ਆਦਿਵਾਸੀ ਖੇਤਰਾਂ 'ਚ ਰਾਜਕੀ ਦਹਿਸ਼ਤੀ ਮੁਹਿੰਮ
ਦਰਮਿਆਨ ਲੋਕ ਰੋਹ ਦੀਆਂ ਤਰੰਗਾਂ
ਇਹ ਲੰਘਿਆ ਸਾਲ ਛੱਤੀਸਗੜ੍ਹ ਦੇ ਆਦਿਵਾਸੀ ਖੇਤਰ 'ਚ ਕਮਿਊਨਿਸਟ ਇਨਕਲਾਬੀਆਂ ਦੇ ਖੂਨ ਦੀ ਹੋਲੀ ਖੇਡਣ ਦਾ ਸਾਲ ਰਿਹਾ ਹੈ। ਜਾਬਰ ਭਾਰਤੀ ਰਾਜ ਦੀ ਮੋਦੀ ਹਕੂਮਤ ਨੇ ਆਦਿਵਾਸੀ ਖੇਤਰਾਂ 'ਚ ਸਾਮਰਾਜੀਆਂ ਤੇ ਭਾਰਤੀ ਵੱਡੇ ਸਰਮਾਏਦਾਰਾਂ ਦੇ ਲੁਟੇਰੇ ਕਾਰੋਬਾਰਾਂ ਦੇ ਪਸਾਰੇ ਲਈ ਆਦਿਵਾਸੀਆਂ ਦੇ ਉਜਾੜੇ ਦੀ ਕਹਾਣੀ ਸਿਰੇ ਲਾਉਣ ਲਈ ਧਾਰੀ ਹੋਈ ਹੈ। ਇਸ ਲਈ ਆਦਿਵਾਸੀ ਟਾਕਰਾ ਲਹਿਰ ਨੂੰ ਤੇ ਉਹਨਾਂ ਦੀ ਅਹਿਮ ਮੋਹਰੀ ਟੁਕੜੀ ਵਜੋਂ ਮਾਓਵਾਦੀ ਪਾਰਟੀ ਨੂੰ ਕੁਚਲ ਦੇਣ ਲਈ ਸਿਰੇ ਦੀ ਜਾਬਰ ਮੁਹਿੰਮ ਸ਼ੁਰੂ ਕੀਤੀ ਹੋਈ ਹੈ। ਭਾਰਤੀ ਰਾਜ ਦੇ ਸਾਰੇ ਸਾਧਨ ਤੇ ਸੋਮੇ ਝੋਕ ਕੇ, ਆਦਿਵਾਸੀਆਂ ਦੇ ਟਾਕਰੇ ਦੀ ਨੋਕ ਬਣੇ ਹੋਏ ਮਾਓਵਾਦੀ ਇਨਕਲਾਬੀਆਂ ਨੂੰ 31 ਮਾਰਚ 2026 ਤੱਕ ਹੂੰਝ ਦੇਣ ਦੇ ਐਲਾਨ ਦੇਸ਼ ਦੇ ਗ੍ਰਹਿ ਮੰਤਰੀ ਵੱਲੋਂ ਵਾਰ-ਵਾਰ ਕੀਤੇ ਜਾ ਰਹੇ ਹਨ। ਇਹਨਾਂ ਐਲਾਨਾਂ ਦੌਰਾਨ ਸ਼ਹਾਦਤਾਂ ਵੀ ਹੋਈਆਂ ਹਨ ਤੇ ਆਤਮ ਸਮਰਪਣ ਵੀ ਹੋਏ ਹਨ। ਇਸ ਹਮਲੇ ਨਾਲ ਇਹਨਾਂ ਖੇਤਰਾਂ ਦੀ ਇਨਕਲਾਬੀ ਲਹਿਰ ਨੂੰ ਇੱਕ ਗੰਭੀਰ ਪਛਾੜ ਲੱਗੀ ਹੈ ਤੇ ਮੋਦੀ ਹਕੂਮਤ ਆਪਣੇ ਭਾਰਤੀ ਵੱਡੇ ਸਰਮਾਏਦਾਰਾਂ ਤੇ ਸਾਮਰਾਜੀ ਆਕਾਵਾਂ ਮੂਹਰੇ ਇਸ ਟਾਕਰੇ ਨੂੰ ਕੁਚਲ ਦੇਣ ਵਾਲੀ ਕਾਮਯਾਬ ਸਰਕਾਰ ਵਜੋਂ ਭੱਲ ਖੱਟ ਰਹੀ ਹੈ। ਸੰਸਾਰ ਕਾਰਪੋਰੇਟ ਜਗਤ ਦੇ ਵਰ੍ਹਿਆਂ ਤੋਂ ਰੁਕੇ ਪਏ ਪ੍ਰੋਜੈਕਟਾਂ ਲਈ ਰਾਹ ਪੱਧਰਾ ਕਰਨ ਵਾਲੀ ਹਕੂਮਤ ਵਜੋਂ ਪ੍ਰਸੰਸ਼ਾ ਦੀ ਪਾਤਰ ਬਣ ਰਹੀ ਹੈ।