Thursday, September 11, 2025

ਪੰਜਾਬ ਦੇ ਕਿਰਤੀਆਂ ਦੀ ਲਲਕਾਰ- ਬੰਦ ਕਰੋ ਅਪ੍ਰੇਸ਼ਨ ਕਗਾਰ


ਪੰਜਾਬ ਦੇ ਕਿਰਤੀਆਂ ਦੀ ਲਲਕਾਰ- ਬੰਦ ਕਰੋ ਅਪ੍ਰੇਸ਼ਨ ਕਗਾਰ


    ਪੰਜਾਬ ਦੀ ਲੋਕ ਜਮਹੂਰੀ ਲਹਿਰ ਨੇ ਇੱਕ ਵਾਰ ਫਿਰ ਆਪਣੇ ਇਨਕਲਾਬੀ ਜਮਹੂਰੀ ਕਿਰਦਾਰ 'ਤੇ ਪਹਿਰਾ ਦਿੰਦਿਆਂ ਆਪਣਾ ਬਣਦਾ ਫਰਜ਼ ਅਦਾ ਕੀਤਾ ਹੈ। ਇਸ ਦੇਸ਼ ਅੰਦਰ ਸਭ ਤੋਂ ਜ਼ਿਆਦਾ ਦਬਾਏ ਹੋਏ ਤੇ ਵਿਤਕਰਿਆਂ ਦਾ ਸ਼ਿਕਾਰ ਆਦਿਵਾਸੀ ਲੋਕਾਂ 'ਤੇ ਢਾਏ ਜਾ ਰਹੇ ਹਕੂਮਤੀ ਕਹਿਰ ਖਿਲਾਫ਼ 8 ਅਗਸਤ ਨੂੰ ਮੋਗੇ ਦੀ ਧਰਤੀ ਤੋਂ ਜ਼ੋਰਦਾਰ ਆਵਾਜ਼ ਬੁਲੰਦ ਕੀਤੀ ਗਈ ਹੈ। ਸੂਬਾਈ ਪੱਧਰ 'ਤੇ ਹੋਇਆ ਇਹ ਇਕੱਠ ਆਦਿਵਾਸੀ ਖੇਤਰਾਂ 'ਚ ਹੋ ਰਹੇ ਜਬਰ ਖਿਲਾਫ਼ ਜਨਤਕ ਲਾਮਬੰਦੀ ਦਾ ਸਭ ਤੋਂ ਵੱਡਾ ਝਲਕਾਰਾ ਹੋ ਨਿਬੜਿਆ ਹੈ। ਇਹ ਨਾ ਸਿਰਫ ਜਨਤਕ ਲਾਮਬੰਦੀ ਦੇ ਪੱਖ ਤੋਂ ਵਿਸ਼ਾਲ ਮੁਜ਼ਾਹਰਾ ਸੀ ਸਗੋਂ "ਆਪ੍ਰੇਸ਼ਨ ਕਗਾਰ" ਵਰਗੇ ਫ਼ੌਜੀ ਹੱਲਿਆਂ ਪਿੱਛੇ ਛੁਪੇ ਸਾਮਰਾਜੀ ਤੇ ਵੱਡੇ ਸਰਮਾਏਦਾਰਾਂ ਦੇ ਲੁਟੇਰੇ ਹਿੱਤਾਂ ਦਾ ਪਰਦਾ ਚਾਕ ਕਰਨ ਪੱਖੋਂ ਅਤੇ ਅਖੌਤੀ ਭਾਰਤੀ ਜਮਹੂਰੀ ਰਾਜ ਦੇ ਖੂੰਨੀ ਦੰਦ ਲੋਕਾਂ ਨੂੰ ਦਿਖਾਉਣ ਪੱਖੋਂ ਵੀ ਇਸ ਦੀ ਧਾਰ ਤਿੱਖੀ ਸੀ। 
