Monday, October 24, 2016

30. ਬਰਸੀ ਤੇ ਸਮਾਜਕ ਚੇਤਨਾ ਲੈਕਚਰ



ਬੇਟੇ ਦੀ 5ਵੀਂ ਬਰਸੀ ਤੇ ਸਮਾਜਕ ਚੇਤਨਾ ਲੈਕਚਰ ਕਰਵਾਇਆ

ਇੰਪਲਾਈਜ਼ ਯੂਨੀਅਨ ਦੇ ਸਾਬਕਾ ਜਨਰਲ ਸਕੱਤਰ ਸ਼੍ਰੀ ਅੰਮ੍ਰਿਤ ਪਾਲ ਦੇ ਬੇਟੇ ਨਿਤਿਨ ਦਾ ਪੰਜ ਵਰ੍ਹੇ ਪਹਿਲਾਂ ਸੜਕ ਹਾਦਸੇ ਚ ਦਿਹਾਂਤ ਹੋ ਗਿਆ ਸੀ, ਸਮੁੱਚੇ ਪਰਿਵਰ ਨੇ ਇਹ ਚੇਤੰਨ ਫੈਸਲਾ ਲਿਆ ਕਿ ਨਿਤਿਨ ਨੂੰ ਯਾਦ ਕਰਨ ਲਈ ਕਿਸੇ ਕਿਸਮ ਦੀਆਂ ਧਾਰਮਕ ਰਸਮਾਂ ਦਾ ਝੂਠਾ ਸਹਾਰਾ ਨਹੀਂ ਲਿਆ ਜਾਵੇਗਾ, ਸਗੋਂ ਸਮਾਜਿਕ ਸਰੋਕਾਰਾਂ ਬਾਰੇ ਆਮ ਲੋਕਾਂ ਨੂੰ ਜਾਗਰਤ ਕਰਨ ਲਈ ਆਪਣਾ ਬਣਦਾ ਰੋਲ ਨਿਭਾ ਕੇ ਹੀ ਉਸਦੀ ਯਾਦ ਨੂੰ ਜਿੰਦਾ ਰੱਖਿਆ ਜਾਵੇ। ਸੋ ਨਿਤਿਨ ਦੀ ਯਾਦ ਵਿੱਚ ਪਰਿਵਾਰ ਵੱਲੋਂ ਹਰ ਸਾਲ 11 ਮਈ ਨੂੰ ਸਮਾਜਕ ਚੇਤਨਾ ਨਾਲ ਸੰਬੰਧਤ ਲੈਕਚਰ ਦਾ ਆਯੋਜਨ ਕੀਤਾ ਜਾਂਦਾ ਹੈ। ਇਸ ਸਾਲ 11 ਮਈ 2016 ਨੂੰ ਨਿਤਿਨ ਦੀ 5ਵੀਂ ਬਰਸੀ ਤੇ ਨਿਤਿਨ ਯਾਦਗਾਰੀ ਲੈਕਚਰ ਕਰਵਾਇਆ ਗਿਆ। ਲੈਕਚਰ ਟਰਾਂਸਪੋਰਟ ਤਕਨਾਲੋਜੀ ਦਾ ਵਿਕਾਸ-ਢਾਂਚਾਗਤ ਊਣਤਾਈਆਂ ਅਤੇ ਮੁਨੱਖੀ ਜਿੰਦਗੀ ਦੇ ਸਰੋਕਾਰ ਵਿਸ਼ੇ ਤੇ ਆਧਾਰਤ ਸੀ। ਸਮਾਗਮ ਦੇ ਮੁੱਖ ਬੁਲਾਰੇ ਪ੍ਰੋਫੈਸਰ ਬਾਵਾ ਸਿੰਘ (ਸਾਬਕਾ ਵਾਈਸ ਚੇਅਰਮੈਨ, ਘੱਟ ਗਿਣਤੀਆਂ ਲਈ ਕੌਮੀ ਕਮਿਸ਼ਨ, ਭਾਰਤ ਸਰਕਾਰ) ਨੇ ਬੋਲਦਿਆਂ ਕਿਹਾ ਕਿ ਵਿਗਿਆਨ ਦੇ ਅਜੋਕੇ ਦੌਰ ਚ ਟਰਾਂਸਪੋਰਟ ਤਕਨਾਲੋਜੀ ਮੁਨੱਖੀ ਚਿਹਰੇ ਤੋਂ ਬਿਨਾਂ ਵਿਕਸਤ ਹੋ ਰਹੀ ਹੈ। ਤਕਨਾਲੋਜੀ ਦੇ ਵਿਕਾਸ ਦਾ ਕੇਂਦਰੀ ਮੰਤਵ ਲੋਕ ਭਲਾਈ ਨਹੀਂ ਹੈ, ਸਗੋਂ ਨਿੱਜੀ ਮੁਨਾਫੇ ਚ ਇਜ਼ਾਫਾ ਕਰਨਾ ਹੈ। ਉਨ੍ਹਾਂ ਕਿਹਾ ਕਿ ਜਿੱਥੇ ਵਿਗਿਆਨ ਟਰਾਂਸਪੋਰਟ ਸੈਕਟਰ ਚ ਅਥਾਹ ਤਰੱਕੀ ਚ ਸਹਾਈ ਹੋ ਰਿਹਾ ਹੈ, ਉੱਥੇ ਸਰਕਾਰਾਂ ਨੂੰ ਚਾਹੀਦਾ ਹੈ ਕਿ ਟਰਾਂਸਪੋਰਟ ਦੇ ਹਾਣ ਦਾ ਢਾਂਚਾ ਵੀ ਉਸਾਰੇ, ਤਾਂ ਕਿ ਮਨੁੱਖਾ ਜਿੰਦਗੀ ਨੂੰ ਐਕਸੀਡੈਂਟਾਂ ਰਾਹੀਂ ਅਜਾਈਂ ਗੁਆਚਣ ਤੋਂ ਬਚਾਇਆ ਜਾ ਸਕੇ। ਉੱਘੇ ਅਰਥ-ਸਾਸ਼ਤਰੀ ਡਾ. ਸੁਖਪਾਲ ਸਿੰਘ ਨੇ ਕਿਹਾ ਕਿ ਬੇਹੱਦ ਘੱਟ ਸਮਰੱਥਾ ਵਾਲੀਆਂ ਸੜਕਾਂ ਉੱਤੇ ਦੌੜ ਰਹੇ ਮੋਟਰ ਵਹੀਕਲਾਂ ਦੀ ਭੀੜ ਲੋਕਾਂ ਦੀ ਜਾਨ ਦਾ ਖੌ ਬਣ ਰਹੀ ਹੈ। ਲੋਕਾਂ ਨੂੰ ਟਰੈਫਿਕ ਨਿਯਮਾਂ ਦੀ ਪਾਲਣਾ ਕਰਨ ਲਈ ਤਾਂ ਕਿਹਾ ਜਾਂਦਾ ਹੈ, ਪਰ ਹਾਕਮਾਂ ਦੀਆਂ ਬੇ-ਰੋਕਟੋਕ ਤੇਜ਼ ਸਪੀਡ ਦੌੜ ਰਹੀਆਂ ਗੱਡੀਆਂ ਸ਼ਰੇਆਮ ਟਰੈਫਿਕ ਨਿਯਮਾਂ ਦੀ ਉਲੰਘਣਾ ਕਰ ਰਹੀਆਂ ਹਨ। ਇਸ ਧੱਕੇਸ਼ਾਹੀ ਦੇ ਖਿਲਾਫ ਸਮਾਜ ਅੰਦਰ ਰੋਸ ਅਤੇ ਰੋਹ ਦੀ ਲਹਿਰ ਉਸਾਰਨੀ ਅੱਜ ਦੀ ਅਣਸਰਦੀ ਲੋੜ ਬਣ ਚੁੱਕੀ ਹੈ।

