ਸਿਦਕ ਨਾਲ ਜੂਝ ਰਹੇ ਨੇ ਹੌਂਡਾ ਕੰਪਨੀ ਦੇ ਮਜ਼ਦੂਰ
- ਸਟਾਫ਼ ਰਿਪੋਰਟਰ
ਜਪਾਨ ਦੀ ਹੌਂਡਾ ਮੋਟਰ ਸਾਈਕਲ ਐਂਡ ਸਕੂਟਰਜ਼
ਇੰਡੀਆ ਪ੍ਰਾ. ਲਿਮਿਟਡ ਕੰਪਨੀ ਦੇ ਰਾਜਸਥਾਨ ਦੇ ਜਿਲ੍ਹਾ ਅਲਵਰ ਦੇ ਟਪੂਕੜਾ ਪਲਾਂਟ ’ਚ ਤਕਰੀਬਨ 3500 ਕਿਰਤੀ ਕੰਮ ਕਰਦੇ ਹਨ। ਇਹਨਾਂ ਵਿੱਚੋਂ 467 ਪੱਕੇ ਵਰਕਰ ਹਨ, 100-150 ਕੰਪਨੀ ਦੇ ਕੱਚੇ ਵਰਕਰ ਅਤੇ ਬਾਕੀ ਬਚਦੇ ਬਹੁਤੇ ਵਰਕਰ ਠੇਕੇਦਾਰਾਂ ਰਾਹੀਂ ਭਰਤੀ ਕੀਤੇ ਠੇਕਾ
ਵਰਕਰ ਹਨ। ਇੱਥੇ ਹੌਂਡਾ ਦੇ ਦੋ ਪਹੀਆ ਵਾਹਨਾਂ ਦੇ ਚਾਰ ਮਾਡਲ ਤਿਆਰ ਕੀਤੇ ਜਾਂਦੇ ਹਨ। ਜਿਸ ਵਿੱਚ
ਐਕਟਿਵਾ, ਡੀਓ, ਸਾਈਨ ਅਤੇ ਟਵਿਸਟਰ ਸ਼ਾਮਲ ਹਨ। ਇਸਦੀ ਸਾਲਾਨਾ ਸਮਰੱਥਾ 12 ਲੱਖ ਪ੍ਰਤੀ ਯੂਨਿਟ ਹੈ। ਇਹ ਯੂਨਿਟ ਪਿਛਲੇ 5 ਸਾਲਾਂ ਤੋਂ ਇੱਥੇ ਸਥਿਤ
ਹੈ, ਜੋ ਲਗਾਤਾਰ ਕਿਰਤੀਆਂ ਦੀ ਰੱਤ-ਨਿਚੋੜ ਕੇ, ਬਣਦੇ ਹੱਕ ਦੇਣ ਦੀ ਬਜਾਇ
ਸੁਪਰ ਮੁਨਾਫੇ ਕਮਾਕੇ ਦਿਨ-ਰਾਤ ਤਰੱਕੀ ਕਰ ਰਹੀ ਹੈ।
ਕੰਪਨੀ ਦੇ ਮਜ਼ਦੂਰਾਂ ਦੇ ਦੱਸਣ ਮੁਤਾਬਕ ਉਹਨਾਂ
ਦੇ ਹੁੰਦੇ ਸੋਸ਼ਣ ਦੇ ਨਾਲ ਕੁੱਟ-ਮਾਰ ਕਰਨੀ, ਕੰਪਨੀ ਤੋਂ ਕੱਢ ਦੇਣਾ ਤੇ
ਚੋਰੀ ਵਰਗੇ ਝੂਠੇ ਮੁਕੱਦਮੇ ਦਰਜ ਕਰਵਾਕੇ ਭਵਿੱਖ ਖਰਾਬ ਕਰਨਾ ਆਮ ਵਰਤਾਰਾ ਬਣਿਆ ਹੋਇਆ ਸੀ। ਜਿਸਦੀ
ਵਜ੍ਹਾ ਕਰਕੇ ਕੱਚੇ-ਪੱਕੇ ਵਰਕਰਾਂ ਨੇ ਜਥੇਬੰਦ ਹੋਣ ਦਾ ਫੈਸਲਾ ਕਰ ਲਿਆ। 6 ਅਗਸਤ 2015 ਉਹਨਾਂ ਟ੍ਰੇਡ ਯੂਨੀਅਨ ਰਜਿਸਟਰ ਕਰਵਾਉਣ ਦੀ ਫਾਈਲ ਲਾਈ। ਪ੍ਰਬੰਧਕਾਂ ਨੇ ਜਿੱਥੇ ਯੂਨੀਅਨ
ਰਜਿਸਟਰ ਕਰਵਾਉਣ ’ਚ ਰੋੜੇ ਅਟਕਾਉਣੇ ਸ਼ੁਰੂ ਕੀਤੇ, ਉੱਥੇ ਮਜ਼ਦੂਰਾਂ ’ਤੇ ਅੱਤਿਆਚਾਰ ਤੇਜ਼ ਕਰਦੇ ਹੋਏ ਰੋਜ਼ਾਨਾ 15-20 ਮਜ਼ਦੂਰਾ ਨੂੰ ਜਬਰੀ ਕੰਮ
ਤੋਂ ਹਟਾਉਣਾ ਸ਼ੁਰੂ ਕਰ ਦਿੱਤਾ। ਮਜ਼ਦੂਰਾਂ ਅੰਦਰ ਭਾਵੇਂ ਗੁੱਸਾ ਭਰਦਾ ਗਿਆ, ਪ੍ਰੰਤੂ ਇਸਦੇ ਬਾਵਜੂਦ ਇਹ ਸਾਰੇ ਮਜ਼ਦੂਰ ਸ਼ਾਂਤਮਈ ਕੰਮ ਕਰਦੇ ਰਹੇ। ਲੇਕਿਨ ਹੱਦ ਉਦੋਂ ਹੋ ਗਈ
ਜਦੋਂ 16 ਫਰਵਰੀ ਨੂੰ ਇੱਕ ਠੇਕਾ ਵਰਕਰ ਨੂੰ ਜਬਰੀ ਓਵਰ ਟਾਈਮ ਲਾਉਣ ਲਈ ਕਿਹਾ ਗਿਆ ਤਾਂ ਉਸਨੇ ਇਕਦਮ ਇਨਕਾਰ
ਕਰ ਦਿੱਤਾ, ਕਿਉਂਕਿ ਉਹ ਬੀਮਾਰ ਸੀ। ਉਸਦੇ ਸੁਪਰਵਾਈਜਰ ਨੇ ਉਸਨੂੰ ਕੁਟਾਪਾ ਚਾੜ੍ਹ ਦਿੱਤਾ। ਇਸ ਗੱਲ ਨੂੰ ਲੈ ਕੇ ਕਿਰਤੀਆਂ ਨੇ ਵਿਰੋਧ ਕੀਤਾ ਤੇ ਕੰਮ ਰੋਕ ਦਿੱਤਾ। ਉਹਨਾਂ ਨੇ
