ਲੋਕ ਮੋਰਚਾ ਪੰਜਾਬ
ਵੱਲੋਂ ਜਨਵਰੀ ਮਹੀਨੇ ’ਚ ਸੂਬਾਈ ਜਥੇਬੰਦਕ ਕਨਵੈਨਸ਼ਨ ਕਰਕੇ ਇਨਕਲਾਬੀ ਬਦਲ ਉਭਾਰਨ
ਦੇ ਕਾਰਜ ’ਚ ਪੂਰੀ ਸਰਗਰਮੀ ਨਾਲ ਜੁੱਟਣ ਦਾ ਤਹੱਈਆ ਕੀਤਾ ਗਿਆ ਹੈ। ਲੋਕ ਇਨਕਲਾਬ ਦੇ ਵਿਚਾਰਾਂ ਦੇ ਪ੍ਰਚਾਰ-ਪ੍ਰਸਾਰ ਨੂੰ ਪ੍ਰਣਾਈ ਇਸ ਜਥੇਬੰਦੀ ਦੀ ਸਰਗਰਮੀ ਬੀਤੇ 3-4 ਸਾਲਾਂ
ਤੋਂ ਮੱਧਮ ਹੋ ਗਈ ਸੀ ਪਰ ਹੁਣ ਇਸ ਵੱਲੋਂ ਸੂਬਾਈ ਜਥੇਬੰਦਕ ਕਨਵੈਨਸ਼ਨ ਕਰਕੇ ਨਵੀਂ ਸੂਬਾਈ ਟੀਮ ਚੁਣੀ
ਗਈ ਹੈ ਅਤੇ ਭਵਿੱਖ ਦੇ ਕਾਰਜ ਤੈਅ ਕੀਤੇ ਗਏ ਹਨ ਜੋ ਇਸ ਵੱਲੋਂ ਪੂਰੀ ਸਰਗਰਮੀ ਨਾਲ ਮੌਜੂਦਾ ਲੁਟੇਰੇ
ਰਾਜ-ਭਾਗ ਦੀ ਥਾਂ ਇਨਕਲਾਬੀ ਰਾਜ ਉਸਾਰਨ ਦਾ ਸੰਦੇਸ਼ ਪ੍ਰਚਾਰਨ ’ਚ ਜੁੱਟ ਜਾਣ ਦੀ
ਆਸ ਬੰਨ੍ਹਾਉਦੇ ਹਨ।
ਪੰਜਾਬ ਦੀ ਜਨਤਕ
ਜਮਹੂਰੀ ਲਹਿਰ ’ਚ ਅਜਿਹੀ ਜਥੇਬੰਦੀ ਦੇ ਰੋਲ ਦੀ ਜ਼ਰੂਰਤ ਬਹੁਤ ਉੱਭਰਵੀਂ ਹੈ
ਜੋ ਮੌਜੂਦਾ ਲੁਟੇਰੇ ਰਾਜ ਤੇ ਸਮਾਜ ਦੇ ਮੁਕਾਬਲੇ ’ਤੇ ਲੋਕਾਂ ਦੀ
ਪੁੱਗਤ ਵਾਲੇ ਰਾਜ ਤੇ ਸਮਾਜ ਦੀ ਉਸਾਰੀ ਦੀ ਜ਼ਰੂਰਤ ਨੂੰ ਉਭਾਰੇ, ਲੋਕਾਂ ਦੇ ਹਕੀਕੀ
ਰਾਜ ਦੇ ਨੈਣ-ਨਕਸ਼ ਲੋਕਾਂ ਮੂਹਰੇ ਪੇਸ਼ ਕਰੇ ਤੇ ਇਸਦੀ ਪ੍ਰਾਪਤੀ ਲਈ ਮਾਰਗ ਨਕਸ਼ਾ ਦਰਸਾਵੇ। ਇਸ ਜਥੇਬੰਦੀ ਵੱਲੋਂ 1996 ’ਚ ਆਪਣੇ ਹੋਂਦ