ਅੱਜ ਦੇ ਸਮਾਗਮ ਬਾਰੇ ਬੋਲਦਿਆਂ ਮੋਲਡਰ ਐਂਡ ਸਟੀਲ ਵਰਕਰ ਯੂਨੀਅਨ ਦੇ ਪ੍ਰਧਾਨ ਹਰਜਿੰਦਰ ਸਿੰਘ ਨੇ ਕਿਹਾ ਕਿ ਵਿਗਿਆਨ ਦੀ ਕੋਈ ਜਾਤ-ਜਮਾਤ ਨਹੀਂ ਹੁੰਦੀ, ਸਗੋਂ ਪੈਦਾਵਾਰ ਦੇ ਸਾਧਨਾਂ ਤੇ ਕਾਬਜ਼ ਜਮਾਤ ਵਿਗਿਆਨ ਨੂੰ ਜਮਾਤੀ ਖਾਸਾ ਪਹਿਨਾ ਦਿੰਦੀ ਹੈ। ਜਦੋਂ ਤੱਕ ਪੈਦਾਵਾਰ ਦੇ ਸਾਧਨਾਂ ਤੇ ਮਜ਼ਦੂਰ ਜਮਾਤ ਦੀ ਮਾਲਕੀ ਸਥਾਪਤ ਨਹੀਂ ਹੁੰਦੀ, ਉਦੋਂ ਤੱਕ ਕੀਮਤੀ ਮਨੁੱਖੀ ਜਾਨਾਂ ਨੂੰ ਬਚਾਇਆ ਨਹੀਂ ਜਾ ਸਕਦਾ।

No comments:

Post a Comment