Monday, October 24, 2016

29. ਪਾਠਕ ਸੱਥ



ਸੰਪਾਦਕ ਜੀ,
ਜੁਲਾਈ-ਅਗਸਤ ਅੰਕ ਦਿੱਖ ਪੱਖੋਂ ਵੀ ਵਧੀਆ ਤੇ ਇਸ ਚ ਆਈਆਂ ਲਿਖਤਾਂ ਪੱਖੋਂ ਵੀ ਵਧੀਆ ਲੱਗਿਆ ਵੰਨ-ਸੁਵੰਨੀਆਂ ਲਿਖਤਾਂ ਪੰਜਾਬ ਦੇ ਨਾਲ ਕੌਮੀ ਤੇ ਕੌਮਾਂਤਰੀ ਵਰਤਾਰਿਆਂ ਬਾਰੇ ਬੱਝਵੀਂ ਸਮੱਗਰੀ ਪ੍ਰਦਾਨ ਕਰਨ ਤੇ ਮਘ ਰਹੇ ਸੰਘਰਸ਼ਾਂ ਦੇ ਪਿੜ ਚ ਵਾਪਰ ਰਹੇ ਘਟਨਾਕ੍ਰਮ ਤੇ ਸੰਘਰਸ਼ਸ਼ੀਲ ਹਿੱਸਿਆਂ ਨੂੰ ਅਗਵਾਈ ਦੇਣ ਚ ਸਹਾਈ ਹੋਣ ਵਾਲੀਆਂ ਸਨ। ਉਨ੍ਹਾਂ ਚੋਂ ਕੁਝ ਕੁ ਬਾਰੇ ਵਿਚਾਰ ਇਹ ਨੇ - ਸੰਪਾਦਕੀ ਲੇਖ ‘‘ਲੋਕ ਧੜੇ ਦੇ ਪੋਲ ਨੂੰ ਉਭਾਰਨ ਦੀ ਲੋੜ’’ ਏਸ ਪੱਖੋਂ ਚੰਗਾ ਲੱਗਿਆ ਕਿ ਜਿੱਥੇ ਇਸ ਚ ਸਿਆਸੀ ਪਾਰਟੀਆਂ ਦੇ (ਖਾਸ ਕਰਕੇ ਅਕਾਲੀ ਪਾਰਟੀ ਦੀ) ਦੇ ਲੋਕ ਦੋਖੀ ਚਿਹਰਿਆਂ ਨੂੰ ਬੇਪੜਦ ਕੀਤਾ ਗਿਆ ਹੈ ਉਥੇ ਸੰਘਰਸ਼ਸ਼ੀਲ ਹਿੱਸਿਆਂ ਵਾਸਤੇ ਸੇਧ ਵੀ ਮੁਹੱਈਆ ਕੀਤੀ ਹੈ ਕਿ ਜਦੋਂ ਹਕੂਮਤੀ ਰਵੱਈਆ ਬੜੀ ਢੀਠਤਾਈ ਨਾਲ ਕਿਸਾਨੀ ਸੰਘਰਸ਼ਾਂ ਨੂੰ ਅਣਗੌਲਿਆ ਕਰਨ, ਲਮਕਾਉਣ ਤੇ ਹਫਾਉਣ ਰਾਹੀਂ ਬੇਦਿਲ ਕਰਨ ਦਾ ਨਿਬੜ ਰਿਹਾ ਹੋਵੇ ਤਾਂ ਕਿਸਾਨ ਰੌਂਅ ਤੇ ਲਾਮਬੰਦੀ ਨੂੰ ਬਰਕਰਾਰ ਰੱਖਣ ਲਈ ਕਿਸਾਨ ਲੀਡਰਸ਼ਿਪ ਨੂੰ ਘੋਲ ਦੇ ਫੌਰੀ, ਤਿੱਖੇ ਤੇ ਬੋਚਵੇਂ ਰੂਪਾਂ ਨੂੰ ਧਰਨੇ ਵਰਗੇ ਹਫਾਊ ਰੂਪਾਂ ਨਾਲ ਸੁਮੇਲ ਕਰਨ ਦੀ ਲੋੜ ਹੈ’’
