ਖੇਤ-ਮਜ਼ਦੂਰਾਂ ਦੇ ਤਿੱਖੇ ਰੋਹ ਦਾ ਪ੍ਰਗਟਾਵਾ
- ਲਛਮਣ ਸੇਵੇਵਾਲਾ
ਖੇਤ ਮਜ਼ਦੂਰਾਂ ਦੀਆਂ ਬੁਨਿਆਦੀ, ਅਹਿਮ, ਫੌਰੀ ਤੇ
ਮੰਨੀਆਂ ਹੋਈਆਂ ਮੰਗਾਂ ਨੂੰ ਲੈ ਕੇ ਪੰਜਾਬ ਖੇਤ ਮਜ਼ਦੂਰ ਯੂਨੀਅਨ ਵੱਲੋਂ 15 ਤੋਂ 17 ਸਤੰਬਰ ਤੱਕ
ਮੁੱਖ ਮੰਤਰੀ ਬਾਦਲ ਦੇ ਜੱਦੀ ਹਲਕੇ ਲੰਬੀ ’ਚ ਤਿੰਨ ਰੋਜ਼ਾ ਸੂਬਾਈ
ਮੋਰਚਾ ਲਾਇਆ ਗਿਆ। ਇਹ ਮੋਰਚਾ ਮੰਗਾਂ ਦੀ ਚੋਣ, ਪ੍ਰਚਾਰ ਦੇ ਤੱਤ, ਲਾਮਬੰਦੀ
ਮੁਹਿੰਮ ਦੀਆਂ ਅਸਰਦਾਰ ਸ਼ਕਲਾਂ ਅਪਨਾਉਣ, ਨੌਜਵਾਨ ਹਿੱਸਿਆ ਤੱਕ ਪਹੁੰਚ ਬਣਾਉਣ, ਚਲਦੇ ਮੋਰਚੇ
ਦੌਰਾਨ ਹਾਸਲ ਵਿੱਤ ਤੇ ਸਮਰੱਥਾ ਅਨੁਸਾਰ ਹਕੂਮਤ ’ਤੇ ਸੰਭਵ ਦਬਾਅ ਬਨਾਉਣ
ਦੀ ਸੇਧ ਅਪਨਾਉਣ ਅਤੇ ਗੱਲਬਾਤ ਦੌਰਾਨ ਲਏ ਪੈਂਤੜੇ ਪੱਖੋਂ ਖੇਤ ਮਜ਼ਦੂਰ ਜਥੇਬੰਦੀ ਦੇ ਕਦਮ ਵਧਾਰੇ
ਦਾ ਸੰਕੇਤ ਹੈ।
ਇੱਕ ਹਜ਼ਾਰ ਦੇ ਕਰੀਬ ਖੇਤ-ਮਜ਼ਦੂਰ ਮਰਦ ਔਰਤਾਂ
ਦੀ ਸ਼ਮੂਲੀਅਤ ਨਾਲ ਸ਼ੁਰੂ ਹੋਏ ਇਸ ਮੋਰਚੇ ਦੇ ਪਹਿਲੇ ਦਿਨ ਹੀ ਮਜ਼ਦੂਰ ਆਗੂਆਂ ਨੇ ਸਪੱਸ਼ਟ ਐਲਾਨ ਕਰ
ਦਿੱਤਾ ਸੀ ਕਿ ਇੱਥੇ ਆਪਣੀਆਂ ਮੰਗਾਂ ਨੂੰ ਪ੍ਰਚਾਰਨ ਤੇ ਉਭਾਰਨ ਲਈ ਹੀ ਨਹੀਂ, ਸਗੋਂ ਹਕੂਮਤ
ਵਿਰੁੱਧ ਆਪਣੇ ਰੋਹ ਦਾ ਪ੍ਰਗਟਾਵਾ ਕਰਨ ਆਏ ਹਨ, ਜਿਸ ਨੂੰ ਅਗਲੇ ਦੋ
ਦਿਨਾਂ ਦੌਰਾਨ ਅਮਲੀ ਰੂਪ ਦਿੱਤਾ ਜਾਵੇਗਾ। ਇਸ ਐਲਾਨ ਨੂੰ ਸੁਣਕੇ ਹਰਕਤ ’ਚ ਆਉਂਦਿਆਂ
ਪ੍ਰਸ਼ਾਸਨ ਵੱਲੋਂ ਅਗਲੇ ਦਿਨ ਖੇਤ ਮਜ਼ਦੂਰ ਆਗੂਆਂ ਨਾਲ ਮੀਟਿੰਗ ਕਰਕੇ ਉਹਨਾਂ ਦੀਆਂ ਮੰਗਾਂ ਦੇ
ਨਿਪਟਾਰੇ ਲਈ 18 ਸਤੰਬਰ ਨੂੰ ਲੰਬੀ ਖੇਤਰ ’ਚ ਮੁੱਖ ਮੰਤਰੀ ਨਾਲ
ਮੁਲਾਕਾਤ ਦੀ ਰੱਖੀ ਤਜਵੀਜ਼ ਮਜ਼ਦੂਰ ਆਗੂਆਂ ਵੱਲੋਂ ਦੋ ਟੁੱਕ ਰੱਦ ਕਰਕੇ ਫਾਜ਼ਿਲਕਾ-ਦਿੱਲੀ ਕੌਮੀ ਸ਼ਾਹ
ਮਾਰਗ ’ਤੇ ਕਈ ਘੰਟੇ
ਜਾਮ ਲਾਇਆ ਗਿਆ। ਕੜਕਦੀ ਧੁੱਪ ਤੇ ਤਪਦੀ ਸੜਕ ’ਤੇ ਖੇਤ-ਮਜ਼ਦੂਰਾਂ
ਵੱਲੋਂ ਅੱਥਰੂ ਗੈਸ ਦੇ ਗੋਲਿਆਂ ਤੇ ਜਲ ਤੋਪਾਂ ਨਾਲ ਲੈਸ ਭਾਰੀ ਪੁਲਸ ਨਫਰੀ ਦੇ ਬਾਵਜੂਦ ਕੌਮੀ ਸ਼ਾਹ
ਮਾਰਗ ਜਾਮ ਕਰਕੇ ਆਪਣੇ ਤਿੱਖੇ ਰੋਹ ਦਾ ਪ੍ਰਗਟਾਵਾ ਕੀਤਾ ਗਿਆ। ਮੋਰਚੇ ਦੇ ਤੀਜੇ ਤੇ ਆਖਰੀ ਦਿਨ 1400 ਦੇ ਕਰੀਬ
ਖੇਤ ਮਜ਼ਦੂਰ ਮਰਦ-ਔਰਤਾਂ ਤੇ ਨੌਜਵਾਨਾਂ ਵੱਲੋਂ ਮੁੱਖ ਮੰਤਰੀ ਦੀ ਅਰਥੀ (ਔਰਤਾਂ ਦੁਆਰਾ) ਮੋਢਿਆਂ ’ਤੇ ਚੁੱਕ ਕੇ
ਰੋਸ ਮੁਜ਼ਾਹਰਾ ਕਰਨ ਤੋਂ ਇਲਾਵਾ ਕੌਮੀ ਸ਼ਾਹਮਾਰਗ ਨੂੰ ਮੁੜ ਜਾਮ ਕਰਦਿਆਂ ਅਰਥੀ ਨੂੰ ਲਾਂਬੂ ਲਾਇਆ
ਗਿਆ। ਖੇਤ ਮਜ਼ਦੂਰ ਆਗੂਆਂ ਨੇ ਅਕਾਲੀ-ਭਾਜਪਾ ਸਰਕਾਰ ਦੇ ਖੇਤ-ਮਜ਼ਦੂਰਾਂ ਨਾਲ ਜਮਾਤੀ ਦੁਸ਼ਮਣੀ ਵਾਲੇ
ਰਿਸ਼ਤੇ ਤੇ ਕਿਰਦਾਰ ਨੂੰ ਉਘਾੜਦੇ ਹੋਏ ਵਿਸ਼ਾਲ ਲਾਮਬੰਦੀ ਦੀ ਲੋੜ ’ਤੇ ਜ਼ੋਰ
