ਨਿੱਜੀਕਰਨ ਦੇ ਨੀਤੀ ਹਮਲੇ ਖਿਲਾਫ਼ ਸਾਂਝੇ ਲੋਕ ਸੰਘਰਸ਼ ਉਸਾਰਨ ਬਾਰੇ
(ਕੁੱਝ ਪੱਖਾਂ ਦੀ ਚਰਚਾ)
ਦੇਸ਼ ਅੰਦਰ ਨਿੱਜੀਕਰਨ ਦੀਆਂ ਨੀਤੀਆਂ ਦਾ ਹਮਲਾ ਜ਼ੋਰਾਂ 'ਤੇ ਹੈ। ਮੋਦੀ ਹਕੂਮਤ ਸਾਮਰਾਜੀ ਤਾਕਤਾਂ ਅਤੇ ਉਹਨਾਂ ਦੇ ਜੋਟੀਦਾਰਾਂ ਦੀ ਸਭ ਤੋਂ ਕਾਮਯਾਬ ਨੁੰਮਾਇੰਦਾ ਹੋ ਪੁੱਗਣ ਲਈ ਪੂਰਾ ਤਾਣ ਲਾ ਰਹੀ ਹੈ। ਲੋਕਾਂ ਖ਼ਿਲਾਫ਼ ਨਿੱਜੀਕਰਨ ਦੇ ਕਦਮਾਂ ਦਾ ਹੜ੍ਹ ਆਇਆ ਹੋਇਆ ਹੈ। ਨਿੱਜੀਕਰਨ ਦੇ ਇਸ ਹੱਲੇ ਨੇ ਭਾਰਤ ਭਰ ਦੇ ਕਿਰਤੀ ਲੋਕਾਂ ਲਈ ਵੱਡੇ ਉਖੇੜੇ ਅਤੇ ਉਪਰਾਮਤਾ ਵਾਲੀ ਹਾਲਤ ਸਿਰਜ ਰੱਖੀ ਹੈ। ਇਹ ਉਪਰਾਮਤਾ ਇੱਕ ਪਾਸੇ ਨਿਰਾਸ਼ਾ-ਹਤਾਸ਼ਾ, ਨਸ਼ਿਆਂ ਦੇ ਪ੍ਰਕੋਪ, ਪ੍ਰਵਾਸ, ਖੁਦਕੁਸ਼ੀਆਂ ਵਰਗੇ ਵਰਤਾਰਿਆਂ ਨੂੰ ਤਕੜਾ ਕਰ ਰਹੀ ਹੈ ਅਤੇ ਉਪਰਾਮ ਲੋਕਾਈ ਦੇ ਇੱਕ ਹਿੱਸੇ ਦੀ ਸਿਆਸੀ ਪਿਛਾਖੜੀ ਲਾਮਬੰਦੀ ਲਈ ਵਰਤੋਂ ਦਾ ਅਧਾਰ ਸਿਰਜ ਰਹੀ ਹੈ। ਪਰ ਦੂਜੇ ਪਾਸੇ ਇਹ ਬੇਚੈਨੀ ਇਹਨਾਂ ਕਦਮਾਂ ਖ਼ਿਲਾਫ਼ ਸੰਘਰਸ਼ਾਂ ਦੇ ਰੂਪ ਵਿੱਚ ਫੁੱਟ ਰਹੀ ਹੈ। ਇਹ ਸੰਘਰਸ਼ ਥਾਂ-ਥਾਂ 'ਤੇ ਹਨ। ਲੱਦਾਖ ਤੋਂ ਲੈ ਕੇ ਮਹਾਂਰਾਸ਼ਟਰ ਤੱਕ, ਕੇਰਲਾ ਤੋਂ ਲੈ ਕੇ ਪੰਜਾਬ ਤੱਕ, ਛੱਤੀਸਗੜ੍ਹ ਤੋਂ ਲੈ ਕੇ ਰਾਜਸਥਾਨ ਤੱਕ ਹਰ ਥਾਂ ਇਹਨਾਂ ਦੀ ਮੌਜਦੂਗੀ ਹੈ। ਸਨਅਤੀ ਮਜ਼ਦੂਰਾਂ ਤੋਂ ਲੈ ਕੇ ਕਿਸਾਨਾਂ ਤੱਕ, ਸ਼ਹਿਰੀ ਵਸੋਂ ਤੋਂ ਲੈ ਕੇ ਪੇਂਡੂ ਵਸੋਂ ਤੱਕ, ਮਛੇਰਿਆਂ ਤੋਂ ਲੈ ਕੇ ਏਅਰ ਕੰਪਨੀਆਂ ਦੇ ਸਟਾਫ ਤੱਕ, ਆਦਿਵਾਸੀਆਂ ਤੋਂ ਲੈ ਕੇ ਡਾਕਟਰਾਂ, ਇੰਜੀਨੀਅਰਾਂ ਤੱਕ, ਲਗਭਗ ਹਰ ਤਬਕਾ ਨਿੱਜੀਕਰਨ ਦੇ ਹੱਲੇ 'ਚੋਂ ਉਪਜੀਆਂ ਆਪੋ ਆਪਣੀਆਂ ਮੰਗਾਂ ਨੂੰ ਲੈ ਕੇ ਸੰਘਰਸ਼ਾਂ ਦੇ ਰਾਹ ਉੱਤੇ ਹੈ। ਇਉਂ ਵੇਖਿਆਂ ਲੋਕ ਸੰਘਰਸ਼ਾਂ ਦਾ ਇੱਕ ਵਿਸ਼ਾਲ ਦ੍ਰਿਸ਼ ਉਘੜਦਾ ਹੈ ਜਿੱਥੇ ਪੀੜਤ ਕਿਰਤੀ ਲੋਕਾਈ ਦਾ ਗਿਣਨਯੋਗ ਹਿੱਸਾ ਭਾਰਤ ਦੇ ਸਮੁੱਚੇ ਨਕਸ਼ੇ ਉੱਤੇ ਨਿੱਜੀਕਰਨ ਤੇ ਕਾਰਪੋਰਟੀਕਰਨ ਦੇ ਹੱਲੇ ਹੇਠ ਹਿਲਜੁਲ ਕਰ ਰਿਹਾ ਹੈ, ਰੋਹ ਜਤਾ ਰਿਹਾ ਹੈ। ਪਰ ਇਹ ਖਿੰਡਿਆ ਪੁੰਡਿਆ ਰੋਹ ਹੈ ਅਤੇ ਆਪਣੇ ਵਿਆਪਕ ਪਸਾਰਾਂ ਦੇ ਬਾਵਜੂਦ ਨਿੱਜੀਕਰਨ ਦੇ ਹੱਲੇ ਦਾ ਟਾਕਰਾ ਕਰਨ ਪੱਖੋਂ ਇਹਨਾਂ ਸੰਘਰਸ਼ਾਂ ਦੀਆਂ ਅਜੇ ਕਈ ਵੱਡੀਆਂ ਸੀਮਤਾਈਆਂ ਹਨ। ਇਹਨਾਂ ਸੀਮਤਾਈਆਂ ਨੂੰ ਹੱਲ ਕਰੇ ਬਿਨਾਂ ਇਹਨਾਂ ਸੰਘਰਸ਼ਾਂ ਨੇ, ਨਾ ਸਿਰਫ਼ ਇਸ ਹੱਲੇ ਦਾ ਅਸਰਦਾਰ ਟਾਕਰਾ ਕਰਨ ਪੱਖੋਂ ਬੇਹੱਦ ਊਣੇ ਹਨ ਬਲਕਿ ਕਈ ਹਾਲਤਾਂ ਵਿੱਚ ਤਾਂ ਆਪਣੇ ਤਬਕੇ ਉੱਤੇ ਪੈ ਰਹੇ ਸੀਮਤ ਅਸਰਾਂ ਨੂੰ ਵੀ ਠੱਲ੍ਹ ਸਕਣ ਜੋਗੇ ਨਹੀਂ ਹੋ ਸਕਣਾ।