ਮਾਮਲੇ ਨੂੰ ਸੁਲਝਾਉਣ ਦੀ ਮੰਗ ਕੀਤੀ। ਉਸ ਸਮੇਂ ਡਿਊਟੀ ’ਤੇ 1700 ਵਰਕਰ ਸਨ। ਮੈਨੇਜਮੈਂਟ ਨੇ ਮਜ਼ਦੂਰਾਂ ਦੇ ਪੰਜ ਨੁਮਾਇੰਦਿਆਂ ਨੂੰ ਗੱਲਬਾਤ ਲਈ ਬੁਲਾ ਲਿਆ, ਜਿਹੜੇ ਘਟਨਾ ਸਮੇਂ ਮੌਜੂਦ ਸਨ। ਜਦੋਂ ਮਜ਼ਦੂਰਾਂ ਦੇ ਨੁਮਾਇੰਦੇ ਅਜੇ ਗੱਲਬਾਤ ਕਰ ਹੀ ਰਹੇ ਸਨ, ਤਾਂ ਉਸ ਸਮੇਂ ਕੰਪਨੀ ’ਚ ਪੁਲੀਸ ਆ ਧਮਕੀ, ਉਹਨਾਂ ਮਜ਼ਦੂਰਾਂ ਨੂੰ ਬਾਹਰ ਜਾਣ ਲਈ ਦਬਾਅ ਪਾਉਣਾ ਚਾਹਿਆ ਤਾਂ ਮਜ਼ਦੂਰ ਅੜ ਗਏ ਕਿ ਅਸੀਂ ਆਪਣੇ
ਲੀਡਰਾਂ ਬਿਨਾਂ ਇੱਥੋਂ ਨਹੀਂ ਜਾਵਾਂਗੇ। ਇਸੇ ਗੱਲ ਤੋਂ ਕੰਪਨੀ ਦੇ ਇਸ਼ਾਰੇ ’ਤੇ ਪੁਲੀਸ ਤੇ ਗੁੰਡਿਆਂ ਨੇ ਬਿਨਾਂ ਕੋਈ ਚੇਤਾਵਨੀ ਦਿੱਤੇ ਲਾਠੀਚਾਰਜ ਕਰ ਦਿੱਤਾ। ਬੇ-ਰਹਿਮੀ
ਨਾਲ ਕੁੱਟਮਾਰ ਕੀਤੀ। ਉਲਟਾ ਮਜ਼ਦੂਰਾਂ ’ਤੇ ਝੂਠੇ ਕੇਸ ਪਾਉਣ ਲਈ
ਮਸ਼ੀਨਰੀ ਦੀ ਭੰਨ-ਤੋੜ ਵੀ ਕਰ ਦਿੱਤੀ। ਮਜ਼ਦੂਰਾਂ ਦੇ ਦੱਸਣ ਅਨੁਸਾਰ ਮਜ਼ਦੂਰਾਂ ਦੀ ਕੁੱਟਮਾਰ ਤੇ
ਗ੍ਰਿਫਤਾਰੀਆਂ ਦਾ ਸਿਲਸਲਾ 18-19 ਫਰਵਰੀ ਤੱਕ ਚੱਲਦਾ ਰਿਹਾ। ਨਵੀਂ ਬਣ ਰਹੀ
ਯੂਨੀਅਨ ਦੇ ਪ੍ਰਧਾਨ ਨਰੇਸ਼ ਕੁਮਾਰ ਨੇ ਪੁਲੀਸ ਕੋਲ ਰੀਪੋਰਟ ਦਰਜ ਕਰਾਉਣੀ ਚਾਹੀ ਤਾਂ ਉਹਨਾਂ ਇਨਕਾਰ
ਕਰ ਦਿੱਤਾ। ਮਜ਼ਬੂਰਨ ਸ਼ਕਾਇਤ ਸਾਨੂੰ ਰਜਿਸਟਰਡ ਪੋਸਟ ਰਾਹੀਂ ਭੇਜਣੀ ਪਈ। ਜਿਸ ਨੂੰ ਡੀ.ਜੀ.ਪੀ.
