ਜਵਾਨੀ ਨੂੰ ਬਸੰਤੀ ਰੰਗ ’ਚ ਰੰਗਣ ਦਾ ਇੱਕ ਹੰਭਲਾ
- ਸਟਾਫ਼ ਰਿਪੋਰਟਰ
ਸ਼ਹੀਦ-ਏ-ਆਜ਼ਮ ਭਗਤ ਸਿੰਘ ਦੇ ਜਨਮ ਦਿਹਾੜੇ
ਜਸ਼ਨਾਂ ਦਾ ਇੱਕ ਵਾਰ ਫਿਰ ਬਰਨਾਲਾ ਗਵਾਹ ਬਣਿਆ। ਇਸ ਵਾਰ ਇਹ ਜਸ਼ਨਾਂ ਦੀ ਰੰਗਤ ਨੌਜਵਾਨ ਕਾਫਲਿਆਂ
ਦੀ ਧਮਕ ਨਾਲ ਸਰਸ਼ਾਰ ਸੀ। ਇਹਨੇ 2007 ’ਚ ਸ਼ਹੀਦ ਦੀ ਜਨਮ ਦਿਹਾੜਾ ਸ਼ਤਾਬਦੀ ਦੇ ਵੱਡੇ ਸੰਗਰਾਮੀ
ਜਸ਼ਨਾਂ ਦੀ ਯਾਦ ਨੂੰ ਲੋਕ ਚੇਤਿਆਂ ’ਚ ਮੁੜ ਹੰਗਾਲ ਦਿੱਤਾ। ਹਾਕਮਾਂ ਦੇ ਚੌਤਰਫੇ ਹੱਲੇ ਦੀ
ਮਾਰ ਹੰਢਾ ਰਹੀ ਪੰਜਾਬ ਦੀ ਜਵਾਨੀ ਨੂੰ ਸ਼ਹੀਦ ਦੇ ਵਿਚਾਰਾਂ ਦਾ ਸੰਦੇਸ਼ ਸੁਣਾਉਣ ਦਾ ਸ਼ਾਨਦਾਰ
ਉਪਰਾਲਾ ਹੋ ਨਿਬੜੀ ਰੰਗ ਦੇ ਬਸੰਤੀ ਕਾਨਫਰੰਸ।
ਰੰਗ ਦੇ ਬਸੰਤੀ ਕਾਨਫਰੰਸ ਨੂੰ ਵੱਖ-ਵੱਖ
ਮਿਹਨਤਕਸ਼ ਤਬਕਿਆਂ ’ਚ ਸਰਗਰਮ ਲੋਕ ਜਥੇਬੰਦੀਆਂ ਦੇ ਆਗੂਆਂ ਦੀ ਕਮੇਟੀ
ਵੱਲੋਂ ਜਥੇਬੰਦ ਕੀਤਾ ਗਿਆ ਸੀ। ਇਸ ਕਾਨਫਰੰਸ ਨੂੰ ਕਰਨ ਦਾ ਫੈਸਲਾ ਜ਼ੋਰਦਾਰ ਸੰਘਰਸ਼ ਰੁਝੇਵਿਆਂ ਦੇ
ਬਹੁਤ ਹੀ ਸਖ਼ਤ ਸਮਾਂ ਸੂਚੀ ਦੇ ਬਾਵਜੂਦ ਲਿਆ ਗਿਆ ਸੀ ਕਿਉਂਕਿ ਨੌਜਵਾਨਾਂ ਨੂੰ ਸ਼ਹੀਦ ਭਗਤ ਸਿੰਘ ਦੇ
ਇਨਕਲਾਬੀ ਵਿਚਾਰਾਂ ਦੀ ਰੰਗਤ ’ਚ ਰੰਗਣ ਦੇ ਕਾਰਜ ਦੀ ਵਡੇਰੀ ਅਹਿਮੀਅਤ ਬਣਦੀ ਹੈ। ਵਿਸ਼ੇਸ਼
ਕਰਕੇ ਚੱਲ ਰਹੇ ਖੇਤ-ਮਜ਼ਦੂਰ ਤੇ ਕਿਸਾਨ ਸੰਘਰਸ਼ਾਂ ਦੇ ਪਹਿਲੇ ਮਹੀਨਿਆਂ ਦੌਰਾਨ ਨੌਜਵਾਨਾਂ ਦੀ
