ਗਾਜ਼ਾ ਵਿੱਚ ਭੁੱਖਮਰੀ ਤੋਂ ਵੀ ਘਿਣਾਉਣਾ ਵਾਪਰ ਰਿਹਾ ਹੈ
“ਇਜ਼ਰਾਈਲ ਆਪਣੀਆਂ ਜੰਗਬੰਦੀ ਦੀਆਂ ਚਾਲਾਂ ਨਾਲ ਉਮੀਦਾਂ ਨੂੰ ਕੁੱਚਲ ਰਿਹਾ ਹੈ”
ਜੁਲਾਈ ਦੀ ਇੱਕ ਸਵੇਰ ਜਦੋਂ ਮੈਂ ਉੱਠੀ ਤਾਂ ਮੋਬਾਇਲ ਫੋਨ 'ਤੇ ਮੈਸੇਜਾਂ ਦੀ ਝੜ੍ਹੀ ਲੱਗੀ ਹੋਈ ਸੀ। ਹਰ ਨਿਊਜ਼ ਚੈਨਲ, ਹਰ ਸੋਸ਼ਲ ਮੀਡੀਆ ਪੋਸਟ, ਹਰ ਗੱਲਬਾਤ ਇੱਕ ਆਸ਼ਾਵਾਦ ਦਰਸਾ ਰਹੀ ਸੀ। ਸੁਰਖੀਆਂ 'ਚ ਐਲਾਨ ਹੋਇਆ, “ਗੱਲਬਾਤ ਸੁਚਾਰੂ ਢੰਗ ਨਾਲ ਅੱਗੇ ਵਧ ਰਹੀ ਹੈ। ਜਲਦੀ ਹੀ ਜੰਗਬੰਦੀ ਹੋ ਜਾਵੇਗੀ”, ਵੱਡਾ ਕਾਫਲਾ ਮੱਦਦ ਲਈ ਦਾਖਲ ਹੋਣ ਜਾ ਰਿਹਾ ਹੈ।”
ਉਸ ਸਮੇਂ, ਅਸੀਂ ਅਕਾਲ ਦੇ ਡੂੰਘੇ ਦਰਦ ਹੰਢਾਅ ਰਹੇ ਸੀ। ਕਿੰਨੇ ਹੀ ਦਿਨ, ਅਸੀਂ ਕੁੱਝ ਵੀ ਨਹੀਂ ਖਾਧਾ ਸੀ। ਮੋਬਾਇਲ ਫੋਨ ਮੈਸਿਜਜ ਰਾਹੀਂ ਮਿਲੀ ਖੁਸ਼ੀ ਦੀ ਤੁਸੀਂ ਕਲਪਨਾ ਕਰ ਸਕਦੇ ਹੋ। ਕੁੱਝ ਦੋਸਤਾਂ ਨੇ ਮੈਨੂੰ ਲਿਖਿਆ, ਇਸ ਅਸਥਾਈ ਰਾਹਤ ਨਾਲ ਉਹਨਾਂ ਦੇ ਬੋਲਦਿਆਂ ਦੇ ਵੀ ਬੁੱਲ੍ਹ ਕੰਬ ਰਹੇ ਹਨ। “ਕੀ ਇਸ ਸਭ ਦਾ ਅੰਤ ਵੀ ਹੋ ਸਕਦਾ ਹੈ?” ਇੱਕ ਦੋਸਤ ਨੇ ਪੁੱਛਿਆ, “ਕੀ ਅਸੀਂ ਯਾਦ ਵੀ ਰੱਖ ਸਕਾਂਗੇ ਕਿ ਸੁਰੱਖਿਆ ਦਾ ਅਹਿਸਾਸ ਕਿਹੋ ਜਿਹਾ ਹੁੰਦਾ ਹੈ? ਕੀ ਆਖਿਰ ਸਾਨੂੰ ਰੋਟੀ ਨਸੀਬ ਹੋਊ?”
