ਹਕੂਮਤੀ ਜਬਰ ਦੇ ਜਨਤਕ ਟਾਕਰੇ ਲਈ ਸਹੀ ਪਹੁੰਚ ਦੀ ਇੱਕ ਝਲਕ
.......ਇਸ ਨੀਤੀ ਨੂੰ ਲਾਗੂ ਕਰਨ ਲਈ ਅੱਗੇ ਆਓ! ਜਥੇਬੰਦੀ ਦੀ ਲੀਹ, ਲੀਡਰਸ਼ਿੱਪ ਅਤੇ ਪ੍ਰਾਪਤੀਆਂ ਦੀ ਰਾਖੀ ਲਈ, ਨਵੀਆਂ ਪ੍ਰਾਪਤੀਆਂ ਨੂੰ ਯਕੀਨੀ ਬਣਾਉਣ ਲਈ ਠੱਲ੍ਹ ਪਉ। “ਰਾਖੀ ਕਰੋ ਮੁਹਿੰਮ” ਵਿੱਚ ਕੁੱਦ ਪਓ। ਇਸ ਮੁਹਿੰਮ ਦੇ ਸਾਰੇ ਲੜਾਂ ਨੂੰ ਨੋਟ ਕਰੋ ਤੇ ਕੰਠ ਕਰੋ। ਇਹਨਾਂ ਉਪਰ ਗਹਿਰੀ ਪਕੜ ਬਣਾਓ। ਇਹਨਾਂ ਨੂੰ ਤਨਦੇਹੀ ਨਾਲ ਲਾਗੂ ਕਰੋ।
ੳ) ਆਉ ਲੜਨ-ਖੜ੍ਹਨ ਅਤੇ ਕੁਰਬਾਨੀਆਂ ਕਰਨ ਦੇ ਇਰਾਦੇ ਨੂੰ ਦੂਣ-ਸਵਾਇਆ ਕਰੀਏ।
ਅ) ਆਉ ਆਗੂ ਟੀਮਾਂ ਦੀ ਭਰਤੀ ਨੂੰ, ਸੋਝੀ ਅਤੇ ਸਮਰੱਥਾ ਨੂੰ ਦੂਣ ਸਵਾਇਆ ਕਰੀਏ। ਲਗਾਤਾਰ ਵਧਦੀ ਜਾ ਰਹੀ ਅਮੁੱਕ ਲੜੀ ਬਣਾ ਦੇਈਏ। ਕੁੱਲ ਵਕਤੀ, ਜੁਜ ਵਕਤੀ ਆਗੂਆਂ ਤੇ ਕਾਰਕੁਨਾ ਦੀ ਗਿਣਤੀ ਨੂੰ ਦੂਣ ਸਵਾਇਆ ਬਣਾ ਦੇਈਏ।
ੲ) ਪੁਲਸ ਲਈ ਲੋੜੀਂਦੇ ਆਗੂਆਂ ਨੂੰ ਸੰਭਾਲਣ ਦਾ ਜੁੰਮਾ ਅਪਣਾਈਏ। ਖੁਦ ਅੱਗੇ ਆ ਕੇ ਓਟੀਏ। ਆਗੂਆਂ ਦੀ ਢਾਲ ਬਣ ਜਾਣ ਵਾਲੇ, ਜੋਰ ਵਾਲੇ ਪਿੰਡ ਉਸਾਰੀਏ। ਇਹਨਾਂ ਨੂੰ ਲੀਹ ਤੇ ਲੀਡਰਸ਼ਿੱਪ ਦੀ ਰਾਖੀ ਦਾ ਗੜ੍ਹ ਬਣਾ ਦਈਏ। ਲੋਕ ਤਾਕਤ ਦਾ ਗੜ੍ਹ ਬਣਾ ਦੇਈਏ। ਅਜਿਹੇ ਗੜ੍ਹਾਂ ਦੀ ਨਫਰੀ ਦੂਣ-ਸਵਾਈ ਕਰ ਦੇਈਏ।
ਸ) ਮੀਟਿੰਗਾਂ ਰੈਲੀਆਂ, ਮੁਜਾਹਰਿਆਂ, ਘਿਰਾਉ ਐਕਸ਼ਨਾ ਅਤੇ ਨਾਕੇ-ਭੰਨ ਐਕਸ਼ਨਾ ਵਿੱਚ ਸ਼ਮੂਲੀਅਤ ਦੂਣ-ਸਵਾਈ ਕਰੀਏ। ਪੁਲਸ ਦੀ ਦਾਬ ਝੱਲਣ ਵਾਲੇ ਅਤੇ ਪੁਲਸ ਅਤੇ ਪ੍ਰਸਾਸ਼ਨ ਉਪਰ ਦਾਬ ਵਧਾਉਣ ਵਾਲੇ ਐਕਸ਼ਨਾ ਵਿਚ, ਦ੍ਰਿੜ੍ਹ, ਖਾੜਕੂ ਤੇ ਲੰਬੇ ਘੋਲਾਂ ਵਿਚ ਸ਼ਾਮਲ ਹੋਣ ਵਾਲੀ ਕਿਸਾਨ ਜਨਤਾ ਦੀ ਲੜਾਕੂ ਭਾਵਨਾ ਅਤੇ ਸ਼ਮੂਲੀਅਤ ਦੂਣ-ਸਵਾਈ ਕਰੀਏ।
ਹ) ਜਥੇਬੰਦੀ ਦੀ ਲੀਹ ਲੀਡਰਸਿੱਪ ਅਤੇ ਇਸਦੀਆਂ ਪ੍ਰਾਪਤੀਆਂ ਦੀ ਰਾਖੀ ਲਈ, ਨਵੀਆਂ ਪ੍ਰਾਪਤੀਆਂ ਨੂੰ ਯਕੀਨੀ ਕਰਨ ਲਈ ਵਿਸ਼ਾਲ ਕਿਸਾਨ ਜਨ-ਸਮੂਹ ਨੂੰ ਉਭਾਰਨ ਦਾ ਕਾਰਜ ਹੱਥ ਲਈਏ।“ਰਾਖੀ ਕਰੋ ਮੁਹਿੰਮ” ਵਿਚ ਕੁੱਦ ਪਈਏ। ਮੁਹਿੰਮ ਦਾ ਪੂਰਾ ਸੁਨੇਹਾ ਪਿੰਡ-ਪਿੰਡ, ਘਰ-ਘਰ ਤੱਕ ਪਹੁੰਚਦਾ ਕਰਨ ਲਈ ਹਰ ਬਲਾਕ, ਹਰ ਪਿੰਡ ਵਿਚ ਯੋਜਨਾਬੰਦੀ ਕਰੀਏ।
ਕ) ਘਰ-ਘਰ ਤੱਕ ਸੰਦੇਸ਼ ਪਹੁੰਚਦਾ ਕਰੀਏ ਕਿ:
- ਜਮੀਨਾਂ ਦੀ ਮਾਲਕੀ ਉਪਰ ਹਮਲਾ ਅਤੇ ਜੱਥੇਬੰਦੀ ਉਪਰ ਹਮਲਾ ਇਕੋ ਚੀਜ ਹੈ। ਇਕੋ ਜਿਹੇ ਜਵਾਬ ਦੀ ਮੰਗ ਕਰਦਾ ਹੈ।
- ਮੁਲਕ ਦੇ ਅਤੇ ਪੰਜਾਬ ਦੇ ਖੇਤੀ ਸੈਕਟਰ ਵਿਚ ਕਾਰਪੋਰੇਟਾਂ ਦੇ ਕਾਬਜ ਹੋਣ ਨੂੰ ਰੋਕਣਾ ਅਤੇ ਜਥੇਬੰਦੀ ਦੇ ਵਜੂਦ ਉਪਰ ਹਮਲੇ ਨੂੰ ਰੋਕਣਾ, ਇਕੋ ਗੱਲ ਹੈ। ਜਥੇਬੰਦੀ ਦੇ ਵਜੂਦ ਉਪਰ ਹਮਲਾ ਰੋਕੇ ਬਿਨਾਂ ਕਾਰਪੋਰੇਟਾਂ ਦਾ ਹਮਲਾ ਨਹੀਂ ਰੁਕਣਾ।
