ਲੋਕ ਸੰਘਰਸ਼ਾਂ ਨੂੰ ਚੋਣ ਅਮਲ ਦੇ ਬਦਲ ਵਜੋਂ ਉਭਾਰਨ ਦਾ ਮਹੱਤਵ
- ਭਾਵਨਾ
ਇਹਨੀਂ ਦਿਨੀਂ ਪੰਜਾਬ ਦੀ ਸਿਆਸੀ ਫਿਜ਼ਾ ਅੰਦਰ ਦੋ
ਤਰ੍ਹਾਂ ਦੀ ਹਲਚਲ ਭਾਰੂ ਹੈ। ਇੱਕ ਕਿਸਮ ਦੀ ਹਲਚਲ ਤਾਂ ਵੋਟਾਂ ਦੀ ਰੁੱਤ ਨੇੜੇ ਹੋਣ ਦਾ ਸਿੱਟਾ ਹੈ, ਜਿਸਦੇ ਨਤੀਜੇ ਵਜੋਂ ਵੰਨ-ਸੁਵੰਨੀਆਂ ਸਿਆਸੀ ਪਾਰਟੀਆਂ ਲੋਕਾਂ ਨੂੰ ਇੱਕ ਜਾਂ ਦੂਜੇ ਪਾਸੇ
ਭੁਗਤਾਉਣ ਲਈ ਯਤਨਸ਼ੀਲ ਹਨ। ਵਾਅਦਿਆਂ ਤੇ ਦਾਅਵਿਆਂ ਦਾ ਬਾਜ਼ਾਰ ਗਰਮ ਹੈ। ਦੂਜੀ ਕਿਸਮ ਦੀ ਹਲਚਲ
ਤਿੱਖੇ ਹੋਏ ਲੋਕ ਸੰਘਰਸ਼ਾਂ ਕਰਕੇ ਹੈ। ਲੋਕਾਂ ਦੇ ਵੱਖ-ਵੱਖ ਹਿੱਸੇ ਆਪਣੀਆਂ ਤਬਕਾਤੀ ਮੰਗਾਂ ਨੂੰ
ਲੈ ਕੇ ਥਾਂ-ਪਰ-ਥਾਂ ਸੰਘਰਸ਼ ਦੇ ਰਾਹ ’ਤੇ ਹਨ ਅਤੇ ਫਿਜ਼ਾ ਅੰਦਰ
ਲੋਕ ਵਿਰੋਧ ਦੀਆਂ ਤਰੰਗਾਂ ਛੇੜ ਰਹੇ ਹਨ।
ਭਾਵੇਂ ਇਹ ਦੋਨੋਂ ਕਿਸਮ ਦੀਆਂ ਸਿਆਸੀ ਸਰਗਰਮੀਆਂ
ਇੱਕ ਦੂਜੇ ਨੂੰ ਪ੍ਰਭਾਵਿਤ ਕਰਦੀਆਂ ਹਨ ਤੇ ਆਪਣੀ ਛਾਪ ਇੱਕ ਦੂਜੇ ’ਤੇ ਲਾਉਂਦੀਆਂ ਹਨ,
ਪਰ ਆਪਣੇ ਤੱਤ ਪੱਖੋਂ ਇਹ ਦੋਵੇ ਇੱਕ ਦੂਜੇ ਦੇ
ਵਿਰੋਧ ’ਚ ਖੜ੍ਹੀਆਂ ਹਨ।
ਲੋਕਾਂ ਨੂੰ ਚੋਣ ਦੰਗਲ ’ਚ ਘੜੀਸਣ ਦੀ ਸਰਗਰਮੀ ਹਾਕਮ ਜਮਾਤੀ ਜੋਕ ਟੋਲੇ ਵੱਲੋਂ ਲੋਕਾਂ ਦੇ ਅੱਖੀਂ ਘੱਟਾ ਪਾਕੇ ਇਸ
ਭੁਲੇਖੇ ਦਾ ਸੰਚਾਰ ਕਰਨ ਦੀ ਸਰਗਰਮੀ ਹੈ ਕਿ ਆਮ ਲੋਕ ਵੀ ਇਸ ਪ੍ਰਬੰਧ ਦੇ ਨਕਸ਼ ਘੜਨ ਵਿੱਚ ਭਾਗੀਦਾਰ
ਹਨ। ਇਹ ਲੋਕਾਂ ਨੂੰ ਲੋਟੂਆਂ ਦੇ ਟੋਲੇ ਵਿੱਚੋਂ ਕਿਸੇ ਇੱਕ ਨਾਲ ਖੁਦ ਨੂੰ ਟੋਚਨ ਕਰਨ ਲਈ ਮਜਬੂਰ
ਕਰਦੀ ਹੈ ਤੇ ਓਹੋ ਵੈਹਾਂ ਓਹੋ ਕੁਹਾੜੀ ਵਾਲੀ ਹਾਲਤ ਦਾ ਦੋਸ਼ ਲੋਕਾਂ ਦੀ ਗਲਤ ਚੋਣ ਉੱਪਰ ਮੜ੍ਹਨ ਦਾ
ਰਾਹ ਪੱਧਰਾ ਕਰਦੀ ਹੈ। ਇਹ ਜਿੱਥੇ ਪਾਰਟੀਬਾਜ਼ੀ ’ਚ ਪਾ ਕੇ ਲੋਕਾਂ ਵਿੱਚ
ਵੰਡੀਆਂ ਪਾਉਂਦੀ ਹੈ,
ਉੱਥੇ ਹਕੂਮਤੀ ਕੁਰਸੀ ਹਰ ਹੀਲੇ ਹਾਸਲ ਕਰਨ ਦੀ
ਧੁੱਸ ਤਹਿਤ ਲੋਕਾਂ ਅੰਦਰ ਧਰਮਾਂ, ਜਾਤਾਂ, ਕੌਮਾਂ, ਭਾਸ਼ਾਵਾਂ ਦੇ ਵਖਰੇਵੇਂ ਉਭਾਰ ਕੇ ਭਰਾਵਾਂ ਨੂੰ ਆਪੋ ਵਿੱਚੀਂ ਲੜਾਉਣ ਤੇ ਭਾਈਚਾਰੇ ਨੂੰ ਪਾੜਨ
ਦਾ ਕੰਮ ਕਰਦੀ ਹੈ। ਇਹ ਸਰਗਰਮੀ ਲੋਕਾਂ ਨੂੰ ਵੱਖ-ਵੱਖ ਤਰ੍ਹਾਂ ਦੇ ਲਾਲਚਾਂ ਨਾਲ ਕਾਣੇ ਕਰਨ ਤੇ
ਉਹਨਾਂ ਦੀ ਜ਼ਮੀਰ ਮਾਰਨ ਦਾ ਸਾਧਨ ਹੈ। ਲੋਕਾਂ ਦੇ ਇੱਕ ਹਿੱਸੇ ਨੂੰ ਆਪਣੇ ਗੁੰਡਾ ਗਰੋਹਾਂ ਵਜੋਂ
ਪਾਲਣ ਤੇ ਲੋਕਾਂ ਖਿਲਾਫ਼ ਵਰਤਣ ਦਾ ਸੰਦ ਹੈ। ਇਹ ਖਲਕਤ ਦੀ ਸੁਰਤ ਨੂੰ ਚਾਹੇ ਕੁਝ ਦੇਰ ਲਈ ਹੀ ਸਹੀ, ਨਕਲੀ ਬਦਲ ਦੇ ਖੁਆਬਾਂ ਨਾਲ ਭੁਆਉਣ, ਲੋਕਾਂ ਦੇ ਹਕੀਕੀ ਮਸਲੇ
ਰੋਲਣ ਤੇ ਸਿਆਸੀ ਮਾਹੌਲ ਉਪਰ ਆਪਣੇ ਬੇਵੁੱਕਤੇ ਏਜੰਡੇ ਥੋਪਣ ਦੀ ਸਰਗਰਮੀ ਬਣਦੀ ਹੈ। ਇਹ ਲੋਕਾਂ
ਅੰਦਰ ਹਾਕਮ ਜਮਾਤੀ ਸਿਆਸੀ ਧਿਰਾਂ ਦੀ ਇੱਕੋ ਜਮਾਤ ਵਜੋਂ ਪਛਾਣ ਧੁੰਦਲਾਉਂਦੀ ਹੈ ਤੇ ਦੂਜੇ ਪਾਸੇ
