Thursday, September 11, 2025

ਹੜ੍ਹਾਂ ਮਧੋਲੇ ਪੰਜਾਬ ਦੀ ਵਿਥਿਆ

1988 ਦੇ  ਹੜ੍ਹਾਂ  ਵੇਲੇ ਦੀ ਇੱਕ ਲਿਖਤ 


 ਹੜ੍ਹਾਂ ਮਧੋਲੇ ਪੰਜਾਬ ਦੀ ਵਿਥਿਆ



          ਮੈਂ ਪੰਜਾਬ ਹਾਂ। ਹੜ੍ਹਾਂ, ਦੀ ਕਰੋਪੀ ਦਾ ਮਧੋਲਿਆ ਝੰਬਿਆ ਪੰਜਾਬ, ਨਿੱਕੇ-ਨਿੱਕੇ ਟਾਪੂਆ ਵਾਲੇ ਵੱਡੇ ਸਮੁੰਦਰ ’ਚ ਵਟਿਆ ਪੰਜਾਬ। ਕਪਾਹਾਂ ਨੂੰ ਫੁੱਲ ਪੈਣ ਦੀ ਰੁੱਤੇ, ਜਿਹੜੀ ਰੁੱਤ “ਮੁੱਲ ਲੈ ਕੇ ਦੇਣ” ਲਈ ਮੇਰੀ ਧਰਤੀ ਦੀਆਂ ਕੁੜੀਆਂ ਬਾਬਲ ਨੂੰ ਅਰਜੋਈਆਂ ਕਰਦੀਆਂ ਹਨ, ਜਦੋਂ ਬਾਸਮਤੀ ਦੀ ਮਹਿਕ ਨਾਲ ਨਸ਼ਿਆਈ ਧਰਤੀ ਦਾ ਜੋਬਨ ਅੰਗੜਾਈ ਭਰਦਾ ਹੈ, ਜਦੋਂ ਸਾਉਣੀ ਦੀ ਕਮਾਈ ਨਾਲ ਧੀਆਂ ਦੇ ਡੋਲੇ ਤੋਰਨ ਦੀਆਂ ਤਿਆਰੀਆਂ ’ਚ ਘਰਾਂ ਨੂੰ ਰੂਪ ਚੜ੍ਹਦਾ ਹੈ ਅਤੇ ਧਰਤੀ ਗਿੱਧਿਆਂ ਗੀਤਾਂ ਦੀ ਗੂੰਜ ਨਾਲ ਧਮਕਦੀ ਹੈ-ਅੱਜ ਉਸ ਰੁੱਤੇ ਮੇਰੀ ਛਾਤੀ ’ਤੇ ਤੈਰਦੀਆਂ ਮਨੁੱਖਾਂ-ਪਸ਼ੂਆਂ ਦੀਆਂ ਅਣਗਿਣਤ ਲਾਸ਼ਾਂ ਦੀ ਗੰਧ ਮੇਰਾ ਦਮ ਘੁੱਟ ਰਹੀ ਹੈ। ਮੇਰੀ ਬੁੱਕਲ ’ਚ ਉਨ੍ਹਾਂ ਸੈਂਕੜੇ ਘੁੱਗ ਵਸਦੇ ਪਿੰਡਾਂ ਦੇ ਮਲਬੇ ਤੈਰ ਰਹੇ ਹਨ ਜਿਹਨਾਂ ਨੂੰ ਚਿੰਘਾੜਦੇ ਪਾਣੀਆਂ ਨੇ ਪਲਾਂ ਵਿੱਚ ਥੇਹ ਕਰਕੇ ਰੱਖ ਦਿੱਤਾਪਹਿਲਾਂ ਇਸ ਰੁੱਤੇ ਮੇਰੇ ਖੇਤਾਂ ਦੀ ਭਰਪੂਰ ਰੌਣਕ ਵੱਲ ਵੇਖਿਆਂ ਸੁੱਤੇ ਸਿਧ ਨੱਚਣ ਨੂੰ ਜੀਅ ਕਰ ਆਉਂਦਾ ਸੀ ਪਰ ਅੱਜ ਖਿੜੇ ਹੋਏ ਨਰਮੇ ਕਪਾਹਾਂ ਦੀ ਥਾਵੇਂ ਮੀਲਾਂ ਤੱਕ ਹੌਲੀ-ਹੌਲੀ ਸੁੱਕ ਰਹੇ ਪਾਣੀਆਂ ’ਚ ਖੜ੍ਹੀਆਂ ਰੁੰਡ ਮਰੁੰਡ ਬਦਰੰਗ ਛਟੀਆਂ ਦੇ ਵੀਰਾਨ ਜੰਗਲ ਵੇਖਕੇ ਦਿਲਾਂ ਨੂੰ ਡੋਬ ਪੈਂਦੇ ਹਨ। ਦੂਰ-ਦੂਰ ਤੱਕ ਕੋਈ ਹਰਾ ਪੱਤਾ ਵੀ ਨਜ਼ਰ ਨਹੀਂ ਆਉਂਦਾ।
          ਇਨ੍ਹਾਂ ਦਰਦਨਾਕ ਦਿਨਾਂ ਦੀਆਂ ਯਾਦਾਂ ਪਤਾ ਨਹੀਂ ਕਿੰਨਾ ਚਿਰ ਮੇਰੀ ਰੂਹ ਨੂੰ ਪੱਛ ਲਾਉਂਦੀਆਂ ਰਹਿਣਗੀਂ। ਮੇਰੇ ਪਿੰਡੇ ਤੋਂ ਇਸ ਭਿੰਅਕਰ ਮਾਰ ਦੇ ਨਿਸ਼ਾਨ ਮਿੱਟਦਿਆਂ ਪਤਾ ਨਹੀਂ ਕਿੰਨਾ ਚਿਰ ਲੰਘ ਜਾਵੇਗਾ। ਮੈਂ ਧਾੜਵੀ ਹੋਈ ਸਤਲੁਜ ਬਿਆਸ ਤੇ ਰਾਵੀ ਦੇ ਪਾਣੀਆਂ ਨੂੰ ਟੱਬਰਾਂ ਦੇ ਟੱਬਰ ਸਬੂਤੇ ਨਿਗਲਦਿਆਂ ਵੇਖਿਆ ਹੈ। ਜਰਵਾਣਿਆਂ ਵਾਂਗ ਮੇਰੀ ਧਰਤੀ ’ਤੇ ਕਹਿਰ ਢਾਉਂਦੇ ਉਹ ਜ਼ਿੰਦਗੀ ਦੇ ਹਰ ਨਿਸ਼ਾਨ ਨੂੰ ਮਿਟਾ ਦੇਣ ਲਈ ਝਪਟੇ ਹਨ। ਇਸ ਕਹਿਰ ’ਚੋਂ ਕੱਲੀ ਜਾਨ ਲੈ ਕੇ ਕਿਵੇਂ ਨਾ ਕਿਵੇਂ ਬਚ ਨਿਕਲੇ ਮੇਰੇ ਅਣਗਿਣਤ ਧੀਆਂ ਪੁੱਤਾਂ ਨੇ ਪੱਲੇ ਰਹਿ ਗਏ ਦੋ ਖਾਲੀ ਹੱਥਾਂ ਨਾਲ ਜ਼ਿੰਦਗੀ ਮੁੜ ਸ਼ੁਰੂ ਕਰਨੀ ਹੈ। ਨਾ ਘਰ, ਨਾ ਪਸ਼ੂ ਨਾ ਟਿਊਬਵੱਲ, ਨਾ ਹਲ? ਕਹਿਰਵਾਨ ਹੋ ਕੇ ਗੁਜ਼ਰਿਆ ਪਾਣੀ ਕਿੰਨੇ ਹੀ ਥਾਈਂ ਜ਼ਮੀਨ ਵੀ ਆਪਣੇ ਜਾਨਸ਼ੀਨ ਰੇਤੇ ਦੇ ਸਪੁਰਦ ਗਿਆ ਹੈ।
          ਮੁਲਕ ਦੇ ਹਾਕਮਾਂ ਦੀਆਂ ਨਜ਼ਰਾਂ ’ਚ ਮੈਂ ਵਿਚਾਰਾ ਪੰਜਾਬ ਹਾਂ, ਨਿਮਾਣਾ, ਨਿਤਾਣਾ ਤੇ ਤਰਸ ਦਾ ਪਾਤਰ ਪੰਜਾਬ! ਕਿਸਮਤ ਦਾ ਮਾਰਿਆ ਪੰਜਾਬ! ਇਹ ਮੇਰੀ ਜੂਝਣ ਸ਼ਕਤੀ ਦੀ, ਹਰ ਬਿਪਤਾ ਨਾਲ ਲੋਹਾ ਲੈ ਸਕਣ ਦੀ ਮੇਰੇ ਲੋਕਾਂ ਦੀ ਅਥਾਹ ਸ਼ਕਤੀ ਦੀ ਤੌਹੀਨ ਹੈ। ਹੁਣ ਵੀ ਮੇਰੇ ਲੋਕਾਂ ਨੇ ਢੇਰੀ ਨਹੀਂ ਢਾਹੀ। ਉਹ ਆਪਣੇ ਪੂਰੇ ਵਿਤ ਨਾਲ ਜੂਝੇ ਹਨ। ਕਿੰਨੇ ਥਾਈਂ ਸਿਰ ਆ ਚੜ੍ਹੇ ਪਾਣੀ ਦੀ ਉਨ੍ਹਾਂ ਨੇ ਪਲਾਂ ’ਚ ਬੰਨ੍ਹ ਮਾਰ ਕੇ ਦਿਸ਼ਾ ਬਦਲੀ ਹੈ, ਦਰਿਆਵਾਂ, ਨਹਿਰਾਂ ਨਾਲਿਆਂ ਦੇ ਪਾੜ ਪੂਰੇ ਹਨ, ਪਾਣੀ ਦੇ ਨਿਕਾਸ ਲਈ ਫੌਰੀ ਧਰਤੀ ਪੱਟ ਕੇ ਲਾਂਘੇ ਬਣਦੇ ਹਨ। ਲੱਕੜਾਂ, ਸ਼ਤੀਰਾਂ, ਟਿਊਬਾਂ ਗੱਲ ਕੀ ਹੱਥ ਆਈ ਕਿਸੇ ਵੀ ਚੀਜ਼ ਨੂੰ ਨਿੱਕੀਆਂ-ਨਿੱਕੀਆਂ ਬੇੜੀਆਂ ’ਚ ਬਦਲ ਕੇ ਅਣਗਿਣਤ ਪਾਣੀ ’ਚ ਘਿਰੇ ਭਰਾਵਾਂ ਨੂੰ ਜਾਨਾਂ ਹੂਲ ਕੇ ਬਾਹਰ ਕੱਢਿਆ ਹੈ। ਮੀਲਾਂ ਤੱਕ ਫੈਲੇ ਪਾਣੀਆਂ ਨੂੰ ਚੀਰ ਕੇ ਘਿਰੇ ਹੋਏ ਲੋਕਾਂ ਕੋਲ ਰਾਸ਼ਣ ਤੇ ਹੋਰ ਜ਼ਰੂਰੀ ਚੀਜ਼ਾਂ ਪਹੁੰਚਦੀਆਂ ਕੀਤੀਆਂ ਹਨ, ਇਹ ਮੇਰੇ ਲੋਕਾਂ ਦੀ ਹਰ ਬਿਫਤਾ ’ਚ ਇੱਕ ਦੂਜੇ ਦੀ ਸੱਜੀ ਬਾਂਹ ਬਣ ਸਕਣ ਦੀ ਸਮਰੱਥਾ ਦੀ ਗਵਾਹੀ ਹੈ। ਇਸ ਗੱਲ ਦਾ ਸਬੂਤ ਹੈ ਕਿ ਜੇ ਮੇਰੇ ਲੋਕਾਂ ਪੂਰੇ ਸਾਧਨ ਤੇ ਵਸੀਲੇ ਹੋਣ ਤਾਂ ਉਹ ਕੀ ਕੁੱਝ ਕਰ ਸਕਦੇ ਹਨ!
