ਜਲੂਰ ਕਾਂਡ ਦੇ ਹਵਾਲੇ ਨਾਲ
ਕਿਸਾਨਾਂ ਤੇ ਖੇਤ-ਮਜ਼ਦੂਰਾਂ ਦੀ ਇੱਕਜੁਟ ਲਹਿਰ ਉਸਾਰੀ ਦੀ ਜ਼ਰੂਰਤ
- ਦੀਪ
ਜਲੂਰ ’ਚ ਦਲਿਤਾਂ ’ਤੇ ਹੋਇਆ ਜਬਰ ਸਧਾਰਨ ਘਟਨਾ ਨਹੀਂ ਹੈ। ਚਾਹੇ ਯੁੱਗਾਂ ਤੋਂ ਦਬਾਏ ਤੇ ਨਪੀੜੇ ਜਾ ਰਹੇ ਦਲਿਤਾਂ
’ਤੇ ਮੱਧਯੁੱਗੀ ਜਗੀਰੂ ਜਬਰ ਦੀਆਂ ਰੌਂਗਟੇ ਖੜ੍ਹੇ ਕਰਨ ਵਾਲੀਆਂ ਇਸ ਤੋਂ ਕਿਤੇ ਭਿਆਨਕ
ਘਟਨਾਵਾਂ ਵਾਪਰ ਰਹੀਆਂ ਹਨ ਤੇ ਰੋਜ਼ ਹੀ ਦਲਿਤਾਂ ’ਤੇ ਹੁੰਦੇ ਜਬਰ ਦੀਆਂ
ਖ਼ਬਰਾਂ ’ਚ ਤੇਜ਼ੀ ਨਾਲ ਵਾਧਾ ਹੋ ਰਿਹਾ ਹੈ ਪਰ ਇਸ ਘਟਨਾ ਦੇ ਸੰਕੇਤ ਪੰਜਾਬ ਦੀ ਇਨਕਲਾਬੀ ਲਹਿਰ ਲਈ
ਵਿਸ਼ੇਸ਼ ਕਰਕੇ ਗਹੁ ਕਰਨ ਯੋਗ ਹਨ। ਇਹ ਘਟਨਾ ਇਨਕਲਾਬੀ ਜਮਹੂਰੀ ਲਹਿਰ ਲਈ ਪੰਜਾਬ ਦੀ ਕਿਸਾਨ-ਖੇਤ
ਮਜ਼ਦੂਰ ਲਹਿਰ ਦੇ ਮੌਜੂਦਾ ਦੌਰ ਦੇ ਪ੍ਰਸੰਗ ’ਚ ਨੀਤੀ ਸੇਧ ਪੱਖੋਂ ਗੰਭੀਰ
ਅਰਥ ਸੰਭਾਵਨਾਵਾਂ ਵਾਲੇ ਸੰਕੇਤ ਉਭਾਰਦੀ ਹੈ। ਜ਼ਰੱਈ ਇਨਕਲਾਬੀ ਲਹਿਰ ਉਸਾਰੀ ਲਈ ਗੰਭੀਰ ਕੋਸ਼ਿਸ਼ਾਂ
ਜੁਟਾ ਰਹੇ ਹਿੱਸਿਆਂ ਲਈ ਜਲੂਰ ਕਾਂਡ ਦਾ ਪ੍ਰਸੰਗ ਲਹਿਰ ਉਸਾਰੀ ਲਈ ਸੰਭਾਵਨਾਵਾਂ ਤੇ ਅੜਿੱਕਿਆਂ
ਬਾਰੇ ਸੋਝੀ ਨੂੰ ਗ੍ਰਹਿਣ ਕਰਨ ਤੇ ਹੋਰ ਵਧੇਰੇ ਪਕੜ ਬਣਾਉਣ ਪੱਖੋਂ ਅਹਿਮ ਹੈ।
ਇਹ ਘਟਨਾ ਦਲਿਤਾਂ ਵੱਲੋਂ ਪੰਚਾਇਤੀ ਜ਼ਮੀਨ ਦੇ