ਅਸੀਂ ਸੁਪਨੇ ਦੇਖਣ ਦੀ ਹਿੰਮਤ ਜੁਟਾ ਰਹੇ ਸੀ। ਅਸੀਂ ਜੰਗਬੰਦੀ ਤੋਂ ਬਾਅਦ ਦੀ ਸ਼ਾਂਤੀ, ਗਰਮ ਅਤੇ ਭਰ ਪੇਟ ਖਾਣੇ ਦੀ ਕਲਪਨਾ ਕੀਤੀ। ਕੁੱਝ ਦੁਕਾਨਾਂ ਅਸਥਾਈ ਤੌਰ 'ਤੇ ਮੁੜ ਤੋਂ ਖੁੱਲ੍ਹ ਗਈਆਂ। ਕੀਮਤਾਂ ਥੋੜ੍ਹੀਆਂ ਘੱਟ ਗਈਆਂ। ਇਹਨਾਂ ਮਹੀਨਿਆਂ ਦੌਰਾਨ ਪਹਿਲੀ ਵਾਰ ਰੋਟੀ ਸਾਡੀ ਪਹੁੰਚ ਵਿੱਚ ਲੱਗੀ। ਇੱਕ ਪਲ ਲਈ, ਜ਼ਿੰਦਗੀ ਮੁੜ ਸੜਕਾਂ 'ਤੇ ਆਉਂਦੀਂ ਜਾਪੀ।
ਗਾਜ਼ਾ ਵਿੱਚ, ਜਦੋਂ ਉਮੀਦ ਦਿਖਾਈ ਦਿੰਦੀ ਹੈ ਤਾਂ ਸਭ ਤੋਂ ਵੱਧ ਸੰਤਾਪ ਹੰਢਾਅ ਰਹੇ ਭਾਈਚਾਰੇ ਵੀ ਵੱਖਰੇ ਹੀ ਢੰਗ ਨਾਲ ਸਾਹ ਲੈਂਦੇ ਹਨ-ਭਾਵੇਂ ਇਹ ਰਾਹਤ ਕੁੱਝ ਘੰਟਿਆਂ ਲਈ ਹੀ ਕਿਉਂ ਨਾ ਹੋਵੇ। ਮੇਰੀ ਗੁਆਂਢਣ ਜੋ ਕਿ ਜੰਗੀ ਵਿਧਵਾ ਹੈ, ਸੱਤ ਬੱਚਿਆਂ ਨੂੰ ਇਕੱਲੀ ਪਾਲਦੀ ਹੈ ਜਿਹਨਾਂ ਵਿੱਚ ਇੱਕ ਦੁੱਧ ਚੁੰਘਦਾ ਬੱਚਾ ਵੀ ਹੈ। ਉਸਨੇ ਮੈਨੂੰ ਦੱਸਿਆ ਕਿਵੇਂ ਉਸਦੇ ਬੱਚੇ ਖਾਲੀ ਪੇਟ ਨਾਲ ਕੁਰਲਾਉਂਦੇ ਨੇ ਤੇ ਉਹ ਖੁਦ ਆਪਣੀ ਬੇਵਸੀ 'ਤੇ ਰੋਦੀਂ ਹੈ। ਜਦੋਂ ਜੰਗਬੰਦੀ ਦੀਆਂ ਅਫਵਾਹਾਂ ਫੈਲੀਆਂ ਤਾਂ ਉਸਨੇ ਵੀ ਆਪਣੇ ਬੱਚਿਆਂ ਨੂੰ ਭਰ ਪੇਟ ਖਾਣਾ ਖਵਾਉਣ ਤੇ ਆਪਣੇ ਦੁੱਖਾਂ ਦੇ ਅੰਤ ਦਾ ਸੁਪਨਾ ਦੇਖਿਆ। ਸਾਡੇ ਸਾਰਿਆਂ ਵਾਂਗ, ਉਸਨੇ ਵੀ ਉਮੀਦਾਂ ਨੂੰ ਟੁੱਟਦੇ ਦੇਖਿਆ।
