ਮੇਰੇ ਦੇਸ਼ ਅਸੀਂ
ਤਾਂ ਖਪ ਗਏ ਹਾਂ
ਧੂੜ ਵਿਚ ਲੱਥ-ਪੱਥ ਤਿਰਕਾਲਾਂ ਦੇ ਢਿੱਡ ਅੰਦਰ
ਅਸੀਂ ਤਾਂ ਛਪ
ਗਏ ਹਾਂ
ਪੱਥੇ ਹੋਏ ਗੋਹੇ
ਦੇ ਉੱਤੇ ਉੱਕਰੀਆਂ ਉੁਗਲਾਂ ਦੇ ਨਾਲ
‘ਜਮਹੂਰੀਅਤ’ ਦੇ ਪੈਰਾਂ ਵਿਚ ਰੁਲਦੇ ਹੋਏ ਮੇਰੇ ਦੇਸ਼!
ਸਾਡਾ ਫਿਕਰ ਨਾ
ਕਰਨਾ
ਪ੍ਰਸ਼ਨ ਤਾਂ ਠੀਕ
ਵੱਡਾ ਹੈ
ਕਿ ਛੱਬੀ ਵਰ੍ਹਿਆਂ ਦੀ ਇਸ ਔੜ ਦੇ ਸਮੇਂ
ਅਸੀਂ ਦੇਸ਼ ਭਗਤ
ਕਿਉ ਨਾ ਬਣੇ
ਪਰ ਮਿੱਟੀ ਨੇ
ਖਾ ਲਈ ਹੈ
ਕਈ ਕਰੋੜ ਬਾਹਵਾਂ
ਦੀ ਤਾਕਤ
ਅਤੇ ਫਲਾਂ ਨੇ ਖਾ ਲਈ ਹੈ
ਕਿਸਾਨਾਂ ਦੇ ਹਿੱਸੇ ਦੀ ਊਰਜਾ,
ਸਾਡੀ ਅਣਖ ਦੇ
ਰੁੱਖੜੇ
ਜਿਨ੍ਹਾਂ ਨੇ ਫੈਲ ਕੇ ਕਰਨੀ ਸੀ
ਤੇਰੇ ਤਪਦੇ ਹੋਏ
ਮਾਰੂਥਲਾਂ ’ਤੇ ਛਾਂ
ਦਫਤਰਾਂ ਵਿਚ ਪਲ
ਰਹੇ ਸਾਨ੍ਹਾਂ ਮਰੁੰਡ ਲਏ।
ਮੇਰੇ ਦੇਸ਼, ਕੀ ਹੋ ਸਕਦਾ ਸੀ
ਛੱਬੀ ਸਾਲਾਂ ਦੇ
ਇਸ ਨਿੱਕੇ ਜਿਹੇ
ਲੰਮੇ ਸਮੇਂ ਅੰਦਰ
ਜਦੋਂ ਕਿ ਤਿੰਨ
ਵਾਰ ਦਿੱਤੀ ਗਈ ਹੋਏ ਜਬ੍ਹਾੜੇ ਪਾੜ ਕੇ
ਮਾਰੂ ਯੂੱਧਾਂ
ਦੀ ਨਾਲ,
ਤੇ ਹਰ ਦੂਏ ਸਾਲ
ਚੋਣਾਂ ਦੀ ਹੱਟ ਪਾ ਕੇ
ਨਿਸ਼ਚਿਤ ਕਰ ਦਿੱਤੀ ਜਾਵੇ ਸਾਡੇ ਵਿਕਣ ਦੀ ਸ਼ਕਤੀ,
ਮੇਰੇ ਦੇਸ਼ ਕੀ
ਹੋ ਸਕਦਾ ਸੀ ਇਹੋ ਜਿਹੇ ਮਾੜੇ ਸਮੇਂ ਅੰਦਰ
ਕਿ ਜਦੋਂ ਪਿੰਡਿਆਂ ’ਤੇ ਆਉਦਾ ਹੈ ਫੁੱਲ ਖਿੜਨ ਦਾ ਮੌਸਮ
ਉਦੋਂ ਵੀ ਸਾਡੇ
ਜਿਹਨ ਵਿਚੋਂ ਰੇਤ ਕਿਰਦੀ ਹੈ.. ..
‘ਜਮਹੂਰੀਅਤ’ ਦੇ ਪੈਰਾਂ ਵਿਚ ਰੁਲਦੇ ਹੋਏ ਮੇਰੇ ਦੇਸ਼
ਸਾਨੂੰ ਕਿੰਨਾ
ਕੁ ਹੋ ਸਕਦਾ ਹੈ
ਤੇਰੇ ਦੁੱਖਾਂ
ਦਾ ਇਲਮ?
