ਪੰਜਾਬ ’ਚ ਕਿਸਾਨਾਂ ਤੇ
ਖੇਤ ਮਜ਼ਦੂਰਾਂ ਦੀਆਂ ਖੁਦਕੁਸ਼ੀਆਂ ਦਾ ਕਹਿਰ ਝੁੱਲ ਰਿਹਾ ਹੈ। ਸਧਾਰਨ ਸਮਾਜਕ ਸਰੋਕਾਰਾਂ ਵਾਲੇ ਹਿੱਸਿਆਂ ਲਈ ਵੀ ਇਹ ਗੰਭੀਰ ਸੰਕਟਮਈ ਹਾਲਤ
ਵਜੋਂ ਨੋਟ ਹੁੰਦਾ ਹੈ ਤੇ ਅਕਸਰ ਚਰਚਾ ’ਚ ਰਹਿੰਦਾ ਹੈ, ਤਾਂ ਵੀ ਇਹਦੀ ਚਰਚਾ
ਇਹਨਾਂ ਮਿਹਨਤਕਸ਼ ਹਿੱਸਿਆਂ
ਦੀ ਬਣ ਚੁੱਕੀ ਹੋਣੀ ਵਜੋਂ ਹੁੰਦੀ ਹੈ। ਪਰ ਡਾਢੀ ਫਿਕਰਮੰਦੀ, ਹੈਰਾਨੀ ਤੇ ਲਾਚਾਰੀ ਦੇ ਰਲੇ ਮਿਲੇ ਭਾਵਾਂ ਵਾਲੀ ਚਰਚਾ ਉਦੋਂ ਜ਼ੋਰਦਾਰ ਢੰਗ ਨਾਲ ਛਿੜ ਪੈਂਦੀ
ਹੈ, ਜਦੋਂ ਹੱਕਾਂ ਲਈ ਸੰਘਰਸ਼ਾਂ ਦੇ ਮੈਦਾਨਾਂ ’ਚ ਡਟੇ ਹੋਏ ਮੋਹਰੀ
ਹਿੱਸਿਆਂ ’ਚੋਂ ਵੀ ਕੋਈ ਜ਼ਿੰਦਗੀ ਦੀਆਂ ਦੁਸ਼ਵਾਰੀਆਂ ਅੱਗੇ ਹਾਰ ਜਾਂਦਾ ਹੈ ਤੇ ਖੁਦਕੁਸ਼ੀ
ਦਾ ਰਾਹ ਚੁਣ ਲੈਂਦਾ ਹੈ। ਉਦੋਂ ਬਹੁਤ ਸਾਰੇ
ਹਿੱਸਿਆਂ ’ਚ ਸੁਭਾਵਕ ਹੀ ਇਹ ਸੁਆਲ ਉਠ ਖੜ੍ਹਦਾ ਹੈ ਕਿ ਜੇ ਕਰ ਲੋਕਾਂ ਨੂੰ ਸੰਘਰਸ਼ਾਂ ਦਾ ਰਾਹ ਫੜਨ ਦਾ ਹੋਕਾ ਦੇਣ ਵਾਲੇ ਹਿੱਸੇ
ਵੀ ਅਜਿਹਾ ਕਦਮ ਚੁੱਕਣਗੇ ਤਾਂ ਫਿਰ ਆਮ ਲੋਕਾਈ ਤੋਂ ਐਨੀਆਂ ਦੁਸ਼ਵਾਰੀਆਂ ’ਚ ਡਟੇ ਰਹਿਣ ਦੀ
ਆਸ ਕਿਵੇਂ ਕੀਤੀ ਜਾ ਸਕਦੀ ਹੈ। ਭਾਰਤੀ ਕਿਸਾਨ
ਯੂਨੀਅਨ-ਏਕਤਾ (ਉਗਰਾਹਾਂ) ਦੇ ਨਥਾਣਾ ਬਲਾਕ (ਬਠਿੰਡਾ) ਦੇ ਪ੍ਰਧਾਨ
ਮਨਜੀਤ ਸਿੰਘ ਵੱਲੋਂ ਅਜਿਹਾ ਕਦਮ ਚੁੱਕਣ ਮਗਰੋਂ ਇਹ ਚਰਚਾ ਫਿਰ ਹੋਈ ਹੈ। ਪੰਜਾਬੀ ਟ੍ਰਿਬਿਊਨ ਦੇ ਸੰਪਾਦਕ ਸਵਰਾਜਬੀਰ ਨੇ ਆਪਣੀ ਸੰਪਾਦਕੀ ’ਚ ਇਸ ਖੁਦਕੁਸ਼ੀ
ਨੂੰ ਹੋਰਾਂ ਨਾਲੋਂ ਜ਼ਿਆਦਾ ਮਨ ਨੂੰ ਹਲੂਣਦੀ ਕਿਹਾ ਹੈ, ਕਿਉਕਿ ਮਨਜੀਤ ਸਿੰਘ
‘‘ਇਹੋ ਜਿਹਾ ਕਿਸਾਨ ਨਹੀਂ ਸੀ ਜਿਸ ਨੂੰ ਕਿਸਾਨੀ ਸੰਕਟ ਬਾਰੇ ਸਮੱਸਿਆਵਾਂ ਦਾ
ਗਿਆਨ ਨਾ ਹੋਵੇ। ਉਹ ਸਿਆਸੀ ਤੌਰ