ਸ਼ਮੂਲੀਅਤ ਤੇ ਇਹਨਾਂ ਜਥੇਬੰਦੀਆਂ ਵੱਲੋਂ ਵਿਸ਼ੇਸ਼ ਜ਼ੋਰ ਲਾਇਆ ਗਿਆ ਸੀ ਤੇ ਇਸਦੇ ਸਿੱਟੇ ਵਜੋਂ ਇਹਨਾਂ
ਮੁਹਿੰਮਾਂ ਤੇ ਘੋਲ ਸੱਦਿਆਂ ਦੌਰਾਨ ਨੌਜਵਾਨ ਟੋਲੀਆਂ ਦੀ ਭਰਵੀਂ ਹਾਜਰੀ ਰਹੀ ਸੀ। ਇਹਨਾਂ ਨੌਜਵਾਨ
ਹਿੱਸਿਆਂ ਨੂੰ ਸੀਮਤ ਮੰਗਾਂ ਤੋਂ ਅੱਗੇ ਲੋਕ ਮੁਕਤੀ ਦੇ ਰਾਹ ਵੱਲ ਜਾਂਦੇ ਵਿਚਾਰਾਂ ਦੇ ਲੜ ਲਾਉਣ
ਦੀ ਭਰਦੀ ਜ਼ਰੂਰਤ ਨੂੰ ਹੁੰਗਾਰਾ ਭਰਨ ਦੀ ਜਿੰਮੇਦਾਰੀ ਇਹਨਾਂ ਆਗੂਆਂ ਨੇ ਆਪਣੇ ਮੋਢਿਆਂ ’ਤੇ ਲਈ ਸੀ।
ਜ਼ੋਰਦਾਰ ਸੰਘਰਸ਼ ਰੁਝੇਵਿਆਂ ਦੌਰਾਨ ਵਿਆਪਕ ਪੱਧਰ ’ਤੇ ਤਿਆਰੀ ਮੁਹਿੰਮ
ਚਲਾਉਣ ਦੀ ਬਹੁਤੀ ਗੁੰਜਾਇਸ਼ ਨਹੀਂ ਸੀ। ਪਰ ਇਸਦੇ ਬਾਵਜੂਦ ਵੀ ਸੈਂਕੜੇ ਕਿਸਾਨ ਸਰਗਰਮਾਂ ਦੀ ਇੱਕ
ਭਰਵੀਂ ਇਕੱਤਰਤਾ ਕੀਤੀ ਗਈ, ਜਿੱਥੇ ਇਸ ਕਾਨਫਰੰਸ ਦੇ ਮਹੱਤਵ ਬਾਰੇ ਚਾਨਣਾ ਪਾਇਆ
ਗਿਆ। ਨੌਜਵਾਨ ਭਾਰਤ ਸਭਾ ਵੱਲੋਂ ਕੁੱਝ ਖੇਤਰਾਂ ’ਚ ਜਨਤਕ ਪੈਮਾਨੇ ’ਤੇ ਚੰਗੀ
ਮੁਹਿੰਮ ਚਲਾਈ ਗਈ ਜਿਸ ਦੌਰਾਨ ਹਜ਼ਾਰਾਂ ਲੋਕਾਂ ਤੇ ਨੌਜਵਾਨਾਂ ਨੂੰ ਸੰਬੋਧਤ ਹੋਇਆ ਗਿਆ। ਲਗਭਗ ਦੋ
ਦਰਜਨ ਪਿੰਡਾਂ ਤੇ ਵਿਦਿਅਕ ਸੰਸਥਾਵਾਂ ’ਚ ਨੁੱਕੜ ਨਾਟਕਾਂ, ਮੀਟਿੰਗਾਂ
ਰੈਲੀਆਂ ਰਾਹੀਂ ਮੁਹਿੰਮ ਦਾ ਸੰਦੇਸ਼ ਉਭਾਰਿਆ ਗਿਆ। 50 ਹਜ਼ਾਰ ਦੀ ਗਿਣਤੀ ’ਚ ਛਾਪਿਆ ਹੱਥ
ਪਰਚਾ ਪੰਜਾਬ ਭਰ ’ਚ ਵੰਡਿਆ ਗਿਆ ਤੇ 15 ਹਜ਼ਾਰ ਪੋਸਟਰ
ਨੇ ਲੋਕਾਂ ਦਾ ਧਿਆਨ ਵਿਸ਼ੇਸ਼ ਕਰਕੇ ਖਿੱਚਿਆ।
