ਲੰਘੇ ਮਹੀਨਿਆਂ
ਦੌਰਾਨ ਅਮਰੀਕੀ ਰਾਸ਼ਟਰਪਤੀ ਡੋਨਲਡ ਟਰੰਪ ਨੇ ਸੀਰੀਆ ਅਤੇ ਅਫਗਾਨਿਸਤਾਨ ’ਚੋਂ ਅਮਰੀਕੀ ਫੌਜਾਂ
ਵਾਪਸ ਸੱਦਣ ਦੇ ਐਲਾਨ ਕੀਤੇ ਹਨ। ਇਕ ਤਰ੍ਹਾਂ ਇਹਨਾਂ
ਮੁਲਕਾਂ ’ਚ ਅਮਰੀਕਾ ਵੱਲੋਂ ਲੜੀਆਂ ਜਾ ਰਹੀਆਂ ਜੰਗਾਂ ’ਚ ਰਸਮੀ ਤੌਰ ’ਤੇ ਹਾਰ ਮੰਨ ਲੈਣ
ਦਾ ਐਲਾਨ ਹਨ। ਚਾਹੇ ਕਈ ਵਰ੍ਹੇ
ਪਹਿਲਾਂ ਤੋਂ ਹੀ ਸੰਸਾਰ ਦੇ ਲੋਕਾਂ ਵੱਲੋਂ ਅਫਗਾਨਿਸਤਾਨ ’ਚ ਇਹ ਹਾਰ ਦੇਖੀ
ਜਾਣ ਲੱਗੀ ਸੀ ਤੇ ਸੀਰੀਆ ’ਚ ਵੀ ਪਿਛਲੇ ਵਰ੍ਹੇ ਤੋਂ ਇਹ ਸਪਸ਼ਟ ਹੋਣਾ ਸ਼ੁਰੂ ਹੋ
ਗਿਆ ਸੀ ਕਿ ਅਮਰੀਕਾ ਅਸਦ ਦੀ ਹਕੂਮਤ ਨੂੰ ਉਲਟਾ ਕੇ ਉਥੇ ਆਪਣੀ ਕਠਪੁਤਲੀ ਹਕੂਮਤ ਕਾਇਮ ਕਰਨ ’ਚ ਕਾਮਯਾਬ ਨਹੀਂ
ਹੋ ਰਿਹਾ। ਹੁਣ ਇਨ੍ਹਾਂ ਐਲਾਨਾਂ
ਨੇ ਏਸੇ ਦਿਸ਼ਾ ’ਚ ਅਗਲੇਰੀ ਵਿਕਸਿਤ ਹੋਈ ਹਾਲਤ ਉਘਾੜੀ ਹੈ।
ਅਮਰੀਕਾ ਵੱਲੋਂ
ਸੀਰੀਆ ’ਚ ਭੇਜੇ ਹੋਏ 2000 ਫੌਜੀ ਵਾਪਸ ਸੱਦਣ ਦਾ
17 ਦਸੰਬਰ ਨੂੰ ਐਲਾਨ ਕੀਤਾ ਗਿਆ ਸੀ। ਟਰੰਪ ਦੇ ਇਸ ਐਲਾਨ ਨਾਲ ਅਮਰੀਕੀ ਹਾਕਮ ਜਮਾਤੀ ਹਲਕਿਆਂ ਵਿਚ ਕਾਫੀ ਰੌਲਾ
ਗੌਲਾ ਪਿਆ। ਅਮਰੀਕੀ ਮੀਡੀਆ
ਤੇ ਅਮਰੀਕੀ ਥਿੰਕ ਟੈਂਕ ਹਿੱਸਿਆਂ ਨੇ ਇਸ ਫੈਸਲੇ ਲਈ ਟਰੰਪ ਦੀ ਤਿੱਖੀ ਨੁਕਤਾਚੀਨੀ ਕੀਤੀ ਹੈ। 6 ਅਮਰੀਕੀ ਸੈਨੇਟਰਾਂ ਨੇ ਫੌਰੀ ਚਿੱਠੀ ਲਿਖ ਕੇ ਇਸ ਫੈਸਲੇ
ਨੂੰ ਬਦਲਣ ਦੀ ਅਪੀਲ ਕੀਤੀ ਸੀ। ਵੱਡਾ ਘਟਨਾ ਵਿਕਾਸ
ਅਮਰੀਕੀ ਰੱਖਿਆ ਸਕੱਤਰ ਜੇਮਜ਼ ਮੈਟਿਜ਼ ਵੱਲੋਂ ਟਰੰਪ ਦੇ ਇਸ ਕਦਮ ਦੇ ਰੋਸ ਵਜੋਂ ਆਪਣੇ ਆਹੁਦੇ ਤੋਂ ਅਸਤੀਫਾ
ਦੇਣਾ ਸੀ ਜਿਸ ਦਾ ਕਾਰਨ ਉਸ ਨੇ ਸੀਰੀਆ ’ਚੋਂ ਫੌਜ ਵਾਪਸੀ ਦੇ ਕਦਮਾਂ ਨੂੰ ਦੱਸਿਆ। ਜੇਮਜ਼ ਮੈਟਿਜ ਉਨ੍ਹਾਂ ਜਰਨੈਲਾਂ ’ਚੋਂ ਸੀ ਜਿਨ੍ਹਾਂ