ਸਾਰੇ ਕਿਰਤੀ ਲੋਕ ਹਿੱਸਿਆਂ ਦੀ ਇੱਕੋ ਪੀੜਤ ਜਮਾਤ ਵਜੋਂ ਸ਼ਨਾਖਤ ਮੱਧਮ ਪਾ ਕੇ ਲੋਕਾਂ ਨੂੰ ਇੱਕ
ਦੂਜੇ ਦੇ ਵਿਰੋਧ ’ਚ ਖੜ੍ਹਾ ਕਰਦੀ ਹੈ। ਯਾਨੀ ਕਿ ਆਪਣੇ ਤੱਤ ਵਜੋਂ ਚੋਣਾਂ ਦਾ ਗਧੀਗੇੜ ਲੋਕਾਂ ਦੇ ਭਾਈਚਾਰੇ ਨੂੰ
ਪਾੜਨ, ਉਹਨਾਂ ਦੀ ਸੁਰਤ ਭਟਕਾਉਣ, ਭੁਲੇਖੇ ਖੜ੍ਹੇ ਕਰਨ ਤੇ ਸਵਾਰਥੀ ਹਿਤਾਂ ਲਈ
ਲੋਕਾਂ ਨੂੰ ਵਰਤੇ ਜਾਣ ਦਾ ਕੰਮ ਕਰਦਾ ਹੈ। ਚੋਣ ਸਰਗਰਮੀ ਮੌਜੂਦਾ ਪ੍ਰਬੰਧ ਨੂੰ, ਜੋ ਕਿ ਬਹੁਗਿਣਤੀ ਕਮਾਊ ਲੋਕਾਂ ਦੇ ਵਿਨਾਸ਼ ਦੇ ਸਿਰ ’ਤੇ ਮੁੱਠੀ ਭਰ ਵਿਹਲੜ ਜੋਕਾਂ ਦੇ ਵਿਕਾਸ ਦੀ ਗਾਰੰਟੀ ਕਰਦਾ ਹੈ, ਨਿਰਵਿਘਨ ਚਲਦੇ ਰੱਖਣ ਦੀ ਸਰਗਰਮੀ ਹੈ। ਇਹ ਕਿਸੇ ਵੀ ਤਰ੍ਹਾਂ ਲੋਕਾਂ ਦੇ ਦੁੱਖਾਂ ਦੀ ਦਾਰੂ
ਨਹੀਂ ਹੋ ਸਕਦੀ।
ਦੂਜੇ ਪਾਸੇ ਵੱਖ-ਵੱਖ ਮੁੱਦਿਆਂ ਤੇ ਚੱਲ ਰਹੇ
ਲੋਕ ਸੰਘਰਸ਼ ਚੋਣ ਅਮਲ ਨਾਲ ਕਿਵੇਂ ਟਕਰਾਵੇਂ ਹਨ? ਕਿਉਂਕਿ ਇਹ ਇਸ ਪ੍ਰਬੰਧ
ਨਾਲ ਖਹਿਕੇ ਹੀ ਕੁਝ ਹਾਸਲ ਹੋ ਸਕਣ ਦਾ ਰਾਹ ਦਿਖਾਉਂਦੇ ਹਨ ਤੇ ਇਸ ਪ੍ਰਬੰਧ ਨਾਲ ਲੋਕਾਂ ਦੇ
ਦੁਸ਼ਮਣਾਨਾ ਰਿਸ਼ਤੇ ਦੀ ਗਵਾਹੀ ਦਿੰਦੇ ਹਨ। ਇਹ ਆਪਣੀਆਂ ਵਾਜਬ ਮੰਗਾਂ ਲਈ ਲੋਕਾਂ ਦੀ ਘੜੰਮ ਚੌਧਰੀਆਂ
’ਤੇ ਮੁਥਾਜਗੀ ਭੰਨਕੇ ਭਰਾਵੇਂ ਏਕੇ ਦੇ ਜ਼ੋਰ ਅੜ ਕੇ ਹੱਕ ਪੁਗਾਉਣ ਦੀ ਪਿਰਤ ਸਥਾਪਤ ਕਰਦੇ ਹਨ।
ਇਹ ਸੰਘਰਸ਼ ਚੇਤਨਾ ਦੀ ਤਾਕਤ ਨਾਲ ਲੈਸ ਹੋ ਕੇ ਹਕੀਕੀ ਬਦਲ ਦੇ ਨਕਸ਼ ਉਘਾੜਨ ਦੀ ਸਮਰੱਥਾ ਰੱਖਦੇ ਹਨ।
ਇੱਕ ਦਿਨ ਕਿਰਤੀ ਲੋਕਾਂ ਦੀ ਧਿਰ ਨੇ ਆਪਣੇ
ਇੱਕਜੁੱਟ ਟਾਕਰੇ ਸਦਕਾ ਸਾਡੇ ਮੁਲਕ ਦੇ ਕੁੱਲ ਸਾਧਨ ਜੋਕਾਂ ਤੋਂ ਖੋਹਣੇ ਹਨ। ਉਸ ਇੱਕਜੁੱਟ ਤਾਕਤ
ਲਈ ਲੋੜੀਂਦੀ ਵਿਸ਼ਾਲ ਸਾਂਝ ਨੇ ਉਸ ਥਾਂ ਤੋਂ ਸਫਰ ਸ਼ੁਰੂ ਕਰਨਾ ਹੈ ਜਦੋਂ ਇੱਕ ਪਾਸੇ ਲੋਕਾਂ ਅੰਦਰ ਆਪਣੇ
ਏਕੇ ਦੀ ਤਾਕਤ ਤੇ ਬੇਵਿਸ਼ਵਾਸੀ ਹੈ ਤੇ ਦੂਜੇ ਪਾਸੇ ਚੱਲ ਰਹੇ ਨਿਜ਼ਾਮ ਦੇ ਕਿਰਦਾਰ ਬਾਰੇ ਭੁਲੇਖੇ ਹਨ, ਯਾਨੀ ਕਿ ਦੋਸਤਾਂ ਦੀ ਵੀ ਤੇ ਦੁਸ਼ਮਣਾਂ ਦੀ ਵੀ ਪਹਿਚਾਣ ਘੁਚਲੀ ਹੋਈ ਹੈ। ਇਸ ਹਾਲਤ ਨੂੰ ਬਦਲਣ
ਦਾ ਇੱਕੋ ਇੱਕ ਰਾਹ ਜਥੇਬੰਦ ਹੋਣ ਅਤੇ ਸੰਘਰਸ਼ ਕਰਨ ਦਾ ਰਾਹ ਹੈ। ਨਿੱਕੇ ਮਸਲਿਆਂ ’ਤੇ ਏਕਤਾ ਤੋਂ ਸ਼ੁਰੂ ਕਰਕੇ ਵੱਡੇ ਮਸਲਿਆਂ ’ਤੇ ਏਕਤਾ ਵੱਲ ਜਾਣ ਦਾ ਰਾਹ
ਹੈ। ਤਬਕਾਤੀ ਘੋਲਾਂ ਤੋਂ ਤੁਰਕੇ ਜਮਾਤੀ ਘੋਲਾਂ ਵਿੱਚ ਕੁੱਦਣ ਦਾ ਰਾਹ ਹੈ। ਨਿੱਕੀ ਤੇ ਸੀਮਤ
ਜਥੇਬੰਦੀ ਤੋਂ ਸ਼ੁਰੂ ਕਰਕੇ ਵੱਡੀ ਤੇ ਬਹੁਪੱਖੀ ਜਥੇਬੰਦੀ ਸਿਰਜਣ ਦਾ ਰਾਹ ਹੈ। ਏਸੇ ਰਾਹ ਤੁਰਦਿਆਂ
ਦੁਸ਼ਮਣਾਂ ਤੇ ਦੋਸਤਾਂ ਵਿਚਲੀ ਲਕੀਰ ਸਪੱਸ਼ਟ ਤੇ ਡੁੰਘੀ ਹੁੰਦੀ ਜਾਣੀ ਹੈ। ਖਹਿਣ ਤੇ ਲੈਣ ਦਾ ਸਬੰਧ ਉੱਘੜਦਾ
ਜਾਣਾ ਹੈ। ਨਿੱਕੀਆਂ ਪ੍ਰਾਪਤੀਆਂ ਕਰਦਿਆਂ ਜਿਉਂ ਜਿਉਂ ਜਥੇਬੰਦੀ ਤੇ ਏਕੇ ਦੀ ਬਰਕਤ ਵਿੱਚ ਭਰੋਸਾ