ਦਿੰਦਿਆਂ ਪਿੰਡ-ਪਿੰਡ ਨੂੰ ਸਰਕਾਰ ਵਿਰੋਧੀ ਘੋਲਾਂ ਦੇ ਅਖਾੜੇ ਬਣਾਉਣ ਦਾ ਸੱਦਾ ਦਿੰਦੇ ਹੋਏ ਮੋਰਚੇ
ਦੀ ਸਮਾਪਤੀ ਕੀਤੀ ਗਈ। ਇਸੇ ਦੌਰਾਨ ਜਾਮ ਦੀ ਸਮਾਪਤੀ ਮੌਕੇ ਪ੍ਰਸ਼ਾਸਨ ਵੱਲੋਂ ਖੇਤ ਮਜ਼ਦੂਰ ਆਗੂਆਂ
ਨੂੰ ਮੁਲਾਕਾਤ ਦੀ ਥਾਂ ਮੁੱਖ ਮੰਤਰੀ ਨਾਲ 20 ਸਤੰਬਰ ਨੂੰ ਚੰਡੀਗੜ੍ਹ ਵਿਖੇ ਬਕਾਇਦਾ ਮੀਟਿੰਗ
ਦਾ ਸੱਦਾ ਦਿੱਤਾ ਗਿਆ।
ਖੇਤ ਮਜ਼ਦੂਰ ਜਥੇਬੰਦੀ ਵੱਲੋਂ ਇਹ ਮੁਹਿੰਮ
ਸ਼ਹੀਦ ਭਗਤ ਸਿੰਘ ਦੇ ਜਨਮ ਦਿਨ ਨੂੰ ਸਮਰਪਿਤ ਕਰਦਿਆਂ ਆਗੂਆਂ ਤੇ ਕਰਿੰਦਿਆਂ ਦੀ ਸਿੱਖਿਆ ਵਾਸਤੇ
ਲਿਖਤੀ ਪ੍ਰਚਾਰ ਸਮੱਗਰੀ ਵੀ ਜਾਰੀ ਕੀਤੀ ਗਈ। ਇਸ ਮੁਹਿੰਮ ਤਹਿਤ ਮੁਕਤਸਰ, ਬਠਿੰਡਾ, ਮੋਗਾ, ਫਰੀਦਕੋਟ, ਸੰਗਰੂਰ ਤੇ
ਜਲੰਧਰ ਜਿਲ੍ਹਿਆਂ ’ਚ ਨੌਜਵਾਨਾਂ ਦੀਆਂ ਕੀਤੀਆਂ ਵਿਸਥਾਰੀ ਸਿੱਖਿਆਦਾਇਕ
ਮੀਟਿੰਗਾਂ ’ਚ 330 ਨੌਜਵਾਨਾਂ ਵੱਲੋਂ ਹਿੱਸਾ ਲਿਆ ਗਿਆ। ਇਸ ਤੋਂ ਇਲਾਵਾ
652 ਨੌਜਵਾਨਾਂ
ਵੱਲੋਂ 373 ਮੋਟਰ ਸਾਈਕਲਾਂ
’ਤੇ ਸਵਾਰ ਹੋ
ਕੇ ਅਤੇ ਬਸੰਤੀ ਪੱਗਾਂ ਬੰਨ੍ਹ ਕੇ 123 ਪਿੰਡਾਂ ’ਚ ਨੌਜਵਾਨ
ਦਲਿਤ ਬਸੰਤੀ ਮਾਰਚ ਕੀਤੇ ਗਏ। ਇਹਨਾਂ ਮਾਰਚ”ਾਂ ’ਚ ਨੌਜਵਾਨਾਂ
ਤੋਂ ਇਲਾਵਾ 10 ਗੱਡੀਆਂ ’ਤੇ ਸਵਾਰ ਹੋ ਕੇ 150 ਦੇ ਕਰੀਬ
ਯੂਨੀਅਨ ਦੇ ਵਡੇਰੀ ਉਮਰ ਵਾਲੇ ਆਗੂ ਕਾਰਕੁੰਨਾਂ ਨੇ ਵੀ ਹਿੱਸਾ ਲਿਆ। ਇਉਂ ਇਹਨਾਂ ਮਾਰਚ ਕਰਨ