ਨੇ ਸੀਰੀਆ ’ਚੋਂ ਫੌਜ ਵਾਪਸੀ ਦਾ ਵਿਰੋਧ ਕੀਤਾ ਸੀ। ਉਸ ਨੇ ਆਪਣੇ ਪੱਤਰ ’ਚ ਟਰੰਪ ’ਤੇ ਦੋਸ਼ ਲਾਇਆ
ਕਿ ਟਰੰਪ ਸੰਸਾਰ ਮਾਮਲਿਆਂ ਅੰਦਰ ਅਮਰੀਕਾ ਦੀ ਦਖਲਅੰਦਾਜ਼ੀ ਘਟਾ ਰਿਹਾ ਹੈ ਤੇ ਅਮਰੀਕੀ ਹਿੱਤਾਂ ਨੂੰ
ਆਂਚ ਪਹੁੰਚਾ ਰਿਹਾ ਹੈ। ਇਸ ਪ੍ਰਸੰਗ ’ਚ ਅਮਰੀਕੀ ਮੀਡੀਆ
’ਚ ਵੀ ਇਹ ਚਰਚਾ ਛਿੜੀ ਕਿ ਟਰੰਪ ਦਾ ਫੈਸਲਾ ਸਿਆਸੀ ਹਿੱਤਾਂ ਤੋਂ ਪ੍ਰੇਰਤ
ਹੈ ਨਾ ਕਿ ਕੌਮੀ ਹਿੱਤਾਂ ਤੋਂ । ਅਮਰੀਕੀ ਹਾਕਮ
ਜਮਾਤਾਂ ਲਈ ਕੌਮੀ ਹਿੱਤ ਉਨ੍ਹਾਂ ਦੇ ਸਾਮਰਾਜੀ ਸ਼ਕਤੀ ਵਜੋਂ ਹਿੱਤ ਹਨ ਜੋ ਦੁਨੀਆਂ ਭਰ ’ਚੋਂ ਆਪਣੀ ਲੁੱਟ
ਤਿੱਖੀ ਕਰਨ ਲਈ ਥਾਂ ਥਾਂ ’ਤੇ ਕਬਜੇ ਕਰਨ ਤੇ ਮੰਡੀਆਂ ਦਾ ਵਿਸਥਾਰ ਕਰਨਾ ਲੋੜੀਂਦੇ
ਹਨ। ਜਦ ਕਿ ਦੂਜੇ ਪਾਸੇ
ਅਮਰੀਕੀ ਲੋਕਾਂ ’ਚ ਜੰਗਾਂ ’ਤੇ ਵੱਡੀਆਂ ਰਕਮਾਂ
ਖਰਚਣ ਦੇ ਖਿਲਾਫ ਭਾਰੀ ਵਿਰੋਧ ਹੈ। ਥਾਂ ਥਾਂ ’ਤੇ ਅਮਰੀਕੀ ਫੌਜਾਂ
ਨੂੰ ਝੋਕਣ ਦੇ ਕਦਮਾਂ ਖਿਲਾਫ ਤਿੱਖੀ ਬੇਚੈਨੀ ਹੈ। ਇਸੇ ਬੇਚੈਨੀ ਦਾ
ਲਾਹਾ ਲੈ ਕੇ ਤੇ ਇਹਨਾਂ ਫੌਜਾਂ ਨੂੰ ਵਾਪਸ ਬੁਲਾਉਣ ਦੇ ਵਾਅਦੇ ਕਰਕੇ ਟਰੰਪ ਸੱਤਾ ’ਚ ਆਇਆ ਸੀ ਤੇ
ਉਸ ’ਤੇ ਇਹ ਫੌਜਾਂ ਵਾਪਸ ਬੁਲਾਉਣ ਦਾ ਭਾਰੀ ਦਬਾਅ ਸੀ, ਇਸੇ ਦਬਾਅ ਕਾਰਨ ਵੀ ਇਹ ਫੌਜ ਵਾਪਸੀ ਦੇ ਕਦਮ ਲੈਣੇ ਪਏ ਹਨ। ਉਹ ਪਹਿਲਾਂ ਵੀ ਇਹ ਕਦਮ ਚੁੱਕਣ ਜਾ ਰਿਹਾ ਸੀ ਪਰ ਉਦੋਂ ਵੀ ਹਕੂਮਤ ਦੇ ਅੰਦਰੂਨੀ
ਹਲਕਿਆਂ ਦੇ ਵਿਰੋਧ ਕਾਰਨ ਇਹ ਕਦਮ ਨਹੀਂ ਸੀ ਲਿਆ ਜਾ ਸਕਿਆ ਪਰ ਹੁਣ ਇੱਕ ਪਾਸੇ ਅੰਦਰੂਨੀ ਲੋਕ ਦਬਾਅ
ਕਾਰਨ ਵੱਡੇ ਫੌਜੀ ਖਰਚਿਆਂ ਦੇ ਬੋਝ ਕਾਰਨ ਤੇ ਉਹਨਾਂ ਥਾਵਾਂ ’ਤੇ ਸਾਲਾਂ ਬੱਧੀ
ਉਲਝਿਆ ਰਹਿਣ ਕਾਰਨ ਤੇ ਅਜੇ ਵੀ ਕੋਈ ਜਿੱਤ ਦਾ ਰਾਹ ਨੇੜੇ ਦਿਖਦਾ ਨਾ ਹੋਣ ਕਾਰਨ ਫੌਜਾਂ ਵਾਪਸ ਸੱਦਣ
’ਚ ਹੀ ਭਲਾਈ ਸਮਝਣੀ ਪਈ ਹੈ।
ਇਸ ਅਮਰੀਕੀ ਕਦਮ
ਨੂੰ ਸੰਸਾਰ ਨਿਰੀਖਕਾਂ ਨੇ ਅਸਦ ਦੀ ਜਿੱਤ ਕਰਾਰ ਦਿੱਤਾ ਹੈ। ਇਹ ਕਦਮ ਅਮਰੀਕਾ ਦੀ ਸੰਸਾਰ ਮਾਮਲਿਆਂ ’ਚ ਮਨਮਰਜੀ ਕਰ
ਸਕਣ ਦੀ ਘਟ ਰਹੀ ਤਾਕਤ ਨੂੰ ਹੋਰ ਵਧੇਰੇ ਉਘਾੜ ਕੇ ਪੇਸ਼ ਕਰਦਾ ਹੈ। ਚਾਹੇ ਫੌਜ ਵਾਪਸੀ ਵੇਲੇ ਅਮਰੀਕਾ ਵੱਲੋਂ ਉਥੋਂ ਇਸਲਾਮਿਕ ਸਟੇਟ ਦਾ ਖਾਤਮਾ ਕਰਨ ਦੇ
ਆਪਣੇ ਮਕਸਦਾਂ ਦੀ ਪੂਰਤੀ ਹੋ ਜਾਣ ਦਾ ਐਲਾਨ ਕਰਕੇ ਆਪਣੀਆਂ ਫੌਜਾਂ ਕੱਢਣ ਨੂੰ ਜੇਤੂ ਫੌਜਾਂ ਦੀ ਵਾਪਸੀ
ਵਜੋਂ ਪੇਸ਼ ਕਰਨ ਦਾ ਯਤਨ ਕੀਤਾ ਹੈ ਪਰ ਅਮਰੀਕਾ ਦੇ ਸਹਿਯੋਗੀ ਫਰਾਂਸ ਨੇ ਅਮਰੀਕਾ ਦੇ ਇਸ ਦਾਅਵੇ ਨੂੰ
ਰੱਦ ਕਰਕੇ ਅਮਰੀਕਾ ਦੀ ਫੌਜ ਵਾਪਸੀ ਦੇ ਫੈਸਲੇ ’ਤੇ ਅਫਸੋਸ ਜਤਾਇਆ
ਹੈ ਅਤੇ ਉਥੇ ਤਾਇਨਾਤ ਆਪਣੀ ਛੋਟੀ ਫੌਜੀ ਟੁਕੜੀ ਦੇ ਉਥੇ ਹੀ ਡਟੇ ਰਹਿਣ ਦਾ ਐਲਾਨ ਕਰ ਦਿੱਤਾ। ਮਗਰੇ ਹੀ ਜਰਮਨੀ ਤੇ ਬ੍ਰਿਟੇਨ ਨੇ ਵੀ ਅਮਰੀਕਾ ਦੇ ਇਸ ਫੈਸਲੇ ਦੀ ਅਲੋਚਨਾ
ਕਰ ਦਿੱਤੀ। ਅਮਰੀਕਾ ਦੇ ਸਭ
ਤੋਂ ਨੇੜਲੇ ਇਜ਼ਰਾਈਲ ਨੇ ਵੀ ਕਾਫੀ ਫਸਿਆ ਮਹਿਸੂਸ ਕੀਤਾ ਤੇ ਉਸ ਨੇ ਇਸ ਕਦਮ ਨੂੰ ਇਰਾਨ ਤੇ ਹਿਜ਼ਬੁੱਲਾ
ਨੂੰ ਰਿਆਇਤ ਵਜੋਂ ਦਰਸਾਇਆ। ਇਸ ਹਾਲਤ ਨੇ ਨਿਸ਼ਨਦੇਹੀ
ਕੀਤੀ ਹੈ ਕਿ ਅਮਰੀਕਾ ਦੀ ਸਾਮਰਾਜੀ ਮੁਲਕਾਂ ਦੇ ਸਰਗਣੇ ਵਜੋਂ ਬਣੀ ਹੋਈ ਪੈਂਠ ਖੁਰਨੀ ਸ਼ੁਰੂ ਹੋ ਚੁੱਕੀ
ਹੈ। ਉਸ ਦੇ ਸੰਗੀ ਸਾਮਰਾਜੀ
ਮੁਲਕਾਂ ’ਚ ਉਸਦੇ ਕਦਮਾਂ ਬਾਰੇ ਬੇਭਰੋਸਗੀ ਦੀ ਹਾਲਤ ਬਣ ਰਹੀ ਹੈ ਤੇ ਇਕ ਸਾਮਰਾਜੀ
ਕੈਂਪ ’ਚ ਆਪਣੇ ਸੰਗੀ ਮੁਲਕਾਂ ਦੇ ਹਿੱਤਾਂ ’ਤੇ ਆਂਚ ਦੀ ਪ੍ਰਵਾਹ
ਕੀਤੇ ਬਿਨਾਂ ਆਪਣੇ ਸੰਕਟਾਂ ਨੂੰ ਨਜਿੱਠਣ ਦਾ ਉਲਝਾਅ ਉਸ ਦੀ ਮਹਾਂਸ਼ਕਤੀ ਵਾਲੀ ਹੈਸੀਅਤ ਨੂੰ ਬੁਰੀ ਤਰ੍ਹਾਂ