ਲੋਕ ਸੰਘਰਸ਼ਾਂ ਦੀ ਸਭ ਤੋਂ ਵੱਡੀ ਸੀਮਤਾਈ ਇਹ ਹੈ ਕਿ ਇਹ ਸੰਘਰਸ਼ ਨਿੱਜੀਕਰਨ ਦੀ ਸਮੁੱਚੀ ਨੀਤੀ ਖ਼ਿਲਾਫ਼ ਨਹੀਂ, ਸਗੋਂ ਉਸਦੇ ਵੱਖ-ਵੱਖ ਤਬਕਿਆਂ ਅੰਦਰ ਜ਼ਾਹਰ ਹੋ ਰਹੇ ਅਸਰਾਂ ਖ਼ਿਲਾਫ਼ ਹਨ। ਇਹ ਗੱਲ ਇਉਂ ਹੈ ਜਿਵੇਂ ਕੋਈ ਕਿਸੇ ਗੰਭੀਰ ਮਰਜ਼ ਦੇ ਅੱਡ-ਅੱਡ ਲੱਛਣਾਂ ਦੀ ਅੱਡੋ-ਅੱਡ ਦਵਾਈ ਲੈ ਰਿਹਾ ਹੋਵੇ। ਇਉਂ ਵੱਖੋ-ਵੱਖ ਲੱਛਣਾਂ ਲਈ ਵਰਤੀ ਜਾਣ ਵਾਲੀ ਦਵਾਈ ਮਰਜ਼ ਨੂੰ ਵਧਣੋਂ ਨਹੀਂ ਰੋਕ ਸਕਦੀ, ਨਾ ਹੋਰ ਲੱਛਣ ਖੜ੍ਹੇ ਕਰਨੋਂ ਰੋਕ ਸਕਦੀ ਹੈ। ਸਗੋਂ ਬਹੁਤ ਵਾਰ ਤਾਂ ਜਿਹਨਾਂ ਲੱਛਣਾਂ ਲਈ ਵਰਤੀ ਜਾ ਰਹੀ ਹੈ, ਉਹਨਾਂ ਨੂੰ ਵੀ ਠੀਕ ਨਹੀਂ ਕਰ ਪਾਉਂਦੀ। ਇਲਾਜ ਲਈ ਸਭ ਤੋਂ ਜ਼ਰੂਰੀ ਨੁਕਤਾ ਮਰਜ਼ ਦੀ ਜੜ੍ਹ ਦੀ ਪਛਾਣ ਹੋਣਾ ਹੈ ਤੇ ਫਿਰ ਇਸਦੇ ਲ਼ੱਛਣੀ ਦੀ ਥਾਂ ਇਸਦੀ ਜੜ੍ਹ 'ਤੇ ਅਸਰ ਕਰਨ ਵਾਲੀ ਦਵਾਈ ਚਾਹੀਦੀ ਹੈ। ਇਸ ਕਰਕੇ ਸਾਰੇ ਸੰਘਰਸ਼ਸ਼ੀਲ ਹਿੱਸਿਆਂ ਲਈ ਇਹ ਜ਼ਰੂਰੀ ਹੈ ਕਿ ਉਹ ਜ਼ਾਹਰ ਹੋ ਰਹੇ ਅਸਰਾਂ ਪਿਛਲੀ ਅਖੌਤੀ ਆਰਥਿਕ ਸੁਧਾਰਾਂ ਦੀ ਧੁੱਸ ਵਾਲੀ ਨੀਤੀ ਨੂੰ ਪਛਾਨਣ ਅਤੇ ਆਪਣੇ ਸੰਘਰਸ਼ ਇਹਦੇ ਖ਼ਿਲਾਫ਼ ਸੇਧਤ ਕਰਨ। ਇਸ ਪਛਾਣ ਦੇ ਖੁਣੋਂ ਹਰ ਤਬਕਾ ਇਸ ਹੱਲੇ ਦੇ ਖ਼ਿਲਾਫ਼ ਇਕੱਲਾ ਹੈ। ਉਸਦਾ ਸੰਘਰਸ਼ ਸਿਰਫ ਉਸਦਾ ਹੀ ਸੰਘਰਸ਼ ਹੈ। ਦੂਜੇ ਸੰਘਰਸ਼ਾਂ ਨਾਲ ਕੀ ਵਾਪਰ ਰਿਹਾ ਹੈ, ਇਸ ਪੱਖੋਂ ਬੇ-ਵਾਸਤਾ ਹੈ। ਇਸ ਪਛਾਣ ਖੁਣੋਂ ਉਹ ਸਾਂਝੀ ਸਮਰੱਥਾ, ਸਾਂਝੀ ਸਿਆਣਪ ਅਤੇ ਸਾਂਝੇ ਤਾਣ ਤੋਂ ਵਿਰਵਾ ਹੈ। ਇਹ ਗੱਲ ਉਸਦੇ ਸੰਘਰਸ਼ ਨੂੰ ਅਲੱਗ ਥਲੱਗ ਪਾ ਦਿੰਦੀ ਹੈ, ਦੂਜੇ ਸੰਘਰਸ਼ਾਂ ਤੋਂ ਤੋੜ ਦਿੰਦੀ ਹੈ, ਹਕੂਮਤਾਂ ਵੱਲੋਂ ਨਜਿੱਠੇ ਜਾਣਾ ਤੇ ਦਬਾਅ ਝੱਲ ਜਾਣਾ ਸੌਖਾਲਾ ਬਣਾ ਦਿੰਦੀ ਹੈ ਅਤੇ ਇਉਂ ਅਜਿਹੇ ਸੰਘਰਸ਼ਾਂ ਦੀ ਅਸਰਕਾਰੀ ਸੀਮਤ ਰਹਿ ਜਾਣ ਦੀਆਂ ਗੁੰਜਾਇਸ਼ਾਂ ਵਧਾ ਦਿੰਦੀ ਹੈ।