ਅਸੀਂ ਤਾਂ ਲੱਭ
ਰਹੇ ਹਾਂ ਹਾਲੇ
ਪਸ਼ੂ ਤੇ ਇਨਸਾਨ
ਦੇ ਵਿਚ ਫਰਕ,
ਅਸੀਂ ਝੱਗਿਆਂ
’ਚੋਂ ਜੂੰਆਂ ਫੜਦੇ ਹੋਏ
ਸੀਨੇ ’ਚ ਪਾਲ ਰਹੇ ਹਾਂ
ਉਸ ਸਰਵ-ਸ਼ਕਤੀਮਾਨ ਦੀ ਰਹਿਮਤ,
ਸਾਡੇ ਨਿੱਤ ਫਿਕਰਾਂ
ਦੀ ਭੀੜ ਵਿਚ
ਗਵਾਚ ਗਈ ਹੈ
ਆਦਰਸ਼ ਵਰਗੀ ਪਵਿੱਤਰ
ਚੀਜ਼
ਅਸੀਂ ਤਾਂ ਉੱਡ
ਰਹੇ ਹਾਂ ਨੇ੍ਹਰੀਆਂ ਵਿਚ
ਸੁੱਕੇ ਹੋਏ ਪੱਤਿਆਂ
ਦੇ ਵਾਂਗ.. ..
ਅਸੀਂ ਕਾਹੀ ਦੇ
ਵਾਂਗ
ਤੇਰੀਆਂ ਮੈਰਾਂ
ਦੇ ਵਿਚ ਚੁਪ ਚੁਪ ਉੱਗ ਆਏ
ਤੇ ਲਟ ਲਟ ਬਲਦਿਆਂ
ਆਕਾਸ਼ਾਂ ਹੇਠ
ਕੌੜਾ ਧੂਤੂਆਂ
ਬਣ ਕੇ ਫੈਲ ਗਏ
ਤੇ ਹੁਣ ਜੇ ਧੁਆਂਖਿਆ
ਜਾਵੇ
ਤੇਰਾ ਵੇਦਾਂ ਦਾ
ਫਲਸਫਾ
ਅਤੇ ਉਪਦੇਸ਼ ਰਿਸ਼ੀਆਂ
ਦੇ
ਤਾਂ ਸਾਡਾ ਦੋਸ਼
ਨਹੀਂ ਹੋਣਾ.. ..
ਮੇਰੇ ਦੇਸ਼, ਤੂੰ ਕੁੱਝ ਵੀ ਨਾ ਕਰ ਸਕਿਆ
ਤੇ ਸਾਡਾ ਬੀਜਿਆ
ਇਤਿਹਾਸ
ਕੁੱਝ ਅਵਾਰਾ ਵੱਗ
ਚਰ ਚਰ ਕੇ
ਤੇਰੀ ਢਾਬ ਦਾ
ਪੀਂਦੇ ਰਹੇ ਪਾਣੀ
ਜਦੋਂ ਹੁਣ ਤੇਰੇ
ਬਾਰੇ ਸੋਚੀਏ, ਮੇਰੇ ਦੇਸ਼!
ਤਾਂ ਕੁੱਝ ਇਸ
ਤਰ੍ਹਾਂ ਲਗਦੈ
ਜਿਵੇਂ ਤੂੰ ਸਾਊ ਧੀ ਹੋਵੇਂ
ਕਿਸੇ ਬੇਸ਼ਰਮ ਵੈਲੀ ਦੀ
ਤੇ ਸਾਡੇ ਨਾਲ
ਤੇਰਾ ਇਸ ਤਰ੍ਹਾਂ ਜਾਪਦੈ ਰਿਸ਼ਤਾ
ਜਿਵੇਂ ਅੱਖਾਂ ਹੀ ਅੱਖਾਂ ’ਚ ਮੁਹੱਬਤ ਮਰ ਜਾਏ ਕੋਈ
ਐਪਰ ਜਿਸ ਦੇ ਨਸੀਬ
ਵਿਚ ਨਾ ਹੋਵੇ ਹਰਫ ਮਿਲਣੀ ਦਾ
ਅਸੀਂ ਤਾਂ ਖਪ
ਗਏ ਹਾਂ
ਧੂੜ ਵਿਚ ਲਥ-ਪਥ ਤ੍ਰਿਕਾਲਾਂ
ਦੇ ਢਿੱਡ ਅੰਦਰ
ਅਸੀਂ ਤਾਂ ਛਪ
ਗਏ ਹਾਂ
ਪੱਥੇ ਹੋਏ ਗੋਹੇ
ਦੇ ਉੱਤੇ ਉੱਕਰੀਆਂ ਉਗਲਾਂ ਦੇ ਨਾਲ
‘ਜਮਹੂਰੀਅਤ’ ਦੇ ਪੈਰਾਂ ਵਿਚ ਰੁਲਦੇ ਹੋਏ ਮੇਰੇ ਦੇਸ਼!
ਸਾਡਾ ਫਿਕਰ ਨਾ
ਕਰਨਾ-
No comments:
Post a Comment