9 ਸਤੰਬਰ: ਕਾਮਰੇਡ ਮਾਓ ਦੇ ਵਿਛੋੜੇ ਦਾ ਦਿਹਾੜਾ
ਸੰਸਾਰ ਪ੍ਰੋਲੇਤਾਰੀਏ ਦਾ ਮਹਾਨ ਰਹਿਬਰ ਕਾਮਰੇਡ ਮਾਓ-ਜ਼ੇ-ਤੁੰਗ
9 ਸਤੰਬਰ, 1976 ਨੂੰ ਸੰਸਾਰ ਪ੍ਰੋਲੇਤਾਰੀਆ ਦੇ ਮਹਾਨ ਉਸਤਾਦ ਕਾਮਰੇਡ ਮਾਓ-ਜ਼ੇ-ਤੁੰਗ ਦੇ ਗੁਜ਼ਰ ਜਾਣ ਦੀ ਖਬਰ ਨੇ ਸਮੁੱਚੀ ਚੀਨੀ ਕੌਮ ਨੂੰ, ਦੁਨੀਆਂ ਭਰ ਦੇ ਖਰੇ ਮਾਰਕਸਵਾਦੀਆਂ-ਲੈਨਿਨਵਾਦੀਆਂ ਨੂੰ, ਮਜ਼ਦੂਰ ਜਮਾਤ ਦੇ ਇਨਕਲਾਬੀ ਘੋਲਾਂ ਵਿੱਚ ਕੁੱਦੇ ਹੋਏ ਅਣਗਿਣਤ ਧੀਆਂ-ਪੁੱਤਰਾਂ ਨੂੰ ਅਤੇ ਕੌਮੀ ਅਜ਼ਾਦੀ, ਖੁਦਮੁਖਤਿਆਰੀ ਅਤੇ ਮੁਕਤੀ ਲਈ ਜੂਝਦੇ ਕੌਮ-ਪ੍ਰਸਤਾਂ ਤੇ ਜਮਹੂਰੀ-ਪਸੰਦਾਂ ਨੂੰ ਡੂੰਘੇ ਗਮ ਵਿੱਚ ਡੋਬ ਦਿੱਤਾ। ਕਾਮਰੇਡ ਮਾਓ-ਜ਼ੇ-ਤੁੰਗ ਨੇ 82 ਵਰ੍ਹਿਆਂ ਦੀ ਬੇਹੱਦ ਅਰਥ-ਭਰਪੂਰ ਜ਼ਿੰਦਗੀ ਭੋਗੀ ਹੈ, ਜਿਹੜੀ ਕਿਸੇ ਸ਼ਾਨਦਾਰ ਤੋਂ ਸ਼ਾਨਦਾਰ ਇਨਸਾਨ ਦੀ ਹਸਰਤ ਹੋ ਸਕਦੀ ਹੈ। ਏਡੀਆਂ ਕਮਾਲ ਇਤਿਹਾਸਕ ਪ੍ਰਾਪਤੀਆਂ ਕਰਨ ਤੋਂ ਬਾਅਦ ਕਾਮਰੇਡ ਮਾਓ ਦਾ ਜੀਵਨ-ਮੰਚ ਨੂੰ ਤਿਆਗ ਜਾਣਾ ਕੋਈ ਅਣਹੋਣੀ ਗੱਲ ਨਹੀਂ ਹੋਈ। ਇਸ ਹੋਣੀ ਨੇ ਆਖਿਰ ਇੱਕ ਦਿਨ ਵਾਪਰਨਾ ਸੀ। ਇਹ ਜਾਣਦਿਆਂ ਹੋਇਆ ਵੀ, ਸਾਡੇ ਲਈ, ਜਦੋਂ ਵੀ ਵਾਪਰਦੀ ਇੱਕ ਹੌਲ ਬਣਕੇ ਵਾਪਰਨੀ ਸੀ। ਇਸ ਅਜ਼ੀਮ ਰਹਿਨੁਮਾ ਦਾ ਤੁਰ ਜਾਣਾ, ਜਿਸ ਦਾ ਸਾਨੀ ਪੈਦਾ ਕਰਨ ਲਈ ਮਨੁੱਖਤਾ ਨੂੰ ਸਦੀਆਂ ਦੀ ਘਾਲਣਾ 'ਚੋਂ ਲੰਘਣਾ ਪੈਂਦਾ ਹੈ, ਸ਼ਾਨਦਾਰ ਮਨੁੱਖੀ-ਭਵਿੱਖ ਦੇ ਉਸਰੱਈਆ ਲਈ ਪੂਰਿਆ ਨਾ ਜਾ ਸਕਣ ਵਾਲਾ ਘਾਟਾ ਹੈ।
ਕਾਮਰੇਡ ਮਾਓ-ਜ਼ੇ-ਤੁੰਗ ਮਹਾਨ ਲੈਨਿਨ ਦਾ ਮਹਾਨ ਵਾਰਸ ਸੀ
1919 ਵਿੱਚ ਕਾਮਰੇਡ ਲੈਨਿਨ, ਜਾਗ ਰਹੇ ਪੂਰਬ ਦੇ ਕਮਿਊਨਿਸਟਾਂ ਨੂੰ ਇੱਕ ਇਤਿਹਾਸਕ ਕਾਰਜ ਦੀ ਸੌਂਪਣਾ ਕਰਦਿਆਂ ਮੁਖਾਤਿਬ ਹੋਇਆ ਸੀ:
“.........ਸੰਸਾਰ ਇਨਕਲਾਬ ਦੇ ਵਿਕਾਸ ਦੇ ਇਤਿਹਾਸ ਵਿੱਚ.........ਤੁਹਾਡੇ ਕੋਲੋਂ ਇੱਕ ਵੱਡਾ ਰੋਲ ਅਦਾ ਕਰਨ ਦੀ ਅਤੇ ਕੌਮਾਂਤਰੀ ਸਾਮਰਾਜ ਵਿਰੁੱਧ ਸਾਡੇ ਘੋਲ ਵਿੱਚ ਸਮਾਅ ਜਾਣ ਦੀ ਮੰਗ ਹੋਵੇਗੀ......। ਤੁਹਾਨੂੰ ਅਜਿਹੇ ਕਾਰਜ ਦਾ ਸਾਹਮਣਾ ਹੈ ਜਿਸਦਾ ਪਹਿਲਾਂ ਦੁਨੀਆਂ ਦੇ ਕਮਿਊਨਿਸਟਾਂ ਨੂੰ ਸਾਹਮਣਾ ਨਹੀਂ ਹੋਇਆ, ਕਮਿਊਨਿਜ਼ਮ ਦੇ ਆਮ ਸਿਧਾਂਤ ਤੇ ਅਭਿਆਸ ਉੱਤੇ ਟੇਕ ਰੱਖਦਿਆਂ, ਤੁਹਾਡੇ ਲਈ ਆਪਣੇ ਆਪ ਨੂੰ ਅਜਿਹੀਆਂ ਵਿਸ਼ੇਸ਼ ਹਾਲਤਾਂ ਜਿਹੋ ਜਿਹੀਆਂ ਯੂਰਪੀ ਮੁਲਕਾਂ ਅੰਦਰ ਮੌਜੂਦ ਨਹੀ ਹਨ, ਢਾਲਣਾ ਲਾਜ਼ਮੀ ਹੈ; ਤੁਹਾਡੇ ਲਈ ਉਸ ਸਿਧਾਂਤ ਅਤੇ ਅਭਿਆਸ ਨੂੰ ਉਹਨਾਂ ਹਾਲਤਾਂ ਉੱਤੇ ਲਾਗੂ ਕਰਨ ਦੇ ਯੋਗ ਹੋਣਾ ਲਾਜ਼ਮੀ ਹੈ, ਜਿਹਨਾਂ ਅੰਦਰ ਵਸੋਂ ਦਾ ਭਾਰੀ ਹਿੱਸਾ ਕਿਸਾਨ ਅਤੇ ਜਿਹਨਾਂ ਅੰਦਰ ਪੂੰਜੀਵਾਦ ਵਿਰੁੱਧ ਨਹੀਂ, ਮੱਧਯੁੱਗੀ ਰਹਿੰਦ-ਖੂੰਹਦ ਵਿਰੁੱਧ ਜੱਦੋਜਹਿਦ ਕਰਨ ਦਾ ਕਾਰਜ ਬਣਦਾ ਹੈ। ਇਹ ਇੱਕ ਕਠਿਨ ਅਤੇ ਵਿਸ਼ੇਸ਼ ਕਾਰਜ ਹੈ.........। ਕਿਰਤੀ ਜਨਤਾ ਨੂੰ ਇਨਕਲਾਬੀ ਸਰਗਰਮੀ ਲਈ ਅਤੇ ਜਥੇਬੰਦੀ ਉਭਾਰਨ.....ਅਸਲ ਕਮਿਊਨਿਸਟ ਸਿਧਾਂਤ ਨੂੰ, ਜਿਸਦੀ ਨੁਹਾਰ ਵੱਧ ਵਿਕਸਤ ਦੇਸ਼ਾਂ ਦੇ ਕਮਿਊਨਿਸਟਾਂ ਖਾਤਰ ਘੜੀ ਹੋਈ ਸੀ, ਹਰ ਲੋਕਾਈ ਦੀ ਜ਼ੁਬਾਨ ਵਿੱਚ ਢਾਲਣਾ.......ਕਾਰਜ ਬਣਦਾ ਹੈ......ਅਜਿਹੀਆਂ ਹਨ ਸਮੱਸਿਆਵਾਂ, ਜਿਹਨਾਂ ਦਾ ਹੱਲ ਤੁਹਾਨੂੰ ਕਿਸੇ ਕਮਿਊਨਿਸਟ ਗ੍ਰੰਥ ਵਿੱਚੋਂ ਨਹੀਂ ਲੱਭਣਾ.......ਤੁਹਾਨੂੰ ਆਪਣੇ ਆਜ਼ਾਦ ਤਜਰਬੇ ਰਾਹੀਂ ਇਸ ਸਮੱਸਿਆ ਨੂੰ ਹੱਥ ਪਾਉਣਾ ਤੇ ਹੱਲ ਕਰਨਾ ਪਵੇਗਾ......।”
ਅਤੇ, ਕਾਮਰੇਡ ਮਾਓ-ਜ਼ੇ-ਤੁੰਗ ਇਸ ਨੂੰ ਪੂਰਬ ਦਾ ਹੁੰਗਾਰਾ ਸੀ! ਬਸਤੀਵਾਦੀ ਅਤੇ ਅਰਧ-ਬਸਤੀਵਾਦੀ ਮੁਲਕਾਂ ਅੰਦਰ ਇਨਕਲਾਬ ਬਾਬਤ ਲੈਨਿਨੀ-ਸਤਾਲਨੀ ਸਿੱਖਿਆਵਾਂ ਨੂੰ ਗ੍ਰਹਿਣ ਕਰਦਿਆਂ, ਕਾਮਰੇਡ ਮਾਓ-ਜ਼ੇ-ਤੁੰਗ ਨੇ ਮਾਰਕਸਵਾਦ-ਲੈਨਿਨਵਾਦ ਦੇ ਸਰਵ-ਵਿਆਪੀ ਸੱਚ ਦਾ ਚੀਨੀ ਇਨਕਲਾਬ ਦੇ ਠੋਸ ਅਭਿਆਸ ਨਾਲ ਸੰਜੋਗ ਕੀਤਾ ਅਤੇ ਪੂਰਬ ਦੇ ਇਨਕਲਾਬ ਦੀ ਵਿਸ਼ੇਸ਼ ਨੁਹਾਰ ਘੜੀ। ਚੀਨ ਦੇ ਲੋਕ-ਜਮਹੂਰੀ ਇਨਕਲਾਬ ਦੀ ਸਫਲ ਅਗਵਾਈ ਕੀਤੀ ਅਤੇ ਇਸ ਨੂੰ ਸਮਾਜਵਾਦੀ ਇਨਕਲਾਬ ਤੱਕ ਪੂਰ ਚਾੜ੍ਹਿਆ ਅਤੇ ਬਦੇਸ਼ੀ ਦਾਬੇ ਅਤੇ ਵੰਡ-ਚੂੰਡ ਦਾ ਸ਼ਿਕਾਰ ਹੋਏ ਚੀਨ ਦੀ ਕਾਇਆਪਲਟ ਕਰਕੇ ਨਰੋਏ ਸਮਾਜਵਾਦੀ ਚੀਨ ਦੇ ਤੌਰ 'ਤੇ ਇਤਿਹਾਸ ਦੇ ਮੰਚ ਉੱਤੇ ਲਿਆ ਖੜ੍ਹਾ ਕੀਤਾ ਅਤੇ ਇਸ ਤਰ੍ਹਾਂ, ਕੌਮਾਂਤਰੀ ਕਮਿਊਨਿਸਟ ਲਹਿਰ ਦੇ ਇਨਕਲਾਬੀ ਤਜਰਬੇ ਤੇ ਸਿਧਾਂਤ ਨੂੰ ਅਮੀਰ ਬਣਾਉਂਦਿਆਂ, ਗੁਲਾਮ ਨੀਮ-ਗੁਲਾਮ ਮੁਲਕਾਂ ਦੇ ਇਨਕਲਾਬਾਂ ਲਈ ਅਹਿਮ ਪੂਰਨ ਪਾਏ। ਕਾਮਰੇਡ ਸਤਾਲਿਨ ਦੇ ਦਿਹਾਂਤ ਪਿੱਛੋਂ ਪਾਰਟੀ ਦੀ ਲੀਡਰਸ਼ਿਪ ਉੱਤੇ ਕਾਬਜ਼ ਹੋਏ ਸੋਧਵਾਦੀ ਗੱਦਾਰ-ਗੁੱਟ ਨੇ ਜਦੋਂ ਲੈਨਿਨ ਦੀ ਸਿਰਜੀ ਅਤੇ ਸਤਾਲਿਨ ਦੀ ਪਾਲੀ ਸੋਵੀਅਤ-ਸੱਤਾ ਨੂੰ ਖੋਰ ਕੇ ਨਵੀਂ ਸ਼ਕਲ ਵਿੱਚ ਸਰਮਾਏਦਾਰੀ ਸੱਤਾ ਬਹਾਲ ਕਰਨ ਦਾ ਰਾਹ ਫੜਿਆ ਅਤੇ ਮਹਾਨ ਲੈਨਿਨ ਤੇ ਉਸਦੀ ਪਾਰਟੀ ਖਾਤਰ ਦੁਨੀਆਂ ਭਰ ਦੇ ਕਮਿਊਨਿਸਟਾਂ ਅੰਦਰ ਬਣੇ ਹੋਏ ਮਾਣ-ਤਾਣ ਤੇ ਪਿਆਰ ਤੋਂ ਲਾਭ ਉਠਾਉਂਦਿਆਂ, ਸੰਸਾਰ ਕਮਿਊਨਿਸਟ ਲਹਿਰ ਨੂੰ ਇਨਕਲਾਬੀ ਲੀਹ ਤੋਂ ਗੁੰਮਰਾਹ ਕਰਨ ਦਾ ਰਾਹ ਫੜਿਆ ਤਾਂ ਕਾਮਰੇਡ ਮਾਓ-ਜ਼ੇ-ਤੁੰਗ ਨੇ ਇਸ ਸੋਧਵਾਦੀ ਗੱਦਾਰ ਗੁੱਟ ਨੂੰ ਨੰਗਾ ਕਰਨ ਅਤੇ ਭਾਂਜ ਦੇਣ ਲਈ ਇਨਕਲਾਬੀ ਲੈਨਿਨੀ ਝੰਡਾ ਬੁਲੰਦ ਕੀਤਾ ਅਤੇ ਦੁਨੀਆਂ ਭਰ ਦੇ ਖਰੇ ਮਾਰਕਸਵਾਦੀਆਂ-ਲੈਨਿਨਵਾਦੀਆਂ ਨੂੰ ਇਸ ਦੁਆਲੇ ਇੱਕਮੁੱਠ ਕਰਕੇ ਅਜੋਕੇ ਸੋਧਵਾਦ ਨੂੰ ਕਰਾਰੀ ਭਾਂਜ ਦਿੱਤੀ ਅਤੇ ਕੌਮਾਂਤਰੀ ਕਮਿਊਨਿਸਟ ਲਹਿਰ ਲਈ ਇਨਕਲਾਬੀ ਲੈਨਿਨੀ ਲੀਹ ਨੂੰ ਨਿਖਾਰ-ਸੰਵਾਰ ਕੇ ਸਥਾਪਤ ਕੀਤਾ।
ਕਾਮਰੇਡ ਮਾਓ-ਜ਼ੇ-ਤੁੰਗ
ਮਹਾਨ ਮਾਰਕਸਵਾਦੀ-ਲੈਨਿਨਵਾਦੀ ਵਿਚਾਰਵਾਨ ਸੀ
ਦਵੰਦੀ ਪਦਾਰਥਵਾਦੀ ਸੰਕਲਪ ਦੀ ਗਿਰੀ, ਅੰਤਰ-ਵਿਰੋਧਾਂ ਦੀ ਸਾਇੰਸ-ਦੁਵੰਦਤਾ- ਦੀ ਪਕੜ ਤੇ ਵਰਤੋਂ ਵਿੱਚ ਕਾਮਰੇਡ ਮਾਓ-ਜ਼ੇ-ਤੁੰਗ ਨੂੰ ਕਮਾਲ ਦੀ ਮੁਹਾਰਤ ਹਾਸਲ ਸੀ। ਉਸਨੇ ਸਿਧਾਂਤ ਤੇ ਅਭਿਆਸ ਦੀ ਪੱਧਰ ਉੱਤੇ ਇਸ ਸਾਇੰਸ ਨੂੰ ਵਿਕਸਤ ਕੀਤਾ। ਚੀਨ ਨੇ ਲੋਕ-ਜਮਹੂਰੀ ਅਤੇ ਸਮਾਜਵਾਦੀ ਇਨਕਲਾਬ ਦੇ ਦੌਰਾਨ ਬਦਲਦੀਆਂ ਹਾਲਤਾਂ ਅੰਦਰ ਉੱਭਰਦੇ-ਦਬਦੇ ਅਨੇਕਾਂ ਅੰਤਰ-ਵਿਰੋਧਾਂ ਦੀ ਦਰੁਸਤ ਨਿਸ਼ਾਨਦੇਹੀ ਕਰਨ ਅਤੇ ਹਰ ਇੱਕ ਦੀ ਚਾਲ-ਦਿਸ਼ਾ ਬੁੱਝਣ ਵਿੱਚ ਅਤੇ ਤੁਰਤ ਹੱਲ ਮੰਗਦੀਆਂ ਅਨੇਕਾਂ ਸਮੱਸਿਆਵਾਂ ਤੇ ਸਿਰ-ਪਏ ਕਾਰਜਾਂ ਦੀ ਕੁੰਜੀਵਤ-ਕੜੀ ਨੂੰ ਬੁੱਝਣ ਤੇ ਹੱਥ ਪਾਉਣ ਵਿੱਚ ਕਾਮਰੇਡ ਮਾਓ ਦੀ ਹੈਰਤ-ਅੰਗੇਜ਼ ਸਫਲਤਾ ਇਸੇ ਚਮਤਕਾਰੀ ਜੁਗਤ ਦੀ ਹੁਨਰੀ ਵਰਤੋਂ ਸਦਕਾ ਹੁੰਦੀ ਰਹੀ ਹੈ। ਮਸਲਾ ਭਾਵੇਂ ਮੁਲਕੀ ਪੱਧਰ 'ਤੇ, ਹਮਲਾਵਰ ਜਪਾਨੀ ਸਾਮਰਾਜਵਾਦ ਵਿਰੁੱਧ ਵਿਸ਼ਾਲ ਸਾਂਝਾ ਮੋਰਚਾ ਬਣਾਉਣ ਦਾ ਹੋਵੇ, ਭਾਵੇਂ ਕੌਮਾਂਤਰੀ ਪੱਧਰ 'ਤੇ ਦੋ ਦਿਓ-ਸ਼ਕਤੀਆਂ ਦੇ ਗਲਬੇ ਵਿਰੁੱਧ ਸਮਾਜਵਾਦੀ ਤਾਕਤਾਂ ਦਾ ਵਿਸ਼ਾਲ ਕੌਮਾਂਤਰੀ ਸਾਂਝਾ ਮੋਰਚਾ ਬਣਾਉਣ ਦਾ ਹੋਵੇ ਜਾਂ ਸਮਾਜਵਾਦੀ ਸਮਾਜ ਦੇ ਅੰਦਰੂਨੀ ਤਣਾਵਾਂ ਨੂੰ ਹੱਲ ਕਰਨ ਦਾ, ਕਾਮਰੇਡ ਮਾਓ-ਜ਼ੇ-ਤੁੰਗ ਨੇ ਦੁਸ਼ਮਣ ਨੂੰ ਨਿਖੇੜਨ ਅਤੇ ਦੋਸਤਾਂ ਨੂੰ ਇੱਕਮੁੱਠ ਕਰਨ ਵਿੱਚ ਦੁਵੰਦਤਾ ਦੇ ਅਭਿਆਸ ਨੂੰ ਕਲਾ ਦੀ ਸਿਖਰ ਉੱਤੇ ਪੁਚਾ ਦਿੱਤਾ। ਇਸੇ ਕਲਾ ਸਦਕਾ ਕਾਮਰੇਡ ਮਾਓ-ਜ਼ੇ-ਤੁੰਗ ਇਸ ਯੁੱਗ ਦਾ ਮਹਾਨ ਇਨਕਲਾਬੀ ਪੈਂਤੜਾ ਚਾਲਕ ਬਣਿਆ।
ਇਤਿਹਾਸਕ ਪਦਾਰਥਵਾਦੀ ਨਜ਼ਰੀਏ ਦੀ ਡੂੰਘੀ ਪਕੜ ਸਦਕਾ ਕਾਮਰੇਡ ਮਾਓ ਦੂਰ-ਦ੍ਰਿਸ਼ਟੀ ਦਾ ਗੁਣ-ਧਾਰੀ ਸੀ। ਉਹ ਬੀਤੇ ਦੀਆਂ ਘਟਨਾਵਾਂ ਦਾ ਖੁਰਾ ਫੜ ਸਕਦਾ ਸੀ, ਇਸ ਲਈ, ਇਹਨਾਂ ਦਾ ਤੱਤ ਨਿਚੋੜ ਸਕਦਾ ਸੀ ਅਤੇ ਵਰਤਮਾਨ ਦੀ ਕਾਰਜ ਸਿੱਧੀ ਲਈ ਇਸ ਨੂੰ ਵਰਤ ਸਕਦਾ ਸੀ। ਉਸ ਨੇ ਮੌਕੇ ਦੇ ਚੀਨੀ ਸਮਾਜ ਦੀਆਂ ਖਾਸੀਅਤਾਂ ਸਮਝਣ ਲਈ ਚੀਨ ਦੇ ਪਿਛੋਕੜ ਨੂੰ, ਖਾਸ ਤੌਰ 'ਤੇ, ਬਸਤੀਵਾਦੀ ਦਖਲਅੰਦਾਜ਼ੀ ਸ਼ੁਰੂ ਹੋਣ ਤੋਂ ਬਾਅਦ ਦੇ ਦੌਰ ਨੂੰ ਇਸੇ ਨਜ਼ਰੀਏ ਨਾਲ ਘੋਖਿਆ, ਚੀਨੀ ਕੌਮ ਅਤੇ ਵੱਖ-ਵੱਖ ਜਮਾਤਾਂ ਦੇ ਵਿਸ਼ੇਸ਼ ਲੱਛਣਾਂ ਨੂੰ ਬੁੱਝਿਆ ਅਤੇ ਚੀਨੀ ਇਨਕਲਾਬੀ ਲਹਿਰ ਦਾ ਵਿਸ਼ੇਸ਼ ਮੁਹਾਂਦਰਾ ਘੜਨ ਵਿੱਚ ਇਸ ਜਾਣਕਾਰੀ ਤੋਂ ਕੰਮ ਲਿਆ। ਰੂਸ ਅੰਦਰ, ਸਮਾਜਵਾਦੀ ਸਮਾਜ ਦੇ ਰੰਗ ਵਟਾਣ ਅਤੇ ਪ੍ਰੋਲੇਤਾਰੀ ਤਾਨਾਸ਼ਾਹੀ ਦੀ ਥਾਂ ਨਵ-ਸਰਮਾਏਦਾਰਾ ਤਾਨਾਸ਼ਾਹੀ ਸਥਾਪਤ ਹੋ ਜਾਣ ਉੱਤੇ, ਕਾਮਰੇਡ ਮਾਓ-ਜ਼ੇ-ਤੁੰਗ ਨੇ ਰੂਸ ਅੰਦਰ ਸਮਾਜਵਾਦੀ ਉਸਾਰੀ ਅਤੇ ਪ੍ਰੋਲੇਤਾਰੀ ਤਾਨਾਸ਼ਾਹੀ ਦੇ ਚਾਲੀ ਵਰ੍ਹਿਆਂ ਦੇ ਤਜਰਬੇ ਨੂੰ, ਖਾਸ ਕਰਕੇ ਇਸਦੇ ਨਾਂਹ-ਪੱਖੀ ਪਹਿਲੂਆਂ ਨੂੰ, ਪੜਤਾਲਿਆ ਅਤੇ ਸਰਮਾਏਦਾਰਾਂ ਬਹਾਲੀ ਦੇ ਸਮਾਜਿਕ ਅਧਾਰ (ਸਮੁੱਚੇ ਸਮਾਜਵਾਦੀ ਦੌਰ ਅੰਦਰ ਜਮਾਤਾਂ ਅਤੇ ਜਮਾਤੀ-ਘੋਲ ਦੀ ਹੋਂਦ), ਅਧਾਰ ਖੇਤਰ (ਪੁਰਾਣੀ ਰਹਿੰਦ-ਖੂੰਹਦ ਨਾਲ ਚੰਬੜਿਆ ਸੱਭਿਆਚਾਰ) ਮੁੱਖ ਸਾਧਨ (ਪਾਰਟੀ ਅਤੇ ਰਾਜ ਦੀ ਅਫਸਰਸ਼ਾਹੀ) ਤੇ ਬੁਨਿਆਦੀ ਤਰੀਕਕਾਰ (ਤਕਨੀਕੀ ਤੇ ਪੈਦਾਵਾਰੀ ਵਿਕਾਸ ਦੇ ਨਾਂ ਹੇਠ ਨਵੇਂ ਸਮਾਜਵਾਦੀ ਮਨੁੱਖ ਦੀ ਸਿਰਜਣਾ ਤੋਂ ਬੇਮੁੱਖਤਾ) ਦੀ ਨਿਸ਼ਾਨਦੇਹੀ ਕੀਤੀ ਅਤੇ ਮਹਾਨ ਪ੍ਰੋਲੇਤਾਰੀ ਸੱਭਿਆਚਰਕ ਇਨਕਲਾਬ ਦੇ ਰੂਪ ਵਿੱਚ ਇਸ ਸਮੱਸਿਆ ਦਾ ਹੱਲ ਪੇਸ਼ ਕੀਤਾ ਅਤੇ ਪ੍ਰੋਲੇਤਾਰੀ ਤਾਨਾਸ਼ਾਹੀ ਦੀ ਹਾਲਤ ਅਧੀਨ ਇਨਕਲਾਬ ਜਾਰੀ ਰੱਖਣ ਦਾ ਨਵਾਂ ਸਿਧਾਂਤ ਪੇਸ਼ ਕਰਕੇ ਵਿਗਿਆਨਕ ਸਮਾਜਵਾਦ ਦੇ ਸਿਧਾਂਤ-ਭੰਡਾਰ ਵਿੱਚ ਕੀਮਤੀ ਵਾਧਾ ਕੀਤਾ। ਏਸੇ ਗੁਣ ਸਦਕਾ ਉਹ ਆ ਰਹੇ ਸਮਿਆਂ ਦੀ ਪੈੜ-ਚਾਲ ਸੁਣ ਸਕਦਾ ਸੀ। ਵਰਤਮਾਨ ਵਰਤਾਰਿਆਂ ਦੇ ਜੰਗਲ ਵਿੱਚੋਂ ਭਵਿੱਖ ਦੀ ਫੁੱਟਦੀ ਕਰੂੰਬਲ ਨੂੰ ਚੁਗ ਸਕਦਾ ਸੀ। ਇਸੇ ਲਈ ਘਟਨਾ-ਚਾਲ ਦੀ ਨਬਜ਼ ਉਸਦੇ ਪੋਟਿਆਂ ਥੱਲੇ ਰਹਿੰਦੀ ਸੀ ਅਤੇ ਉਸਦੇ ਮੌਕੇ ਦੇ ਬੋਲ ਅਕਸਰ ਪੈਗੰਬਰੀ ਟੁਣਕਾਰ ਦਿੰਦੇ ਸਨ। ਸੰਨ 1946 ਵਿੱਚ, ਜਦੋਂ ਪ੍ਰਮਾਣੂ ਬੰਬ ਦੀ ਅਜਾਰੇਦਾਰੀ ਨਾਲ ਸ਼ੁਕਰਿਆ ਅਮਰੀਕੀ ਸਾਮਰਾਜਵਾਦ ਦੀ ਸ਼ਹਿ 'ਤੇ ਭਾਰੀ ਫੌਜੀ ਸਹਾਇਤਾ ਨਾਲ ਗੱਦਾਰ ਚਿਆਂਗ-ਕਾਈ-ਸ਼ੈੱਕ ਨੇ ਆਜਾਦ ਇਲਾਕਿਆਂ ਉੱਤੇ ਭਰਵਾਂ ਚੁਪਾਸੜ ਹੱਲਾ ਬੋਲ ਦਿੱਤਾ ਸੀ, ਜਦੋਂ ਬਹੁਤਿਆਂ ਨੂੰ ਇਨਕਲਾਬੀ ਧਿਰ ਦੀ ਹਾਲਤ ਪਤਲੀ ਨਜ਼ਰ ਆਉਣ ਕਰਕੇ ਨਿਰਾਸ਼ਤਾ ਨੇ ਘੇਰ ਲਿਆ ਸੀ, ਕਾਮਰੇਡ ਮਾਓ ਨੇ ਅਨਾ ਲੂਈ ਸਟਰਾਂਗ ਨਾਲ ਆਪਣੀ ਪ੍ਰਸਿੱਧ ਇੰਟਰਵਿਊ ਵਿੱਚ ਸੰਸਾਰ-ਸਿਆਸੀ ਦ੍ਰਿਸ਼ ਦਾ ਸਰਵੇਖਣ ਕਰਦਿਆਂ ਇਹ ਦਲੇਰ ਇਤਿਹਾਸਕ ਨਿਰਣਾ ਪੇਸ਼ ਕੀਤਾ ਕਿ ਸਾਮਰਾਜਵਾਦ ਤੇ ਸਾਰੇ ਪਿਛਾਂਹ-ਖਿੱਚੂ ਕਾਗਜ਼ੀ ਸ਼ੇਰ ਹਨ, ਪਰਮਾਣੂ ਬੰਬ ਵੀ ਕਾਗਜ਼ੀ ਸ਼ੇਰ ਹੈ, ਲੋਕ ਹੀ ਜੰਗ ਅੰਦਰ ਫੈਸਲਾਕੁੰਨ ਸ਼ਕਤੀ ਹਨ। ਚੀਨੀ ਲੋਕ ਬੰਦੂਕਾਂ ਨਾਲ ਹੀ ਚਿਆਂਗ-ਕਾਈ-ਸ਼ੈੱਕ ਦੇ ਟੈਂਕਾਂ ਨੂੰ ਭਾਜੜਾਂ ਪਾ ਦੇਣਗੇ ਅਤੇ ਸੰਸਾਰ ਦੇ ਲੋਕ ਅਮਰੀਕੀ ਸਾਮਰਾਜਵਾਦ ਤੇ ਸਾਰੇ ਪਿਛਾਂਹ-ਖਿੱਚੂਆਂ ਨੂੰ ਪਛਾੜ ਦੇਣਗੇ। ਆਉਣ ਵਾਲੇ ਸਮੇਂ ਨੇ ਇਸ ਨਿਰਨੇ ਦੀ ਅਟੱਲ ਸੱਚਾਈ ਸਾਰਿਆਂ ਸਾਹਮਣੇ ਉਜਾਗਰ ਕਰ ਦਿੱਤੀ। ਇਤਿਹਾਸਕ ਪਦਾਰਥਵਾਦ ਦਾ ਇਹ ਤੱਤ ਗ੍ਰਹਿਣ ਕਰ ਲੈਣ ਸਦਕਾ ਹੀ ਕਿ “ਲੋਕ, ਸਿਰਫ ਲੋਕੀ ਹੀ ਇਤਿਹਾਸ ਦੀ ਚਾਲਕ-ਸ਼ਕਤੀ ਹਨ”, ਕਾਮਰੇਡ ਮਾਓ-ਜ਼ੇ-ਤੁੰਗ ਅਜਿਹੇ ਦਲੇਰ, ਸਹੀ ਤੇ ਦੂਰ-ਮਾਰ ਇਨਕਲਾਬੀ ਨਿਰਨੇ ਪੇਸ਼ ਕਰਦਾ ਸੀ ਜਿਹੜੇ ਇਨਕਲਾਬੀਆਂ ਤੇ ਦੁਨੀਆਂ ਭਰ ਦੇ ਲੋਕਾਂ ਅੰਦਰ ਵਕਤੀ ਤੌਰ 'ਤੇ ਤਾਕਤਵਰ, ਦੁਸ਼ਮਣ ਵਿਰੁੱਧ ਟੱਕਰ ਲੈਣ ਦੀ ਜੁਰੱਅਤ ਭਰਦੇ ਰਹੇ ਹਨ, ਉਹਨਾਂ ਅੰਦਰ ਆਪਣੀ ਸਮੂਹਿਕ ਸ਼ਕਤੀ ਤੇ ਰੌਸ਼ਨ ਭਵਿੱਖ ਦਾ ਵਿਸ਼ਵਾਸ਼ ਜਗਾਉਂਦੇ ਰਹੇ ਹਨ ਅਤੇ ਅਗਾਂਹ ਨੂੰ ਜਗਾਉਂਦੇ ਰਹਿਣਗੇ।
ਕਾਮਰੇਡ ਮਾਓ-ਜ਼ੇ-ਤੁੰਗ ਬਹੁ-ਪੱਖੀ ਪ੍ਰਤਿਭਾ ਵਾਲੀ ਸਖਸ਼ੀਅਤ ਸੀ
ਉਹ ਮਹਾਨ ਇਨਕਲਾਬੀ ਜਨਤਕ ਆਗੂ ਸੀ। ਉਹ ਕਰੋੜਾਂ-ਕਰੋੜ ਜਨਤਾ ਦੀ ਬੋਲੀ ਦਾ ਜਾਣੂ ਅਤੇ ਉਹਨਾਂ ਦੇ ਰੌਂਅ ਦਾ ਪਾਰਖੂ ਸੀ। ਇਨਕਲਾਬ ਦੇ ਮੁੱਢਲੇ ਲੰਮੇ ਵਰ੍ਹਿਆਂ ਅੰਦਰ ਉਸ ਨੂੰ ਸਾਧਾਰਨ ਕਿਸਾਨਾਂ ਨਾਲ ਘੁਲਣ-ਮਿਲਣ ਅਤੇ ਰਲ ਕੇ ਲੜਨ ਦਾ ਮੌਕਾ ਮਿਲਿਆ। ਇਸ ਅਰਸੇ ਦੌਰਾਨ ਉਸਨੇ ਇੱਕ ਨਿਰਮਾਣ ਸਿਖਾਂਦਰੂ ਵਾਂਗ ਸਧਾਰਨ ਕਿਸਾਨਾਂ ਦੇ ਸੋਚਣ-ਢੰਗ, ਅੱਡ-ਅੱਡ ਹਾਲਤਾਂ ਤੇ ਘਟਨਾਵਾਂ ਪ੍ਰਤੀ ਹੁੰਗਾਰਾ ਦੇਣ ਦੇ ਰਵੱਈਏ ਅਤੇ ਨਿੱਗਰ ਵਿਹਾਰਕ-ਸੂਝ ਨੂੰ ਗਹੁ ਨਾਲ ਵਾਚਿਆ ਅਤੇ ਇਸ ਤਰ੍ਹਾਂ ਕਰੋੜਾਂ ਕਿਸਾਨਾਂ ਨੂੰ ਪ੍ਰੇਰਨ, ਉਭਾਰਨ ਅਤੇ ਇਨਕਲਾਬੀ-ਰੁਖ ਵਗਾਉਣ ਦਾ ਜਾਚ ਹਾਸਲ ਕੀਤੀ। ਇਹ ਲੋਕਾਂ ਦੀ ਸਮੂਹਿਕ ਸ਼ਕਤੀ ਅਤੇ ਸਿਆਣਪ ਵਿੱਚ ਅਟੁੱਟ ਵਿਸ਼ਵਾਸ਼ ਦਾ ਨਤੀਜਾ ਸੀ ਕਿ ਸੱਭਿਆਚਾਰਕ ਇਨਕਲਾਬ ਸਮੇਂ ਉਸਨੇ ਪਾਰਟੀ ਅਤੇ ਹਕੂਮਤੀ ਮਸ਼ੀਨਰੀ ਦੀ ਕਿਰਦਾਰ-ਸੁਧਾਈ ਦਾ ਕੰਮ ਇਨਕਲਾਬੀ ਲੋਕ ਸਮੂਹਾਂ ਨੂੰ ਸੌਂਪਣ ਦੀ ਅਤੇ “ਬਗਾਵਤ ਹੱਕੀ ਹੈ” ਦਾ ਨਾਅਰਾ ਬੁਲੰਦ ਕਰਨ ਦੀ ਉਹ ਜੁਰੱਅਤ ਦਿਖਾਈ ਜਿਸਦੀ ਇਤਿਹਾਸ ਵਿੱਚ ਮਿਸਾਲ ਨਹੀਂ ਮਿਲਦੀ। ਇਤਿਹਾਸ ਅੰਦਰ ਸ਼ਾਇਦ ਹੀ ਕੋਈ ਆਗੂ ਇਸ ਮਰਤਬੇ ਨੂੰ ਪਹੁੰਚਿਆ ਹੋਵੇ ਜਿਸਦਾ ਉਚਰਿਆ ਹਰ ਬੋਲ ਬਿਜਲਈ-ਲਹਿਰ ਵਾਂਗ ਕਰੋੜਾਂ ਲੋਕਾਂ ਨੂੰ ਧੜਕਾ ਦੇਵੇ। ਕਾਮਰੇਡ ਮਾਓ-ਜ਼ੇ-ਤੁੰਗ ਆਪਣੀ ਸਖਸ਼ੀ ਹਸਤੀ ਨੂੰ ਲੋਕਾਂ ਉੱਤੇ ਨਿਛਾਵਰ ਕਰਕੇ, ਲੋਕ-ਸਮੂਹਿਕ ਹਸਤੀ ਵਿੱਚ ਜਜ਼ਬ ਕਰਕੇ, ਇਸ ਮਰਤਬੇ ਨੂੰ ਪਹੁੰਚਿਆ, ਜਿੱਥੇ ਉਹ ਇਸ ਸਮੂਹਿਕ ਹਸਤੀ ਦਾ ਮਜਮੂਆ ਬਣ ਕੇ, ਇਸਦਾ ਪ੍ਰਤੀਕ ਬਣ ਕੇ ਜੀਵਿਆ। ਆਪਣੇ ਜੀਵਨ ਕਾਲ ਵਿੱਚ ਕਿਸੇ ਪੈਗੰਬਰ ਨੂੰ ਵੀ ਆਪਣੇ ਪੈਰੋਕਾਰਾਂ, ਆਪਣੇ ਲੋਕਾਂ ਤੋਂ ਅਜਿਹੀ ਪ੍ਰਵਾਨਤਾ, ਪਿਆਰ, ਵਕਾਰ ਅਤੇ ਪੂਗਾਊ-ਸ਼ਕਤੀ ਨਸੀਬ ਨਹੀਂ ਹੋਈ। ਕਿਉਂਕਿ ਇਹ ਕਿਸੇ ਵਿਅਕਤੀ ਦੀ ਸ਼ਾਨ ਨਹੀਂ ਸੀ, ਸਮੂਹ ਦੀਆਂ ਨਜ਼ਰਾਂ ਵਿੱਚ ਪ੍ਰਵਾਨ ਚੜ੍ਹੇ ਵਿਅਕਤੀ ਅੰਦਰ ਸਮੂਹ ਦੀ ਸ਼ਾਨ ਦਾ ਝਲਕਾਰਾ ਸੀ।
ਉਹ ਵੱਡਾ ਕਰਮ-ਯੋਗੀ ਸੀ, ਪ੍ਰੋਲੇਤਾਰੀ ਜੁਝਾਰ ਸੀ। ਕਾਮਰੇਡ ਮਾਓ-ਜ਼ੇ-ਤੁੰਗ ਦੀ ਸਾਰੀ ਜ਼ਿੰਦਗੀ ਜੂਝਣ ਤੇ ਜਿੱਤਣ ਦੀ ਜੁਰੱਅਤ-ਭਰਪੂਰ ਦਾਸਤਾਨ ਹੈ। ਵੱਡੀਆਂ ਇਨਕਲਾਬੀ ਮੱਲਾਂ ਮਾਰ ਲੈਣ ਪਿੱਛੋਂ, ਆਪਣੀ ਉਮਰ ਦੇ ਆਖਰੀ ਵਰ੍ਹਿਆਂ ਅੰਦਰ ਵੀ ਚੈਨ ਦੀ ਜ਼ਿੰਦਗੀ ਉਸਨੂੰ ਪ੍ਰਵਾਨ ਨਹੀਂ ਸੀ। ਉਹ, ਆਖਰੀ ਦਮ ਤੱਕ ਜਿਉਣਾ ਚਾਹੁੰਦਾ ਸੀ, ਅਤੇ ਉਸ ਲਈ ਜੱਦੋਜਹਿਦ ਹੀ ਜ਼ਿੰਦਗੀ ਸੀ। ਮਹਾਨ ਇਨਕਲਾਬੀ ਉਥਲ-ਪੁਥਲ ਅੰਦਰ ਉਸਦੀਆਂ ਸਾਰੀਆਂ ਸ਼ਕਤੀਆਂ ਜੋਬਨ ਵਿੱਚ ਆਉਂਦੀਆਂ ਸਨ ਅਤੇ ਉਸਦਾ ਆਪਾ ਆਪਣੀ ਸਿਖਰ 'ਤੇ ਵਿਚਰਦਾ ਸੀ। ਉਹ ਰਣ-ਯੋਧਾ ਅਤੇ ਮਹਾਨ ਯੁੱਧ-ਵਿਗਿਆਨੀ ਸੀ। ਉਸਨੇ ਗਰੀਲਾ ਯੁੱਧ-ਕਲਾ ਨੂੰ ਵਰਤਦਿਆਂ, ਇਸਦਾ ਵਿਕਾਸ ਕੀਤਾ, ਇਸ ਨੂੰ ਲੜਾਈ ਦੇ ਇੱਕ ਰੂਪ ਤੋਂ ਲੜਾਈ ਦੇ ਬੁਨਿਆਦੀ ਪੈਂਤੜੇ ਵਿੱਚ ਢਾਲਿਆ ਅਤੇ ਉੱਚਾ ਚੁੱਕ ਕੇ ਸਿਧਾਂਤ ਦੀ ਪੱਧਰ ਉੱਤੇ ਪਹੁੰਚਾ ਦਿੱਤਾ। ਜ਼ਰੱਈ ਇਨਕਲਾਬ ਯੁੱਧ ਦੇ ਦਸ ਵਰ੍ਹਿਆਂ ਅੰਦਰ ਅਤੇ ਜਪਾਨ ਵਿਰੁੱਧ ਟਾਕਰੇ ਦੀ ਜੰਗ ਦੇ ਅੱਠ ਵਰ੍ਹਿਆਂ ਅੰਦਰ ਉਸਨੇ ਯੁੱਧ-ਕਲਾ ਦੇ ਨਿਯਮਾਂ ਅਤੇ ਪੈਂਤੜਿਆਂ ਦਾ ਇੱਕ ਪੂਰ ਘੜਿਆ ਅਤੇ ਲਮਕਵੇਂ ਲੋਕ-ਯੁੱਧ ਦੀ ਸਦਾ-ਜੇਤੂ ਯੁੱਧ ਨੀਤੀ ਵਜੂਦ ਵਿੱਚ ਲਿਆਂਦੀ, ਜਿਹੜੀ ਪ੍ਰੋਲੇਤਾਰੀ ਜਮਾਤ ਦੇ ਸੈਨਿਕ-ਵਿਗਿਆਨ ਅੰਦਰ ਇੱਕ “ਲੰਮੀ ਛਾਲ” ਹੈ ਅਤੇ ਇਸਦਾ ਸਭ ਤੋਂ ਵਿਕਸਤ ਰੂਪ ਹੈ।
ਉਹ ਇਨਕਲਾਬੀ ਸ਼ਾਇਰ ਸੀ। ਇਨਕਲਾਬ ਦੱਬੇ ਕੁਚਲੇ ਲੋਕਾਂ ਦਾ ਤਿਓਹਾਰ ਹੁੰਦਾ ਹੈ। ਕਾਮਰੇਡ ਮਾਓ ਇਸ ਤਿਓਹਾਰ ਦਾ, ਇਨਕਲਾਬੀ ਤਰਥੱਲੀ ਦਾ, ਢਾਡੀ ਸੀ। ਉਸਦੀਆਂ ਨਜ਼ਮਾਂ ਸੁਹਜ-ਕਲਾ, ਸਮਾਜਿਕ ਤੱਤ ਅਤੇ ਇਨਕਲਾਬੀ ਹੁਲਾਸ ਦਾ ਸੁਮੇਲ ਹਨ ਅਤੇ ਜਨਤਕ-ਸਾਹਿਤ ਦਾ ਨਮੂਨਾ ਹਨ।
ਕਾਮਰੇਡ ਮਾਓ-ਜ਼ੇ-ਤੁੰਗ ਸਾਡਾ ਆਦਰਸ਼ ਹੈ
ਇਉਂ ਜੀਵਿਆ ਸੀ ਕਾਮਰੇਡ ਮਾਓ! ਆਪਣਾ ਜੀਵਨ ਮਿਹਨਤਕਸ਼ ਲੋਕਾਂ ਦੀ ਮੁਕਤੀ ਨੂੰ ਅਰਪਣ ਕਰਕੇ ਉਸਨੇ ਇਸ ਉੱਤੇ ਆਪਣੀ ਮੇਰ ਛੱਡ ਦਿੱਤੀ। ਇਸ ਕਾਜ਼ ਲਈ ਲੜਦਿਆਂ ਕਿਸੇ ਵੀ ਕੁਰਬਾਨੀ ਲਈ ਤਿਆਰ, ਉਹ ਮੌਤ ਦੀਆਂ ਅੱਖਾਂ ਵਿੱਚ ਨਿਝੱਕ ਝਾਕ ਸਕਦਾ ਸੀ। ਉਸ ਕੋਲ ਗੁਆਉਣ ਲਈ ਆਪਣਾ ਕੁੱਝ ਨਹੀਂ ਸੀ, ਸਭ ਕੁੱਝ ਲੋਕਾਂ ਦੀ ਅਮਾਨਤ ਸੀ। ਇਸ ਲਈ, ਉਹ ਕਿਸੇ ਵੀ ਵੇਲੇ ਆ ਜਾਣ ਵਾਲੀ ਮੌਤ ਦੇ ਵਿਅਕਤੀਗਤ ਸੰਸੇ ਤੋਂ ਮੁਕਤ ਹੋ ਗਿਆ। ਇਸ ਤਰ੍ਹਾਂ, ਜਿਉਂਦਿਆਂ-ਜੀਅ ਉਸਨੇ ਮੌਤ ਉੱਤੇ ਫਤਹਿ ਹਾਸਲ ਕੀਤੀ।
ਇਨਸਾਨੀ ਜਿਸਮ ਫਾਨੀ ਹੈ। ਹਰ ਵਸਤੂ ਵਾਂਗ ਇਸ ਨੇ ਕਾਲ-ਗਤੀ ਅੰਦਰ ਅੰਤ ਮੁਕ ਜਾਣਾ ਹੈ, ਮਿਟ ਜਾਣਾ ਹੈ। ਆਪਣੀ ਹਸਤੀ ਦਾ ਮੁਕੰਮਲ ਖਾਤਮਾ ਮਨੁੱਖ ਨੂੰ ਪ੍ਰਵਾਨ ਨਹੀਂ। ਉਹ ਅਮਰ ਹੋਣ ਲਈ ਕਾਲ ਨਾਲ ਜੂਝਦਾ ਹੈ ਪਰ ਆਮ ਤੌਰ 'ਤੇ ਕਾਲ ਦੀ ਸਦਾ-ਵਗਦੀ ਰੌਂਅ ਸਾਹਮਣੇ ਉਸਦੀ ਕਾਇਮ ਰਹਿਣ ਦੀ ਖਾਹਿਸ਼ ਨਾਕਾਮ ਰਹਿੰਦੀ ਹੈ। ਕਾਮਰੇਡ ਮਾਓ-ਜ਼ੇ-ਤੁੰਗ ਨੇ ਆਪਣੀ ਜ਼ਿੰਦਗੀ ਨੂੰ, ਜਿਹੜੀ ਮੁੱਕਣਹਾਰ ਸੀ, ਆਪਣੀ ਸਮੁੱਚੀ ਹਸਤੀ ਨੂੰ, ਕਦੇ ਨਾ ਮਿਟਣ ਵਾਲੇ ਕਾਰਨਾਮਿਆਂ ਅਤੇ ਪ੍ਰਾਪਤੀਆਂ ਵਿੱਚ ਢਾਲ ਦਿੱਤਾ। ਇਸ ਤਰ੍ਹਾਂ ਉਸਨੇ ਮਹਾਂਬਲੀ ਕਾਲ ਨੂੰ ਮਾਤ ਦੇ ਦਿੱਤੀ। ਕਾਲ ਉਸਦੀ ਦੇਹ ਨੂੰ ਆਪਣੇ ਵੇਗ ਵਿੱਚ ਸਮੇਟ ਸਕਦਾ ਸੀ, ਪਰ ਕਾਮਰੇਡ ਮਾਓ ਦੀ ਹਸਤੀ ਇਸ ਦੇਹ ਦੀ ਵਲਗਣ ਵਿੱਚ ਕਿੱਥੇ ਰਹੀ ਸੀ। ਉਹ ਤਾਂ ਵਿਸ਼ਾਲ ਲੋਕਾਈ ਦੇ ਹਿਤਾਂ ਲਈ, ਕਮਿਊਨਿਜ਼ਮ ਦੇ ਪਵਿੱਤਰ ਆਦਰਸ਼ ਦੀ ਪੂਰਤੀ ਲਈ, ਕੀਤੇ ਆਪਣੇ ਮਹਾਨ ਕਾਰਨਾਮਿਆਂ ਅਤੇ ਪ੍ਰਾਪਤੀਆਂ ਵਿੱਚ ਜਿਉਂਦਾ ਹੈ, ਇਸ ਲਈ ਅਮਰ ਹੋ ਗਿਆ ਹੈ।
ਕਾਮਰੇਡ ਮਾਓ-ਜ਼ੇ-ਤੁੰਗ ਦਾ ਦੇਹਾਂਤ, ਉਸ ਵਾਸਤੇ ਇੱਕ ਕੁਦਰਤੀ ਘਟਨਾ ਹੈ, ਇੱਕ ਸਹਿਜ-ਅਵਸਥਾ ਹੈ। ਪਰ ਉਹਨਾਂ ਵਾਸਤੇ ਜਿਹਨਾਂ ਦੀ ਖਾਤਰ ਉਹ ਜੀਵਿਆ, ਜਿਹਨਾਂ ਖਾਤਰ ਜ਼ਿੰਦਗੀ ਨੂੰ ਇੱਕ ਪੁਰ-ਵਕਾਰ ਇਨਸਾਨੀ ਜ਼ਿੰਦਗੀ ਬਣਾਉਣ ਲਈ ਉਹ ਉਮਰ-ਭਰ ਜੂਝਿਆ- ਉਹਨਾਂ ਵਾਸਤੇ ਉਸਦੀ ਮੌਤ ਇੱਕ ਡੂੰਘਾ ਸੱਲ ਹੈ। ਵਿਸ਼ੇਸ ਕਰਕੇ, ਸਾਡੇ ਲਈ, ਭਾਰਤ ਦੇ ਕਮਿਊਨਿਸਟ ਇਨਕਲਾਬੀਆਂ ਲਈ, ਜਿਹਨਾਂ ਦੀ ਭਾਰੀ ਗਿਣਤੀ ਕਾਮਰੇਡ ਮਾਓ ਦੀ ਸਿੱਖਿਆ ਅਤੇ ਪ੍ਰੇਰਨਾ ਹੇਠ ਹੀ ਪ੍ਰਵਾਨ ਚੜ੍ਹੀ ਹੈ, ਇਹ ਇੱਕ ਅਸਹਿ ਸਦਮਾ ਹੈ। ਅੱਜ ਜਦੋਂ ਅਸੀਂ ਅਨਾੜੀਪੁਣੇ ਦੀ ਜਿੱਲ੍ਹਣ ਵਿੱਚ ਫਸੇ, ਬੁਰੀ ਤਰ੍ਹਾਂ ਖਿੰਡੇ-ਫਟੇ ਹੋਏ ਹਾਂ, ਜਦੋਂ ਅਸੀਂ ਆਪਣੀ ਸ਼ਕਤੀ ਦੇ ਅਖੁੱਟ ਸੋਮੇ-ਵਿਸ਼ਾਲ ਮਿਹਨਤਕਸ਼ ਜਨਤਾ- ਨਾਲੋਂ ਅਜੇ ਬੁਰੀ ਤਰ੍ਹਾਂ ਨਿਖੜੇ ਹੋਏ ਹਾਂ, ਅੱਜ ਜਦੋਂ ਸਾਡੇ ਉੱਤੇ ਦੁਸ਼ਮਣ ਨੇ ਭਰਪੂਰ ਹੱਲਾ ਆਰੰਭਿਆ ਹੋਇਆ ਹੈ, ਅੱਜ ਕਾਮਰੇਡ ਮਾਓ-ਜ਼ੇ-ਤੁੰਗ ਦਾ ਉਸਤਾਦ ਸਾਇਆ ਸਿਰਾਂ ਤੋਂ ਉੱਠ ਜਾਣ ਨਾਲ, ਭਾਰੀ ਦੁੱਖ ਨੇ ਸਾਨੂੰ ਘੇਰ ਲਿਆ ਹੈ। ਪਰ ਇਹ ਦੁੱਖ, ਕਿੰਨਾ ਵੀ ਵੱਡਾ ਦੁੱਖ, ਸਾਨੂੰ ਕਮਿਊਨਿਸਟਾਂ ਨੂੰ, ਨਿਢਾਲ ਨਹੀਂ ਕਰ ਸਕੇਗਾ! ਕਾਮਰੇਡ ਮਾਓ ਦਾ ਸਾਥ ਸਾਡੇ ਲਈ ਵੱਡੀ ਤੋਂ ਵੱਡੀ ਮੁਸ਼ਕਿਲ ਸਰ ਕਰਨ ਅਤੇ ਵਧ ਕੇ ਇਨਕਲਾਬੀ ਮੱਲਾਂ ਮਾਰਨ ਦੀ ਪ੍ਰੇਰਨਾ ਬਣਿਆ ਰਿਹਾ ਹੈ, ਕਾਮਰੇਡ ਮਾਓ ਦਾ ਵਿਛੋੜਾ ਸਾਡੇ ਲਈ ਵੱਡੀਆਂ ਮੁਸ਼ਕਿਲਾਂ ਨਾਲ ਮੜਿੱਕਣ ਦੇ ਯੋਗ ਹੋਣ ਲਈ ਵੱਧ ਤਾਣ ਲਾਉਣ, ਆਪਣੀ ਸਮੁੱਚੀ ਸ਼ਕਤੀ ਜੁਟਾਉਣ ਦੀ ਵੰਗਾਰ ਬਣ ਗਿਆ ਹੈ। ਅੱਜ, ਆਪਣੇ ਮਹਿਬੂਬ ਆਗੂ ਅਤੇ ਮਹਾਨ ਉਸਤਾਦ ਕਾਮਰੇਡ ਮਾਓ-ਜ਼ੇ-ਤੁੰਗ ਨੂੰ ਸ਼ਰਧਾਂਜਲੀ ਅਰਪਤ ਕਰਦਿਆਂ, ਅਸੀਂ ਆਪਣਾ ਦ੍ਰਿੜ ਸੰਕਲਪ ਦੁਹਾਰਾਉਂਦੇ ਹਾਂ ਕਿ ਉਸਦੀ ਦਰਸਾਈ ਇਨਕਲਾਬੀ ਜਿਉਣ-ਰੀਤ ਵਫਾਦਾਰੀ ਨਾਲ ਨਿਭਾਵਾਂਗੇ, ਉਸ ਦੇ ਯੋਗ ਵਾਰਸ ਬਣਾਂਗੇ, ਉਸ ਨੂੰ ਆਪਣੀਆਂ ਜ਼ਿੰਦਗੀਆਂ ਵਿੱਚ ਵਾਰ-ਵਾਰ ਸੁਰਜੀਤ ਕਰਾਂਗੇ ਅਤੇ “ਹੌਸਲਾ ਫੜਦੇ, ਜੂਝਣ ਦੀ ਜੁਰਅੱਤ ਕਰਦੇ, ਮੁਸ਼ਕਿਲਾਂ ਦੀ ਪ੍ਰਵਾਹ ਨਾ ਕਰਦੇ, ਲਹਿਰ ਦਰ ਲਹਿਰ ਵਧਦੇ” ਉਸਦੇ ਸ਼ਾਨਦਾਰ ਸੁਪਨੇ ਨੂੰ ਸਾਕਾਰ ਕਰਾਂਗੇ!
ਕਾਮਰੇਡ ਮਾਓ-ਜ਼ੇ-ਤੁੰਗ ਦੀ ਜਸ-ਕੀਰਤੀ-ਜੁਗ-ਜੁਗ ਕਾਇਮ ਰਹੇ! ਮਾਰਕਸਵਾਦ-ਲੈਨਿਨਵਾਦ-ਮਾਓ-ਵਿਚਾਰਧਾਰਾ-ਜ਼ਿੰਦਾਬਾਦ !! ਇਨਕਲਾਬ-ਜ਼ਿੰਦਾਬਾਦ !!
(*1976 'ਚ ਇਹ ਲਿਖਤ ਕਾਮਰੇਡ ਮਾਓ-ਜ਼ੇ-ਤੁੰਗ ਦੇ ਦਿਹਾਂਤ 'ਤੇ ਪੰਜਾਬ ਕਮਿਊਨਿਸਟ ਇਨਕਲਾਬੀ ਕਮੇਟੀ ਦੇ ਸ਼ੋਕ ਬਿਆਨ ਦੇ ਰੂਪ ਵਿੱਚ ਜਾਰੀ ਹੋਈ ਸੀ। ਹਥਲਾ ਪੰਜਾਬੀ ਮੂਲ ਰੂਪ ਇਸ ਜਥੇਬੰਦੀ ਦੇ ਪਰਚੇ ਮੁਕਤੀ ਸੰਗਰਾਮ 'ਚ ਪ੍ਰਕਾਸ਼ਤ ਕੀਤਾ ਗਿਆ ਸੀ। ਇਹ ਸਿਰਲੇਖ ਸਾਡੇ ਵੱਲੋਂ ਦਿੱਤਾ ਗਿਆ ਹੈ।-ਸੰਪਾਦਕ)
No comments:
Post a Comment