ਇਸ ਨੀਤੀ ਹਮਲੇ ਦੀ ਠੀਕ ਪਛਾਣ ਦੇ ਅਧਾਰ ਉੱਤੇ ਹੀ ਉਹ ਸਾਂਝੀ ਤਾਕਤ ਹਾਸਲ ਕੀਤੀ ਜਾ ਸਕਦੀ ਹੈ ਜੋ ਇਸ ਹੱਲੇ ਨੂੰ ਠੱਲ੍ਹਣ ਲਈ ਅਤਿ ਲੋੜੀਂਦੀ ਹੈ। ਇਸ ਪਛਾਣ ਦੇ ਅਧਾਰ ਉੱਤੇ ਹੀ ਉਹ ਮੁਲਕ ਪੱਧਰਾ ਇੱਕਜੁੱਟ ਟਾਕਰਾ ਉਸਾਰਿਆ ਜਾ ਸਕਦਾ ਹੈ ਜੋ ਇਸ ਮੁਲਕ ਪੱਧਰੀ ਨੀਤੀ ਦੇ ਜ਼ੋਰ ਨੂੰ ਠੱਲ੍ਹ ਸਕਦਾ ਹੈ। ਇਸ ਪਛਾਣ ਦੇ ਸਿਰ ਉੱਤੇ ਹੀ ਮੁਲਕ ਪੱਧਰੀ ਲੋਕ ਉਠਾਣ ਦ ਪਿੜ ਬੰਨ੍ਹਿਆ ਜਾ ਸਕਦਾ ਹੈ ਅਤੇ ਸਾਰੇ ਤਬਕਿਆਂ ਦੇ ਜ਼ੋਰ ਨੂੰ ਇੱਕ ਸੂਤਰ ਵਿੱਚ ਪਰੋਇਆ ਜਾ ਸਕਦਾ ਹੈ। ਪਰ ਇਸ ਸਾਂਝ ਦੀ ਸਿਫ਼ਤ ਨਿਰੀ ਲੋਕਾਂ ਦੀ ਵੱਡੀ ਗਿਣਤੀ, ਸ਼ਮੂਲੀਅਤ ਅਤੇ ਵੱਡੇ ਹੋਏ ਜੋਰ ਪੱਖੋਂ ਹੀ ਨਹੀਂ ਹੈ। ਇਹ ਹਾਕਮਾਂ ਦੀ ਵਿਰਾਸਤੀ 'ਪਾੜੋ ਤੇ ਰਾਜ ਕਰੋ' ਦੀ ਨੀਤੀ ਨੂੰ ਕੁੱਟਣ ਪੱਖੋਂ ਵੀ ਹੈ। ਸਾਡੇ ਸਮਾਜ ਅੰਦਰ ਇਸ ਪ੍ਰਬੰਧ ਵੱਲੋਂ ਪਾਲੀਆਂ ਪੋਸੀਆਂ ਗਈਆਂ ਸਮਾਜੀ ਅਤੇ ਕਈ ਤਰ੍ਹਾਂ ਦੀਆਂ ਅਖੌਤੀ ਵੰਡੀਆਂ ਇਸ ਪੱਖ ਨੂੰ ਕਿਤੇ ਵੱਧ ਗੰਭੀਰ ਬਣਾ ਦਿੰਦੀਆਂ ਹਨ। ਜਾਤ-ਪਾਤੀ ਵਿਤਕਰੇ, ਇਲਾਕਾਈ ਵਿਤਕਰੇ, ਨਸਲੀ ਵਿਤਕਰੇ, ਧਾਰਮਿਕ ਵਿਤਕਰੇ, ਸੱਭਿਆਚਾਰਕ ਵਖਰੇਵਿਆਂ ਅਤੇ ਅਨੇਕਾਂ ਪ੍ਰਕਾਰ ਦੇ ਤੁਅੱਸਬਾਂ ਨੂੰ ਇਸ ਪ੍ਰਬੰਧ ਦੀ ਰਾਖੀ ਲਈ ਵਾਰ-ਵਾਰ ਵਰਤਿਆ ਅਤੇ ਗਹਿਰਾਇਆ ਗਿਆ ਹੈ। ਪ੍ਰਵਾਸੀਆਂ ਅਤੇ ਸਥਾਨਕ ਵਸੋਂ ਦਰਮਿਆਨ ਤਣਾਅ, ਬਹੁਗਿਣਤੀ ਵਸੋਂ ਦੀ ਧਾਰਮਿਕ ਘੱਟ ਗਿਣਤੀਆਂ ਖ਼ਿਲਾਫ਼ ਲਾਮਬੰਦੀ, ਜਾਤੀਗਤ ਟਕਰਾਅ, ਇੱਕੋ ਸੂਬੇ ਦੇ ਦੋ ਵੱਖਰੇ ਭਾਈਚਾਰਿਆਂ(ਜਿਵੇਂ ਕੁੱਕੀ ਅਤੇ ਮੱਤਈ) ਵਿੱਚ ਟਕਰਾਅ ਆਦਿ ਇਸ ਲੰਮੀ ਲੜੀ ਵਿੱਚੋਂ ਕੁੱਝ ਕੁ ਉਦਾਹਰਨਾਂ ਹਨ। ਜਿਹਨਾਂ ਸਦਕਾ ਸਾਂਝੀ ਲੋਕ ਮਾਰੂ ਨੀਤੀ ਦਾ ਸੰਤਾਪ ਹੰਢਾ ਰਹੇ ਹਿੱਸੇ ਇੱਕ ਦੂਜੇ ਦੇ ਦੁਸ਼ਮਣ ਬਣਕੇ ਖੜ੍ਹੇ ਹੋ ਜਾਂਦੇ ਹਨ। ਇਹ ਵੀ ਸਾਂਝੀ ਨੀਤੀ ਦੀ ਪੂਰੀ ਥਾਹ ਵਾਲੀ ਦਰੁਸਤ ਪਛਾਣ ਨਾ ਹੋਣ ਸਦਕਾ ਹੀ ਹੁੰਦਾ ਹੈ ਕਿ ਲੋਕਾਂ ਦੇ ਜਥੇਬੰਦ ਤਬਕੇ ਵੀ ਆਪਸੀ ਤੁਅਸੱਬਾ ਅਤੇ ਵਖਰੇਵਿਆਂ ਦੇ ਸ਼ਿਕਾਰ ਹੋ ਜਾਂਦੇ ਹਨ। ਇੱਕ ਜਾਂ ਦੂਜੀ ਜਥੇਬੰਦੀ ਦੇ ਹਿੱਤਾਂ ਨੂੰ ਆਪਣੇ ਹਿੱਤਾਂ ਦੇ ਟਕਰਾਅ ਵਿੱਚ ਵੇਖਣ ਲੱਗ ਜਾਂਦੇ ਹਨ, ਇੱਕੋ ਅਦਾਰੇ ਅੰਦਰ ਸਾਂਝੀਆਂ ਮੰਗਾਂ ਹੋਣ ਦੇ ਬਾਵਜੂਦ ਵੱਖੋਂ ਵੱਖਰੇ ਧੜਿਆ ਵਿੱਚ ਵਿਚਰਦੇ ਹਨ।
ਇਸ ਸਾਮਰਾਜੀ ਸੰਸਾਰੀਕਰਨ ਦੇ ਹੱਲੇ ਦੇ ਪੂਰੇ ਤੱਤ, ਗਹਿਰਾਈ ਤੇ ਹੂੰਝੇ ਦੀ ਪਛਾਣ ਦੀ ਭਾਰੀ ਘਾਟ ਦੀ ਹਾਲਤ ਵਿੱਚ ਇਹ ਤੁਅੱਸਬ ਅਤੇ ਵਿਤਕਰੇ ਹਾਕਮ ਜਮਾਤਾਂ ਵੱਲੋਂ ਐਨ ਇਸੇ ਲੋਕ ਟਾਕਰੇ ਨਾਲ ਸਿੱਝਣ ਲਈ ਇਸਤੇਮਾਲ ਕੀਤੇ ਜਾਂਦੇ ਹਨ। ਇਸ ਸਾਂਝ ਦੀ ਅਣਸਰਦੀ ਲੋੜ ਇਸ ਗੱਲ ਵਿੱਚੋਂ ਵੀ ਨਿਕਲਦੀ ਹੈ ਕਿ ਵਸੋਂ ਦੇ ਵਿਸ਼ਾਲ ਤਬਕਿਆਂ ਦੀ ਸਾਂਝ ਹੀ ਨਿੱਜੀਕਰਨ ਵਿਰੋਧੀ ਘੋਲ ਵਿੱਚ ਕਿਸੇ ਇੱਕ ਤਬਕੇ ਨੂੰ ਕਹਿਰ ਦਾ ਚੁਣਵਾਂ ਨਿਸ਼ਾਨਾ ਬਣਾਉਣ ਤੋਂ ਹਕੂਮਤ ਦੇ ਹੱਥ ਰੋਕ ਸਕਦੀ ਹੈ। ਆਮ ਹੜਤਾਲਾਂ, ਘਿਰਾਓ, ਜਾਮ, ਬੰਦ ਵਰਗੀਆਂ ਸ਼ਕਲਾਂ ਇਸ ਪਹਿਚਾਣ ਤੋਂ ਉਪਜੀ ਸਾਂਝ ਸਦਕਾ ਹੀ ਕਾਮਯਾਬ ਹੋ ਸਕਦੀਆ ਹਨ ਅਤੇ ਇਸ ਦੇ ਨਾ ਹੋਣ ਕਾਰਨ ਲੋਕਾਂ ਦੇ ਆਪਸੀ ਟਕਰਾਵਾਂ ਦਾ ਕਾਰਨ ਬਣ ਸਕਦੀਆਂ ਹਨ। ਇਹ ਸਾਂਝੇ ਹਿੱਤ ਹੀ ਹਨ ਜੋ ਸੰਘਰਸ਼ਾਂ ਦੌਰਾਨ ਪੈਦਾ ਹੋਈਆਂ ਮੁਸ਼ਕਿਲਾਂ ਨੂੰ ਖਿੜੇ ਮੱਥੇ ਝੱਲਣ ਦੀ ਸਮਰੱਥਾ ਬਖਸ਼ਦੇ ਹਨ। ਸੋ, ਅਜਿਹੀ ਚੇਤਨ ਸਾਂਝ ਨਿੱਜੀਕਰਨ ਵਿਰੋਧੀ ਸੰਘਰਸ਼ ਦੀ ਅਣਸਰਦੀ ਲੋੜ ਹੈ। ਸਾਡੇ ਮੌਜੂਦਾ ਸੰਘਰਸ਼ਾਂ ਦੀ ਇੱਕ ਹੋਰ ਸੀਮਤਾਈ ਇਹ ਹੈ ਕਿ ਇਹ ਸੰਘਰਸ਼ ਮੁੱਖ ਤੌਰ ਉੱਤੇ ਇਸ ਪ੍ਰਬੰਧ ਵੱਲੋਂ ਸਥਾਪਿਤ ਕਾਨੂੰਨੀ ਵਲਗਣਾਂ ਦੇ ਅੰਦਰ ਹੀ ਲੜੇ ਜਾ ਰਹੇ ਹਨ ਜਦੋਂ ਕਿ ਇਹ ਕਾਨੂੰਨ ਲੋਕਾਂ ਦਾ ਸੰਘਰਸ਼ ਦਾ ਹੱਕ ਮੇਸਣ ਲਈ ਹੀ ਘੜ੍ਹੇ ਹੋਏ ਹਨ। ਨਿੱਜੀਕਰਨ ਦਾ ਹਮਲਾ ਬੇਹੱਦ ਵਿਆਪਕ ਹੈ ਅਤੇ ਇਸ ਰਾਜ ਮਸ਼ੀਨਰੀ ਦਾ ਹਰੇਕ ਅੰਗ ਪੂਰੀ ਸਮਰੱਥਾ ਨਾਲ ਇਸ ਹਮਲੇ ਅੰਦਰ ਲੋਕਾਂ ਖ਼ਿਲਾਫ਼ ਕੁੱਦਿਆ ਹੋਇਆ ਹੈ। ਇਸ ਹੱਲੇ ਖ਼ਿਲਾਫ਼ ਵੱਡੇ, ਖਾੜਕੂ, ਦ੍ਰਿੜ ਅਤੇ ਲੰਬਾ ਸਮਾਂ ਚੱਲਣ ਵਾਲੇ ਘੋਲ ਹੀ ਅਸਰਦਾਰ ਹੋ ਸਕਦੇ ਹਨ। ਇਸ ਰਾਹ ਉੱਤੇ ਅਨੇਕਾਂ ਕੁਰਬਾਨੀਆਂ ਦਰਕਾਰ ਹਨ। ਧੜੱਲਾ ਅਤੇ ਦ੍ਰਿੜਤਾ ਦਰਕਰਾਰ ਹੈ। ਲੰਮਾ ਦਮ ਰੱਖ ਕੇ ਲੜਨ ਦਾ ਸਬਰ ਦਰਕਾਰ ਹੈ। ਇਸ ਪੱਖੋਂ ਸਾਡੇ ਅੱਜ ਦੇ ਸੰਘਰਸ਼ਾਂ ਨੂੰ ਅਜਿਹੀਆਂ ਲੋੜਾਂ ਦੇ ਮੇਚ ਦਾ ਹੋਣ ਦੀ ਜ਼ਰੂਰਤ ਹੈ।
ਇਉਂ ਅੱਜ ਦੇ ਸੰਘਰਸ਼ਾਂ ਦੇ ਅੰਦਰ ਨੀਤੀਆਂ ਦੀ ਸਪਸ਼ਟ ਪਛਾਣ ਤੇ ਸਾਂਝੇ ਅਤੇ ਜੁਝਾਰ ਸੰਘਰਸ਼ਾਂ ਦੀ ਅਣਸਰਦੀ ਲੋੜ ਦਾ ਸੰਚਾਰ ਕਰਨ ਦਾ ਅਹਿਮ ਕਾਰਜ ਦਰਪੇਸ਼ ਹੈ। ਇਹ ਕਾਰਜ ਕੀਤੇ ਬਿਨਾਂ ਸੰਘਰਸ਼ਾਂ ਨੂੰ ਉਚੇਰੇ ਪੱਧਰ 'ਤੇ ਲਿਜਾਣਾ ਸੰਭਵ ਨਹੀਂ ਹੋ ਸਕੇਗਾ। ਪਰ ਇਸਦੇ ਨਾਲ ਹੀ ਇੱਕ ਹੋਰ ਅਣਸਰਦਾ ਕਾਰਜ ਨਿੱਜੀਕਰਨ ਵਿਰੋਧੀ ਸੰਘਰਸ਼ਾਂ ਉੱਤੇ ਇਨਕਲਾਬੀ ਸਿਆਸਤ ਦੀ ਮੋਹਰਛਾਪ ਸਥਾਪਤ ਕਰਨ ਦਾ ਵੀ ਹੈ। ਇਸ ਸਿਆਸਤ ਦੀ ਛਾਪ ਤੋਂ ਬਿਨਾਂ ਨਿੱਜੀਕਰਨ ਵਿਰੋਧੀ ਸੰਘਰਸ਼ ਆਪਣੇ ਅੰਜ਼ਾਮ ਤੱਕ ਨਹੀਂ ਪਹੁੰਚ ਸਕਦਾ।
ਨਿੱਜੀਕਰਨ ਵਿਰੋਧੀ ਸੰਘਰਸ਼ਾਂ ਉੱਤੇ ਇਨਕਲਾਬੀ ਸਿਆਸਤ ਦੀ ਮੋਹਰਛਾਪ ਤੋਂ ਕੀ ਭਾਵ ਹੈ?