’ਤੇ ਚੇਤੰਨ ਅਤੇ ਸੰਘਰਸ਼ਸ਼ੀਲ ਵਿਅਕਤੀ ਸੀ ਅਤੇ ਕਿਸਾਨ ਯੂਨੀਅਨ ਦੀਆਂ ਸਰਗਰਮੀਆਂ
’ਚ ਵਧ ਚੜ੍ਹ ਕੇ ਹਿੱਸਾ ਲੈਂਦਾ ਰਿਹਾ।’’
ਬਿਨਾਂ ਸ਼ੱਕ ਇਹ
ਹਾਲਤ ਵਿਸ਼ੇਸ਼ ਕਰਕੇ ਮਨ ਨੂੰ ਹਲੂਣਵੀਂ ਬਣ ਜਾਂਦੀ ਹੈ ਜਦੋਂ ਕਿਸੇ ਚੇਤਨ ਵਿਅਕਤੀ ਵੱਲੋਂ ਅਜਿਹਾ ਕਦਮ
ਚੁੱਕਿਆ ਜਾਂਦਾ ਹੈ। ਇਸ ਸੁਆਲ ਦਾ ਜੁਆਬ
ਲੱਭਣ ਲਈ ਸਾਨੂੰ ਚੇਤਨਾ ਬਾਰੇ ਹੀ ਫਰੋਲਾ ਫਰਾਲੀ ਕਰਨੀ ਚਾਹੀਦੀ ਹੈ। ਏਥੇ ਇਸ ਚਰਚਾ ਦਾ ਅਰਥ ਵਿਅਕਤੀ ਵਿਸ਼ੇਸ਼ ਦੇ ਕਾਰਨਾਂ ਦੀ ਚਰਚਾ ਨਹੀਂ ਹੈ।
ਚੇਤਨਾ ਦਾ ਸੰਕਲਪ
ਕਤੱਈ ਨਹੀਂ ਹੈ। ਚੇਤਨਾ ਦੇ ਵੱਖ
ਵੱਖ ਪੱਧਰ ਬਣਦੇ ਹਨ। ਚੇਤਨਾ ਦੇ ਵਿਕਾਸ
ਦਾ ਉਹ ਪੱਧਰ ਜਿਸ ਅਧਾਰ ’ਤੇ ਲੋਕ ਆਪਣੇ ਤਬਕਾਤੀ ਹਿੱਤਾਂ ਵਾਲੀਆਂ ਜਥੇਬੰਦੀਆਂ
’ਚ ਸ਼ਾਮਲ ਹੁੰਦੇ ਹਨ ਬਹੁਤ ਹੀ ਮੁੱਢਲੀ ਕਿਸਮ ਦੀ ਚੇਤਨਾ ਹੁੰਦੀ ਹੈ। ਇਸ ਚੇਤਨਾ ਪੱਧਰ ’ਚ ਫੌਰੀ ਤਬਕਾਤੀ ਹਿੱਤਾਂ ਨਾਲ ਅੰਸ਼ਕ ਰਾਹਤ ਦੀ ਆਸ ਸ਼ਾਮਲ
ਹੁੰਦੀ ਹੈ, ਜੋ ਬੁਰੀ ਤਰ੍ਹਾਂ ਨਪੀੜੀ ਪਈ ਘਰ ਦੀ ਆਰਥਕਤਾ ’ਚ ਰਾਹਤ ਦੇਣ ਪੱਖੋਂ
ਅੰਸ਼ ਮਾਤਰ ਵੀ ਮਸਾਂ ਹੀ ਹੁੰਦੀ ਹੈ। ਵੱਖ ਵੱਖ ਤਬਕਿਆਂ
ਦੀਆਂ ਜਥੇਬੰਦੀਆਂ ਵੱਲੋਂ ਹੱਕਾਂ ਲਈ ਹੋ ਰਹੇ ਸੰਘਰਸ਼ ਅਜੇ ਇਹਨਾਂ ਨਿਗੂਣੀਆਂ ਤੇ ਵਕਤੀ ਰਾਹਤ ਦੀਆਂ
ਮੰਗਾਂ ਤੱਕ ਸੀਮਤ ਹਨ। ਇਹ ਸੰਘਰਸ਼ ਅਜੇ
ਜ਼ਿੰਦਗੀ ਦੇ ਬਦਲ ਜਾਣ ਦੀ ਆਸ ਬੰਨ੍ਹਾਉਣ ਜੋਗੇ ਨਹੀਂ ਹਨ। ਘਰ ਦੀ ਆਰਥਕਤਾ ’ਤੇ ਅਜੇ ਮਾਮੂਲੀ ਅਸਰ ਪਾਉਣ ਵਾਲੀਆਂ ਇਹਨਾਂ ਮੰਗਾਂ
ਤੋਂ ਪਰ੍ਹੇ ਜ਼ਿੰਦਗੀ ਬਹੁਤ ਵਿਸ਼ਾਲ ਹੈ ਤੇ ਇਸਨੂੰ ਦਰਪੇਸ਼ ਮਸਲਿਆਂ ਦੀ ਗਹਿਰਾਈ ਬਹੁਤ ਡੂੰਘੀ ਹੈ। ਤਬਕਾਤੀ ਜਥੇਬੰਦੀਆਂ ਵੱਲੋਂ ਲੜੇ ਜਾ ਰਹੇ ਇਹ ਸੰਘਰਸ਼ ਜ਼ਿੰਦਗੀ ਦੀ ਸਾਰੀ ਵਿਸ਼ਾਲਤਾ