ਅਗਲੀ ਸਵੇਰ, ਸਭ ਕੁੱਝ ਖਤਮ ਹੋ ਗਿਆ। ਇੱਕ ਨਵੀਂ ਤੇ ਆਖਰੀ ਸੁਰਖੀ ਨੇ ਸਾਡੀ ਹੋਣੀ 'ਤੇ ਮੋਹਰ ਲਗਾ ਦਿੱਤੀ। “ਗੱਲਬਾਤ ਅਸਫਲ ਰਹੀ। ਹੁਣ ਕੋਈ ਜੰਗਬੰਦੀ ਨਹੀਂ।” ਦੁਕਾਨਾਂ ਜੋ ਮੁਸ਼ਕਿਲ ਨਾਲ ਖੁੱਲ੍ਹੀਆਂ ਸਨ, ਬੰਦ ਹੋ ਗਈਆਂ। ਗਾਜ਼ਾ ਤੋਂ ਬਾਹਰ ਮੀਡੀਆ ਅਜੇ ਵੀ ਬੋਲ ਰਿਹਾ ਸੀ, ਮੱਦਦ ਲਈ ਆ ਰਹੇ ਕਾਫਲੇ ਆਪਣੇ ਰਸਤੇ 'ਤੇ ਅੱਗੇ ਵੱਧ ਰਹੇ ਹਨ। ਪਰ ਹਕੀਕਤ ਵਿੱਚ ਕੁੱਝ ਵੀ ਨਹੀਂ ਸੀ। ਖੋਖਲੇ ਸ਼ਬਦ। ਖਾਲੀ ਟਰੱਕ, ਖਾਲੀ ਹੱਥ।
ਤੁਸੀਂ ਕਲਪਨਾ ਕਰ ਸਕਦੇ ਹੋ, ਉਸ ਦਿਨ ਸਾਡੇ ਦਿਲਾਂ 'ਤੇ ਕੀ ਬੀਤੀ। ਕਿਵੇਂ ਸਿਰਫ ਰੋਟੀ ਦੇ ਸੁਪਨੇ ਦੇਖ ਰਹੇ ਲੋਕਾਂ ਦੀ ਅੰਤਰ-ਆਤਮਾ ਮਾਰੀ ਗਈ। ਆਪਣੇ ਬੱਚਿਆਂ ਲਈ ਬੇਸਬਰੀ ਨਾਲ ਖਾਣਾ ਭਾਲਦੀਆਂ ਮਾਵਾਂ 'ਤੇ ਕੀ ਬੀਤੀ ਹੋਊ। ਤੁਸੀਂ ਮਹਿਸੂਸ ਕਰ ਸਕਦੇ ਹੋ। ਅੱਖਾਂ ਦੀ ਚਮਕ ਬਣ ਕੇ ਆਈ ਇਹ ਉਮੀਦ, ਕਦੋਂ ਟੁੱਟ ਗਈ ਪਤਾ ਵੀ ਨੀਂ ਚੱਲਿਆ। ਪਿੱਛੇ ਸਿਰਫ ਭੁੱਖਮਰੀ, ਡਰ ਅਤੇ ਸਨਾਟਾ ਛੱਡ ਗਈ। ਇਹ ਕੋਈ ਪਹਿਲੀ ਵਾਰ ਨਹੀਂ ਵਾਪਰਿਆ। ਇਹ ਪਹਿਲਾਂ ਵੀ ਬਹੁਤ ਵਾਰ ਵਾਪਰ ਚੁੱਕਿਆ ਹੈ ਤੇ ਹੁਣ ਇਹ ਮੁੜ ਤੋਂ ਹੋਇਆ।
ਪਿਛਲੇ ਹਫਤੇ, ਹਮਾਸ ਵੱਲੋਂ ਜੰਗਬੰਦੀ ਦੀ ਪੇਸ਼ਕਸ਼ ਨੂੰ ਸਵੀਕਾਰਨ ਤੋਂ ਬਾਅਦ, ਇਜ਼ਰਾਇਲੀ ਪ੍ਰਧਾਨ ਮੰਤਰੀ ਬੈਂਜਾਮਿਨ ਨੇਤਨਯਾਹੂ ਦੁਆਰਾ ਵੀ ਜੰਗਬੰਦੀ ਦੇ ਐਲਾਨੀ ਸ਼ਬਦ ਨੂੰ ਅਸੀਂ ਉਡੀਕਦੇ ਹੀ ਰਹਿ ਗਏ। ਇਹ ਅਨਿਸ਼ਚਤਾ ਅਸਿਹ ਸੀ। ਕਈ ਦਿਨਾਂ ਦੀ ਚੁੱਪੀ ਧਾਰਨ ਤੋਂ ਬਾਅਦ, ਇਜ਼ਰਾਇਲੀ ਸਰਕਾਰ ਨੇ ਨਾ ਪੂਰੀਆਂ ਕੀਤੀਆਂ ਜਾਣ ਵਾਲੀਆਂ ਮੰਗਾਂ ਕਰਦਿਆਂ, ਜੰਗਬੰਦੀ ਦੀਆਂ ਇਹਨਾਂ ਨਵੀਆਂ ਕੋਸ਼ਿਸ਼ਾਂ ਨੂੰ ਖਤਮ ਕਰ ਦਿੱਤਾ। ਇਹਨਾਂ ਖਬਰਾਂ ਨੇ ਭੁੱਖਮਰੀ, ਉਜਾੜਾ, ਨਾ ਪੂਰਿਆ ਜਾਣ ਵਾਲੇ ਘਾਟੇ ਦਾ ਸੰਤਾਪ ਭੋਗਣ ਅਤੇ ਨਿਰਾਸ਼ਾ ਵਿੱਚ ਸੁੱਟ ਦਿੱਤਾ।
ਮੇਰਾ ਮੰਨਣਾ ਹੈ ਕਿ ਜੰਗਬੰਦੀ ਦੀਆਂ ਇਹ ਸ਼ੁਰਖੀਆਂ ਅਣਜਾਣੇ ਵਿੱਚ ਨਹੀਂ ਛੱਪਦੀਆਂ। ਇਹ ਗਾਜ਼ਾ ਲੋਕਾਂ ਨੂੰ ਸਜਾ ਦੇਣ ਦਾ ਇੱਕ ਨਵਾਂ ਰੂਪ ਹੈ। ਬੰਬਾਂ ਨਾਲ ਸਾਨੂੰ ਮਾਰਿਆ ਜਾਂਦਾ, ਭੁੱਖਮਰੀ 'ਚ ਧੱਕਿਆ ਜਾਂਦਾ, ਉਜਾੜਿਆ ਜਾਂਦਾ ਤੇ ਫਿਰ ਇਹਨਾਂ ਖਬਰੀ ਸੁਰਖੀਆਂ ਨਾਲ ਤੋੜਿਆ ਜਾਂਦਾ। ਜੰਗਬੰਦੀ ਦੀ ਉਮੀਦ ਸਾਡੇ ਸਾਹਮਣੇ ਹਵਾ ਵਿੱਚ ਲਟਕਾਈ ਜਾਂਦੀ ਹੈ, ਫਿਰ ਚਕਨਾਚੂਰ ਕਰ ਦਿੱਤੀ ਜਾਂਦੀ ਜੋ ਸਾਨੂੰ ਹਰ ਵਾਰ ਕਮਜ਼ੋਰ ਕਰ ਛੱਡਦੀ ਹੈ। ਇਹ ਯੋਜਨਾਬੱਧ ਤਰੀਕੇ ਨਾਲ ਕੀਤੀ ਜਾ ਰਹੀ ਸਾਜਿਸ਼ ਹੈ, ਜਿਸ ਦਾ ਮਕਸਦ ਲੋਕਾਂ ਦੀਆਂ ਉਮੀਦਾਂ ਨੂੰ ਤੋੜ, ਉਹਨਾਂ ਨੂੰ ਥਕਾਉਣਾ ਹੈ, ਉਹਨਾਂ ਦਾ ਮਨੋਬਲ ਤੋੜਨਾ ਹੈ। ਇਹ ਸਾਜਿਸ਼ ਸਾਨੂੰ ਲਗਾਤਾਰ ਅਨਿਸ਼ਚਤਾ ਵਿੱਚ ਰੱਖ ਕੇ, ਸਾਡੇ ਜਿਉਣ ਦੇ ਮਨੁੱਖੀ ਅਧਿਕਾਰ ਤੋਂ ਵਾਂਝੇ ਕਰਨ ਲਈ ਬਣਾਈ ਗਈ ਹੈ। ਇਹ ਘੁੰਮਣਘੇਰੀ ਵਿੱਚ ਉਮੀਦ ਦਾ ਜਾਗਣਾ ਤੇ ਫਿਰ ਟੁੱਟ ਜਾਣਾ, ਭੁੱਖਮਰੀ ਨਾਲੋਂ ਵੀ ਜਿਆਦਾ ਡੂੰਘੇ ਜਖ਼ਮ ਛੱਡ ਕੇ ਜਾਂਦੀ ਹੈ।
ਜਦੋਂ ਤੱਕ ਅਸੀਂ ਹਾਲਾਤ ਸੁਧਰਨ ਦੀਆਂ ਖਬਰਾਂ ਦੀ ਉਡੀਕ ਕਰਦੇ ਹਾਂ, ਭੁੱਖਮਰੀ ਸਾਨੂੰ ਹੋਰ ਤੋੜ ਸੁੱਟਦੀ ਹੈ। ਬਾਹਰ ਨਿਕਲੋ ਤਾਂ ਤੁਸੀਂ ਇਸ ਦਰਦ ਨੂੰ ਲੋਕਾਂ ਦੇ ਚਿਹਰਿਆਂ 'ਤੇ ਉੱਕਰਿਆ ਦੇਖਦੇ ਹੋ, ਆਦਮੀ ਹੰਝੂ ਪੂੰਝ ਰਹੇ ਹਨ, ਔਰਤਾਂ ਗਲੀਆਂ ਵਿੱਚ ਗਸ਼ ਖਾ-ਖਾ ਡਿੱਗ ਰਹੀਆਂ ਹਨ, ਬੱਚੇ ਐਨੇ ਕਮਜ਼ੋਰ ਹਨ ਕਿ ਖੇਡਣ ਤੋਂ ਵੀ ਅਸਮਰੱਥ ਹਨ। ਭੁੱਖ ਸਿਰਫ ਇੱਕ ਸਰੀਰਕ ਸਥਿਤੀ ਨਹੀਂ ਹੈ, ਇਹ ਇੱਕ ਉਹ ਅਸਹਿਣਯੋਗ ਬੋਝ ਹੈ ਜੋ ਤੁਹਾਡੀ ਅੰਤਰ-ਆਤਮਾ ਨੂੰ ਮਾਰਦਾ ਹੈ। ਮਾਵਾਂ ਖਾਣੇ ਦੀ ਯੋਜਨਾ ਬਣਾਉਣਾ ਹੀ ਬੰਦ ਕਰ ਦਿੰਦੀਆਂ ਹਨ ਕਿਉਂਕਿ ਉਹ ਵਾਅਦਾ ਨਹੀਂ ਕਰ ਸਕਦੀਆਂ ਕਿ ਉਹ ਖਾਣ ਲਈ ਕੁੱਝ ਜੁਟਾਅ ਵੀ ਸਕਣਗੀਆਂ ਜਾਂ ਨਹੀਂ। ਜੰਗ ਦੇ ਇਸ ਆਲਮ ਵਿੱਚ, ਬੱਚੇ ਬਹੁਤ ਜਲਦੀ ਸਿੱਖਦੇ ਹਨ ਕਿ ਕੋਈ ਚੰਗੀ ਖਬਰ ਅਕਸਰ ਅਗਲੀ ਹੀ ਸਵੇਰ ਤੱਕ ਖਤਮ ਹੋ ਜਾਂਦੀ ਹੈ। ਜਦੋਂ ਸਹਾਇਤਾ ਦਾ ਐਲਾਨ ਕੀਤਾ ਜਾਂਦਾ ਹੈ ਤਾਂ ਪਰਿਵਾਰ ਆਪਣਾ ਆਖਰੀ ਸਮਾਨ ਵੇਚ ਦਿੰਦੇ ਹਨ, ਪਰ ਜਦੋਂ ਇਹ ਸਹਾਇਤਾ ਵੀ ਨਹੀਂ ਪਹੁੰਚਦੀ ਤਾਂ ਪੱਲ੍ਹੇ ਕੁੱਝ ਵੀ ਨਹੀਂ ਬਚਦਾ।