1. ਇਸਦਾ ਇੱਕ ਭਾਵ ਇਹ ਹੈ ਕਿ ਨੀਤੀ ਪਿੱਛੇ ਇਸ ਪ੍ਰਬੰਧ ਦੀ ਸਿਆਸੀ ਖਸਲਤ ਨੂੰ ਉਘਾੜਿਆ ਜਾਵੇ। ਇਹ ਪ੍ਰਬੰਧ ਭਾਰਤ ਦੇ ਵੱਡੇ ਜਗੀਰਦਾਰਾਂ ਅਤੇ ਦਲਾਲ ਸਰਮਾਏਦਾਰਾਂ ਦੀ ਮੁੱਠੀ ਭਰ ਜਮਾਤ ਦੀ ਨੁਮਾਇੰਦਗੀ ਕਰਦਾ ਪ੍ਰਬੰਧ ਹੈ। ਜਿਸਦੇ ਹਿਤ ਸਾਮਰਾਜੀ ਤਾਕਤਾਂ ਨਾਲ ਬੱਝੇ ਹੋਏ ਹਨ। ਨਿੱਜੀਕਰਨ ਸਮੇਤ ਉਸਦੀਆਂ ਸਮੁੱਚੀਆਂ ਨੀਤੀਆਂ ਸਾਮਰਾਜੀਆਂ ਅਤੇ ਉਹਨਾਂ ਦੇ ਭਾਰਤੀ ਜੋਟੀਦਾਰਾਂ ਦੀ ਸੇਵਾ ਕਰਦੀਆਂ ਹਨ ਅਤੇ ਲੋਕਾਂ ਦੀ ਵਿਸ਼ਾਲ ਬਹੁਗਿਣਤੀ ਦੇ ਉਲਟ ਭੁਗਤਦੀਆਂ ਹਨ। ਇਸ ਕਰਕੇ ਬੁਨਿਆਦੀ ਗੱਲ ਇਸ ਪ੍ਰਬੰਧ ਦੀ ਮੁਕੰਮਲ ਕਾਇਆਪਲਟੀ ਕਰਕੇ ਖਰੀ ਲੋਕ ਨੁਮਾਇਂਦਗੀ ਦਾ ਬਦਲਵਾਂ ਪ੍ਰਬੰਧ ਸਿਰਜਣ ਦੀ ਹੈ। ਇਨਕਲਾਬ ਰਾਹੀਂ ਮੁੱਠੀ ਭਰ ਜੋਕਾਂ ਦੀ ਜਮਾਤ ਨੂੰ ਸ਼ਕਤੀਹੀਣ ਕਰਨ ਅਤੇ ਵਿਸ਼ਾਲ ਮਿਹਨਤਕਸ਼ ਲੋਕਾਈ ਨੂੰ ਸੱਤਾ ਦੇਣ ਦੀ ਹੈ।
2. ਇਸ ਮੋਹਰਛਾਪ ਦਾ ਇੱਕ ਭਾਵ ਇਹ ਹੈ ਕਿ ਸੰਘਰਸ਼ਸ਼ੀਲ ਲੋਕਾਂ ਦੇ ਵਿਸ਼ਾਲ ਹਿੱਸੇ ਨਿੱਜੀਕਰਨ ਵਿਰੋਧੀ ਸ਼ੰਘਰਸ਼ ਦੀ ਬੁਨਿਆਦੀ ਤਬਦੀਲੀ ਲਈ ਇੱਕ ਅਗਲੇਰੇ ਕਦਮ ਵਜੋਂ ਮਹੱਤਤਾ ਪਛਾਨਣ ਲੱਗਣ। ਨਿੱਜੀਕਰਨ ਖ਼ਿਲਾਫ਼ ਸੰਘਰਸ਼ ਸਾਮਰਾਜੀ ਜੂਲੇ ਤੋਂ ਮੁਕਤੀ ਦੇ ਸੰਘਰਸ਼ ਦਾ ਅੰਗ ਹੈ। ਇਸ ਪ੍ਰਬੰਧ ਅੰਦਰ ਕਾਣੀ ਵੰਡ ਦੇ ਖਾਤਮੇ ਲਈ ਲੋੜੀਂਦੇ ਇਨਕਲਾਬੀ ਸੰਘਰਸ਼ ਦਾ ਇੱਕ ਅੰਗ ਹੈ। ਇਹ ਸਮਝਦਿਆਂ ਅਤੇ ਨਿੱਜੀਕਰਨ ਦੇ ਹੱਲੇ ਖ਼ਿਲਾਫ਼ ਲੜਦਿਆਂ ਅੱਜ ਦੇ ਬਚਾਅਮੁਖੀ ਸੰਘਰਸ਼ਾਂ ਨੂੰ ਦਬਾਅਮੁਖੀ ਸੰਘਰਸ਼ਾਂ ਵਿੱਚ ਪਲਟਣ ਵੱਲ ਤੁਰਨ, ਨਿੱਜੀਕਰਨ ਦੇ ਫੌਰੀ ਕਦਮਾਂ ਨੂੰ ਜਾਮ ਕਰਦਿਆਂ, ਹਕੂਮਤ ਵੱਲੋਂ ਪਹਿਲਾਂ ਲਏ ਕਦਮਾਂ ਤੋਂ ਪਿਛਲਮੋੜੇ ਦਾ ਦਬਾਅ ਬਣਾਉਣ, ਲੋਕ ਮਾਰੂ ਕਾਨੂੰਨਾਂ ਦੇ ਲਾਗੂ ਹੋਣ ਨੂੰ ਜਾਮ ਕਰਦਿਆਂ, ਲੋਕ ਪੱਖੀ ਕਦਮ ਚੁੱਕਣ ਅਤੇ ਲੋਕ ਪੱਖੀ ਕਾਨੂੰਨ ਬਣਾਉਣ ਲਈ ਮਜ਼ਬੂਰ ਕਰਨ। ਲੋਕ ਵਿਰੋਧੀ ਕਦਮਾਂ ਨੂੰ ਚੁਣੌਤੀ ਦੇਣ ਤੋਂ ਲੋਕ ਵਿਰੋਧੀ ਪ੍ਰਬੰਧ ਨੂੰ ਚੁਣੌਤੀ ਦੇਣ ਵੱਲ ਵਧਣ। ਇਉਂ ਕਦਮ ਦਰ ਕਦਮ ਆਪਣੀ ਸਮਰੱਥਾ ਨੂੰ ਵਿਕਸਿਤ ਕਰਦਿਆਂ ਸੰਪੂਰਨ ਲੋਕ ਰਜ਼ਾ ਵਾਲੀ ਲੋਕ ਜਮਹੂਰੀਅਤ ਦੀ ਸਥਾਪਤੀ ਵੱਲ ਤੁਰਨ।