- ਖਰੇ ਜਮੀਨੀ ਸੁਧਾਰਾਂ ਲਈ ਲੜਨਾ ਅਤੇ ਜਥੇਬੰਦੀ ਦੀ ਰਾਖੀ ਲਈ ਲੜਨਾ ਇਕੋ ਚੀਜ ਹੈ।
- ਸੂਦ ਖੋਰਾਂ ਦੀਆਂ ਕੁਰਕੀਆਂ ਤੋਂ ਜਮੀਨਾਂ ਬਚਾਉਣ ਵਰਗੀਆਂ ਪ੍ਰਾਪਤੀਆਂ ਦੀ ਰਾਖੀ ਲਈ ਨਿਤਰਨਾ ਅਤੇ ਜਥੇਬੰਦੀ ਦੀ ਰਾਖੀ ਲਈ ਨਿਤਰਨਾ ਇਕੋ ਗੱਲ ਹੈ।
- ਕਰਜਾਈ ਕਿਸਾਨਾਂ ਨੂੰ ਹੱਥਕੜੀਆਂ ਦੀ ਜਕੜ ਤੋਂ ਸੁਰੱਖਿਅਤ ਕਰਨ ਵਰਗੀਆਂ ਪ੍ਰਾਪਤੀਆਂ ਦੀ ਰਾਖੀ ਕਰਨਾ ਅਤੇ ਜਥੇਬੰਦੀ ਦੀ ਰਾਖੀ ਕਰਨਾ ਇਕੋ ਗੱਲ ਹੈ।
- ਅਜਿਹੀਆਂ ਖਤਰੇ ਹੇਠ ਆਈਆਂ ਪਹਿਲੀਆਂ ਪ੍ਰਾਪਤੀਆਂ ਅਤੇ ਨਵੀਆਂ ਪੈਦਾ ਹੋਈਆਂ ਚੁਣੌਤੀਆਂ ਦੀ ਸੂਚੀ ਬਹੁਤ ਲੰਬੀ ਹੈ। ਇਸ ਹੋਕੇ ਨੂੰ ਘਰ-ਘਰ ਤੱਕ ਪਹੁੰਚਦਾ ਕਰੀਏ।
- ਇਹ ਸੰਦੇਸ਼ ਪਹੁੰਚਦਾ ਕਰੀਏ ਕਿ ਜੇ ਜਾਗਰਤੀ ਨਹੀਂ, ਜਾਗਰਤ ਜਨਤਾ ਦੀ ਜਥੇਬੰਦੀ ਵਿੱਚ ਸਮੂਲੀਅਤ ਨਹੀਂ, ਤਾਂ ਸਮਝੋ ਜਥੇਬੰਦੀ ਵਿਚ ਵੀ ਦਮ ਨਹੀਂ ਹੈ।
ਜੇ ਜਥੇਬੰਦੀ ਵਿਚ ਦਮ ਨਹੀਂ ਤਾਂ ਸੰਘਰਸ਼ ਵਿਚ ਵੀ ਦਮ ਨਹੀਂ ਹੈ। ਆਉ ਜਥੇਬੰਦੀ ਦੀ, ਸੰਘਰਸ਼ ਦੀ ਲੋਅ ਨੂੰ, ਲਾਟ ਨੂੰ ਮੇਸਣ ਦੇ ਯਤਨਾਂ ਨੂੰ ਮਾਤ ਦੇਣ ਲਈ ਦੂਣ-ਸਵਾਏ ਹੋ ਕੇ ਟੱਕਰੀਏ।
ਸਾਡੀ ਟੱਕਰ ਬੇਹੱਦ ਬੇ-ਮੇਚੀ ਹੈ। ਧਾੜਵੀ ਧਿਰ ਦੀ ਸ਼ਕਤੀ ਬਹੁਤ ਵੱਡੀ ਹੈ। ਸ਼ਾਤਰ ਦਿਮਾਗ ਸਿਆਸਤਦਾਨਾਂ ਅਤੇ ਮਾਹਰ ਦਿਮਾਗ ਅਫ਼ਸਰਸ਼ਾਹਾਂ ਦੀ ਫੌਜ ਮੌਜੂਦ ਹੈ। ਜੁਲਮ ਢਾਹੁਣ ਵਾਲੀ ਵੱਡੀ ਮਸ਼ੀਨਰੀ ਹੈ। ਉਸਦੇ ਜਿਬਾਹ-ਖਾਨਿਆਂ ਦਾ ਅਕਾਰ-ਪਸਾਰ ਬਹੁਤ ਵੱਡਾ ਹੈ। ਪਰ ਇਹ ਗਿਣਤੀ ਅਬਾਦੀ ਦੀ ਕੁੱਲ ਗਿਣਤੀ ਦਾ ਬਹੁਤ ਛੋਟਾ ਹਿੱਸਾ ਹੈ। ਰੁਪੱਈਏ ਚੋਂ ਪੰਜ ਪੈਸੇ ਹਨ। ਉਹਨਾਂ ਦੇ ਪੱਲੇ ਸੱਚ ਨਹੀਂ ਹੈ। ਸਮਾਜ ਦੇ ਕਲਿਆਣ ਲਈ ਸੱਚ ਦਾ ਮਾਰਗ ਨਹੀਂ ਹੈ। ਸੱਚਾ-ਸੁੱਚਾ ਆਦਰਸ਼ ਨਹੀਂ ਹੈ। ਉਹ ਕੂੜ ਨਿਖੁੱਟੇ ਹਨ। ਉਹ ਜੋਰੀਂ ਦਾਨ ਮੰਗਦੇ ਹਨ। ਉਹ ਜੁਲਮ ਦੇ ਤੇ ਕੂੜ ਸਿਆਸਤ ਜੋਰ 'ਤੇ ਕਾਬਜ ਹਨ। ਉਹ ਸਮਾਜ ਦੇ ਵਿਕਾਸ ਨੂੰ ਪੁੱਠਾ ਗੇੜਾ ਦਿੰਦੇ ਹਨ। ਉਹ ਸਮਾਜ ਦੇ ਪੈਦਾਵਾਰੀ ਸਾਧਨਾਂ ਦਾ ਨਾਸ਼ ਮਾਰਦੇ ਹਨ। ਉਹ ਚੱਜ ਦੇ ਜਿਉਣ-ਹੰਢਾਉਣ ਦਾ, ਨਾਸ਼ ਮਾਰਦੇ ਹਨ। ਉਹ ਨਾਸ਼ ਹੋ ਜਾਣ ਲਈ ਸਰਾਪੇ ਹੋਏ ਹਨ।
ਅਸੀਂ ਵੀ ਘੱਟ ਗਿਣਤੀ ਹਾਂ। ਜਾਗਰਤ, ਜੱਥੇਬੰਦ ਅਤੇ ਸੰਘਰਸ਼ਸ਼ੀਲ ਲੋਕ, ਕੁੱਲ ਲੋਕਾਈ ਵਿਚੋਂ ਬਹੁਤ ਛੋਟੀ ਘੱਟ ਗਿਣਤੀ ਹਾਂ। ਰੁੱਪਈਏ ਚੋਂ ਪੈਸੇ ਤੋਂ ਵੀ ਘੱਟ ਹੋ ਸਕਦੇ ਹਾਂ। ਪਰ ਅਸੀਂ ਕੁਲ ਲੋਕਾਈ ਦੇ ਹਿਤਾਂ ਦੀ ਗੱਲ ਕਰਦੇ ਹਾਂ। ਮਜ਼ਦੂਰ ਕਿਸਾਨਾਂ, ਬੁਧੀਮਾਨਾਂ, ਮੁਲਾਜ਼ਮਾਂ, ਛੋਟੇ ਕਾਰੋਬਾਰੀਆਂ, ਵਪਾਰੀਆਂ, ਛੋਟੇ ਸਨਅਤਕਾਰਾਂ ਦੇ ਹਿਤਾਂ ਦੀ ਗੱਲ ਕਰਦੇ ਹਾਂ। ਇਹਨਾਂ ਦੇ ਕਲਿਆਣ ਦੇ ਰਾਹ ਦੀ ਗੱਲ ਕਰਦੇ ਹਾਂ। ਸਭਨਾਂ ਤਬਕਿਆਂ ਦੇ ਕਲਿਆਣ ਵੱਲ ਵਧਣ ਦਾ ਟੀਚਾ ਰਖਦੇ ਹਾਂ। ਸਮਾਜ ਦੇ ਸੱਚੇ-ਸੁੱਚੇ ਭਵਿੱਖ ਵੱਲ ਵਧਣ ਦੀ ਕਾਮਨਾ ਕਰਦੇ ਹਾਂ। ਸਾਡੀ ਲੜਾਈ ਨਿਆਂਈ ਹੈ। ਸਾਡਾ ਮਾਰਗ, ਸਾਡਾ ਆਦਰਸ਼ ਸੱਚਾ-ਸੁੱਚਾ ਹੈ। ਨਿਆਂਈ ਹੈ। ਅਸੀਂ ਬੰਦੇ ਹੱਥੋਂ ਬੰਦੇ ਦੀ ਲੁੱਟ ਦੇ ਵਿਰੋਧੀ ਹਾਂ। ਅਸੀਂ ਇਸ ਲੁੱਟ-ਖਸੁੱਟ ਦੇ ਪ੍ਰਬੰਧ ਦਾ ਖਾਤਮਾ ਚਾਹੁੰਦੇ ਹਨ। ਇਸ ਮਕਸਦ ਲਈ ਵਿਸ਼ਾਲ ਲੋਕਾਈ ਦਾ ਜਾਗਰਤ ਹੋਣਾ, ਜਥੇਬੰਦ ਹੋਣਾ ਅਤੇ ਸੰਘਰਸ਼ ਦੇ ਪਾਂਧੀ ਬਣਨਾ ਅਣ-ਸਰਦੀ ਲੋੜ ਹੈ। ਅੱਜ ਦੇ ਜਾਗਰਤ ਲੋਕਾਂ ਦੀ ਘੱਟ ਗਿਣਤੀ ਦਾ ਵਿਸਾਲ ਬਹੁਗਿਣਤੀ ਵਿਚ ਵਟ ਜਾਣਾ ਭਵਿੱਖ ਦੀ ਅਟੱਲ ਸੱਚਾਈ ਹੈ। ਪੰਜਾਬ ਅੰਦਰ ਇਸ ਜਾਗਰਤੀ ਦਾ ਪਸਾਰਾ ਤੇਜ ਹੈ। ਇਹ ਤੇਜੀ ਹਾਕਮਾਂ ਲਈ ਤਹਿਕਾ ਬਣ ਗਈ ਹੈ। ਸੰਘਰਸ਼ ਦੇ ਰਾਹ ਲਈ ਵਰਦਾਨ ਬਣ ਗਈ ਹੈ। ਹੱਥਾ 'ਤੇ ਸਰੋਂ ਜਮਾ ਕੇ ਜਲਵੇ ਦਿਖਾ ਰਹੀ ਹੈ। ਸੰਘਰਸ਼ਾਂ ਦਾ ਇਹ ਵਰਤਾਰਾ ਸਮਾਜ ਦੇ ਹੋਰਨਾਂ ਮਿਹਨਤਕਸ਼ ਵਰਗਾਂ 'ਚ ਵੀ ਜ਼ੋਰ ਫੜ੍ਹ ਰਿਹਾ ਹੈ ਇਹ ਸਾਰੇ ਵਰਗ ਸਾਡੇ ਸੰਗੀ ਹਨ ਤੇ ਸਾਡੇ ਸੰਘਰਸ਼ਾਂ ਨੂੰ ਹਮਾਇਤ ਦੇਣ ਵਾਲੀ ਤਾਕਤ ਹਨ। ਇਹਨਾਂ ਨਾਲ ਸਾਂਝ ਹੋਰ ਮਜ਼ਬੂਤ ਕਰੀਏ। ਸਾਰੇ ਵਰਗਾਂ ਦੀ ਜਥੇਬੰਦ ਲੋਕ ਤਾਕਤ ਦਾ ਜੱਕ ਬੰਨ੍ਹੀਏ।.............
(ਭਾਰਤੀ ਕਿਸਾਨ ਯੂਨੀਅਨ ਏਕਤਾ (ਉਗਰਾਹਾਂ) ਦੇ ਹੱਥ ਪਰਚੇ ਦੇ ਕੁੱਝ ਅੰਸ਼)
No comments:
Post a Comment