ਮਝੱਟ ਰਿਹਾ ਹੈ। ਨਾਟੋ ਮੁਲਕਾਂ
’ਚ ਜਾਹਰ ਹੋ ਰਹੀਆਂ ਤਰੇੜਾਂ ਵੀ ਇਸਦੀ ਹੀ ਪੁਸ਼ਟੀ ਕਰ ਰਹੀਆਂ ਹਨ। ਸੀਰੀਆ ’ਚੋਂ ਫੌਜਾਂ ਦੀ ਵਾਪਸੀ ਦੇ ਕਦਮ ’ਚ ਉਥੇ ਮੌਜੂਦ
ਨਾਟੋ ਦੇ ਅਹਿਮ ਮੁਲਕ ਤੁਰਕੀ ਨੂੰ ਨਰਾਜ਼ ਨਾ ਕਰਨਾ ਵੀ ਇਕ ਕਾਰਨ ਬਣਿਆ ਹੈ। ਤੁਰਕੀ ਵੱਲੋਂ ਅਮਰੀਕੀ ਸ਼ਹਿ ਵਾਲੇ ਲੋਕ ਸੁਰੱਖਿਆ ਗਰੁੱਪ ਨਾਂ ਦੀਆਂ ਸ਼ਕਤੀਆਂ
’ਤੇ ਹਮਲਾ ਬੋਲਣ ਦਾ ਐਲਾਨ ਕਰ ਦਿੱਤਾ ਗਿਆ ਸੀ ਤੇ ਅਮਰੀਕਾ ਤੁਰਕੀ ਨਾਲ ਟਕਰਾਅ
ਤੋਂ ਬਚਣਾ ਚਾਹੰਦਾ ਸੀ। ਤੁਰਕੀ ਅਜਿਹਾ
ਮੁਲਕ ਹੈ ਜਿਸ ਕੋਲ ਨਾਟੋ ’ਚ ਦੂਜੀ ਸਭ ਤੋਂ ਵੱਡੀ ਫੌਜ ਹੈ। ਤੁਰਕੀ ਨਾਲ ਸਬੰਧ ਹੋਰ ਜ਼ਿਆਦਾ ਖਰਾਬ ਨਾ ਕਰ ਸਕਣ ਦੀ ਹਾਲਤ ਨੇ ਅਮਰੀਕਾ ਲਈ
ਮਜ਼ਬੂਰੀ ਬਣਾਈ ਕਿ ਫੌਜਾਂ ਵਾਪਸ ਹੀ ਬੁਲਾਈਆਂ ਜਾਣ। ਇਸ ਤੋਂ ਅੱਗੇ
ਇਥੇ ਕੁੱਲ ਮਿਲਾ ਕੇ ਤਾਕਤਾਂ ਦਾ ਤੋਲ ਅਮਰੀਕਾ ਲਈ ਮਜ਼ਬੂਰੀ ਬਣਿਆ ਹੈ ਜੀਹਦੇ ’ਚ ਰੂਸ ਦੇ ਵਧੇ
ਹੋਏ ਦਖਲ ਦਾ ਅਹਿਮ ਕਾਰਨ ਹੈ। ਖਾਸ ਕਰਕੇ ਤੁਰਕੀ
ਦੇ ਰੂਸ ਵੱਲ ਝੁਕ ਜਾਣ ਦਾ ਦਬਾਅ ਅਮਰੀਕੀ ਕਦਮਾਂ ’ਚ ਅਹਿਮ ਅੰਸ਼ ਬਣਿਆ ਹੈ।
ਇਉ ਹੀ ਟਰੰਪ ਵੱਲੋਂ
ਅਫਗਾਨਿਸਤਾਨ ’ਚੋਂ ਵੀ 7000 ਫੌਜੀ ਵਾਪਸ
ਸੱਦਣ ਦਾ ਫੈਸਲਾ ਕੀਤਾ ਗਿਆ ਹੈ ਜਿਹੜੇ ਉਥੇ ਤਾਇਨਾਤ ਅਮਰੀਕੀ ਫੌਜ ਦਾ ਅੱਧ ਬਣਦੇ ਹਨ। ਇਹਨੂੰ ਸੰਸਾਰ ਸਾਮਰਾਜੀ ਹਲਕਿਆਂ ’ਚ ਸੀਰੀਆ ’ਚੋਂ ਫੌਜ ਵਾਪਸੀ
ਨਾਲੋਂ ਵੀ ਵੱਡੇ ਕਦਮ ਵਜੋਂ ਦੇਖਿਆ ਜਾ ਰਿਹਾ ਹੈ। ਇਹ 2001 ’ਚ ਅਮਰੀਕਾ ਵੱਲੋਂ
ਅਫਗਾਨਿਸਤਾਨ ’ਚ ਕੀਤੇ ਹਮਲੇ ਮਗਰੋਂ ਉਥੇ ਹੋ ਚੁੱਕੀ ਮੁਕੰਮਲ ਸਿਕਸ਼ਤ
ਦਾ ਐਲਾਨ ਹੈ। ਇਹ ਜੰਗ ਜਿਹੜੀ
