ਅਮਰੀਕੀ ਟੈਰਿਫਾਂ ਦੀ ਭਿਆਨਕ ਮਾਰ
ਉਜੱੜੇਗੀ ਬਰਾਮਦ-ਮੁਖੀ ਸਨਅਤ ਤੇ ਰੁਜ਼ਗਾਰ
ਅਮਰੀਕਾ ਵੱਲੋਂ ਭਾਰਤੀ ਬਰਾਮਦਾਂ ਉੱਪਰ ਮੜ੍ਹੇ 50 ਫੀਸਦੀ ਟੈਰਿਫ ਦੇ 27 ਅਗਸਤ ਤੋਂ ਲਾਗੂ ਹੋ ਜਾਣ ਦੇ ਬਾਅਦ ਅਮਰੀਕਾ ਨੂੰ ਮਾਲ ਬਾਰਮਦ ਕਰਨ ਵਾਲੀ ਸਨਅਤ 'ਚ ਹਾਹਾਕਾਰ ਮੱਚ ਗਈ ਹੈ। ਭਾਰਤੀ ਮਾਲ ਦੇ ਅਮਰੀਕਨ ਬਾਜ਼ਾਰ 'ਚ ਪਹਿਲਾਂ ਨਾਲੋਂ ਡੂਢਾ ਮਹਿੰਗਾ ਹੋ ਜਾਣ ਕਰਕੇ ਇਸਦੀ ਮੰਗ ਘੱਟ ਜਾਵੇਗੀ ਅਤੇ ਇਹ ਘੱਟ ਟੈਰਿਫ ਵਾਲੇ ਮੁਲਕਾਂ ਦੇ ਮੁਕਾਬਲੇ 'ਚ ਅਮਰੀਕਨ ਮੰਡੀ 'ਚ ਟਿਕ ਨਹੀਂ ਸਕੇਗਾ। ਟੈਰਿਫ ਲਾਗੂ ਹੋਣ ਤੋਂ ਪਹਿਲਾਂ ਹੀ ਇਸਦੀ ਮੰਗ ਨਾ ਰਹਿਣ ਦੇ ਸ਼ੰਕੇ ਕਰਕੇ ਪੈਦਾਵਾਰ ਦਾ ਅਮਲ ਠੱਪ ਹੋਣ, ਆਰਡਰਾਂ ਨੂੰ ਰੋਕ ਕੇ ਰੱਖਣ, ਆਰਡਰ ਕੈਂਸਲ ਕਰਨ ਦਾ ਅਮਲ ਆਰੰਭ ਹੋ ਚੁੱਕਿਆ ਹੈ। ਕਾਰੀਗਰ ਕਾਮਿਆਂ ਦੀ ਛਾਂਟੀ ਸ਼ੁਰੂ ਹੋ ਗਈ ਹੈ ਅਤੇ ਇਸ ਮਸਲੇ ਦਾ ਕੋਈ ਹੱਲ ਨਾ ਨਿਕਲਣ ਦੀ ਸੂਰਤ 'ਚ ਇਹਨਾਂ ਬਰਾਮਦੀ ਕਾਰੋਬਰਾਂ ਦੀ ਤਬਾਹੀ, ਲੱਖਾਂ ਕਾਮਿਆਂ ਦੀ ਛਾਂਟੀ, ਇਹਨਾਂ ਕਾਰੀਗਰਾਂ, ਕਾਮਿਆਂ ਅਤੇ ਸਪਲਾਈ ਚੇਨ 'ਚ ਹਿੱਸੇਦਾਰ ਹੋਰ ਅਨੇਕ ਸਹਾਇਕ ਕਾਰੋਬਾਰਾਂ ਤੇ ਪਰਿਵਾਰਾਂ ਦਾ ਭਵਿੱਖ ਅਨਿਸ਼ਚਤਤਾ, ਅਤੇ ਅੰਧੇਰੇ ਦੇ ਮੂੰਹ ਧੱਕਿਆ ਜਾਣਾ ਹੈ। ਇੱਕ ਵਿਆਪਕ ਮਨੁੱਖੀ ਸੰਕਟ ਪੈਦਾ ਹੋ ਸਕਦਾ ਹੈ।