3. ਇਸਦਾ ਇੱਕ ਭਾਵ ਇਹ ਵੀ ਹੈ ਕਿ ਲੋਕ ਇਸ ਪ੍ਰਬੰਧ ਅੰਦਰ ਦੋਸਤਾਂ ਅਤੇ ਦੁਸ਼ਮਣਾਂ ਦੀ ਕਤਾਰਬੰਦੀ ਬਾਰੇ ਸਪੱਸ਼ਟ ਹੋਣ। ਇਹਨਾਂ ਨੀਤੀਆਂ ਤੋਂ ਲਾਹੇ ਖੱਟਣ ਵਾਲੀਆਂ ਵੱਡੀਆਂ ਸਾਮਰਾਜੀ ਕੰਪਨੀਆਂ ਅਤੇ ਕਾਰੋਬਾਰ ਲੋਕ ਰੋਹ ਦਾ ਨਿਸ਼ਾਨਾ ਬਣਨ। ਭਾਰਤੀ ਦਲਾਲ ਸਰਮਾਏਦਾਰ ਜੋ ਸਾਮਰਾਜੀਆਂ ਨਾਲ ਸਾਂਝ ਭਿਆਲੀ ਰਾਹੀਂ ਲੋਕਾਂ ਨੂੰ ਲੁੱਟਣ ਵਿੱਚ ਭਾਈਵਾਲ ਹਨ ਅਤੇ ਇਸ ਅਮਲ ਰਾਹੀਂ ਸੰਸਾਰ ਦੇ ਖਰਬਪਤੀਆਂ ਵਿੱਚ ਸ਼ੁਮਾਰ ਹੋ ਰਹੇ ਹਨ, ਉਹਨਾਂ ਦੇ ਕਾਰੋਬਾਰ ਵੀ ਨਿਸ਼ਾਨੇ ਹੇਠ ਆਉਣ। ਭਾਰਤੀ ਜਗੀਰਦਾਰ ਜਿਹਨਾਂ ਦੀਆਂ ਜਾਗੀਰਾਂ ਲੋਕਾਂ ਉੱਤੇ ਸਾਮਰਾਜੀ ਧਾਵੇ ਨਾਲ ਜੁੜ ਕੇ ਵੱਡੀਆਂ ਹੁੰਦੀਆਂ ਜਾ ਰਹੀਆਂ ਹਨ, ਉਹ ਵੀ ਸਾਮਰਾਜ ਦੇ ਸੰਗੀਆਂ ਵਜੋਂ ਨਸ਼ਰ ਹੋਣ। ਭਾਰਤੀ ਹਾਕਮ ਜਮਾਤਾਂ ਦੇ ਸਭ ਧੜੇ ਇਹਨਾਂ ਨੀਤੀਆਂ ਦੇ ਪੈਰੋਕਾਰਾਂ ਵਜੋਂ ਨਿਸ਼ਾਨੇ ਉੱਤੇ ਆਉਣ। ਦੂਜੇ ਪਾਸੇ ਸਾਰੇ ਲੋਕ ਹਿੱਸਿਆਂ ਦੀ ਇਹਨਾਂ ਨੀਤੀਆਂ ਖ਼ਿਲਾਫ਼ ਘੋਲ ਅੰਦਰ ਸੰਗੀਆਂ ਵਜੋਂ ਪਛਾਣ ਗੂੜ੍ਹੀ ਹੋਵੇ। ਇਹਨਾਂ ਨੀਤੀਆਂ ਦੀ ਸਭ ਤੋਂ ਵਧੇਰੇ ਮਾਰ ਝੱਲ ਰਹੇ ਆਦਿਵਾਸੀ, ਖੇਤ ਮਜ਼ਦੂਰ, ਸਨਅਤੀ ਮਜ਼ਦੂਰ ਇਸ ਘੋਲ ਦੇ ਮੁਹਰੈਲ ਦਸਤੇ ਬਣਕੇ ਉਭਰਨ। ਪਿੰਡਾਂ ਅੰਦਰ ਕਿਸਾਨ ਅਤੇ ਸ਼ਹਿਰਾਂ ਅੰਦਰ ਠੇਕਾ ਕਾਮੇ ਇਸਦੀ ਵਿਸ਼ਾਲ ਲੜਾਕੂ ਤਾਕਤ ਬਣਨ। ਇਹਨਾਂ ਨੂੰ ਆਬਾਦੀ ਦੇ ਹੋਰਨਾਂ ਹਿੱਸਿਆਂ ਦੀ ਵਿਆਪਕ ਹਮਾਇਤ ਅਤੇ ਸਾਥ ਹਾਸਲ ਹੋਵੇ।
4. ਇਸਦਾ ਇੱਕ ਭਾਵ ਇਹ ਹੈ ਕਿ ਨਿੱਜੀਕਰਨ ਵਿਰੋਧੀ ਸੰਘਰਸ਼ ਸੁਚੇਤ ਤੌਰ ਉੱਤੇ ਕਾਨੂੰਨੀ ਵਲਗਣਾਂ ਨੂੰ ਉਲੰਘ ਕੇ ਅੱਗੇ ਵਧਣ ਵਾਲਾ ਸੰਘਰਸ਼ ਹੋਵੇ। ਜੋ ਕਾਨੂੰਨ ਇਹਨਾਂ ਕਦਮਾਂ ਖ਼ਿਲਾਫ਼ ਲੋਕਾਂ ਦੇ ਸੰਘਰਸ਼ ਦੇ ਰਾਹ ਵਿੱਚ ਅੜਿੱਕਾ ਬਣਦੇ ਹਨ, ਉਹਨਾਂ ਨੂੰ ਉਲੰਘਿਆ ਜਾਵੇ। ਇਉਂ ਹਾਕਮ ਜਮਾਤਾਂ ਦੇ ਕਾਇਦੇ ਕਾਨੂੰਨਾਂ ਦੇ ਨਿਖੇਧ ਦਰ ਨਿਖੇਧ ਤੋਂ ਲੋਕਾਂ ਦੇ ਕਾਇਦੇ ਕਾਨੂੰਨ ਬਣਾਉਣ, ਪੁਗਾਉਣ ਅਤੇ ਸਥਾਪਿਤ ਕਰਨ ਵੱਲ ਵਧਿਆ ਜਾਵੇ। ਸੰਘਰਸ਼ ਦੇ ਮੁੱਢਲੇ ਉਠਾਣ ਦੌਰਾਨ ਆਮ ਹੜਤਾਲਾਂ, ਘਿਰਾਓ, ਬੰਦ ਵਰਗੀਆਂ ਘੋਲ ਸ਼ਕਲਾਂ, ਜੋ ਹਕੂਮਤੀ ਕਾਰ ਵਿਹਾਰ ਵਿੱਚ ਵੱਡਾ ਅੜਿੱਕਾ ਬਣਦੀਆਂ ਹਨ, ਅਪਣਾਈਆਂ ਜਾਣ। ਜਿਹਨਾਂ ਰਾਹੀਂ ਲੋਕਾਂ ਅੰਦਰ ਹਕੂਮਤੀ ਪ੍ਰਬੰਧ ਨੂੰ ਜਾਮ ਕਰ ਦੇਣ ਦੀ ਆਪਣੀ ਸਮਰੱਥਾ ਬਾਰੇ ਚੇਤਨਾ ਦੀ ਉਸਾਰੀ ਹੋਵੇ।
