ਦੋ ਇਨਕਲਾਬੀ ਜਥੇਬੰਦੀਆਂ ਦਾ ਸਾਂਝਾ ਉੱਦਮ
ਨਿੱਜੀਕਰਨ ਦੇ ਸੱਜਰੇ ਹਮਲੇ ਖਿਲਾਫ਼ ਇਨਕਲਾਬੀ ਸਿਆਸੀ ਸਰਗਰਮੀ
ਦੋ ਇਨਕਲਾਬੀ ਸੰਗਠਨਾਂ, ਲੋਕ ਮੋਰਚਾ ਪੰਜਾਬ ਅਤੇ ਇਨਕਲਾਬੀ ਕੇਂਦਰ ਪੰਜਾਬ ਨੇ ਨਿੱਜੀਕਰਨ ਦੇ ਸੱਜਰੇ ਹਮਲੇ ਖਿਲਾਫ਼ ਸਾਂਝੀ ਜਨਤਕ ਲਾਮਬੰਦੀ ਹੈ। ਕੇਂਦਰੀ ਹਕੂਮਤ ਵੱਲੋਂ ਲੋਕਾਂ ਨੂੰ ਲੰਗੜੀਆਂ ਲੂਲੀਆਂ ਸਹੂਲਤਾਂ ਦਿੰਦੇ ਕਾਨੂੰਨਾਂ ਵਿੱਚ ਵੀ ਲੋਕ ਦੋਖੀ ਸੋਧਾਂ ਕਰਨ ਰਾਹੀਂ ਵਿੱਢੇ ਨਿੱਜੀਕਰਨ ਦੇ ਤਾਜ਼ਾ ਹਮਲੇ ਨੂੰ ਰੋਕਣ ਅਤੇ ਪੰਜਾਬ ਦੀ ਸੂਬਾ ਸਰਕਾਰ ਵੱਲੋਂ ਸਰਕਾਰੀ ਜਾਇਦਾਦਾਂ ਵੇਚਣ, ਰੋਡਵੇਜ਼ ਅੰਦਰ ਕਿਲੋਮੀਟਰ ਸਕੀਮ ਰਾਹੀਂ ਨਿੱਜੀਕਰਨ ਦੀ ਨੀਤੀ ਮੜ੍ਹਨ ਤੇ ਸਿਹਤ ਖੇਤਰ ਅੰਦਰ ਪਬਲਿਕ ਪ੍ਰਾਈਵੇਟ ਪਾਰਟਨਰਸਿੱਪ ਨੀਤੀ ਤਹਿਤ ਨਿੱਜੀ ਕਾਰੋਬਾਰੀਆਂ ਦਾ ਦਾਖਲਾ ਕਰਵਾਉਣ ਦੇ ਕਦਮਾਂ ਨੂੰ ਰੋਕਣ ਲਈ ਸੰਘਰਸ਼ ਦੀਆਂ ਅਜਿਹੀਆਂ ਮੰਗਾਂ ਉਭਾਰੀਆਂ ਗਈਆਂ ਹਨ। ਜਿਵੇਂ
* ਜਨਤਕ ਜਾਇਦਾਦਾਂ ਨੂੰ ਵੇਚਣਾ ਬੰਦ ਕਰੋ।ਨਿਲਾਮ ਕੀਤੀਆਂ ਜ਼ਮੀਨਾਂ ਦੇ ਸਮਝੌਤੇ ਰੱਦ ਕਰੋ।
* ਬਿਜਲੀ ਸੋਧ ਐਕਟ 2025 ਸਮੇਤ ਬਿਜਲੀ ਐਕਟ 2003 ਰੱਦ ਕਰੋ।
* ਬੀਜ ਬਿਲ ਰੱਦ ਕਰੋ।
* ਕਿਲੋਮੀਟਰ ਸਕੀਮ ਰੱਦ ਕਰੋ। ਸਭਨਾਂ ਅਦਾਰਿਆਂ ਦੇ ਕੱਚੇ ਮੁਲਾਜ਼ਮਾਂ ਨੂੰ ਪੱਕੇ ਕਰੋ।
* ਕਿਰਤ ਕੋਡ ਰੱਦ ਕਰੋ। ਪਹਿਲੇ ਕਾਨੂੰਨਾਂ ਨੂੰ ਕਿਰਤੀਆਂ ਦੇ ਪੱਖ ਤੋਂ ਹੋਰ ਵਧੇਰੇ ਅਸਰਦਾਰ ਬਣਾਓ ਅਤੇ ਉਹਨਾਂ ਨੂੰ ਲਾਗੂ ਕਰਨਾ ਯਕੀਨੀ ਕਰੋ।