ਰਾਜਸਥਾਨ, ਅਸਿਸਟੈਂਟ ਲੇਬਰ ਕਮਿਸ਼ਨਰ ਅਲਵਰ, ਰਾਸ਼ਟਰੀ ਮਨੁੱਖੀ ਅਧਿਕਾਰ
ਕਮਿਸ਼ਨ ਨੂੰ ਵੀ ਭੇਜਿਆ ਗਿਆ। ਸ਼ਕਾਇਤ ਪੱਤਰ ’ਚ ਕੰਪਨੀ ਮੈਨੇਜਮੈਂਟ, ਜਿਲਾ ਪ੍ਰਸਾਸ਼ਨ,
ਲੇਬਰ ਵਿਭਾਗ ਦੇ ਅਧਿਕਾਰੀਆਂ ਤੇ ਮਜ਼ਦੂਰਾਂ ਤੇ
ਉਹਨਾਂ ਦੀ ਜਥੇਬੰਦੀ ਖਿਲਾਫ਼ ਸਾਜਿਸ਼ ਕਰਨ ਦਾ ਦੋਸ਼ ਲਾਇਆ ਗਿਆ।
ਜਦੋਂ ਮਜ਼ਦੂਰਾਂ ਨੂੰ ਫੈਕਟਰੀ ਗੇਟ ਤਾਂ ਕੀ ਪੂਰੇ
ਸੂਬੇ ’ਚ ਧਰਨਾ-ਪ੍ਰਦਰਸ਼ਨ ਕਰਨ ਦੀ ਇਜਾਜ਼ਤ ਵੀ ਨਾ ਮਿਲੀ, ਤਾਂ ਉਹਨਾਂ 19 ਫਰਵਰੀ ਨੂੰ ਹੌਂਡਾ ਮੋਟਰ ਸਾਈਕਲ ਐਂਡ ਸਕੂਟਰ ਇੰਡੀਆ ਦੇ ਵਰਕਰਾਂ ਤੇ ਹੋਰਨਾਂ ਫੈਕਟਰੀਆਂ
ਸਣੇ 3000 ਮਜ਼ਦੂਰਾਂ ਨੇ ਇਕੱਠੇ ਹੋ ਕੇ ਗੁੜਗਾਓਂ ਸਥਿਤ ਕੰਪਨੀ ਦੇ ਮੁੱਖ ਦਫਤਰ ਵੱਲ ਮਾਰਚ ਕੀਤਾ।
ਉਹਨਾਂ ਨੇ ਚਿਰਾਂ ਤੋਂ ਲਟਕਦੀਆਂ ਮੰਗਾਂ ਦੀ ਗੱਲ ਕੀਤੀ। ਮਜ਼ਦੂਰਾਂ ਨਾਲ ਗੱਲਬਾਤ ਕਰਨ ਦੀ ਬਜਾਇ
ਮੈਨੇਜਮੈਂਟ ਦੇ ਇਸ਼ਾਰੇ ’ਤੇ ਚੱਲਦਿਆਂ ਸਥਾਨਕ ਪੁਲੀਸ ਵੱਲੋਂ ਲੀਡਰਾਂ ਨੂੰ
ਗ੍ਰਿਫ਼ਤਾਰ ਕਰਕੇ ਬਾਕੀ ਮਜ਼ਦੂਰਾਂ ’ਤੇ ਅੰਨ੍ਹੇਵਾਹ ਲਾਠੀਚਾਰਜ
ਕੀਤਾ ਗਿਆ। 73 ਮਜ਼ਦੂਰਾਂ ’ਤੇ ਇਰਾਦਾ ਕਤਲ,
ਲੁੱਟ ਮਾਰ ਤੇ ਦੰਗਾ ਕਰਨ ਵਰਗੀਆਂ ਸੰਗੀਨ
ਧਾਰਾਵਾਂ ਦਰਜ ਕਰਕੇ ਝੂਠੇ ਕੇਸ ਮੜ ਦਿੱਤੇ। ਮਾਨੇਸਰ, ਬਾਵਲ ਅਤੇ ਅਲਵਰ ਦੀਆਂ
ਤਕਰੀਬਨ 50 ਯੂਨੀਅਨਾਂ ਨੇ ਮਜ਼ਦੂਰਾਂ ਨਾਲ ਆਪਣੀ ਯਕਯਹਿਤੀ ਪ੍ਰਗਟ ਕਰਨ ਲਈ ਰੈਲੀ ’ਚ ਸ਼ਮੂਲੀਅਤ ਕੀਤੀ। ਜਿਸ ਵਿੱਚ ਏਟਕ, ਬੀ,ਐਮ,ਐਸ. ਤੇ ਐਚ. ਐਮ. ਐਸ. ਵੀ ਸ਼ਾਮਲ ਸਨ। ਮਜ਼ਦੂਰ ਕਾਰਕੁੰਨਾਂ ਨੇ ਰੈਲੀ ਦੌਰਾਨ ਇਸ ਘਟਨਾ ਦੀ
ਮਾਰੂਤੀ-ਸੁਜ਼ੂਕੀ ਦੇ ਮਾਨੇਸਰ ਪਲਾਂਟ ਦੀ 2012 ਦੀ ਘਟਨਾ ਨਾਲ ਤੁਲਨਾ
ਕਰਦਿਆਂ ਕਿਹਾ ਕਿ ਦੋਨਾਂ ਮਾਮਲਿਆਂ ’ਚ ਠੇਕਾ ਭਰਤੀ ਤੇ ਸਥਾਈ
ਮਜ਼ਦੂਰਾਂ ਦੀ ਸਾਂਝੀ ਯੂਨੀਅਨ ਬਣਾਉਣ ਦੀ ਕੋਸ਼ਿਸ਼ ਕਰ ਰਹੇ ਸਨ ਤੇ ਦੋਵਾਂ ਥਾਵਾਂ ਤੇ ਮੈਨੇਜਮੈਂਟ ਨੇ
ਪੁਲੀਸ ਤੇ ਗੁੰਡਿਆਂ ਦੀ ਵਰਤੋਂ ਨਾਲ ਮਜ਼ਦੂਰ ਘੋਲ ਨੂੰ ਦਬਾਉਣ ਦੀ ਨਾਕਾਮ ਕੋਸ਼ਿਸ਼ ਕੀਤੀ ਹੈ
ਇਸ ਤੋਂ ਅਗਾਂਹ ਸੰਘਰਸ਼ਸ਼ੀਲ ਮਜ਼ਦੂਰਾਂ ਨੇ 19 ਸਤੰਬਰ ਤੋਂ ਜੰਤਰ-ਮੰਤਰ ਪਾਰਕ ਦਿੱਲੀ ’ਚ ਅਨਿਸ਼ਚਤ ਭੁੱਖ-ਹੜਤਾਲ
ਸ਼ੁਰੂ ਕੀਤੀ ਹੋਈ ਹੈ। ਇਸ ਰਾਹੀਂ ਮਜ਼ਦੂਰ ਆਪਣੇ ਮਸਲੇ ਨੂੰ ਲੋਕਾਂ ’ਚ ਰੱਖਣ ’ਚ ਕਾਮਯਾਬ ਹੋਏ ਹਨ। 5 ਅਕਤੂਬਰ ਨੂੰ 13 ਰਾਜਾਂ ਦੇ ਹੌਂਡਾ ਕੰਪਨੀ ਦੇ ਸ਼ੋਅਰੂਮਾਂ ਅੱਗੇ ਮੁਹਿੰਮ ਜਥੇਬੰਦ ਕੀਤੀ, ਜਿਸ ਤਹਿਤ ਗਾਹਕਾਂ ਨੂੰ ਕੰਪਨੀ ਵੱਲੋ ਕੀਤੀ ਜਾ ਰਹੀ ਧੱਕੇਸ਼ਾਹੀ ਬਾਰੇ ਜਾਣੂ ਕਰਵਾਇਆ ਗਿਆ। 20 ਅਕਤੂਬਰ ਨੂੰ ਦੇਸ਼ ਭਰ ਦੇ ਜਿਲ੍ਹਿਆਂ-ਖਾਸ ਕਰਕੇ ਸਨਅਤੀ ਕੇਂਦਰਾਂ ’ਚ ਹੋਰਨਾਂ ਹਮਾਇਤੀ ਜਥੇਬੰਦੀਆਂ ਨਾਲ ਮਿਲਕੇ ਜ਼ਿਲ੍ਹਾ ਪੱਧਰਾਂ ’ਤੇ ਰੋਸ ਪ੍ਰਦਰਸ਼ਨ ਕਰਕੇ ਸੰਬੰਧਤ ਅਧਿਕਾਰੀਆਂ ਰਾਹੀਂ ਨਰਿੰਦਰ ਮੋਦੀ ਦੀ ਕੇਂਦਰ ਸਰਕਾਰੀ ਤੇ