-           ਕਿ ਪੰਜਾਬ ਦੇ ਅਨੇਕਾਂ ਪਿੰਡਾਂ ਚ ਖੇਤ ਮਜ਼ਦੂਰਾਂ ਤੇ ਬੇਜ਼ਮੀਨੇ ਕਿਸਾਨਾਂ ਵੱਲੋਂ ਸਾਂਝੀਆਂ ਪੰਚਾਇਤੀ ਜ਼ਮੀਨਾਂ ਲਈ ਉ¤ਠੇ ਘੋਲਾਂ ਨੂੰ ਵਿਆਪਕ ਪ੍ਰਚਾਰ, ਲਾਮਬੰਦੀ ਤੇ ਸੰਘਰਸ਼ ਦਾ ਹਿੱਸਾ ਬਣਾਉਣ ਦੇ ਨਾਲ ਇਸਨੂੰ ਇਨਕਲਾਬੀ ਜ਼ਰੱਈ ਸੁਧਾਰਾਂ ਦਾ ਅੰਗ ਬਣਾਉਣਾ ਚਾਹੀਦਾ ਹੈ।
-           ਕਿ ਸਰਕਾਰ ਦੇ ਮੁਲਾਜ਼ਮ ਵਿਰੋਧੀ ਹੱਥਕੰਡਿਆਂ ਨੂੰ ਨਾਕਾਮ ਕਰਨ ਲਈ ਇਨ੍ਹਾਂ ਸਾਰੇ ਸੰਘਰਸ਼ਸ਼ੀਲ ਹਿੱਸਿਆਂ ਦੀ ਤਾਕਤ ਨੂੰ ਇੱਕ ਲੜੀ ਚ ਪਰੋਣ ਦੀ ਲੋੜ ਹੈ।
ਸਫ਼ਾਂ ਪੰਜ ਦੇ ਦੂਜੇ ਪੈਰ੍ਹੇ ਦੇ ਅਖੀਰ ਚ ਔਰਤਾਂ ਦੀ ਕਿਸਾਨੀ ਸੰਘਰਸ਼ਾਂ ਚ ਵਧ ਰਹੀ ਸ਼ਮੂਲੀਅਤ ਦੀ ਗੱਲ ਕਰਦਿਆਂ, ‘‘ਦਾਅਪੇਚਕ ਪੱਖ ਤੋਂ ਇਹ ਲੀਡਰਸ਼ਿੱਪ ਲਈ ਵੱਧ ਲਚਕਦਾਰ ਹਾਲਤ ਮੁਹੱਈਆ ਕਰਦਾ ਹੈ’’, ਨੂੰ ਜੇ ਥੋੜ੍ਹਾ ਵਿਸਥਾਰ ਨਾਲ ਦੱਸ ਸਕੋਂ ਤਾਂ ਚੰਗਾ ਹੈ।
ਮੇਰਾ ਪਰਚੇ ਰਾਹੀਂ ਸੰਘਰਸ਼ਸ਼ੀਲ ਹਿੱਸਿਆਂ ਨੂੰ ਇਹ ਜ਼ੋਰਦਾਰ ਸੁਝਾਅ ਤੇ ਅਪੀਲ ਹੈ ਕਿ ਜਦੋਂ ਹਰ ਤਬਕੇ ਚ ਪ੍ਰਚਾਰ ਰਾਹੀਂ ਸਿੱਖਿਅਤ ਕਰਨ ਪੱਖੋਂ ਆਗੂ ਟੀਮਾਂ ਦੀ ਬਹੁਤ ਭਾਰੀ ਥੁੜੋਂ ਹੈ ਤਾਂ ਇਹ ਪਰਚਾ ਕਾਫ਼ੀ ਹੱਦ ਤੱਕ ਉਸ ਦੀ ਭਰਪਾਈ ਲਈ ਸਹਾਈ ਹੋ ਸਕਦਾ ਹੈ। ਇਸ ਲਈ ਆਪੋ ਆਪਣੇ ਤਬਕਿਆਂ ਚ ਵਿਆਪਕ ਪੱਧਰ ਤੇ ਪਰਚੇ ਦੇ ਪਾਠਕ ਬਣਾ ਕੇ ਇਸਦਾ ਵੱਧ ਤੋਂ ਵੱਧ ਫਾਇਦਾ ਉਠਾਉਣਾ ਚਾਹੀਦਾ ਹੈ।