ਬੱਝਦਾ ਜਾਂਦਾ ਹੈ, ਤਿਉਂ ਤਿਉਂ ਜੋ ਹਾਸਲ ਕੀਤਾ ਜਾ ਸਕਦਾ ਹੈ, ਉਸਦੀ ਤਸਵੀਰ ਵਿਸ਼ਾਲ ਹੁੰਦੀ
ਜਾਂਦੀ ਹੈ। ਜਿਵੇਂ ਕਿਸੇ ਕਾਲਜ ਅੰਦਰ ਇਕੱਠ ਦੇ ਜ਼ੋਰ ਪ੍ਰਿੰਸੀਪਲ ਤੋਂ ਨਜਾਇਜ਼ ਜੁਰਮਾਨੇ ਮੁਆਫ਼
ਕਰਵਾ ਕੇ ਹਟੇ ਉਤਸ਼ਾਹੀ ਵਿਦਿਆਰਥੀ ਕਾਲਜ ਦੀਆਂ ਹੋਰਨਾਂ ਮੰਗਾਂ ’ਤੇ ਇਕੱਠੇ ਹੋਣ ਲਈ ਅਹੁਲਦੇ ਹਨ ਜਾਂ ਸਮੇਂ ਸਿਰ ਤਨਖਾਹਾਂ ਲਈ ਅਧਿਕਾਰੀਆਂ ਨਾਲ ਆਢਾ ਲਾ ਕੇ
ਹਟੇ ਠੇਕਾ ਅਧਿਆਪਕਾਂ ਅੰਦਰੋਂ ਰੈਗੂਲਰ ਰੁਜ਼ਗਾਰ ਹਾਸਲ ਕਰਨ ਲਈ ਹੋਰਨਾਂ ਠੇਕਾ ਕਰਮਚਾਰੀਆਂ ਨਾਲ
ਜੋਟੀ ਸਾਂਝੀ ਕਰਨ ਦੀ ਤਾਂਘ ਉੱਠਦੀ ਹੈ।
ਇਸ ਕਰਕੇ ਹੁਣ ਮਘੇ ਸਿਆਸੀ ਪਿੜ ਅੰਦਰ ਲੁਟੇਰਿਆਂ
’ਚੋਂ ਕਿਸੇ ਇੱਕ ਦੀ ਚੋਣ ਦੀ ਥਾਵੇਂ ਜਥੇਬੰਦ ਸੰਘਰਸ਼ ਦੇ ਰਾਹ ਦੀ ਚੋਣ ਨੂੰ ਇੱਕ ਬਦਲ ਵਜੋਂ
ਸਥਾਪਤ ਕਰਨ ਦੀ ਬੇਹੱਦ ਮਹੱਤਤਾ ਹੈ। ਇਹ ਸਥਾਪਤ ਕਰਨ ਦੀ ਮਹੱਤਤਾ ਹੈ ਕਿ
- ਸਾਡੀਆਂ ਰੋਜ਼ਮਰ੍ਹਾ ਦੀਆਂ ਲੋੜਾਂ ਦਾ ਬਦਲ ਜਥੇਬੰਦੀ ਕਿਵੇਂ ਬਣਦੀ ਹੈ। ਵਾਜਬ ਮੰਗਾਂ ਨੂੰ
ਕਿਸੇ ਉੱਚ ਅਧਿਕਾਰੀ ਜਾਂ ਸਿਆਸੀ ਚੌਧਰੀ ਦੀ ਮਿੰਨਤ, ਸਿਫਾਰਸ਼ ਜਾਂ ਵੱਢੀਖੋਰੀ ਦੀ