ਤੀਜੇ ਹਿੱਸੇ ਦੇ ਮਹਿਜ਼ ਕਾਨੂੰਨੀ ਹੱਕ ਲਈ ਭਰੀ ਅੰਗੜਾਈ ਦਾ ਇਹਨਾਂ ਜ਼ਮੀਨਾਂ ’ਤੇ ਕਾਬਜ਼ ਜਗੀਰੂ ਧਨਾਢ ਜਮਾਤ ਦਾ ਮੋੜਵਾਂ ਪ੍ਰਤੀਕਰਮ ਹੈ। ਪਿਛਲੇ ਸਾਲਾਂ ਤੋਂ ਇਹ ਪ੍ਰਤੀਕਰਮ
ਪੁਲਿਸ ਪ੍ਰਸ਼ਾਸਨ ਰਾਹੀਂ ਪ੍ਰਗਟ ਹੁੰਦਾ ਆ ਰਿਹਾ ਸੀ ਤੇ ਹੁਣ ਆਖ਼ਰ ਨੂੰ ਖੁਲ੍ਹਮ ਖੁਲ੍ਹਾ ਪ੍ਰਗਟ ਹੋ
ਗਿਆ ਹੈ। ਪੰਚਾਇਤੀ ਜ਼ਮੀਨਾਂ ’ਤੇ ਹੱਕ ਜਤਲਾਈ ਨਾਲ ਜੁੜਕੇ ਦਲਿਤ ਹਿੱਸਿਆਂ ਦੀ
ਹੋਈ ਲਾਮਬੰਦੀ ਜ਼ਮੀਨ ਦੇ ਮਸਲੇ ’ਤੇ ਸੰਘਰਸ਼ਾਂ ’ਚ ਮਜ਼ਦੂਰਾਂ ਦੀ ਸ਼ਮੂਲੀਅਤ ਦੀ ਤਾਂਘ ਨੂੰ ਦਰਸਾਉਂਦੀ ਹੈ ਤੇ ਦੂਜੇ ਪਾਸੇ ਮੌਜੂਦਾ ਰਾਜਭਾਗ ਦਾ
ਥੰਮ੍ਹ ਬਣਦੀ ਪੇਂਡੂ ਧਨਾਢਾਂ ਦੀ ਜਗੀਰੂ ਜਮਾਤ ’ਚ ਇਸ ਮਸਲੇ ’ਤੇ ਪੈਦਾ ਹੋਈ ਫਿਕਰਮੰਦੀ ਨੂੰ ਦਿਖਾਉਂਦੀ ਹੈ ਜੋ ਉਹਨਾਂ ਦੀ ਜਗੀਰੂ ਚੌਧਰ ਤੇ ਧੌਂਸ ਨੂੰ
ਚੁਣੌਤੀ ਜਾਪਦੀ ਹੈ। ਇਸ ਚੁਣੌਤੀ ਦੇ ਜਵਾਬ ’ਚ ਉਹਨਾਂ ਨੇ ਆਪਣੀ ਤਾਕਤ
ਦਾ ਮੋੜਵਾਂ ਜ਼ੋਰ ਦਿਖਾਇਆ ਹੈ। ਇਹ ਜ਼ੋਰ ਪੁਲਿਸ ਪ੍ਰਸ਼ਾਸਨ ਤੇ ਗੁੰਡਾ ਢਾਣੀਆਂ ਦੇ ਜ਼ੋਰ ’ਤੇ ਮਜ਼ਦੂਰਾਂ ਨੂੰ ਦਬਾਉਣ ਕੁਚਲਣ ਤੱਕ ਸੀਮਤ ਨਹੀਂ ਹੈ। ਸਗੋਂ ਇਹ ਉਹਨਾਂ ਦੀ ਸਮਾਜਕ ਹੈਸੀਅਤ