ਇਸ ਇਕੱਠ ਵਿੱਚ ਆਦਿਵਾਸੀ ਲੋਕਾਂ ਤੇ ਉਹਨਾਂ ਦੇ ਹੱਕ 'ਚ ਖੜ੍ਹਨ ਵਾਲੀ ਤੇ ਉਹਨਾਂ ਲਈ ਜੂਝਣ ਵਾਲੀ ਹਰ ਸ਼ਕਤੀ ਨੂੰ ਕੁਚਲਣ ਦੇ ਮੋਦੀ ਹਕੂਮਤ ਦੇ ਜਾਬਰ ਖੂਨੀ ਹੱਲੇ ਨੂੰ ਬੰਦ ਕਰਨ ਦੀ ਸੁਣਾਉਣੀ ਕੀਤੀ ਗਈ ਹੈ। ਬੁੱਧੀਜੀਵੀਆਂ, ਜਮਹੂਰੀ ਹੱਕਾਂ ਦੇ ਕਾਰਕੁੰਨਾਂ, ਮਾਓਵਾਦੀ ਇਨਕਲਾਬੀਆਂ ਤੇ ਆਦਿਵਾਸੀ ਹੱਕਾਂ ਲਈ ਡਟਣ ਵਾਲੀ ਹਰ ਸ਼ਕਤੀ 'ਤੇ ਹਮਲਾ ਬੰਦ ਕਰਨ ਲਈ ਆਵਾਜ਼ ਉਠਾਈ ਗਈ ਹੈ। ਆਦਿਵਾਸੀ ਕਿਸਾਨਾਂ ਦੇ ਕਤਲੇਆਮ ਪਿੱਛੇ ਖੜ੍ਹੇ ਸੰਸਾਰ ਕਾਰਪੋਰੇਟ ਘਰਾਣਿਆਂ ਨੂੰ ਪੰਜਾਬ ਦੇ ਕਿਸਾਨਾਂ ਦੀਆਂ ਜ਼ਮੀਨਾਂ 'ਤੇ ਬੋਲੇ ਜਾ ਰਹੇ ਹੱਲੇ, ਉਜਾੜੇ ਜਾ ਰਹੇ ਰੁਜ਼ਗਾਰ ਤੇ ਤਬਾਹ ਕੀਤੇ ਜਾ ਰਹੇ ਵਾਤਾਵਰਨ ਤੱਕ ਦੇ ਬਹੁ-ਪਸਾਰੀ ਹੱਲੇ ਨਾਲ ਜੋੜਿਆ ਗਿਆ ਹੈ। ਇਸ ਇਕੱਠ ਦੌਰਾਨ ਹੋਈਆਂ ਤਕਰੀਰਾਂ ਦੇ ਸਰੋਕਾਰ ਆਦਿਵਾਸੀ ਖੇਤਰਾਂ ਤੋਂ ਲੈ ਕੇ ਕਸ਼ਮੀਰ ਦੇ ਲੋਕਾਂ 'ਤੇ ਹੁੰਦੇ ਜਬਰ ਜ਼ੁਲਮ ,ਪੰਜਾਬ ਦੀਆਂ ਉਪਜਾਊ ਜ਼ਮੀਨਾਂ 'ਤੇ ਬੋਲੇ ਹੋਏ ਹੱਲੇ ਅਤੇ ਦੇਸ਼ ਅੰਦਰ ਜਮਹੂਰੀ ਆਵਾਜ਼ਾਂ ਦੀ ਜ਼ੁਬਾਨ-ਬੰਦੀ ਤੱਕ ਫੈਲੇ ਹੋਏ ਸਨ। ਕਿਸਾਨ ਬੁਲਾਰਿਆਂ ਵੱਲੋਂ ਵਿਸ਼ੇਸ਼ ਕਰਕੇ ਸੂਬੇ ਅੰਦਰ ਜ਼ਮੀਨਾਂ 'ਤੇ ਹੋ ਰਹੇ ਹਮਲੇ ਨੂੰ ਕਾਰਪੋਰੇਟ ਜਗਤ ਦੇ ਲੁਟੇਰੇ ਮਨਸੂਬਿਆਂ ਨਾਲ ਜੋੜਦਿਆਂ, ਆਦਿਵਾਸੀ ਖੇਤਰਾਂ ਦੀਆਂ ਜ਼ਮੀਨਾਂ 'ਤੇ ਹੱਲੇ ਪਿਛਲੇ ਇੱਕੋ ਮਕਸਦ 'ਤੇ ਉਂਗਲ ਧਰੀ ਗਈ ਹੈ। ਭਾਰਤੀ ਰਾਜ ਦੇ ਕਾਲੇ ਕਾਨੂੰਨਾਂ ਤੇ ਮੋਦੀ ਹਕੂਮਤ ਵੱਲੋਂ ਇਹਨਾਂ ਦੀ ਵਰਤੋਂ ਬਾਰੇ ਚਰਚਾ ਹੋਈ ਹੈ। ਇਹਨਾਂ ਜ਼ੁਲਮਾਂ ਤੇ ਜਮਹੂਰੀ ਹੱਕਾਂ 'ਤੇ ਹਮਲੇ ਦੀ ਸਾਂਝੀ ਤੰਦ ਅਖੌਤੀ ਆਰਥਿਕ ਸੁਧਾਰਾਂ ਦੇ ਸਾਮਰਾਜੀ ਧਾਵੇ ਨਾਲ ਜੁੜਦੀ ਦਿਖਾਈ ਗਈ ਹੈ। ਗਾਜ਼ਾ ਅੰਦਰ ਢਾਹੇ ਜਾ ਰਹੇ ਅਣਮਨੁੱਖੀ ਕਹਿਰ ਖਿਲਾਫ਼ ਤੇ ਜੂਝਦੇ ਫ਼ਲਸਤੀਨੀ ਲੋਕਾਂ ਦੇ ਹੱਕ ਵਿੱਚ ਵੀ ਇਥੋਂ ਆਵਾਜ਼ ਰਲਾਈ ਗਈ ਹੈ। ਪੰਜਾਬ 'ਚੋਂ ਉੱਠੀ ਇਹ ਆਵਾਜ਼ ਮੁਲਕ ਭਰ ਦੇ ਕਿਰਤੀ ਕਾਮਿਆ ਦੀ ਸਾਂਝੀ ਆਵਾਜ਼ ਦਾ ਅੰਗ ਹੋ ਕੇ ਗੂੰਜੀ ਹੈ। ਇਸ ਮੰਚ ਤੋਂ ਇੱਕ ਤਰ੍ਹਾਂ ਨਾਲ ਸੰਘਰਸ਼ਸ਼ੀਲ ਜਥੇਬੰਦੀਆਂ ਦੇ ਪ੍ਰਚਲਿਤ ਲੋਕ ਮੁਹਾਵਰੇ ਵਿੱਚ ਵੱਖ-ਵੱਖ ਮਿਹਨਤਕਸ਼ ਤਬਕਿਆਂ ਤੇ ਜਮਾਤਾਂ ਦੇ ਸੰਘਰਸ਼ਸ਼ੀਲ ਸਾਂਝੇ ਮੋਰਚੇ ਦੀ ਉਸਾਰੀ ਦਾ ਸੰਦੇਸ਼ ਉਭਰਿਆ ਹੈ। 
ਮੋਗੇ ਦੀ ਦਾਣਾ ਮੰਡੀ ਵਿੱਚ ਜੁੜੇ ਇਸ ਇਕੱਠ ਵਿੱਚ ਪੰਜਾਬ ਦੇ ਸੰਘਰਸ਼ਸ਼ੀਲ ਕਿਸਾਨ ਕਾਫ਼ਲਿਆਂ ਤੋਂ ਇਲਾਵਾ ਮੁੱਖ ਤੌਰ 'ਤੇ ਖੇਤ ਮਜ਼ਦੂਰ ਹਿੱਸੇ ਸ਼ਾਮਿਲ ਸਨ ਜਦ ਕਿ ਵਿਦਿਆਰਥੀ , ਸਨਅਤੀ ਮਜ਼ਦੂਰ ਤੇ ਮੁਲਾਜ਼ਮ ਲਹਿਰ ਦੀਆਂ ਜਥੇਬੰਦੀਆਂ ਵੀ ਆਪਣੇ ਸੀਮਤ ਜਥੇਬੰਦਕ ਵਿੱਤ ਦੇ ਬਾਵਜੂਦ ਆਪਣੀਆਂ ਟੋਲੀਆਂ ਨਾਲ ਮੌਜੂਦ ਸਨ । ਹਜ਼ਾਰਾਂ ਦੀ ਤਾਦਾਦ ਵਿੱਚ ਜੁੜੇ ਪੰਜਾਬ ਦੇ ਸੰਘਰਸ਼ਸ਼ੀਲ ਲੋਕਾਂ ਦਾ ਇਹ ਇਕੱਠ ਦੂਰ ਦੁਰਾਡੇ ਇਲਾਕਿਆਂ 'ਚ ਵੱਸਦੇ ਆਦਿਵਾਸੀ ਲੋਕਾਂ ਦੀ ਲਹਿਰ ਨਾਲ ਰਸਮੀ ਹਾਅ ਦਾ ਨਾਅਰਾ ਨਹੀਂ ਸੀ, ਇਹ ਦੋਹਾਂ ਦੇ ਸਾਂਝੇ ਦੁਸ਼ਮਣ ਸੰਸਾਰ ਸਾਮਰਾਜੀ ਕੰਪਨੀਆਂ , ਉਹਨਾਂ ਦੀਆਂ ਸੇਵਾਦਾਰ ਭਾਰਤੀ ਹਕੂਮਤਾਂ ਤੇ ਦਲਾਲ ਸਰਮਾਏਦਾਰ ਜਮਾਤਾਂ ਖ਼ਿਲਾਫ਼ ਮੁਲਕ ਵਿਆਪੀ ਸਾਂਝੀ ਜਦੋਜਹਿਦ ਦਾ ਹੋਕਾ ਉੱਚਾ ਕਰਨਾ ਵੀ ਸੀ। ਇਹ ਜਨਤਕ ਐਕਸ਼ਨ ਇਸ ਸਾਂਝੀ ਜਦੋ-ਜਹਿਦ ਦੀ ਲੋੜ ਪ੍ਰਤੀ ਡੂੰਘੇ ਹੋ ਰਹੇ ਅਹਿਸਾਸ ਦਾ ਪ੍ਰਗਟਾਵਾ ਵੀ ਬਣਿਆ ਹੈ। ਇਸ ਵਿਸ਼ਾਲ ਜਨਤਕ ਕਾਰਵਾਈ ਨੇ ਪੰਜਾਬ ਦੀ ਜਨਤਕ ਜਮਹੂਰੀ ਲਹਿਰ ਅੰਦਰ ਆਦਿਵਾਸੀ ਖੇਤਰਾਂ ਅੰਦਰ ਹੋ ਰਹੇ ਜਬਰ ਬਾਰੇ ਸਰੋਕਾਰਾਂ ਦਾ ਘੇਰਾ ਵਧਾਉਣ ਦਾ ਅਹਿਮ ਕਾਰਜ ਵੀ ਕੀਤਾ ਹੈ। ਇਸ ਰੈਲੀ ਅਤੇ ਮੁਜ਼ਾਹਰੇ ਦੀ ਤਿਆਰੀ ਮੁਹਿੰਮ ਦੇ ਅੰਗ ਵਜੋਂ ਇੱਕ ਹੱਥ ਪਰਚਾ ਵੀ ਜਥੇਬੰਦੀਆਂ ਵੱਲੋਂ ਸਾਂਝੇ ਤੌਰ 'ਤੇ ਪ੍ਰਕਾਸ਼ਿਤ ਕੀਤਾ ਗਿਆ ਸੀ ਜਿਸਨੂੰ ਹਜ਼ਾਰਾਂ ਦੀ ਤਾਦਾਦ ਵਿੱਚ ਲੋਕਾਂ ਤੱਕ ਪਹੁੰਚਾਇਆ ਗਿਆ। 