’ਚ ਆਉਣ ਤੋਂ ਲੈ ਕੇ ਹੁਣ ਤੱਕ ਪੰਜਾਬ ਦੀ ਇਨਕਲਾਬੀ ਲਹਿਰ ਦੇ ਇਸ ਮਹੱਤਵਪੂਰਨ
ਕਾਰਜ ’ਚ ਭਰਵਾਂ ਹਿੱਸਾ ਪਾਇਆ ਗਿਆ ਹੈ। ਲਗਭਗ ਦੋ ਦਹਾਕੇ ਦੇ ਇਸ ਅਰਸੇ ਦੌਰਾਨ ਇਸ ਜਥੇਬੰਦੀ ਨੇ ਜਨਤਕ ਜਮਹੂਰੀ ਲਹਿਰ
ਦੀਆਂ ਵੱਖ ਵੱਖ ਪਰਤਾਂ ਨੂੰ ਇਨਕਲਾਬੀ ਵਿਚਾਰਾਂ ਦੀ ਰੰਗਤ ’ਚ ਰੰਗਣ ਦਾ ਕਾਰਜ
ਕੀਤਾ ਹੈ। ਅਹਿਮ ਸਿਆਸੀ ਘਟਨਾਵਾਂ
ਵੇਲੇ ਲੋਕ-ਪੱਖੀ ਨਜ਼ਰੀਏ ਤੋਂ ਸਹੀ ਪੁਜ਼ੀਸ਼ਨਾਂ ਉਭਾਰੀਆਂ ਹਨ ਤੇ ਵੱਖ
ਵੱਖ ਮਿਹਨਤਕਸ਼ ਜਮਾਤਾਂ/ਤਬਕਿਆਂ ਦੀ ਆਪਸੀ ਜੋਟੀ ਵਾਲੀ ਸਾਂਝੀ ਸੰਗਰਾਮੀ ਲਹਿਰ
ਦੀ ਲੋੜ ਉਭਾਰੀ ਹੈ। ਇਸ ਜਥੇਬੰਦੀ ਨੇ
ਸਾਡੇ ਕੌਮੀ ਸ਼ਹੀਦਾਂ ਦੇ ਸਾਮਰਾਜ ਵਿਰੋਧੀ ਵਿਚਾਰਾਂ ਨੂੰ ਅਜੋਕੇ ਦੌਰ ’ਚ ਸਾਮਰਾਜ ਵਿਰੋਧੀ
ਲਹਿਰ ਉਸਾਰਨ ਦੇ ਹਵਾਲੇ ਲਈ ਜੁਟਾਇਆ ਹੈ। ਆਪਣੇ ਸ਼ੁਰੂਆਤੀ
ਸਾਲਾਂ ’ਚ ਇਸ ਜਥੇਬੰਦੀ ਵੱਲੋਂ ਚਲਾਈਆਂ ਗਈਆਂ ਕੌਮੀ ਸ਼ਹੀਦਾਂ ਨੂੰ ਸ਼ਰਧਾਂਜਲੀ ਮੁਹਿੰਮਾਂ
ਦੌਰਾਨ ਸਾਡੀ ਸਾਮਰਾਜ ਵਿਰੋਧੀ ਵਿਰਾਸਤ ਨੂੰ ਪੂਰੇ ਜੋਰ ਨਾਲ ਉਭਾਰਿਆ ਗਿਆ ਸੀ ਤੇ ਸਾਮਰਾਜੀ ਗੁਲਾਮੀ
ਤੋਂ ਕੌਮੀ ਮੁਕਤੀ ਦੇ ਕਾਰਜ ਲਈ ਮੁਕਤੀ ਸੰਗਰਾਮ ਦੀ ਲੋੜ ਨੂੰ ਉਭਾਰਿਆ ਗਿਆ ਸੀ। ਇਉ ਹੀ ਇਸ ਵੱਲੋਂ ਹਾਕਮ ਜਮਾਤੀ ਵੋਟ ਸਿਆਸਤ ਦੇ ਹੱਲੇ ਤੋਂ ਮਿਹਨਤਕਸ਼ ਲੋਕਾਂ