ਦਾ ਜ਼ੋਰ ਵੀ ਹੈ, ਜੀਹਦੇ ’ਚ ਜਾਤ-ਪਾਤੀ ਦਾਬੇ ਤੇ ਤੁਅੱਸਬਾਂ ਦੀ ਵਰਤੋਂ ਕਰਨ ਦਾ ਉਹਨਾਂ ਦਾ ਅਹਿਮ ਹਥਿਆਰ ਸ਼ਾਮਲ ਹੈ। ਇਸ
ਹਥਿਆਰ ਦੇ ਜ਼ੋਰ ’ਤੇ ਉਹ ਸਮੁੱਚੀ ਜੱਟ ਕਿਸਾਨੀ ਨੂੰ ਆਪਣੇ ਮਗਰ ਲਾਮਬੰਦ ਕਰਦੇ ਹਨ ਤੇ ਦਲਿਤਾਂ ’ਤੇ ਹੱਲਾ ਬੋਲਦੇ ਹਨ। ਇਹੀ ਕੁੱਝ ਜਲੂਰ ’ਚ ਹੋਇਆ ਹੈ। ਵੱਡੇ ਜਗੀਰੂ
ਧਨਾਢਾਂ ਦੀ ਸ਼ਹਿ ’ਤੇ ਪਿੰਡ ਦੇ ਮੋਹਰੀ ਸਿਆਸੀ ਚੌਧਰੀਆਂ ਨੇ ਪਿੰਡ ਦੀ ਗਰੀਬ ਤੇ ਦਰਮਿਆਨੀ ਕਿਸਾਨੀ ਨੂੰ ਲਾਮਬੰਦ
ਕੀਤਾ ਹੈ ਤੇ ਦਲਿਤਾਂ ’ਤੇ ਜਬਰ ਢਾਹਿਆ ਹੈ। ਹਾਲਾਂਕਿ ਪਿੰਡ ਜਲੂਰ ’ਚ ਖੇਤ-ਮਜ਼ਦੂਰਾਂ ਤੇ
ਕਿਸਾਨਾਂ ਦਰਮਿਆਨ ਜਾਤਪਾਤੀ ਵਖਰੇਵੇਂ ਦੀ ਕੰਧ ਬਹੁਤੀ ਉੱਚੀ ਨਹੀਂ ਸੀ। ਜਿੱਡੀਆਂ ਵੱਡੀਆਂ
ਦੀਵਾਰਾਂ ਪੰਜਾਬ ਦੇ ਕਈ ਹੋਰਨਾਂ ਪਿੰਡਾਂ ’ਚ ਮੌਜੂਦ ਹਨ। ਕਿਸੇ ਨਾ
ਕਿਸੇ ਪੱਖੋਂ ਇਸ ਪਿੰਡ ਦੇ ਲੋਕ ਹੱਕੀ ਸੰਘਰਸ਼ਾਂ ’ਚ ਸ਼ਮੂਲੀਅਤ ਕਰਦੇ ਰਹੇ ਹਨ।
ਖੇਤ-ਮਜ਼ਦੂਰ ਤੇ ਕਿਸਾਨੀ, ਭਾਵ ਦੋਹੇਂ ਪਾਸਿਆਂ ਤੋਂ ਅਜਿਹੇ ਸੰਘਰਸ਼ਾਂ ’ਚ ਸ਼ਮੂਲੀਅਤ ਹੁੰਦੀ ਰਹੀ ਹੈ। ਪਰ ਇਹ ਬਹੁਤ ਮੁੱਢਲੀ ਤੇ ਸੀਮਤ ਕਿਸਮ ਦੀ ਸੀ। ਹੁਣ ਪਿਛਲੇ
ਅਰਸੇ ਤੋਂ ਜੱਟ ਕਿਸਾਨੀ ਵਾਲੇ ਪਾਸੇ ਯੂਨੀਅਨ ਸਰਗਰਮੀ ਦੀ ਲਗਭਗ ਅਣਹੋਂਦ ਸੀ। ਇਹ ਘਟਨਾਕ੍ਰਮ
