ਇਸ ਤੋਂ ਬੁਰਾ
ਕੀ ਹੋ ਜਾਵੇਗਾ? ਮਰ ਹੀ ਜਾਵਾਂਗੇ। ਪਰ ਇਹ ਉਹਨਾਂ ਲਈ ਐਨਾ ਦੁਖਦਾਈ ਨਹੀਂ, ਜਿਹੜੇ ਹਰ ਰੋਜ਼ ਨਰਕ ਵਿੱਚ ਉੱਤਰਦੇ ਹਨ।
ਸਹਾਰਨਪੁਰ (ਉੱਤਰ ਪ੍ਰਦੇਸ਼) ਸੰਤੋਸ਼ ਲਈ ਆਪਣੇ ਪਿਤਾ ਦੀ ਮੌਤ ਕੋਈ ਅਲੋਕਾਰੀ
ਗੱਲ ਨਹੀਂ, ਉਹਨੂੰ ਇਹਦੇ ਇੱਕ ਨਾ ਇੱਕ ਦਿਨ ਵਾਪਰ ਜਾਣ ਦਾ ਪਤਾ ਸੀ। ਪਰ ਤਾਂ ਵੀ ਜਦੋਂ ਉਹ ਘੜੀ ਆਈ ਤਾਂ ਉਸਨੇ ਆਪਣੇ ਆਪ ਨੂੰ ਆਪਣੇ ਭਵਿੱਖ ਬਾਰੇ
ਸਵਾਲਾਂ ਨਾਲ ਘਿਰਿਆ ਪਾਇਆ। ਸੰਤੋਸ਼ ਦੇ ਪਿਤਾ ਨੇ ਛਾਤੀ ਰੋਗ ਨਾਲ ਇੱਕ
ਲੰਮੀ ਲੜਾਈ ਲੜੀ, ਰੋਗ ਜਿਹੜਾ ਕਿ ਗੰਦਗੀ ਸਾਫ ਕਰਨ ਵਾਲੇ ਕਾਮਿਆਂ ਦੀ ਆਮ
ਹੋਣੀ ਹੈ, ਤੇ ਇਹ ਕੰਮ ਸੰਤੋਸ਼ ਦੇ ਪਿਤਾ ਨੇ 2015 ’ਚ ਆਪਣੀ ਮੌਤ ਦੇ
ਦਿਨ ਤੱਕ ਲਗਾਤਾਰ 50 ਵਰ੍ਹੇ ਕੀਤਾ।
ਲਗਭਗ ਏਸੇ ਸਮੇਂ, ਸੰਤੋਸ਼ ਦੀ ਗਲੀ ਤੋਂ ਅਗਲੀ ਗਲੀ ਦੇ ਇੱਕ ਘਰ ’ਚ ਵੀ ਇਹੀ ਵਾਪਰਿਆ। ਸੁਰੇਸ਼
ਮਾਛਲ ਨਾਮ ਦੇ ਇੱਕ ਹੋਰ
45 ਸਾਲਾ ਵਿਅਕਤੀ ਦੇ ਪਿਤਾ ਨੇ ਵੀ ਸਾਹ ਦੀ ਸਮੱਸਿਆ ਕਾਰਨ ਦਮ ਤੋੜ ਦਿੱਤਾ।ਉਹ ਵੀ ਇੱਕ ਸਫਾਈ ਕਰਮੀ ਸੀ।
ਇਹਨਾਂ ਦੋਹਾਂ
ਵਿਅਕਤੀਆਂ ’ਚ ਇਸਤੋਂ ਬਿਨਾਂ ਵੀ ਕਾਫੀ ਕੁੱਝ ਸਾਂਝਾ ਹੈ। ਸੰਤੋਸ਼
ਤੇ ਸੁਰੇਸ਼ ਦੋਹਾਂ ਨੇ ਆਪਣੇ ਪਿਤਾ-ਪੁਰਖੀ ਕਿੱਤੇ ’ਚ ਹੀ ਪੈਰ ਧਰਿਆ, ਇਹ ਜਾਣਦਿਆਂ ਵੀ ਕਿ ਉਹਨਾਂ ਦੀ ਹੋਣੀ ਵੀ ਆਪਣੇ ਪਿਉਆਂ ਵਾਲੀ ਹੀ ਹੈ। ਬਹੁਤ
ਸਾਲਾਂ ਤੋਂ ਗੰਦਗੀ ਸਾਫ ਕਰਨ ਦੇ ਕਿੱਤੇ ’ਚ ਹੋਣ ਤੋਂ ਬਾਅਦ ਹੁਣ ਉਹਨਾਂ ਦੀ ਇੱਕੋ ਇੱਛਾ ਥੋੜ੍ਹੀ
ਸੁਖਾਲੀ ਜ਼ਿੰਦਗੀ ਜਿਉਣ ਦੀ ਹੈ। ਹਾਲਾਂ ਕਿ ਸਹਾਰਨਪੁਰ ਵਰਗੇ ਛੋਟੇ ਉਦਯੋਗਿਕ
ਸ਼ਹਿਰ ’ਚ ਇਹ ਇੱਛਾ ਕਦੇ ਵੀ ਹਕੀਕਤ ’ਚ ਤਬਦੀਲ ਨਹੀਂ
ਹੋਵੇਗੀ। ਸੁਰੇਸ਼ ਤੇ ਸੰਤੋਸ਼ ਦੋਹਾਂ ਨੂੰ ਇਸ ਬਦਕਿਸਮਤੀ