ਮੋਦੀ ਸਰਕਾਰ ਵੱਲੋਂ ਇਨਕਲਾਬੀ ਲਹਿਰ ਤੇ ਆਦਿਵਾਸੀ ਜਨਤਕ ਟਾਕਰੇ 'ਤੇ ਸੱਟ ਮਾਰਨ ਮਗਰੋਂ ਛੱਤੀਸਗੜ੍ਹ 'ਚ “ਸ਼ਾਂਤੀ” ਸਿਰਜ ਦੇਣ ਦੇ ਐਲਾਨ ਕੀਤੇ ਜਾ ਰਹੇ ਹਨ ਅਤੇ ਇਸ ਜਬਰੀ ਥੋਪੀ ਗਈ 'ਸ਼ਾਂਤੀ' ਦੇ ਜ਼ੋਰ 'ਵਿਕਾਸ' ਦਾ ਰੱਥ ਤੋਰਨ ਦੇ ਦਾਅਵੇ ਕੀਤੇ ਜਾ ਰਹੇ ਹਨ। ਪਰ ਛੱਤੀਸਗੜ੍ਹ ਅੰਦਰਲੇ ਹਾਲਾਤ ਅਜਿਹੇ ਦਾਅਵਿਆਂ 'ਤੇ ਸਵਾਲ ਉਠਾ ਰਹੇ ਹਨ। 'ਵਿਕਾਸ' ਤੇ 'ਸ਼ਾਤੀ' ਦੇ ਆਪਸੀ ਸਬੰਧ ਦੀ ਹਕੀਕਤ ਸਮਝਾ ਰਹੇ ਹਨ।
ਭਾਰਤੀ ਰਾਜ ਦੀਆਂ ਬੰਦੂਕਾਂ ਦੇ ਜ਼ੋਰ 'ਤੇ ਕਮਿਊਨਿਸਟ ਇਨਕਲਾਬੀਆਂ ਦਾ ਲਹੂ ਵਹਾ ਕੇ ਸਿਰਜੀ ਗਈ ਇਹ ਹਾਲਤ ਵਕਤੀ ਵਰਤਾਰਾ ਹੀ ਸਾਬਿਤ ਹੋਣੀ ਹੈ ਕਿਉਂਕਿ ਜਿੰਨ੍ਹਾਂ ਹਾਲਤਾਂ 'ਚੋਂ ਇਹ ਲੋਕ ਟਾਕਰਾ ਉਪਜਦਾ ਹੈ ਤੇ ਲੋਕਾਂ ਦੀ ਲਹਿਰ ਤੁਰਦੀ ਹੈ, ਉਹ ਹਾਲਾਤ ਤਾਂ ਪਹਿਲਾਂ ਨਾਲੋਂ ਵੀ ਕਿਤੇ ਜ਼ਿਆਦਾ ਵਿਆਪਕ ਪੈਮਾਨੇ 'ਤੇ ਸਿਰਜੇ ਜਾ ਰਹੇ ਹਨ। ਮਾਓਵਾਦੀ ਇਨਕਲਾਬੀਆਂ ਦੇ ਕਤਲੇਆਮ ਦੇ ਨਾਲ-ਨਾਲ ਹੀ ਕੰਪਨੀਆਂ ਦੇ ਪ੍ਰੋਜੈਕਟਾਂ ਨੂੰ ਧੜਾਧੜ ਮਨਜ਼ੂਰੀਆਂ ਦੇਣ ਦਾ ਅਮਲ ਚੱਲ ਰਿਹਾ ਹੈ ਤੇ ਇਹ ਅਮਲ ਆਦਿਵਾਸੀ ਲੋਕਾਂ ਅੰਦਰ ਬੇਚੈਨੀ ਦੀਆਂ ਤਰੰਗਾਂ ਛੇੜ ਰਿਹਾ ਹੈ। ਇਹਨਾਂ ਪਿਛਲੇ ਮਹੀਨਿਆਂ ਦੌਰਾਨ ਰੋਜ਼ ਦਿਹਾੜੇ ਇਨਕਲਾਬੀਆਂ ਦੇ ਕਤਲਾਂ ਦੀਆਂ ਖਬਰਾਂ ਦੇ ਨਾਲ-ਨਾਲ ਹੀ ਕਈ ਥਾਵਾਂ ਤੋਂ ਕੰਪਨੀਆਂ ਦੇ ਪ੍ਰੋਜੈਕਟਾਂ ਖ਼ਿਲਾਫ਼ ਲੋਕਾਂ ਦੇ ਰੋਹ ਫੁਟਾਰੇ ਦੀਆਂ ਖਬਰਾਂ ਵੀ ਸੁਣੀਆਂ ਜਾ ਸਕਦੀਆਂ ਹਨ। ਆਖਿਰ ਨੂੰ ਲੋਕਾਂ ਨੇ ਇਹਨਾਂ ਕਤਲਾਂ ਅਤੇ ਕੰਪਨੀਆਂ ਦੇ ਰਿਸ਼ਤੇ ਦੀਪਛਾਣ ਕਰਨੀ ਹੈ। ਲੁੱਟ ਤੇ ਜਬਰ ਦੀ ਡੂੰਘੀ ਹੁੰਦੀ ਮਾਰ ਨੇ ਲੋਕਾਂ ਦੀ ਟਾਕਰਾ ਲਹਿਰ ਨੂੰ ਮੁੜ ਵੇਗ ਮੁਹੱਈਆ ਕਰਨਾ ਹੈ।
ਨਵੰਬਰ 2025 'ਚ ਹੀ ਛੱਤੀਸਗੜ੍ਹ ਦੇ ਜੰਗਲਾਤ ਤੇ ਵਾਤਾਵਰਣ ਵਿਭਾਗ ਨੇ ਸਰਗੂਜਾ 'ਚ ਕੇਂਟ ਐਕਸਟੈਂਸ਼ਨ ਉਪਨਕਾਸਟ ਕੋਲ ਮਾਈਨ ਕੰਪਨੀ ਨੂੰ 1742.60 ਹੈਕਟੇਅਰ ਜੰਗਲੀ ਜ਼ਮੀਨ ਖਣਨ ਪ੍ਰੋਜੈਕਟ ਲਈ ਪਾਸ ਕੀਤੀ ਹੈ। ਇਹ ਕੰਪਨੀ ਅਡਾਨੀ ਗਰੁੱਪ ਵੱਲੋਂ ਹੀ ਚਲਾਈ ਜਾਂਦੀ ਹੈ। ਇਹ ਜੰਗਲਾਂ ਦੀ ਤਬਾਹੀ ਦਾ ਹੀ ਫੁਰਮਾਨ ਹੈ। ਪਿਛਲੇ ਮਹੀਨਿਆਂ 'ਚ ਅਜਿਹੀਆਂ ਮਨਜ਼ੂਰੀਆਂ 'ਚ ਭਾਰੀ ਤੇਜ਼ੀ ਆਈ ਹੈ। ਇਹਨਾਂ ਮਨਜੂਰੀਆਂ ਦੇ ਨਾਲ-ਨਾਲ ਹੀ ਸੁਕਮਾ, ਬੀਜਾਪੁਰ ਤੇ ਨਰਾਇਣਪੁਰ ਜ਼ਿਲ੍ਹਿਆਂ 'ਚ ਹਰ 2 ਤੋਂ 5 ਕਿਲੋਮੀਟਰ ਦਰਮਿਆਨ ਪੁਲਿਸ ਕੈਂਪ ਬਣ ਗਏ ਹਨ। ਅਬੂਝਮਾੜ ਖੇਤਰ 'ਚ ਆਰਮੀ ਬੇਸ ਬਣਾਉਣ ਦੀ ਵਿਉਂਤ ਹੈ ਜਿਸਨੂੰ ਆਦਿਵਾਸੀ ਆਪਣੀ ਜ਼ਿੰਦਗੀ 'ਚ ਦਖਲਅੰਦਾਜ਼ੀ ਪੱਖੋਂ ਵੱਡਾ ਖਤਰਾ ਮੰਨਦੇ ਹਨ। ਸੂਬੇ ਅੰਦਰ ਪਹਿਲਾਂ ਹੀ 586 ਕਿਲ੍ਹਾ-ਨੁਮਾ ਪੁਲਿਸ ਥਾਣੇ ਬਣਾਏ ਜਾ ਚੁੱਕੇ ਹਨ। ਇਹ ਪੁਲਿਸ ਮੌਜੂਦਗੀ ਆਦਿਵਾਸੀ ਲੋਕਾਂ ਦੀ ਜ਼ਿੰਦਗੀ ਨੂੰ ਹੋਰ ਦੁੱਭਰ ਬਣਾ ਰਹੀ ਹੈ।