ਅਜਿਹੀ ਸਥਿਤੀ ਦਰਮਿਆਨ ਵੀ ਜਗੀਰੂ ਧਨਾਢ ਚੌਧਰੀਆਂ ਵੱਲੋਂ ਜਾਤਪਾਤੀ ਪੱਤੇ ਦੀ ਮਨਚਾਹੀ ਵਰਤੋਂ ਕਰ
ਸਕਣ ਦੀ ਸਮਰੱਥਾ ਨੂੰ ਉਜਾਗਰ ਕਰਦਾ ਹੈ।
ਨਾ ਸਿਰਫ਼ ਜਲੂਰ ਦਾ ਘਟਨਾਕ੍ਰਮ ਸਗੋਂ ਹੁਣ ਤੱਕ
ਦਾ ਪੰਜਾਬ ਦੇ ਵੱਖ ਵੱਖ ਪਿੰਡਾਂ ’ਚ ਖੇਤ-ਮਜ਼ਦੂਰਾਂ ਦੇ
ਜਥੇਬੰਦ ਹੋਣ ਦਾ ਤਜ਼ਰਬਾ ਅਜਿਹੇ ਕਈ ਘਟਨਾਕ੍ਰਮਾਂ ਨਾਲ ਭਰਿਆ ਪਿਆ ਹੈ ਜਦੋਂ ਮਾਲਕ ਜੱਟ ਕਿਸਾਨੀ
ਨੂੰ ਖੇਤ-ਮਜ਼ਦੂਰਾਂ ਖਿਲਾਫ਼ ਲਾਮਬੰਦ ਕੀਤਾ ਗਿਆ ਹੈ। ਪੰਜਾਬ ਦੇ ਕਿੰਨੇ ਹੀ ਪਿੰਡਾਂ ’ਚ ਪਲਾਟਾਂ ਦੇ ਮਸਲੇ ’ਤੇ ਜਗੀਰੂ ਧਨਾਢਾਂ ਵਜੋਂ ਅਜਿਹੀਆਂ ਲਾਮਬੰਦੀਆਂ
ਹੋ ਚੁੱਕੀਆਂ ਹਨ। ਦੋ ਵਰ੍ਹੇ ਪਹਿਲਾਂ ਹਮੀਰਗੜ੍ਹ ’ਚ ਇਹੀ ਵਾਪਰਿਆ ਹੈ। ਇਹ
ਪੰਜਾਬ ਦੀ ਕਿਸਾਨ ਖੇਤ-ਮਜ਼ਦੂਰ ਲਹਿਰ ਲਈ ਅਜਿਹਾ ਕਾਰਕ ਬਣਦਾ ਹੈ ਜਿਸਨੂੰ ਅਹਿਮ ਅੜਿੱਕੇ ਵਜੋਂ
ਲੈਣਾ ਤੇ ਢੁਕਵੀਆਂ ਪੇਸ਼ਬੰਦੀਆਂ ਕਰਨਾ ਅਣਸਰਦੀ ਜ਼ਰੂਰਤ ਬਣ ਜਾਂਦੀ ਹੈ। ਇਹ ਅਹਿਮ ਪੇਸ਼ਬੰਦੀ
ਕਿਸਾਨਾਂ ਤੇ ਖੇਤ-ਮਜ਼ਦੂਰਾਂ ਦੀ ਸਾਂਝੀ ਇੱਕਜੁਟ ਘੋਲ ਲਹਿਰ ਦੀ ਉਸਾਰੀ ਹੈ। ਇਹ ਇੱਕਜੁਟ ਉਸਾਰੀ ਉਸ
ਹਾਲਤ ’ਚ ਵੀ ਜ਼ਰੂਰੀ ਹੈ ਜਦੋਂ ਘੋਲਾਂ ਦੀ ਧਾਰ ਮੁੱਖ ਤੌਰ ’ਤੇ ਹਕੂਮਤ ਤੋਂ ਮੰਗਾਂ ਦੀ ਸ਼ਕਲ ’ਚ ਰਹਿੰਦੀ ਹੈ ਕਿਉਂਕਿ