ਰਾਜਸਥਾਨ ਦੀ ਸਰਕਾਰ ਤੇ ਲੇਬਰ ਮੰਤਰੀ ਨੂੰ ਮੰਗ-ਪੱਤਰ ਭੇਜੇ ਗਏ। ਲੁਧਿਆਣਾ ’ਚ ਵੀ ਦੋਵੇ ਮੋਲਡਰ ਐਂਡ ਸਟੀਲ ਵਰਕਰਜ਼ ਯੂਨੀਅਨਾਂ (ਵਿਜੈ ਨਰਾਇਣ ਤੇ ਹਰਜਿੰਦਰ ਸਿੰਘ), ਕਾਰਖਾਨਾ ਮਜ਼ਦੂਰ ਯੂਨੀਅਨ, ਟੈਕਸਟਾਈਲ ਐਂਡ ਹੌਜਰੀ ਕਾਮਗਾਰ ਯੂਨੀਅਨ, ਨੌਜਵਾਨ ਭਾਰਤ ਸਭਾ, ਬਿਗੁਲ ਮਜ਼ਦੂਰ ਦਸਤਾ, ਇਨਕਲਾਬੀ ਕੇਂਦਰ ਪੰਜਾਬ, ਇਸਤਰੀ ਮਜਦੂਰ ਸੰਗਠਨ ਆਦਿ ਆਗੂਆਂ ਨੇ ਵੀ ਹੌਂਡਾ
ਮਜ਼ਦੂਰਾਂ ਦੇ ਘੋਲ ਦੀ ਹਮਾਇਤ ’ਚ 3500 ਨੌਕਰੀਓਂ ਕੱਢੇ ਕਿਰਤੀਆਂ
ਦੀ ਬਹਾਲੀ, ਝੂਠੇ ਪੁਲੀਸ ਕੇਸ ਵਾਪਸ ਲੈਣ, ਟ੍ਰੇਡ ਯੂਨੀਅਨ ਬਣਾਉਣ ਤੇ
ਸੰਘਰਸ਼ ਦਾ ਹੱਕ ਬਹਾਲ ਕਰਵਾਉਣ ਲਈ ਡਿਪਟੀ ਕਮਿਸ਼ਨਰ ਲੁਧਿਆਣਾ ਰਾਹੀਂ ਮੰਗ ਪੱਤਰ ਭੇਜੇ ਹਨ।
------
ਰਾਜਸਥਾਨ ਦੇ ਅਲਵਰ ਜ਼ਿਲੇ ’ਚ ਹੀ ਨੀਮਰਾਣਾ ’ਚ ਸਥਿਤ ਡਾਇਕਿਨ ਏ. ਸੀ. ਫੈਕਟਰੀ ਦੇ ਮਜ਼ਦੂਰ ਵੀ ਬੀਤੇ ਢਾਈ ਤਿੰਨ ਸਾਲਾਂ ਤੋਂ ਸੰਘਰਸ਼ ਕਰਦੇ
ਆ ਰਹੇ ਹਨ। ਏਥੇ ਵੀ ਮਾਮਲਾ ਮਜ਼ਦੂਰਾਂ ਦੀਆਂ ਅਤਿ ਔਖੀਆਂ ਕੰਮ ਹਾਲਤਾਂ ਤੇ ਜਥੇਬੰਦ ਹੋਣ ਦੇ ਹੱਕ
ਦਾ ਹੈ।
ਇਹ ਸੰਸਾਰ ਦੀ ਏ. ਸੀ. ਤਿਆਰ ਕਰਨ ਵਾਲੀ ਪਹਿਲੇ
ਨੰ. ਦੀ ਕੰਪਨੀ ਹੈ। ਹਰ 25 ਸਕਿੰਟ ਬਾਅਦ ਇੱਕ ਏ. ਸੀ. ਤਿਆਰ ਕਰਨ ਵਾਲੇ
ਮਜ਼ਦੂਰ ਕੰਪਨੀ ਨੂੰ ਕਰੋੜਾਂ ਕਮਾ ਕੇ ਦੇ ਰਹੇ ਹਨ। ਇਹਦੇ ਇਨਾਮ ਵਜੋਂ ਕੰਪਨੀ ਨੇ ਮਜ਼ਦੂਰਾਂ ਨੂੰ