5. ਇਸਦਾ ਭਾਵ ਇਹ ਵੀ ਹੈ ਕਿ ਲੋਕ ਇਹਨਾਂ ਸੰਘਰਸ਼ਾਂ ਦੀ ਸਫਲਤਾ ਲਈ ਇੱਕਜੁੱਟ, ਦੇਸ਼ਵਿਆਪੀ ਅਤੇ ਕੇਂਦਰੀਕ੍ਰਿਤ ਅਗਵਾਈ ਦੀ ਜ਼ਰੂਰਤ ਬੁੱਝਣ। ਅਜਿਹੀ ਕੇਂਦਰੀਕ੍ਰਿਤ ਅਗਵਾਈ ਲਈ ਆਪਣੀ ਇਨਕਲਾਬੀ ਪਾਰਟੀ ਹੋਣ ਦੀ ਜ਼ਰੂਰਤ ਦਾ ਅਹਿਸਾਸ ਕਰਨ ਅਤੇ ਅਜਿਹੀ ਪਾਰਟੀ ਬਣਾਉਣ ਲਈ ਤੁਰਨ। ਅਜਿਹੀ ਇਨਕਲਾਬੀ ਪਾਰਟੀ ਬਣਾਉਣ ਵੱਲ ਤੁਰਨ ਜਿਸਦਾ ਸਪੱਸ਼ਟ ਨਿਸ਼ਾਨਾ ਸਾਮਰਾਜੀ ਗਲਬੇ ਤੋਂ ਮੁਕੰਮਲ ਮੁਕਤੀ ਅਤੇ ਵੱਡੇ ਜਗੀਰਦਾਰਾਂ ਅਤੇ ਦਲਾਲ ਸਰਮਾਏਦਾਰਾਂ ਦੀ ਰਾਜਭਾਗ ਵਿੱਚੋਂ ਮੁਕੰਮਲ ਬੇਦਖ਼ਲੀ ਹੋਵੇ। ਅਜਿਹੀ ਪਾਰਟੀ ਦੀ ਅਗਵਾਈ 'ਚ ਦਬਾਈਆਂ ਜਮਾਤਾਂ,ਦਬਾਈਆਂ ਕੌਮੀਅਤਾਂ, ਔਰਤਾਂ, ਆਦਿਵਾਸੀਆਂ, ਦਲਿਤਾਂ ਤੇ ਜਾਤੀ ਦਾਬੇ ਖਿਲਾਫ਼ ਸੰਘਰਸ਼ਾਂ ਅਤੇ ਸਮਾਜ ਦੇ ਹੋਰਨਾਂ ਆਰਥਿਕ, ਜਮਹੂਰੀ ਸੰਘਰਸ਼ਾਂ ਨੂੰ ਇੱਕ ਤਾਰ 'ਚ ਪਰੋ ਕੇ ਇੱਕ ਅਜਿੱਤ ਤਾਕਤ 'ਚ ਬਦਲਿਆ ਜਾ ਸਕਦਾ ਹੈ।
6. ਇਸਦਾ ਇੱਕ ਭਾਵ ਇਹ ਹੈ ਕਿ ਲੋਕ ਨਿੱਜੀਕਰਨ ਦੇ ਹੱਲੇ ਨੂੰ ਸਾਡੇ ਦੇਸ਼ ਅੰਦਰ ਤੁਰੀ ਆਉਂਦੀ ਜ਼ਮੀਨਾਂ ਅਤੇ ਸੰਦ ਸਾਧਨਾਂ ਦੀ ਕਾਣੀ ਵੰਡ ਨੂੰ ਤਕੜੇ ਕਰਨ ਦੇ ਸਾਧਨ ਦੇ ਰੂਪ ਵਿੱਚ ਦੇਖਣ। ਨਿੱਜੀਕਰਨ ਵਿਰੋਧੀ ਘੋਲ ਨੂੰ ਇਸ ਕਾਣੀ ਵੰਡ ਖ਼ਿਲਾਫ਼ ਘੋਲ ਨਾਲ ਜੜੁੱਤ ਰੂਪ ਵਿੱਚ ਚਲਾਉਣ। ਜਿਵੇਂ ਸ਼ੁਰੂਆਤੀ ਸ਼ਕਲਾਂ ਦੌਰਾਨ ਸਾਮਰਾਜੀ ਕੰਪਨੀਆਂ ਕੋਲੋਂ ਜ਼ਮੀਨ ਦੀ ਰਾਖੀ ਦਾ ਘੋਲ ਵਾਧੂ ਨਿਕਲਦੀਆਂ ਜ਼ਮੀਨਾਂ ਦੀ ਖੇਤ ਮਜ਼ਦੂਰਾਂ ਅਤੇ ਬੇਜ਼ਮੀਨੇ ਗਰੀਬ ਕਿਸਾਨਾਂ ਵਿੱਚ ਮੁੜ ਵੰਡ ਦੇ ਘੋਲ ਨਾਲ ਮਿਲਵੇਂ ਰੂਪ ਵਿੱਚ ਚਲਾਇਆ ਜਾਵੇ। ਸੂਦਖੋਰ ਆੜ੍ਹਤੀਆਂ ਅਤੇ ਮਾਈਕ੍ਰੋਫਾਈਨਾਸ ਕੰਪਨੀਆਂ ਖ਼ਿਲਾਫ਼ ਘੋਲ ਸਾਂਝੇ ਤੌਰ ਉੱਤੇ ਚਲਾਇਆ ਜਾਵੇ। ਵੱਡੀਆਂ ਕੰਪਨੀਆਂ ਨੂੰ ਟੈਕਸ ਛੋਟਾਂ ਅਤੇ ਜਗੀਰਦਾਰਾਂ ਨੂੰ ਸਬਸਿਡੀਆਂ ਰੋਕਣ ਦੀ ਮੰਗ ਸਾਂਝੇ ਤੌਰ 'ਤੇ ਬੁਲੰਦ ਕੀਤੀ ਜਾਵੇ। ਵੱਡੇ ਜਗੀਰਦਾਰਾਂ, ਦਲਾਲ ਸਰਮਾਏਦਾਰਾਂ ਅਤੇ ਸਾਮਰਾਜੀਆਂ ਦੇ ਅਸਾਸਿਆਂ ਦੀ ਜਬਤੀ ਕਰਕੇ ਇਹਨਾਂ ਨੂੰ ਲੋਕਾਂ ਲੇਖੇ ਲਾਉਣ ਦੀ ਮੰਗ ਸਾਂਝੇ ਤੌਰ 'ਤੇ ਉਭਾਰੀ ਜਾਵੇ। ਇਉਂ ਜ਼ਮੀਨਾਂ ਦੀ ਪ੍ਰਾਪਤੀ ਦੇ ਸੰਘਰਸ਼ਾਂ ਨਾਲ ਜੁੜ ਕੇ ਹੀ, ਨਿੱਜੀਕਰਨ ਵਿਰੋਧੀ ਲੋਕ ਸੰਘਰਸ਼ਾਂ ਨੂੰ ਵਿਆਪਕ ਪਸਾਰ ਤੇ ਹੂੰਝਾ ਫੇਰੂ ਸਮਰੱਥਾ ਹਾਸਿਲ ਹੋਣੀ ਹੈ।