ਹਕੂਮਤ ਲੋਕ ਤਾਕਤ ਨੂੰ ਵੰਡਣ ਪਾੜਨ ਲਈ ਜਾਤਪਾਤੀ ਤੁਅੱਸਬਾਂ ਦੀ ਸੌਖਿਆਂ ਹੀ ਵਰਤੋਂ ਕਰਦੀ ਹੈ। ਪਰ, ਹਕੂਮਤ ਹਕੂਮਤ ਖਿਲਾਫ਼ ਸੇਧਤ ਮੰਗਾਂ ’ਚੋਂ ਵੀ ਜਦੋਂ ਪਿੰਡਾਂ
ਵਿਚਲੀ ਸੂਦਖੋਰੀ ਜਾਂ ਜਗੀਰੂ ਲੁੱਟ-ਖਸੁੱਟ ਦੇ ਅੰਸ਼ਾਂ ਵਾਲੇ ਹਿੱਸੇ ਹਨ ਤਾਂ ਇਹ ਲੋੜ ਕਿਤੇ ਜ਼ਿਆਦਾ
ਵਧ ਜਾਂਦੀ ਹੈ। ਪਲਾਟਾਂ ਜ਼ਮੀਨਾਂ ਦੇ ਮੁੱਦਿਆਂ ’ਤੇ ਤਾਂ ਇਹ ਸਾਂਝ ਅਣਸਰਦੀ
ਜ਼ਰੂਰਤ ਵਾਂਗ ਬਣਦੀ ਹੈ। ਇਸ ਜ਼ਰੂਰਤ ਦਾ ਪੂਰਾ ਅਹਿਸਾਸ ਪੰਜਾਬ ਦੀ ਠੋਸ ਹਾਲਤ ’ਚ ਜ਼ਰੱਈ ਇਨਕਲਾਬੀ ਲਹਿਰ ਉਸਾਰੀ ਦੀ ਦਾਅਪੇਚਕ ਸੇਧ ਨੂੰ ਸਮਝਣ ਤੇ ਗ੍ਰਹਿਣ ਕਰਨ ’ਚ ਪਿਆ ਹੈ। ਲਹਿਰ ਦਾ ਅਮਲੀ ਤਜ਼ਰਬਾ ਇਸ ਸੇਧ ਨੂੰ ਹੋਰ ਭਰਵੀਂ ਬਣਾਉਂਦਾ ਆ ਰਿਹਾ ਹੈ।
ਇੱਕਜੁਟ ਲਹਿਰ ਉਸਾਰੀ ਦਾ ਅਰਥ ਪੰਜਾਬ ਪੱਧਰ ’ਤੇ ਦੋਹਾਂ ਤਬਕਿਆਂ ਦੀਆਂ ਜਥੇਬੰਦੀਆਂ ਦੇ ਸਾਂਝੇ ਘੋਲ ਐਕਸ਼ਨਾਂ ਦੇ ਸੀਮਤ ਪ੍ਰਸੰਗ ਤੱਕ ਨਹੀਂ
ਹੈ। ਸਗੋਂ ਇਹ ਪਿੰਡ ਪੱਧਰ ’ਤੇ ਦੋਹਾਂ ਤਬਕਿਆਂ ਦੀ ਜੋਟਾ-ਉਸਾਰੀ ਦੀ ਅਣਸਰਦੀ
ਜ਼ਰੂਰਤ ਤੋਂ ਹੈ। ਇਸ ਜ਼ਰੂਰਤ ਦਾ ਭਾਵ ਦੋਹਾਂ ਹਿੱਸਿਆਂ ਦੀ ਜਥੇਬੰਦੀ ਦਾ ਨਾਲੋ ਨਾਲ ਆਪਸੀ ਸਹਿਯੋਗ