ਥਾਵੇਂ ਇਕੱਠ ਤੇ ਐਜੀਟੇਸ਼ਨ ਦੇ ਜ਼ੋਰ ਵੀ ਹਾਸਲ ਕੀਤਾ ਜਾ ਸਕਦਾ ਹੈ। ਕੋਈ ਰੁਜ਼ਗਾਰ ਦੀ ਮੰਗ, ਬਦਲੀ ਕਰਵਾਉਣ ਜਾਂ ਰੱਦ ਕਰਵਾਉਣ ਦੀ ਮੰਗ, ਛੁੱਟੀ ਦੀ ਮੰਗ, ਰੁਕੀ ਪੈਨਸ਼ਨ ਹਾਸਲ ਕਰਨ ਦੀ ਮੰਗ, ਨਰੇਗਾ ਦੇ ਬਕਾਇਆਂ ਦੀ ਮੰਗ, ਮੰਡੀ ’ਚੋਂ ਫਸਲ ਚੁੱਕੇ ਜਾਣ ਦੀ ਮੰਗ ਜਾਂ ਲੈਕਚਰ ਪੂਰੇ ਕੀਤੇ ਜਾਣ ਦੀ ਮੰਗ ਨਿੱਜੀ ਜੀ-ਹਜ਼ੂਰੀ ਦੀ
ਬਜਾਏ ਇਕੱਠ ਤੇ ਜਥੇਬੰਦੀ ਦੇ ਜ਼ੋਰ ਵੀ ਪੁਗਾਈ ਜਾ ਸਕਦੀ ਹੈ। ਕਿ ਅਜਿਹੀ ਪ੍ਰਾਪਤੀ ਦੀ ਪਾਏਦਾਰੀ
ਹੋਰ ਕਿਸੇ ਵੀ ਤਰੀਕੇ ਹੋਈ ਪ੍ਰਾਪਤੀ ਨਾਲੋਂ ਵੱਧ ਹੈ। ਕਿ ਅਜਿਹੀ ਪ੍ਰਾਪਤੀ ਬੇਅਸੂਲੀ ਆਗਿਆਕਾਰੀ
ਤੋਂ ਰਹਿਤ ਤੇ ਸਵੈਮਾਣ ਭਰਪੂਰ ਹੈ।
- ਜਿਹਨਾਂ ਪਿੰਡਾਂ,
ਕਾਲਜਾਂ, ਦਫਤਰਾਂ, ਮੁਹੱਲਿਆਂ ਅੰਦਰ ਲੋਕਾਂ ਦੀ ਖਰੀ ਏਕਤਾ ’ਤੇ ਅਧਾਰਤ ਜਥੇਬੰਦੀਆਂ ਹਨ, ਉਥੋਂ ਦੀ ਹਾਲਤ ਹੋਰਨਾਂ ਥਾਵਾਂ ਨਾਲੋਂ ਬੇਹਤਰ ਕਿਵੇਂ ਹੈ। ਆਪਸੀ ਬੇਵਿਸ਼ਵਾਸੀ ਤੇ ਲੱਤਾਂ
ਖਿੱਚਣ ਦੇ ਮਾਹੌਲ ਦੇ ਮੁਕਾਬਲੇ ਉਹਨਾਂ ਥਾਵਾਂ ’ਤੇ ਕਿਵੇਂ ਸਾਂਝੀ
ਪਹਿਲਕਦਮੀ ਤੇ ਭਰੱਪੇ ਦੇ ਮਾਹੌਲ ਦਾ ਵਿਕਾਸ ਹੁੰਦਾ ਹੈ। ਕਿਵੇਂ ਅਜਿਹੇ ਕਿਸੇ ਦਫਤਰ ਦੇ ਮੁਲਾਜ਼ਮ
ਕਹਿੰਦੇ ਸੁਣੇ ਜਾ ਸਕਦੇ ਹਨ ਕਿ ਸਾਡੇ ਨੀ ਕੋਈ ਅਫਸਰ ਇੰਜ ਬੋਲ ਸਕਦਾ, ਅਸੀਂ ਤਾਂ ਓਦੋਂ ਈ ਧਰਨਾ ਮਾਰ ਲੈਨੇ ਆਂ। ਜਾਂ ਕਿਸੇ ਪਿੰਡ ਦੇ ਲੋਕ ਕਹਿੰਦੇ ਨੇ ਕਿ ਸਾਡੇ
ਪਿੰਡ ਤਾਂ ਯੂਨੀਅਨ ਏਨੀ ਤਕੜੀ ਐ ਬਈ ਕੋਈ ਡਰਦਾ ਮੀਟਰ ਬਾਹਰ ਕੱਢਣ ਨਹੀਂ ਆਉਂਦਾ। ਪ੍ਰਾਈਵੇਟ
