ਅੱਗ ਨੂੰ ਖਾਮੋਸ਼ ਕਰਨਾ, ਏਨਾ ਨਹੀਂ ਸੁਖਾਲਾ
ਉੱਠਣਗੇ ਫਿਰ ਲਾਂਬੂ , ਭੜਕੇਗੀ ਫਿਰ ਜਵਾਲਾ
ਜਿਸਮਾਂ ਨੂੰ ਖਾਕ ਕਰਕੇ, ਜਜ਼ਬੇ ਨਾ ਖਾਕ ਹੁੰਦੇ
ਸੀਨੇ ਨੂੰ ਚਾਕ ਕਰਕੇ ,ਸੁਪਨੇ ਨਾ ਚਾਕ ਹੁੰਦੇ
ਸਿੰਜੇ ਇਰਾਦੇ ਰੱਤ ਦੇ ,ਖਤਰਨਾਕ ਹੁੰਦੇ
ਸੁਕਰਾਤ ਅਮਰ ਹੁੰਦਾ, ਪੀ ਜ਼ਹਿਰ ਦਾ ਪਿਆਲਾ
ਸਭ ਖੰਭ ਕਤਰ ਸੁੱਟਣੇ, ਸੀ ਐਲਾਨ ਹੋਇਆ
ਬਾਜ ਤਾਈਂ ਫੁੰਡ ਕੇ, ਖੀਵਾ ਸ਼ੈਤਾਨ ਹੋਇਆ
ਸੋਚੇ ਉਡਾਨ ਮੁੱਕੀ, ਖਾਲੀ ਅਸਮਾਨ ਹੋਇਆ
ਪਰਵਾਜ ਨੂੰ ਹੈ ਕਿਹੜਾ, ਪਰ ਕਤਲ ਕਰਨ ਵਾਲਾ
ਸਦਮਾ ਦਰ ਸਦਮਾ, ਪਰ ਲੋਕ ਜਰਦੇ ਆਏ
ਖਾਲੀ ਹੋਈਆਂ ਕਤਾਰਾਂ, ਮੁੜ-ਮੁੜ ਕੇ ਭਰਦੇ ਆਏ
ਪੀੜਾਂ ਸੰਗ ਤੁਰਨ ਦਾ, ਜੇਰਾ ਕਰਦੇ ਆਏ
ਸਦਾ ਇਹਨਾਂ ਹਿੰਮਤਾਂ ਅੱਗੇ, ਬੌਣਾ ਰਿਹਾ ਹਿਮਾਲਾ
ਤੱਕਦੇ ਕਸੀਸ ਵੱਟਕੇ, ਲਾਸ਼ਾਂ 'ਤੇ ਭੰਗੜੇ ਪਾਉਂਦੇ
ਲੋਕਾਂ ਦੇ ਚੇਤੇ ਵੱਡੇ, ਨਾ ਕੁਝ ਕਦੇ ਭੁਲਾਉਂਦੇ
ਕੱਲ੍ਹ ਨਹੀਂ ਤਾਂ ਪਰਸੋਂ, ਸਭ ਮੁੜਨਗੇ ਨਿਉਂਦੇ
ਕੱਲੀ ਕੱਲੀ ਗੱਲ ਦਾ, ਉਦੋਂ ਬਣੂੰ ਹਵਾਲਾ
ਕਰਕੇ ਤੂੰ ਅੱਗ ਦੀ ਵਾਛੜ , ਲੋਚੇਂ ਇਹ ਅੱਗ ਬੁਝਾਉਣਾ
ਇਸ ਅੱਗ ਨੇ ਤਾਂ ਜੰਗਲ ਨੂੰ ਹੋਰ ਵੱਧ ਮਚਾਉਣਾ
ਖੇਤਾਂ ਮਹਿਲਾਂ ਨੇ ਵੀ, ਅੱਗ ਦਾ ਹੀ ਗੀਤ ਗਾਉਣਾ
ਫਿਰ ਪਾਉਣਾ ਇਸ ਅੱਗ ਨੇ, ਤੇਰੇ ਮਹਿਲਾਂ ਵੱਲ ਚਾਲਾ
ਉਠਣਗੇ ਫੇਰ ਲਾਂਬੂ, ਭੜਕੇਗੀ ਫਿਰ ਜਵਾਲਾ
(ਇੱਕ ਇਨਕਲਾਬੀ ਕਾਰਕੁੰਨ ਦੀ ਕਲਮ ਤੋਂ)
No comments:
Post a Comment