27 ਸਤੰਬਰ ਨੂੰ ਬਰਨਾਲੇ
ਦੀ ਦਾਣਾ ਮੰਡੀ ਦੇ ਸਜੇ ਪੰਡਾਲ ’ਚ ਨੌਜਵਾਨ ਕਾਫਲਿਆਂ ਦੀ ਆਮਦ ਨਿਵੇਕਲੀ ਸੀ। ਕਮੇਟੀ
ਵੱਲੋਂ ਜਨਮ ਦਿਹਾੜਾ ਜਸ਼ਨਾਂ ’ਚ ਨੱਚਦੇ, ਗਾਉਂਦੇ ਤੇ ਗਰਜਦੇ ਹੋਏ
ਪੁੱਜਣ ਦੇ ਦਿੱਤੇ ਸੱਦੇ ਨੂੰ ਨੌਜਵਾਨਾਂ ਨੇ ਉਤਸ਼ਾਹੀ ਹੁੰਗ•ਾਰਾ ਭਰਿਆ। ਵੱਡਾ
ਹਿੱਸਾ ਨੌਜਵਾਨ ਗਿਣਤੀ ਮੋਟਰ ਸਾਈਕਲ ਮਾਰਚ ਕਰਦੀ ਤੇ ਰੰਗ ਦੇ ਬਸੰਤੀ ਚੋਲਾ ਦੇ ਗੀਤ ਵਜਾਉਂਦੀ ਹੋਈ
ਆਈ। ਪੰਡਾਲ ’ਚ ਦਾਖਲ ਹੁੰਦੇ ਕਾਫਲਿਆਂ ਦੇ ਨਾਅਰਿਆਂ ਦੀ ਗੂੰਜ ’ਚ ਰਵਾਇਤੀ
ਲੋਕ ਸਾਜਾਂ ਦੀ ਸੁਰ ਦਾ ਸੰਗਮ ਗੂੰਜਦਾ ਸੀ। ਬਸੰਤੀ ਪੱਗਾਂ ਬੰਨ੍ਹ ਕੇ ਪੁੱਜੇ ਨੌਜਵਾਨਾਂ
ਦੀਆਂ ਕਈ ਟੋਲੀਆਂ ਨੂੰ ਢੋਲ ਦੀ ਧਮਕ ’ਤੇ ਭੰਗੜਾ ਪਾਉਂਦਿਆਂ ਦੇਖ ਕੇ ਪੰਡਾਲ ’ਚ ਜੁੜੇ ਇਕੱਠ
ਦਾ ਜੋਸ਼ ਦੂਣਾ ਚੌਣਾ ਹੋ ਰਿਹਾ ਸੀ ਤੇ ਪੰਜਾਬ ਦੀ ਇਨਕਲਾਬੀ ਲੋਕ ਲਹਿਰ ਨੂੰ ਜਵਾਨੀ ਦਾ ਚੜ੍ਹ ਰਿਹਾ ਰੰਗ ਇੱਕ ਆਸ ਬਣ
ਅੱਖਾਂ ’ਚ ਤੈਰਦਾ
ਜਾਪਦਾ ਸੀ। ਇਕੱਠ ’ਚ ਕਿਸਾਨ-ਮਜ਼ਦੂਰ ਨੌਜਵਾਨਾਂ ਤੋਂ ਇਲਾਵਾ ਵਿਦਿਆਰਥੀਆਂ, ਫੈਕਟਰੀ ਕਾਮਿਆਂ
ਦੀ ਵੀ ਸ਼ਮੂਲੀਅਤ ਸੀ, ਕੁੱਲ ਗਿਣਤੀ 7000 ਤੱਕ ਸੀ।
ਸਮਾਗਮ ਦੀ ਸ਼ੁਰੂਆਤ ਸ਼ਹੀਦ ਭਗਤ ਸਿੰਘ ਨੂੰ
ਸ਼ਰਧਾਂਜਲੀ ਦੇ ਨਿਵੇਕਲੇ ਤਰੀਕੇ ਨਾਲ ਹੋਈ। ਰੰਗ ਦੇ ਬਸੰਤੀ ਚੋਲਾ ਗੀਤ ਦੀ ਧੁਨ ਤੇ ਸਮੁੱਚੇ ਇਕੱਠ
ਨੇ ਖੜ੍ਹੇ ਹੋ ਕੇ ਲੋਕ ਮੁਕਤੀ ਦੇ ਮਹਾਨ ਕਾਜ਼ ’ਚ ਹਿੱਸਾ ਪਾਉਣ ਦਾ
ਅਹਿਦ ਲਿਆ। ਲਗਭਗ 3 ਘੰਟੇ ਤਕਰੀਰਾਂ ਤੇ ਗੀਤਾਂ ਦਾ ਪ੍ਰਵਾਹ ਚੱਲਿਆ। ਭਗਤ
ਸਿੰਘ ਨੂੰ ਸਮਰਪਤ ਗੀਤਾਂ ਤੋਂ ਇਲਾਵਾ ਰਸੂਲਪੁਰ ਦੇ ਕਵੀਸ਼ਰੀ ਜਥੇ ਵੱਲੋਂ 72 ਦੇ ਮੋਗਾ
ਵਿਦਿਆਰਥੀ ਘੋਲ ਅਤੇ ਪ੍ਰਿਥੀ ਦੀ ਸ਼ਹਾਦਤ ਬਾਅਦ ਉੱਠੇ ਘੋਲ ਦੀਆਂ ਕਵੀਸ਼ਰੀਆਂ ਨੇ 70ਵਿਆਂ ਦੀ
ਵਿਦਿਆਰਥੀ ਲਹਿਰ ਦੀ ਹਲੂਣਵੀ ਦੇਣ ਨੂੰ ਪੁਰਾਣੀ ਪੀੜ੍ਹੀ ਦੀਆਂ ਅੱਖਾਂ ਅੱਗੇ ਲੈ ਆਂਦਾ ਤੇ ਨਵਿਆਂ ’ਚ ਜਗਿਆਸਾ ਤੇ
ਅਚੰਭੇ ਦੇ ਰਲੇ ਮਿਲੇ ਭਾਵ ਉਭਾਰ ਦਿੱਤੇ। ਕਮੇਟੀ ਤਰਫੋਂ ਕਨਵੀਨਰ ਪਾਵੇਲ ਕੁੱਸਾ, ਕਮੇਟੀ
ਮੈਂਬਰਾਂ ਲਛਮਣ ਸਿੰਘ ਸੇਵੇਵਾਲਾ, ਜੋਗਿੰਦਰ ਸਿੰਘ ਉਗਰਾਹਾਂ ਤੇ ਹਰਵਿੰਦਰ ਕੌਰ ਬਿੰਦੂ
ਨੇ ਸੰਬੋਧਨ ਕੀਤਾ। ਉਹਨਾਂ ਨੇ ਨੌਜਵਾਨ ਪੀੜ੍ਹੀ ਨੂੰ ਭਗਤ ਸਿੰਘ ਦੇ ਵਿਚਾਰਾਂ ਤੇ ਕੁਰਬਾਨੀ ਦੇ
ਬਸੰਤੀ ਰੰਗ ਨਾਲ ਰੰਗਣ ਲਈ ਜ਼ੋਰਦਾਰ ਯਤਨ ਜਟਾਉਣ ਦਾ ਐਲਾਨ ਕੀਤਾ। ਉਹਨਾਂ ਕਿਹਾ ਕਿ ਭਗਤ ਸਿੰਘ ਦੇ
ਵਿਚਾਰਾਂ ਦੇ ਸਮਾਜ ਤੇ ਰਾਜ ਵੱਲ ਜਾਂਦਾ ਰਸਤਾ ਅੱਜ ਦੇ ਲੋਕ ਘੋਲਾਂ ਵਿੱਚੋਂ ਹੀ ਹੋ ਕੇ ਜਾਣਾ ਹੈ।
ਅੱਜ ਨਿਗੂਣੀਆਂ ਤੇ ਛੋਟੀਆਂ ਮੰਗਾਂ ’ਤੇ ਚੱਲਦੇ ਸੰਘਰਸ਼ ਇਨਕਲਾਬ ਤੱਕ ਤੋੜ ਚੜ੍ਹਨ ਦੇ ਬੀਜ
ਸਮੋਈ ਬੈਠੇ ਹਨ, ਬਸ਼ਰਤੇ ਇਹਨਾਂ ਨੂੰ ਭਗਤ ਸਿੰਘ ਦੇ ਵਿਚਾਰਾਂ ਦੀ ਪਾਹ ਚੜ੍ਹ ਜਾਵੇ। ਇਹ ਕਾਰਜ