ਇਸ ਜਾਬਰ ਫੌਜੀ ਹੱਲੇ ਅਤੇ ਕੰਪਨੀਆਂ ਦੇ ਪ੍ਰੋਜੈਕਟਾਂ ਦਾ ਆਪਸੀ ਰਿਸ਼ਤਾ ਬਹੁਤ ਹੀ ਸਪੱਸ਼ਟ ਹੈ। ਭਾਜਪਾਈ ਮੁੱਖ ਮੰਤਰੀ ਵਿਸ਼ਨੂੰ ਦੇਬ ਸਹਾਏ ਨੇ ਉਦਯੋਗਪਤੀਆਂ ਨੂੰ ਹੁਣ ਬਿਨਾਂ ਕਿਸੇ ਡਰ ਤੋਂ ਨਿਵੇਸ਼ ਕਰਨ ਦੀ ਅਪੀਲ ਕੀਤੀ ਹੈ। ਉਸਨੇ ਕਿਹਾ ਹੈ ਕਿ ਪਿਛਲੇ 10 ਮਹੀਨਿਆਂ 'ਚ 7 ਲੱਖ ਕਰੋੜ ਦੇ ਨਿਵੇਸ਼ ਦੀਆਂ ਪੇਸ਼ਕਸ਼ਾਂ ਆਈਆਂ ਹਨ। ਇਹ ਪੇਸ਼ਕਸ਼ਾਂ ਤੇ ਖਣਨ ਲਈ ਧੜਾ-ਧੜ ਮਨਜ਼ੂਰੀਆਂ ਦੇਣ ਦੀਆਂ ਖਬਰਾਂ ਦੇ ਦਰਮਿਆਨ ਹੀ 3 ਦਸੰਬਰ ਨੂੰ ਅਮੇਰਾ ਕੋਲਾ ਖਾਣ ਤੇ 30 ਨਵੰਬਰ ਨੂੰ ਮੇਨਪਤ ਬਾਕਸਾਈਟ ਖਾਣ ਖ਼ਿਲਾਫ਼ ਆਦਿਵਾਸੀ ਵਿਰੋਧ ਫੁਟਾਰੇ ਦੀਆਂ ਖਬਰਾਂ ਹਨ। ਅਮੇਰਾ ਖਾਣ 'ਤੇ ਅਧਿਕਾਰੀਆਂ ਵੱਲੋਂ ਜ਼ਮੀਨ ਖਾਲੀ ਕਰਵਾਉਣ ਮੌਕੇ ਆਦਿਵਾਸੀ ਇਕੱਠੇ ਹੋ ਗਏ ਤੇ ਪੁਲਿਸ ਫੋਰਸਾਂ ਨਾਲ ਭਿੜ ਗਏ। ਪੁਲਿਸ ਵੱਲੋਂ ਜ਼ਾਲਮਾਨਾ ਢੰਗ ਨਾਲ ਲਾਠੀਚਾਰਜ ਕੀਤਾ ਗਿਆ। ਵਿਰੋਧ ਪ੍ਰਦਰਸ਼ਨ ਜਥੇਬੰਦ ਕਰਨ ਵਾਲੇ ਆਗੂਆਂ ਦੀਆਂ ਪੁਲਿਸ ਵੱਲੋਂ ਗ੍ਰਿਫਤਾਰੀਆਂ ਕੀਤੀਆਂ ਗਈਆਂ। ਲੋਕਾਂ ਨੇ ਕਿਹਾ ਕਿ ਇਸਨੂੰ ਗ੍ਰਾਮ ਸਭਾ ਦੀ ਮਨਜ਼ੂਰੀ ਤੋਂ ਬਿਨਾਂ ਹੀ ਖਣਨ ਦੀ ਪ੍ਰਵਾਨਗੀ ਦਿੱਤੀ ਗਈ ਅਤੇ ਇਹ ਲੋਕਾਂ ਦਾ ਉਜਾੜਾ ਹੈ। ਹੋਰਨਾਂ ਪ੍ਰੋਜੈਕਟਾਂ ਵਾਂਗ ਇਹ ਵੀ ਆਦਿਵਾਸੀ ਜ਼ਿੰਦਗੀ ਲਈ ਤਬਾਹੀ, ਉਜਾੜੇ ਤੇ ਵਾਤਾਵਰਣ ਤਬਾਹੀ ਦਾ ਕਾਰਨ ਬਣਨਾ ਹੈ।