‘‘ਜੇ. ਐਨ. ਯੂ. ਤੋਂ ਇੱਕ ਭਾਸ਼ਣ ਇਹ ਵੀ’’ ਇਸ ਪੱਖੋਂ ਚੰਗਾ ਲੱਗਿਆ ਕਿ ਇਸ ਵਿੱਚ ਬਾਖੂਬੀ ਵਰਨਣ ਕੀਤਾ ਹੈ ਕਿ ਜੇ. ਐਨ. ਯੂ. ਦੇ ਵਿਦਿਆਰਥੀਆਂ ਦਾ ਵੱਡਾ ਹਿੱਸਾ ਕੌਮ/ਕੌਮੀਅਤ ਅਤੇ ਕੌਮਵਾਦ ਦੇ ਹਾਕਮ ਜਮਾਤੀ ਸੰਕਲਪ ਦੀ ਅਲੋਚਨਾ ਕਰਨ ਚ ਅਸਫ਼ਲ ਰਿਹਾ ਹੈ। 50 ਸਾਲ ਤੋਂ ਵੱਧ ਸਮਾਂ ‘‘ਅਫਸਪਾ’’ ਨੂੰ ਪ੍ਰਵਾਨਗੀ ਦੇਣ ਵਾਲੇ ਸੰਵਿਧਾਨ ਚ ਮੂਲੋਂ ਹੀ ਅੰਨ੍ਹਾ ਭਰੋਸਾ ਬੁੱਧੀਜੀਵੀਆਂ ਦੀ ਤਰਸਯੋਗ ਹਾਲਤ ਨੂੰ ਹੀ ਬਿਆਨ ਕਰਦਾ ਹੈ। ਇਹ ਅਦਾਲਤੀ ਢਾਂਚਾ ਸਹੂਲਤਾਂ ਤੋਂ ਸੱਖਣੇ ਲੋਕਾਂ ਨੂੰ ਅਣਡਿੱਠ ਕਰਦਾ ਹੈ। ਰਾਜਭਾਗ ਦੀ ਬਰਤਾਨੀਆ ਤੋਂ ਭਾਰਤੀ ਕੁਲੀਨ ਵਰਗ ਨੂੰ ਤਬਦੀਲੀ ਹੋਈ ਹੈ ਪਰ ਦੱਬੇ-ਕੁਚਲੇ, ਸਹੂਲਤਾਂ ਤੋਂ ਵਿਹੂਣੇ  ਲੋਕਾਂ ਲਈ ਕੋਈ ਤਬਦੀਲੀ ਨਹੀਂ ਹੋਈ। ..... ਸਿਰਫ਼ ਜਿਸਮਾਨੀ ਦਾਬੇ ਦੇ ਖਿਲਾਫ਼ ਹੀ ਨਹੀਂ ਸਮਾਜਿਕ ਦਾਬੇ ਦੇ ਖਿਲਾਫ਼ ਵੀ ਸਾਨੂੰ ਲੜਾਈ ਦੇਣੀ ਚਾਹੀਦੀ ਹੈ। ਗੜਬੜਗ੍ਰਸਤ ‘‘¤ਤਰ ਪੂਰਬ’’ ਦੇ ਇਤਿਹਾਸ ਤੇ ਸਿਆਸਤ ਦੀ ਗੱਲ ਕਰਨ ਲਈ ਤਿਆਰ ਦਸ ਬੁੱਧੀਜੀਵੀ ਵੀ ਨਹੀਂ ਮਿਲਦੇ। ਭਾਰਤ ਤੇ ਮਨੀਪੁਰ ਦਾ ਮਿਲਾਪ ਜਬਰੀ ਕੀਤਾ ਮਿਲਾਪ ਹੈ। ਕੋਈ ਸਮਾਜਿਕ ਸੰਧੀ ਨਹੀਂ ਹੈ। ਉਸਨੇ ਅਸਹਿਮਤੀ ਦੀ ਆਜ਼ਾਦੀ ਅਤੇ ਦਾਬੇ ਖਿਲਾਫ਼ ਲੜਾਈ ਨੂੰ ਪੂਰਨ ਹਮਾਇਤ ਜੁਟਾਉਣ ਅਤੇ ਇਸ ਲੜਾਈ ਨੂੰ ਸਾਰੀਆਂ ਯੂਨੀਵਰਸਿਟੀਆਂ ਤੱਕ ਲਿਜਾਣ ਤੇ ਇਨ੍ਹਾਂ ਦੀਆਂ ਦੀਵਾਰਾਂ ਨੂੰ ਵੀ ਉਲੰਘ ਕੇ ਕਿਸਾਨਾਂ, ਗਰੀਬਾਂ, ਸਹੂਲਤਾਂ ਤੋਂ ਸੱਖਣੇ ਲੋਕਾਂ ਤੱਕ ਲੈ ਕੇ ਜਾਣ ਲਈ ਕਿਹਾ।