ਅਮਰੀਕਾ ਹਾਰ ਗਿਆ ਹੈ ਲੱਗਭੱਗ 2 ਟ੍ਰਿਲੀਅਨ ਡਾਲਰ ’ਚ ਪਈ ਹੈ ਤੇ ਇਹ
ਵੱਡੇ ਬੱਜਟ ਅਮਰੀਕਾ ਦਾ ਦਮ ਕੱਢ ਰਹੇ ਹਨ। ਟਰੰਪ ਆਪਣੀਆਂ
ਚੋਣ ਮੁਹਿੰਮਾਂ ਦੌਰਾਨ ਇਹ ਐਲਾਨ ਕਰਦਾ ਰਿਹਾ ਹੈ ਕਿ ਇਰਾਕ ਤੇ ਅਫਗਾਨਿਸਤਾਨ ’ਚ ਖਰਚੇ ਜਾ ਰਹੇ ਅਰਬਾਂ ਖਰਬਾਂ ਡਾਲਰਾਂ ਨੂੰ ਉਹ ਅਮਰੀਕਾ
ਨੂੰ ਮੁੜ ਮਹਾਨ ਬਨਾਉਣ ਦੇ ਲੇਖੇ ਲਾਉਣਾ ਚਾਹੁੰਦਾ ਹੈ। ਇਹ ਅਮਰੀਕੀ ਸਾਮਰਾਜ ਵੱਲੋਂ ਆਪਣੀ ਖੁੱਸ ਰਹੀ ਸਰਦਾਰੀ ਦਾ ਇਕਬਾਲ ਹੈ ਜਦੋਂ
ਮੁੜ ਮਹਾਨ ਬਨਾਉਣ ਦੇ ਐਲਾਨ ਕਰਨੇ ਪੈ ਰਹੇ ਹਨ। ਤੇ ਉਹੀ ਅਮਰੀਕੀ
ਸਾਮਰਾਜ ਜਿਹੜਾ ਦਹਿਸ਼ਤਗਰਦੀ ਦੇ ਆਪਣੇ ਸਿਰਜੇ ਭੂਤ ਤੋਂ ਸੰਸਾਰ ਦੀ ਰੱਖਿਆ ਦਾ ਆਪੂੰ ਸਜਿਆ ਕਰਤਾ ਧਰਤਾ
ਰਿਹਾ ਹੈ ਹੁਣ ਇਹ ਕਹਿਣ ਲਈ ਮਜ਼ਬੂਰ ਹੋ ਰਿਹਾ ਹੈ ਕਿ ‘‘ਅਮਰੀਕਾ ਨੇ ਦੁਨੀਆਂ
ਦੀ ਸੁਰੱਖਿਆ ਦਾ ਠੇਕਾ ਨਹੀਂ ਲਿਆ ਹੋਇਆ।’’ ਮਹਾਂ ਸ਼ਕਤੀ ਦੀ ਅਜਿਹੀ ਲਾਚਾਰੀ ਤੇ ਬੇਵਸੀ ਵਾਲੀ ਹਾਲਤ ਨੂੰ ਜੱਗ ਦੇਖ ਰਿਹਾ ਹੈ।
ਅਫਗਾਨਿਸਤਾਨ ’ਚੋਂ ਫੌਜ ਵਾਪਸੀ
ਦਾ ਇਹ ਕਦਮ ਅਫਗਾਨਿਸਤਾਨ ਦੀ ਅਮਰੀਕੀ ਕਠਪੁਤਲੀ ਹਕੂਮਤ ਲਈ ਡਾਢੀ ਫਿਕਰਮੰਦੀ ਪੈਦਾ ਕਰਨ ਵਾਲਾ ਹੈ ਕਿਉਕਿ
ਉਹ ਲਗਾਤਾਰ ਚੜ੍ਹੇ ਆ ਰਹੇ ਤਾਲਿਬਾਨ ਦੇ ਖਤਰੇ ਹੇਠ ਹੈ ਤੇ ਉਸ ਨਾਲ ਨਜਿੱਠਣ ਦੀ ਹਾਲਤ ’ਚ ਨਹੀਂ ਹੈ। ਚਾਹੇ ਅਫਗਾਨੀ ਅਧਿਕਾਰੀਆਂ ਨੇ ਆਪਣੇ ਬਿਆਨਾਂ ’ਚ, ਕੁੱਝ ਕੁ ਹਜ਼ਾਰ ਫੌਜਾਂ ਨਾਲ ਬਹੁਤਾ ਫਰਕ ਨਾ ਪੈਣ ਦੀ ਗੱਲ ਕਹੀ ਹੈ, ਪਰ ਹਕੀਕਤ ਇਹ ਹੈ ਕਿ ਤਾਲਿਬਾਨ ਅਫਗਾਨਿਸਤਾਨ ਦੇ ਲੱਗਭੱਗ 60 ਫੀਸਦੀ
ਹਿੱਸੇ ’ਤੇ ਕਾਬਜ ਹੋ ਚੁੱਕਿਆ ਹੈ ਤੇ ਲਗਾਤਾਰ ਅਮਰੀਕੀ ਅਫਗਾਨੀ
ਫੌਜਾਂ ’ਤੇ ਹਮਲੇ ਕਰ ਰਿਹਾ ਹੈ। ਉਸ ਦੀ ਚੋਟ ਸ਼ਕਤੀ