ਏਸੇ ਤਰ੍ਹਾਂ ਹੀ ਮੇਨਪਤ 'ਚ 30 ਨਵੰਬਰ ਨੂੰ ਲੋਕਾਂ ਨੇ ਬਾਕਸਾਈਟ ਖਣਨ ਲਈ ਹੋਣ ਵਾਲੀ ਜਨਤਕ ਸੁਣਵਾਈ ਖਾਤਰ ਲਾਏ ਗਏ ਪੰਡਾਲ ਨੂੰ ਉਖਾੜ ਸੁੱਟਿਆ। ਲੋਕਾਂ ਨੇ ਕਿਹਾ ਕਿ ਇਹ ਪ੍ਰੋਜੈਕਟ ਪੂਰੀ ਤਰ੍ਹਾਂ ਨਾਲ ਇਸ ਇਲਾਕੇ ਦੇ ਕੁਦਰਤੀ ਵਾਤਾਵਰਣ ਨੂੰ ਨੁਕਸਾਨੇਗਾ। ਇਸ ਸੁਣਵਾਈ ਨੂੰ ਪ੍ਰਭਾਵਤ ਕਰਨ ਲਈ ਕੰਪਨੀ ਵੱਲੋਂ ਲੋਕਾਂ ਨੂੰ ਸ਼ਰਾਬ ਵੰਡਣ ਦੇ ਹੱਥਕੰਡੇ ਨੇ, ਲੋਕਾਂ 'ਚ ਹੋਰ ਵੀ ਤਿੱਖੇ ਰੋਹ ਦਾ ਸੰਚਾਰ ਕੀਤਾ। ਇਹਨਾਂ ਦਿਨਾਂ 'ਚ ਹੀ ਖੈਰਗੜ੍ਹ ਤੇ ਗੰਦਾਈ ਜ਼ਿਲ੍ਹਿਆਂ ਦੇ 39 ਪਿੰਡਾਂ ਦੇ ਲੋਕ ਸ੍ਰੀ ਸੀਮਿੰਟ ਫੈਕਟਰੀ ਲਾਏ ਜਾਣ ਖ਼ਿਲਾਫ਼ ਸੰਘਰਸ਼ ਕਰ ਰਹੇ ਹਨ। ਲੋਕਾਂ ਨੇ ਫੈਕਟਰੀ ਲਾਏ ਜਾਣ ਲਈ ਹੋਣ ਵਾਲੀ ਜਨਤਕ ਸੁਣਵਾਈ 'ਚ ਲੋਕਾਂ ਦੇ ਜਾਅਲੀ ਦਸਤਖ਼ਤ ਕਰਕੇ ਮਨਜ਼ੂਰੀ ਲੈਣ ਦੇ ਤਰੀਕੇ ਖ਼ਿਲਾਫ਼ ਵੀ ਤਿੱਖਾ ਰੋਸ ਜ਼ਾਹਿਰ ਕੀਤਾ ਹੈ। ਲੰਘੀ 27ਦਸੰਬਰ ਨੂੰ ਰਾਏਗੜ੍ਹ ਜਿਲ੍ਹੇ ਦੇ ਤਮਨਾਰ ਖੇਤਰ 'ਚ ਵੀ ਇੱਕ ਮਾਈਨਿੰਗ ਪ੍ਰੋਜੈਕਟ ਖਿਲਾਫ਼ ਲੋਕ ਪੁਲਿਸ ਨਾਲ ਭਿੜ ਗਏ ਹਨ। ਚੌਰਾ ਭੱਟਾ ਪਿੰਡ 'ਚ ਲੋਕ ਜਿੰਦਲ ਸਟੀਲ ਕੰਪਨੀ ਨੂੰ ਕੋਲ ਬਲਾਕ ਦਿੱਤੇ ਜਾਣ ਦਾ ਵਿਰੋਧ ਕਰ ਰਹੇ ਸਨ। ਜਨਤਕ ਸੁਣਵਾਈ ਨਿਯਮਾਂ ਅਨੁਸਾਰ ਨਾ ਹੋਣ ਦੀ ਗੱਲ ਕਰ ਰਹੇ ਸਨ।