ਸੰਪਾਦਕ ਜਸਪਾਲ ਜੱਸੀ ਦਾ ਕਾਮਰੇਡ ਸਤਨਾਮ ਦੇ ਸ਼ਰਧਾਂਜਲੀ ਪ੍ਰੋਗਰਾਮ ਤੇ ਦਿੱਤਾ ਭਾਸ਼ਣ ‘‘ਖੁਦ ਲਈ ਫਾਂਸੀ ਦੇ ਰੱਸੇ ਵੱਲ ਜਾਣ ਤੋਂ ਰੋਕਣ ਦਾ ਕੋਈ ਰਸਤਾ ਹੈ ਤਾਂ ਉਹ ਸਤਨਾਮ ਦੇ ਜੰਗਲਨਾਮੇ ਚ ਹੈ’’ ਬਹੁਤ ਵਧੀਆ ਲੱਗਿਆ। ਇਸ ਸਮੱਸਿਆ ਨੂੰ ਸਮਝਣ ਪੱਖੋਂ ਇਹ ਕਾਫ਼ੀ ਸਹਾਈ ਹੋਇਆ। ਖਾਸ ਕਰਕੇ ਕਮਿਊਨਿਸਟ ਇਨਕਲਾਬੀ ਲਹਿਰ ਦੇ ਉਤਰਾਵਾਂ ਚੜ੍ਹਾਵਾਂ ਮੌਕੇ ਜਦੋਂ ਕਿਸੇ ਸਾਥੀ ਦਾ ਮਨ ਡਾਵਾਂਡੋਲ ਹੁੰਦਾ ਹੈ ਤਾਂ ਇਹ ਵਿਚਾਰ ਲੜ ਬੰਨ੍ਹਣ ਵਾਲੇ ਨੇ।
ਕਰਮਜੀਤ
ਸਤਿਕਾਰਯੋਗ ਸੰਪਾਦਕ ਜੀ,
ਸੁਰਖ਼ ਲੀਹ ਪਰਚੇ ਦੇ ਸਤੰਬਰ ਅਕਤੂਬਰ ਅੰਕ ਵਿੱਚ ਕਸ਼ਮੀਰ ਦੇ ਮਸਲੇ ਬਾਰੇ ਦਿੱਤੇ ਗਏ ਸਾਰੇ ਲੇਖ ਹੀ ਬਹੁਤ ਵਧੀਆ ਸਨ। ਖਾਸ ਕਰਕੇ ‘‘ਕਸ਼ਮੀਰ ਦੇ ਇਤਿਹਾਸਕ ਪਿਛੋਕੜ’’ ਬਾਰੇ ਲੇਖ ਨੇ ਸਾਰੇ ਮਸਲੇ ਨੂੰ ਸਮਝਣ ਵਿੱਚ ਬਹੁਤ ਮਦਦ ਕੀਤੀ। ਅਸੀਂ ਕਸ਼ਮੀਰ ਦੇ ਮੌਜੂਦਾ ਹਾਲਾਤਾਂ ਬਾਰੇ ਅਤੇ ਇਸ ਦੇ ਪਿਛੋਕੜ ਬਾਰੇ ਚੰਗੀ ਤਰ੍ਹਾਂ ਜਾਣੂ ਹੋ ਸਕੇ ਹਾਂ। ਅੱਗੇ ਇਸ ਪਰਚੇ ਵਿੱਚ ਚੀਨੀ ਸਭਿਆਚਾਰਕ ਇਨਕਲਾਬ ਬਾਰੇ ਲੇਖ ਪੜ੍ਹਿਆ। ਪੜ੍ਹਨ ਤੇ ਸਮਝਣ ਦੇ ਪੱਖੋਂ ਇਹ ਲੇਖ ਬਹੁਤ ਹੀ ਰੌਚਕ ਸੀ। ਇਨਕਲਾਬ ਪ੍ਰਤੀ ਸਮਝ ਨੂੰ ਵਧਾਉਣ ਲਈ ਇਹੋ ਜਿਹੀ ਸੌਖੀ ਸ਼ਬਦਾਵਲੀ ਵਾਲੇ ਲੇਖਾਂ ਦੀ ਲੋੜ ਹੈ। ਇਹ ਲੇਖ ਪੜ੍ਹ ਕੇ ਅਸੀਂ ਸਭਿਆਚਾਰਕ ਇਨਕਲਾਬ ਨੂੰ ਤਾਂ ਸਮਝਿਆ ਹੀ ਹੈ ਨਾਲੋ ਨਾਲ ਇਹ ਵੀ ਸਮਝ ਆਈ ਹੈ ਕਿ ਇਨਕਲਾਬ ਨੂੰ ਬਚਾ ਕੇ ਰੱਖਣ ਦੀ ਲੜਾਈ ਇਨਕਲਾਬ ਲਿਆਉਣ ਦੀ ਲੜਾਈ ਤੋਂ ਵੀ ਵੱਡੀ ਹੈ। ਇਸ ਪਰਚੇ ਵਿਚਲੇ ਦੋ ਲੇਖ ‘‘ਲੋਕਾਂ ਦੇ ਆਤਮ ਨਿਰਣੇ ਦਾ ਹੱਕ ਸਾਲਮ ਹੈ’’ ਅਤੇ ‘‘ਅਕਤੂਬਰ ਇਨਕਲਾਬ ਦੀ ਜਗਦੀ ਜੋਤ’’ ਇਹਨਾਂ ਦੋਵੇ ਲੇਖਾਂ ਦੀ ਸ਼ਬਦਾਵਲੀ ਥੋੜ੍ਹੀ ਮੁਸ਼ਕਲ ਲੱਗੀ। ਅਜਿਹੇ ਲੇਖਾਂ ਚ ਵੀ ਜੇਕਰ ਸੌਖੀ ਸ਼ਬਦਾਵਲੀ ਚ ਵਰਤੀ ਜਾਵੇ ਤਾਂ ਇਹ ਸਿਆਸੀ ਸਮਝ ਨੂੰ ਵਧਾਉਣ ਵਿੱਚ ਵੱਧ ਕਾਰਗਰ ਸਿੱਧ ਹੋਣਗੇ।
ਇਨਕਲਾਬੀ ਸ਼ੁਭ ਇੱਛਾਵਾਂ ਨਾਲ
ਬਠਿੰਡੇ ਤੋਂ ਇੱਕ ਪਾਠਕ

ਸੰਪਾਦਕ ਜੀ,
ਮੈਂ ਇਸ ਪਰਚੇ ਦੀ ਨਵੀਂ ਪਾਠਕ ਹਾਂ ਪਰ ਜਦੋਂ ਤੋਂ ਇਸਨੂੰ ਪੜ੍ਹਨਾ ਸ਼ੁਰੂ ਕੀਤਾ ਹੈ, ਇਹ ਮਹਿਸੂਸ ਹੋਇਆ ਹੈ ਕਿ ਅਸੀਂ ਮਸਲਿਆਂ ਨਾਲ ਜੁੜੇ ਰਹਿੰਦੇ ਹਾਂ ਅਤੇ ਹੋਰ ਜਾਨਣ ਦੀ ਦਿਲਚਸਪੀ ਪੈਦਾ ਹੋਈ ਹੈ। ਵਿਸ਼ਿਆਂ ਨੂੰ ਹੋਰ ਵਧੇਰੇ ਜਾਨਣ ਲਈ ਅਸੀਂ ਇਸ ਤੇ ਵਿਚਾਰ ਚਰਚਾ ਵੀ ਕਰਦੇ ਹਾਂ। ਪਰ ਫਿਰ ਵੀ ਇਹ ਲੋੜ ਮਹਿਸੂਸ ਹੁੰਦੀ ਹੈ ਕਿ ਕੁਝ ਵਿਸ਼ਿਆਂ ਦਾ ਪਿਛੋਕੜ ਪਤਾ ਹੋਵੇ। ਸੋ ਆਪ ਨੂੰ ਸਾਡਾ ਸੁਝਾਅ ਹੈ ਕਿ ਸੰਖੇਪ ਵਿੱਚ ਇਹਨਾਂ ਦੇ ਪਿਛੋਕੜ ਬਾਰੇ ਲਿਖਿਆ ਜਾਵੇ। ਜਿਵੇਂ ਕਿ ਪਿਛਲੇ ਅੰਕ ਚ ਜੇ. ਐਨ. ਯੂ. ਬਾਰੇ ਲਿਖਤਾਂ ਚ ਇੱਕ ਲਿਖਤ ਇਸਦੇ ਇਤਿਹਾਸਕ ਪਿਛੋਕੜ ਬਾਰੇ ਸੀ ਤੇ ਜੇ. ਐਨ. ਯੂ. ਦੇ ਮੌਜੂਦਾ ਹਾਲਾਤ ਨੂੰ ਸਮਝਣ ਵਿੱਚ ਇਸਦਾ ਹਾਂ ਪੱਖੀ ਰੋਲ ਰਿਹਾ।