* ਸਿਹਤ ਖੇਤਰ ਸਮੇਤ ਸਾਰੇ ਅਹਿਮ ਖੇਤਰਾਂ ਅੰਦਰ ਕਾਰੋਬਾਰੀਆਂ ਦਾ ਦਾਖ਼ਲਾ ਬੰਦ ਕਰੋ
* ਭਾਰਤ ਅਮਰੀਕਾ ਵਪਾਰ ਵਾਰਤਾ ਬੰਦ ਕਰੋ। ਸਾਮਰਾਜੀਆਂ ਨਾਲ ਕੀਤੇ ਸਭ ਸਮਝੌਤੇ ਸੰਧੀਆਂ ਰੱਦ ਕਰੋ।
* ਨਿੱਜੀਕਰਨ ਦੀ ਨੀਤੀ ਮੁਕੰਮਲ ਤੌਰ ਉੱਤੇ ਰੱਦ ਕਰੋ। ਨਿੱਜੀਕਰਨ ਕੀਤੇ ਗਏ ਅਦਾਰਿਆਂ ਨੂੰ ਮੁੜ ਸਰਕਾਰੀ ਕੰਟਰੋਲ ਹੇਠ ਲਓ।
* ਸਾਮਰਾਜੀ ਕੰਪਨੀਆਂ ਨੂੰ ਲੁੱਟ ਦੀਆਂ ਖੁੱਲ੍ਹਾਂ ਦੇਣੀਆਂ ਬੰਦ ਕਰੋ। ਭਾਰਤੀ ਮੰਡੀ ਅਤੇ ਚੁਗਿਰਦੇ ਅੰਦਰ ਇਹਨਾਂ ਦਾ ਦਾਖ਼ਲਾ ਬੰਦ ਕਰੋ। ਭਾਰਤੀ ਲੋਕਾਂ ਦੀ ਲੁੱਟ ਦੇ ਸਿਰ ਤੇ ਇਕੱਠੀ ਕੀਤੀ ਇਹਨਾਂ ਦੀ ਪੂੰਜੀ ਜਬਤ ਕਰੋ।
* ਵੱਡੇ ਧਨਾਢਾਂ, ਕਾਰਪੋਰੇਟਾਂ ਅਤੇ ਵੱਡੇ ਭੋਂਇ ਮਾਲਕਾਂ ਉੱਤੇ ਭਾਰੀ ਟੈਕਸ ਲਾ ਕੇ ਸਰਕਾਰੀ ਅਦਾਰਿਆਂ ਲਈ ਪੂੰਜੀ ਜੁਟਾਓ।
* ਵੱਡੇ ਕਾਰਪੋਰੇਟਾਂ ਨੂੰ ਦਿੱਤੀਆਂ ਜਾਂਦੀਆਂ ਸਭ ਰਿਆਇਤਾਂ/ਛੋਟਾਂ ਰੱਦ ਕਰਕੇ ਲੋਕਾਂ ਨੂੰ ਸਭ ਸਹੂਲਤਾਂ ਦਿਓ।
ਇਹਨਾਂ ਮੰਗਾਂ ਨੂੰ ਲੈ ਕੇ ਮੂਣਕ (ਸੰਗਰੂਰ), ਬੁਢਲਾਡਾ (ਮਾਨਸਾ), ਬਠਿੰਡਾ, ਸੰਗਰੂਰ, ਬਰਨਾਲਾ, ਮਲੋਟ (ਮੁਕਤਸਰ),ਸਮਰਾਲਾ (ਲੁਧਿਆਣਾ), ਮੁਲਾਂਪੁਰ (ਲੁਧਿਆਣਾ),ਗਾਜੇਵਾਸ (ਪਟਿਆਲਾ) ਵਿਖੇ ਕਨਵੈਨਸ਼ਨਾਂ ਕੀਤੀਆਂ ਗਈਆਂ ਹਨ। ਇਹਨਾਂ ਕਨਵੈਨਸ਼ਨਾਂ ਵਿੱਚ ਇਨਕਲਾਬੀ ਕੇਂਦਰ ਵੱਲੋਂ ਮੁਖਤਿਆਰ ਸਿੰਘ ਪੂਹਲਾ,ਨਰੈਣ ਦੱਤ ਬਰਨਾਲਾ, ਜਗਜੀਤ ਸਿੰਘ ਲਹਿਰਾ ਮੁਹੱਬਤ ਤੇ ਸੁਰਿੰਦਰ ਸਿੰਘ ਲੁਧਿਆਣਾ ਤੇ ਭਾਰਤੀ ਕਿਸਾਨ ਯੂਨੀਅਨ ਡਕੌਂਦਾ (ਧਨੇਰ) ਵੱਲੋਂ ਸੂਬਾ ਸਕੱਤਰ ਹਰਨੇਕ ਸਿੰਘ ਮਹਿਮਾ, ਸੂਬਾ ਸੀਨੀਅਰ ਮੀਤ ਪ੍ਰਧਾਨ ਗੁਰਦੀਪ ਸਿੰਘ, ਸੂਬਾ ਪ੍ਰੈੱਸ ਸਕੱਤਰ ਅੰਗਰੇਜ਼ ਸਿੰਘ, ਲਖਵੀਰ ਸਿੰਘ ਆਕਲੀਆ ਅਤੇ ਲੋਕ ਮੋਰਚਾ ਪੰਜਾਬ ਦੇ ਸੂਬਾ ਸਕੱਤਰ ਜਗਮੇਲ ਸਿੰਘ, ਸੂਬਾ ਕਮੇਟੀ ਮੈਂਬਰ ਸ਼ੀਰੀਂ, ਗੁਰਦੀਪ ਸਿੰਘ, ਸੁਖਵਿੰਦਰ ਸਿੰਘ ਨੇ ਸੰਘਰਸ਼ਸ਼ੀਲ ਹਿੱਸਿਆਂ ਨੂੰ ਸਾਂਝੇ ਸ਼ੰਘਰਸ਼ਾਂ ਦਾ ਸੱਦਾ ਦਿੰਦਿਆਂ ਕੇਂਦਰ ਤੇ ਸੂਬਾਈ ਸਰਕਾਰਾਂ ਦੇ ਨਾਲ ਨਾਲ ਸਭਨਾਂ ਹਾਕਮ ਜਮਾਤਾਂ ਦੀਆਂ ਸਿਆਸੀ ਪਾਰਟੀਆਂ ਨੂੰ ਅਤੇ ਇਹਨਾਂ ਦੇ ਆਕਾ ਸੰਸਾਰ ਡਾਕੂ ਸਾਮਰਾਜ ਤੇ ਉਸਦੇ ਦੇਸੀ ਵੱਡੇ ਸਰਮਾਏਦਾਰਾਂ ਜਾਗੀਰਦਾਰਾਂ ਨੂੰ ਸੰਘਰਸ਼ ਦੇ ਚੋਟ ਨਿਸ਼ਾਨੇ ਤੇ ਰੱਖਦਿਆਂ ਮੌਜੂਦਾ ਲੁਟੇਰੇ ਤੇ ਜਾਬਰ ਰਾਜ ਨੂੰ ਉਲਟਾ ਕੇ ਸਮੂਹ ਲੋਕਾਂ ਦੀ ਪੁੱਗਤ ਵੁੱਕਤ ਦਾ ਰਾਜ ਉਸਾਰਨ ਦਾ ਟੀਚਾ ਰੱਖ ਕੇ ਸਾਂਝੀ ਲੋਕ ਲਹਿਰ ਉਸਾਰਨ ਦੇ ਰਾਹ ਕਦਮ ਵਧਾਉਣ ਦੇ ਵਿਚਾਰ ਰੱਖੇ।ਇਹਨਾਂ ਕਨਵੈਨਸ਼ਨਾਂ ਉਪਰੰਤ ਛਪਵਾਇਆਂ ਸਾਂਝਾ ਹੱਥ ਪਰਚਾ ਤੇ ਪੋਸਟਰ ਵੰਡਿਆ ਗਿਆ ਅਤੇ ਉਕਤ ਮੰਗਾਂ ਨਾਲ ਜੁੜਵੇਂ ਨਾਹਰੇ ਲਿਖੀਆਂ ਤਖਤੀਆਂ ਫੜ ਕੇ ਨਾਹਰੇ ਮਾਰਦਿਆਂ ਮਾਰਚ ਕੀਤੇ ਗਏ। ਕਨਵੈਨਸ਼ਨਾਂ ਤੇ ਮੁਜ਼ਹਾਰਿਆਂ ਅੰਦਰ ਸਭਨਾਂ ਸੰਘਰਸ਼ਸ਼ੀਲ ਹਿੱਸਿਆਂ ਜਿਵੇਂ ਕਿਸਾਨਾਂ,ਖੇਤ ਮਜ਼ਦੂਰਾਂ ਤੇ ਠੇਕਾ ਕਾਮਿਆਂ ਦੀ ਭਰਵੀਂ ਹਾਜ਼ਰੀ ਤੇ ਸਰਗਰਮ ਸ਼ਮੂਲੀਅਤ ਰਹੀ।
--0--
No comments:
Post a Comment