Wednesday, January 7, 2026

ਜਮਹੂਰੀ ਅਧਿਕਾਰਾਂ ਨੂੰ ਸੁਰੱਖਿਅਤ ਕਰਨ ਦੀ ਲੜਾਈ ਅਹਿਮ: ਹਿਮਾਂਸ਼ੂ ਕੁਮਾਰ

 ਜਮਹੂਰੀ ਅਧਿਕਾਰਾਂ  ਨੂੰ ਸੁਰੱਖਿਅਤ ਕਰਨ ਦੀ ਲੜਾਈ ਅਹਿਮ: ਹਿਮਾਂਸ਼ੂ ਕੁਮਾਰ
 ਨਵ-ਉਦਾਰਵਾਦ  ਦਾ ਦੌਰ ਨਾਗਰਿਕ ਅਧਿਕਾਰਾਂ ਨੂੰ ਖੋਹਣ ਵਾਲਾ :ਪ੍ਰੋਫੈਸਰ ਜਗਮੋਹਣ ਸਿੰਘ 


ਬਰਨਾਲਾ22 ਦਸੰਬਰ() ਪਹਿਲੇ ਦੇ ਸਮੇਂ ਨਾਲੋਂ ਅੱਜ ਜਮਹੂਰੀ ਅਧਿਕਾਰਾਂ ਨੂੰ ਬਚਾਉਣ ਦੀ ਲੜਾਈ ਬਹੁਤ ਅਹਿਮ ਹੋ ਗਈ ਹੈ। ਇਹ ਵਿਚਾਰ ਅੱਜ ਇੱਥੇ ਜਮਹੂਰੀ ਅਧਿਕਾਰਾਂ ਸਬੰਧੀ ਹੋਈ ਸੂਬਾ ਪੱਧਰੀ ਕਨਵੈਂਸ਼ਨ ਵਿੱਚ ਪ੍ਰਸਿੱਧ ਗਾਂਧੀਵਾਦੀ ਹਿਮਾਂਸ਼ੂ ਕੁਮਾਰ ਨੇ ਕਹੀ। ਇਸ ਕਨਵੈਂਸ਼ਨ 'ਚ ਬੋਲਦਿਆਂ ਪ੍ਰੋਫੈਸਰ ਜਗਮੋਹਨ ਸਿੰਘ ਨੇ ਕਿਹਾ ਕਿ ਨਾਗਰਿਕਾਂ ਦੇ ਸਮਾਜਿਕ, ਸੱਭਿਆਚਾਰਕ, ਰਾਜਨੀਤਿਕ ਅਤੇ ਸ਼ਹਿਰੀ ਅਜ਼ਾਦੀਆਂ ਉੱਤੇ ਕਾਰਪੋਰੇਟਾਂ ਅਤੇ ਕੱਟੜਵਾਦੀਆਂ ਵੱਲੋਂ ਚੌਤਰਫਾ ਹਮਲਾ ਬੋਲਿਆ ਜਾ ਰਿਹਾ ਹੈ। ਦੋਹਾਂ ਬੁਲਾਰਿਆਂ ਨੇ ਇਸ ਗੱਲ ਉੱਤੇ ਜ਼ੋਰ ਦਿੱਤਾ ਕਿ ਹਾਕਮ ਧਿਰ ਕਾਰਪੋਰੇਟਾਂ ਲਈ ਦੇਸ਼ ਦੇ ਕੁਦਰਤੀ ਸਰੋਤਾਂ ਨੂੰ  ਬੰਦੂਕ ਦੇ ਜ਼ੋਰ ਹੜੱਪ ਰਹੀ ਹੈ। ਉਹਨਾਂ ਕੌਮਾਂਤਰੀ ਅਹਿਦਨਾਮਿਆਂ ਨੂੰ ਉਲੰਘ ਰਹੀ ਹੈ ਜਿਹੜੇ ਨਾਗਰਿਕਾਂ ਦੇ ਅਧਿਕਾਰਾਂ ਪ੍ਰਤੀ ਵਚਨਬੱਧਤਾ ਪ੍ਰਗਟਾਉਂਦੇ ਹਨ। ਉਹਨਾਂ ਕਿਹਾ ਕਿ ਆਦਿਵਾਸੀ ਖੇਤਰ ਵਿੱਚ ਮਾਓਵਾਦ ਖਤਮ ਕਰਨ ਦੇ ਨਾਂ ਉੱਤੇ ਕੀਤਾ ਜਾ ਰਿਹਾ ਕਤਲੇਆਮ ਅਸਲ ਵਿੱਚ ਉਥੋਂ ਦੇ ਜੰਗਲਾਂ ਪਹਾੜਾਂ ਨੂੰ ਹੜੱਪਣ ਦੇ ਕਦਮ ਹਨ, ਜਿੱਥੇ  400 ਤੋਂ ਉੱਪਰ ਆਦਿਵਾਸੀ ਕਤਲ ਕਰਕੇ 90 ਪਿੰਡਾਂ ਦੀ ਜਮੀਨ ਕਾਰਪੋਰੇਟ ਘਰਾਣਿਆਂ ਨੂੰ ਸੌਂਪ ਦਿੱਤੀ ਗਈ ਹੈ।  ਮਨੀਪੁਰ, ਕਸ਼ਮੀਰ ਅਤੇ ਦੇਸ਼ ਦੇ ਹੋਰ ਖੇਤਰਾਂ, ਪਹਾੜਾਂ, ਜੰਗਲਾਂ ਨੂੰ  ਬਸਤੀਵਾਦੀਆਂ ਵਾਂਗ ਕਬਜ਼ੇ 'ਚ ਲਿਆ ਜਾ ਰਿਹਾ ਹੈ। ਦੂਸਰੇ ਪਾਸੇ ਦੇਸ਼ ਦੇ ਨਾਗਰਿਕਾਂ ਪਾਸੋਂ ਵਿੱਦਿਆ, ਸਿਹਤ, ਰੁਜ਼ਗਾਰ ਦਾ ਹੱਕ ਖੋਹਿਆ ਜਾ ਰਿਹਾ ਹੈ। ਮਜ਼ਦੂਰਾਂ ਦੀ ਸੁਰੱਖਿਆ ਤੇ ਕੰਮ ਦੇ ਘੰਟਿਆਂ ਦੇ ਅਧਿਕਾਰਾਂ ਨੂੰ ਖੋਹਣ ਪਿੱਛੋ ਪੇਂਡੂ ਮਜ਼ਦੂਰਾਂ ਲਈ ਕੰਮਾਂ ਦੇ ਅਧਿਕਾਰ ਨੂੰ ਜੋ ਮਨਰੇਗਾ  ਕਾਨੂੰਨ ਕੁਝ ਹੱਦ ਤੱਕ ਮੁਹੱਈਆ ਕਰਵਾਉਂਦਾ ਸੀ, ਖੋਹ ਲਿਆ ਗਿਆ ਹੈ। ਦੇਸ਼ ਵਿੱਚ ਮੁਸਲਮਾਨਾਂ, ਦਲਿਤਾਂ, ਔਰਤਾਂ, ਕਿਰਤੀਆਂ ਕਿਸਾਨਾਂ ਉੱਤੇ ਥਾਂ ਪੁਰ ਥਾਂ ਹਮਲੇ ਹੋ ਰਹੇ ਹਨ ਅਤੇ ਰਾਜ ਸਰਕਾਰਾਂ ਤੇ ਕੇਂਦਰ ਸਰਕਾਰ ਨਾਗਰਿਕਾਂ ਨੂੰ ਸੁਰੱਖਿਆ ਦੇਣ ਦੀ ਥਾਂ ਅਪਰਾਧੀ ਗਰੋਹਾਂ ਦੀ ਪੁਸ਼ਤਪਨਾਹੀ ਕਰ ਰਹੀ ਹੈ। ਬੁਲਾਰਿਆਂ ਦਾ ਵਿਚਾਰ ਸੀ ਕਿ ਪਹਿਲੀ ਤੇ ਦੂਸਰੀ ਸੰਸਾਰ ਜੰਗ ਦੌਰਾਨ ਮਨੁੱਖਤਾ ਦੀਆਂ ਹੋਈਆਂ ਤਬਾਹੀਆਂ ਪਿੱਛੋਂ ਦੁਨੀਆਂ ਵਿੱਚ ਨਾਗਰਿਕਾਂ ਦੀ ਸੁਰੱਖਿਆ ਦੀ ਗਰੰਟੀ ਦੇਣ ਵਾਲੇ ਜਿਹੜੇ ਅਧਿਕਾਰਾਂ ਦੇ ਐਲਾਨਨਾਮੇ ਜਾਰੀ ਹੋਏ ਜਿਸ ਦੇ ਨਾਗਰਿਕ, ਆਰਥਿਕ ਅਤੇ ਰਾਜਨੀਤਕ ਅਧਿਕਾਰਾਂ, ਸਭਿਆਚਾਰਕ ਤੇ ਸਮਾਜਿਕ ਸੁਰੱਖਿਆ, ਮਜ਼ਦੂਰਾਂ ਤੇ ਬੱਚਿਆਂ ਦੇ ਅਧਿਕਾਰਾਂ ਦੇ ਐਲਾਨਨਾਮੇ ਆਦਿ, ਜਿਹਨਾਂ ਉੱਤੇ ਭਾਰਤੀ ਹਕੂਮਤ ਨੇ ਵੀ ਆਪਣੀ ਵਚਨਬੱਧਤਾ ਪ੍ਰਗਟਾਈ ਸੀ, ਦੀ ਬੁਰੀ ਤਰ੍ਹਾਂ ਉਲੰਘਣਾ ਹੋ ਰਹੀ ਹੈ। ਜੇ ਅਸੀਂ ਨੌਜਵਾਨਾਂ ਅਤੇ ਹਰ ਵਰਗ ਨੂੰ ਜਾਗਰੂਕ ਕਰਨ ਅਤੇ ਜਥੇਬੰਦ ਕਰਨ 'ਚ ਅਵੇਸਲੇ ਰਹਿੰਦੇ ਹਾਂ ਤਾਂ ਆਉਣ ਵਾਲੀਆਂ ਪੀੜ੍ਹੀਆਂ ਨੂੰ ਗੁਲਾਮੀ ਦੇ ਇੱਕ ਨਵੇਂ ਦੌਰ ਵਿੱਚ ਧੱਕ ਦਿੱਤਾ ਜਾਵੇਗਾ। ਇਸ ਮੌਕੇ ਸਭਾ ਵੱਲੋਂ ਜਸਵੰਤ ਸਿੰਘ ਜੀਰਖ ਨੇ ਮਤੇ ਪੇਸ਼ ਕੀਤੇ ਜਿਨ੍ਹਾਂ 'ਚ ਫਲਸਤੀਨੀਆਂ ਦੀ ਨਸ਼ਲਕੁਸ਼ੀ, ਆਦਿਵਾਸੀਆਂ ਤੇ ਹੋਰ ਖੇਤਰਾਂ ਵਿੱਚ ਹੋ ਰਹੇ ਕਤਲੇਆਮ ਦੀ ਨਿਖੇਧੀ ਕੀਤੀ ਗਈ, ਮਜ਼ਦੂਰਾਂ ਦੇ ਅਧਿਕਾਰਾਂ ਨੂੰ ਬਹਾਲ ਕਰਨ ਤੇ ਕਿਰਤ ਕੋਡ ਵਾਪਸ ਲੈਣ, ਮਨਰੇਗਾ ਦੀ ਸਕੀਮ ਬਹਾਲ ਕਰਨ, ਬਿਜਲੀ ਨੂੰ ਕਾਰਪੋਰੇਟਾਂ ਦੇ  ਹੱਥਾਂ 'ਚ ਨਾ ਦੇਣ, ਨਵੇਂ ਬੀਜ ਬਿਲ ਨੂੰ ਵਾਪਸ ਲੈਣ ਦੀ ਮੰਗ ਕੀਤੀ ਗਈ। ਦੇਸ਼ ਵਿੱਚ ਥਾਂ ਪੁਰ ਥਾਂ  ਆਪਣੇ ਅਧਿਕਾਰਾਂ ਤੇ ਪ੍ਰਦੂਸ਼ਨਾਂ ਤੋਂ ਸੁਰੱਖਿਆ ਲਈ ਖਤਰਨਾਕ ਸਨਅਤਾਂ ਨੂੰ ਆਬਾਦੀ ਤੋਂ ਦੂਰ ਰੱਖਣ ਲਈ ਲੜਾਈ ਲੜ ਰਹੇ ਲੋਕਾਂ ਦੇ ਸੰਘਰਸ਼ਾਂ ਨਾਲ ਜਕਜਹਿਤੀ  ਜਾਹਿਰ ਕੀਤੀ। ਜੇਲ੍ਹਾਂ ਵਿੱਚ ਬੰਦ ਸਜਾ ਪੂਰੀ ਕਰ ਚੁੱਕੇ  ਕੈਦੀਆਂ ਅਤੇ ਬਿਨਾਂ ਮੁਕੱਦਮਾਂ ਬੰਦ ਕਾਰਕੁਨਾਂ ਦੀ ਰਿਹਾਈ, ਘੱਟਗਿਣਤੀਆਂ ਉਪਰ ਹਿਜਾਬ ਲਾਹੁਣ, ਬੁਲਡੋਜਰ ਚਲਾਉਣ ਆਦਿ ਹਮਲੇ ਬੰਦ ਕਰਨ ਦੀ ਮੰਗ ਕੀਤੀ ਗਈ। ਇਸ ਮੌਕੇ ਸਟੇਜ ਦੀ ਜਿੰਮੇਵਾਰੀ ਬਿੱਕਰ ਸਿੰਘ ਔਲਖ ਨੇ ਨਿਭਾਈ। ਤਰਕਸ਼ੀਲ ਸੁਸਾਇਟੀ  ਦੇ ਸੂਬਾਈ ਜਥੇਬੰਦਕ ਸਕੱਤਰ ਰਜਿੰਦਰ ਭਦੌੜ ਨੇ ਆਪਣੇ ਵਿਚਾਰ ਪੇਸ਼ ਕਰਦਿਆਂ ਕਿਹਾ ਕਿ ਨਾਗਰਿਕਾਂ ਨੂੰ ਜਾਗਰੂਕ ਅਤੇ ਸੁਚੇਤ ਕਰਨ ਦੀ ਜ਼ਿੰਮੇਵਾਰੀ ਦਾ ਅਹਿਦ  ਜਰੂਰੀ ਹੋ ਗਿਆ ਹੈ। ਦੇਸ਼ ਦੇ ਅਵਾਮ ਨੂੰ ਅੰਧ ਵਿਸ਼ਵਾਸ ਦੀ ਅੰਨ੍ਹੀ ਗੁਫਾ 'ਚ ਧੱਕਿਆ ਜਾ ਰਿਹਾ ਹੈ। ਇਸ ਕਨਵੈਨਸ਼ਨ ਵਿੱਚ ਕਿਸਾਨ ਜਥੇਬੰਦੀਆਂ, ਮਜ਼ਦੂਰ ਜਥੇਬੰਦੀਆਂ, ਟਰੇਡ ਯੂਨੀਅਨ ਜਥੇਬੰਦੀਆਂ  ਦੇ ਆਗੂ ਅਤੇ ਕਾਰਕੁੰਨ ਵੱਡੀ ਪੱਧਰ 'ਤੇ ਸ਼ਾਮਲ ਹੋਏ। ਮੰਦਰ ਜੱਸੀ, ਨਰਿੰਦਰ ਸਿੰਗਲਾ, ਸੁਖਪਾਲ ਖਿਆਲੀਵਾਲਾ ਅਤੇ ਜੋਰਾ ਖਿਆਲੀ ਵਾਲਾ ਨੇ ਇਨਕਲਾਬੀ ਗੀਤ ਰੱਖ ਕੇ ਸਰੋਤਿਆਂ ਨੂੰ ਹਲੂਣਿਆ ਅਤੇ ਸੋਹਣ ਸਿੰਘ ਮਾਝੀ ਨੇ ਸਾਰੇ ਸਾਥੀਆਂ ਦਾ ਧੰਨਵਾਦ ਕੀਤਾ।

                  ਜਾਰੀ ਕਰਤਾ- ਅਮਰਜੀਤ ਸ਼ਾਸਤਰੀ

       (ਪ੍ਰੈਸ ਲਈ ਜਾਰੀ ਬਿਆਨ)

No comments:

Post a Comment