ਵਾਲਿਆਂ ਦੀ ਕੁੱਲ ਗਿਣਤੀ 800 ਤੋਂ ਉਪਰ ਬਣਦੀ ਹੈ। ਇਸੇ ਤਰ੍ਹਾਂ ਜਿਲ੍ਹਾ ਮੁਕਤਸਰ
ਦੇ ਛੇ ਪਿੰਡਾਂ ’ਚ 500 ਦੇ ਕਰੀਬ ਮਜ਼ਦੂਰ ਔਰਤਾਂ ਵੱਲੋਂ ਬਸੰਤੀ ਚੁੰਨੀਆਂ ਲੈ
ਕੇ ਆਪੋ ਆਪਣੇ ਪਿੰਡਾਂ ’ਚ ਮੁਜ਼ਾਹਰੇ ਕੀਤੇ ਗਏ। ਖੇਤ ਮਜ਼ਦੂਰ ਯੂਨੀਅਨ ਵੱਲੋਂ
ਚਲਾਈ ਇਸ ਸਿੱਖਿਆ, ਪ੍ਰਚਾਰ ਤੇ ਲਾਮਬੰਦੀ ਮੁਹਿੰਮ ਦੌਰਾਨ ਗੁਜਰਾਤ ਤੇ
ਪੰਜਾਬ ਸਮੇਤ ਮੁਲਕ ਭਰ ’ਚ ਦਲਿਤਾਂ ਉਪਰ ਗਊ ਰੱਖਿਆ ਦੇ ਨਾਂਅ ਹੇਠ ਅਤੇ
ਜਾਤਪਾਤੀ ਤੇ ਜਗੀਰੂ ਧੌਂਸ ਤਹਿਤ ਕੀਤੇ ਜਾ ਰਹੇ ਅਣਮਨੁੱਖੀ ਜਬਰ ਦੇ ਵਰਤਾਰੇ ਨੂੰ ਵਿਸ਼ੇਸ਼ ਤੌਰ ’ਤੇ ਉਭਾਰਿਆ
ਗਿਆ। ਇਸ ਵਰਤਾਰੇ ਦੀਆਂ ਜੜ੍ਹ”ਾਂ ਜਾਤਪਾਤੀ ਵੰਡ ਵਾਲੇ ਸਿਸਟਮ ਦੇ ਨਾਲ ਦਲਿਤਾਂ ਦੇ
ਜ਼ਮੀਨ ਤੇ ਸਾਧਨਾਂ ਤੋਂ ਵਾਂਝੇ ਹੋਣ ਵਾਲੇ ਆਰਥਿਕ ਪ੍ਰਬੰਧ ’ਚ ਸਮੋਈਆਂ ਹੋਣ ਬਾਰੇ
ਭਰਵੀਂ ਵਿਆਖਿਆ ਕੀਤੀ ਗਈ। ਦਲਿਤ ਖੇਤ ਮਜ਼ਦੂਰਾਂ ਦੀ ਭਲਾਈ ਖਾਤਰ ਬਣਾਈਆਂ ਮਜ਼ਦੂਰ ਭਲਾਈ ਸਕੀਮਾਂ
ਅਤੇ ਰਿਜਰਵੇਸ਼ਨ ਆਦਿ ਨੂੰ ਜ਼ਰੂਰੀ ਕਰਾਰ ਦਿੰਦਿਆਂ ਇਹਨਾਂ ਦੀ ਅਮਲਦਾਰੀ ਖਾਤਰ ਜੱਦੋਜਹਿਦ ਨੂੰ
ਅਣਸਰਦੀ ਲੋੜ ਕਰਾਰ ਦਿੰਦਿਆਂ ਇਹਨਾਂ ਰਿਆਇਤਾਂ ਨੂੰ ਨਿਗੂਣੀਆਂ ਕਰਾਰ ਦਿੱਤਾ ਗਿਆ। ਦਲਿਤ
ਖੇਤ-ਮਜ਼ਦੂਰਾਂ ਦੀ ਜ਼ਿੰਦਗੀ ’ਚ ਬੁਨਿਆਦੀ ਤਬਦੀਲੀ ਲਈ ਪੱਕੇ ਰੁਜ਼ਗਾਰ, ਜ਼ਮੀਨ ਦੀ ਵੰਡ, ਖੇਤੀ ਤੇ