ਪਿਛਲੇ ਸਾਲਾਂ ਦੇ ਮੁਕਾਬਲੇ ਕਾਫੀ ਵਧ ਚੁੱਕੀ ਹੈ। ਅਫਗਾਨਿਸਤਾਨ ਦੀ
ਫੌਜ ਤੇ ਪੁਲਸ ਦੀਆਂ ਮੌਤਾਂ ਦਾ ਗਰਾਫ ਲਗਾਤਾਰ ਵਧਿਆ ਹੈ, ਕਿਉਕਿ ਅਮਰੀਕੀ ਫੌਜ
ਆਪਸੀ ਸਿੱਧੇ ਐਕਸ਼ਨਾਂ ਤੋਂ ਟਾਲਾ ਵੱਟਦੀ ਹੈ ਤੇ ਅਜਿਹੀ ਹਾਲਤ ’ਚ ਅਫਗਾਨਿਸਤਾਨੀ
ਫੌਜ ਦਾ ਮਨੋਬਲ ਬੁਰੀ ਤਰ੍ਹਾਂ ਡਿੱਗਿਆ ਹੋਇਆ ਹੈ। ਤਾਲਿਬਾਨ ਵੱਲੋਂ
ਹੁਣ ਆਪਣੇ ਕਬਜੇ ਹੇਠਲੇ ਖੇਤਰ ’ਚ ਵੱਡੇ ਪੱਧਰ ’ਤੇ ਅਫੀਮ ਦੀ ਖੇਤੀ
ਰਾਹੀਂ ਪੂੰਜੀ ਜੁਟਾਈ ਜਾ ਰਹੀ ਹੈ ਤੇ ਤਾਲਿਬਾਨ ਅਜਿਹੀ ਹਾਲਤ ’ਚ ਪਹੁੰਚ ਚੁੱਕੇ
ਹਨ ਜਿੱਥੇ ਅਮਰੀਕਾ ਨੂੰ ਮਜ਼ਬੂਰ ਹੋ ਕੇ ਗੱਲਬਾਤ ਦਾ ਬਹਾਨਾ ਘੜ ਕੇ ਅਫਗਾਨਿਸਤਾਨ ’ਚੋਂ ਨਿੱਕਲਣਾ
ਪੈ ਰਿਹਾ ਹੈ। ਵੀਅਤਨਾਮ ਦੀ ਹਾਰ
ਤੋਂ ਮਗਰੋਂ ਇਹ ਜੰਗ ਹੁਣ ਅਮਰੀਕਾ ਲਈ ਨਮੋਸ਼ੀ ਭਰੀ ਹਾਰ ਲੈ ਕੇ ਆਈ ਹੈ।
2001 ’ਚ ਜਾਰਜ ਬੁਸ਼ ਵੱਲੋਂ
ਅਫਗਾਨਿਸਤਾਨ ’ਚੋਂ ਅੱਤਵਾਦ ਨੂੰ ਸ਼ਹਿ ਦੇਣ ਵਾਲੀ ਹਕੂਮਤ ਦੇ ਖਾਤਮੇ
ਦੇ ਐਲਾਨ ਨਾਲ ਹਮਲਾ ਕੀਤਾ ਗਿਆ ਸੀ, ਪਰ ਹੁਣ ਅਮਰੀਕਾ ਨੂੰ ਇਹ ਮੰਨਣਾ ਪੈ ਗਿਆ ਹੈ ਕਿ ਉਹ
ਆਪਣੇ ਐਲਾਨ ਨੂੰ ਪੁਗਾ ਨਹੀਂ ਸਕਿਆ। ਅਮਰੀਕਾ ਲਈ ਨਮੋਸ਼ੀ
ਭਰੀ ਹਾਲਤ ਇਹ ਹੈ ਕਿ ਉਸ ਵੱਲੋਂ ਤਾਲਿਬਾਨ ਨਾਲ ਗੱਲ ਕਰਕੇ ਸਮਝੌਤੇ ਦਾ ਪ੍ਰਭਾਵ ਸਿਰਜਣ ਦੀ ਕੀਤੀ ਗਈ
ਕੋਸ਼ਿਸ਼ ਵੀ ਕਾਮਯਾਬ ਨਹੀਂ ਹੋ ਰਹੀ। ਤਾਲਿਬਾਨ ਨੇ ਇਕ
ਪਾਸੇ ਗੱਲਬਾਤ ਚਲਾਈ ਤੇ ਨਾਲ ਹੀ ਅਫਗਾਨਿਸਤਾਨ ’ਚ ਹਮਲੇ ਵੀ ਜਾਰੀ ਰੱਖੇ। ਉਸ ਵੱਲੋਂ ਸ਼ਰਤ ਰੱਖੀ ਗਈ ਸੀ ਕਿ ਕਿਸੇ ਸਮਝੌਤੇ ’ਤੇ ਪਹੁੰਚਣ ਲਈ
ਅਫਗਾਨਿਸਤਾਨ ’ਚੋਂ ਅਮਰੀਕੀ ਫੌਜਾਂ ਦੀ ਵਾਪਸੀ ਲਾਜ਼ਮੀ ਕਦਮ ਬਣਦਾ ਹੈ