          ਜੇ ਆਪਣੀ ਇਸ ਸਾਰੀ ਸ਼ਕਤੀ ਦੇ ਬਾਵਜੂਦ ਮੈਂ ਹੜ੍ਹਾਂ ਦੇ ਬੇਰਹਿਮ ਹੱਲੇ ਅੱਗੇ ਨਿਤਾਣਾ ਤੇ ਬੇਵਸ ਸਾਬਤ ਹੋਇਆ ਹਾਂ ਤਾਂ ਇਸਦੇ ਕਾਰਨ ਹਨ। ਇਸ ਕੁਦਰਤੀ ਆਫਤ ਖ਼ਿਲਾਫ ਮੈਨੂੰ ਬਿਨਾ ਸਾਧਨਾਂ ਵਸੀਲਿਆਂ ਤੋਂ ਨਿਹੱਥਿਆਂ ਜੂਝਣਾ ਪਿਆ ਹੈ। ਜੇ ਮੇਰੇ ਲੋਕ ਆਪਣੀ ਹੋਣੀ ਦੇ ਆਪ ਮਾਲਕ ਹੁੰਦੇ ਤਾਂ ਮੈਨੂੰ ਆਹ ਦਿਨ ਨਾ ਵੇਖਣੇ ਪੈਂਦੇ। ਪਰ ਕਾਣੀ ਵੰਡ ’ਤੇ ਉਸਰੇ ਨਿਜ਼ਾਮ ਨੇ ਮੇਰੇ ਲੋਕਾਂ ਦੀ ਜ਼ਿੰਦਗੀ ਨੂੰ ਜਕੜਿਆ ਹੋਇਆ ਹੈ। ਰਾਜ ਭਾਗ ’ਤੇ ਕਾਬਜ਼ ਹਾਕਮ ਕੁਦਰਤੀ ਆਫ਼ਤਾਂ ਮੂਹਰੇ ਮੇਰੀ ਬੇਵਸੀ ਲਈ ਸਭ ਤੋਂ ਵੱਡੇ ਜਿੰਮੇਵਾਰ ਹਨ। ਮੇਰੇ ’ਤੇ ਚੜ੍ਹ ਕੇ ਆਏ ਪਾਣੀਆਂ ਦੇ ਅੰਨ੍ਹੇ ਵੇਗ ਨੂੰ ਡੱਕਣ ਲਈ ਮੇਰੇ ਹੱਥ ਪੱਲੇ ਕੀ ਸੀ? ਨਿਤਾਣੀਆਂ ਕਮਜ਼ੋਰ ਧੁੱਸੀਆਂ-ਜਿਹੜੀਆਂ ਆਏ ਸਾਲ ਸਤਲੁਜ, ਬਿਆਸ ਤੇ ਰਾਵੀ ਦੇ ਨਿੱਕੇ ਮੋਟ ਹੱਲਿਆਂ ਮੂਹਰੇ ਹੀ ਬਿਖਰ ਜਾਂਦੀਆਂ ਹਨ। ਇੰਝ ਕਿਉਂ ਹੁੰਦਾ ਹੈ? ਇਸਦਾ ਰਾਜ ਵੱਡੇ ਠੇਕੇਦਾਰਾਂ, ਅਫਸਰਾਂ ਤੇ ਵਜ਼ੀਰਾਂ ਦੀਆਂ ਉਹ ਆਲੀਸ਼ਾਨ ਸਮਿੰਟਡ ਕੋਠੀਆਂ ਦੱਸਦੀਆਂ ਹਨ-ਜਿਨ੍ਹਾਂ ਦੀਆਂ ਛੱਤਾਂ ’ਚੋਂ ਇਹਨਾਂ ਦਿਨਾਂ ’ਚ ਵੀ ਜਦੋਂ ਸਾਰਾ ਆਸਮਾਨ ਹੀ ਧਰਤੀ ’ਤੇ ਵਰ੍ਹ ਪਿਆ ਲੱਗਦਾ ਸੀ। ਇੱਕ ਕਣੀ ਤੱਕ ਨਹੀਂ ਚੋਈ। ਇਹ ਇਹਨਾਂ ਬੰਨ੍ਹਾਂ ਦੀ ਚੂਸੀ ਹੋਈ ਸੱਤਿਆ ਦਾ ਕ੍ਰਿਸ਼ਮਾ ਸੀ ਕਿ ਇਨ੍ਹਾਂ ਕੋਠੀਆਂ ਦੇ ਸ਼ੀਸ਼ਿਆਂ ਵਿੱਚੋਂ ਝਾਕਦੇ ਸੁਰੱਖਿਅਤ ਟੱਬਰੇ ਮੇਰੇ ’ਤੇ ਵਰ੍ਹਦੇ ਕਹਿਰ ਤੋਂ ਬੇਖਬਰ, ਮੌਸਮ ਦਾ ਨਜ਼ਾਰਾ ਮਾਣ ਰਹੇ ਸਨ!
          ਵਰ੍ਹਿਆਂ ਤੱਕ ਅਣਖੁਰਚੀਆਂ ਨਿਕਾਸੀ ਡਰੇਨਾਂ ਨਾਲ ਮੈਂ ਰਾਕਸ਼ੀ ਜੋਸ਼ ਨਾਲ ਟੁੱਟ ਪਏ ਪਾਣੀਆਂ ਦਾ ਮੁਕਾਬਲਾ ਕਿਵੇ ਕਰਦੇ? ਜੇ ਮੁਲਕ ਦੇ ਵਸੀਲੇ ਮੇਰੇ ਲੋਕਾਂ ਦੇ ਹੱਥਾਂ ’ਚ ਹੁੰਦੇ ਤਾਂ ਦਰਿਆਵਾਂ ਦੇ ਕੰਢਿਆਂ ’ਤੇ ਹਜ਼ਾਰਾਂ ਨਿੱਕੇ-ਨਿੱਕੇ ਡੈਮ ਅਤੇ ਜਲ ਭੰਡਾਰ ਉਸਾਰ ਲੈਂਦੇ, ਦਰਿਆਵਾਂ ਦੇ ਕਿਨਾਰਿਆਂ ’ਤੇ ਰੁੱਖਾਂ ਦੀ ਵਾੜ ਕਰ ਲੈਂਦੇ, ਅਣਗਿਣਤ ਨਿਕਾਸੀ ਨਹਿਰਾਂ ਖੋਦ ਲੈਂਦੇ ਅਤੇ ਬਿੱਫਰੇ ਪਾਣੀਆਂ ਨੂੰ ਲਗਾਮ ਪਾਉਣ ਦਾ ਹੀਲਾ ਕਰ ਲੈਂਦੇ। ਮੇਰੇ ਗੁਆਂਢੀ ਮੁਲਕ ਚੀਨ ਦੇ ਲੋਕਾਂ ਨੇ ਬੇਲਗਾਮ ਹੰਕਾਰੇ ਦਰਿਆਵਾਂ ਨੂੰ ਮਨੁੱਖ ਦੇ ਜ਼ਬਤਬੱਧ ਸੇਵਕਾਂ ’ਚ ਬਦਲ ਕੇ ਦੁਨੀਆਂ ਸਾਹਮਣੇ ਮਿਸਾਲ ਪੇਸ਼ ਕੀਤੀ ਸੀ। ਮੇਰੇ ਲੋਕ ਵੀ ਅਜਿਹਾ ਕਰ ਸਕਦੇ ਸਨ- ਪਰ ਤਾਂ ਜੋ ਮੇਰੇ ਲੋਕ ਆਪਣੀ ਹੋਣੀ ਦੇ ਖੁਦ ਮਾਲਕ ਹੁੰਦੇ। ਲੋਕ ਦੁਸ਼ਮਣ ਹਾਕਮਾਂ ਨੇ ਤਾਂ ਏਡਾ ਭਿਆਨਕ ਕਹਿਰ ਝੁੱਲ ਜਾਣ ਮਗਰੋਂ ਵੀ ਵੈਰੀ ਹੜ੍ਹਾਂ ਦੇ ਟਾਕਰੇ ਲਈ ਪੱਕੇ ਮੋਰਚੇ ਉਸਾਰ ਦੇਣ ਦੇ ਸਵਾਲ ’ਤੇ ਮੂੰਹ ’ਚ ਘੁੰਗਣੀਆਂ ਪਾਈਆਂ ਹੋਈਆਂ ਹਨ। ਉਹ ਤਾਂ ਬੱਸ ਮੇਰੇ ਲੋਕਾਂ ਦੇ ਲਹੂ ਪਸੀਨੇ ਦੀ ਕਮਾਈ ਨੂੰ ਕਾਰਾਂ ’ਚ ਟੈਲੀਫੋਨ ਫਿੱਟ ਕਰਾਉਣ ਵਰਗੀਆਂ ਸਕੀਮਾਂ ’ਤੇ ਵਹਾਅ ਸਕਦੇ ਨੇ, ਵਿਦੇਸ਼ੀ ਦੌਰਿਆਂ ’ਤੇ ਇੱਕ-ਦੋ ਦਿਨ ’ਚ ਇੱਕ ਕਰੋੜ ਰੁਪਈਆ ਉਡਾ ਸਕਦੇ ਨੇ ਜਾਂ ਫਿਰ ਵੱਡੇ ਥੈਲੀਸ਼ਾਹਾਂ ਦੀਆਂ ਝੋਲੀਆਂ ਭਰ ਸਕਦੇ ਨੇ।
          ਸੋ ਮੈਨੂੰ ਹੜ੍ਹਾਂ ਦੇ ਹੱਲੇ ਨਾਲ ਉਸ ਨਿਹੱਥੇ ਮਿਰਜ਼ੇ ਵਾਂਗ ਜੂਝਣਾ ਪਿਆ ਹੈ-ਜੀਹਦੀਆਂ ਕਾਨੀਆ ਪਹਿਲਾਂ ਹੀ ਭੰਨੀਆਂ ਹੋਈਆਂ ਸਨ। ਮੈਂ ਵੀ ਸੁੱਤਿਆ ਹੀ ਦਬੋਚਿਆ ਗਿਆ ਹਾਂ। ਮੇਰੇ ਲੋਕਾਂ ਨੂੰ ਆਪਣੇ ਸਿਰ ਮੰਡਲਾਉਂਦੇ ਖਤਰਿਆਂ ਦੀ ਜਾਣਕਾਰੀ ਹਾਸਲ ਕਰਨ ਦਾ ਨਾ ਹੱਕ ਹੈ, ਨਾ ਉਨ੍ਹਾਂ ਕੋਲ ਇਸ ਖਾਤਰ ਲੋੜੀਂਦੇ ਸਾਧਨ ਹਨ। ਮੁਲਕ ਦੇ ਹਾਕਮਾਂ ਨੇ, ਉਨ੍ਹਾਂ ਦੇ ਕਿਸੇ ਮਹਿਕਮੇ ਨੇ ਵਰਤ ਜਾਣ ਵਾਲੀ ਇਸ ਭਾਵੀ ਬਾਰੇ ਮੇਰੇ ਲੋਕਾਂ ਨੂੰ ਖਬਰਦਾਰ ਤੱਕ ਨਾ ਕੀਤਾ। ਭਾਖੜਾ ਜਲ ਭੰਡਾਰ ਦੀਆਂ ਚਾਬੀਆਂ ਮੇਰੇ ਲੋਕਾਂ ਦੇ ਹੱਥਾਂ ’ਚ ਨਹੀਂ ਸਨ। ਉਹਨਾਂ ਨਾਲ ਕਿਸੇ ਵੀ ਸਰਕਾਰ ਤੋਂ ਸੱਖਣੇ ਤਕਨੀਕੀ ਮਾਹਰਾਂ ਅਫਸਰਾਂ ਦੇ ਹੱਥਾਂ ’ਚ ਸਨ। ਮੇਰੇ ਪਿੰਡਾਂ ਦੇ ਖੇਤਾਂ ਤੋਂ ਬਹੁਤ ਦੂਰ ਪਬਲਿਕ ਸਕੂਲਾਂ ’ਚੋਂ ਪ੍ਰਵਾਨ ਚੜ੍ਹੇ ਇਹ ਇੰਜਨੀਅਰ ਤਾਂ ਬੱਸ ਜਮ੍ਹਾਂ ਹੋ ਰਹੇ ਵਾਧੂ ਪਾਣੀ ਦਾ ਲੈਵਲ ਮਿਣਨ ਜੋਗਰੇ ਸਨ। ਬਿਨ੍ਹਾਂ ਕਿਸੇ ਚਿਤਾਵਨੀ ਤੋਂ ਇਕਲਖਤ ਛੱਡਿਆ ਵਾਧੂ ਪਾਣੀ, ਮੇਰੇ ਖੇਤਾਂ, ਮੇਰੇ ਲੋਕਾਂ ਲਈ ਕਿਹੋ ਜਿਹਾ ਆਫਤ ਸਾਬਤ ਹੋ ਸਕਦਾ-ਇਹਦਾ ਅੰਦਾਜ਼ਾ ਲਾਉਣ ’ਚ ਉਨ੍ਹਾਂ ਨੇ ਬੁੱਜ ਦਿਮਾਗ ਅਤੇ ਪੱਥਰ-ਚਿੱਤ ਹੀ ਸਾਬਤ ਹੋਣਾ ਸੀ। ਸੋ ਉਨ੍ਹਾਂ ਨੇ ਇੱਕਦਮ ਗੇਟ ਖੋਲ੍ਹ ਕੇ ਸ਼ੂਕਦੇ ਪਾਣੀਆਂ ਨੂੰ ਮੇਰੇ ਬੇਖਬਰ ਖੇਤਾਂ ਅਤੇ ਪਿੰਡਾਂ ’ਤੇ ਝਪਟਣ ਲਈ ਛੱਡ ਦਿੱਤਾ। ਮੇਰਾ ਕੋਈ ਵੀ ਸਧਾਰਨ ਤੋਂ ਸਧਾਰਨ ਅਨਪੜ੍ਹ ਕਿਸਾਨ ਪੁੱਤਰ ਵੀ ਜੇ ਉਹਨਾਂ ਦੀ ਥਾਂ ’ਤੇ ਹੁੰਦਾ ਤਾਂ ਕਦੇ ਵੀ ਭਾਖੜੇ ਦੇ ਇਉਂ ਇੱਕਦਮ ਚਪੱਟ ਬੂਹੇ ਨਾ ਖੋਲ੍ਹਦਾ।
          ਏਸੇ ਕਰਕੇ ਮੈਂ ਕਹਿੰਦਾ ਹਾਂ ਕਿ ਮੈਂ ‘ਕਿਸਮਤ ਦਾ ਮਾਰਿਆ’ ਪੰਜਾਬ ਨਹੀਂ ਹਾਂਆਪਣੀਆਂ ਆਂਦਰਾਂ ਦਾ ਇੱਕ ਹਿੱਸਾ ਹੜ੍ਹਾਂ ਦੇ ਰੋੜ੍ਹ ਦੀ ਭੇਂਟ ਕਰਕੇ ਮੈਂ ਹਕੀਕਤ ਦੌਰ ਵੀ ਚੰਗੀ ਤਰ੍ਹਾਂ ਪਛਾਣ ਲਈ ਹੈ ਕਿ ਮੇਰੇ ਲੋਕ ਕੁਦਰਤ ਦੀਆਂ ਮਾਰਾਂ ਖ਼ਿਲਾਫ ਉਹਨਾਂ ਚਿਰ ਪੂਰੀ ਸ਼ਕਤੀ ਨਾਲ ਨਹੀਂ ਭਿੜ ਸਕਦੇ-ਜਿੰਨਾ ਚਿਰ ਉਹ ਇਸ ਸ਼ਕਤੀ ਨੂੰ ਬੰਨ੍ਹ ਮਾਰੀ ਬੈਠੇ ਥੈਲੀਸ਼ਾਹਾਂ ਦੇ ਜੂਲ੍ਹੇ ਨੂੰ ਨਹੀਂ ਵਗਾਹ ਮਾਰਦੇ।
          ਕਹਿੰਦੇ ਨੇ ਹਰ ਆਫ਼ਤ ਦੋਸਤਾਂ ਦੁਸ਼ਮਣਾਂ ਦੀ ਪਛਾਣ ਕਰਵਾਉਂਦੀ ਹੈ। ਦੰਭੀਆਂ ਤੇ ਖਰੇ ਹਿਤੈਸ਼ੀਆਂ ਦੇ ਫਰਕ ਨੂੰ ਉਘਾੜਕੇ ਸਾਹਮਣੇ ਲਿਆਉਂਦੀ ਹੈ। ਇੱਕ ਪਾਸੇ ਮੈਂ ਖਰੇ ਮਨੁੱਖੀ ਜਜ਼ਬੇ ਨਾਲ ਆਪਣੇ ਭਰਾਵਾਂ ਦੀ ਰਾਖੀ ਜਾਨਾਂ ਤਲੀ ’ਤੇ ਧਰਕੇ ਪਾਣੀਆਂ ’ਚ ਠਿਲ੍ਹਦੇ ਨੌਜਵਾਨ ਤੱਕੇ ਹਨ ਅਤੇ ਦੂਜੇ ਪਾਸੇ ਮੇਰੇ ਹਿਤੈਸ਼ੀ ਹੋਣ ਦਾ ਦੰਭ ਰਚਦੇ ਹਾਕਮਾਂ ਅਤੇ ਉਨ੍ਹਾਂ ਦੀ ਮਸ਼ੀਨਰੀ ਦਾ ਖੇਖਣ, ਹੱਥਾਂ ’ਤੇ ਪੱਥਰ ਚਿੱਤ ਵਿਹਾਰ ਵੇਖਿਆ ਹੈ। ਪਾਣੀਆਂ ’ਚ ਘਿਰੇ ਮੇਰੇ ਲੋਕਾਂ ਨੇ ਰੁੱਖਾਂ ਦੀਆਂ ਟੀਸੀਆਂ ਅਤੇ ਉੱਚੇ ਟਿੱਬਿਆਂ ’ਤੇ ਬੈਠ ਕੇ ਹਫਤਾ-ਹਫਤਾ ਭੁੱਖਣ ਭਾਣੇ ਕੱਟਿਆ ਹੈ। ਮੈਨੂੰ ਯਾਦ ਹੈ ਕੁੱਝ ਚਿਰ ਪਹਿਲਾਂ ਮੁਲਕ ਦੇ ਹਾਕਮਾਂ ਦੇ ਹੈਲੀਕਾਪਟਰ ਜਾਫਨਾ ’ਚ ਘਿਰੇ ਤਾਮਿਲਾਂ ਲਈ ਮੱਲੋਜ਼ੋਰੀ ਮਨੁੱਖੀ ‘ਹਮਦਰਦੀ’ ਦੀ ਵਾਛੜ ਕਰਨ ਖਾਤਰ ਖੁਰਾਕ ਲੈ ਕੇ ਉੱਡੇ ਸਨ ਪਰ ਉਹਨਾਂ ਦੇ ਹੈਲੀਕਾਪਟਰ ਆਪਣੇ ਹੀ ਮੁਲਕ ਦੇ ਇੱਕ ਸੂਬੇ ’ਚ ਘਿਰੇ ਲੋਕਾਂ ਦੀ ਹਫਤਾ-ਹਫਤਾ ਸਾਰ ਨਾ ਲੈ ਸਕੇ। ਇਸ ਹਾਲਤ ’ਚ ਮੇਰੇ ਲੋਕਾਂ ਨਾਲ ਸਰਕਾਰੀ ਅਧਿਕਾਰੀਆਂ ਵੱਲੋਂ ਕੀਤੇ ਪੱਥਰ ਚਿੱਤ ਸਲੂਕ ਦੀਆਂ ਕਹਾਣੀਆਂ ਦੱਸਣੀਆਂ ਹੋਣ ਤਾਂ ਇੱਕ ਬਹੁਤ ਲੰਮੀ ਕਾਲੀ ਦਾਸਤਾਨ ਬਣ ਸਕਦੀ ਹੈ। ਗੈਰ-ਮਨੁੱਖੀ ਰਵੱਈਏ ਦੀ ਏਦੂੰ ਉੱਘੜਵੀਂ ਮਿਸਾਲ ਕੀ ਹੋ ਸਕਦੀ ਹੈ ਕਿ ਫਰੀਦਕੋਟ ਦੇ ਡਿਪਟੀ ਕਮਿਸ਼ਨਰ ਨੇ ਅਮਰ ਆਸ਼ਰਮ ’ਚ ਸਿਰ ਲੁਕੋਣ ਲਈ ਬੈਠੇ ਲੋਕਾਂ ਨੂੰ ਇਹ ਕਹਿਕੇ ਬਾਹਰ ਕੱਢ ਦਿੱਤਾ ਕਿ ਤੁਸੀਂ ਇਸ ਬਿਲਡਿੰਗ ਦਾ ਇੱਕ ਦਿਨ ਦਾ 2500 ਰੁਪਏ ਕਿਰਾਇਆ ਨਹੀਂ ਦੇ ਸਕਦੇ। ਕੇਂਦਰੀ ਵਜ਼ੀਰਾਂ ਨੇ ਤੇ ਪ੍ਰਧਾਨ ਮੰਤਰੀ ਨੇ ਹੈਲੀਕਾਪਟਰਾਂ ’ਚ ਬੈਠ ਕੇ ਮੇਰੀ ਹਿੱਕ ’ਤੇ ਫੈਲੇ ਤਬਾਹੀ ਉਜਾੜੇ ਤੇ ਬਰਬਾਦੀ ਦੇ ਦ੍ਰਿਸ਼ਾਂ ਨੂੰ ਪਿਕਨਿਕ ਵਾਂਗ ਵੇਖਿਆ ਹੈ। ਉਹ ਮੇਰੇ ਲੋਕਾਂ ਦੇ ਦੁੱਖ ਦੀ ਥਾਹ ਪਾਉਣ ਨਹੀਂ ਸਨ ਆਏ, ਟੂਰ ’ਤੇ ਆਏ ਸਨ। ਏਸੇ ਵਜ੍ਹਾ ਕਰਕੇ ਕੇਂਦਰੀ ਖੇਤੀ ਮੰਤਰੀ ਨੂੰ ਮੇਰੇ ਵਿਹੜੇ ’ਚ ਮੱਚੀ ਹਾਹਾਕਾਰ ਦੀ ਭਿਣਕ ਤੱਕ ਨਾ ਪਈ। ਉਹਨੇ ਸੈਲਾਨੀਆਂ ਵਾਂਗ ਮੇਰੀ ਧਰਤੀ ’ਤੇ ਝਾਤ ਪਾਈ ਅਤੇ ਐਲਾਨ ਕਰ ਦਿੱਤਾ ਕਿ ਹੜ੍ਹਾਂ ਨਾਲ ਨੁਕਸਾਨ ਤਾਂ ਪੰਜ ਫੀਸਦੀ ਹੋਇਆ ਹੈ। ਦਰਿਆਵਾਂ ਨਾਲ ਲੱਗਦੇ ਦੋ ਤਿੰਨ ਕਿਲੋਮੀਟਰ ਦੇ ਖੇਤਰ ’ਚ ਹੋਇਆ ਹੈ। ਅਗਲੇ ਸਾਲ ਇਹ ਹੜ੍ਹ ਪੰਜਾਬ ਦੇ ਕਿਸਾਨਾਂ ਲਈ ਵਰਦਾਨ ਸਾਬਤ ਹੋਣਗੇ। ਖੈਰ! ਇਹੋ ਜਿਹੇ “ਹਿਤੈਸ਼ੀਆਂ” ’ਤੇ ਗਿਲਾ ਕਾਹਦਾ? ਇਹਨਾਂ ਦੀ ਮਿਹਰਬਾਨੀ ਸਦਕਾ ਤਾਂ ਮੈਂ ਕੁਦਰਤੀ ਆਫ਼ਤਾਂ ਮੂਹਰੇ ਅਜੇ ਤੱਕ ਅਪਾਹਜ ਬਣਿਆ ਹੋਇਆ ਹਾਂ।
          ਪ੍ਰਧਾਨ ਮੰਤਰੀ ਨੇ ਮੇਰੇ ਲੋਕਾਂ ਦੇ ਲਹੂ-ਪਸੀਨੇ ਦੀ ਕਮਾਈ ਨਾਲ ਭਰੇ ਖ਼ਜ਼ਾਨੇ ’ਚੋਂ 100 ਕਰੋੜ ਰੁਪਿਆ ਦੇਣ ਦਾ ਐਲਾਨ ਕਰਕੇ ਵੱਡਾ ਅਹਿਸਾਨ ਜਤਾਇਆ ਹੈ। ਮੇਰੇ ਲੋਕਾਂ ਦੇ ਬਣਦੇ ਹੱਕਾਂ ਦਾ ਇੱਕ ਬਹੁਤ ਨਿਗੂਣਾ ਹਿੱਸਾ ਖੈਰਾਤ ਵਾਂਗ ਉਹਨਾਂ ਦੀ ਝੋਲੀ ਪਾਇਆ ਗਿਆ ਹੈਉਸ ਹਾਲਾਤ ’ਚ ਜਦੋਂ ਇੱਕ-ਇੱਕ ਜਿਲ੍ਹੇ ਦਾ ਡੀ.ਸੀ. ਆਪਣੇ ਜ਼ਿਲ੍ਹੇ ’ਚ ਹੋਇਆ ਨੁਕਸਾਨ 100-100 ਕਰੋੜ ਰੁਪਏ ਦੱਸ ਰਿਹਾ ਹੈ। ਇਹ ਲੋਕ ਦੁਸ਼ਮਣ ਮਸ਼ੀਨਰੀ ਦਾ ਘਟਾ ਕੇ ਲਾਇਆ ਅੰਦਾਜ਼ਾ ਹੈ। ਇਸ ਮੁਤਾਬਕ ਵੀ ਮੇਰੇ ਲੋਕਾਂ ਦੀ ਸਿੱਧੀ ਤਬਾਹੀ 1500 ਕਰੋੜ ਤੋਂ ਘੱਟ ਨਹੀਂ ਬਣਦੀ। ਮੇਰੇ ਅਰਥਚਾਰੇ ਦਾ ਲੱਕ ਟੁੱਟ ਜਾਣ ਸਾਲਾਂ ਤੱਕ ਰਹਿਣ ਵਾਲੇ ਅਸਰ ਏਦੂੰ ਵੱਖਰੇ ਹਨ। ਇਹਦੇ ਬਾਵਜੂਦ ਸਰਕਾਰੀ ਖਜ਼ਾਨੇ ’ਚ ਮੁਸੀਬਤ ਮੂੰਹ ਆਏ ਲੋਕਾਂ ਖਾਤਰ ਏਨੀ ਨਿਗੂਣੀ ਰਕਮ ਕਿਉਂ ਹੈ? ਮੈਂ ਇਹਦਾ ਕਾਰਨ ਜਾਣਦਾ ਹਾਂ। ਵੱਡੇ ਥੈਲੀਸ਼ਾਹਾਂ ਵੱਲ ਸਰਕਾਰੀ ਖਜ਼ਾਨਿਆਂ ਦੇ ਖੁੱਲ੍ਹੇ ਬੂਹੇ ਵੇਖ ਕੇ ਸਮਝ ਪੈ ਜਾਂਦੀ ਹੈ। ਪਿਛਲੇ ਸਾਲ ਸਿਰਫ ਇੱਕ ਵੱਡੀ ਕੰਪਨੀ ਰਿਲਾਇੰਸ ਨੂੰ ਹੀ 210 ਕਰੋੜ ਰੁਪਏ ਦੀਆਂ ਟੈਕਸ ਛੋਟਾਂ ਦਿੱਤੀਆਂ ਗਈਆਂ ਹਨ। ਇਕੱਲੀ ਟੈਕਸਟਾਈਲ ਸਨਅਤ ਦੀ ਝੋਲੀ 520 ਕਰੋੜ ਰੁਪਏ ਦੀਆਂ ਟੈਕਸ ਛੋਟਾਂ ਪਾਈਆਂ ਗਈਆਂ ਹਨ। ਇਸਦੇ ਮੁਕਾਬਲੇ ਹੜ੍ਹਾਂ ਦੀ ਮੁਸੀਬਤ ’ਚ ਫਸੇ ਇੱਕ ਪੰਜਾਬੀ ਨੂੰ ਦਿੱਤੀ ਸਹਾਇਤਾ 50 ਰੁਪਏ ਨਹੀਂ ਬਣਦੀ। ਮੁਲਕ ਦੇ ਹਾਕਮਾਂ ਦਾ ਸਹਿਕਾਰੀ ਕਰਜ਼ੇ ਅਤੇ ਬਿਜਲੀ ਦੇ ਬਿੱਲ ਮਾਫ ਕਰਨ ਤੋਂ ਕੋਰਾ ਜਵਾਬ ਹੈ। ਦੂਜੇ ਪਾਸੇ ਵਿਦੇਸ਼ਾਂ ਨੂੰ ਉੱਤਮ ਖਾਣੇ ਤਿਆਰ ਕਰਕੇ ਭੇਜਣ ਵਾਲੀਆਂ ਵੱਡੀਆਂ ਕੰਪਨੀਆਂ ਤੋਂ ਪੰਜਾਂ ਸਾਲਾਂ ਖਾਤਰ ਟੈਕਸ ਹਟਾਏ ਜਾ ਰਹੇ ਹਨ। ਇੱਕ ਪਾਸੇ ਕਰੋੜਾਂ ਲੋਕਾਂ ਦੀਆਂ ਜ਼ਿੰਦਗੀਆਂ ਹਨ ਤੇ ਦੂਜੇ ਪਾਸੇ ਮੁੱਠੀ ਭਰ ਥੈਲੀਸ਼ਾਹਾਂ ਦੇ ਮੁਨਾਫੇ। ਜੇ ਲੋਕਾਂ ਦੀਆਂ ਜ਼ਿੰਦਗੀਆਂ ਬਚਾਉਣੀਆਂ ਹਨ ਤਾਂ ਮੁਨਾਫਿਆਂ ਦੀ ਸੰਘੀ ਘੁੱਟਣੀ ਪੈਣੀ ਹੈ। ਜੇ ਮੁਨਾਫੇ ਬਚਾਉਣੇ ਹਨ ਤਾਂ ਲੋਕਾਂ ਦੀਆਂ ਜ਼ਿੰਦਗੀਆਂ ਬਲੀ ਚੜ੍ਹਾਉਣੀਆਂ ਪੈਣੀਆਂ ਹਨ। ਮੁਲਕ ਦੇ ਹਾਕਮਾਂ ਦੀ ਚੋਣ ਸਪੱਸ਼ਟ ਹੈ। ਉਹਨਾਂ ਦਾ ਅਗੂਠਾ ਹਮੇਸ਼ਾਂ ਲੋਕਾਂ ਦੀ ਸੰਘੀ ’ਤੇ ਟਿਕਦਾ ਹੈ। ਹੁਣ ਵੀ ਇਹੋ ਵਾਪਰਿਆ ਹੈ।
          ਹਾਕਮਾਂ ਵੱਲੋਂ ਐਲਾਨੀ ਨਿਗੂਣੀ ਸਹਾਇਤਾ ਵੀ ਇਹਦੇ ਅਸਲ ਹੱਕਦਾਰ ਮੇਰੇ ਗਰੀਬ ਲੋਕਾਂ ਤੱਕ ਨਹੀਂ ਪਹੁੰਚਣੀ। ਹਾਬੜੀ ਅਫਸਰਸ਼ਾਹੀ ਖਾਤਰ ਗੋਗੜਾਂ ਭਰਨ ਦਾ ਸਾਧਨ ਬਣਨੀ ਹੈ। ਜੇ ਪਹੁੰਚ ਵੀ ਜਾਵੇ ਤਾਂ ਇਸ ਗੱਲ ਨਾਲ ਕੀ ਸਰ ਜਾਣੈ? ਕੌਣ ਹੈ ਜੋ 2000 ਰੁਪਏ ’ਚ ਪੱਕਾ ਮਕਾਨ ਪਾ ਲਵੇਗਾ? ਕੌਣ ਹੈ ਜੋ 1000 ਰੁਪਏ ’ਚ ਨਵਾਂ ਬੈਲ ਜਾਂ ਉੱਠ ਖਰੀਦ ਲਵੇਗਾ? ਕੌਣ ਹੈ ਜੋ ਬਿਨਾਂ ਸੰਦਾਂ ਪਸ਼ੂਆਂ ਤੋਂ ਰੇਤਾ ਹੋਈ ਜ਼ਮੀਨ ’ਤੇ ਮਰ-ਭਰ ਕੇ ਹਾਸਲ ਹੋਏ ਸਰਕਾਰੀ ਬੀਜ ਨਾਲ ਫਸਲ ਉਗਾ ਲਵੇਗਾ?