ਵੈਸੇ ਤਾਂ ਇਹ ਟੈਰਿਫ ਹੁਣੇ ਹੁਣੇ ਲਾਗੂ ਹੋਣ ਕਰਕੇ ਇਹਨਾਂ ਦੀ ਹਕੀਕੀ ਮਾਰ ਦੀ ਤਸਵੀਰ ਉੱਘੜਨ 'ਚ ਕੁਝ ਸਮਾਂ ਲੱਗੇਗਾ ਪਰ ਫਿਰ ਵੀ ਅੱਡ ਅੱਡ ਬਰਾਮਦੀ ਸਨਅਤਾਂ ਉੱਤੇ ਸੰਭਾਵੀ ਅਸਰ ਦਾ ਹੁਣ ਵੀ ਕਾਫੀ ਹੱਦ ਤੱਕ ਲੱਖਣ ਲਾਇਆ ਜਾ ਸਕਦਾ ਹੈ। ਇਸ ਦੀ ਸੰਖੇਪ ਚਰਚਾ ਹੇਠਾਂ ਹਾਜ਼ਰ ਹੈ।
ਅਮਰੀਕਾ ਨੂੰ ਬਰਾਮਦ ਕੀਤੇ ਜਾਣ ਵਾਲੀਆਂ ਵਸਤਾਂ 'ਚ ਇੱਕ ਅਹਿਮ ਆਈਟਮ ਤਰਾਸ਼ੇ ਹੋਏ ਹੀਰੇ, ਮਾਨਕ ਅਤੇ ਗਹਿਣੇ ਹਨ। ਗੁਜਰਾਤ ਇਸ ਹੀਰਾ ਕਾਰੋਬਾਰ ਦੀ ਮੁੱਖ ਹੱਬ ਹੈ। ਸਾਲ 2024-25 'ਚ ਭਾਰਤ ਨੇ ਲਗਭਗ 10 ਬਿਲੀਅਨ ਡਾਲਰ ਦੇ ਹੀਰੇ ਜਾਂ ਹੀਰੇ ਜੜੀ ਜਿਊਲਰੀ ਅਮਰੀਕਾ ਨੂੰ ਬਰਾਮਦ ਕੀਤੀ ਸੀ ਜੋ ਹੀਰਿਆਂ ਦੀ ਕੁੱਲ ਬਰਾਮਦ ਦਾ 40 ਫੀਸਦੀ ਭਾਗ ਸੀ। ਪਿਛਲੇ ਸਾਲ ਇਸ ਤੇ ਟੈਰਿਫ ਦਰ ਮਹਿਜ਼ 2.1% ਸੀ। ਜੋ ਹੁਣ ਵੱਧ ਕੇ 52% ਹੋ ਗਈ। ਅਮਰੀਕਨ ਬਾਜ਼ਾਰ 'ਚ ਇਹ ਭਾਰਤੀ ਮਾਲ ਜੇ ਨਹੀਂ ਵਿਕਦਾ ਤਾਂ ਏਡੀ ਵੱਡੀ ਮਾਤਰਾ ਲਈ ਛੇਤੀ ਕਿਤੇ ਬਾਜ਼ਾਰ ਲੱਭਣਾ ਆਸਾਨ ਨਹੀਂ। ਇਸੇ ਕਰਕੇ ਗੁਜਰਾਤ ਦੀ ਹੀਰਾ ਸਨਅਤ 'ਚ ਸੋਗ ਪਸਰ ਗਿਆ ਹੈ। ਇਕੱਲੇ ਸੂਰਤ 'ਚ 12 ਲੱਖ ਦੇ ਕਰੀਬ ਕਾਮੇ ਇਸ ਸਨਅਤ ਨਾਲ ਜੁੜੇ ਦੱਸੇ ਜਾਂਦੇ ਹਨ। ਪ੍ਰਾਪਤ ਖ਼ਬਰਾਂ ਅਨੁਸਾਰ ਲਗਭਗ ਇਕ ਲੱਖ ਹੀਰਾ ਕਾਮਿਆਂ ਦੀ ਤਾਂ ਟੈਰਿਫ ਲਾਗੂ ਹੋਣ ਤੋਂ ਪਹਿਲਾਂ ਹੀ ਛੁੱਟੀ ਕਰ ਦਿੱਤੀ ਗਈ ਸੀ। ਮਾਲ ਦੀ ਮੰਗ ਘਟਦਿਆਂ ਹੀ ਲੱਖਾਂ ਹੋਰ ਕਾਮਿਆਂ ਸਿਰ ਛਾਂਟੀ ਦੀ ਤਲਵਾਰ ਲਟਕ ਰਹੀ ਹੈ। ਕਾਰੋਬਾਰਾਂ ਦਾ ਵਿਆਪਕ ਪੈਮਾਨੇ 'ਤੇ ਉਜਾੜਾ ਹੋਣਾ ਨਿਸ਼ਚਿਤ ਹੈ।
ਅਮਰੀਕਾ ਨੂੰ ਵੱਡੇ ਪੱਧਰ 'ਤੇ ਕੀਤੀਆਂ ਜਾਂਦੀਆਂ ਬਰਾਮਦਾਂ 'ਚੋਂ ਕੱਪੜਾ ਅਤੇ ਬਸਤਰ ਉਦਯੋਗ ਦਾ ਅਹਿਮ ਸਥਾਨ ਹੈ। ਸਾਲ 2024-25 'ਚ ਇਸ ਉਦਯੋਗ ਵੱਲੋਂ 10.8 ਅਰਬ ਡਾਲਰ ਦੀਆਂ ਬਰਾਮਦਾਂ ਅਮਰੀਕਾ ਨੂੰ ਕੀਤੀਆਂ ਗਈਆਂ ਜੋ ਭਾਰਤ 'ਚੋਂ ਇਸ ਮਾਲ ਦੀਆਂ ਬਰਾਮਦਾਂ ਦਾ 35% ਹਿੱਸਾ ਸਨ ਭਾਰਤ 'ਚ ਇਸ ਉਦਯੋਗ ਨਾਲ ਜੁੜੇ ਦਸ ਵੱਡੇ ਕਲਸਟਰ ਹਨ। ਨਵੀਆਂ ਟੈਰਿਫ ਦਰਾਂ ਲਾਗੂ ਹੋਣ ਨਾਲ ਅਮਰੀਕਾ 'ਚ ਟੈਰਿਫ ਦਰਾਂ ਵੱਧ ਕੇ 63.9 ਫੀਸਦੀ ਹੋ ਗਈਆਂ ਹਨ। ਇਨ੍ਹਾਂ ਉੱਚੀਆਂ ਟੈਰਿਫ ਦਰਾਂ ਦਾ ਭਾਰਤੀ ਬਰਾਮਦਾਂ ਦੀ ਮੰਗ ਤੇ ਬਹੁਤ ਹੀ ਘਾਤਕ ਅਸਰ ਹੋਵੇਗਾ। ਵੀਅਤਨਾਮ ਬੰਗਲਾਦੇਸ਼ ਅਤੇ ਘੱਟ ਟੈਰਿਫ ਦਰਾਂ ਵਾਲੇ ਹੋਰ ਮੁਲਕਾਂ ਦੇ ਮਾਲ ਦੇ ਮੁਕਾਬਲੇ ਭਾਰਤੀ ਮਾਲ ਟਿਕ ਨਹੀਂ ਸਕੇਗਾ। ਪ੍ਰਾਪਤ ਖ਼ਬਰਾਂ ਅਨੁਸਾਰ ਤਾਮਿਲਨਾਡੂ 'ਚ ਤਰੀਪੁਰ, ਨੋਇਡਾ, ਸੂਰਤ ਆਦਿ 'ਚ ਪੈਦਾਵਾਰ ਦਾ ਅਮਲ ਰੁਕ ਚੁੱਕਿਆ ਹੈ। ਨੋਇਡਾ ਤੇ ਗੁਰੂਗ੍ਰਾਮ 'ਚ ਸਮਰਥਾ ਵਾਧੇ ਦੀਆਂ ਸਕੀਮਾਂ ਨੂੰ ਬਰੇਕ ਲੱਗ ਗਏ ਹਨ। ਲੁਧਿਆਣਾ 'ਚ ਜਾਰਨ ਅਤੇ ਫੈਬਰਿਕ ਦੀ ਵਿਕਰੀ 'ਚ ਮੰਦਾ ਛਾ ਗਿਆ ਹੈ। ਕਾਰੋਬਾਰਾਂ 'ਚ ਲਾਇਆ ਪੈਸਾ ਜਾਮ ਹੋ ਗਿਆ ਹੈ। ਬੈਂਗਲੂਰੂ 'ਚ ਸ਼ਿਫਟਾਂ 'ਚ ਕੱਟ ਲੱਗਣੇ ਸ਼ੁਰੂ ਹੋ ਗਏ ਹਨ। ਕੱਪੜੇ ਅਤੇ ਬਸਤਰ ਸਨਅਤ ਵੱਲੋਂ ਘੱਟ ਟੈਰਿਫ ਵਾਲੇ ਮੁਲਕਾਂ 'ਚ ਪਲੈਨ ਕਰਨ ਦੀਆਂ ਸਕੀਮਾਂ ਬਣਨ ਲੱਗ ਪਈਆਂ ਹਨ। ਲੱਖਾਂ ਦੀ ਗਿਣਤੀ 'ਚ, ਜਿਨ੍ਹਾਂ 'ਚ ਕਾਫੀ ਵੱਡੀ ਗਿਣਤੀ ਔਰਤਾਂ ਦੀ ਹੈ, ਕਾਮਿਆਂ ਦਾ ਭਵਿੱਖ ਅਨਿਸ਼ਚਿਤ ਹੋ ਗਿਆ ਹੈ।
ਭਾਰਤ ਨੇ ਪਿਛਲੇ ਸਾਲ ਅਮਰੀਕਾ ਨੂੰ 1.2 ਅਰਬ ਡਾਲਰ ਦੇ ਗਲੀਚੇ ਬਰਾਮਦ ਕੀਤੇ ਸਨ। ਭਾਰਤੀ ਗਲੀਚਿਆਂ ਉੱਤੇ ਟੈਰਿਫ ਵਧਕੇ ਹੁਣ 52.9 ਫੀਸਦੀ ਹੋ ਗਿਆ ਹੈ। ਯੂ.ਪੀ. 'ਚ ਭਦੋਹੀ ਗਲੀਚਾ ਸਨਅਤ ਦਾ ਉੱਘਾ ਕੇਂਦਰ ਹੈ ਜਿੱਥੇ ਸਾਲਾਨਾਂ ਲਗਭੱਗ 20 ਹਜ਼ਾਰ ਕਰੋੜ ਦਾ ਕਾਰੋਬਾਰ ਹੁੰਦਾ ਹੈ। ਲੱਖਾਂ ਦੇ ਕਰੀਬ ਲੋਕ ਇਸ ਕਾਰੋਬਾਰ ਨਾਲ ਸਿੱਧੇ ਅਸਿੱਧੇ ਜੁੜੇ ਹੋਏ ਹਨ। ਉੱਚੀਆਂ ਟੈਰਿਫ ਦਰਾਂ ਕਰਕੇ ਹੁਣ ਭਾਰਤੀ ਗਲੀਚੇ ਤੁਰਕੀ, ਕੋਲੰਬੀਆਂ ਆਦਿਕ ਮੁਲਕਾਂ ਤੋਂ ਕੀਤੀਆਂ ਬਰਾਮਦਾਂ ਦਾ ਮੁਕਾਬਲਾ ਨਹੀਂ ਕਰ ਸਕਣਗੇ।
ਵਪਾਰ ਅਤੇ ਸਨਅਤ ਮੰਤਰਾਲੇ ਅਨੁਸਾਰ, ਪਿਛਲੇ ਸਾਲ ਭਾਰਤ ਨੇ ਅਮਰੀਕਾ ਨੂੰ 2.4 ਅਰਬ ਡਾਲਰ ਦੀ ਝੀਂਗਾ ਮੱਛੀ ਬਰਾਮਦ ਕੀਤੀ ਸੀ ਜੋ ਕਿ ਮੱਛੀ ਦੀਆਂ ਕੁੱਲ ਬਰਾਮਦਾਂ ਦਾ 32.4 ਫੀਸਦੀ ਸੀ। ਇਸ ਮੱਛੀ 'ਤੇ ਪਹਿਲਾਂ 10 ਫੀਸਦੀ ਦਰਾਮਦੀ ਡਿਊਟੀ ਸੀ ਜੋ ਹੁਣ ਵਧਕੇ 60 ਫੀਸਦੀ ਹੋ ਗਈ ਹੈ। 