ਸਨਅਤ ਦੇ ਰੁਜ਼ਗਾਰ ਮੁਖੀ ਜੁੜਵੇਂ ਵਿਕਾਸ ਮਾਡਲ ਦੀ ਬੱਝਵੀਂ ਤਸਵੀਰ ਪੇਸ਼ ਕਰਦੇ ਹੋਏ, ਇਸ ਵਾਸਤੇ
ਵਿਸ਼ਾਲ ਤੇ ਖਾੜਕੂ ਕਿਸਾਨ ਲਹਿਰ ਉਸਾਰਨ ਦੀ ਲੋੜ ’ਤੇ ਜ਼ੋਰ ਦਿੱਤਾ ਗਿਆ।
ਇਸ ਮੋਰਚੇ ਦੀਆਂ ਮੰਗਾਂ ’ਚ
ਪ੍ਰਮੁੱਖ-ਮੰਗਾਂ ਸਨ:
ਤਿੱਖੇ ਜ਼ਮੀਨੀ ਸੁਧਾਰ ਕਾਨੂੰਨ ਲਾਗੂ ਕਰਕੇ
ਵਾਧੂ ਨਿਕਲਦੀਆਂ ਜਮੀਨਾਂ ਦੀ ਵੰਡ ਖੇਤ ਮਜ਼ਦੂਰਾਂ ਤੇ ਬੇਜ਼ਮੀਨੇ ਕਿਸਾਨਾਂ ’ਚ ਕਰੋ।
ਸਰੀਰਕ ਤੇ ਵਿੱਦਿਅਕ ਯੋਗਤਾ ਤੇ ਹੁਨਰ ਅਨੁਸਾਰ ਹਰ ਇੱਕ ਲਈ ਪੱਕੇ ਰੁਜ਼ਗਾਰ ਦੀ ਗਾਰੰਟੀ ਕਰੋ। ਠੇਕਾ
ਪ੍ਰਣਾਲੀ ਰੱਦ ਕਰਕੇ ਸਰਕਾਰੀ ਵਿਭਾਗਾਂ ’ਚ ਪੱਕੀ ਭਰਤੀ ਕਰੋ ਅਤੇ
ਵੱਖ-ਵੱਖ ਵਿਭਾਗਾਂ ’ਚ ਖਾਲੀ ਪਈਆਂ ਅਸਾਮੀਆਂ ਭਰਨ ਦੇ ਨਾਲ-ਨਾਲ ਨਵੀਆਂ
ਅਸਾਮੀਆਂ ਪੈਦਾ ਕਰੋ। ਗਊ ਰੱਖਿਆ ਦੇ ਬਹਾਨੇ ਅਤੇ ਜਾਤਪਾਤੀ ਤੇ ਜਗੀਰੂ ਧੌਂਸ ਤਹਿਤ ਦਲਿਤਾਂ ’ਤੇ ਜਬਰ ਬੰਦ
ਕਰੋ ਅਤੇ ਦੋਸ਼ੀਆਂ ਨੂੰ ਸਖ਼ਤ ਤੇ ਮਿਸਾਲੀ ਸਜ਼ਾਵਾਂ ਦਿਓ। ਮਨਰੇਗਾ ਤਹਿਤ ਸਾਰੇ ਪਰਿਵਾਰ ਲਈ ਰੁਜ਼ਗਾਰ
ਦੀ ਗਾਰੰਟੀ ਕਰੋ ਅਤੇ ਇਸ ਸਕੀਮ ’ਚ ਪੈਦਾਵਾਰੀ ਤੇ ਉਪਜਾਊ ਧੰਦੇ ਸ਼ਾਮਲ ਕਰੋ। ਪੰਚਾਇਤੀ
ਜ਼ਮੀਨਾਂ ’ਚੋਂ ਖੇਤ
ਮਜ਼ਦੂਰਾਂ ਨੂੰ ਤੀਜਾ ਹਿੱਸਾ ਜ਼ਮੀਨ ਸਸਤੇ ਭਾਅ ਦੇਣ ਅਤੇ ਬਾਕੀ ਜ਼ਮੀਨ ਬੇਜ਼ਮੀਨੇ ਤੇ ਗਰੀਬ ਕਿਸਾਨਾਂ