ਸਾਮਰਾਜੀ ਪੂੰਜੀ ਦੀ ਸੇਵਾ 'ਚ ਮੁਲਕ ਦੇ ਕਿਸੇ ਵੀ ਕੋਨੇ ਅੰਦਰ ਹੋ ਰਹੇ ਜਬਰ ਜ਼ੁਲਮ ਦਾ ਅਜਿਹਾ ਵਿਰੋਧ ਇਸ ਚੌਤਰਫ਼ੇ ਧਾਵੇ ਖ਼ਿਲਾਫ਼ ਕਿਰਤੀ ਲੋਕਾਂ ਦਾ ਦੇਸ਼ ਵਿਆਪੀ ਟਾਕਰਾ ਉਸਾਰਨ ਵੱਲ ਅੱਗੇ ਵਧਣ 'ਚ ਮਹੱਤਵਪੂਰਨ ਹਿੱਸਾ ਪਾਵੇਗਾ। ਪਰ ਇਸ ਵਿਰੋਧ ਸਰਗਰਮੀ ਨੂੰ ਸੂਬੇ ਦੀ ਜਨਤਕ ਜਮਹੂਰੀ ਲਹਿਰ ਅੰਦਰ ਹੁੰਦੀਆਂ ਸੰਘਰਸ਼ ਸਰਗਰਮੀਆਂ ਨਾਲ ਗੁੰਦਣ ਦੀ ਲੋੜ ਹੈ ਤਾਂ ਕਿ ਆਦਿਵਾਸੀ ਖੇਤਰਾਂ 'ਚ ਜਬਰ ਦਾ ਵਿਰੋਧ ਸੂਬੇ ਦੀ ਜਮਹੂਰੀ ਲਹਿਰ ਦਾ ਇੱਕ ਸਥਾਈ ਲੱਛਣ ਬਣ ਸਕੇ। ਹਾਲਾਂਕਿ ਇਸ ਮਸਲੇ 'ਤੇ ਬਣੇ ਹੋਏ ਵਿਸ਼ੇਸ਼ ਜਮਹੂਰੀ ਪਲੇਟਫਾਰਮ 'ਅਪਰੇਸ਼ਨ ਗਰੀਨ ਹੰਟ ਵਿਰੋਧੀ ਜਮਹੂਰੀ ਮੰਚ ਪੰਜਾਬ' ਵੱਲੋਂ ਪਿਛਲੇ ਮਹੀਨਿਆਂ ਦੌਰਾਨ ਸਰਗਰਮੀਆਂ ਦੀ ਲਗਾਤਾਰਤਾ ਬਣਾ ਕੇ ਰੱਖੀ ਗਈ ਹੈ। ਜਮਹੂਰੀ ਅਧਿਕਾਰ ਸਭਾ ਪੰਜਾਬ ਵੱਲੋਂ ਵੀ ਕੁੱਝ ਸਰਗਰਮੀਆਂ ਕੀਤੀਆਂ ਗਈਆਂ ਹਨ। ਇਹਨਾਂ ਯਤਨਾਂ ਨੂੰ ਹੋਰ ਉਗਾਸਾ ਦੇਣ ਦੀ ਲੋੜ ਹੈ।
                                                                 --0--

No comments:

Post a Comment