7ਅਗਸਤ ਨੂੰ ਜਦ ਸਿਰਫ਼ 25 ਫੀਸਦੀ ਪਰਤਵੀਂ ਟੈਰਿਫ ਲਾਗੂ ਹੋਈ ਸੀ ਤਾਂ ਝੀਂਗਾ ਮੱਛੀ ਪੈਦਾ ਕਰਨ ਵਾਲੇ ਆਂਧਰਾ ਦੇ ਕਿਸਾਨਾਂ ਤੋਂ ਮੱਛੀ ਦੀ ਖਰੀਦ ਦੇ ਭਾਅ 20 ਤੋਂ 25 ਫੀਸਦੀ ਡਿੱਗ ਪਏ ਸਨ। ਹੁਣ 50 ਪ੍ਰਤੀਸ਼ਤ ਟੈਰਿਫ ਲਾਗੂ ਹੋਣ ਨਾਲ ਬਰਾਮਦਾ ਬਹੁਤ ਹੀ ਘੱਟ ਜਾਣਗੀਆਂ ਤੇ ਕੀਮਤਾਂ ਹੋਰ ਗਰਕ ਜਾਣਗੀਆਂ। ਲੱਖਾਂ ਝੀਂਗਾ ਮੱਛੀ ਪਾਲਕ ਕਿਸਾਨ ਬਰਬਾਦ ਹੋ ਜਾਣਗੇ। ਭਾਰਤ ਨੂੰ ਅਰਬਾਂ ਡਾਲਰ ਦੀ ਕਮਾਈ ਖੁੱਸ ਜਾਵੇਗੀ।
ਕਾਨਪੁਰ ਅਤੇ ਆਗਰਾ ਚਮੜੇ ਦੇ ਕਾਰੋਬਾਰ ਦੇ ਵੱਡੇ ਕੇਂਦਰ ਹਨ। ਜਿੱਥੋਂ ਹਰ ਸਾਲ ਲਗਭਗ ਦੋ-ਢਾਈ ਹਜ਼ਾਰ ਕਰੋੜ ਰੁਪਏ ਦਾ ਚਮੜੇ ਦਾ ਮਾਲ ਬਰਾਮਦ ਕੀਤਾ ਜਾਂਦਾ ਹੈ। ਇਕੱਲੇ ਆਗਰਾ ਤੋਂ ਹਰ ਸਾਲ 7 ਤੋਂ 8 ਲੱਖ ਜੋੜੇ ਚਮੜੇ ਦੇ ਬੂਟਾਂ ਦੇ ਬਰਾਮਦ ਕੀਤੇ ਜਾਂਦੇ ਹਨ।
ਉਪਰੋਕਤ ਤੋਂ ਇਲਾਵਾ ਹੋਰ ਅਨੇਕਾਂ ਥਾਵਾਂ ਤੋਂ ਅਨੇਕ ਕਿਸਮ ਦਾ ਮਾਲ ਅਮਰੀਕਾ ਨੂੰ ਬਰਾਮਦ ਕੀਤਾ ਜਾਂਦਾ ਹੈ। ਜਿਸ ਵਿੱਚ ਹੈਂਡੀਕਰਾਫਟਸ, ਫਰਨੀਚਰ ਤੇ ਬਿਸਤਰ, ਖੇਤੀਬਾੜੀ ਪੈਦਾਵਾਰ (ਜਿਵੇਂ ਬਾਸਮਤੀ ਚੌਲ, ਗਰਮ ਮਸਾਲੇ, ਚਾਹ, ਸ਼ਹਿਦ, ਦਾਲਾਂ, ਤਿਲ ਆਦਿਕ) ਆਟੋ ਪਾਰਟਸ, ਐਗਰੀ ਮਸ਼ੀਨਰੀ, ਮਸ਼ੀਨਾਂ ਤੇ ਮਸ਼ੀਨ ਟੂਲਸ, ਖੇਡਾਂ ਦਾ ਸਮਾਨ, ਸਟੀਲ ਐਲਮੀਨੀਅਮ ਤੇ ਤਾਂਬਾ, ਰੇਸ਼ਮੀ ਬਸਤਰ, ਆਰਗੈਨਿਕ ਕੈਮੀਕਲ ਜਿਹੀਆਂ ਅਣਗਿਣਤ ਵਸਤਾਂ ਸ਼ਾਮਿਲ ਹਨ।
ਅਮਰੀਕਾ ਨੂੰ ਹੋਣ ਵਾਲੀਆਂ ਇਹਨਾਂ ਬਰਾਮਦਾਂ ਦੀ ਇੱਕ ਸਾਂਝੀ ਖਾਸੀਅਤ ਇਹ ਹੈ ਕਿ ਇਹ ਸਾਰਾ ਮਾਲ ਦਰਮਿਆਨੀਆਂ ਜਾਂ ਛੋਟੀਆਂ ਤੇ ਸੀਮਾਂਤ ਇਕਾਈਆਂ `ਚ ਤਿਆਰ ਹੁੰਦਾ ਹੈ। ਜਿੱਥੇ ਕਿਰਤ ਦੀ ਬਹੁਤ ਹੀ ਘਣੀ ਵਰਤੋਂ ਹੁੰਦੀ ਹੈ। ਇਸ ਤਰ੍ਹਾਂ ਇਹਨਾਂ ਬਰਾਮਦਾਂ ਨਾਲ ਲੱਖਾਂ ਦੀ ਗਿਣਤੀ 'ਚ ਕਾਮੇ ਜੁੜੇ ਹੋਏ ਹਨ ਜਿਨ੍ਹਾਂ 'ਤੇ ਲਗਭਗ ਉਨੇ ਹੀ ਪਰਿਵਾਰ ਨਿਰਭਰ ਹੁੰਦੇ ਹਨ। ਇਹਨਾਂ ਕਾਰੋਬਾਰਾਂ ਨਾਲ ਹੋਰ ਵੀ ਕਈ ਕਿਸਮ ਦੇ ਸਹਾਇਕ ਕੰਮ ਕਰਨ ਵਾਲੇ ਕਾਮੇ ਜੁੜੇ ਹੁੰਦੇ ਹਨ। ਇਹ ਕਾਰੋਬਾਰ ਵੀ ਅਕਸਰ ਹੀ ਸਰਕਾਰੀ ਸਹਾਇਤਾ ਪੱਖੋਂ ਬੇਰੁਖੀ ਦਾ ਹੀ ਸ਼ਿਕਾਰ ਰਹਿੰਦੇ ਹਨ। ਇਹਨਾਂ ਟੈਰਿਫਾਂ ਦੀ ਘਾਤਕ ਮਾਰ ਵਸੋਂ ਦੇ ਸਭ ਤੋਂ ਗਰੀਬ ਕਿਰਤੀਆਂ ਦੇ ਬਹੁਤ ਹੀ ਵੱਡੇ ਘੇਰੇ ਨੂੰ ਲਪੇਟੇ ਵਿੱਚ ਲਵੇਗੀ। ਅਗਾਂਹ, ਜੇ ਇਹ ਟੈਰਿਫ ਦਾ ਮਾਮਲਾ ਲਟਕਦਾ ਹੈ ਤਾਂ ਭਾਰਤੀ ਹਾਕਮਾਂ ਲਈ ਬਦਲਵੀਆਂ ਮੰਡੀਆਂ ਤਲਾਸ਼ਣ ਦਾ ਕਾਰਜ ਸੌਖਾ ਨਹੀਂ। ਪਹਿਲਾਂ ਖੁੱਸੀਆਂ ਮੰਡੀਆਂ 'ਚ ਪੈਰ ਜਮਾ ਚੁੱਕਿਆਂ ਦੀ ਥਾਂ ਮੁੜ ਹਥਿਆਉਣੀ ਵੀ ਸੌਖਾ ਕੰਮ ਨਹੀਂ। ਸਾਡੇ ਵਰਗੇ ਮੁਲਕਾਂ 'ਚ ਛੋਟੇ ਕਾਰੋਬਾਰੀਆਂ ਅਤੇ ਅਸੰਗਠਿਤ ਮਜ਼ਦੂਰਾਂ ਦੀ ਸਾਰ ਲੈਣ ਵਾਲਾ ਨਿਜ਼ਾਮ ਵੀ ਨਹੀਂ ਹੈ। ਸੋ ਬਰਾਮਦ ਮੁੱਖੀ ਸਨਅਤਾਂ ਦੇ ਇਸ ਟੈਰਿਫ ਦੀ ਮਾਰ ਹੇਠ ਆਉਣ ਦਾ ਅਰਥ ਏਥੇ ਲੱਗੇ ਕਿਰਤੀਆਂ ਦਾ ਉਜਾੜਾ ਹੈ।
- -0-- (02-09-2025)
ਪੰਜਾਬ ਨੂੰ ਦੋਨਾਂ ਹਾਲਤਾਂ ਚ ਮਾਰ