ਵਾਰ-ਵਾਰ ਹੋਣ ਵਾਲੀ ਇਹ ਤਬਾਹੀ ਨਾਲ ਸਰਕਾਰਾਂ ਅਤੇ ਮੀਡੀਆ 'ਤੇ ਭਰੋਸਾ ਹੀ ਨਹੀਂ ਉੱਠਦਾ ਬਲਕਿ ਉਹ ਉਮੀਦ ਦੀ ਧਾਰਨਾ ਨੂੰ ਹੀ ਖਤਮ ਕਰ ਦਿੰਦੀ ਹੈ। ਇੱਥੇ ਹੁਣ ਲੋਕ ਇਹ ਨਹੀਂ ਪੁੱਛਦੇ ਕਿ “ਇਹ ਕਦੋਂ ਖਤਮ ਹੋਵੇਗਾ?” ਇਹ ਪੁੱਛਦੇ ਨੇ ਕਿ ਇਹ ਹੋਰ ਕਿੰਨਾ ਬਦਤਰ ਹੋਵੇਗਾ?”
ਵਿਸ਼ਵ ਖੁਰਾਕ ਪ੍ਰੋਗਰਾਮ ਦੇ ਅਨੁਸਾਰ, ਗਾਜ਼ਾ ਵਿੱਚ 100% ਲੋਕ ਹੁਣ ਭੋਜਨ ਅਸੁਰੱਖਿਆ ਦੇ ਗੰਭੀਰ ਪੱਧਰ ਤੱਕ ਪੀੜ੍ਹਤ ਹਨ, ਪੰਜ ਸਾਲ ਤੋਂ ਘੱਟ ਉਮਰ ਦੇ ਸਾਰੇ ਬੱਚੇ ਗੰਭੀਰ ਕੁਪੋਸ਼ਣ ਦਾ ਸਾਹਮਣਾ ਕਰ ਰਹੇ ਹਨ। ਅਕਾਲ ਦਾ ਅਧਿਕਾਰਤ ਤੌਰ 'ਤੇ ਐਲਾਨ ਕੀਤਾ ਜਾ ਚੁੱਕਾ ਹੈ।
ਇਜ਼ਰਾਇਲ ਇਹ ਲਗਾਤਾਰ ਦਾਅਵਾ ਕਰਦਾ ਆ ਰਿਹਾ ਕਿ ਉਹਨਾਂ ਦੁਆਰਾ ਕੀਤੀ ਗਈ ਨਾਕਾਬੰਦੀ ਸਿਰਫ ਹਮਾਸ ਦੀ ਸਪਲਾਈ ਕੱਟਣ ਲਈ ਹੈ। ਹਾਲਾਂਕਿ ਅਮਰੀਕੀ ਅਤੇ ਇਜ਼ਰਾਇਲੀ ਸਰਕਾਰ ਦੇ ਅਧਿਕਾਰੀ ਇਹ ਖੁਦ ਕਹਿੰਦੇ ਹਨ ਕਿ ਹਮਾਸ ਲੜਾਕਿਆਂ ਦੁਆਰਾ ਸਹਾਇਤਾ ਲੁੱਟਣ ਦਾ ਕੋਈ ਸਬੂਤ ਨਹੀਂ ਹੈ।