ਇੱਕ ਨੌਜਵਾਨ ਅਧਿਆਪਕਾ

ਸੰਪਾਦਕ ਜੀ,
ਸੁਰਖ਼ ਲੀਹ ਅੰਕ ਸਤੰਬਰ-ਅਕਤੂਬਰ 2016 ਪੜ੍ਹਿਆ। ਇਸ ਅੰਕ ਅੰਦਰਲੀ ਲੇਖ ਸਮੱਗਰੀ ਨੇ ਭਖਦੇ ਹੋਏ ਕਸ਼ਮੀਰ ਮਸਲੇ ਬਾਰੇ ਦਰੁਸਤ ਪੁਹੰਚ ਤੇ ਚਾਨਣਾ ਪਾਇਆ। ਇਸ ਅੰਕ ਵਿਚਲੇ ਲੇਖਾਂ ਨੇ ਕਸ਼ਮੀਰ ਮਸਲੇ ਦੇ ਇਤਿਹਾਸਕ ਪਿਛੋਕੜ, ਭਾਰਤੀ ਹਕੂਮਤ ਤੇ ਭਾਰਤੀ ਫੌਜ ਦੇ ਰੋਲ, ਕਸ਼ਮੀਰੀ ਲੋਕਾਂ ਦੀ ਟਾਕਰਾ ਮੁਹਿੰਮ ਅਤੇ ਕਸ਼ਮੀਰੀ ਮਸਲੇ ਦੇ ਢੁਕਵੇਂ ਹੱਲ ਬਾਰੇ ਮੇਰੀ ਜਾਣਕਾਰੀ ਚ ਕਈ ਗੁਣਾ ਵਾਧਾ ਕੀਤਾ। ਇਸ ਤੋਂ ਬਿਨਾਂ ਕਾਮਰੇਡ ਮਾਓ ਦੇ ਸਭਿਆਚਾਰਕ ਇਨਕਲਾਬ ਦੇ ਸੰਕਲਪ ਬਾਰੇ ਲਿਖਤ ਰਾਹੀਂ ਚੀਨੀ ਸਮਾਜ ਚ ਵਾਪਰੇ ਇਨਕਲਾਬ ਅੰਦਰ ਇਨਕਲਾਬ ਦੇ ਵਰਤਾਰੇ ਬਾਰੇ ਸਮਝ ਨੂੰ ਹੋਰ ਪਕੇਰੀ ਕੀਤਾ। ਲਿਖਤ ਦੀ ਸ਼ਬਦਾਵਲੀ ਸਲਾਹੁਣਯੋਗ ਸੀ। ਠੇਕਾ ਮੁਲਾਜ਼ਮ ਸੰਘਰਸ਼ ਮੋਰਚਾ ਤੇ ਕਿਸਾਨੀ ਸੰਘਰਸ਼ ਬਾਰੇ ਲਿਖਤਾਂ ਪੜ੍ਹ ਕੇ ਸੰਘਰਸਸ਼ੀਲ ਲੋਕਾਂ ਦੀ ਢੁਕਵੀਂ ਤੇ ਦਰੁਸਤ ਪਹੁੰਚ ਤੇ ਜਨਤਕ ਲਾਮਬੰਦੀ ਦੀ ਪੈ ਰਹੀ ਪਿਰਤ ਦੀ ਜਾਣਕਾਰੀ ਰਾਹ ਰੁਸ਼ਨਾਉਂਦੀ ਲੱਗੀ। ਇਸਤੋਂ ਬਿਨਾਂ ਹੋਰ ਸਾਰੇ ਲੇਖ ਵੀ ਜਾਣਕਾਰੀ ਵਿੱਚ ਵਾਧਾ ਕਰਨ ਵਾਲੇ ਸਨ।

ਇੱਕ ਪਾਠਿਕਾ

No comments:

Post a Comment