ਦਾ ਪਤਾ ਹੈ, ਪਰ ਉਹਨਾਂ ਦੇ ਮਨਾਂ ’ਤੇ ਉਹਨਾਂ ਦੇ
ਬੱਚਿਆਂ ਦੀਆਂ ਅੱਖਾਂ ’ਚ ਅਜੇ ਵੀ ਆਸ ਦੀ ਕਿਰਨ ਬਾਕੀ ਹੈ। ਇਸ ਸੁਪਨੇ ਨੂੰ ਪੂਰਾ ਕਰਨ ਲਈ ਉਹ ਹਰ ਦਿਨ ਸਖਤ ਮੁਸ਼ਕੱਤ ਕਰਦੇ ਹਨ।
ਸੰਤੋਸ਼ ਦਾ ਦਿਨ
ਸੁਵਖਤੇ 5:45 ’ਤੇ ਸ਼ੁਰੂ ਹੁੰਦਾ ਹੈ, ਜਦੋਂ ਉਹ ਆਪਣੀ ਸਾਈਕਲ ’ਤੇ ਨੇੜੇ ਦੀ ਪੇਪਰ ਮਿੱਲ ਵੱਲ ਰਵਾਨਾ ਹੁੰਦਾ ਹੈ। ਇੱਕ ਪ੍ਰਾਈਵੇਟ ਠੇਕੇਦਾਰ ਹੇਠ ਉਹ 11 ਸਾਲਾਂ ਤੋਂ ਨਾਲੀਆਂ
ਦੀ ਸਫਾਈ ਕਰਨ ਤੇ ਮਿੱਲ ’ਚ ਪੋਚਾ ਮਾਰਦਾ ਹੈ। ਇਸ ਬਦਲੇ ਉਸਨੂੰ ਮਹੀਨਾਵਾਰ 5900 ਰੁਪਏ ਮਿਲਦੇ
ਹਨ।
ਇਹ ਥੋੜ੍ਹੀ ਤਨਖਾਹ
ਵੀ, ਪਰ ਇੱਕ ਕੀਮਤ ’ਤਾਰ ਕੇ ਮਿਲਦੀ ਹੈ। ਉਦਯੋਗਿਕ ਕਚਰੇ ਤੇ ਹਾਨੀਕਾਰਕ ਕੈਮੀਕਲਾਂ ਨਾਲ ਭਰੀਆਂ ਛੋਟੀਆਂ ਨਾਲੀਆਂ ਨੂੰ
ਚਾਹੇ ਕੁਹਾੜੀ ਵਰਗੇ ਇੱਕ ਸੰਦ ‘ਫਾਹੁੜੀ’ ਨਾਲ ਸਾਫ ਕੀਤਾ ਜਾਂਦਾ ਹੈ ਪਰ ਵੱਡੀਆਂ ਨਾਲੀਆਂ ਦੀ ਸਫਾਈ ਲਈ ਉਹਨੂੰ ਮਹਿਜ ਇੱਕ ਹੈਲਮੈਟ
ਤੋਂ ਬਿਨਾ ਕਿਸੇ ਹੋਰ ਹਿਫਾਜਤੀ ਸਾਜੋ-ਸਮਾਨ ਦੇ ਉਹਨਾਂ ਦੇ ਵਿੱਚ ਉਤਰਨਾ
ਪੈਂਦਾ ਹੈ। ‘‘ਉਹ ਸਾਨੂੰ ਕੋਈ
ਮਾਸਕ, ਦਸਤਾਨੇ ਜਾਂ ਬੂਟ ਨਹੀਂ ਦਿੰਦੇ। ਕਈ ਵਾਰ ਧੂੜ-ਕਚਰਾ ਸਾਡੇ ਸਰੀਰਾਂ ਦੇ ਅੰਦਰ ਤੱਕ
ਭਰ ਜਾਂਦਾ ਹੈ,’’ ਇਹ ਸ਼ਬਦ ਸੰਤੋਸ਼ ਨੇ ਆਪਣਾ ਉਹ ਗੋਡਾ ਦਿਖਾਉਂਦਿਆਂ ਕਹੇ,
ਜਿਹੜਾ ਕਿ ਇੱਕ ਨਾਲੇ ’ਚ ਤਿਲ੍ਹਕ ਜਾਣ ਕਾਰਨ ਜਖਮੀ ਹੋ ਗਿਆ ਸੀ।
‘‘ਮੈਂ ਡਾਕਟਰੀ ਸਹਾਇਤਾ
ਲੈਣ ਲਈ ਮਾਲੀ ਮਦਦ ਤੱਕ ਨਹੀਂ
ਮੰਗ ਸਕਦਾ’’ ਉਸਨੇ ਅੱਗੇ ਕਿਹਾ, ਜਦੋਂ ਸ਼ਾਮ
ਨੂੰ ਅਸੀਂ ਉਸਦੇ ਘਰੇ ਮੰਜੇ ’ਤੇ ਬੈਠੇ ਸੀ। ਉਸਦੀ ਪਤਨੀ ਮੰਜੂ ਤੇ ਉਸਦੀ 11 ਸਾਲਾ ਬੇਟੀ ਵੀ
ਉਸਦੇ ਨਾਲ ਬੈਠੀਆਂ ਸਨ। ਉਸਦਾ 16 ਸਾਲਾ
ਵੱਡਾ ਪੁੱਤਰ ਮਨੀਸ਼ ਵੀ ਕੁੱਝ ਚਿਰ ਲਈ ਸਾਡੇ ਕੋਲ ਆਇਆ, ਜਿਹੜਾ ਕਿ ਢਾਬੇ
’ਤੇ ਪੋਚੇ ਦਾ ਕੰਮ ਕਰਦਾ ਹੈ। ਉਸਦੇ ਦੂਜੇ ਭਰਾ ਵੀ ਬਾਹਰ ਕੰਮ ’ਤੇ ਸਨ ਤੇ ਉਹਨਾਂ
ਦੇ ਪਰਿਵਾਰ ਆਪਣੇ ਰੋਜ਼ਾਨਾ ਕੰਮ-ਕਾਰ ’ਚ ਰੁੱਝੇ ਹੋਏ
ਸਨ।
ਇਸ ਪਰਿਵਾਰ ਦਾ
ਘਰ ਪੇਪਰ ਮਿੱਲ ਰੋਡ ’ਤੇ ਟੈਗੋਰ ਬਾਗ ਬਾਲਮੀਕੀ ਕਲੋਨੀ ਵਿੱਚ ਹੈ। ਕਲੋਨੀ ਦਾ ਨਾਮ ਇਸ ਵਿੱਚ ਰਹਿੰਦੇ ਬਸ਼ਿੰਦਿਆਂ ਦੀ ਜਾਤ ਨਾਲ ਸਾਂਝਾ ਹੈ, ‘‘ਬਾਲਮੀਕੀ’’ ਜਿਹੜੇ ਕਿ ਸਦੀਆਂ ਤੋਂ ਪਛੜੇ ਹੋਏ ਹਨ ਤੇ ਜਿਹਨਾਂ ਦਾ ਕਿੱਤਾ ਗੁਸਲਖਾਨਿਆਂ, ਪਖਾਨਿਆਂ ਤੇ ਨਾਲੀਆਂ ਦੀ ਸਫਾਈ ਕਰਨਾ ਹੈ।
ਸੁਰੇਸ਼ ਵੀ 13 ਸਾਲ ਦੀ ਉਮਰ ਤੋਂ ਬਿਲਕੁਲ ਇਹੀ ਕੰਮ ਕਰਦਾ ਆ ਰਿਹਾ ਹੈ। ਕਿਸੇ
ਸਰਕਾਰੀ ਜਾਂ ਠੇਕੇਦਾਰ ਅਧੀਨ ਰੁਜ਼ਗਾਰ ਤੋਂ ਰਹਿਤ ਹੋਣ ਕਾਰਨ ਉਹ ਘਰਾਂ ਵਿੱਚ ਗੁਸਲਖਾਨੇ, ਟੱਟੀਆਂ ਤੇ ਨਾਲੀਆਂ ਦੀ ਸਫਾਈ ਕਰਦਾ ਹੈ ਅਤੇ ਉਸਨੂੰ ਇੱਕ ਘਰ ਦੀ ਸਫਾਈ ਦੇ ਪੰਜਾਹ ਰੁਪਏ
ਮਿਲਦੇ ਹਨ।
ਕੋਈ ਭਵਿੱਖੀ-ਸੁਰੱਖਿਆ ਗਾਰੰਟੀ ਨਹੀਂ
ਸੁਰੇਸ਼ ਤੇ ਸੰਤੋਸ਼
ਲਈ ਇਸ ‘‘ਕੁਛ ਨਾ ਕੁਛ’’ ਹੋਣ ਦਾ ਮਤਲਬ ਹੈ 10000 ਮਹੀਨਾ
ਦੀ ਤਨਖਾਹ, ਤੇ ਇਹਦੇ ਵਿੱਚ ਉਹਨਾਂ ਦੀਆਂ ਪਤਨੀਆਂ ਦੀ ਕਮਾਈ ਵੀ ਸ਼ਾਮਿਲ ਹੈ। ਇਹ ਉਹਨਾਂ ਦੀਆਂ ਰੋਜ਼ਾਨਾ ਲੋੜਾਂ ਤੇ ਕਰਜੇ ਦੀਆਂ ਕਿਸ਼ਤਾਂ ਲਈ ਮਸਾਂ ਹੀ ਪੂਰੀ
ਹੈ। ਬੱਚਿਆਂ ਦੀ ਸਿੱਖਿਆ ਤਾਂ ਨਿਆਮਤ ਹੈ,
ਜਿਹੜੀ ਕਿ ਸੁਰੇਸ਼ ਆਪਣੇ ਇੱਕੋ ਦਸ ਸਾਲਾ ਲੜਕੇ ਆਂਸ਼ੁਲ ਨੂੰ ਦੇ ਰਿਹਾ ਹੈ,
ਜਦੋਂ ਕਿ ਉਸਦੀਆਂ ਧੀਆਂ ਆਪਣੀ ਮਾਂ ਨਾਲ ਕੰਮ ਕਰਨ ਜਾਂਦੀਆਂ ਹਨ।
ਆਸ਼ੁਲ ਡਾਕਟਰ ਬਣਨਾ ਚਾਹੁੰਦਾ ਹੈ ਤਾਂ ਕਿ ਉਹ ‘‘ਆਪਣੇ ਪਿਤਾ ਦਾ
ਬੁਢਾਪੇ ਸਮੇਂ ਮੁਫਤ ਇਲਾਜ ਕਰ ਸਕੇ ‘‘।ਉਸਦੀ ਭੈਣ ਅਨੂ