ਐਮਨੈਸਟੀ ਇੰਟਰਨੈਸ਼ਨਲ ਨੇ ਗਾਜਾ ਦੀ ਇਜ਼ਰਾਇਲ ਦੁਆਰਾ ਕੀਤੀ ਗਈ ਘੇਰਾਬੰਦੀ ਨੂੰ “ਸਮੂਹਿਕ ਸਜ਼ਾ” ਅਤੇ “ਘੋਰ ਯੁੱਧ ਅਪਰਾਧ” ਘੋਸ਼ਿਤ ਕੀਤਾ ਹੈ। ਜੇਨੇਵਾ ਵਿੱਚ ਹੋਈਆਂ ਕਨਵੈਨਸ਼ਨਾਂ, ਇਜ਼ਰਾਈਲ ਦੁਆਰਾ ਦਿੱਤੀ ਜਾ ਰਹੀ “ਸਮੂਹਿਕ ਸਜ਼ਾ” ਅਤੇ ਜਬਰਦਸਤੀ ਮੜ੍ਹੀ ਭੱਖਮਰੀ 'ਤੇ ਸਪੱਸ਼ਟ ਤੌਰ 'ਤੇ ਪਾਬੰਦੀ ਲਗਾਉਂਦੀਆਂ ਹਨ। ਇਸ ਲਈ ਮੈਂ ਇਹ ਪੁੱਛੇ ਬਿਨਾਂ ਨਹੀਂ ਰਹਿ ਸਕਦਾ ਕਿ ਇਸ ਸਭ ਦੇ ਬਾਵਜੂਦ, ਦੁਨੀਆਂ ਕਿੱਥੇ ਵਸਦੀ ਹੈ? ਇੱਕ ਪੂਰਾ ਗ੍ਰਹਿ ਕਿਵੇਂ 20 ਲੱਖ ਲੋਕਾਂ ਨੂੰ ਬੰਬਾਂ ਨਾਲ ਮਰਦੇ, ਉੱਜੜਦੇ, ਭੁੱਖ ਮਰਦੇ ਅਤੇ ਇੱਜ਼ਤ ਤੋਂ ਵਾਂਝੇ ਹੁੰਦਾ ਵੇਖ ਸਕਦਾ ਹੈ ਅਤੇ ਫਿਰ ਵੀ ਕੁੱਝ ਨਹੀਂ ਕਰਦਾ?
ਇਹ ਚੁੱਪ ਖਤਰਨਾਕ ਹੈ, ਇਹ ਵੀ ਅੰਤਰ-ਆਤਮਾ ਨੂੰ ਉਨ੍ਹਾਂ ਹੀ ਮਾਰਦੀ ਹੈ ਜਿੰਨੀ ਭੁੱਖ। ਇਸਦਾ ਮਤਲਬ ਅਸੀਂ ਸਮਝਦੇ ਹਾਂ ਕਿ ਇਸ ਦੁਨੀਆਂ ਨੂੰ ਸਾਡੀ ਹੋਣੀ ਸਵੀਕਾਰਯੋਗ ਹੈ। ਕਿ ਸਾਡੀਆਂ ਜ਼ਿੰਦਗੀਆਂ ਬਿੰਨਾਂ ਕਿਸੇ ਸਿੱਟੇ ਦੇ ਖਤਮ ਹੋ ਸਕਦੀਆਂ ਹਨ। ਇਤਿਹਾਸ ਉਨ੍ਹਾਂ ਸਭਨਾਂ ਲੋਕਾਂ ਤਾਂ ਯਾਦ ਰੱਖੂਗਾ ਹੀ ਜਿੰਨਾ ਨੇ ਇਹ ਘੋਰ ਅਪਰਾਧ ਕੀਤੇ, ਉਹਨਾਂ ਲੋਕਾਂ ਨੂੰ ਵੀ ਯਾਦ ਰੱਖੂਗਾ ਜੋ ਉਹਨਾਂ ਦੇ ਨਾਲ ਖੜ੍ਹੇ ਅਤੇ ਇਸ ਘੋਰ ਅਪਰਾਧ ਨੂੰ ਹੋਣ ਦਿੱਤਾ।
-ਸ਼ੋਗ ਮੁਖਾਈਮਾਰ
(ਅਲਜਜ਼ੀਰਾ 'ਤੇ ਪ੍ਰਕਾਸ਼ਿਤ ਲਿਖਤ ਦਾ ਅਨੁਵਾਦ)
No comments:
Post a Comment