ਤੇ ਅਮਰੀਕੀ ਬੰਬਾਰੀ ਅਤੇ ਜ਼ਮੀਨੀ ਹਮਲੇ ਬੰਦ ਹੋਣੇ ਚਾਹੀਦੇ ਹਨ। ਅਮਰੀਕਾ ਵੱਲੋਂ ਸਿਵਲੀਅਨਾਂ ’ਤੇ ਸੁੱਟੇ ਜਾ
ਰਹੇ ਬੰਬਾਂ ਨਾਲ 2018 ਦੇ ਅੱਧ ’ਚ ਹੀ 1700 ਲੋਕ ਮਾਰੇ ਜਾ ਚੁੱਕੇ ਸਨ। ਤਾਲਿਬਾਨ ਦੇ ਬੁਲਾਰੇ
ਨੇ ਦੱਸਿਆ ਕਿ ਅਮਰੀਕਾ ਵੱਲੋਂ ਫੌਜਾਂ ਦੀ ਵਾਪਸੀ ’ਤੇ ਸਹਿਮਤੀ ਮਗਰੋਂ ਹੀ ਗੱਲਬਾਤ ਚਲਾਈ ਗਈ ਸੀ।
ਅਮਰੀਕਾ ਵੱਲੋਂ
ਬੇਵਸੀ ਦੀ ਹਾਲਤ ’ਚ ਹੁਣ ਫੌਜਾਂ ਕੱਢਣ ਦਾ ਇਹ ਕਦਮ ਤਾਲਿਬਾਨ ਦੇ ਅਫਗਾਨਿਸਤਾਨ
’ਚ ਕਾਬਜ ਹੋ ਜਾਣ ਨਾਲ ਇਸ ਖੇਤਰ ’ਚ ਕਈ ਤਰ੍ਹਾਂ
ਦੇ ਅਸਰ ਪਾਵੇਗਾ। ਇੱਥੇ ਤਾਕਤਾਂ
ਦੇ ਤੋਲ ’ਚ ਤਬਦੀਲੀ ਹੋਵੇਗੀ। ਇਸੇ ਅਰਸੇ ਦੌਰਾਨ
ਰੂਸ ਵੱਲੋਂ ਤਾਲਿਬਾਨ ਨਾਲ ਸਿੱਧੇ ਸੰਪਰਕ ਸਾਧੇ ਜਾ ਚੁੱਕੇ ਹਨ। ਰੂਸ ਵੱਲੋਂ ਮਾਸਕੋ ’ਚ ਤਾਲਿਬਾਨ ਤੇ ਬਾਕੀ ਦੇਸ਼ਾਂ ਦੇ ਨੁਮਾਇੰਦਿਆਂ ਨਾਲ
ਕੀਤੀ ਗੱਲਬਾਤ ’ਚ ਤਾਲਿਬਾਨ ਵੱਲੋਂ ਵਿਦੇਸ਼ੀ ਫੌਜਾਂ ਦੀ ਵਾਪਸੀ ਦੀ ਮੰਗ
ਨੂੰ ਉਭਾਰਿਆ ਗਿਆ ਹੈ ਤੇ ਚੀਨ ਇਰਾਨ ਤੇ ਪਾਕਿਸਤਾਨ ਨੇ ਇਸ ਦੀ ਹਿਮਾਇਤ ਕੀਤੀ। ਭਾਰਤੀ ਹਾਕਮਾਂ ਲਈ ਅਮਰੀਕਾ ਦੇ ਭੱਜ ਜਾਣ ਮਗਰੋਂ ਹਾਲਤ ਕਸੂਤੀ ਬਣਨ ਜਾ ਰਹੀ
ਹੈ। ਤਾਲਿਬਾਨ ਦੇ ਪਾਕਿਸਤਾਨ
ਨਾਲ, ਖਾਸ ਕਰਕੇ ਪਾਕਿਸਤਾਨੀ ਫੌਜ ਨਾਲ ਨੇੜਲੇ ਸਬੰਧ ਭਾਰਤੀ
ਹਾਕਮਾਂ ਲਈ ਚਿੰਤਾ ਦਾ ਸਵੱਬ ਬਣਦੇ ਹਨ। ਇਸ ਖਿੱਤੇ ’ਚ ਅਮਰੀਕੀ ਸਾਮਰਾਜ
ਦੇ ਥਾਣੇਦਾਰ ਵਜੋਂ ਨਿਭਾਏ ਰੋਲ ਦੀਆਂ ਤਿੱਖੇ ਹੋ ਰਹੇ ਅੰਤਰ ਸਾਮਰਾਜੀ ਟਕਰਾਅ ਦੇ ਪ੍ਰਸੰਗ ’ਚ ਅਗਲੇਰੀਆਂ ਅਰਥ-ਸੰਭਾਵਨਾਵਾਂ ਨੇ ਉੱਘੜਨਾ ਹੈ।
ਅਫਗਾਨਿਸਤਾਨ ਤੇ
ਸੀਰੀਆ ’ਚੋਂ ਅਮਰੀਕੀ ਫੌਜਾਂ ਦੀ ਨਮੋਸ਼ੀ ਭਰੀ ਵਾਪਸੀ ਜਿੱਥੇ ਅਮਰੀਕਾ ਦੇ ਮਹਾਂਸ਼ਕਤੀ