ਅਧਿਆਪਕਾ ਬਣਨਾ ਚਾਹੁੰਦੀ ਹੈ, ਜਦੋਂ ਕਿ ਉਸਨੇ ਕਦੇ ਸਕੂਲ ਦਾ ਮੂੰਹ ਨਹੀਂ ਦੇਖਿਆ। ਸੰਤੋਸ਼
ਦਾ ਮੁੰਡਾ ਜਿਸਨੇ ਦਸਵੀਂ ਪਾਸ ਕੀਤੀ ਹੈ ਤੇ ਸਵੀਪਰ ਦਾ ਕੰਮ ਕਰਦਾ ਹੈ, ਪੁਲਿਸ
’ਚ ਭਰਤੀ ਹੋਣਾ ਚਾਹੁੰਦਾ ਹੈ। ਉਸਦੀ ਭੈਣ ਆਰਜ਼ੂ ਵੀ ਪੁਲਿਸ ’ਚ ਜਾਣਾ ਚਾਹੁੰਦੀ
ਹੈ।
‘‘ਇਹ ਸੁਪਨੇ ਹੀ
ਹਨ ਜਿਹੜੇ ਸਾਨੂੰ ਇਹੋ ਜਿਹਾ ਕੰਮ ਕਰਨ ਦੀ ਤਾਕਤ ਦਿੰਦੇ ਹਨ।’’ ਸੁਰੇਸ਼
ਕਹਿੰਦਾ ਹੈ, ਪੂਨਮ ਆਪਣੇ ਸ਼ਹਿਰ ਤੋਂ ਬਾਹਰ ਜਾ ਕੇ ਦੇਸ਼ ਨੂੰ ਘੁੰਮਣ ਦੀ ਇਛੁੱਕ
ਹੈ। ਸੰਤੋਸ਼ ਆਪਣੀ ਦੁਕਾਨ ਖੋਲ੍ਹਣੀ ਚਾਹੁੰਦਾ
ਹੈ,ਇੱਕ ‘‘ਸੁਪਨਾ’’ ਜਿਹੜਾ ਕਿ ਹੁਣ ਦੇ ਸਮੇਂ ਵਾਸਤੇ ਕਾਫੀ ‘‘ਵਧਵਾਂ’’ ਹੈ।‘‘ਹੁਣ, ਮੇਰਾ ਫੌਰੀ ਭਵਿੱਖ ਕੇਵਲ ਨਾਲਿਆਂ ਦੇ ਢੱਕਣ ਖੋਲ੍ਹਣਾ ਹੈ,’’ ਉਹ ਹੱਸਦਿਆਂ ਕਹਿੰਦਾ ਹੈ।
ਬੇਰੋਕ ਜਾਤ-ਪਾਤੀ ਵਿਤਕਰਾ
‘‘ਮੈਂ ਇਸ ਜਾਤ ਵਿੱਚ
ਜੰਮਿਆ ਹਾਂ। ਜੇਕਰ ਮੈਂ ਪੜ੍ਹਿਆ
ਹੁੰਦਾ, ਮੈਨੂੰ ਇਹ ਸਭ ਕਰਨ ਦੀ ਲੋੜ ਨਹੀਂ ਸੀ’’, ਉਹ ਕਹਿੰਦਾ ਹੈ।। ਉਸਦਾ ਕੰਮ ਜਿਸਨੂੰ
ਉਹ ‘‘ਤਕਲੀਫਦੇਹ’’ ਕਹਿੰਦਾ ਹੈ, ਉਸਤੋਂ ਹਰ ਦਿਨ
ਗੰਦਗੀ ’ਚ ਰਹਿਣ ਦੀ ਮੰਗ ਕਰਦਾ ਹੈ।। ਉਹ ਅੱਗੇ ਆਖਦਾ ਹੈ,‘‘ਸਭ ਤੋਂ ਬੁਰਾ ਉਦੋਂ ਹੁੰਦਾ ਹੈ ਜਦੋਂ ਉਸਨੂੰ ਮਨੁੱਖੀ
ਮਲ-ਮੂਤਰ ਵਾਲੇ ਟੈਂਕ ’ਚ ਉੱਤਰਨਾ ਪੈਂਦਾ ਹੈ।। ਬਦਬੂ ਹਮੇਸ਼ਾ
ਹੀ ਬਰਦਾਸ਼ਤ ਤੋਂ ਬਾਹਰ ਹੁੰਦੀ ਹੈ, ਜਿਸ ਕਰਕੇ ਮੈਨੂੰ ਅਕਸਰ ਹੀ ਸ਼ਰਾਬ ਪੀਣੀ
ਪੈਂਦੀ ਹੈ। ਮੈਂ ਕਦੇ ਵੀ ਇਸ
ਕੰਮ ਨੂੰ ਇਨਕਾਰ ਨਹੀਂ ਕਰ ਸਕਦਾ ਕਿੳਂਕਿ ਇਸਤੋਂ ਵੱਧ ਪੈਸੇ ਮਿਲਦੇ ਹਨ’’ ਤੇ ਨਾਲ ਹੀ ਦੱਸਦਾ ਹੈ ਕਿ ਇਹ ਸਭ ਵੀ ਬਿਨਾ ਕਿਸੇ ਰਖਿਆਤਮਕ ਸਾਜ-ਸਮਾਨ ਦੇ ਹੀ ਕਰਨਾ ਹੁੰਦਾ ਹੈ।
ਸ਼ਾਇਦ ਇਸੇ ਬੇਰੁਖੀ
ਕਾਰਨ ਹੀ ਉੱਤਰ ਪ੍ਰਦੇਸ਼ ਅੰਦਰ ਸਫਾਈ ਕਰਮੀਆਂ ਦੀਆਂ ਮੌਤਾਂ ’ਚ ਵਾਧਾ ਦੇਖਣ
ਨੂੰ ਮਿਲ ਰਿਹਾ ਹੈ।। ਕੁਛ ਮਹੀਨੇ ਪਹਿਲਾਂ
ਹੀ ਉੱਥੇ ਸੀਵਰੇਜ ਸਾਫ ਕਰਦਿਆਂ ਜ਼ਹਿਰੀਲੀ ਗੈਸ ਚੜ੍ਹਣ ਕਾਰਨ ਤਿੰਨ ਮੌਤਾਂ ਹੋਣ ਦੀ ਖਬਰ ਛਪੀ ਸੀ। ‘‘ਕਿਸੇ ਨੂੰ ਪਰਵਾਹ ਨਹੀਂ।ਇੱਥੋਂ ਤੱਕ ਕਿ ਮੈਨੂੰ ਵੀ ਨਹੀਂ, ਮੈਂਨੂੰ ਇਹ ਪਰਵਾਹ
ਪੁੱਗਦੀ ਹੀ ਨਹੀਂ’’ ਸੁਰੇਸ਼ ਕਹਿੰਦਾ ਹੈ।
ਪਰ ਜੇਕਰ ਇਹ ਰੱਖਿਆਤਮਕ
ਸਾਜੋ-ਸਮਾਨ, ਜੇ ਉਹਨਾਂ ਨੂੰ ਮੁਹੱਈਆ
ਕਰਵਾ ਦਿੱਤਾ ਜਾਵੇ ਤਾਂ ਸ਼ਾਇਦ ਸਫਾਈ ਕਰਮੀਆਂ ਦਾ ਹਾਨੀਕਾਰਕ ਤੱਤਾਂ ਤੋਂ ਬਚਾਅ ਹੋ ਜਾਵੇ,
ਪਰ ਬੇਰੋਕ ਜਾਤ ਵਿਤਕਰੇ ਤੋਂ ਬਚਾਅ ਲਈ ਉਹਨਾਂ ਕੋਲ ਕੋਈ ਉਪਾਅ ਨਹੀਂ। ਸੁਰੇਸ਼ ਦੀ ਪਤਨੀ ਪੂਨਮ, ‘‘ਭਾਂਡੇਵਾਲੀ’’ (ਬਰਤਨ ਸਾਫ ਕਰਨ) ਸ਼ਬਦ ’ਤੇ ਹੱਸਦਿਆਂ ਦੱਸਦੀ ਹੈ,‘‘ਕਈ ਘਰਾਂ ਵਿੱਚ
ਸਾਡੇ ਲਈ ਵੱਖਰੇ ਕੱਪ ਤੇ ਭਾਂਡੇ ਰੱਖੇ ਜਾਂਦੇ ਹਨ।’’।
ਸੁਰੇਸ਼ ਦੀ 17 ਸਾਲਾ ਧੀ ਆਰਜ਼ੂ ਦੱਸਦੀ ਹੈ ਕਿ,‘‘ਕਈ ਵਾਰ ਮੇਰੇ ਪਿਤਾ ਨੂੰ ਉਹਨਾਂ ਘਰਾਂ ਦੇ ਅੰਦਰ ਦਾਖਲ
ਵੀ ਨਹੀਂ ਹੋਣ ਦਿੱਤਾ ਜਾਂਦਾ ਜਿਹਨਾਂ ਦੀ ਉਹ ਸਫਾਈ ਕਰਦਾ ਹੈ।’’ ਹਾਲਾਂਕਿ ਸੁਰੇਸ਼ ਕਹਿੰਦਾ ਹੈ,‘‘ਫੇਰ ਵੀ ਚੰਗਾ
ਹੈ ਕਿ ਹੁਣ ਘੱਟੋ-ਘੱਟ ਛੂਆ-ਛਾਤ ਤਾਂ ਨਹੀਂ ਹੈ। ’’
ਸੰਤੋਸ਼ ਜਿਹੜਾ
ਕਿ ਸੁਰੇਸ਼ ਬਾਰੇ ਥੋੜ੍ਹਾ-ਬਹੁਤ ਜਾਣੰੂ ਹੈ, ਇਸ ਨਾਲ ਸਹਿਮਤ
ਹੈ।। ਉਹ ਦੱਸਦਾ ਹੈ
ਕਿ ਕਿਵੇਂ ਉਸਦਾ ਠੇਕੇਦਾਰ ਉਸਦੇ ਨਾਲ ਇੱਕੋ ਕੱਪ ’ਚ ਚਾਹ ਪੀ ਲੈਂਦਾ ਹੈ ਤੇ ਕਦੇ ਵੀ ਭੱਦੀਆਂ ਜਾਤ-ਪਾਤੀ ਫਬਤੀਆਂ ਨਹੀਂ ਕਸਦਾ। ਪਰ ਨਾਲ ਹੀ ਸਹਿਮਤ
ਹੁੰਦਾ ਹੈ ਕਿ ਉੱਤਰ ਪ੍ਰਦੇਸ਼ ਦੇ ਸਮਾਜ ਅੰਦਰ ਜਾਤ-ਪਾਤ ਏਨੀ ਡੂੰਘੀ ਰਚੀ ਹੋਈ ਹੈ ਕਿ
ਉਸਦਾ ਠੇਕੇਦਾਰ, ਬੱਸ ਖਾਸ ਮਿਸਾਲ ਹੀ ਹੈ।
ਇਕਨਾਮਿਕ ਐਂਡ
ਪੁਲਿਟੀਕਲ ਵੀਕਲੀ ਅਨੁਸਾਰ ‘‘ਸਮਾਜਿਕ ਵਿਵਹਾਰ ਖੋਜ ਸੰਸਥਾ ਦੁਆਰਾ 2016 ’ਚ ਕਰਵਾਏ ਇੱਕ
ਸਰਵੇਖਣ ਅਨੁਸਾਰ ਉੱਤਰ ਪ੍ਰਦੇਸ਼ ਦੇ 42% ਗੈਰ-ਦਲਿਤ ਹਿੰਦੂ ਵਿਅਕਤੀਆਂ
ਨੇ ਇਹ ਮੰਨਿਆ ਹੈ ਕਿ ਉਹਨਾਂ ਦੇ ਪਰਿਵਾਰ ਦਾ ਕੋਈ ਨਾ ਕੋਈ ਮੈਂਬਰ ਛੂਆ-ਛਾਤ
ਦੀ ਪਾਲਣਾ ਕਰਦਾ ਹੈ।’’
ਇਸੇ ਤਰ੍ਹਾਂ ਐਮਨੈਸਟੀ
ਇੰਟਰਨੈਸ਼ਨਲ ਲੰਡਨ ਦੀ ਇੱਕ ਰਿਪੋਰਟ ਅਨੁਸਾਰ ਉੱਤਰ ਪ੍ਰਦੇਸ ਅੰਦਰ ਜਾਤ-ਪਾਤੀ ਵਿਤਕਰੇ ਅਧਾਰਤ ਹਿੰਸਾ ਬੇਰੋਕ ਜਾਰੀ ਹੈ।। ਹੁਣੇ ਪਿਛਲੇ ਸਾਲ ਸਹਾਰਨਪੁਰ ਨੇ ਦਲਿਤਾਂ ਤੇ ਠਾਕੁਰਾਂ ਵਿਚਾਲੇ ਖੂਨੀ-ਹਿੰਸਾ ਦੇ ਪ੍ਰਤੱਖ ਦਰਸ਼ਨ ਕੀਤੇ ਹਨ।
ਸਤਹੀ ਤੌਰ ’ਤੇ ਦੇਖਿਆਂ ਜਾਤ
ਅਤੇ ਸਫਾਈ ਦੇ ਕੰਮ ਵਿਚਕਾਰ ਰਿਸ਼ਤਾ ਕਮਜ਼ੋਰ ਹੋਇਆ ਦਿਸਦਾ ਹੈ। ਬੇਹੱਦ ਲੋੜੀਂਦੀ ਸਰਕਾਰੀ ਨੌਕਰੀ ਦੀ ਚਾਹਤ ਕਾਰਨ ਸਫਾਈ ਧੰਦੇ ਅੰਦਰ ਹੋਰਨਾਂ
ਜਾਤਾਂ ਦੇ ਲੋਕ ਵੀ ਸ਼ਾਮਿਲ ਹਨ, ਪਰ ਤਾਂ ਵੀ ਸਭ ਤੋਂ ਘੱਟ ਸੁਰੱਖਿਅਤ ਪ੍ਰਾਈਵੇਟ ਸਾਫ-ਸਫਾਈ ਦਾ ਕੰਮ ਮੁੱਖ ਤੌਰ ’ਤੇ ਬਾਲਮੀਕੀ ਭਾਈਚਾਰੇ ਲਈ ਹੀ ਰਾਖਵਾਂ ਹੈ।
ਸੁਰੇਸ਼ ਦੱਸਦਾ
ਹੈ,‘‘ਅੱਜ ਕੱਲ੍ਹ ਉਪਰਲੀਆਂ
ਜਾਤਾਂ ਦੇ ਬਹੁਤ ਸਾਰੇ ਵਿਅਕਤੀ ਵੀ ਗੰਦਗੀ ਸਾਫ ਕਰਨ ਦੇ ਧੰਦੇ ਤੋਂ ਗੁਰੇਜ਼ ਨਹੀਂ ਕਰਦੇ, ਜਿਸਦਾ ਅਰਥ ਹੈ, ਸਾਡੇ ਲਈ ਹੋਰ ਕਰੜਾ ਮੁਕਾਬਲਾ।ਇਸਤੋਂ ਵੀ ਅੱਗੇ, ਬਹੁਤ ਸਾਰੇ ਕੇਸਾਂ ’ਚ ਮੈਂ ਦੇਖਿਆ
ਹੈ ਕਿ ਉਪਰਲੀਆਂ ਜਾਤਾਂ ਦੇ ਵਿਅਕਤੀ ਸਰਕਾਰੀ ਨੌਕਰੀ ਤੇ ਇਸਦੇ ਸਾਰੇ ਫਾਇਦੇ ਬਟੋਰ ਲੈਂਦੇ ਹਨ, ਤੇ ਸਾਡੇ ਵਰਗਿਆਂ ਤੋਂ ਬਹੁਤ ਨਾਮਾਤਰ ਤਨਖਾਹ ’ਤੇ ਇਹ ਕੰਮ ਕਰਵਾੳਂਦੇ
ਹਨ।’’।
ਸੰਤੋਸ਼ ਵੀ ਚਾਹੁੰਦਾ