ਨੂੰ ਅਜੇ ਕਲਾਵੇ ’ਚ ਲੈਣ ਜੋਗੇ ਨਹੀਂ ਹੋਏ ਤੇ ਅਜੇ ਸੀਮਤ ਚੇਤਨਾ ਦਾ ਸੰਚਾਰ
ਕਰਨ ਦੇ ਹੀ ਸਮਰੱਥ ਹਨ, ਅਜੇ ਇਹ ਜ਼ਿੰਦਗੀ ਪ੍ਰਤੀ ਨਜ਼ਰੀਆ ਬਦਲਣ ਜੋਗੇ ਨਹੀਂ ਹਨ। ਇਹਨਾਂ ਸੰਘਰਸ਼ਾਂ ਦੇ ਬੁਨਿਆਦੀ ਮਸਲਿਆਂ ਤੱਕ ਚਲੇ ਜਾਣ ਨਾਲ ਹੀ ਇਸ ਹਾਲਤ
’ਚ ਵੱਡੀ ਤਬਦੀਲੀ ਵਾਪਰਦੀ ਹੈ। ਉਦੋਂ ਲੋਕ ਲਹਿਰ ਲੋਕਾਂ ਦੀ ਜ਼ਿੰਦਗੀ ਦੇ ਅੰਦਰ ਹੋਰ ਡੂੰਘੀ ਉੱਤਰ ਚੁੱਕੀ
ਹੁੰਦੀ ਹੈ ਤੇ ਇਸ ਜ਼ਿੰਦਗੀ ਦੇ ਬੁਨਿਆਦੀ ਤੌਰ ’ਤੇ ਬਦਲ ਜਾਣ ਦੀ ਆਸ ਪੈਦਾ ਹੋ ਚੁੱਕੀ ਹੁੰਦੀ ਹੈ। ਇਹ ਆਸ ਜਾਂ ਤਾਂ ਹੱਕਾਂ ਦੀ ਲਹਿਰ ਦਾ ਪੱਧਰ ਬੰਨ੍ਹਾਉਂਦਾ ਹੈ ਤੇ ਜਾਂ ਫਿਰ
ਵਿਚਾਰਧਾਰਕ ਤੌਰ ’ਤੇ ਸਮਾਜਿਕ ਵਿਕਾਸ ਦੇ ਰਾਹ ਤੇ ਅਮਲ ਬਾਰੇ ਸਪੱਸ਼ਟਤਾ
ਵਾਲਾ ਨਜ਼ਰੀਆ। ਲਹਿਰ ਦੀ ਕਮਜ਼ੋਰੀ
ਦੇ ਦੌਰਾਂ ਅੰਦਰ ਇਸ ਵਿਚਾਰਧਾਰਕ ਪਕਿਆਈ ਦਾ ਮਹੱਤਵ ਹੋਰ ਵੀ ਜ਼ਿਆਦਾ ਹੁੰਦਾ ਹੈ।
ਤਬਕਾਤੀ ਹਿੱਤਾਂ
ਲਈ ਸੰਘਰਸ਼ ਕਰਦੀਆਂ ਜਥੇਬੰਦੀਆਂ ’ਚ ਸਰਗਰਮ ਸਭਨਾਂ ਵਿਅਕਤੀਆਂ ਦੀ ਆਪਣੀ ਸਰਗਰਮੀ ’ਚ ਪ੍ਰੇਰਨਾ ਸਰੋਤ
ਦੀ ਵੰਨਗੀ ਦਾ ਰੋਲ ਵੀ ਮਹੱਤਵਪੂਰਨ ਹੈ। ਇਹ ਜਨਤਕ ਸਰਗਰਮੀ
ਵੱਖ ਵੱਖ ਆਗੂ ਕਾਰਕੁਨਾਂ ਲਈ ਵਿਅਕਤੀਗਤ ਪ੍ਰਸੰਸਾਂ, ਮਾਣ-ਸਨਮਾਨ,
ਜਾਤੀ ਵੱਕਾਰ ਦਾ ਕਾਰਨ ਬਣਦੀ ਹੈ। ਇਕ ਖਾਸ ਹਿੱਸੇ ’ਚ ਸਮਾਜਕ ਮਾਣ-ਸਨਮਾਨ ਤੇ ਅਸਰ
-ਰਸੂਖ ਦੇ ਪਸਾਰੇ ਦਾ ਸਾਧਨ ਵੀ ਬਣਦੀ ਹੈ। ਅਜਿਹੇ ਪ੍ਰੇਰਣਾ-ਸਰੋਤ ਨਾਲ ਹੋ ਰਹੀ ਸਰਗਰਮੀ ਨੂੰ
ਸਮੂਹਕ ਹਿੱਤਾਂ ਲਈ ਆਪਾ ਵਾਰਨ ਦੀ ਚੇਤਨਾ ਤਹਿਤ ਹੋ ਰਹੀ ਸਰਗਰਮੀ ਨਾਲ ਰਲਗੱਡ ਨਹੀਂ ਕਰਨਾ ਚਾਹੀਦਾ,