ਨੌਜਵਾਨਾਂ ਨੇ ਕਰਨਾ ਹੈ, ਜਿਨ੍ਹਾਂ ਨੂੰ ਭਗਤ ਸਿੰਘ ਦਾ ਸੁਨੇਹਾ ਸੁਣਨਾ ਚਾਹੀਦਾ
ਹੈ। ਇਸ ਪ੍ਰਸੰਗ ’ਚ ਦਲਿਤਾਂ ’ਤੇ ਹੁੰਦੇ ਜਬਰ-ਧੱਕੇ
ਤੋਂ ਲੈ ਕੇ ਨਸ਼ਿਆਂ, ਲੱਚਰਤਾ ਵਰਗੇ ਸਮਾਜਿਕ ਸਭਿਆਚਾਰਕ ਹੱਲਿਆਂ ਦੀ ਚਰਚਾ
ਹੋਈ। ਕਰਜ਼ਾ ਮੁਕਤੀ ਤੇ ਜ਼ਮੀਨ ਪ੍ਰਾਪਤੀ ਲਈ ਚੱਲਦੇ ਸੰਘਰਸ਼ਾਂ ਤੋਂ ਲੈ ਕੇ ਥਰਮਲਾਂ ਦੇ ਨਿੱਜੀਕਰਨ
ਖਿਲਾਫ਼ ਪੱਕੇ ਰੁਜ਼ਗਾਰ ਲਈ ਜੂਝਦੇ ਕਾਮਿਆਂ ਦੇ ਸੰਘਰਸ਼ਾਂ ਦੀਆਂ ਬਰਕਤਾਂ ਦੀ ਗੱਲ ਕੀਤੀ ਗਈ। ਇਹ
ਸਾਰੀ ਚਰਚਾ ਹਾਕਮ ਜਮਾਤੀ ਪਾਰਟੀਆਂ ਦੇ ਅਖੌਤੀ ਵਿਕਾਸ ਮਾਡਲ ਦੇ ਬਦਲ ਤੇ ਹਕੀਕੀ ਲੋਕ ਪੱਖੀ ਵਿਕਾਸ
ਮਾਡਲ ਦੇ ਪ੍ਰਸੰਗ ’ਚ ਹੋਈ ਤੇ ਪੰਜਾਬ ਦੀਆਂ ਵਿਧਾਨ ਸਭਾ ਚੋਣਾਂ ਦੇ
ਮਾਹੌਲ ’ਚ ਰਾਜ ਦੀ
ਤਬਦੀਲੀ ਦੇ ਲੱਗ ਰਹੇ ਨਾਅਰਿਆਂ ਦੀ ਹਕੀਕਤ ਉਘਾੜ ਕੇ ਅਸਲ ਤਬਦੀਲੀ ਲਈ ਜਦੋਜਹਿਦ ਦੇ ਨਕਸ਼ਾਂ ’ਤੇ ਝਾਤ ਪੁਆਈ
ਗਈ। ਵੋਟ ਰਾਹ ਦੇ ਮੁਕਾਬਲੇ ਲੋਕ ਸੰਘਰਸ਼ਾਂ ਦੇ ਮਾਰਗ ਨੂੰ ਹੀ ਭਗਤ ਸਿੰਘ ਦੇ ਸੁਪਨਿਆਂ ਦੀ ਪੂਰਤੀ
ਦੇ ਮਾਰਗ ਵਜੋਂ ਉਭਾਰਿਆ ਗਿਆ। ਨੌਜਵਾਨਾਂ ਨੂੰ ਲੋਕ ਲਹਿਰ ਦੀਆਂ ਮੂਹਰਲੀਆਂ ਸਫਾਂ ’ਚ ਆ ਕੇ ਰੋਲ
ਨਿਭਾਉਣ ਦਾ ਸੱਦਾ ਦਿੱਤਾ ਗਿਆ। ਉੱਘੇ ਨਾਟਕਕਾਰ ਦੀ ਧੀ ਨਵਸ਼ਰਨ ਕੌਰ ਨੇ ਵੀ ਸੰਬੋਧਨ ਕੀਤਾ ਤੇ
ਦਲਿਤਾ-ਔਰਤਾਂ ਨਾਲ ਹੁੰਦੇ ਧੱਕੇ ਵਿਤਕਰਿਆਂ ਦੇ ਖਾਤਮੇ ਲਈ ਸੰਘਰਸ਼ ਤੇਜ਼ ਕਰਨ ਦਾ ਸੱਦਾ ਦਿੱਤਾ।