ਦੇ ਰਿਸ਼ਤੇ ’ਚ ਬੱਝਿਆ ਵਿਕਾਸ ਹੋਣਾ ਹੈ। ਜਗੀਰੂ ਲੱਟ-ਖਸੁੱਟ ’ਚੋਂ ਨਿਕਲਦੀਆਂ ਸਾਂਝੀਆਂ ਮੰਗਾਂ ’ਤੇ ਸੰਘਰਸ਼ ਵੱਲ ਕਦਮ
ਵਧਾਉਣਾ ਹੈ। ਸੂਦਖੋਰੀ ਤੇ ਜ਼ਮੀਨ ਦੀ ਵੰਡ ਵਰਗੇ ਬੁਨਿਆਦੀ ਮਹੱਤਤਾ ਵਾਲੇ ਮਸਲਿਆਂ ’ਤੇ ਸਾਂਝਾ ਦੁਸ਼ਮਣ ਟਿੱਕਣ ਤੇ ਸਾਂਝੀ ਘੋਲ ਲਹਿਰ ਉਸਾਰਨ ਵੱਲ ਅੱਗੇ ਵਧਣਾ ਹੈ। ਇਉਂ ਕਿਸਾਨਾਂ
ਦਾ ਜਥੇਬੰਦ ਹੋਣਾ ਤੇ ਸੰਘਰਸ਼ਾਂ ਦੇ ਰਾਹ ’ਤੇ ਹੋਣਾ, ਖੇਤ-ਮਜ਼ਦੂਰਾਂ ਦੇ ਜਥੇਬੰਦ ਹੋਣ ਲਈ ਅਹਿਮ ਹੈ, ਕਿਸਾਨਾਂ ਦਾ ਨਾ ਸਿਰਫ਼
ਜਥੇਬੰਦ ਹੋਣਾ, ਸਗੋਂ ਜ਼ਰੱਈ ਇਨਕਲਾਬੀ ਲਹਿਰ ਦੇ ਭਵਿੱਖ ਨਕਸ਼ੇ ਤਹਿਤ ਜਥੇਬੰਦ ਹੋਣਾ। ਇਹਨਾਂ ਲੀਹਾਂ ’ਤੇ ਜਥੇਬੰਦ ਹੋਈ ਕਿਸਾਨੀ ਹੀ ਖੇਤ-ਮਜ਼ਦੂਰਾਂ ਨੂੰ ਆਪਣੇ ਸਭ ਤੋਂ ਜਾਨਦਾਰ ਤੇ ਅਹਿਮ ਅੰਗ ਵਜੋਂ
ਚਿਤਵ ਸਕਦੀ ਹੈ ਤੇ ਜਗੀਰੂ ਚੌਧਰੀਆਂ ਦੀਆਂ ਜਾਤਪਾਤੀ ਲੀਹਾਂ ’ਤੇ ਆਧਾਰਤ ਲਾਮਬੰਦੀਆਂ ਨੂੰ ਫੇਲ੍ਹ ਕਰ ਸਕਦੀ ਹੈ। ਜਾਤਪਾਤੀ
ਤੁਅੱਸਬਾਂ ਦੇ ਜ਼ਹਿਰੀ ਅਸਰਾਂ ਦੀ ਕਾਟ ਕਰ ਸਕਦੀ ਹੈ। ਪੰਜਾਬ ਦੀ ਅੱਜ ਦੇ ਦੌਰ ’ਚ ਮਾਲਕ ਕਿਸਾਨੀ ਦੀ ਲਹਿਰ ’ਚ ਇਸ ਪੱਖੋਂ ਜੋ ਵੀ ਕਸਰਾਂ
ਰਹਿਣਗੀਆਂ, ਉਸ ਦੀਆਂ ਖੇਤ-ਮਜ਼ਦੂਰ ਲਹਿਰ ਲਈ ਅਰਥ ਸੰਭਾਵਨਾਵਾਂ ਬਣਨਗੀਆਂ।