ਸਗੋਂ ਅਜਿਹਾ ਪ੍ਰੇਰਣਾ-ਸਰੋਤ ਸਬੰਧਤ ਵਿਅਕਤੀ ਅੰਦਰ ਨਿੱਕ-ਬੁਰਜੂਆ
ਵਿਅਕਤੀਵਾਦੀ ਰੁਚੀਆਂ ਤੇ ਸੰਸਕਾਰਾਂ ਦੇ ਧਾਰਨੀ ਹੋਣ ਦੀ ਤਸਵੀਰ ਹੀ ਉਘਾੜਦਾ ਹੈ। ਅਜਿਹੇ ਪ੍ਰੇਰਣਾ-ਸਰੋਤ ਨਾਲ ਸਰਗਰਮੀ ਕਰ ਰਿਹਾ ਕੋਈ
ਵੀ ਵਿਅਕਤੀ ਸਾਧਾਰਨ ਲੋਕਾਈ ਨਾਲੋਂ ਵਿਚਾਰਾਂ ਦੇ ਪੱਖ ਤੋਂ ਬਹੁਤ ਵੱਖਰਾ ਨਹੀਂ ਹੁੰਦਾ ਤੇ ਜ਼ਿੰਦਗੀ
ਪ੍ਰਤੀ ਨਜ਼ਰੀਆ ਆਮ ਲੋਕਾਂ ਵਾਲਾ ਹੀ ਹੁੰਦਾ ਹੈ।
ਇਨਕਲਾਬੀ ਲਹਿਰ
’ਚ ਕੰਮ ਕਰਦੇ ਆਗੂ ਕਾਰਕੁੰਨ ਦੀ ਇਨਕਲਾਬੀ ਚੇਤਨਾ ਵੀ ਵਿਅਕਤੀ ਦਾ ਜ਼ਿੰਦਗੀ
ਪ੍ਰਤੀ ਦ੍ਰਿਸ਼ਟੀਕੋਣ ਦੀ ਤਬਦੀਲੀ ਨਹੀਂ ਕਰਦੀ। ਇਹ ਚੇਤਨਾ ਵੱਖ
ਵੱਖ ਕਿਰਤੀ ਜਮਾਤਾਂ ਦੇ ਹਿੱਤਾਂ ਲਈ ਰਾਜ ਭਾਗ ਉਸਾਰਨ ਖਾਤਰ ਸੰਘਰਸ਼ ਦੀ ਚੇਤਨਾ ਹੁੰਦੀ ਹੈ ਜੋ ਬੁਨਿਆਦੀ
ਸਮਾਜਕ ਤਬਦੀਲੀ ਦਾ ਸੰਕਲਪ ਲੈ ਕੇ ਚਲਦੀ ਹੈ ਤੇ ਇਹ ਚੇਤਨਾ ਵਿਅਕਤੀ ਨੂੰ ਇਸ ਮਹਾਨ ਕਾਜ਼ ’ਚ ਹਿੱਸਾ ਪਾਈ
ਲਈ ਪ੍ਰੇਰਤ ਕਰਦੀ ਹੈ ਤੇ ਖਾਸ ਸਿਆਸੀ ਵਿਚਾਰਾਂ ਦੇ ਲੜ ਲਾਉਦੀ ਹੈ, ਲੋਕ ਪੱਖੀ ਸਿਆਸੀ ਵਿਚਾਰਾਂ ਦਾ ਹੋਣਾ ਵੀ ਵਿਅਕਤੀ ਦਾ ਸਮੁੱਚਾ ਅੰਦਰ ਰੁਸ਼ਨਾਉਣ ਲਈ ਕਾਫੀ
ਨਹੀਂ ਹੁੰਦਾ। ਇਹ ਸੰਸਾਰ ਦ੍ਰਿਸ਼ਟੀਕੋਣ
ਹੀ ਹੈ ਜੋ ਵਿਅਕਤੀ ਦਾ ਅੰਦਰ ਰੁਸ਼ਨਾਉਂਦਾ ਹੈ। ਜ਼ਿੰਦਗੀ ਪ੍ਰਤੀ
ਦ੍ਰਿਸ਼ਟੀਕੋਣ ਵਿਚਾਰਧਾਰਾ ਦਾ ਮਸਲਾ ਹੈ ਤੇ ਮਜ਼ਦੂਰ ਜਮਾਤ ਦੀ ਵਿਚਾਰਧਾਰਾ ਹੈ ਜੋ ਔਖੀਆਂ ਤੇ ਉਲਟ ਹਾਲਤਾਂ
’ਚ ਆਸ਼ਾਵਾਦ ਦਾ ਸੋਮਾ ਬਣਦੀ ਹੈ। ਇਹ ਪਦਾਰਥਵਾਦੀ ਨਜ਼ਰੀਆ ਹੈ ਜੋ ਸਭ ਤੋਂ ਵੱਧ ਹਕੀਕਤ-ਮੁਖੀ ਹੋਣ ਤੇ ਹਾਲਤਾਂ ਦਾ ਨਿੱਡਰਤਾ ਨਾਲ ਸਾਹਮਣਾ ਕਰਨ ਦਾ ਬਲ ਬਖਸ਼ਦਾ ਹੈ । ਇਹ ਵਿਚਾਰਧਾਰਾ ਹੀ ਵਿਅਕਤੀ ਨੂੰ ਸਮਾਜਕ ਵਿਕਾਸ ਦੇ ਨੇਮ ਸਮਝਣ, ਮੌਜੂਦਾ ਦੌਰ ’ਚ ਸਮਾਜਕ ਵਿਕਾਸ ਦੀ ਚਾਲ-ਢਾਲ ਬੁੱਝਣ ਤੇ ਇਸ ਚਾਲ-ਢਾਲ ਨੂੰ (ਵਿਕਾਸ