ਛਾਂਟੀਆਂ, ਗੈਰ-ਕਾਨੂੰਨੀ ਮੁਅੱਤਲੀਆਂ ਤੇ ਠੇਕੇਦਾਰੀਕਰਨ ਦੀ ਮਾਰ ਮਿਲੀ ਹੈ। ਏਥੋਂ ਤੱਕ ਕਿ ਪਿਛਲੇ ਸਾਲ
ਇੱਕ ਮਜ਼ਦੂਰ ਨੂੰ ਇਸ ਕਰਕੇ ਮੁਅੱਤਲ ਕਰ ਦਿੱਤਾ ਗਿਆ ਸੀ ਕਿਉਂਕਿ ਉਹ ਪਿਸ਼ਾਬ ਕਰਨ ਚਲਾ ਗਿਆ ਸੀ।
ਮਾਲਕਾਂ ਦੇ ਗੁੰਡਿਆਂ ਵੱਲੋਂ ਮਜ਼ਦੂਰਾਂ ’ਤੇ ਹਮਲੇ ਹੋਏ ਹਨ ਤੇ
ਕੰਪਨੀ ਨੇ ਅਦਾਲਤ ’ਚ ਮਜ਼ਦੂਰਾਂ ਦੀ ਜਥੇਬੰਦੀ ਰਜਿਸਟਰਡ ਕਰਨ ਖਿਲਾਫ਼ ਜ਼ੋਰਦਾਰ ਵਿਰੋਧ ਕੀਤਾ ਹੈ।
ਪਿਛਲੇ 3 ਸਾਲਾਂ ਤੋਂ ਮਜ਼ਦੂਰ ਮੰਗਾਂ ’ਤੇ ਚੱਲ ਰਹੇ ਸੰਘਰਸ਼ ਨੇ
ਕੱਚੇ ਤੇ ਪੱਕੇ ਕਾਮਿਆਂ ਨੂੰ ਵੀ ਆਪਸ ’ਚ ਇੱਕਜੁਟ ਕਰ ਦਿੱਤਾ ਹੈ।
ਪੂਰੇ ਉਦਯੋਗਿਕ ਖੇਤਰ ਦੇ ਮਜ਼ਦੂਰਾਂ ਨੇ ਰਲ਼ ਕੇ ‘‘ਨੀਮਰਾਣਾ ਮਜ਼ਦੂਰ ਮੰਚ’’ ਗਠਿਤ ਕਰ ਲਿਆ ਹੈ। ਹੜਤਾਲਾਂ-ਮੁਜ਼ਾਹਰਿਆਂ ਦੇ ਐਕਸ਼ਨ ਹੋ ਰਹੇ ਹਨ। ਹੌਂਡਾ ਕੰਪਨੀ ਦੇ
ਟਾਪੂਕਾਰਾ ਪਲਾਂਟ ਦੇ ਕਾਮਿਆਂ ਦੇ ਸੰਘਰਸ਼ ਦੀ ਹਮਾਇਤ ’ਚ ਯਕਯਹਿਤੀ ਐਕਸ਼ਨ ਕੀਤੇ ਗਏ ਹਨ। ਇਉਂ ਰਾਜਸਥਾਨ ਦੇ ਅਲਵਰ ਜ਼ਿਲ੍ਹੇ ’ਚ ਦੋ ਲਮਕਵੇਂ ਘੋਲ ਬਰਾਬਰ ਉੱਭਰ ਆਏ ਹਨ। 21 ਅਕਤੂਬਰ ਨੂੰ ਇੱਕ ਮਜ਼ਦੂਰ
ਨੂੰ ਮੈਨੇਜਮੈਂਟ ਵੱਲੋਂ ਮੁਅੱਤਲ ਕਰ ਦੇਣ ਦੇ ਮੁੱਦੇ ’ਤੇ ਹੜਤਾਲ ਚੱਲ ਰਹੀ ਸੀ ਤੇ ਤਣਾਅ ਦਾ ਮਾਹੌਲ ਸੀ।
(ਨਯਨ ਜੋਤੀ)
No comments:
Post a Comment