ਨੂੰ ਸੁਚੇਤ ਕਰਦਿਆਂ ਚੋਣਾਂ ਤੋਂ ਝਾਕ ਛੱਡ ਕੇ ਆਪਣੀ ਮੁਕਤੀ ਲਈ ਆਪਣੇ ਸਾਂਝੇ ਸੰਗਰਾਮਾਂ ’ਤੇ ਟੇਕ ਰੱਖਣ
ਦਾ ਸੱਦਾ ਦਿੱਤਾ ਜਾਂਦਾ ਰਿਹਾ ਹੈ ਤੇ ਵੱਡੀਆਂ ਜਨਤਕ ਮੁਹਿੰਮਾਂ ਹੱਥ ਲਈਆਂ ਜਾਂਦੀਆਂ ਰਹੀਆਂ ਹਨ। ਚੋਣਾਂ ਦੇ ਭਖੇ ਤਪੇ ਮਹੌਲ ਦਰਮਿਆਨ ਇਸ ਜਥੇਬੰਦੀ ਵੱਲੋਂ ਹਾਕਮ ਜਮਾਤੀ ਵੋਟ
ਪਾਰਟੀਆਂ ਦੇ ਦੰਭੀ ਨਾਅਰਿਆਂ ਦੇ ਮੁਕਾਬਲੇ ਲੋਕਾਂ ਦੀ ਮੁਕਤੀ ਦਾ ਅਸਲ ਪੋ੍ਰਗਰਾਮ ਤੇ ਰਾਹ ਬਕਾਇਦਾ
ਤੌਰ ’ਤੇ ਲੋਕਾਂ ’ਚ ਉਭਾਰਿਆ ਜਾਂਦਾ ਰਿਹਾ ਹੈ। ਇਹਨਾਂ ਮੁਹਿੰਮਾਂ ਨੂੰ ਜਨਤਕ ਜਮਹੂਰੀ ਲਹਿਰ ਦੇ ਕਾਰਕੁੰਨ ਤੇ ਪ੍ਰਭਾਵ ਹੇਠਲੀ
ਲੋਕਾਈ ਕਬੂਲਵਾਂ ਹੁੰਗਾਰਾ ਭਰਦੀ ਰਹੀ ਹੈ। ਇਸ ਸਰਗਰਮੀ ਨੇ
ਜਿੱਥੇ ਪੰਜਾਬ ਦੀ ਜਨਤਕ ਲਹਿਰ ’ਚ ਇਨਕਲਾਬ ਦੀ ਆਮ ਸਿਆਸਤ ਦਾ ਛਿੱਟਾ ਦਿੱਤਾ ਉਥੇ ਜਨਤਕ
ਲਹਿਰ ਦੀ ਅਹਿਮ ਪਰਤ ਦੇ ਇਨਕਲਾਬੀਕਰਨ ’ਚ ਰੋਲ ਅਦਾ ਕੀਤਾ ਹੈ।
ਅੱਜ ਹਾਕਮ ਜਮਾਤਾਂ
ਵੱਲੋਂ ਕਿਰਤੀ ਲੋਕਾਂ ’ਤੇ ਬੋਲਿਆ ਬਹੁਧਾਰੀ ਹੱਲਾ ਕਈ ਗੁਣਾ ਤੇਜ਼ ਹੋ ਚੁੱਕਿਆ
ਹੈ। ਲੋਕ ਥਾਂ ਥਾਂ