ਨੂੰ) ਮਜ਼ਦੂਰ ਜਮਾਤ ਵੱਲੋਂ ਅੱਗੇ ਵੱਲ ਲੈ ਜਾਣ ਦੀ ਭੂਮਿਕਾ ’ਚ ਦੇਖਣ ਦੇ ਸਮਰੱਥ
ਬਣਾਉਦੀ ਹੈ ਤੇ ਆਪਣੀ ਹੋਣੀ ਮਜ਼ਦੂਰ ਜਮਾਤ ਦੀ ਹੋਣੀ ਨਾਲ ਜੋੜਨ ਦੇ ਸਮਰੱਥ ਬਣਾਉਦੀ ਹੈ। ਮਜ਼ਦੂਰ ਜਮਾਤ ਦੇ ਰੌਸ਼ਨ ਭਵਿੱਖ ਨਾਲ ਜੁੜ ਕੇ ਆਪਣਾ ਭਵਿੱਖ ਤਸੱਵਰ ਕਰਨਾ ਵਿਚਾਰਧਾਰਾ
ਗ੍ਰਹਿਣ ਕਰਨ ਦਾ ਮਸਲਾ ਹੈ। ਇਸ ਨਜ਼ਰੀਏ ਤੋਂ
ਸੱਖਣਾ ਵਿਅਕਤੀ, ਆਪਣੇ ਆਪ ਨੂੰ ਜਮਾਤੀ ਤਬਕਾਤੀ ਸੰਘਰਸ਼ ਸਰਗਰਮੀਆਂ ਦਰਮਿਆਨ
ਖੜ੍ਹਾ ਕਰਕੇ ਵੀ ਆਪਣੇ ਜੀਵਨ ਤੇ ਭਵਿੱਖ ਦੀਆਂ ਇੱਛਾਵਾਂ ਉਮੰਗਾਂ ਨੂੰ ਕਿਰਤੀ ਲੋਕਾਈ ਦੀ ਹੋਣੀ ਨਾਲੋਂ
ਤੋੜ ਕੇ ਕਿਆਸਦਾ ਹੈ ਤੇ ਆਪਣੀ ਹੋਣੀ ਨੂੰ ਸਮੁੱਚੀ ਜਮਾਤ ਦੀ ਹੋਣੀ ਦੇ ਅੰਗ ਵਜੋਂ ਦੇਖਣੋਂ ਅਸਮਰੱਥ
ਰਹਿੰਦਾ ਹੈ। ਇਉ ਹੀ ਤਬਕਾਤੀ
ਸੰਘਰਸ਼ਾਂ ’ਚ ਜ਼ੋਰਦਾਰ ਸਰਗਰਮੀ ਕਰ ਰਿਹਾ ਕੋਈ ਵਿਅਕਤੀ ਉੱਪਰੋਂ ਦੇਖਿਆਂ ਲਹਿਰ ਨਾਲ ਇਕ-ਮਿੱਕ ਹੋਇਆ ਜਾਪਦਾ ਹੋ ਸਕਦਾ ਹੈ ਪਰ ਥੋੜ੍ਹੀ ਗਹੁ ਨਾਲ ਵਾਚਿਆਂ ਇਹ ਦੇਖਣਾ ਮੁਸ਼ਕਲ ਨਹੀਂ
ਹੁੰਦਾ ਕਿ ਆਪਣੀ ਜ਼ਿੰਦਗੀ ਦੇ ਕਿੰਨੇ ਹੀ ਖੇਤਰਾਂ ’ਚ ਅਜੇ ਵੀ ਜ਼ਿੰਦਗੀ
ਦੀਆਂ ਪ੍ਰਾਪਤੀਆਂ ਤੇ ਅਸਫਲਤਾਵਾਂ ਨੂੰ ਲਹਿਰ ਤੇ ਆਪਣੀ ਸਮੁੱਚੀ ਜਮਾਤ ਦੀਆਂ ਸਫਲਤਾਵਾਂ ਤੇ ਅਸਫਲਤਾਵਾਂ
ਤੋਂ ਤੋੜ ਕੇ ਦੇਖ ਰਿਹਾ ਹੁੰਦਾ ਹੈ ਤੇ ਉਸ ਦੀ ਆਵਦੀ ਜ਼ਿੰਦਗੀ ਦੇ ਉਤਰਾਅ-ਚੜ੍ਹਾਅ ਲਹਿਰ ਦੇ ਉਤਰਾਵਾਂ ਚੜ੍ਹਾਵਾਂ ਤੋਂ ਵੱਖਰੇ ਵਹਿਣ ’ਚ ਵਹਿ ਰਹੇ ਹੁੰਦੇ
ਹਨ। ਇਸ ਲਈ ਲੋਕ ਲਹਿਰਾਂ
’ਚ ਕੰਮ ਕਰਦੇ ਹੋਏ ਕਿਸੇ ਵਿਅਕਤੀ ਦਾ ਇਉ ਜ਼ਿੰਦਗੀ ਦੀਆਂ ਦੁਸ਼ਵਾਰੀਆਂ ਅੱਗੇ