ਮੈਨੇਜਮੈਂਟ ਦੀ ਲੁੱਟ ਖਿਲਾਫ਼ ਇਕੱਠੇ ਹੋਏ ਬਠਿੰਡੇ ਦੀ ਇੱਕ ਪ੍ਰਾਈਵੇਟ ਕਲੋਨੀ ਦੇ ਵਸਨੀਕਾਂ ਅੰਦਰ
ਆਪਸੀ ਰਸਨਾ ਤੇ ਉਸਾਰੂ ਪਹਿਲਕਦਮੀ ਦਾ ਸੰਚਾਰ ਹੋਇਆ ਹੈ ਤੇ ਉਹ ਸਾਂਝੀ ਪਹਿਲਕਦਮੀ ਸਦਕਾ 28 ਸਤੰਬਰ ਨੂੰ ਭਗਤ ਸਿੰਘ ਦਾ ਜਨਮ ਦਿਨ ਉਤਸ਼ਾਹ ਨਾਲ ਮਨਾ ਕੇ ਹਟੇ ਹਨ।
- ਕਿਵੇਂ ਲੋਕਾਂ ਦੀ ਸਮੁੱਚੀ ਧਿਰ ਹੀ ਪੀੜਤ ਐ। ਕਿਸੇ ਲਈ ਗੁਜ਼ਾਰੇ ਦਾ ਮਸਲਾ, ਕਿਸੇ ਲਈ ਜ਼ਮੀਨ ਬਚਾਉਣ ਦਾ, ਕਿਸੇ ਲਈ ਨੌਕਰੀ ਹਾਸਲ ਕਰਨ
ਦਾ ਮਸਲਾ, ਕਿਸੇ ਲਈ ਨੌਕਰੀ ਸਲਾਮਤ ਰੱਖਣ ਦਾ। ਸ਼ਹਿਰੀ ਮੱਧਵਰਗ ਦਾ ਇੱਕ ਹਿੱਸਾ ਜੋ ਉਂਝ ਸਰਦਾ ਪੁੱਜਦਾ
ਲੱਗਦਾ ਹੈ, ਉਹ ਵੀ ਲੋਕਾਂ ਲਈ ਨਰਕ ਬਣਾਏ ਜਾ ਚੁੱਕੇ ਇਸ ਪ੍ਰਬੰਧ ਅੰਦਰ ਹਵਾ, ਪਾਣੀ, ਭੋਜਨ ਅੰਦਰ ਘੁਲੀਆਂ ਜ਼ਹਿਰਾਂ ਦਾ ਸ਼ਿਕਾਰ ਹੈ। ਆਪਣੀ ਜ਼ਿੰਦਗੀ ਨੂੰ ਸਲਾਮਤ ਰੱਖਣ ਲਈ ਇਸ
ਮੁਨਾਫਾ ਅਧਾਰਤ ਪ੍ਰਬੰਧ ਨੂੰ ਬਦਲਣਾ ਤੇ ਆਪਣਾ ਤੇ ਬੱਚਿਆਂ ਦਾ ਭਵਿੱਖ ਸੁਰੱਖਿਅਤ ਕਰਨਾ ਉਸਦੀ ਵੀ
ਲੋੜ ਹੈ। ਭਾਵੇਂ ਵੱਖ-ਵੱਖ ਲੋਕ ਹਿੱਸਿਆਂ ਦੀਆਂ ਲੋੜਾਂ ਵੱਖੋ ਵੱਖ ਹਨ, ਪਰ ਇਸ ਪ੍ਰਬੰਧ ਨੂੰ ਬਹੁਗਿਣਤੀ ਲਈ ਬਾ-ਸਹੂਲਤ ਪ੍ਰਬੰਧ ’ਚ ਤਬਦੀਲ ਕਰਨਾ ਸਭਨਾਂ ਦੀ ਸਾਂਝੀ ਲੋੜ ਹੈ ਤੇ ਇਸ ਮਕਸਦ ਲਈ ਆਪੋ ਵਿੱਚ ਜੋਟੀ ਪਾਉਣਾ ਵੀ
ਸਾਂਝੀ ਲੋੜ ਹੈ।