7. ਇਉਂ ਨਿੱਜੀਕਰਨ ਵਿਰੋਧੀ ਘੋਲ ਨੂੰ ਜਗੀਰੂ ਕਾਣੀ ਵੰਡ ਖ਼ਿਲਾਫ਼ ਘੋਲ ਨਾਲ ਗੁੰਦਦਿਆਂ ਤੇ ਲੋਕਾਂ ਦੀ ਜਮਹੂਰੀ ਦਾਅਵਾ ਜਤਲਾਈ ਦਾ ਪਸਾਰਾ ਕਰਦਿਆਂ ਕਦਮ ਦਰ ਕਦਮ ਲੋਕ ਜਮਹੂਰੀਅਤ ਦੇ ਰਾਹ ਉੱਤੇ ਵਧਿਆ ਜਾਵੇ। ਲੋਕ ਲਹਿਰ ਇਹਨਾਂ ਘੋਲਾਂ ਦੀਆਂ ਪ੍ਰਾਪਤੀਆਂ ਦੀ ਰਾਖੀ ਲਈ, ਆਪਣੀ ਜਥੇਬੰਦ ਸ਼ਕਤੀ ਦੀ ਰਾਖੀ ਲਈ ਬਕਾਇਦਾ ਇੰਤਜਾਮ ਕਰੇ। ਇਹਨਾਂ ਸੰਘਰਸ਼ਾਂ ਨੂੰ ਜਮਹੂਰੀ ਹੱਕਾ ਦੀ ਰਾਖੀ ਤੇ ਪ੍ਰਾਪਤੀ ਨਾਲ ਸੁਮੇਲਿਆ ਜਾਵੇ।
8. ਇਸਦਾ ਇੱਕ ਭਾਵ ਇਹ ਹੈ ਕਿ ਇਸ ਨਿੱਜੀਕਰਨ ਵਿਰੋਧੀ ਸੰਘਰਸ਼ ਨੂੰ ਸੰਸਾਰ ਭਰ ਦੇ ਲੋਕਾਂ ਵੱਲੋਂ ਸਾਮਰਾਜੀ ਨੀਤੀਆਂ ਦੇ ਵਿਰੋਧ ਵਿੱਚ ਥਾਂ-ਥਾਂ ਲੜੇ ਜਾ ਰਹੇ ਸੰਘਰਸ਼ਾਂ ਦੇ ਅੰਗ ਵਜੋਂ ਦੇਖਿਆ ਜਾਵੇ। ਸੰਸਾਰ ਭਰ ਦੇ ਸਾਮਰਾਜ ਵਿਰੋਧੀ ਲੋਕਾਂ ਤੇ ਕੌਮਾਂ ਦੇ ਘੋਲਾਂ ਨਾਲ ਇੱਕਮੁੱਠਤਾ ਜ਼ਾਹਰ ਕੀਤੀ ਜਾਵੇ ਤੇ ਸਾਮਰਾਜ ਖਿਲਾਫ਼ ਸਾਂਝੀ ਸੱਟ ਮਾਰਨ ਵੱਲ ਵਧਿਆ ਜਾਵੇ। ਇਹ ਸਮਝਿਆ ਜਾਵੇ ਕਿ ਨਾ ਸਿਰਫ਼ ਇਸ ਸੰਘਰਸ਼ ਨੂੰ ਕਾਮਯਾਬੀ ਲਈ ਸੰਸਾਰ ਦੇ ਕਿਰਤੀ ਲੋਕਾਂ ਦੀ ਹਮਾਇਤ ਲੋੜੀਂਦੀ ਹੈ ਸਗੋਂ ਹੋਰਨਾਂ ਦੇਸ਼ਾਂ ਅੰਦਰ ਅਜਿਹੀਆਂ ਹੀ ਨੀਤੀਆਂ ਖ਼ਿਲਾਫ਼ ਲੜ ਰਹੇ ਲੋਕਾਂ ਨੂੰ ਵੀ ਸਾਡੇ ਦੇਸ਼ ਦੇ ਲੋਕਾਂ ਦੀ ਹਮਾਇਤ ਲੋੜੀਂਦੀ ਹੈ। ਜਿਵੇਂ ਕਿਸਾਨ ਸੰਘਰਸ਼ ਦੇ ਸਮਰਥਨ ਵਿੱਚ ਵੀ ਅਨੇਕਾਂ ਦੇਸ਼ਾਂ ਵਿੱਚੋਂ ਹਮਾਇਤ ਦੀ ਲੋਕ ਆਵਾਜ਼ ਉੱਠੀ ਸੀ ਅਤੇ ਸੰਸਾਰ ਪੱਧਰ ਉੱਤੇ ਮੋਦੀ ਹਕੂਮਤ ਦੀ ਹੋ ਰਹੀ ਬਦਨਾਮੀ ਦੀ ਵੀ ਦਬਾਅ ਬਣਿਆ ਸੀ।
ਇਉਂ ਇਨਕਲਾਬੀ ਤੇ ਲੋਕ ਪੱਖੀ ਜਮਹੂਰੀ ਸਿਆਸਤ ਦੀ ਮੋਹਰਛਾਪ ਹੇਠ ਹੀ ਸਾਡੇ ਅੱਜ ਦੇ ਸੰਘਰਸ਼ ਨਿੱਜੀਕਰਨ ਵਿਰੋਧੀ ਵਿਸ਼ਾਲ ਲੋਕ ਜੱਦੋਜਹਿਦ ਵਿੱਚ ਪਲਟ ਸਕਦੇ ਹਨ ਅਤੇ ਇਹ ਜੱਦੋਜਹਿਦ ਲੋਕ ਜਮਹੂਰੀਅਤ ਵਾਲੀ ਸੂਹੀ ਸਵੇਰ ਦਾ ਪਹੁ-ਫੁਟਾਲਾ ਹੋ ਸਕਦੀ ਹੈ।
--0--
No comments:
Post a Comment