ਔਰਤਾਂ ਇਸ ਟਾਕਰੇ 'ਚ ਮੂਹਰੇ ਸਨ। ਇਸ ਆਦਿਵਾਸੀ ਸੂਬੇ ਦੇ ਵੱਖ-ਵੱਖ ਖੇਤਰਾਂ 'ਚ ਅਜਿਹੀਆਂ ਹੀ ਰੋਸ ਆਵਾਜ਼ਾਂ ਪ੍ਰਗਟ ਹੋ ਰਹੀਆਂ ਹਨ ਜੋ ਹਕੂਮਤਾਂ ਵੱਲੋਂ ਮੁਰਦਾ ਸ਼ਾਂਤੀ ਸਿਰਜ ਦੇਣ ਦੇ ਦਾਅਵਿਆਂ ਨੂੰ ਚੁਣੌਤੀ ਦੇ ਰਹੀਆਂ ਹਨ।
ਆਦਿਵਾਸੀ ਲੋਕਾਂ ਵੱਲੋਂ ਫੈਲ ਰਹੀਆਂ ਸੜਕਾਂ, ਟੈਲੀਫ਼ੋਨ ਟਾਵਰਾਂ ਤੇ ਹੋਰਨਾਂ ਅਜਿਹੀਆਂ ਚੀਜ਼ਾਂ ਨੂੰ ਆਪਣੇ ਉਜਾੜੇ ਦੇ ਸਾਧਨਾਂ ਵਜੋਂ ਹੀ ਦੇਖਿਆ ਜਾ ਰਿਹਾ ਹੈ। ਇਹ ਸਭ ਕੁੱਝ ਆਦਿਵਾਸੀਆਂ ਅੰਦਰ ਬੇਚੈਨੀ ਤੇ ਰੋਸ ਨੂੰ ਜਨਮ ਦੇ ਰਿਹਾ ਹੈ। ਛੱਤੀਸਗੜ੍ਹ ਦੇ ਚੱਪੇ-ਚੱਪੇ 'ਤੇ ਇਉਂ ਫੌਜੀ ਪੁਲਿਸੀ ਧਾੜਾਂ ਤਾਇਨਾਤ ਕਰਕੇ, ਦਹਿਸ਼ਤ ਦਾ ਰਾਜ ਸਿਰਜ ਲੈਣ ਦੇ ਦਾਅਵਿਆਂ ਨੂੰ ਆਦਿਵਾਸੀਆਂ ਦੀ ਰੋਸ ਆਵਾਜ਼ ਰੱਦ ਕਰ ਰਹੀ ਹੈ। ਇਸ ਦਹਿਸ਼ਤ ਨੂੰ ਲੋਕਾਂ ਦੀ ਆਪਣੀ ਜ਼ਿੰਦਗੀ ਦੀ ਰਾਖੀ ਲਈ ਉੱਠਣ ਵਾਲੇ ਸੰਗਰਾਮ ਨੇ ਮੁੜ ਤੋੜਨਾ ਹੈ। ਲੋਕਾਂ ਦੇ ਸੰਘਰਸ਼ਾਂ ਨੇ ਆਪਣਾ ਰਾਹ ਬਣਾਉਣਾ ਹੈ। ਆਪਣੀਆਂ ਆਗੂ ਟੁਕੜੀਆਂ ਸਿਰਜਣੀਆਂ ਹਨ ਤੇ ਮੁਲਕ ਦੇ ਕਮਿ:ਇਨਕਲਾਬੀਆਂ ਨੇ ਲੋਕਾਂ ਦੇ ਸੰਘਰਸ਼ਾਂ ਨਾਲ ਜੁੜਨਾ ਹੈ ਤੇ ਉਹਨਾਂ ਦੀ ਦਰੁਸਤ ਅਗਵਾਈ ਦੇ ਸਵਾਲ ਨੂੰ ਹੱਲ ਕਰਨਾ ਹੈ। ਲੋਕ ਟਾਕਰੇ ਨੂੰ ਇਨਕਲਾਬੀ ਅਗਵਾਈ ਮਹੁੱਈਆ ਕਰਵਾ ਕੇ, ਇਨਕਲਾਬੀ ਤਬਦੀਲੀ ਵੱਲ ਲੈ ਕੇ ਜਾਣ ਦੇ ਕਾਰਜ ਨਾਲ ਮੁੜ ਤੋਂ ਮੱਥਾ ਲਾਉਣਾ ਹੈ।
--0--
No comments:
Post a Comment