ਲੋਕ ਮੋਰਚਾ ਪੰਜਾਬ
ਦੇ ਸੱਦੇ ਤੇ ਅੱਜ ਇਸਦੀ ਬਠਿੰਡਾ ਇਕਾਈ ਵੱਲੋਂ ‘ਫਿਰਕੂ ਰਾਸ਼ਟਰਵਾਦ ਤੇ ਧਰਮ ਨਿਰਪੱਖਤਾ’ ਵਿਸ਼ੇ ’ਤੇ ਵਿਚਾਰ ਚਰਚਾ ਕਰਵਾਈ ਗਈ। ਇਸ ਚਰਚਾ ਵਿੱਚ ਲੋਕ ਮੋਰਚੇ ਦੇ ਸਥਾਨਕ ਮੈਂਬਰਾਂ ਤੋਂ ਇਲਾਵਾ ਵੱਡੀ ਗਿਣਤੀ
ਨੌਜਵਾਨਾਂ, ਕਿਸਾਨਾਂ, ਮੁਲਾਜਮਾਂ ਤੇ ਜਮਹੂਰੀ
ਹਿੱਸਿਆਂ ਨੇ ਸ਼ਮੂਲੀਅਤ ਕੀਤੀ।
ਇਸ ਮੌਕੇ ਵਿਚਾਰ
ਚਰਚਾ ਦੀ ਸ਼ੁਰੂਆਤ ਕਰਦੇ ਹੋਏ ਲੋਕ ਮੋਰਚੇ ਦੀ ਸੂਬਾ ਕਮੇਟੀ ਮੈਂਬਰ ਸ਼ੀਰੀਂ ਨੇ ਵਿਸਥਾਰ ਸਹਿਤ ਦੱਸਿਆ
ਕਿ ਸਾਰੀਆਂ ਵੋਟ ਪਾਰਟੀਆਂ ਵੱਲੋਂ ਮੌਜੂਦਾ ਪੁਲਵਾਮਾ ਹਮਲੇ ਦੀ ਵਰਤੋਂ ਕੌਮੀ ਸੁਰੱਖਿਆ ਨੂੰ ਖਤਰੇ ਦਾ
ਹਊਆ ਖੜ੍ਹਾ ਕਰਕੇ ਲੋਕਾਂ ਦੇ ਹਕੀਕੀ ਮਸਲੇ ਰੋਲਣ ਲਈ ਕੀਤੀ ਜਾ ਰਹੀ ਹੈ। ਦੇਸ਼ਭਗਤੀ ਦੇ ਨਾਂ ਹੇਠ ਫਿਰਕੂ ਤੇ ਕੌਮੀ ਸ਼ਾਵਨਵਾਦ ਨੂੰ ਹਵਾ ਦਿੱਤੀ ਜਾ ਰਹੀ
ਹੈ। ਕਸ਼ਮੀਰੀਆਂ ਖਿਲਾਫ ਭੜਕਾਊ ਲਾਮਬੰਦੀਆਂ ਦੇ ਯਤਨ ਹੋ ਰਹੇ ਹਨ। ਇੱਕ ਪਾਸੇ ਮੁਲਕ ਦੇ ਹੋਰਨਾਂ ਹਿੱਸਿਆਂ ਅੰਦਰ ਕਸ਼ਮੀਰੀ ਕੌਮ ਦਾ ਅਕਸ ਅੱਤਵਾਦੀਆਂ
ਵਜੋਂ ਪੇਸ਼ ਕੀਤਾ ਜਾ ਰਿਹਾ ਹੈ ਤੇ ਦੂਜੇ ਪਾਸੇ ਕਸ਼ਮੀਰ ਅੰਦਰ ਫੌਜੀ ਦਮਨ ਦਾ ਡੰਡਾ ਚਲਾਇਆ ਜਾ ਰਿਹਾ
ਹੈ। ਭਾਰਤੀ ਲੀਡਰਾਂ
