬੁਖਾਰ ਲਈ, ਬੀ.ਪੀ. ਦੀ ਦਵਾਈ ਤੇ ਕਿਸੇ ਘਰ ਬੱਚਿਆਂ ਦੇ ਪੇਟ ਦੇ ਕੀੜਿਆਂ ਦੇ ਇਲਾਜ ਲਈ ਗੋਲੀਆਂ ਲਿਖਦਾ ਦਿਖਾਈ ਦਿੰਦਾ। ਕਈ ਵਾਰ ਆਪਣੇ ਜਾਣਕਾਰ ਡਾਕਟਰਾਂ ਕੋਲ ਆਏ ਦਵਾਈਆਂ ਦੇ ਸੈਂਪਲ ਲੈ ਕੇ ਸਾਥੀਆਂ ਦੇ ਘਰਾਂ ਦੇ ਮਰੀਜਾਂ ਨੂੰ ਦੇ ਕੇ ਜਾਂਦਾ। ਆਪਣੇ ਸਿਆਸੀ ਕੰਮਾਂ ਦੌਰਾਨ ਲੋਕਾਂ ਪ੍ਰਤੀ ਇਕ ਸੁਹਿਰਦ ਡਾਕਟਰ ਵਜੋਂ ਉਹਦੇ ਸਰੋਕਾਰ ਹਮੇਸ਼ਾਂ ਨਾਲ-ਨਾਲ ਹੁੰਦੇ।

