ਭਾਰਤ ਅਮਰੀਕਾ ਵਪਾਰ ਸਮਝੌਤੇ ਖਿਲਾਫ਼ ਲਾਮਬੰਦੀ
ਅਮਰੀਕਾ ਭਾਰਤ ਵਿਚਕਾਰ ਵਪਾਰਕ ਸਮਝੌਤੇ ਦੀ ਚੱਲ ਰਹੀ ਵਾਰਤਾ ਖ਼ਿਲਾਫ਼ ਲੋਕ ਮੋਰਚਾ ਪੰਜਾਬ ਵੱਲੋਂ ਇਸ ਵਾਰਤਾ ਨੂੰ ਰੱਦ ਕਰਾਉਣ ਦਾ ਲੋਕਾਂ ਨੂੰ ਸੱਦਾ ਦਿੰਦੀਆਂ ਮੀਟਿੰਗਾਂ ਜਥੇਬੰਦ ਕੀਤੀਆਂ ਗਈਆਂ ਹਨ। ਇਹਨਾਂ ਮੀਟਿੰਗਾਂ ਵਿੱਚ ਜਥੇਬੰਦੀਆਂ ਵਿੱਚ ਸਰਗਰਮ ਕਿਸਾਨਾਂ, ਮਜ਼ਦੂਰਾਂ, ਨੌਜਵਾਨਾਂ, ਵਿਦਿਆਰਥੀਆਂ, ਅਧਿਆਪਕਾਂ,ਕਿਸਾਨ-ਮਜ਼ਦੂਰ ਔਰਤਾਂ,ਠੇਕਾ ਭਰਤੀ ਮੁਲਜ਼ਮਾਂ ਨੇ ਭਾਗ ਲਿਆ।
ਇਸ ਵਾਰਤਾ ਦੀਆਂ ਛਟ ਕੇ ਆ ਰਹੀਆਂ ਗੱਲਾਂ ਲੋਕ ਦੋਖੀ ਤੇ ਮੁਲਕ ਦੋਖੀ ਹਨ। ਅਮਰੀਕਨ ਸਾਮਰਾਜੀ ਸਰਗਣਾ ਡੋਨਲਡ ਟਰੰਪ ਆਪਣੇ ਮੁਲਕ ਦੇ ਵਪਾਰਕ ਘਾਟੇ ਨੂੰ ਭਾਰਤ ਸਿਰ ਮੜ੍ਹਨ ਦੀ ਸਾਮਰਾਜੀ ਧੌਂਸ ਦਿਖਾ ਰਿਹਾ ਹੈ। ਉਹ ਚਾਹੁੰਦਾ ਭਾਰਤ ਦੀ ਮੰਡੀ ਉਹਦੇ ਲਈ ਖੋਲ੍ਹੀ ਜਾਵੇ। ਸਭ ਰੋਕਾਂ ਹਟਾਈਆਂ ਜਾਣ। ਦਰਾਮਦਾਂ ਬਰਾਮਦਾਂ ਦਾ ਟੈਰਿਫ ਖ਼ਤਮ ਕੀਤਾ ਜਾਵੇ। ਖੇਤੀ ਖੇਤਰ ਵਿੱਚ ਜ਼ਹਿਰਾਂ ਭਰਪੂਰ ਮੱਕੀ ਤੇ ਸੋਇਆਬੀਨ ਅਤੇ ਮਾਸਾਹਾਰੀ ਦੁੱਧ ਤੇ ਅਨੇਕਾਂ ਹੋਰ ਬੇਲੋੜੀਆਂ ਵਸਤਾਂ ਉਸ ਤੋਂ ਖਰੀਦੀਆਂ ਜਾਣ। ਉਸਦੀ ਪ੍ਰਵਾਨਗੀ ਤੋਂ ਬਿਨਾਂ ਕਿਸੇ ਹੋਰ ਦੇਸ਼ ਨਾਲ ਵਿਸ਼ੇਸ਼ ਕਰਕੇ ਰੂਸ ਨਾਲ ਵਪਾਰਕ ਦੇਣ ਲੈਣ ਕਰਨ ਉੱਤੇ ਭਾਰੀ ਜੁਰਮਾਨੇ ਮੜਨ ਤੇ ਸਖਤ ਪਾਬੰਦੀਆਂ ਲਾਉਣ ਦੀਆਂ ਧਮਕੀਆਂ ਦੇ ਰਿਹਾ ਹੈ। ਇਹ ਵਾਰਤਾ ਭਾਰਤ ਉਪਰ ਨੰਗਾ ਚਿੱਟਾ ਸਾਮਰਾਜੀ ਹੱਲਾ ਹੈ। ਭਾਰਤ ਦੀ ਭਾਜਪਾਈ ਸਰਕਾਰ ਇਸ ਧੌਂਸ ਮੂਹਰੇ ਭਿੱਜੀ ਬਿੱਲੀ ਬਣੀ ਬੈਠੀ ਹੈ। ਪਹਿਲਾਂ ਤੋਂ ਚੱਲੇ ਆ ਰਹੇ ਸਾਮਰਾਜ ਦੀ ਚਾਕਰੀ ਵਾਲੇ ਰੋਲ ਨੂੰ ਜਾਰੀ ਰੱਖ ਰਹੀ ਹੈ। ਬੁਲਾਰਿਆਂ ਨੇ ਸੱਦਾ ਦਿੱਤਾ ਕਿ ਇਹ ਵਾਰਤਾ ਰੱਦ ਹੋਣੀ ਚਾਹੀਦੀ ਹੈ। ਇਹਦੇ ਲਈ ਇਹ ਅਮਰੀਕਨ ਸਾਮਰਾਜੀ ਹੱਲਾ ਨਿਸ਼ਾਨੇ ਹੇਠ ਆਵੇ ਤੇ ਭਾਰਤੀ ਹਕੂਮਤ 'ਤੇ ਲੋਕ ਤਾਕਤ ਦਾ ਦਬਾਅ ਬਣੇ ਕਿ ਉਹ ਇਸ ਵਾਰਤਾ ਨੂੰ ਮੂਲੋਂ ਰੱਦ ਕਰੇ ਅਤੇ ਸਾਮਰਾਜੀ ਅਧੀਨਗੀ ਦਾ ਰਸਤਾ ਛੱਡ ਕੇ ਮੁਲਕ ਅੰਦਰ ਲੋਕ ਪੱਖੀ ਆਜ਼ਾਦ ਵਿਕਾਸ ਦਾ ਰਾਹ ਅਖਤਿਆਰ ਕਰੇ।
ਇਕੱਤੀ ਜੁਲਾਈ ਸ਼ਹੀਦ ਊਧਮ ਸਿੰਘ ਦੇ ਸ਼ਹੀਦੀ ਦਿਹਾੜੇ ਵਾਲੇ ਦਿਨ ਸ਼ਹੀਦ ਦੀ ਸ਼ਹਾਦਤ ਨੂੰ ਸਿਜਦਾ ਕਰਨ ਉਪਰੰਤ ਮੀਟਿੰਗਾਂ ਦਾ ਇਹ ਸਿਲਸਿਲਾ ਸ਼ੂਰੂ ਕੀਤਾ ਗਿਆ। ਇਸ ਦਿਨ ਬਠਿੰਡਾ, ਮੂਣਕ (ਸੰਗਰੂਰ) ਤੇ ਮਲੋਟ (ਮੁਕਤਸਰ) ਵਿਖੇ ਇਕੱਤਰਤਾਵਾਂ ਕੀਤੀਆਂ ਗਈਆਂ। ਬਠਿੰਡਾ ਵਿਖੇ ਮਾਰਚ ਕੀਤਾ ਗਿਆ। ਇਸ ਤੋਂ ਅਗਲੇ ਦਿਨਾਂ ਵਿੱਚ ਉਗਰਾਹਾਂ (ਸੰਗਰੂਰ) ਕੁਠਾਲਾ (ਮਲੇਰਕੋਟਲਾ) ਤੇ ਸੰਘੇੜਾ (ਬਰਨਾਲਾ) ਜ਼ਿਲ੍ਹੇ ਪੱਧਰ ਦੇ ਸਰਗਰਮਾਂ ਦੀਆਂ ਮੀਟਿੰਗਾਂ ਹੋਈਆਂ। ਬੁਢਲਾਡਾ (ਮਾਨਸਾ) ਲੰਬੀ ਤੇ ਦੋਦਾ (ਮੁਕਤਸਰ) ਦੀਆਂ ਮੀਟਿੰਗਾਂ ਵਿੱਚ ਬਲਾਕ ਪੱਧਰ ਦੇ ਸਰਗਰਮ ਸ਼ਾਮਲ ਹੋਏ। ਜਿਉਂਦ (ਬਠਿੰਡਾ) ਪਿੰਡ ਤੇ ਲਹਿਰਾ ਥਰਮਲ ਠੇਕਾ ਮੁਲਾਜ਼ਮਾਂ ਦੀਆਂ ਮੀਟਿੰਗਾਂ ਹੋਈਆਂ ਹਨ।
ਮੀਟਿੰਗ ਦਾ ਇਹ ਏਜੰਡਾ ਪਹਿਲੇ ਏਜੰਡਿਆਂ ਨਾਲੋਂ ਵੱਖਰਾ ਸੀ। ਪਹਿਲਾਂ ਮੋਰਚੇ ਨੇ ਉਹਨਾਂ ਏਜੰਡਿਆਂ 'ਤੇ ਮੀਟਿੰਗਾਂ ਕੀਤੀਆਂ ਹਨ, ਜਿਹਨਾਂ ਉੱਤੇ ਮੀਟਿੰਗਾਂ ਵਿੱਚ ਆਉਣ ਵਾਲੇ ਹਿੱਸੇ ਖੁਦ ਸਰਗਰਮੀ ਵਿੱਚ ਹੁੰਦੇ ਹਨ ਜਾਂ ਏਜੰਡਾ ਮਸਲੇ ਵਜੋਂ ਸਮਾਜਿਕ ਸਿਆਸੀ ਪੱਧਰ ਉੱਤੇ ਲੋਕਾਂ ਵਿਸ਼ੇਸ਼ ਕਰਕੇ ਸੰਘਰਸ਼ਸ਼ੀਲ ਹਿੱਸਿਆਂ ਦਾ ਉੱਭਰਵਾਂ ਸਰੋਕਾਰ ਬਣਿਆ ਹੋਇਆ ਹੁੰਦਾ ਸੀ।
ਫਿਰ ਵੀ ਹਰ ਮੀਟਿੰਗ ਅੰਦਰ ਹਾਜ਼ਰ ਹਿੱਸਿਆਂ ਨੇ ਬੁਲਾਰਿਆਂ ਨੂੰ ਸੁਣਨ ਵਿੱਚ ਦਿਲਚਸਪੀ ਦਿਖਾਈ। ਹਰ ਗੱਲ ਧਿਆਨ ਨਾਲ ਸੁਣੀ। ਮੀਟਿੰਗ ਦੀ ਸਮਾਪਤੀ 'ਤੇ ਸੁਣਨ ਉਪਰੰਤ ਸਭਨਾਂ ਮੀਟਿੰਗਾਂ ਵਾਲਿਆਂ ਨੇ ਕਿਹਾ ਕਿ ਇਹ ਮੀਟਿੰਗਾਂ ਹੁੰਦੀਆਂ ਰਹਿਣ, ਇਹ ਸਾਡੇ ਲਈ ਸਹਾਈ ਹੁੰਦੀਆਂ ਹਨ। ਸੰਘਰਸ਼ ਸਰਗਰਮੀ ਵੇਲੇ ਇਹ ਦਲੀਲਾਂ ਕੰਮ ਆਉਂਦੀਆ ਹਨ। ਇਸ ਵਾਰਤਾ ਨੂੰ ਰੱਦ ਕਰਾਉਣ ਦੀ ਗੱਲ ਹੇਠਾਂ ਲੈ ਕੇ ਜਾਵਾਂਗੇ।
--0--
No comments:
Post a Comment