’ਤੇ ਇਸ ਹੱਲੇ ਦੇ ਵੱਖ ਵੱਖ ਮਾਰੂ ਅਸਰਾਂ ਤੇ ਕਦਮਾਂ ਖਿਲਾਫ ਜਾਨ-ਹੂਲਵੀਆਂ ਜੱਦੋਜਹਿਦਾਂ ਕਰ ਰਹੇ ਹਨ। ਸੂਬੇ ਦਾ ਹਰ ਮਿਹਨਤਕਸ਼ ਤਬਕਾ ਆਪਣੇ ਹੱਕਾਂ ਲਈ ਸੰਘਰਸ਼ਾਂ ਦਾ ਰਾਹ ਫੜ ਰਿਹਾ
ਹੈ ਪਰ ਅਜੇ ਇਨ੍ਹਾਂ ਘੋਲਾਂ ਦੀ ਕਿਸਮ ਨਿਗੂਣੇ ਆਰਥਕ ਮੰਗਾਂ ਮਸਲਿਆਂ ਤੱਕ ਸੀਮਤ ਹੈ। ਇਹਨਾਂ ਮੰਗਾਂ ਤੋਂ ਸਿਆਸੀ ਮੁੱਦਿਆਂ ਤੱਕ ਦੇ ਸੰਘਰਸ਼ਾਂ ਦਾ ਸਫਰ ਅਜੇ ਲੋਕਾਂ
ਦੀ ਲਹਿਰ ਨੇ ਤਹਿ ਕਰਨਾ ਹੈ। ਅਜਿਹੀ ਹਾਲਤ ’ਚ ਲੋਕਾਂ ਮੂਹਰੇ
ਸਿਆਸੀ ਨਾਹਰਿਆਂ ਤੇ ਸਵਾਲਾਂ ਦੀ ਬਹੁਤ ਹੀ ਅਣਸਰਦੀ ਲੋੜ ਹੈ ਜਿਸ ਨੂੰ ਇਸ ਜਥੇਬੰਦੀ ਵੱਲੋਂ ਪਹਿਲਾਂ
ਹੀ ਸੰਬੋਧਤ ਹੋਇਆ ਜਾਂਦਾ ਰਿਹਾ ਹੈ। ਮੌਜੂਦਾ ਲੁਟੇਰੇ
ਰਾਜ ਭਾਗ ਦਾ ਪਰਦਾਚਾਕ ਪਹਿਲੇ ਸਾਰੇ ਸਮਿਆਂ ਨਾਲੋਂ ਜ਼ਿਆਦਾ ਤੇਜ਼ ਹੋ ਚੁੱਕਿਆ ਹੈ। ਮੌਕਾਪ੍ਰਸਤ ਸਿਆਸੀ ਪਾਰਟੀਆਂ ਲੋਕਾਂ ਦੇ ਨੱਕੋਂ ਬੁੱਲ੍ਹੋਂ ਲਹਿ ਰਹੀਆਂ ਹਨ
ਤੇ ਹੁਣ ਰਾਜ ਭਾਗ ਦੀਆਂ ਸੰਸਥਾਵਾਂ ਦੀ ਪੜਤ ਨੂੰ ਪੈ ਰਿਹਾ ਖੋਰਾ ਵੀ ਤੇਜ਼ ਹੋ ਚੁੱਕਾ ਹੈ। ਲੋਕ ਬਦਲਵੇਂ ਰਾਜ ਦੀ ਤਲਾਸ਼ ’ਚ ਹਨ ਤੇ ਇਹ ਤਲਾਸ਼
ਆਏ ਦਿਨ ਤੇਜ਼ ਹੋ ਰਹੀ ਹੈ। ਲੋਕ ਮੌਜੂਦਾ ਲੁਟੇਰੇ
ਰਾਜ-ਭਾਗ ਨੂੰ ਚੁਣੌਤੀ ਬਣਦੇ ਤੇ ਰੱਦ ਕਰਦੇ ਹਰ ਵਿਚਾਰ ਨੂੰ
ਹੁੰਗਾਰਾ ਦਿੰਦੇ ਹਨ। ਮੌਜੂਦਾ ਹਾਕਮ
ਜਮਾਤੀ ਪਾਰਲੀਮਾਨੀ ਸਿਆਸਤ ਦੇ ਰਵਾਇਤੀ ਤੌਰ ਤਰੀਕਿਆਂ ਤੋਂ ਹਟਵੇਂ ਨਾਹਰਿਆਂ ਨੂੰ ਹੁੰਗਾਰਾ ਵੀ ਭਰਦੇ
ਹਨ ਪਰ ਵਾਰ ਵਾਰ ਠੱਗੇ ਜਾਂਦੇ ਮਹਿਸੂਸ ਕਰਦੇ ਹਨ। ਅੰਨਾਂ ਹਜਾਰੇ
ਦੇ ਭ੍ਰਿਸ਼ਟਾਚਾਰ ਵਿਰੋਧੀ ਅੰਦੋਲਨ ਅਤੇ ਆਮ ਆਦਮੀ ਪਾਰਟੀ ਦੇ ਨਾਹਰਿਆਂ ਨੂੰ ਲੋਕਾਂ ਨੇ ਬਦਲ ਦੀ ਤੇਜ਼
ਹੋਈ ਤਲਾਸ਼ ਦੇ ਪ੍ਰਸੰਗ ’ਚ ਹੀ ਜ਼ੋਰਦਾਰ ਹੁੰਗਾਰਾ ਦਿੱਤਾ ਸੀ। ਪਰ ਲੋਕਾਂ ਮੂਹਰੇ ਮੌਜੂਦਾ ਰਾਜ ਦਾ ਕੋਈ ਜਚਣਹਾਰ ਬਦਲ ਨਹੀਂ ਦਿਖਾਈ ਦਿੰਦਾ
ਇਸ ਲਈ ਉਹ ਮੁੜ-ਮੁੜ ਹਾਕਮ ਜਮਾਤੀ ਸਿਆਸਤ ਦੇ ਇਕ ਮਦਾਰੀ ਦੀ ਥਾਂ ਦੂਜੇ
ਵੱਲ ਡੱਕਾ ਸੁੱਟਣ ਲਈ ਮਜ਼ਬੂਰ ਹੁੰਦੇ ਹਨ ਜਾਂ ਇਹ ਕਿਹਾ ਜਾ ਸਕਦਾ ਹੈ ਕਿ ਉਹ ਨਵੇਂ ਨੂੰ ਜਿਤਾਉਣ ਨਾਲੋਂ
ਵਧੇਰੇ ਹਰ ਪਹਿਲੇ ਨੂੰ ਰੱਦ ਕਰ ਦਿੰਦੇ ਹਨ ਤੇ ਇਹੀ ਅਮਲ ਵਾਰ ਵਾਰ ਦੁਹਰਾਇਆ ਜਾ ਰਿਹਾ ਹੈ। ਇਹ ਸਥਿਤੀ ਲੋਕਾਂ ਦੇ ਸਾਹਮਣੇ ਹਕੀਕੀ ਤੇ ਖਰਾ ਬਦਲ ਠੋਸ ਰੂਪ ’ਚ ਉਭਾਰਨ ਦੀ ਲੋੜ
ਨੂੰ ਪੂਰੇ ਜ਼ੋਰ ਨਾਲ ਸੰਬੋਧਤ ਹੋਣ ਦੀ ਮੰਗ ਕਰਦੀ ਹੈ। ਅਜਿਹੇ ਸਮੇਂ ਇਸ ਲੋੜ ਨੂੰ ਹੁੰਗਾਰਾ ਭਰਨ ਦਾ ਤਹੱਈਆ ਮਹੱਤਵਪੂਰਨ ਹੈ, ਚਾਹੇ ਕੋਈ ਨਿਗੂਣੀ ਤੇ ਕਮਜ਼ੋਰ ਤਾਕਤ ਵੀ ਇਹ ਊਦਮ ਜੁਟਾਵੇ। ਲੋਕ ਮੋਰਚਾ ਪੰਜਾਬ ਵੱਲੋਂ ਆਪਣੀ ਸਥਾਪਨਾ ਮੌਕੇ ਜਾਰੀ ਕੀਤਾ ਗਿਆ ਆਪਣਾ ਐਲਾਨਨਾਮਾ