ਵਜੋਂ ਪੈ ਰਹੇ ਖੋਰੇੇ ਦੀ ਗਵਾਹੀ ਬਣਦੀ ਹੈ ਉਥੇ ਰੂਸ ਦੇ ਮੁੜ ਉਭਾਰ ਨੇ ਅੰਤਰ-ਸਾਮਰਾਜੀ ਵਿਰੋਧਤਾਈ ਨੂੰ ਵੀ ਤਿੱਖ ਮੁਹੱਈਆ ਕਰ ਦਿੱਤੀ ਹੈ। ਪਿਛਲੇ ਵਰ੍ਹੇ ਅਕਤੂਬਰ ਮਹੀਨੇ ’ਚ ਰੂਸ ਤੇ ਅਮਰੀਕਾ
ਦਰਮਿਆਨ 80 ਵਿਆਂ ਦੇ ਅਖੀਰ ’ਚ ਹੋਈ ਸੰਧੀ ’ਚੋਂ ਅਮਰੀਕਾ ਬਾਹਰ
ਆ ਗਿਆ ਹੈ। ਇਹ ਸੰਧੀ ਹਥਿਆਰਾਂ ’ਤੇ ਕੰਟਰੋਲ ਦੀ ਸੰਧੀ ਸੀ ਜੋ ਖਾਸ ਤਰ੍ਹਾਂ ਦੀਆਂ ਮਿਜ਼ਾਈਲਾਂ
ਬਨਾਉਣ ’ਤੇ ਰੋਕ ਲਾਉਂਦੀ ਸੀ। ਇਹ ਸੀਤ ਯੁੱਧ
ਦੇ ਅੰਤ ’ਤੇ ਕੀਤੀ ਗਈ ਸੀ, ਜੋ ਮੱਧਮ ਪੈ ਰਹੀ ਅੰਤਰ ਸਾਮਰਾਜੀ
ਵਿਰੋਧਤਾਈ ਦੀ ਸੂਚਕ ਸੀ। ਪਰ ਹੁਣ ਮੁੜ ਹੋਰ
ਵਧੇਰੇ ਮਿਜ਼ਾਈਲਾਂ ਬਨਾਉਣ ਦੀਆਂ ਵਧ ਰਹੀਆਂ ਲੋੜਾਂ ਇਹਨਾਂ ਮੁਲਕਾਂ ਦੇ ਅਜਿਹੇ ਸਭ ਇੰਤਜ਼ਾਮਾਂ ਵਿਚ ਤਰੇੜਾਂ
ਲਿਆ ਰਹੀਆਂ ਹਨ। ਅਮਰੀਕਾ ਹੁਣ ਯੂਰਪ
’ਚ ਰੂਸ ਨੂੰ ਰੋਕਣ ਲਈ ਮਿਜ਼ਾਈਲਾਂ ਦੀ ਤਾਇਨਾਤੀ ’ਤੇ ਵਿਚਾਰਾਂ ਕਰ
ਰਿਹਾ ਹੈ ਪਰ ਹੁਣ ਯੂਰਪ ’ਚ ਹਾਲਤ ਪਹਿਲਾਂ ਵਰਗੀ ਨਹੀਂ ਹੈ, ਭਾਵ ਅਮਰੀਕਾ ਦੀ ਪੁੱਗਤ ਉਵੇਂ ਨਹੀਂ ਹੈ ਜਿਵੇਂ ਸੀਤ ਯੁੱਧ ਦੇ ਦੌਰ ’ਚ ਹੁੰਦੀ ਸੀ।
ਮੌਜੂਦਾ ਹਾਲਤਾਂ
’ਚ ਅਮਰੀਕੀ ਸਾਮਰਾਜ ਦੀ ਪਤਲੀ ਪੈ ਰਹੀ ਹਾਲਤ ਸੰਸਾਰ ਭਰ ਦੀਆਂ ਉਨ੍ਹਾਂ ਸਭਨਾਂ
ਦੱਬੀਆਂ ਕੁੱਚਲੀਆਂ ਕੌਮਾਂ ਦੇ ਮੁਕਤੀ ਸੰਗਰਾਮਾਂ ਦੀ ਅਗਲੇਰੀ ਪੇਸ਼ਕਦਮੀ ਖਾਤਰ ਹੋਰ ਵਧੇਰੇ ਗੁੰਜਾਇਸ਼ਾਂ
ਦੇਵੇਗੀ। ਦੁਨੀਆਂ ਭਰ ਦੇ
ਲੋਕ ਅਮਰੀਕੀ ਸਾਮਰਾਜ ਨੂੰ ਹੁਣ ਅਫਗਾਨਿਸਤਾਨ ’ਚੋਂ ਵਰ੍ਹਿਆਂ ਦੇ ਕੌਮੀ ਟਾਕਰੇ ਮਗਰੋਂ ਮਾਤ ਖਾਂਦੇ
ਦੇਖ ਰਹੇ ਹਨ। ਅਮਰੀਕਾ ਦਾ ਹੋ
ਰਿਹਾ ਅਜਿਹਾ ਹਸ਼ਰ ਦੁਨੀਆਂ ਦੀਆਂ ਕੌਮੀ ਮੁਕਤੀ ਲਹਿਰਾਂ ’ਚ ਹੋਰ ਉਤਸ਼ਾਹ
ਦਾ ਸੰਚਾਰ ਕਰੇਗਾ।
No comments:
Post a Comment