ਹੈ ਕਿ ਉਹ ਸਰਕਾਰੀ ਨੌਕਰ ਬਣੇ ਜਿਵੇਂ ਕਿ ਉਸਦਾ ਪਿਤਾ ਸੀ। ‘‘ਉੱਥੇ ਤਨਖਾਹ ਵਧੀਆ
ਹੈ। ਪੱਕੀਆਂ ਛੁੱਟੀਆਂ
ਹਨ, ਈ.ਐਸ.ਆਈ., ਪੀ.ਐਫ., ਪੈਨਸ਼ਨ ਲਾਭ ਆਦਿ ਸਹੂਲਤਾਂ
ਹਨ। ਮੇਰੇ ਪਿਤਾ ਦੀ
ਮੌਤ ਤੋਂ ਮਗਰੋਂ ਮੈਨੂੰ ਆਸਾਨੀ ਨਾਲ ਉਹ ਨੌਕਰੀ ਮਿਲ ਸਕਦੀ ਸੀ। ਪਰ ਜਦੋਂ ਮੈਂ ਬੇਨਤੀ ਪੱਤਰ ਦਿੱਤਾ ਤਾਂ ਉਹਨਾਂ ਨੇ 70000 ਰੁਪਏ ਮੰਗੇ,।ਮੈਂ ਐਨੇ ਪੈਸੇ ਕਿੱਥੋਂ ਲਿਆੳਂਦਾ?’’, ਸੁਰੇਸ਼ ਕਹਿੰਦਾ
ਹੈ।। ਉਸਦਾ ਤਜਰਬਾ ਖਿੱਤੇ
’ਚ ਰਹਿਣ ਵਾਲੇ ਕਈ ਲੋਕਾਂ ਨਾਲ ਮਿਲਦਾ ਜੁਲਦਾ ਹੈ।ਜਦੋਂ ਕਿ ਕੁਛ ਤਾਂ ਪੈਸਿਆਂ ਦਾ ਇੰਤਜ਼ਾਮ ਕਰਨ ’ਚ ਸਫਲ ਹੋ ਜਾਂਦੇ
ਹਨ,ਪਰ ਬਹੁਤੇ ਠੇਕੇਦਾਰਾਂ ਅਧੀਨ ਜਾਂ ਘਰੇਲੂ ਸਾਫ-ਸਫਾਈ ਦਾ ਪ੍ਰਾਈਵੇਟ,
ਗੈਰ-ਸੁਰਖਿਅਤ ਤੇ ਘੱਟ ਪੈਸੇ ਵਾਲਾ ਕੰਮ ਕਰਨ ਲਈ ਮਜਬੂਰ
ਹੁੰਦੇ ਹਨ। ਪਰ ਇਹਦੇ ’ਚ ਉਹਨਾਂ ਦੇ ਹੱਥ-ਵੱਸ ਕੁਛ ਨਹੀਂ, ਲੜਨ ਦਾ ਮਤਲਬ ਹੈ ਆਪਣੇ ਰੁਜ਼ਗਾਰ ਨੂੰ ਖਤਰੇ ’ਚ ਪਾਉਣਾ। ਜਿਵੇਂ ਸੰਤੋਸ਼ ਕਹਿੰਦਾ ਹੈ,‘‘ਕੁਛ ਵੀ ਨਾ ਹੋਣ ਨਾਲੋਂ ਕੁਛ ਨਾ ਕੁਛ ਹੋਣਾ ਬਿਹਤਰ
ਹੈ। ’’
ਸਰਕਾਰ ਵੀ ਸਫਾਈ
ਕਾਮਿਆਂ ਲਈ ਬਿਹਤਰ ਸਹੂਲਤਾਂ ਦੇ ਆਪਣੇ ਵਾਅਦੇ ਤੋਂ ਭੱਜਦੀ ਨਜ਼ਰ ਆਉਦੀ ਹੈ। ਕੌਮੀ
ਸਫਾਈ ਕਰਮਚਾਰੀ ਵਿੱਤ ਤੇ ਵਿਕਾਸ ਕਾਰਪੋਰੇਸ਼ਨ ਕੋਲ ਉਹਨਾਂ ਦੀ ਭਲਾਈ ਲਈ 15 ਦੇ ਕਰੀਬ ਯੋਜਨਾਵਾਂ ਦੀ ਸੂਚੀ ਹੈ ਪਰ ਸੁਰੇਸ਼, ਸੰਤੋਸ਼ ਤੇ ਉਹਨਾਂ
ਵਰਗੇ ਹੋਰਨਾਂ ਨੇ ਇਹਨਾਂ ਬਾਰੇ ਕਦੇ ਸੁਣਿਆ ਵੀ ਨਹੀਂ। ਉਹਨਾਂ ਨੂੰ ਕੁੱਝ ਵੀ ਸੁੱਝ ਨਹੀਂ ਰਿਹਾ ਸੀ ਜਦੋਂ ਉਹਨਾਂ ਕੋਲੋਂ ਲੇਬਰ ਯੂਨੀਅਨ
ਜਾਂ ਸਫਾਈ ਕਰਮਚਾਰੀ ਅੰਦੋਲਨ ਤੋਂ ਮਦਦ ਲੈਣ ਬਾਰੇ ਪੁੱਛਿਆ ਗਿਆ।।
ਹਾਲਾਂਕਿ ਸਹਾਰਨਪੁਰ
ਦਾ ਨਗਰ ਸਿਹਤ ਭਲਾਈ ਅਧਿਕਾਰੀ ਡਾ: ਗੀਤਮ ਦਾਅਵਾ ਕਰਦਾ ਹੈ ਸਾਰੇ ਸਫਾਈ ਕਾਮਿਆਂ ਤੇ ਠੇਕੇਦਾਰਾਂ
ਦੀਆਂ ਕੰਮ ਵਾਲੀਆਂ ਥਾਵਾਂ ਦੀ ਲਗਾਤਾਰ ਚੈਕਿੰਗ ਕੀਤੀ ਜਾਂਦੀ ਹੈ ਤੇ ਉਹਨਾ ਨੂੰ ਲੋੜੀਂਦਾ ਸੁਰੱਖਿਆ
ਸਾਜੋ-ਸਮਾਨ ਮੁਹੱਈਆ ਕਰਵਾਇਆ ਜਾਂਦਾ ਹੈ।। ਉਸਨੇ ਇਹ ਵੀ ਸੁਝਾਇਆ ਕਿ ਸਫਾਈ ਕਾਮੇ ਇਸ ਸਬੰਧੀ ਕਦੋਂ ਵੀ ਉਸ ਨਾਲ ਸੰਪਰਕ
ਕਰ ਸਕਦੇ ਹਨ, ਪਰ ਜਦੋਂ ਉਸਤੋਂ ਸੰਪਰਕ ਕਰਨ ਦੇ ਪ੍ਰਬੰਧਕੀ ਤਰੀਕਾਕਾਰ ਬਾਰੇ ਜਾਣਕਾਰੀ ਲੈਣ ਦੀ ਕੋਸ਼ਿਸ਼ ਕੀਤੀ ਗਈ
ਤਾਂ ਉਸਨੂੰ ਕੋਈ ਜਵਾਬ ਨਹੀਂ ਸੁੱਝਿਆ। ਸ਼ਹਿਰ ਦੇ ਕਿਰਤ
ਭਲਾਈ ਮੰਤਰਾਲੇ ਨਾਲ ਜਦੋਂ ਸੰਪਰਕ ਕੀਤਾ ਗਿਆ ਤਾਂ ਉਹਨਾਂ ਦਾ ਜਵਾਬ ਸੀ ਕਿ ਉਹਨਾਂ ਦਾ ਕੰਮ ਸਿਰਫ ਉਸਾਰੀ
ਕਾਮਿਆਂ, ਕਿਸਾਨਾਂ ਤੇ ਕੁੱਝ ਹੋਰ ਹਿੱਸਿਆਂ ਦੀ ਭਲਾਈ ਵੱਲ ਧਿਆਨ
ਦੇਣਾ ਹੈ ਤੇ ਸਫਾਈ ਕਾਮਿਆਂ ਦੀ ਭਲਾਈ ਉਹਨਾਂ ਦੇ ਕੰਮ ਦਾ ਹਿੱਸਾ ਨਹੀਂ ਹੈ।।
ਜਿਵੇਂ ਹੁਣ ਹਾਲਤ
ਹੈ, ਸੁਰੇਸ਼ ਤੇ ਸੰਤੋਸ਼ ਭਾਰਤ ਦੇ ਸਫਾਈ ਕਾਮਿਆਂ ਦਾ ਹਿੱਸਾ ਹੋਣ ਵਜੋਂ ਆਪਣੇ ਹਿੱਸੇ ਆਉਦੀਆਂ ਮੁਸ਼ਕਿਲਾਂ
ਖਿਲਾਫ ਆਪਣੀ ਲੜਾਈ ਜਾਰੀ ਰੱਖਣਗੇ।ਜਿਵੇਂ ਕਿ ਸੁਰੇਸ਼
ਨਾਲ ਮੇਰੀ ਗੱਲਬਾਤ ਦੇ ਅੰਤਿਮ ਪੜਾਅ ’ਤੇ ਉਹ ਕਹਿੰਦਾ ਹੈ,‘‘ਇਸਤੋਂ ਬੁਰਾ ਕੀ
ਹੋ ਸਕਦਾ ਹੈ? ਅਸੀਂ ਮਰ ਜਾਵਾਂਗੇ। ਪਰ ਇਹ ਉਹਨਾਂ ਲਈ ਏਨਾ ਬੁਰਾ ਨਹੀਂ, ਜਿਹੜੇ ਹਰ ਨਵੇਂ
ਦਿਨ ਨਰਕ ’ਚ ਉਤਰਦੇ ਹਨ’’।
(ਸ਼ਨਾਖਤ ਦੇ ਬਚਾਅ ਲਈ ਨਾਮ ਬਦਲੇ ਗਏ ਹਨ।)
(ਦੇਵਿਆਨੀ ਨਿਗੋਸ਼ਕਰ ਇੱਕ ਮੁੰਬਈ ਵਾਸੀ ਆਜ਼ਾਦ ਲੇਖਿਕਾ ਹੈ, ਜਿਹੜੀ
ਕਿ ਯਾਤਰਾ, ਸਭਿਆਚਾਰ, ਵਿਕਾਸ, ਪਹਿਚਾਣ ਆਦਿ ਵਿਸ਼ਿਆਂ ’ਤੇ ਲਿਖਦੀ ਹੈ।)
(ਅੰਗਰੇਜ਼ੀ ਤੋਂ ਅਨੁਵਾਦ)
No comments:
Post a Comment