ਇਸੇ ਦੌਰਾਨ ਕਮੇਟੀ ਵੱਲੋਂ ਇੱਕ ਪੈਂਫਲਿਟ
ਇਨਕਲਾਬ ਦਾ ਸੂਹਾ ਚਿੰਨ੍ਹ ਮੰਚ ਤੋਂ ਜਾਰੀ ਕੀਤਾ ਗਿਆ। ਕਾਨਫਰੰਸ ਦੀ ਸਮਾਪਤੀ
ਅਮੋਲਕ ਸਿੰਘ ਦੇ ਲਿਖੇ ਗੀਤ ‘‘ਜਾਗੋ ਜਾਗੋ ਗੂੜ੍ਹੀ ਨੀਂਦੇ ਸੌਣ ਵਾਲਿਉ’’ ਨਾਲ ਹੋਈ
ਜਿਸਨੂੰ ਹਰਵਿੰਦਰ ਦੀਵਾਨਾ ਦੀ ਟੀਮ ਵੱਲੋਂ ਐਕਸ਼ਨ ਗੀਤ ਵਜੋਂ ਪੇਸ਼ ਕੀਤਾ ਗਿਆ।
ਸਮਾਪਤੀ ਮੌਕੇ ਵੱਡਾ ਹਿੱਸਾ ਰਾਤ ਦੇ
ਇਨਕਲਾਬੀ ਰੰਗਮੰਚ ਦਿਵਸ ਸਮਾਗਮ ’ਚ ਸ਼ਮੂਲੀਅਤ ਲਈ ਰੁਕਿਆ ਤੇ ਇਸ ਹਿੱਸੇ ਵੱਲੋਂ ਸ਼ਾਮ
ਨੂੰ ਬਰਨਾਲਾ ਸ਼ਹਿਰ ’ਚ ਮਾਰਚ ਵੀ ਕੀਤਾ ਗਿਆ। ਇਹ ਗਿਣਤੀ ਵੀ ਹਜ਼ਾਰਾਂ ’ਚ ਸੀ। ਦਿਨ
ਢਲਣ ਮੌਕੇ ਇਸ ਰੁਕੇ ਇਕੱਠ ਵੱਲੋਂ ਇਨਕਲਾਬੀ ਨਾਅਰਿਆਂ ਦੀ ਗੂੰਜ ਦਰਮਿਆਨ ਜ਼ੋਰਦਾਰ ਆਤਿਸ਼ਬਾਜੀ ਕੀਤੀ
ਗਈ ਜਿਸਨੇ ਜਸ਼ਨਾਂ ਦੀ ਰੰਗਤ ਨੂੰ ਹੋਰ ਗੂੜ੍ਹੀ ਕਰ ਦਿੱਤਾ। ਇਸ ਆਤਿਸ਼ਬਾਜੀ ਦਾ ਨਾਲ ਦੇ ਪੰਡਾਲ ’ਚ ਸ਼ੁਰੂ ਹੋ
ਰਹੇ ਰਾਤ ਦੇ ਸਮਾਗਮ ਦੇ ਮੰਚ ਤੋਂ ਨਾਅਰਿਆਂ ਨਾਲ ਜ਼ੋਰਦਾਰ ਸਵਾਗਤ ਹੋਇਆ।
ਇਹ ਕਾਨਫਰੰਸ ਸਿਰਫ ਨਾ ਪੱਖੋਂ ਹੀ ਨਹੀਂ
ਆਪਣੇ ਨਿਭਾਅ ਪੱਖੋਂ ਵੀ ਰੰਗ ਦੇ ਬਸੰਤੀ ਕਾਨਫਰੰਸ ਹੋ ਨਿਬੜੀ। ਸ਼ਾਮਲ ਹਿੱਸਿਆਂ ਵੱਲੋਂ ਇਸ ਦਿਹਾੜੇ
ਨੂੰ ਹਰ ਸਾਲ ਮਨਾਉਂਦੇ ਰਹਿਣ ਦੀ ਪ੍ਰਗਟ ਹੋਈ ਤਾਂਘ ਇਸਦੀ ਤੱਤ ਤੇ ਸ਼ਕਲ ਪੱਖੋਂ ਸਫਲਤਾ ਦੀ ਮੋਹਰ
ਬਣ ਗਈ।
No comments:
Post a Comment