ਵੱਲੋਂ ਰਾਇਸ਼ੁਮਾਰੀ ਕਰਵਾਉਣ ਨੂੰ ਲੈ ਕੇ ਵਿਸਾਹਘਾਤ ਹੰਢਾ ਰਹੀ ਕਸ਼ਮੀਰੀ ਕੌਮ ਸ੍ਵੈ-ਨਿਰਣੇ ਦੇ ਹੱਕ ਲਈ ਲੜ ਰਹੀ ਹੈ। ਕਸ਼ਮੀਰ ਦੇ ਦੋਨੋਂ
ਪਾਸੇ ਭਾਰਤੀ ਤੇ ਪਾਕਿਸਤਾਨੀ ਫੌਜਾਂ ਵੱਲੋਂ ਡੰਡੇ ਦੇ ਜੋਰ ਹੱਕੀ ਸੰਘਰਸ਼ ਦਬਾਏ ਜਾਣ ਦੇ ਯਤਨ ਬਲਦੀ
’ਤੇ ਹੋਰ ਤੇਲ ਪਾ ਰਹੇ ਹਨ।
ਬੁਲਾਰੇ ਨੇ ਕਿਹਾ
ਕਿ ਅੱਜ ਦੇ ਸਮੇਂ ਨਕਲੀ ਰਾਸ਼ਟਰਵਾਦ ਦੇ ਮੁਕਾਬਲੇ ਖਰੀ ਦੇਸ਼ਭਗਤੀ ਦਾ ਅਰਥ ਭਗਤ ਸਿੰਘ ਦੀ ਸਾਮਰਾਜਵਾਦ
ਵਿਰੋਧੀ ਵਿਰਾਸਤ ਬੁਲੰਦ ਕਰਨਾ ਹੈ। ਸਾਮਰਾਜਵਾਦ ਤੇ
ਜਗੀਰਦਾਰੀ ਦੇ ਸੰਗਲਾਂ ਨੂੰ ਤੋੜ ਕੇ ਖਰੀ ਜਮਹੂਰੀਅਤ ਦੀ ਸਿਰਜਣਾ ਲਈ ਜੂਝਣਾ ਹੈ। ਸਾਰੇ ਦੱਬੇ ਕੁਚਲੇ ਲੋਕਾਂ ਤੇ ਕੌਮਾਂ ਲਈ ਦਾਬੇ ਤੋਂ ਮੁਕਤ ਸਮਾਜ ਦੀ ਉਸਾਰੀ
ਕਰਨਾ ਹੈ। ਇਸ ਕਰਕੇ ਅੱਜ
ਖਰੀ ਦੇਸ਼ਭਗਤੀ ਦਾ ਇੱਕ ਲੜ ਕਸ਼ਮੀਰ ਵਰਗੀਆਂ ਦਾਬੇ ਦੀਆਂ ਸ਼ਿਕਾਰ ਕੌਮਾਂ ਦੀ ਮੁਕਤੀ ਲਈ ਆਵਾਜ਼ ਉਠਾਉਣਾ
ਵੀ ਹੈ।
ਇਸ ਮੌਕੇ ਵਿਚਾਰ
ਚਰਚਾ ਨੂੰ ਅੱਗੇ ਤੋਰਦਿਆਂ ਸ੍ਰੀ ਅਤਰਜੀਤ, ਪ੍ਰਿਤਪਾਲ ਸਿੰਘ, ਕਮਲ, ਡਾ. ਅਜੀਤਪਾਲ ਅਤੇ ਨਿਰਮਲ ਸਿਵੀਆਂ
ਨੇ ਆਪਣੇ ਵਿਚਾਰ ਪੇਸ਼ ਕੀਤੇ। ਅੰਤ ’ਤੇ ਵਿਚਾਰ ਚਰਚਾ
