Monday, October 24, 2016

7. ਪਾਕਿਸਤਾਨੀ ਕਲਾਕਾਰਾਂ ਦਾ ਮਸਲਾ



ਪਾਕਿਸਤਾਨੀ ਕਲਾਕਾਰਾਂ ਦਾ ਮਸਲਾ:

ਭਾਰਤੀ ਜਮਹੂਰੀਅਤ ਮੁੜ ਬੇਨਕਾਬ

- ਦੀਪ
ਜੰਗੀ ਜਨੂੰਨ ਭੜਕਾਉਣ ਤੁਰੇ ਕੌਮਪ੍ਰਸਤੀ ਦੇ ਠੇਕੇਦਾਰ ਹਿੰਦੂ ਫਿਰਕਾਪ੍ਰਸਤਾਂ ਦੀ ਫਾਸ਼ੀ ਮੁਹਿੰਮ ਜ਼ੋਰਾਂ ਤੇ ਹੈ। ਐਤਕੀਂ ਬੀ. ਜੇ. ਪੀ. ਨੇ ਮਹਾਂਰਾਸ਼ਟਰ ਨਵ-ਨਿਰਮਾਣ ਸੈਨਾ ਦੇ ਚੱਕਵੀਂ ਸੁਰ ਵਾਲੇ ਹਿੰਦੂ ਜਨੂੰਨੀ ਰਾਜ ਠਾਕਰੇ ਨੂੰ ਮੂਹਰੇ ਲਾਇਆ ਹੈ ਤੇ ਆਪ ਨਾਲ ਖੜ੍ਹੀ ਹੈ। ਆ ਰਹੀ ਹਿੰਦੀ ਫ਼ਿਲਮ ‘‘ਐ ਦਿਲ ਹੈ ਮੁਸ਼ਕਿਲ’’ ਨੂੰ ਗੁੰਡਾਗਰਦੀ ਦੇ ਜ਼ੋਰ ਰਿਲੀਜ਼ ਹੋਣ ਤੋਂ ਰੋਕਣ ਦੀਆਂ ਧਮਕੀਆਂ ਦਿੱਤੀਆਂ ਗਈਆਂ ਹਨ ਤੇ ਉਹਦੇ ਚ ਜਬਰਨ ਆਰ. ਐਸ. ਐਸ. ਮਾਰਕਾ ਦੇਸ਼ ਭਗਤੀ ਘਸੋੜੀ ਗਈ ਹੈ। ਹਿੰਦੂ ਜਨੂੰਨੀਆਂ ਵੱਲੋਂ ਅੰਨ੍ਹੀ ਕੌਮਪ੍ਰਸਤੀ ਲੋਕਾਂ ਸਿਰ ਮੜ੍ਹਨ ਦੀ ਮੁਹਿੰਮ ਦਾ ਨਿਸ਼ਾਨਾ ਇਹ ਫਿਲਮ ਇਸ ਕਰਕੇ ਬਣੀ ਹੈ ਕਿਉਂਕਿ ਇਸ ਵਿੱਚ ਪਾਕਿਸਤਾਨੀ ਕਲਾਕਾਰਾਂ ਨੇ ਕੰਮ ਕੀਤਾ ਹੈ। ਇਸ ਲਈ ਜੁਰਮਾਨੇ ਵਜੋਂ ਉਸਦੇ ਮੂਹਰੇ ਉਰੀ ਹਮਲੇ ਚ ਮਾਰੇ ਗਏ ਫੌਜੀਆਂ ਨੂੰ ਸ਼ਰਧਾਂਜਲੀ ਦੇਣ, 5 ਕਰੋੜ ਰੁਪਏ ਭਾਰਤੀ ਸੈਨਾ ਦੇ ਰਾਹਤ ਫੰਡ ਚ ਜਮ੍ਹਾਂ ਕਰਵਾਉਣ ਤੇ ਅਗਾਂਹ ਤੋਂ ਭਾਰਤੀ ਫਿਲਮਾਂ ਚ ਪਾਕਿਸਤਾਨੀ ਕਲਾਕਾਰਾਂ ਨੂੰ ਨਾ ਲੈਣ ਦੇ ਫੁਰਮਾਨ ਲਾਗੂ ਕਰਵਾਏ ਗਏ ਹਨ। ਇਹ ਸਿਰੇ ਦੇ ਧੱਕੜ ਫੁਰਮਾਨ ਮਹਾਂਰਾਸ਼ਟਰ ਦੇ ਭਾਜਪਾਈ ਮੁੱਖ ਮੰਤਰੀ ਦੇਵੇਂਦਰ ਫੜਨਵੀਸ ਦੀ ਰਿਹਾਇਸ਼ ਤੇ ਫ਼ਿਲਮੀ ਨਿਰਦੇਸ਼ਕ ਨੂੰ ਬੁਲਾ ਕੇ ਸੁਣਾਏ ਗਏ ਹਨ। ਮੁੱਖ ਮੰਤਰੀ ਦੇ ਦਾਅਵੇ ਅਨੁਸਾਰ ਉਹਨੇ ਤਾਂ ਦੋਹਾਂ ਚ ਵਿਚੋਲੇ ਦੀ ਭੂਮਿਕਾ ਹੀ ਨਿਭਾਈ ਹੈ ਕਿਉਂਕਿ ਰਾਜ ਠਾਕਰੇ ਵੱਲੋਂ ਸਿਨੇਮਾ ਘਰਾਂ ਚ ਫ਼ਿਲਮ ਨਾ ਚੱਲਣ ਦੇਣ ਦਾ ਐਲਾਨ ਕੀਤਾ ਹੋਇਆ ਸੀ। ਦੂਜੇ ਪਾਸੇ ਕੇਂਦਰੀ ਗ੍ਰਹਿ ਮੰਤਰੀ ਨੇ ਇੱਕ ਦਿਨ ਪਹਿਲਾਂ ਹੀ ਫ਼ਿਲਮੀ ਡਾਇਰੈਕਟਰਾਂ, ਪ੍ਰੋਡਿਊਸਰਾਂ ਨੂੰ ਕਾਨੂੰਨ ਦਾ ਰਾਜ ਲਾਗੂ ਕਰਨ ਦਾ ਭਰੋਸਾ ਦਿੱਤਾ ਸੀ। ਪਰ ਉਹ ਭਰੋਸਾ ਅਗਲੇ ਹੀ ਦਿਨ ਹਵਾ ਹੋ ਗਿਆ। ਪਹਿਲਾਂ ਤਾਂ ਪਾਕਿਸਤਾਨੀ ਕਲਾਕਾਰਾਂ ਦਾ ਦਾਖਲਾ ਰੋਕਣ ਦੇ ਮਸਲੇ ਤੇ ਫਿਲਮੀ ਖੇਤਰਾਂ ਚੋਂ ਐਕਟਰਾਂ ਅਤੇ ਪ੍ਰੋਡਿਊਸਰਾਂ ਦੀਆਂ ਕੁਝ ਰੋਸ ਆਵਾਜ਼ਾਂ ਉੱਠੀਆਂ ਸਨ। ਪਰ ਉਹ ਆਵਾਜ਼ਾਂ ‘‘ਕੌਮਪ੍ਰਸਤੀ’’ ਦੀ ਦਹਿਸ਼ਤ ਦੇ ਸਾਏ ਹੇਠ ਦਬ ਗਈਆਂ ਹਨ।