ਜਲੂਰ ’ਚ ਮਾਲਕ ਕਿਸਾਨੀ ਦੀ ਇਨਕਲਾਬੀ ਸੇਧ ਵਾਲੀ ਜਥੇਬੰਦੀ ਦੀ ਅਣਹੋਂਦ ਘਾਟੇਵੰਦਾ ਪੱਖ ਸਾਬਤ ਹੋਈ
ਹੈ। ਖੇਤ-ਮਜ਼ਦੂਰ ਲਗਾਤਾਰ ਜੂਝਦੇ ਰਹੇ ਹਨ, ਐਕਸ਼ਨ ਦਰ ਐਕਸ਼ਨ ਕਰਦੇ ਗਏ
ਹਨ। ਪਰ ਜੱਟ ਕਿਸਾਨੀ ਵਾਲੇ ਪਾਸੇ ਜਗੀਰੂ ਚੌਧਰੀਆਂ ਲਈ ਮੈਦਾਨ ਸਾਫ਼ ਹੋਣ ਕਰਕੇ ਉਹ ਜਾਤਪਾਤੀ
ਤੁਅੱਸਬਾਂ ਦੀ ਵਰਤੋਂ ਕਰਨ ’ਚ ਸਫ਼ਲ ਹੋਏ ਹਨ। ਮਗਰੋਂ ਬੀ. ਕੇ. ਯੂ. (ਏਕਤਾ)
ਉਗਰਾਹਾਂ ਵੱਲੋਂ ਹੱਥ ਲਈ ਪ੍ਰਚਾਰ ਮੁਹਿੰਮ ਦੀ ਅਸਰਕਾਰੀ ਦਾ ਤਜ਼ਰਬਾ ਵੀ ਇਹੋ ਦੱਸਦਾ ਹੈ ਕਿ ਗਰੀਬ
ਤੇ ਦਰਮਿਆਨੀ ਕਿਸਾਨੀ ਖੇਤੀ ਸੰਕਟ ਦੀ ਤਸਵੀਰ ਰਾਹੀਂ ਸਾਂਝਾ ਦੁਸ਼ਮਣ ਦਿਖਾਉਣ ਨਾਲ ਭਟਕਾਊ ਪ੍ਰਚਾਰ
ਦਾ ਅਸਰ ਜੇਕਰ ਮਗਰੋਂ ਵੀ ਘਟਾਇਆ ਜਾ ਸਕਦਾ ਹੈ ਤਾਂ ਐਨ ਸ਼ੁਰੂ ਤੋਂ ਅਜਿਹੀ ਪਹੁੰਚ ਦੀ ਅਸਰਕਾਰੀ
ਖੇਤ-ਮਜ਼ਦੂਰ ਸੰਘਰਸ਼ ਨੂੰ ਤਕੜਾਈ ਦੇਣ ਦਾ ਸਾਧਨ ਬਣਦੀ ਹੈ। ਹੈ। ਅੱਜ ਪੰਜਾਬ ਦੇ ਠੋਸ ਪ੍ਰਸੰਗ ’ਚ ਜ਼ਰੱਈ ਇਨਕਲਾਬੀ ਲਹਿਰ ਨੂੰ ਅੱਗੇ ਵਧਾਉਣ ਲਈ ਇਸ ਦੇ ਦੋਹਾਂ ਹਿੱਸਿਆਂ ਖੇਤ-ਮਜ਼ਦੂਰ ਤੇ ਮਾਲਕ ਕਿਸਾਨੀ ਦੇ ਹਿੱਸਿਆਂ ਨੂੰ ਇਨਕਲਾਬੀ ਲੀਹਾਂ ’ਤੇ ਜਥੇਬੰਦ ਕਰਦਿਆਂ ਪਿੰਡ ਪੱਧਰ ’ਤੇ ਜੋਟਾ ਉਸਾਰੀ ਦੀ ਪਹੁੰਚ
ਲੈ ਕੇ ਚੱਲਣ ਦੀ ਜ਼ਰੂਰਤ ਹੈ।
No comments:
Post a Comment