ਨੂੰ ਦੇਣ ਦੀ ਗਾਰੰਟੀ ਕਰੋ। ਬੇਘਰੇ ਤੇ ਸਾਰੇ ਲੋੜਵੰਦਾਂ ਨੂੰ ਦਸ-ਦਸ ਮਰਲੇ ਦੇ ਪਲਾਟ ਅਤੇ ਮਕਾਨ
ਉਸਾਰੀ ਲਈ 3 ਲੱਖ ਰੁਪੈ ਦੀ ਗਰਾਂਟ ਦਿਓ। ਸਰਕਾਰੀ ਤੇ ਗੈਰ ਸਰਕਾਰੀ ਕਰਜ਼ੇ ਖਤਮ ਕਰੋ।
ਖੁਦਕੁਸ਼ੀ ਪੀੜਤਾਂ ਨੂੰ 5 ਲੱਖ ਰੁਪਏ ਮੁਆਵਜ਼ਾ ਤੇ ਨੌਕਰੀ ਦਿਓ। ਨਰਮਾ ਚੁਗਾਈ
ਦੇ ਮੁਆਵਜ਼ੇ ਦੀ ਵੰਡ ਕਰੋ। ਸਭਨਾਂ ਲੋੜਵੰਦਾਂ ਦੇ ਨੀਲੇ ਕਾਰਡ ਜਾਰੀ ਕਰੋ। ਮਜ਼ਦੂਰਾਂ ਵੱਲ ਖੜ੍ਹੇ
ਸਾਰੇ ਬਿਜਲੀ ਬਕਾਏ ਖਤਮ ਕਰੋ ਤੇ ਪੁੱਟੇ ਮੀਟਰ ਬਿਨਾਂ ਸ਼ਰਤ ਚਾਲੂ ਕਰੋ ਅਤੇ ਅੰਦੋਲਨਾਂ ਦੌਰਾਨ ਬਣੇ
ਸਾਰੇ ਕੇਸ ਵਾਪਸ ਲਓ ਆਦਿ ਸ਼ਾਮਲ ਸਨ।
20 ਸਤੰਬਰ ਨੂੰ ਮੁੱਖ
ਮੰਤਰੀ ਵੱਲੋਂ ਮਜ਼ਦੂਰ ਆਗੂਆਂ ਨੂੰ ਚੰਡੀਗੜ੍ਹ ਬੁਲਾ ਕੇ ਮੀਟਿੰਗ ਨਾ
ਕਰਨ ਦੇ ਰੋਸ ਵਜੋਂ ਖੇਤ ਮਜ਼ਦੂਰਾਂ ਵੱਲੋਂ ਦਰਜਨਾਂ ਪਿੰਡਾ ’ਚ ਅਰਥੀ ਸਾੜ ਮੁਜ਼ਾਹਰੇ
ਕੀਤੇ ਗਏ। ਜਦੋਂ ਕਿ 21 ਸਤੰਬਰ ਨੂੰ ਲੰਬੀ ਹਲਕੇ ’ਚ ਪੈਂਦੇ
ਕਿੱਲਿਆਂਵਾਲੀ ਦੇ ਪੈਲੇਸ ’ਚ ਦਲਿਤਾਂ ਦੇ ਇੱਕ ਇਕੱਠ ਨੂੰ ਸੰਬੋਧਨ ਕਰਨ ਲਈ
ਪਹੁੰਚੇ ਸਾਬਕਾ ਮੰਤਰੀ ਤੇ ਅਕਾਲੀ ਆਗੂ ਹੀਰਾ ਸਿੰਘ ਗਾਬੜੀਆ ਨੂੰ ਖੇਤ-ਮਜ਼ੂਦਰਾਂ ਵੱਲੋਂ ਕਾਲੀਆਂ
ਝੰਡੀਆਂ ਵਿਖਾਉਂਦੇ ਹੋਏ ਤਿੱਖੇ ਰੋਹ ਦਾ ਪ੍ਰਗਟਾਵਾ ਕੀਤਾ ਗਿਆ।
No comments:
Post a Comment