ਜਦੋਂ ਇਨਕਲਾਬੀ ਲਹਿਰ ਪਿਛਾਖੜੀ ਦਹਿਸ਼ਤਗਰਦੀ ਦੇ ਨਿਸ਼ਾਨੇ 'ਤੇ ਆਈ ਤਾਂ ਇਨਕਲਾਬੀ ਲਹਿਰ ਦੇ ਕਿੰਨੇ ਹੀ ਕਾਰਕੁੰਨਾਂ ਵਾਂਗ ਮੈਨੂੰ ਵੀ ਆਪਣੇ ਘਰ ਵਿੱਚ ਆਉਣਾ ਸੀਮਤ ਕਰਨਾ ਪਿਆ। ਕਾਮਰੇਡ ਜਗਮੋਹਣ ਇਲਾਕੇ ਦੇ ਸਭਨਾਂ ਸਾਥੀਆਂ ਦੀ ਸੁਰੱਖਿਆ ਲਈ ਸਦਾ ਫਿਕਰਮੰਦ ਰਹਿੰਦਾ। ਕਈ ਵਾਰ ਉਹ ਇਹਨਾਂ ਹਾਲਤਾ 'ਚ ਜਾਬਤਾ ਨਾ ਮੰਨਣ ਵਾਲੇ ਸਾਥੀਆਂ ਨਾਲ ਕੰਮ 'ਚ ਹੋਈ ਕਿਸੇ ਕੁਤਾਹੀ ਜਾਂ ਨੀਵੀਂ ਕਾਰਗੁਜ਼ਾਰੀ ਕਾਰਨ ਖਫਾ ਵੀ ਹੋ ਜਾਂਦਾ। ਫਿਰ ਇੱਕ ਦੋ ਦਿਨਾਂ ਬਾਅਦ ਜਦੋਂ ਮਿਲਦਾ ਉਸਨੂੰ ਆਪ ਹੀ ਮਹਿਸੂਸ ਹੁੰਦਾ ਕਿ ਉਸਨੇ ਕਿਸੇ ਸਾਥੀ ਦੀ ਵਧਵੀਂ ਪੜਚੋਲ ਤੇ ਨੁਕਤਾਚੀਨੀ ਕੀਤੀ ਸੀ। ਉਸ ਨੂੰ ਆਪਣੀ ਗਲਤੀ ਦਾ ਅਹਿਸਾਸ ਹੁੰਦਾ ਅਤੇ ਇਸਨੂੰ ਮੰਨਣ 'ਚ ਉਹ ਝਿਜਕ ਨਾ ਦਿਖਾਉਂਦਾ। ਫਿਰ ਉਹ ਆਖਦਾ ਕਿ ਕਿਸੇ ਦੀ ਪੜਚੋਲ ਉਸਦੇ ਪੱਧਰ ਅਨੁਸਾਰ ਹੀ ਹੋਣੀ ਚਾਹੀਦੀ ਹੈ। ਇਸਦਾ ਹਵਾਲਾ ਉਹ ਡਾਕਟਰ ਨਾਰਮਨ ਬੈਥਿਊਨ ਦੀ ਸਵੈ-ਜੀਵਨੀ 'ਚੋਂ ਦਿੰਦਾ ਕਿ ਚੀਨ 'ਚ ਚੱਲਦੀ ਇਨਕਲਾਬੀ ਜੰਗ ਸਮੇਂ ਫੱਟੜ ਹੋਣ ਵਾਲੇ ਕਾਰਕੁੰਨਾਂ ਲਈ ਬਣੇ ਸੰਭਾਲ ਕੇਂਦਰਾਂ ਦਾ ਦੌਰਾ  ਕਰਦਿਆਂ ਬੈਥਿਊਨ ਇੱਕ ਅਜਿਹੇ ਸੰਭਾਲ ਕੇਂਦਰ 'ਚ ਗਿਆ ਜਿੱਥੇ ਮਰੀਜ਼ ਦੀ ਠੀਕ ਸੰਭਾਲ ਨਹੀਂ ਹੋ ਰਹੀ ਸੀ। ਉਸਨੇ ਫੱਟੜਾਂ ਦੀ ਸੰਭਾਲ ਕਰ ਰਹੇ ਇੱਕ ਕਾਰਕੰਨ ਦੀ ਝਾੜ ਝੰਬ ਕਰ ਦਿੱਤੀ ਕਿ ਉਸਦੇ ਜਖਮਾਂ ਦੀ ਪੂਰੀ ਸਫਾਈ ਨਹੀਂ ਕੀਤੀ, ਪੱਟੀਆਂ ਠੀਕ ਨਹੀਂ ਕੀਤੀਆਂ। ਇਸ ਤਰ੍ਹਾਂ ਇੰਨਫੈਕਸ਼ਨ ਨਾਲ ਜਖ਼ਮ ਖਰਾਬ ਹੋ ਸਕਦੇ ਹਨ। ਕਾਰਕੁੰਨ ਚੁੱਪ ਚਾਪ ਸੁਣਦਾ ਰਿਹਾ । ਬਾਅਦ ਵਿੱਚ ਪਾਰਟੀ ਆਰਗੇਨਾਈਜਰ ਨੇ ਡਾ. ਬੈਥਿਊਨ ਨੂੰ ਦੱਸਿਆ ਕਿ ਇਹਨਾਂ ਸੰਭਾਲ ਕੇਂਦਰਾਂ ਵਿੱਚ ਸਟਾਫ਼ ਦੀ ਬਹੁਤ ਘਾਟ ਹੈ, ਦਵਾਈਆਂ ਆਦਿ ਵੀ ਪੂਰੀਆਂ ਨਹੀਂ ਹਨ। ਜਿਸ ਕਾਰਕੁੰਨ ਦੀ ਤੁਸੀਂ ਝਾੜਝੰਬ ਕਰ ਦਿੱਤੀ ਉਹ ਤਾਂ ਇੱਕ ਸਧਾਰਨ ਕਿਸਾਨ ਹੈ, ਜਿਸਨੂੰ ਇਹ ਕੰਮ ਸੌਂਪ ਦਿੱਤਾ ਹੈ। ਉਸਨੂੰ ਕਿਸੇ ਤਰ੍ਹਾਂ ਦੀ ਟਰੇਨਿੰਗ ਆਦਿ ਵੀ ਨਹੀਂ ਦਿੱਤੀ ਗਈ। ਇਹ ਸੁਣ ਕੇ ਡਾ.ਬੈਥਿਊਨ ਨੂੰ ਬਹੁਤ ਪਛਤਾਵਾ ਹੋਇਆ ਕਿ ਉਸਨੇ ਪੂਰੀ ਹਾਲਤ ਨੂੰ ਜਾਣੇ ਬਿਨਾਂ ਹੀ ਇੱਕ ਸਧਾਰਨ ਕਿਸਾਨ ਦੀ ਸਖ਼ਤ ਆਲੋਚਨਾ ਕਰ ਦਿੱਤੀ ਸੀ ਜਦੋਂ ਕਿ ਉਸਦਾ ਕੋਈ ਕਸੂਰ ਨਹੀਂ ਸੀ। ਫਿਰ ਡਾ. ਬੈਥਿਊਨ ਨੇ ਉਸ ਕਿਸਾਨ ਕੋਲ ਜਾ ਕੇ ਆਪਣੀ ਗਲਤੀ ਦਾ ਅਹਿਸਾਸ ਕੀਤਾ ਸੀ। ਸਾਡਾ ਸਾਥੀ ਡਾਕਟਰ ਜਗਮੋਹਣ ਡਾ.ਬੈਥਿਊਨ ਦੀ ਕਰਨੀ ਅਤੇ ਜੀਵਨ ਤੋਂ ਬਹੁਤ ਪ੍ਰਭਾਵਿਤ ਸੀ, ਉਹ ਕਈ ਵਾਰ ਉਸ ਦੇ ਹਵਾਲਿਆਂ ਨਾਲ ਗੱਲ ਕਰਦਾ ਸੀ। ਅਕਸਰ ਉਸ ਦੀਆਂ ਗੱਲਾਂ 'ਚੋਂ ਨਾਰਮਨ ਬੈਥਿਊਨ ਵਾਂਗ ਇਨਕਲਾਬੀ ਲਹਿਰ ਦਾ ਡਾਕਟਰ ਹੋ ਕੇ ਨਿਭਣ ਦੀ ਤਮੰਨਾ ਝਲਕਦੀ ਸੀ। ਉਸਦੀ ਇਨਕਲਾਬੀ ਸਰਗਰਮੀ  ਦੌਰਾਨ ਉਸਦੇ ਕੰਮਾਂ 'ਚੋਂ ਇਸ ਭਾਵਨਾ ਦਾ ਪ੍ਰਗਟਾਵਾ ਹੁੰਦਾ ਰਿਹਾ ਹੈ। ਉਹ ਡਾਕਟਰੀ ਪੇਸ਼ੇ ਦੀ ਹਕੀਕੀ ਲੋਕ ਦਰਦੀ ਭਾਵਨਾ ਦਾ ਇਜ਼ਹਾਰ ਹੋ ਕੇ ਵਿਚਰਿਆ। ਇਕ ਇਨਕਲਾਬੀ ਵਜੋਂ ਸਰਗਰਮੀ ਦੇ ਨਾਲ ਨਾਲ ਇਨਕਲਾਬੀ ਲਹਿਰ ਦੇ ਡਾਕਟਰ ਵਜੋਂ ਸਰਗਰਮੀ ਉਸਦੀਆਂ ਸੁਮੱਚੀਆਂ ਸਰਗਰਮੀਆਂ ਦਾ ਅਹਿਮ ਹਿੱਸਾ ਰਹੀ। 

ਸਾਥੀ ਜਗਮੋਹਣ ਹੁਣ ਸਾਡੇ ਦਰਮਿਆਨ ਨਹੀਂ ਪਰ ਉਸਦੀਆਂ ਯਾਦਾਂ, ਉਸ ਨਾਲ ਰਲਕੇ ਤੈਅ ਕੀਤੇ ਸਫਰ ਦਾ ਨਿੱਘ ਹਮੇਸ਼ਾਂ ਨਾਲ ਨਾਲ ਹੈ। 

-ਇਨਕਲਾਬੀ ਲਹਿਰ ਦਾ ਇਕ ਰਾਹੀ

No comments:

Post a Comment