ਨੂੰ ਸਮੇਟਦਿਆਂ ਮੋਰਚੇ ਦੇ ਸੂਬਾ ਸਕੱਤਰ ਜਗਮੇਲ ਸਿੰਘ ਨੇ ਧਰਮਾਂ, ਜਾਤਾਂ, ਫਿਰਕਿਆਂ ਤੇ ਕੌਮੀਅਤਾਂ ਦੀਆਂ ਵੰਡੀਆਂ ਤੋਂ ਉਪਰ ਉੱਠ
ਕੇ ਸਾਂਝੀ ਇਨਕਲਾਬੀ ਲਹਿਰ ਉਸਾਰਨ ਦਾ ਅਤੇ ਕਸ਼ਮੀਰ ਦੇ ਸ੍ਵੈ-ਨਿਰਣੇ ਦੇ ਹੱਕ
ਦੀ ਦ੍ਰਿੜ ਹਮਾਇਤ ਕਰਨ ਦਾ ਸੱਦਾ ਦਿੱਤਾ। ਹਾਜਰ ਇਕੱਠ ਵੱਲੋਂ
‘ਪੜ੍ਹੋ ਪੰਜਾਬ’ ਦਾ ਵਿਰੋਧ ਕਰ ਰਹੇ ਚਾਰ ਅਧਿਆਪਕ ਆਗੂਆਂ ਦੀ ਸਜਾ ਵਜੋਂ
ਬਦਲੀ ਕੀਤੇ ਜਾਣ ਖਿਲਾਫ ਅਤੇ ਸੰਸਾਰ ਵਿੱਚ ਸਭ ਤੋਂ ਸੰਘਣੀ 7 ਲੱਖ ਫੌਜੀਆਂ
ਦੀ ਤਾਇਨਾਤੀ ਹੇਠ ਕਰਾਹ ਰਹੇ ਕਸ਼ਮੀਰ ਅੰਦਰ ਦਸ ਹਜਾਰ ਹੋਰ ਫੌਜੀ ਬਲ ਭੇਜੇ ਜਾਣ ਖਿਲਾਫ ਮਤੇ ਪਾਸ ਕੀਤੇ
ਗਏ। ਇਸ ਮੌਕੇ ਸਟੇਜ
ਸੰਚਾਲਨ ਸੁਖਵਿੰਦਰ ਸਿੰਘ ਵੱਲੋਂ ਕੀਤਾ ਗਿਆ। ਅੰਮ੍ਰਿਤਪਾਲ ਬੰਗੇ, ਨਿਰਮਲ ਸਿਵੀਆਂ ਅਤੇ ਅਮਨ ਦਾਤੇਵਾਸੀਆ ਵੱਲੋਂ ਵਿਸ਼ੇ ਨਾਲ ਸਬੰਧਿਤ ਗੀਤ ਪੇਸ਼ ਕੀਤੇ ਗਏ।
ਇਉ ਹੀ ਦੀਵਾਨੇ (ਬਰਨਾਲਾ), ਲੰਬੀ (ਮੁਕਤਸਰ),
ਸਮਰਾਲਾ ਆਦਿ ਥਾਵਾਂ ’ਤੇ ਵੀ ਜਨਤਕ ਇਕੱਤਰਤਾਵਾਂ ਹੋਈਆਂ ਜਿੱਥੇ ਲੋਕ ਮੋਰਚੇ
ਦੇ ਬੁਲਾਰਿਆਂ ਨੇ ਇਸ ਵਿਸ਼ੇ ’ਤੇ ਵਿਸਥਾਰੀ ਚਰਚਾ ਕੀਤੀ। ਇਹ ਸਿਲਸਿਲਾ ਅੱਗੇ ਵੀ ਜਾਰੀ ਰਹੇਗਾ।
(ਪ੍ਰੈੱਸ ਲਈ ਜਾਣਕਾਰੀ ’ਤੇ ਅਧਾਰਿਤ)
No comments:
Post a Comment