ਪੰਜਾਬ ਦੇ ਕਈ ਸ਼ਹਿਰਾਂ ਖਾਸ ਕਰਕੇ ਲੁਧਿਆਣਾ ਤੇ ਜਲੰਧਰ ਤੋਂ ਟੈਕਸਟਾਈਲ ਤੇ ਗਾਰਮੈਂਟ, ਸਪੋਰਟਸ ਸਮਾਨ, ਆਟੋ ਪਾਰਟਸ, ਇਲੈਕਟਰਸਿਟੀ ਤੇ ਮਸ਼ੀਨ ਟੂਲਸ ਐਗਰੀਕਲਚਰ ਇਕੁਉੱਪਮੈਂਟ ਆਦਿਕ ਦੀਆਂ ਹਰ ਸਾਲ 30 ਹਜ਼ਾਰ ਕਰੋੜ ਤੋਂ ਉੱਪਰ ਦੀਆਂ ਬਰਾਮਦਾਂ ਹੁੰਦੀਆਂ ਹਨ। ਫਰੀ ਪ੍ਰੈਸ ਜਰਨਲ ਦੀ ਰਿਪੋਰਟ ਅਨੁਸਾਰ ਟੈਕਸਟਾਈਲ ਦੀਆਂ 6000 ਕਰੋੜ, ਗਾਰਮੈਂਟਸ ਦੀਆਂ 8000 ਕਰੋੜ, ਆਟੋ ਪਾਰਟਸ 4000 ਕਰੋੜ, ਮਸ਼ੀਨਰੀ ਤੇ ਟੂਲਸ 5000 ਕਰੋੜ ਅਤੇ ਹੋਰ ਕਈ ਕਿਸਮ ਦੇ ਸਮਾਨ ਦੀਆਂ ਹਜ਼ਾਰਾਂ ਕਰੋੜ ਦੀਆਂ ਬਰਾਮਦਾਂ ਇਹਨਾਂ ਟੈਰਿਫ ਦੀ ਮਾਰ ਹੇਠਾਂ ਆਉਣਗੀਆਂ। ਵੱਡੇ ਪੱਧਰ 'ਤੇ ਰੁਜ਼ਗਾਰ ਦਾ ਉਜਾੜਾ ਹੋਵੇਗਾ ਜਿਸ ਦੀ ਧਮਕ ਬਿਹਾਰ, ਯੂਪੀ, ਉੱਤਰਾਖੰਡ ਆਦਿਕ ਸੂਬਿਆਂ 'ਚ ਵੀ ਸੁਣਾਈ ਦੇਵੇਗੀ।
ਜੇ ਵਧੇ ਟੈਰਿਫਾਂ ਦਾ ਮਸਲਾ ਛੇਤੀ ਹੱਲ ਨਹੀਂ ਕੀਤਾ ਜਾਂਦਾ ਤਾਂ ਪੰਜਾਬ ਨੂੰ ਇੱਥੋਂ ਦੀ ਸਨਅਤ ਅਤੇ ਰੁਜ਼ਗਾਰ ਉੱਪਰ ਗੰਭੀਰ ਅਸਰ ਦੇ ਰੂਪ 'ਚ ਹੰਢਾਉਣਾ ਪਵੇਗਾ। ਜੇ ਸਰਕਾਰ ਅਮਰੀਕਾ ਨਾਲ ਸੁਲਾਹ ਕਰਕੇ ਖੇਤੀਬਾੜੀ ਮੰਡੀ ਅਮਰੀਕੀ ਉਤਪਾਦਾਂ ਲਈ ਖੋਲ੍ਹਦੀ ਹੈ ਤਾਂ ਇਸ ਦੀ ਭਿਆਨਕ ਮਾਰ ਕਿਸਾਨੀ ਨੂੰ ਹੰਢਾਉਣੀ ਪਵੇਗੀ। ਕਿਸਾਨੀ ਬੇਚੈਨੀ ਤੇ ਅੰਦੋਲਨ ਭਖਣਗੇ ਤੇ ਤਿੱਖੇ ਹੋਣਗੇ। ਇਹਨਾਂ ਹਾਲਤਾਂ 'ਚ ਮੋਦੀ ਸਰਕਾਰ ਬੁਰੀ ਤਰ੍ਹਾਂ ਘਿਰੀ ਹੋਈ ਹੈ।
No comments:
Post a Comment