ਹਾਰ ਜਾਣਾ ਅਸਲ ’ਚ ਸੰਕਟ ਨੂੰ ਉਸ ਆਮ ਵਿਅਕਤੀ ਦਾ ਹੁੰਗਾਰਾ ਹੀ ਬਣਦਾ
ਹੈ। ਏਥੇ ਮਸਲਾ ਜ਼ਿੰਦਗੀ
ਪ੍ਰਤੀ ਨਜ਼ਰੀਏ ਦਾ ਹੈ। ਇਹ ਨਜ਼ਰੀਆ ਹੀ
ਹੈ ਜੋ ਚੁਣੌਤੀ ਭਰਪੂਰ ਸਮਿਆਂ ਦੌਰਾਨ ਵੱਖੋ-ਵੱਖਰੇ ਹੁੰਗਾਰਿਆਂ ਦਾ ਕਾਰਨ ਬਣਦਾ
ਹੈ। ਪ੍ਰੋਲੇਤਾਰੀ ਜਮਾਤੀ
ਨਜ਼ਰੀਏ ਤੋਂ ਸੱਖਣਾ ਵਿਅਕਤੀ ਹੀ ਵਰ੍ਹਿਆਂ ਬੱਧੀ ਇਨਕਲਾਬੀ ਲਹਿਰ ’ਚ ਵਿਚਰਨ ਮਗਰੋਂ
ਮੌਜੂਦਾ ਲੁਟੇਰੇ ਨਿਜ਼ਾਮ ’ਚ ਹੀ ਆਪਣੇ ਬੱਚਿਆਂ ਦਾ ਭਵਿੱਖ ਉਸਾਰਨ ਦੇ ਸੁਪਨੇ ਦੇਖਦਾ
ਹੈ। ਭਵਿੱਖ ਦਾ ਉਹਦਾ
ਤਸੱਵਰ ਵੀ ਰਵਾਇਤੀ ਲੋਕਾਈ ਵਾਲਾ ਹੀ ਹੁੰਦਾ ਹੈ ਤੇ ਇਹਦੇ ’ਚ ਕਾਮਯਾਬੀ ਨਾ
ਮਿਲਦੀ ਦੇਖ ਕੇ ਉਹ ਵੀ ਉਵੇਂ ਹੀ ਸੰਤਾਪ ਹੰਢਾਉਦਾ ਹੈ ਜਿਵੇਂ ਸਧਾਰਨ ਲੋਕਾਈ ਹੰਢਾਉਦੀ ਹੈ। ਅਜਿਹੇ ਅਨੇਕਾਂ ਸੰਕਟ ਹਨ ਜਿਨ੍ਹਾਂ ਨੂੰ ਬਿਨਾ ਪ੍ਰੋਲੇਤਾਰੀ ਜਮਾਤੀ ਨਜ਼ਰੀਏ
ਦੇ ਉਹੋ ਜਿਹਾ ਹੁੰਗਾਰਾ ਹੀ ਨਿੱਕਲਦਾ ਹੈ ਜਿਵੇਂ ਆਮ ਲੋਕਾਂ ਦਾ ਹੁੰਦਾ ਹੈ। ਤਾਂ ਹੀ ਲੋਕਾਂ ਵਾਂਗ ਉਹ ਵਿਅਕਤੀ ਚਾਹੇ ਨਸ਼ਿਆਂ ਦਾ ਆਸਰਾ ਤੱਕਦਾ ਹੈ ਤੇ
ਚਾਹੇ ਖੁਦਕੁਸ਼ੀ ਵਰਗਾ ਸਿਖਰਲਾ ਕਦਮ ਚੁੱਕਦਾ ਹੈ। ਇਸ ਲਈ ਜੇਕਰ ਵਿਅਕਤੀ
ਦੇ ਚੇਤਨਾ ਪੱਧਰ ਤੇ ਦ੍ਰਿਸ਼ਟੀਕੋਣ ਨੂੰ ਜਾਣੇ ਤੋਂ ਬਿਨਾਂ ਹੀ ਅਸੀਂ ਇਸ ਆਮ ਸਿੱਟੇ ’ਤੇ ਪੁੱਜਦੇ ਹਾਂ
ਕਿ ਸੰਘਰਸ਼ਾਂ ’ਚ ਮੋਹਰੀ ਹਿੱਸੇ ਵੀ ਖੁਦਕੁਸ਼ੀਆਂ ਦਾ ਰਾਹ ਫੜ ਰਹੇ ਹਨ
ਤਾਂ ਇਹ ਅਧੂਰਾ ਸੱਚ ਹੀ ਹੋਵੇਗਾ। ਸਾਨੂੰ ਸਬੰਧਤ
ਵਿਅਕਤੀਆਂ ਦੀ ਚੇਤਨਾ ਦੇ ਪੱਧਰ ਦੀ ਪੁਣ-ਛਾਣ ’ਚ ਪੈ ਕੇ ਸਿੱਟੇ
’ਤੇ ਪਹੁੰਚਣਾ ਚਾਹੀਦਾ ਹੈ। ਅਜਿਹੀ ਪੁਣ-ਛਾਣ ਵੇਲੇ ਸਾਨੂੰ ਇਹ ਦੇਖਣਾ ਚਾਹੀਦਾ ਹੈ ਕਿ ਉਸਦੇ ਮਨ ਦੇ ਕਿਹੜੇ ਕੋਨਿਆਂ ’ਚ ਅਜੇ ਵੀ ਹਨੇਰਾ