ਸਾਹਿਤ ਕਲਾ ਦੇ ਖੇਤਰ ਚ ਹਕੂਮਤੀ ਸ਼ਹਿ ਪ੍ਰਾਪਤ ਗੁੰਡਾਗਰਦੀ ਦੇ ਜ਼ੋਰ ਪਾਬੰਦੀਆਂ ਮੜ੍ਹ ਕੇ ਕੌਮਪ੍ਰਸਤੀ ਦੇ ਝੰਡਾਬਰਦਾਰਾਂ ਵਜੋਂ ਪੇਸ਼ ਹੋਣਾ ਸਭਨਾਂ ਅਖੌਤੀ ਕੌਮਪ੍ਰਸਤਾਂ ਦਾ ਪ੍ਰਚਲਤ ਤਰੀਕਾਕਾਰ ਹੈ। ਉਹ ਇਹਨੂੰ ਫਾਸ਼ੀ ਲਾਮਬੰਦੀਆਂ ਕਰਨ ਤੇ ਫਿਰਕੂ ਫਾਸ਼ੀ ਮਹੌਲ ਸਿਰਜਣ ਲਈ ਹਥਿਆਰ ਦੇ ਤੌਰ ਤੇ ਵਰਤਦੇ ਆ ਰਹੇ ਹਨ। ਆਖਰ ਨੂੰ ਹਰ ਤਰ੍ਹਾਂ ਦੀਆਂ ਜਮਹੂਰੀ ਤੇ ਖਰੀਆਂ ਦੇਸ਼ ਭਗਤ ਤਾਕਤਾਂ ਦਾ ਗਲ਼ ਘੁੱਟਣ ਲਈ ਜੁਟਾਉਂਦੇ ਆ ਰਹੇ ਹਨ। ਇਸ ਕਾਰਵਾਈ ਚ ਇੱਕ ਪਾਸੇ ਭਾਜਪਾ ਦੇ ਪਾਕਿਸਤਾਨ ਖਿਲਾਫ਼ ਨਫ਼ਰਤ ਭੜਕਾ ਕੇ ਕੌਮੀ ਸ਼ਾਵਨਵਾਦ ਨੂੰ ਹਵਾ ਦੇਣ ਦੇ ਮਨਸੂਬੇ ਹਨ ਤੇ ਦੂਜੇ ਪਾਸੇ ਫੜਨਵੀਸ ਹਕੂਮਤ ਦੀ ਸਥਾਨਕ ਵੋਟ ਗਿਣਤੀਆਂ ਦੀ ਭੂਮਿਕਾ ਹੈ। ਮੀਡੀਏ ਚ ਆਮ ਚਰਚਾ ਹੈ ਕਿ ਆ ਰਹੀਆਂ ਮਹਾਂਰਾਸ਼ਟਰ ਨਗਰ ਨਿਗਮ ਚੋਣਾਂ ਚ ਸ਼ਿਵ ਸੈਨਾ ਦੇ ਵੱਖ ਹੋਣ ਮਗਰੋਂ ਨਵ-ਨਿਰਮਾਣ ਸੈਨਾ ਦੇ ਸਹਿਯੋਗ ਦੀ ਪੈਦਾ ਹੋਈ ਜ਼ਰੂਰਤ ਫੜਨਵੀਸ ਸਰਕਾਰ ਦੀ ਮੁੱਖ ਗਿਣਤੀ ਹੈ। ਇਉਂ ਇੱਕ ਤੀਰ ਨਾਲ ਦੋ ਸ਼ਿਕਾਰ ਫੁੰਡਣ ਦੀ ਕੋਸ਼ਿਸ਼ ਕੀਤੀ ਗਈ ਹੈ। ਇਹ ਘਟਨਾਕ੍ਰਮ ਭਾਰਤੀ ਜਮਹੂਰੀਅਤ ਦੇ ਅਸਲ ਕਿਰਦਾਰ ਨੂੰ ਮੁੜ ਉਜਾਗਰ ਕਰ ਰਿਹਾ ਹੈ। ਦੇਸ਼ ਭਗਤੀ ਦੇ ਇਹਨਾਂ ਅਲੰਬਰਦਾਰਾਂ ਨੂੰ ਫਿਲਮਾਂ ਚ ਪਰੋਸੇ ਜਾਂਦੇ ਨੰਗੇਜ਼, ਖਪਤਕਾਰੀ ਸਭਿਆਚਾਰ ਵਾਲੇ ਊਲ ਜਲੂਲ ਵਿਸ਼ਿਆਂ ਤੇ ਕਦੇ ਇਤਰਾਜ਼ ਨਹੀਂ ਉੱਠਿਆ ਕਿਉਂਕਿ ਸਾਮਰਾਜੀ ਚਾਕਰੀ ਚ ਗਲ ਗਲ ਖੁੱਭੇ ਕੌਮ ਧਰਮ ਦੇ ਇਨ੍ਹਾਂ ਠੇਕੇਦਾਰਾਂ ਨੂੰ ਸਾਮਰਾਜੀ ਪੂੰਜੀ ਤੇ ਸਭਿਆਚਾਰ ਦੀ ਚਾਕਰੀ ਚ ਸਾਰਾ ਦਿਨ ਮੀਡੀਏ ਸਾਹਮਣੇ ਲੋਟਣੀਆਂ ਲਾਉਂਦਿਆਂ ਵੇਖਿਆ ਜਾ ਸਕਦਾ ਹੈ। ਪਰ ਬੋਲੀ ਤੇ ਸਭਿਆਚਾਰ ਦੀ ਸਾਂਝ ਵਾਲੇ ਗੁਆਂਢੀ ਮੁਲਕ ਦੇ ਲੋਕਾਂ ਤੇ ਕਲਾਕਾਰਾਂ ਪ੍ਰਤੀ ਅਜਿਹੀ ਪਹੁੰਚ ਅਖ਼ਤਿਆਰ ਕਰਕੇ ਲੋਕਾਂ ਨੂੰ ਕੌਮਪ੍ਰਸਤੀ ਦਾ ਪਾਠ ਪੜ੍ਹਾਇਆ ਜਾ ਰਿਹਾ ਹੈ। ਇਹ ਭਾਰਤੀ ਹਾਕਮ ਜਮਾਤਾਂ ਦਾ ਆਪਣੀਆਂ ਸੌੜੀਆਂ ਸਿਆਸੀ ਜ਼ਰੂਰਤਾਂ ਲਈ ਦੋਹਾਂ ਮੁਲਕਾਂ ਦੇ ਲੋਕਾਂ ਦੀ ਸਾਂਝ ਨੂੰ ਚੀਰਾ ਦੇਣ ਦਾ ਦਹਾਕਿਆਂ ਪੁਰਾਣਾ ਪੈਂਤੜਾ ਹੈ।
ਭਾਰਤੀ ਹਾਕਮਾਂ ਤੇ ਖਰੂਦੀ ਜਨੂੰਨੀ ਅਨਸਰਾਂ ਦੀ ਇਸ ਧੱਕੜ, ਗੈਰ-ਜਮਹੂਰੀ ਤੇ ਫਾਸ਼ੀ ਕਾਰਵਾਈ ਦਾ ਜ਼ੋਰਦਾਰ ਵਿਰੋਧ ਕਰਨਾ ਚਾਹੀਦਾ ਹੈ ਤੇ ਸਾਮਰਾਜ ਵਿਰੋਧੀ ਖਰੀ ਦੇਸ਼ ਭਗਤੀ ਦਾ ਝੰਡਾ ਬੁਲੰਦ ਕਰਨਾ ਚਾਹੀਦਾ ਹੈ। ਕਲਾ ਖੇਤਰ ਤੇ ਅਜਿਹੀਆਂ ਪਾਬੰਦੀਆਂ ਮੜ੍ਹਨ ਖਿਲਾਫ਼ ਡਟਣਾ ਚਾਹੀਦਾ ਹੈ।
24-10-16

No comments:

Post a Comment