          ਅੱਜ ਕੁਦਰਤੀ ਕਰੋਪੀ ਖ਼ਿਲਾਫ ਭਿੜ ਰਹੇ ਮੇਰੇ ਲੋਕਾਂ ਨੂੰ ਆਉਂਦੇ ਸਮੇਂ ’ਚ ਹੋਰ ਵੀ ਵੱਡੀਆਂ ਲੜਾਈਆਂ ਲੜਨੀਆਂ ਪੈਣੀਆਂ ਹਨ। ਮੇਰਾ ਹੱਡੀਂ ਹੰਢਾਇਆ ਤਜਰਬਾ ਦੱਸਦਾ ਹੈ ਕਿ ਹਰ ਆਫ਼ਤ ਕਾਣੀਆਂ ਵੰਡਾਂ ਨੂੰ ਡੂੰਘੀਆਂ ਕਰਦੀ ਹੈ। ਇਹ ਵੱਡੇ ਸ਼ਾਹੂਕਾਰਾਂ, ਭੌਂ ਸਰਦਾਰਾਂ ਲਈ ਕਿਸਾਨਾਂ ਕਿਰਤੀਆਂ ਨੂੰ ਹੋਰ ਵੀ ਬੁਰੀ ਤਰ੍ਹਾਂ, ਕਰਜ਼ਿਆਂ ਦੇ ਜਾਲ ’ਚ ਜਕੜਨ ਦੇ ਦਿਨ ਹਨ। ਵੱਡੇ ਵਪਾਰੀਆਂ ਤੇ ਕਾਰਖਾਨੇਦਾਰਾਂ ਲਈ ਜ਼ਰੂਰਤ ਦੀਆਂ ਚੀਜ਼ਾਂ ਦੇ ਭਾਅ ਅਸਮਾਨੀ ਚਾੜ ਕੇ ਮੁਨਾਫਿਆਂ  ਨਾਲ ਝੋਲੀਆਂ ਭਰਨ ਦੇ ਦਿਨ ਹਨ। ਆਉਂਦਾ ਸਮਾਂ ਕਿਸਾਨਾਂ ਲਈ ਨਵੀਆਂ ਆਫ਼ਤਾਂ ਲੈ ਕੇ ਆਵੇਗਾ। ਹਾਕਮਾਂ ਦੀਆਂ ਅੱਖਾਂ ਵਿਚਲੇ ਮਗਰਮੱਛ ਦੇ ਹੰਝੂ ਜਲਦੀ ਹੀ ਸੁੱਕ ਜਾਣੇ ਹਨ। ਬੈਂਕਾਂ ਦੀਆਂ ਕਿਸ਼ਤਾਂ, ਨੋਟਿਸ ਤੇ ਵਰੰਟ ਫੇਰ ਮੇਰੇ ਕਿਸਾਨ ਪੁੱਤਰਾਂ ਦੇ ਬੂਹੇ ਖੜਕਾਉਣਗੇ!
          ਅੱਜ ਹੜ੍ਹਾਂ ਦੀ ਕਰੋਪੀ ਖਿਲਾਫ ਸੰਘਰਸ਼ ਕਰਦਿਆਂ, ਇਸ ਸੰਘਰਸ਼ ਦੇ ਪੈਰੀਂ ਬੇੜੀਆਂ ਪਾਉਣ ਵਾਲੇ ਹਾਕਮਾਂ ਦੀਆਂ ਸਭਨਾਂ ਲੋਕ ਦੁਸ਼ਮਣ ਨੀਤੀਆਂ ਖ਼ਿਲਾਫ ਲੜਦਿਆਂ ਮੇਰੇ ਲੋਕਾਂ ਨੂੰ ਵੱਡੇ ਥੈਲੀਸ਼ਾਹਾਂ ਦੇ ਸੇਵਾਦਾਰ ਹਾਕਮਾਂ ਦੀ ਕਰੋਪੀ ਦਾ ਸਾਹਮਣਾ ਕਰਨ ਲਈ ਹੁਣੇ ਤੋਂ ਕਮਰਕੱਸੇ ਕਰਨ ਪੈਣੇ ਹਨ।
          ਕਾਣੀ ਵੰਡ ਦਾ ਸੰਤਾਪ ਹੰਢਾ ਰਹੇ ਮੇਰੇ ਲੋਕਾਂ ਦੀ ਹੋਣੀ ਨੂੰ ਇਸ ਧਰਤੀ ਦੇ ਇੱਕ ਕਵੀ ਨੇ ਇਹਨਾ ਸ਼ਬਦਾਂ ’ਚ ਬਿਆਨਿਆ ਹੈ:-
“ਜੇ ਸੋਕਾ ਇਹੀ ਸੜਦੇ ਨੇ
ਜੇ ਡੋਬਾ ਇਹੀ ਮਰਦੇ ਨੇ
ਸਭ ਕਹਿਰ ਇਨ੍ਹਾਂ ਸਿਰ ਵਰ੍ਹਦੇ ਨੇ”
          ਇਹ ਕਹਿਰ ਉਦੋਂ ਤੱਕ ਵਰ੍ਹਦੇ ਰਹਿਣਗੇ ਜਦੋਂ ਤੱਕ ਮੇਰੇ ਲੋਕਾਂ ਦੀਆਂ ਬਾਹਾਂ ਕੁਦਰਤੀ ਆਫ਼ਤਾਂ ਸੰਗ ਪੂਰੀ ਸ਼ਕਤੀ ਨਾਲ ਟਕਰਾਉਣ ਲਈ ਆਜ਼ਾਦ ਨਹੀਂ ਹੋ ਜਾਂਦੀਆਂ। ਜਿਸ ਦਿਨ ਮੇਰੇ ਲੋਕਾਂ ਦੀਆਂ ਝੁੱਗੀਆਂ ਢਹਿ ਢੇਰੀ ਹੋਏ ਮਹਿਲਾਂ ਦੇ ਉੱਚੇ ਮਲਬੇ ’ਤੇ ਉਸਾਰੀਆਂ ਜਾਣਗੀਆਂ-ਉਦੋਂ ਕਿਸੇ ਰਾਵੀ-ਬਿਆਸ ਦਾ ਪਾਣੀ ਉਨ੍ਹਾਂ ਦੀਆਂ ਨੀਹਾਂ ਤੱਕ ਨਹੀਂ ਅੱਪੜ ਸਕੇਗਾ। ਹਾਕਮਾਂ ਵੱਲ ਕੁਦਰਤੀ ਆਫ਼ਤਾਂ ਮੂਹਰੇ, ਇੰਝ ਹੀ ਸੁੱਟ ਰੱਖੇ ਮੁਲਕ ਦੇ ਹੋਰਨਾਂ ਲੋਕਾਂ ਸੰਗ ਰਲਕੇ ਜੂਝਦਿਆਂ ਜਦੋਂ ਮੇਰੇ ਲੋਕਾਂ ਨੇ ਆਪਣੀ ਕਿਸਮਤ ’ਤੇ ਸੱਪ ਕੁੰਡਲੀ ਮਾਰੀ ਬੈਠੇ ਥੈਲੀਸ਼ਾਹਾਂ ਦਾ ਜੱਫਾ ਤੋੜ ਸੁੱਟਿਆ ਤਾਂ ਦੁਨੀਆਂ ਦੀ ਕੋਈ ਤਾਕਤ ਉਹਨਾਂ ਨੂੰ ਕੁਦਰਤ ਖ਼ਿਲਾਫ ਨਿੱਤ ਨਵੀਆਂ ਜਿੱਤਾਂ ਹਾਸਲ ਕਰਨੋਂ ਨਹੀਂ ਰੋਕ ਸਕੇਗੀ। 
                                                                                    ''ਇਨਕਲਾਬੀ ਜਨਤਕ ਲੀਹ''  ਦੇ ਨਵੰਬਰ 1988 ਦੇ ਅੰਕ `ਚੋਂ)

No comments:

Post a Comment