ਹੀ ਸੀ ਜੋ ਆਖਰ ਨੂੰ ਉਸਦੇ ਸਮੁੱਚੇ ਅੰਦਰ ਫੈਲ ਗਿਆ। ਵਿਅਕਤੀ ਅੰਦਰਲੇ
ਹਨੇਰੇ ਨੂੰ ਉਸਦੀ ਸਿਆਸੀ ਜ਼ਿੰਦਗੀ ਤੋਂ ਪਾਰ ਜਾ ਕੇ ਉਸਦੀ ਜਾਤੀ ਸਮਾਜੀ ਜ਼ਿੰਦਗੀ ਦੇ ਅਮਲਾਂ ਰਾਹੀਂ
ਦੇਖਿਆ ਬੁੱਝਿਆ ਜਾ ਸਕਦਾ ਹੈ।
ਜ਼ਿੰਦਗੀ ਗੁੰਝਲਦਾਰ
ਹੈ। ਹਰ ਇਕ ਦੇ ਜੀਵਨ
ਦੀਆਂ ਕਈ ਪਰਤਾਂ ਤੇ ਕਈ ਕਈ ਘੇਰੇ ਹਨ। ਆਪੋ ਆਪਣੇ ਕਿੱਤੇ/ਤਬਕੇ ਦੇ ਮਸਲਿਆਂ ਤੱਕ ਖੜ੍ਹੀ ਲੋਕ ਲਹਿਰ ਚਾਹੇ ਸਬੰਧਤ ਵਿਅਕਤੀ ਦੀ ਜ਼ਿੰਦਗੀ ਦੇ ਕਈ ਪੱਖਾਂ
’ਤੇ ਅਸਰਅੰਦਾਜ਼ ਹੁੰਦੀ ਹੈ ਪਰ ਅਜੇ ਉਹ ਸਮੁੱਚੀ ਜ਼ਿੰਦਗੀ ਦੀਆਂ ਸਭਨਾਂ ਪਰਤਾਂ
ਨੂੰ ਅਸਰਅੰਦਾਜ਼ ਕਰਨ ਦੇ ਸਮਰੱਥ ਨਹੀਂ ਹੋਈ। ਜਦ ਕਿ ਸਮਾਜੀ
ਸੰਕਟ ਆਏ ਦਿਨ ਸਿਖਰੀਂ ਪੁੱਜ ਰਿਹਾ ਹੈ। ਇਹ ਸਿਰਫ ਆਰਥਿਕਤਾ
ਦਾ ਸੰਕਟ ਨਹੀਂ ਹੈ ਸਗੋਂ ਬਹੁ-ਪਸਾਰੀ ਸੰਕਟ ਹੈ। ਇਹ ਸੱਭਿਆਚਾਰਕ ਸੰਕਟ ਵੀ ਹੈ। ਇਹ ਰਿਸ਼ਤਿਆਂ ਨਾਤਿਆਂ ਤੱਕ ਪਸਰਿਆ ਹੋਇਆ ਹੈ। ਮੌਜੂਦਾ ਦੌਰ ’ਚ ਹਾਲਤ ਹੋਰ ਵੀ ਵਿਸ਼ੇਸ਼ ਹੈ। ਜਗੀਰੂ ਕਦਰਾਂ ਕੀਮਤਾਂ ਦੇ ਅਧਾਰ ਵਾਲੇ ਸਮਾਜਿਕ ਸੱਭਿਆਚਾਰਕ ਤਾਣੇ-ਬਾਣੇ ’ਚ ਸਾਮਰਾਜੀ ਖਪਤਵਾਦੀ ਸੱਭਿਆਚਾਰਕ ਤੰਦਾਂ ਪੱਸਰ ਆਈਆਂ
ਹਨ ਜੀਹਨੇ ਨਵੀਂ ਤਰ੍ਹਾਂ ਦੇ ਸੰਕਟਾਂ ਨੂੰ ਜਨਮ ਦਿੱਤਾ ਹੈ। ਮਨੁੱਖੀ ਖਪਤਵਾਦੀ ਲਾਲਸਾਵਾਂ ਨੂੰ ਸਿਖਰੀਂ ਪਹੁੰਚਾ ਦਿੱਤਾ ਹੈ ਤੇ ਦੂੂਜੇ
ਪਾਸੇ ਪੈਰਾਂ ਹੇਠੋਂ ਜ਼ਮੀਨ ਖੁੱਸ ਰਹੀ ਹੈ। ਇਹਨਾਂ ਸਭਨਾਂ
ਸੰਕਟਾਂ ’ਚ ਖੁਦਕੁਸ਼ੀ ਤਾਂ ਸਿਖਰਲਾ ਪ੍ਰਗਟਾਵਾ ਹੈ ਪਰ ਉਸ ਤੋਂ ਪਹਿਲਾਂ ਵੀ ਲੋਕ ਡੂੰਘੇ