ਤੇ ਪੋ੍ਗਰਾਮ ਅਤੇ ਉਸ ਤੋਂ ਕੁੱਝ ਅਰਸਾ ਬਾਅਦ ਜਾਰੀ ਕੀਤਾ ਗਿਆ ਇਨਕਲਾਬੀ ਕਾਰਵਾਈ ਪ੍ਰੋਗਰਾਮ ਪੰਜਾਬ
ਦੀ ਇਨਕਲਾਬੀ ਜਨਤਕ ਲਹਿਰ ’ਚ ਅਜਿਹੇ ਅਹਿਮ ਦਸਤਾਵੇਜ਼ ਬਣਦੇ ਹਨ ਜਿਹੜੇ ਮੁਲਕ ਦੀਆਂ
ਵੱਖ ਵੱਖ ਕਿਰਤੀ ਜਮਾਤਾਂ ਦੇ ਸਾਂਝੇ ਸੰਗਰਾਮਾਂ ਰਾਹੀਂ ਜਗੀਰਦਾਰੀ ਤੇ ਸਾਮਰਾਜ ਤੋਂ ਮੁਕਤੀ ਦਾ ਨਿਸ਼ਾਨਾ
ਉਭਾਰਦੇ ਹਨ। ਕਾਰਵਾਈ ਪ੍ਰੋਗਰਾਮ
ਮੁਲਕ ਦੀਆਂ ਇਨਕਲਾਬੀ ਜਮਾਤਾਂ ਦੀਆਂ ਵੱਖ ਵੱਖ ਬੁਨਿਆਦੀ ਮੰਗਾਂ ਦੀ ਤਫਸੀਲ ਪੇਸ਼ ਕਰਦਾ ਹੈ ਤੇ ਇਹਨਾਂ
ਨੂੰ ਸਾਂਝੇ ਤੌਰ ’ਤੇ ਹਾਸਲ ਕਰਨ ਲਈ ਸਾਂਝੇ ਸੰਘਰਸ਼ਾਂ ਦੀ ਲੋੜ ਉਭਾਰਦਾ
ਹੈ। ਅੰਸ਼ਕ ਤੇ ਫੌਰੀ
ਮਸਲਿਆਂ ’ਤੇ ਜੂਝ ਰਹੇ ਤਬਕਿਆਂ ਦੇ ਅਗਲੇਰੇ ਸਫਰ ਲਈ ਇਸ ਦਸਤਾਵੇਜ਼ ’ਚੋਂ ਰੌਸ਼ਨੀ ਮਿਲਦੀ
ਹੈ। ਪੰਜਾਬ ਦੀ ਲੋਕ-ਹੱਕਾਂ ਦੀ ਲਹਿਰ ’ਚ ਇਸ ਪ੍ਰੋਗਰਾਮ ਦਾ ਸੰਚਾਰ ਕਰਨਾ ਬੇਹੱਦ ਮਹੱਤਵਪੂਰਨ
ਹੈ।
ਲੋਕ ਮੋਰਚਾ ਪੰਜਾਬ
ਵੱਲੋਂ ਅਗਲੇ ਸਫਰ ਲਈ ਤਿਆਰ ਹੋਣ ਦਾ ਮਾਰਿਆ ਗਿਆ ਹੰਭਲਾ ਸਮੇਂ ਦੀ ਅਣਸਰਦੀ ਲੋੜ ਨੂੰ ਹੁੰਗਾਰਾ ਭਰਨ
ਦਾ ਯਤਨ ਹੈ ਤੇ ਇਹ ਯਤਨ ਸਵਾਗਤ ਯੋਗ ਹੈ।
No comments:
Post a Comment