- ਕਿਵੇਂ ਬਦਲ ਬਦਲ ਕੇ ਰਾਜ ਕਰ ਰਹੇ ਹਾਕਮ ਜਮਾਤੀ ਟੋਲੇ ਲੋਕਾਂ ਨੂੰ ਫਨਾਹ ਕਰ ਰਹੀਆਂ ਨੀਤੀਆਂ
ਬਾਰੇ ਇੱਕਮਤ ਹਨ। ਲੋਕਾਂ ਤੋਂ ਖੋਹ ਕੇ ਆਪਣੇ ਸਾਮਰਾਜੀ ਮਾਲਕਾਂ ਦੀਆਂ ਤੇ ਆਪਣੀਆਂ ਗੋਗੜਾਂ ਭਰਨ
ਦਾ ਅਮਲ ਨਿਰਵਿਘਨ ਚਲਦੇ ਰੱਖਣਾ ਤੇ ਹੋਰ ਤੇਜ਼ ਕਰਨਾ ਹੀ ਇਹਨਾਂ ਦਾ ਕੰਮ ਹੈ। ਕਿ ਅਸਲ ਲੜਾਈ ਇਸ
ਗੱਲ ਦੀ ਹੈ ਕਿ ਕੁੱਝ ਵਸੀਲੇ ਬਹੁਗਿਣਤੀ ਕਮਾਊ ਲੋਕਾਂ ਲਈ ਵਰਤੇ ਜਾਣ ਕਿ ਮੁੱਠੀ ਭਰ ਜੋਕਾਂ ਦੀ
ਐਸ਼ਪ੍ਰਸਤੀ ਲਈ ਵਰਤੇ ਜਾਣ ਤੇ ਕਿੰਜ ਹੇਠਲੀ ਉੱਤੇ ਕੀਤੇ ਬਿਨਾਂ, ਮਾੜੇ ਮੋਟੇ ਸੁਧਾਰਾਂ ਨਾਲ ਹੀ ਲੋਕਾਂ ਦੀਆਂ ਜ਼ਿੰਦਗੀਆਂ ਨਹੀਂ ਬਦਲ ਸਕਦੀਆਂ।
- ਜਿਵੇਂ ਵੋਟ ਪਾਉਣ ਨਾਲ ਹੀ ਲੋਕਾਂ ਦੀ ਜ਼ਿੰਦਗੀ ਵਿੱਚ ਕੋਈ ਹਕੀਕੀ ਤਬਦੀਲੀ ਸੰਭਵ ਨਹੀਂ, ਓਵੇਂ ਮਹਿਜ਼ ਵੋਟਾਂ ਦੇ ਬਾਈਕਾਟ ਨਾਲ ਹੀ ਹਕੀਕੀ ਤਬਦੀਲੀ ਨਹੀਂ ਹੋ ਸਕਦੀ। ਕਿਉਂਕਿ ਕਿਸੇ
ਸਥਾਪਤ ਬਦਲ ਬਿਨਾਂ ਬਾਈਕਾਟ ਦੇ ਸੱਦੇ ਦਾ ਅਮਲੀ ਮਤਲਬ ਵੀ ਨੋਟਾ ਦੇ ਅਧਿਕਾਰ ਵਰਗਾ ਹੀ ਬਣਦਾ ਹੈ।
ਅਸਲ ਤਬਦੀਲੀ ਸਿਰਫ ਮੂਕ ਹਿੱਸੇਦਾਰ ਬਣਕੇ ਨਹੀਂ, ਬਲਕਿ ਲੋਕਾਂ ਵੱਲੋਂ ਸਿਆਸੀ
ਜ਼ਿੰਦਗੀ ਵਿੱਚ ਸਰਗਰਮ ਦਖਲਅੰਦਾਜ਼ੀ ਕਰਕੇ ਹੀ ਸੰਭਵ ਹੈ। ਸਰਗਰਮ ਦਖਲਅੰਦਾਜ਼ੀ ਦਾ ਮਤਲਬ ਚੇਤਨ ਲੋਕ
ਲਹਿਰਾਂ ਦੀ ਉਸਾਰੀ ਹੀ ਹੈ।
No comments:
Post a Comment