ਮਾਨਸਿਕ ਤਣਾਵਾਂ ’ਚੋਂ ਗੁਜ਼ਰਦੇ ਹਨ। ਇਹਨਾਂ ਸਭਨਾਂ ਤਣਾਵਾਂ ਦਾ ਸ਼ਿਕਾਰ ਲੋਕ ਲਹਿਰ ਵਿਚਲੇ ਹਿੱਸੇ ਵੀ ਉਵੇਂ ਹੀ
ਹੁੰਦੇ ਹਨ । ਤੇ ਆਪੋ ਆਪਣੇ
ਵਿਚਾਰਧਾਰਕ ਪੱਧਰਾਂ ਅਨੁਸਾਰ ਇਹਨਾਂ ਹਾਲਾਤਾਂ ਨੂੰ ਹੁੰਗਾਰਾ ਦਿੰਦੇ ਹਨ। ਇਹਨਾਂ ਸੰਕਟਾਂ ਦਾ ਟਾਕਰਾ ਕਰਨ ਲਈ ਪੂਰੀ ਤਰ੍ਹਾਂ ਪੈਰ ਗੱਡ ਕੇ ਪ੍ਰੋਲੇਤਾਰੀ
ਜਮਾਤੀ ਨਜ਼ਰੀਏ ਦੇ ਆਸਰੇ ਹੀ ਖੜ੍ਹਿਆ ਜਾ ਸਕਦਾ ਹੈ। ਇਸ ਤੋਂ ਵੀ ਅੱਗੇ
ਪ੍ਰੋਲੇਤਾਰੀ ਜਮਾਤੀ ਨਜ਼ਰੀਏ ਬਾਰੇ ਜਾਣਕਾਰੀ ਹੋਣ ਤੇ ਅੰਦਰ ਰਚੇ ਹੋਣਾ ਵੱਖਰੀਆਂ ਗੱਲਾਂ ਹਨ। ਇਸ ਬਾਰੇ ਜਾਣਕਾਰੀ ਹੋਣ ਨੂੰ ਵਿਅਕਤੀ ਦੀ ਸਖਸ਼ੀਅਤ ’ਚ ਰਮੇ ਹੋਣ ਨਾਲ
ਰਲਗੱਡ ਨਹੀਂ ਕਰਨਾ ਚਾਹੀਦਾ।
ਪ੍ਰੋਲੇਤਾਰੀ ਜਮਾਤੀ
ਨਜ਼ਰੀਆ ਜਨਤਕ ਘੋਲਾਂ ਦੀ ਸਰਗਰਮੀ ਦੌਰਾਨ ਹੀ ਵਿਕਸਿਤ ਨਹੀਂ ਹੁੰਦਾ। ਇਹ ਮਜ਼ਦੂਰ ਜਮਾਤ ਦੀ ਵਿਚਾਰਧਾਰਾ ਗ੍ਰਹਿਣ ਕਰਨ ਦਾ ਮਸਲਾ ਹੈ ਜੋ ਜਨਤਕ ਸੰਘਰਸ਼ਾਂ
’ਚ ਬਾਹਰੋਂ ਲਿਜਾਣੀ ਪੈਂਦੀ ਹੈ ਤੇ ਵੱਖਰਾ ਕਾਰਜ ਬਣਦਾ ਹੈ। ਜਨਤਕ ਸੰਘਰਸ਼ ਸਰਗਰਮੀ ਮਜ਼ਦੂਰ ਜਮਾਤ ਦੀ ਵਿਚਾਰਧਾਰਾ ਨੂੰ ਗ੍ਰਹਿਣ ਕਰਨ ਦਾ
ਅਧਾਰ ਤਾਂ ਸਿਰਜਦੀ ਹੈ ਪਰ ਆਪਣੇ ਆਪ ਇਹ ਕਾਰਜ ਨਹੀਂ ਕਰਦੀ। ਇਸ ਲਈ ਅੰਸ਼ਕ ਮੰਗਾਂ ਤੇ ਸਰਗਰਮ ਤਬਕਾਤੀ ਜਥੇਬੰਦੀਆਂ ਵਿਚਲੀ ਚੇਤਨਾ ਨੂੰ
ਕਮਿੳੂਨਿਸਟ ਚੇਤਨਾ ਤੋਂ ਵਖਰਿਆਉਣਾ ਚਾਹੀਦਾ ਹੈ ਅਤੇ ਉਸ ਨਿਗੂਣੀ ਤੇ ਸੀਮਤ ਚੇਤਨਾ ਆਸਰੇ ਹੀ ਜ਼ਿੰਦਗੀ
’ਚ ਦਰਪੇਸ਼ ਗੁੰਝਲਦਾਰ ਸੁਆਲਾਂ ਨਾਲ ਭਿੜ ਸਕਣ ਤੇ ਸਾਬਤ ਕਦਮੀ ਨਿੱਕਲ ਸਕਣ
ਦੇ ਸਮਰੱਥ ਹੋਣ ਦਾ ਭੁਲੇਖਾ ਨਹੀਂ ਖਾਣਾ ਚਾਹੀਦਾ। ਸਗੋਂ ਮਨ ਦੇ ਸਭਨਾਂ
ਖੂੰਜਿਆਂ ਤੱਕ ਚਾਨਣ ਪਹੁੰਚਦਾ ਕਰਨ ਲਈ ਯਤਨ ਕਰਨੇ ਚਾਹੀਦੇ ਹਨ।
No comments:
Post a Comment